ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਜਸਵੰਤ ਦੀਦ. Show all posts
Showing posts with label ਜਸਵੰਤ ਦੀਦ. Show all posts

Thursday, April 29, 2010

ਜਸਵੰਤ ਦੀਦ - ਕੈਨੇਡਾ ਫੇਰੀ 'ਤੇ ਆਰਸੀ ਪਰਿਵਾਰ ਵੱਲੋਂ 'ਜੀਅ ਆਇਆਂ' - ਨਜ਼ਮ

ਦੋਸਤੋ! ਸੁਪ੍ਰਸਿੱਧ ਸ਼ਾਇਰ ਜਸਵੰਤ ਦੀਦ ਜੀ ਇਹਨੀਂ ਦਿਨੀਂ ਜਲੰਧਰ, ਪੰਜਾਬ ਤੋਂ ਕੈਨੇਡਾ ਦੀ ਫੇਰੀ ਤੇ ਆਏ ਹੋਏ ਹਨ ਅਤੇ ਬਰੈਂਪਟਨ, ਓਂਕਾਰਪ੍ਰੀਤ ਜੀ ਕੋਲ਼ ਠਹਿਰੇ ਹੋਏ ਹਨ। ਕੁਝ ਦਿਨਾਂ ਬਾਅਦ ਉਹ ਐਲਬਰਟਾ ਅਤੇ ਫੇਰ ਬੀ.ਸੀ. ਵੀ ਆਉਣਗੇ। ਕੱਲ੍ਹ ਉਹਨਾਂ ਨਾਲ਼ ਫ਼ੋਨ ਤੇ ਗੱਲ ਹੋਈ ਸੀ। ਮੈਂ ਆਰਸੀ ਪਰਿਵਾਰ ਵੱਲੋਂ ਦੀਦ ਸਾਹਿਬ ਨੂੰ ਉਹਨਾਂ ਦੇ ਕਾਵਿ-ਸੰਗ੍ਰਹਿ ਕਮੰਡਲ ਚੋਂ ਚੰਦ ਬੇਹੱਦ ਖ਼ੂਬਸੂਰਤ ਨਜ਼ਮਾਂ ਨਾਲ਼ ਕੈਨੇਡਾ ਪਧਾਰਨ ਤੇ ਜੀਅ ਆਇਆਂ ਆਖ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਜਨਵਰੀ-ਫਰਵਰੀ

ਨਜ਼ਮ

ਅੱਜ ਕੋਈ ਤਿਓਹਾਰ ਹੈ ਸ਼ਾਇਦ!

...........

ਇਸੇ ਲਈ ਸਵੇਰ ਦਾ ਮੈਂ

ਖ਼ਾਮੋਸ਼ ਹਾਂ...

..........

ਤੂੰ ਏਨੀ ਚੁੱਪ ਚ ਹੀ ਆ ਸਕਦੀ ਸੈਂ...

...........

ਇਸੇ ਲਈ ਮੌਨ ਸਾਂ

ਕਈ ਜਨਮਾਂ ਤੋਂ...

..........

ਤੇ ਹੁਣ ਤੂੰ ਮੈਨੂੰ ਦੇਖੀ ਜਾ ਰਹੀ ਹੈਂ

ਲਗਾਤਾਰ

..........

ਮੈਂ ਤੇਰੀਆਂ ਅੱਖਾਂ ਅੰਦਰ

ਪੂਰਾ ਕਿਉਂ ਨਹੀਂ ਝਾਕ ਸਕਦਾ?

..........

ਕਿਉਂ ਲਗਦਾ ਹੈ ਇਹ ਨੀਲਾ ਸਮੁੰਦਰ

ਕਦੀ ਜਾਮਨੀ ਕਦੇ ਪਹਾੜੀ ਹਰਾ

ਕਦੀ ਕਾਲ਼ਾ ਸਿਆਹ

ਹੁੰਦਾ ਜਾ ਰਿਹਾ ਹੈ

ਤੇ ਮੈਂ ਰੁੜ੍ਹਿਆ ਜਾ ਰਿਹਾ ਹਾਂ

ਪਾਰ ਧਰਤੀਆਂ ਮੁਲਕਾਂ ਬੰਨਿਆਂ ਬੰਨ੍ਹਾਂ ਤੋਂ

ਪਾਰ...

