ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, February 20, 2012

ਗੁਰਦਰਸ਼ਨ ਬਾਦਲ - ਮਾਂ ਬੋਲੀ ਦਿਵਸ 'ਤੇ ਵਿਸ਼ੇਸ਼ - ਨਜ਼ਮ

ਦੋਸਤੋ! ਅੱਜ ਫੇਸਬੁੱਕ ਖੋਲ੍ਹੀ ਤਾਂ ਪਤਾ ਲੱਗਿਆ ਕਿ ਅੱਜ ਦਾ ਦਿਹਾੜਾ ਮਾਂ ਬੋਲੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ.... ਏਸ ਮੌਕੇ ‘ਤੇ ਡੈਡੀ ਜੀ ਗੁਰਦਰਸ਼ਨ ਬਾਦਲ ਸਾਹਿਬ ਦੇ ਹਾਲ ਹੀ ਵਿਚ ਪ੍ਰਕਾਸ਼ਿਤ ਹੋਏ ਕਾਵਿ-ਸੰਗ੍ਰਹਿ ‘ਅੰਮੜੀ ਦਾ ਵਿਹੜਾ’ ਵਿਚੋਂ 25 ਜੁਲਾਈ, 1995 ਦੀ ਲਿਖੀ ਇਸ ਖ਼ੂਬਸੂਰਤ ਨਜ਼ਮ ਦੇ ਨਾਲ਼ ਸਭ ਨੂੰ ਮੁਬਾਰਕਾਂ...:) ਅਦਬ ਸਹਿਤ ਤਨਦੀਪ
*********
ਮਾਂ ਪੰਜਾਬੀਏ!
ਨਜ਼ਮ
ਵਾਰਾਂ ਤੇਰੇ ਉੱਤੋਂ ਜਾਨ ਮਾਂ ਪੰਜਾਬੀਏ!
ਫ਼ੈਲੇ ਤੇਰਾ ਜੱਗ ਵਿਚ ਨਾਂ ਪੰਜਾਬੀਏ!

ਗੁਰੂਆਂ ਤੇ ਪੀਰਾਂ ਦੀ ਰਹੀ ਜ਼ੁਬਾਨ ਤੂੰ,
ਔਖੀ ਗੱਲ ਸੌਖਿਆਂ ਕਰੇਂ ਬਿਆਨ ਤੂੰ,
ਵਲ਼-ਫੇਰ ਆਵੇ ਨਾ, ਬੜੀ ਨਾਦਾਨ ਤੂੰ,
ਖਿੱਚੇਂ ਹਰ ਇਕ ਦਾ ਤਦੇ ਧਿਆਨ ਤੂੰ,
ਮਾਣੇ ਹਰ ਕੋਈ ਤੇਰੀ ਛਾਂ ਪੰਜਾਬੀਏ!
ਫ਼ੈਲੇ ਤੇਰਾ ਜੱਗ ਵਿਚ….

ਹੋਰ ਕੋਈ ਬੋਲੀ ਤੇਰੇ ਨਾਲ਼ੋਂ ਮਿੱਠੀ ਨਹੀਂ,
ਹੋਵੇਗੀ ਤਾਂ ਅਸਾਂ ਅੱਜ ਤੀਕ ਡਿੱਠੀ ਨਹੀਂ,
ਲਿਖੀ ਜਾਂਦੀ ਹੋਰ ਬੋਲੀ ਵਿਚ ਚਿੱਠੀ ਨਹੀਂ,
ਕਿਹੜੀ ਹੈ ਸਮੱਸਿਆ ਜੋ ਤੂੰ ਨਜਿੱਠੀ ਨਹੀਂ?
ਕਰੇਂ ਤੂੰ ਹਰੇਕ ਥੀਂ ਨਿਆਂ ਪੰਜਾਬੀਏ!
ਫ਼ੈਲੇ ਤੇਰਾ ਜੱਗ ਵਿਚ…

