ਰੱਬ ਤਾਂ ਹੈ...!
ਨਜ਼ਮ
ਅਸੀਂ ਉਪਾਸ਼ਕ ਹਾਂ ਉਸ ਰੱਬ ਦੇ,
ਜੋ ਕੈਦ ਨਹੀਂ ਹੁੰਦਾ, ਦੀਵਾਰਾਂ ਜਾਂ ਪੱਥਰਾਂ ਵਿਚ,
ਜਾਂ ਕਿਤਾਬਾਂ ਦੇ ਕਾਲ਼ੇ ਅੱਖਰਾਂ ਵਿਚ!
ਅਸੀਂ ਇਨਕਾਰੀ ਹਾਂ ਉਸ ਰੱਬ ਤੋਂ,
ਜੋ ਮੰਦਰਾਂ, ਮਸੀਤਾਂ ਦੇ ਦੀਵਿਆਂ ਵਿਚ,
ਸਦਾ ਤੋਂ ਬਲ਼ਦਾ ਆਉਂਦਾ ਹੈ,
ਤੇਲ ਜਾਂ ਘਿਉ ਬਣਕੇ,
ਤੇ ਇਨਸਾਨਾਂ ਦੇ ਦਿਲਾਂ 'ਚ ਘੋਲ਼ਦੈ,
ਵਿਹੁ ਫਿ਼ਰਕਾਪ੍ਰਸਤ ਬਣਕੇ।
ਅਸੀਂ ਵਿਰੋਧੀ ਹਾਂ ਉਸ ਰੱਬ ਦੇ,
ਜੋ ਮਹਿਲਾਂ ਦੀਆਂ ਦੀਵਾਰਾਂ 'ਚੋਂ
ਕਦੇ ਕਦਾਈਂ ਹੀ ਬਾਹਰ ਨਿਕਲ਼ਦੈ।
ਕੁਝ ਚੰਦ ਕੁ ਬੰਦਿਆਂ ਦੀ,
ਖ਼ੁਦਗਰਜ਼ੀ ਅਤੇ ਅਯਾਸ਼ੀ ਕਹਿੰਦੀ ਹੈ,
ਕਿ ਰੱਬ ਉਨ੍ਹਾਂ ਦੇ ਨਾਲ਼ ਤੁਰਦੈ।
ਪਰ ਰੱਬ ਐਨਾਂ ਤੰਗ ਦਿਲ ਨਹੀਂ,
ਕਿ ਘਿਰ ਕੇ ਰਹਿ ਜਾਵੇ,
ਧਰਮ-ਦੁਆਰਿਆਂ ਦੀਆਂ
ਸੰਗਮਰਮਰੀ ਦੀਵਾਰਾਂ ਵਿਚ।
ਸਾਨੂੰ ਇਹ ਵੀ ਨਹੀਂ ਕਹਿੰਦਾ,
ਕਿ ਅਸੀਂ ਮਸ਼ੀਨ ਦੇ ਪੁਰਜ਼ੇ ਵਾਂਗ,
ਫ਼ਿੱਟ ਹੋ ਜਾਈਏ,
ਸਿਰ ਸੁੱਟੀ, ਮੱਥੇ ਟੇਕਦੀਆਂ ਕਤਾਰਾਂ ਵਿਚ।
ਰੱਬ ਨੂੰ ਆਪਣੇ ਬ੍ਰਹਿਮੰਡ ਵਿਚ
ਹਰਗਿਜ਼ ਬਰਦਾਸ਼ਤ ਨਹੀਂ,
ਕਿ ਕੋਈ ਉਸ ਦੇ ਅਸਮਾਨ ਦੀਆਂ ਵੰਡੀਆਂ ਪਾਵੇ
ਤੇ ਧਰਤੀ ਦੇ ਸੀਨੇ 'ਤੇ ਨਫ਼ਰਤ ਦੀਆਂ,
ਲੀਕਾਂ ਹੀ ਲੀਕਾਂ ਵਾਹਵੇ।
ਉਸ ਸੱਚੇ ਸਿਰਜਣਹਾਰ ਦੇ ਜੀਵ
ਸੰਸਾਰੀ ਹਾਂ ਅਸੀਂ।
ਸਭ ਰਿਸ਼ੀਆਂ, ਗੁਰੂਆਂ ਤੇ ਪੀਰਾਂ ਦੇ
ਦਿਲੋਂ ਅਭਾਰੀ ਹਾਂ ਅਸੀਂ।
ਪਰ ਹਾਉਮੈ ਤੇ ਲਾਲਸਾ 'ਚੋਂ ਨਿਕਲ਼ੇ
ਸਭ ਰੱਬਾਂ ਤੋਂ, ਮੂਲੋਂ ਹੀ ਇਨਕਾਰੀ ਹਾਂ ਅਸੀਂ।
ਕਿਉਂਕਿ ਅਸੀਂ ਜਾਣਦੇ ਹਾਂ
ਰੱਬ ਤਾਂ ਹੈ....!