.............

ਤੇ ਤੂੰ ਹੱਸੀ ਜਾ ਰਹੀ ਹੈਂ

ਲਗਾਤਾਰ

======

ਮੋੜ

ਨਜ਼ਮ

ਤੂੰ ਆਪਣਾ ਹੱਥ ਛੁਡਾ ਕੇ

ਸਮੁੰਦਰ ਵੱਲ ਨੂੰ ਹੋ ਤੁਰੀ...

..........

ਮੇਰੀ ਚੁੱਪ ਦੀ ਹਲਕੀ ਹਲਕੀ ਧੁੰਦ

ਅਜੇ ਵੀ ਪੱਸਰੀ ਹੋਈ ਉੱਥੇ

ਤੇ ਹੱਥ ਮੇਰਾ ਅਜੇ ਵੀ

ਪਰੇਸ਼ਾਨ ਹਵਾ ਅੰਦਰ ਅਟਕਿਆ

ਤੈਨੂੰ ਜਾਂਦਿਆਂ ਤੱਕਦਾ...

...........

ਮੈਂ ਉੱਥੇ ਪਿਛਲੇ ਕਈ ਵਰ੍ਹਿਆਂ ਤੋਂ

ਲੰਘ ਰਿਹਾਂ

ਹਰ ਵਾਰ ਉੱਥੋਂ ਧਰਤੀ ਦੀ

ਇਕ ਗਾਚੀ ਪੱਟਦਾ ਹਾਂ

ਉਸ ਅੰਦਰ ਕੁਝ ਰੱਖਦਾ ਹਾਂ

ਤੇ ਪਰਤ ਆਉਂਦਾ ਹਾਂ

..........

ਉੱਥੇ ਇਕ ਸੰਘਣੀ ਬੇਰੀ ਕੋਲ਼

ਇੱਥੇ ਸਮੁੰਦਰ ਕੋਲ਼

ਆਪਾਂ ਕਿਸਨੂੰ ਲੱਭ ਰਹੇ ਹਾਂ?

.........

ਧਰਤੀ ਦੀ ਗਾਚੀ ਹਿੱਲ ਰਹੀ ਹੈ...

=====

ਆਨੰਦ

ਨਜ਼ਮ

ਹਟੇ ਹੀ ਨਾ ਸਮੁੰਦਰ

ਉੱਛਲਣੋਂ

...........

ਕਿੰਨੀ ਲਿਸ਼ਕ, ਵੇਗ

ਤੇ ਬੱਦਲ਼ ਨਾਲ਼ ਕਰਿੰਗੜੀ ਪਾਈ

ਹਿੱਲੇ...

..........

ਚਿੱਟੀਆਂ ਭਰੀਆਂ ਭਰਾਈਆਂ ਬੱਤਖਾਂ

ਤਰਦੀਆਂ ਉੱਛਲ਼ਦੀਆਂ ਬਹਿੰਦੀਆਂ

ਹਟਣ ਹੀ ਨਾ ਮੈਨੂੰ ਝਾਕਣੋਂ

ਮੈਂ ਅੱਖਾਂ ਮੀਟੀਆਂ....

............

ਸਮੁੰਦਰ ਹੱਸਿਆ

ਛਿੱਟੇ ਉਸਦੇ ਚਾਂਦੀ ਰੰਗੇ

ਚਿਹਰੇ ਮੇਰੇ ਤੇ

ਮੈਂ ਝਰਨਾਹਟ ਚ ਖਿੱਚਿਆ ਗਿਆ...

............

ਪੈਰ ਨੰਗੇ ਰੇਤ ਤੇ ਰੱਖੇ

ਠੰਡਕ ਨੇ ਮੈਨੂੰ ਮੇਰੀਆਂ ਜੜਾਂ ਨਾਲ਼ ਜੋੜਿਆ

ਅਨੰਤ ਇਕ ਵਜਦ ਅੰਦਰ

ਮੈਂ ਉੱਪਰ ਵੱਲ ਨੂੰ ਉੱਠਿਆ

ਤੇ ਅਚਾਨਕ ਧਰਤੀ ਅੰਦਰੋਂ

ਯੁੱਗਾਂ ਪੁਰਾਣਾ ਲਾਵਾ ਲੈ ਕੇ

ਸਮੁੰਦਰ ਅੰਦਰ ਲਹਿ ਗਿਆ...