ਸਾਰੀਆਂ ਹੀ ਬੋਲੀਆਂ ਦੀ ਸਿਰਤਾਜ ਤੂੰ,
ਧੀਆਂ, ਪੁੱਤਾਂ ਦੀ ਰੱਖੇਂ, ਸਦਾ ਲਾਜ ਤੂੰ,
ਦੀਨ-ਦੁਖਿਆਰਿਆਂ ਦੀ ਹੈਂ ਆਵਾਜ਼ ਤੂੰ,
ਕੀਹਦੀ-ਕੀਹਦੀ ਗੱਲ ਮੈਂ ਕਰਾਂ ਪੰਜਾਬੀਏ!
ਫ਼ੈਲੇ ਤੇਰਾ ਜੱਗ ਵਿਚ…

ਰਹੀ ਸਦਾ ਸਾਡੇ ‘ਚ ਲੜਾਈ, ਸੱਚ ਹੈ,
ਹੱਥ ਆਈ ਚੀਜ਼ ਹੈ ਗੁਆਈ, ਸੱਚ ਹੈ,
ਹਰ ਚੀਜ਼ ਬਾਹਰੋਂ ਅਪਣਾਈ, ਸੱਚ ਹੈ,
ਤੇਰਿਆਂ ਨੇ ਤੈਨੂੰ ਢਾਅ ਲਗਾਈ, ਸੱਚ ਹੈ,
ਕੀਹਨੇ ਸੀਗਾ ਚੁੱਕਣਾ ਉਤਾਂਹ ਪੰਜਾਬੀਏ?
ਫ਼ੈਲੇ ਤੇਰਾ ਜੱਗ ਵਿਚ…

ਕਿੰਨੇ ਪੈਦਾ ਕੀਤੇ ਹੋਏ ਅਦੀਬ ਨੇ ਤਿਰੇ,
ਵੱਧ ਪੁੱਤਾਂ ਨਾਲ਼ੋਂ ਵੀ ਰਕੀਬ ਨੇ ਤਿਰੇ,
ਵੈਰੀ ਤੈਥੋਂ ਦੂਰ ਨਹੀਂ, ਕਰੀਬ ਨੇ ਤਿਰੇ,
ਤਾਂ ਹੀ ਐਨੇ ਮਾੜੇ ਇਹ ਨਸੀਬ ਨੇ ਤਿਰੇ,
ਨਿੱਤ ਵੈਰੀ ਉੱਠਦੈ ਨਵਾਂ ਪੰਜਾਬੀਏ!
ਫ਼ੈਲੇ ਤੇਰਾ ਜੱਗ ਵਿਚ…

ਲੱਗਿਆ ਪੰਜਾਬ ਤਾਈਂ ਖੋਰਾ ਹੀ ਰਿਹਾ,
ਪੈਂਦਾ ਤੇਰੇ ਉੱਤੇ ਸਦਾ ਕੋਰਾ ਹੀ ਰਿਹਾ।
ਖਾਂਦਾ ਤੇਰੇ ਰੂਪ ਤਾਈਂ ਢੋਰਾ ਹੀ ਰਿਹਾ,
ਮੇਰੇ ਦਿਲ ਵਿਚ ਇਹ ਝੋਰਾ ਹੀ ਰਿਹਾ,
ਸਹਿੰਦੀ ਰਹੀ ਕਾਹਤੋਂ ਅਨਿਆਂ ਪੰਜਾਬੀਏ?
ਫ਼ੈਲੇ ਤੇਰਾ ਜੱਗ ਵਿਚ…

ਜੀਹਨੇ ਤੈਨੂੰ ਰਾਜ ‘ਤੇ ਬਹਾਇਆ ਰਾਣੀਏ! (1)
ਜੀਹਨੇ ਤੈਨੂੰ ਤਾਜ ਪਹਿਨਾਇਆ ਰਾਣੀਏ!
ਜੀਹਨੇ ਤੈਨੂੰ ਦਿਲੋਂ ਅਪਣਾਇਆ ਰਾਣੀਏ!
ਜੀਹਨੇ ਤੇਰਾ ਨਾਮ ਰੁਸ਼ਨਾਇਆ ਰਾਣੀਏ!
ਯਾਦ ਸਦਾ ਰਹੂ ਉਹਦਾ ਨਾਂ ਪੰਜਾਬੀਏ!
ਫ਼ੈਲੇ ਤੇਰਾ ਜੱਗ ਵਿਚ…