ਰੱਬ ਤਾਂ ਹੈ, ਬੰਦਿਆਂ ਦੇ ਮਨਾਂ ਵਿਚਲੀ,
ਖ਼ੁਸ਼ਹਾਲੀ ਵਰਗਾ।
ਪੰਛੀਆਂ ਦੇ ਗਲ਼ਾਂ ਵਿਚੋਂ ਨਿਕਲ਼ੇ,
ਪਵਿੱਤਰ ਬੋਲਾਂ ਵਰਗਾ
ਜਾਂ
ਰੁੱਖਾਂ ਦੀ ਚੁੱਪ ਵਰਗਾ।
ਰੱਬ ਤਾਂ ਹੈ, ਬੱਚਿਆਂ ਦੇ ਹਾਸੇ ਵਰਗਾ,
ਮਾਂਵਾਂ ਦੇ ਚਾਅਵਾਂ ਵਰਗਾ।
ਰੱਬ ਤਾਂ ਹੈ, ਮਨਾਂ 'ਚ ਮਹਿਕਦੀ,
ਸ਼ੁਭ ਵਿਚਾਰਾਂ ਦੀ ਖ਼ੁਸ਼ਬੂ ਵਰਗਾ।
ਜਾਂ ਕਿਸੇ ਕਰਮਯੋਗੀ ਦੀ
ਸੱਜਰੀ ਰੂਹ ਵਰਗਾ।
ਰੱਬ ਤਾਂ ਹੈ, ਜੂਏ ਵਿਚ ਹਾਰੀ,
ਕਿਸੇ ਦਰੋਪਦੀ ਦੀ ਇੱਜ਼ਤ ਵਰਗਾ।
ਉਮਰਾਂ ਦੇ ਬਣਵਾਸ ਭੋਗਦੀ,
ਸੀਤਾ ਦੇ ਸਿਦਕ ਵਰਗਾ।
ਤੇ ਮੈਦਾਨ-ਏ-ਜੰਗ ਜੂਝਦੀ,
ਝਾਂਸੀ ਦੀ ਰਾਣੀ ਦੀ ਅਣਖ਼ ਵਰਗਾ।
ਰੱਬ ਤਾਂ ਹੈ, ਇਸ਼ਕ ਵਿਚ ਨੱਚਦੇ,
'ਬੁੱਲ੍ਹੇ' ਦੀ ਮਸੀਤ ਵਰਗਾ।
ਬਾਬਾ ਫ਼ਰੀਦ ਦੇ ਗਿਰੀਵਾਨ ਵਿਚਲੀ,
ਬਿਰਹਾ ਦੀ ਅਥਾਹ ਹੂਕ ਵਰਗਾ
ਤੇ ਸੁਲਤਾਨ ਬਾਹੂ ਦੀ
'ਅੱਲਾ ਹੂ - ਅੱਲਾ ਹੂ' ਵਰਗਾ।
ਰੱਬ ਤਾਂ ਹੈ, ਕਿਰਤੀ ਨੂੰ ਕਿਰਤ ਦੀ,
ਮਿਲ਼ੀ ਮਜ਼ਦੂਰੀ ਵਰਗਾ।
ਜਾਂ ਮਿਹਨਤੀ ਕਿਸਾਨਾਂ ਦੇ ਖੇਤਾਂ ਦੀ,
ਹਰਿਆਲੀ ਵਰਗਾ।
ਰੱਬ ਤਾਂ ਹੈ, ਗ਼ਰੀਬਾਂ, ਮਜਲੂਮਾਂ ਦੇ ਹੱਕਾਂ ਖ਼ਾਤਰ,
ਲੜਨ ਲਈ ਨਿੱਤਰੇ,
ਕਾਰਲ ਮਾਰਕਸ ਦੇ ਸੱਚੇ-ਸੁੱਚੇ
ਗਿਆਨ ਵਰਗਾ।
ਰੱਬ ਤਾਂ ਹੈ, ਕਿਰਤੀਆਂ ਸੰਗ ਖੜ੍ਹੇ
ਗੁਰੂ ਨਾਨਕ ਦੇ ਮਾਣ ਵਰਗਾ।
ਗੁਰੂ ਨਾਨਕ ਦੇ ਮਾਣ ਵਰਗਾ...!