=====

ਨਾਗ

ਨਜ਼ਮ

ਕੌਡੀਆਂ ਚੋਂ ਤੇਰੇ ਨਕਸ਼ ਹਿੱਲਦੇ

ਡੰਗ ਨਾਲ਼

ਹਵਾ ਸ਼ੂਕਦੀ

...........

ਤੇਰੇ ਸਾਹਾਂ

ਕੁੰਡਲੀ ਮਾਰੀ ਬੈਠਾ

ਸਦੀਆਂ ਤੋਂ

ਪਟਾਰੀ ਅੰਦਰੋਂ ਜਾਣ ਦਿਹ ਇਸਨੂੰ

.............

ਜੰਗਲ਼ ਖੋਲ੍ਹ ਦੇ...

Tuesday, November 24, 2009

ਜਸਵੰਤ ਦੀਦ - ਨਜ਼ਮ

ਮਾਲੀ

ਨਜ਼ਮ

ਜਿਸ ਤਰ੍ਹਾਂ ਤੁਸੀਂ ਆਖਦੇ ਹੋ

ਬਿਲਕੁਲ ਇਸੇ ਤਰ੍ਹਾਂ

ਬਹੁਤ ਚਿਰ ਪਹਿਲਾਂ

ਮੈਨੂੰ ਕਿਸੇ ਮਾਲੀ ਨੇ ਆਖਿਆ ਸੀ

...........

ਉਸਦੇ ਸਿਰ ਤੇ ਪਰਨਾ ਸੀ

ਹੱਥ ਵਿਚ ਦਾਤੀ

ਤੇ ਉਹ ਫੁੱਲਾਂ ਨੂੰ

ਪਾਣੀ ਦੇ ਰਿਹਾ ਸੀ

.............

..ਆਪ ਕੀ ਆਂਖਨ ਬਹੁਤ ਖ਼ੂਬਸੂਰਤ ਹੈਂ

ਬੀਬੀ ਜੀ!

ਮੈਂ ਕੁਝ ਨਹੀਂ ਬੋਲੀ

ਪਰ ਘਰ ਜਾ ਕੇ ਬਹੁਤ ਹੱਸੀ ਸਾਂ

...............

ਆਗਲੇ ਦਿਨ ਮਾਲੀ ਨੇ

ਸਾਰੇ ਫੁੱਲ ਪੁੱਟ ਦਿੱਤੇ ਸਨ

ਤੇ ਮੇਰੇ ਵੱਲ ਉਹ

ਬਿਲਕੁਲ ਤੁਹਾਡੇ ਵਾਂਗ ਝਾਕਿਆ ਸੀ

Saturday, June 20, 2009

ਜਸਵੰਤ ਦੀਦ - ਨਜ਼ਮ

ਸਾਹਿਤਕ ਨਾਮ: ਜਸਵੰਤ ਦੀਦ

ਜਨਮ : ਪਿੰਡ ਸ਼ਾਹਕੋਟ

ਅਜੋਕਾ ਨਿਵਾਸ: ਜਲੰਧਰ, ਪੰਜਾਬ

ਕਿਤਾਬਾਂ: ਕਹਾਣੀ ਸੰਗ੍ਰਹਿ: ਇੱਕ ਲੱਪ ਯਾਦਾਂ ਦੀ, ਕਾਵਿ-ਸੰਗ੍ਰਹਿ: ਬੱਚੇ ਤੋਂ ਡਰਦੀ ਕਵਿਤਾ, ਅਚਨਚੇਤ, ਆਵਾਜ਼ ਆਏਗੀ ਅਜੇ, ਘੁੰਡੀ, ਕਮੰਡਲ, ਅਨੁਵਾਦ: ਜੰਗਲ ਦੀ ਕਹਾਣੀ, ਯਸ਼ਪਾਲ, ਸੰਪਾਦਨਾ: ਦੇਸ਼ ਵੰਡ ਦੀਆਂ ਕਹਾਣੀਆਂ, ਵਾਰਤਕ: ਧਰਤੀ ਹੋਰ ਪਰ੍ਹੇ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਇਨਾਮ-ਸਨਮਾਨ: ਦੀਦ ਸਾਹਿਬ ਨੂੰ ਉਹਨਾਂ ਦੇ ਕਾਵਿ-ਸੰਗ੍ਰਹਿ ਕਮੰਡਲ ਲਈ ਸਾਹਿਤ ਅਕਾਦਮੀ ਐਵਾਰਡ ਨਾਲ਼ ਸਨਮਾਨਿਤ ਕੀਤਾ ਜਾ ਚੁੱਕਾ ਹੈ।