ਬੜਾ ਚਿਰ ਤੇਰੇ ਬਾਰੇ ਸੋਚਦਾ ਰਿਹਾ,
ਆਪਣਾ ਦਿਮਾਗ਼ ਮੈਂ ਖਰੋਚਦਾ ਰਿਹਾ,
ਬਿੱਖ਼ਰੇ ਖ਼ਿਆਲਾਂ ਤਾਈਂ ਬੋਚਦਾ ਰਿਹਾ,
ਹਰ ਵੇਲ਼ੇ ਗੱਲ ਏਹੋ ਲੋਚਦਾ ਰਿਹਾ,
ਤੇਰੇ ਬਾਰੇ ਕਵਿਤਾ ਲਿਖਾਂ ਪੰਜਾਬੀਏ!
ਫ਼ੈਲੇ ਤੇਰਾ ਜੱਗ ਵਿਚ…

ਤੈਨੂੰ ਚਾਹੁੰਣ ਵਾਲ਼ੇ ਅਜੇ ਜੱਗ ‘ਤੇ ਬੜੇ,
ਵੈਰੀ ਤੇਰੇ ਜਾਣ ਲੈ ਤੂੰ, ਝੜੇ ਕਿ ਝੜੇ,
ਪੈਂਦੇ ਰਹਿਣ ਭਾਵੇਂ ਜਿੰਨੇ ਮਰਜ਼ੀ ਗੜੇ,
ਤੇਰੇ ਤਾਜ ਵਿਚ ਹੀਰੇ ਜਾਣਗੇ ਜੜੇ,
ਪੁੱਤ ਆਪਣੇ ਤੂੰ ਜਾਣੀਂ ਤਾਂ ਪੰਜਾਬੀਏ!
ਫ਼ੈਲੇ ਤੇਰਾ ਜੱਗ ਵਿਚ…

ਰੀਝ ਮੇਰੀ ਇੱਕੋ, ਸੱਚੀ ਗੱਲ ਮੈਂ ਕਵ੍ਹਾਂ,
ਲੋਰੀਆਂ ਤੂੰ ਦੇਵੇਂ, ਤੇਰੀ ਗੋਦ ‘ਚ ਸਵਾਂ,
‘ਬਾਦਲ’ ਦੇ ਵਾਂਗ ਤੇਰੇ ਸਾਮ੍ਹਣੇ ਰਵ੍ਹਾਂ,
ਹਰ ਵਾਰੀ ਜਨਮ ਪੰਜਾਬ ‘ਚ ਲਵਾਂ,
ਪੁੱਤ ਤੇਰਾ ਮੁੜ ਕੇ ਬਣਾਂ ਪੰਜਾਬੀਏ!
ਫ਼ੈਲੇ ਤੇਰਾ ਜੱਗ ਵਿਚ…
*****
(1) ਲਛਮਣ ਸਿੰਘ ਗਿੱਲ



Friday, February 17, 2012

ਹਰਜਿੰਦਰ ਕੰਗ - ਗੀਤ

ਦੋਸਤੋ! ਕੈਲੇਫੋਰਨੀਆ ਵਸਦੇ ਸੁਪ੍ਰਸਿੱਧ ਅਤੇ ਮੇਰੇ ਮਨ-ਪਸੰਦ ਗੀਤਕਾਰ ਜਨਾਬ ਹਰਜਿੰਦਰ ਕੰਗ ਸਾਹਿਬ ਨੇ ਕੱਲ੍ਹ ਫੇਸਬੁੱਕ ਤੇ ਚਲਦੇ ਆਰਸੀ ਕਲੱਬ ਦੀ ਵਾੱਲ ਤੇ ਇਕ ਬਹੁਤ ਹੀ ਖ਼ੂਬਸੂਰਤ ਗੀਤ ਪੋਸਟ ਕੀਤਾ ਸੀ...ਜਿਸਨੂੰ ਅੱਜ ਸਕੂਨ ਨਾਲ਼ ਬਹਿ ਕੇ ਪੜ੍ਹਿਆ ਤੇ ਮਾਣਿਆ ਹੈ....ਇਕ ਤਾਂ ਮੈਨੂੰ ਇਸ ਗੱਲ ਦੀ ਖ਼ੁਸ਼ੀ ਹੋਈ ਕਿ ਕੰਗ ਸਾਹਿਬ ਨੇ ਗੁਰਮੁਖੀ ਚ ਟਾਈਪ ਕਰਨਾ ਸਿੱਖ ਲਿਐ....ਵਧਾਈਆਂ ਕੰਗ ਸਾਹਿਬ..:) ਤੇ ਦੂਜਾ ਮੈਂ ਬੜੀ ਖ਼ਾਮੋਸ਼ ਜਿਹੀ ਬੈਠੀ ਸੀ ਤੇ ਇਹ ਗੀਤ ਜਿਵੇਂ ਕੋਈ ਬੜੇ ਪੁਰਾਣੇ ਤਾਰ ਜਿਹੇ ਛੇੜਦਾ....ਖ਼ਿਆਲਾਤ ਦੇ ਕਾਫ਼ਿਲੇ ਨੂੰ ਦੂਰ ਕਿਧਰੇ ਲੈ ਤੁਰਿਆ... ਤੇ ਚੰਦ ਪਲਾਂ ਲਈ ਹੀ ਸਹੀ....ਮੌਸਮੀ ਖ਼ਿਜ਼ਾਂ....ਕਿਸੇ ਕ਼ਬਰ ਦੀ ਆਗੋਸ਼ ਹੋ ਗਈ.... ਸੁੰਨੀ ਜਿਹੀ ਰੂਹ ਦੀ ਬਾਰੀ ਚੋਂ ਰੌਸ਼ਨੀ ਚੁਫ਼ੇਰੇ ਫ਼ੈਲੀ ਤੇ ਮੈਂ ਬਲੌਗ ਅਪਡੇਟ ਕਰਨ ਬਹਿ ਗਈ....ਕੰਗ ਸਾਹਿਬ ਨੂੰ ਇਸ ਗੀਤ ਲਈ ਬਹੁਤ-ਬਹੁਤ ਮੁਬਾਰਕਾਂ ਹੋਣ....ਵੈਸੇ ਇਹ ਵੀ ਦੱਸ ਦੇਵਾਂ ਕਿ ਇਹ ਗੀਤ ਮੈਂ ਕਲੱਬ ਦੀ ਵਾੱਲ ਤੋਂ ਚੋਰੀ ਕੇ ਆਰਸੀ ਨਾਲ਼ ਜੁੜੇ ਸੁਹਿਰਦ ਦੋਸਤਾਂ ਨਾਲ਼ ਸਾਂਝਾ ਕਰ ਰਹੀ ਹਾਂ.....ਆਸ ਹੈ ਕਿ ਕੰਗ ਸਾਹਿਬ ਮੇਰੀ ਗੁਸਤਾਖ਼ੀ ਮੁਆਫ਼ ਕਰ ਦੇਣਗੇ....:) ਅਦਬ ਸਹਿਤ....ਤਨਦੀਪ

********


ਗੀਤ



ਚੂੜੀ ਕੱਲੀ ਏ ਕਲਾਈ ਵਿੱਚ ਛਣਕੇ ਕਿਵੇਂ ?
ਵੇ ਮੈਂ ਨਿੱਕਲਾਂ ਪਟੋਲਾ ਜਿਹਾ ਬਣਕੇ ਕਿਵੇਂ ?
ਚੂੜੀ ਕੱਲੀ ਏ ਕਲਾਈ ਵਿੱਚ.....