----

ਬਕੌਲ ਜਸਵੰਤ ਦੀਦ: - "ਮੈਂ ਐਕਸਟਰੀਮਿਸਟ ਹਾਂ...ਮੇਰੀ ਮੁਹੱਬਤ, ਮੇਰਾ ਕੰਮ ਤੇ ਮੇਰੀ ਕਵਿਤਾ ਤਿੰਨੋਂ ਇਸੇ ਤਰ੍ਹਾਂ ਹੀ ਸਿਖ਼ਰ ਛੂੰਹਦੇ ਹਨ.."

----

ਦੋਸਤੋ! ਸਾਡੇ ਲਈ ਬੜੇ ਮਾਣ ਵਾਲ਼ੀ ਗੱਲ ਹੈ ਕਿ ਆਰਸੀ ਤੇ ਜਸਵੰਤ ਦੀਦ ਸਾਹਿਬ ਦੀ ਪਹਿਲੀ ਵਾਰ ਹਾਜ਼ਰੀ ਲੱਗਣ ਜਾ ਰਹੀ ਹੈ। ਅੱਜ ਉਹਨਾਂ ਨਾਲ਼ ਫੋਨ ਤੇ ਗੱਲ ਹੋਈ ਤਾਂ ਉਹਨਾਂ ਨੇ ਬੜੀ ਖ਼ੁਸ਼ੀ ਨਾਲ਼ ਆਪਣੀਆਂ ਰਚਨਾਵਾਂ ਬਲੌਗ ਚ ਸ਼ਾਮਲ ਕਰਨ ਦੀ ਇਜਾਜ਼ਤ ਦਿੱਤੀ, ਮੈਂ ਉਹਨਾਂ ਦੀ ਤਹਿ ਦਿਲੋਂ ਮਸ਼ਕੂਰ ਹਾਂ। ਸਾਰੇ ਆਰਸੀ ਪਰਿਵਾਰ ਵੱਲੋਂ ਦੀਦ ਸਾਹਿਬ ਨੂੰ ਖ਼ੁਸ਼ਆਮਦੀਦ ਆਖਦੀ ਹੋਈ, ਉਹਨਾਂ ਦੀਆਂ ਚਾਰ ਬੇਹੱਦ ਖ਼ੂਬਸੂਰਤ ਨਜ਼ਮਾਂ ਨੂੰ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਦਵਿੰਦਰ ਪੂਨੀਆ ਜੀ ਨੇ ਦੀਦ ਸਾਹਿਬ ਦੀ ਕਿਤਾਬ ਮੈਨੂੰ ਪੜ੍ਹਨ ਲਈ ਦਿੱਤੀ, ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ 'ਤਮੰਨਾ'

***********

ਤਾਜ਼ਾ

ਨਜ਼ਮ

ਮੈਂ ਜਦ ਵੀ ਪੁਰਾਣਾ ਹੋਣ ਲਗਦਾ ਹਾਂ

ਤੇਰੀ ਆਵਾਜ਼ ਸੁਣਦੀ ਹੈ....

ਨਵਾਂ ਨਕੋਰ ਹੋ ਜਾਂਦਾ ਹਾਂ

ਹੁਣੇ ਆਵੀ ਤੋਂ ਲਾਹਿਆ

ਨਵਾਂ ਨਕੋਰ ਬਰਤਨ

ਗਿੱਲਾ, ਕੱਚਾ, ਹੱਥਾਂ ਦੀਆਂ ਧਾਰੀਆਂ

ਨਾਲ਼ ਸੰਵਾਰਿਆ

ਅੱਗ ਚ ਜਾਣ ਤੋਂ ਪਹਿਲਾਂ ਦਾ

ਰੂਪ

ਹੁਣੇ ਤੇਰੇ ਤੇਜ਼ ਘੁੰਮਦੇ ਚੱਕੇ ਤੋਂ ਉੱਤਰਿਆ...