ਨਾ ਇਹ ਗੋਰਾ ਨਾ ਗੁਲਾਬੀ ਨਾ ਕੋਈ ਖ਼ਾਸ ਜਿਹਾ ਰੰਗ
ਮੇਰੇ ਮੁੱਖੜੇ ਦਾ ਸਹੀਉ ਨੀ ਉਦਾਸ ਜਿਹਾ ਰੰਗ.......
ਜੋੜਾਂ ਟੁੱਟੇ ਹੋਏ ਨਸੀਬਾਂ ਵਾਲੇ ਮਣਕੇ ਕਿਵੇਂ
ਚੂੜੀ ਕੱਲੀ ਏ ਕਲਾਈ ਵਿੱਚ.....


ਇੱਕ ਅੱਥਰੂ ਦੇ ਨਾਲ ਦੋਵੇਂ ਨੈਣ ਭਰ ਚੱਲੇ.......
ਖ਼ਾਬ ਏਨੇ ਕੁ ਹੀ ਪਾਣੀ ਵਿਚ ਡੁੱਬ ਮਰ ਚੱਲੇ
ਹਾਕਾਂ ਪੱਤਣਾਂ ਤੇ ਮਾਰਾਂ ਹਿੱਕ ਤਣਕੇ ਕਿਵੇਂ .....
ਚੂੜੀ ਕੱਲੀ ਏ ਕਲਾਈ ਵਿੱਚ.....

ਮੇਰਾ ਹਾਲ ਨਾ ਵੇ ਪੁੱਛੀ ਮੇਰਾ ਹਾਲ ਨਹੀਉਂ ਕੋਈ
ਕਾਹਨੂੰ ਆਸੇ ਪਾਸੇ ਦੇਖਾਂ ਮੇਰੇ ਨਾਲ ਨਹੀਉ ਕੋਈ
ਮੇਰਾ ਲੇਖਾਂ ਤੋਂ ਵਿਹੂਣਾ ਮੱਥਾ ਠਣਕੇ ਕਿਵੇਂ ......
ਚੂੜੀ ਕੱਲੀ ਏ ਕਲਾਈ ਵਿੱਚ.....


ਟੁੱਟਾ ਹਿੱਕੜੀ 'ਚ ਦਿਲ ਹਿੱਕੜੀ 'ਚ ਰਹਿ ਗਿਆ
ਕੰਗ ਤੇਰੇ ਨਾਲ ਜਦੋਂ ਦਾ ਵਿਛੋੜਾ ਪੈ ਗਿਆ
ਨੈਣੋਂ ਟੁੱਟ ਕੇ ਬਲੌਰੀ ਹੰਝੂ ਟਣਕੇ ਕਿਵੇਂ ....


ਚੂੜੀ ਕੱਲੀ ਏ ਕਲਾਈ ਵਿੱਚ.....