======

ਦਾ ਐਇੰਡ

ਨਜ਼ਮ

ਤੈਨੂੰ ਅਦਾਕਾਰੀ ਦਾ ਸ਼ੌਕ ਸੀ

ਮੈਨੂੰ ਤਜਰਬੇ ਦਾ,

ਤੂੰ ਕਿਸੇ ਨਸ਼ੇ ਅੰਦਰ

ਮੁਦਰਾਵਾਂ ਬਦਲਦੀ

ਮੈਂ ਤੇਰੇ ਵੱਖੋ ਵੱਖ ਐਂਗਲ ਸ਼ੂਟ ਕਰਦਾ

...........

ਮੈਨੂੰ ਤੇਰੇ ਕਲੋਜ਼ ਅੱਪ ਡੱਲ ਲੱਗਣ ਲੱਗੇ ਅਚਾਨਕ

ਤੈਨੂੰ ਮੇਰੀ ਨਿਰਦੇਸ਼ਨਾ ਤੇ ਸ਼ੱਕ ਹੋਣ ਲੱਗਾ

..................

ਅੱਜ ਤੱਕ ਰਫ-ਕੱਟ

ਰੁਲ਼ਦੇ ਪਏ

========

ਅੱਜ-ਕੱਲ੍ਹ

ਨਜ਼ਮ

ਮੈਨੂੰ ਤੇਰਾ ਖ਼ਿਆਲ

ਬਹੁਤ ਘੱਟ ਆਉਂਦਾ ਹੈ

ਕਿਤੇ ਕਿਤੇ

ਜਿਵੇਂ ਯਾਦਦਾਸ਼ਤ ਗੁਆ ਚੁੱਕਾ ਕੋਈ ਆਦਮੀ

ਆਪਣਾ ਨਾਂ ਲਵੇ

ਤੇ ਰੋ ਪਵੇ

ਜਾਂ ਹੱਸ

ਤੇ ਫੇਰ ਚੁੱਪ ਦੀ ਕੰਡੇਦਾਰ ਝਾੜੀ ਚੋਂ

ਕੱਢਦਾ ਰਹੇ ਆਪਣਾ ਆਪ

ਲਗਾਤਾਰ

==========

ਐੱਸ.ਐੱਮ.ਐੱਸ.

ਨਜ਼ਮ

ਤੂੰ ਮੇਰਾ ਹੱਥ ਫੜਿਆ

.........

ਖਿੜੇ ਬਾਗਾਂ ਚੋਂ ਲੰਘਦਿਆਂ

ਮੈਂ ਤੈਨੂੰ ਚੁੰਮ ਲਿਆ

ਤੇਰਾ ਦੁਪੱਟਾ ਹਲਕਾ ਜਿਹਾ

ਉੜਿਆ

ਨਸ਼ਿਆਈ ਹਵਾ

ਤੇਰੀਆਂ ਨੀਲੀਆਂ ਅੱਖਾਂ ਅੰਦਰ ਜਾ ਗੁਆਚੀ

.........

ਜੰਗਲ਼ ਕਿੰਨਾ ਸੋਹਣਾ ਹੈ!

ਤੂੰ ਮੇਰੇ ਵੱਲ ਦੇਖਿਆ

............

ਇਹ ਤੂੰ ਮੈਨੂੰ ਕਿੱਥੇ ਲੈ ਆਈ ਹੈਂ?

ਮੈ ਤੇਰੇ ਵੱਲ ਝਾਕਿਆ

...............

ਪਹਾੜ ਦੀ ਕੰਦੀ ਤੋਂ

ਤੂੰ ਮੇਰਾ ਹੱਥ ਛੱਡ ਦਿੱਤਾ

................

ਮੇਰੀ ਆਵਾਜ਼

ਪਹਾੜਾਂ ਦਰੱਖਤਾਂ ਆਕਾਸ਼ਾਂ ਪਤਾਲਾਂ

ਨਾਲ਼ ਖਹਿੰਦੀ ਹੋਈ

..................

ਤੈਨੂੰ ਲੱਭ ਰਹੀ...