Tuesday, February 14, 2012

ਨਰਿੰਦਰ ਮਾਨਵ - ਗ਼ਜ਼ਲ

ਗ਼ਜ਼ਲ

ਕੀ ਹੋਇਆ ਜੇ ਡਾਰਾਂ ਬੰਨ੍ਹ ਬੰਨ੍ਹ ਆਉਂਦੇ ਨੇ


ਗ਼ਮ ਤਾਂ ਉਮਰਾਂ ਤੀਕਰ ਸਾਥ ਨਿਭਾਉਂਦੇ ਨੇ



ਦਿਲ ਵਿਚ ਦੁਨੀਆ ਭਰ ਦਾ ਦਰਦ ਸਮਾਉਂਦੇ ਨੇ


ਦਿਲ ਵਾਲੇ ਹੀ ਦਿਲ ਦਾ ਦਰਦ ਵੰਡਾਉਂਦੇ ਨੇ



ਕੁਝ ਲੋਕੀਂ ਏਦਾਂ ਵੀ ਪਿਆਰ ਨਿਭਾਉਂਦੇ ਨੇ


ਯਾਰ ਦੇ ਦਿੱਤੇ ਗ਼ਮ ਨੂੰ ਲਾਡ ਲਡਾਉਂਦੇ ਨੇ



ਰੰਗਾਂ ਨਾਲ਼ ਜਦੋਂ ਵੀ ਰੰਗ ਟਕਰਾਉਂਦੇ ਨੇ।


ਕੀ ਦੱਸੀਏ ਫਿਰ ਕੀ ਕੀ ਰੰਗ ਵਿਖਾਉਂਦੇ ਨੇ



ਕੁਝ ਨਾ ਕੁਝ ਤਾਂ ਬਾਤ ਉਨ੍ਹਾਂ ਵਿਚ ਹੋਵੇਗੀ,


ਲੋਕ ਜਿਨ੍ਹਾਂ ਦੀਆਂ ਅਕਸਰ ਬਾਤਾਂ ਪਾਉਂਦੇ ਨੇ



ਰੰਗ ਬਦਲਦੇ ਵੇਖੇ ਖ਼ੂਨ ਦੇ ਰਿਸ਼ਤੇ ਵੀ ,


ਰੰਗ-ਬਰੰਗੇ ਰੰਗ ਜਦੋਂ ਭਰਮਾਉਂਦੇ ਨੇ



ਪ੍ਰੇਮ-ਪੁਜਾਰੀ ਪੁੱਛ ਨਾ ਕਿੱਦਾਂ ਪੱਬਾਂ ਵਿਚ,


ਜਾਮ ਬਣਾ ਕੇ ਜਿਸਮਾਂ ਨੂੰ ਛਲਕਾਉਂਦੇ ਨੇ



ਯਾਦ ਜਿਨ੍ਹਾਂ ਨੂੰ ਕੋਈ ਵੀ ਨਈਂ ਕਰਦਾ, ਉਹ,


ਯਾਦਾਂ ਨਾਲ ਹੀ ਅਪਣਾ ਚਿੱਤ ਪਰਚਾਉਂਦੇ ਨੇ



ਅਪਣੇ ਅੰਦਰ ਝਾਤੀ ਮਾਰ ਕੇ ਵੇਖ ਜ਼ਰਾ,


ਕਿੱਦਾਂ ਲੋਕੀਂ ਅਪਣਾ ਆਪ ਛੁਪਾਉਂਦੇ ਨੇ



ਹਾਲ ਉਨ੍ਹਾਂ ਦਾ ਵੇਖਣ ਵਾਲਾ ਹੁੰਦਾ ਹੈ ,


ਜਦ ਵੀ ਸਾਡੇ ਹਾਲ ਤੇ ਉਹ ਮੁਸਕਾਉਂਦੇ ਨੇ



ਕੋਣ ਕਿਸੇ ਦੀ ਅੱਗ ਵਿਚ ਸੜਦਾ ਹੈ ਮਾਨਵ”,


ਸਾਰੇ ਅਪਣੀ ਅਪਣੀ ਪਿਆਸ ਬੁਝਾਉਂਦੇ ਨੇ


=====


ਗ਼ਜ਼ਲ


ਪਿਆਸੇ ਮਨ ਦੀ ਪਿਆਸ ਬੁਝਾ ਦੇ


ਦੋ ਘੁੱਟ ਨਜ਼ਰਾਂ ਨਾਲ ਪਿਲਾ ਦੇ



ਪਿਆਰ ਦੀ ਜੋਤ ਜਗਾ ਦੇ ਦਿਲ ਵਿਚ,


ਜਾਂ ਫਿਰ ਸੁੱਤੇ ਦਰਦ ਜਗਾ ਦੇ



ਅਸ਼ਕੇ ਜਾਈਏ ਇਸ ਦੁਨੀਆ ਤੋਂ ,


ਬਿਨ ਖੰਭਾਂ ਤੋਂ ਡਾਰ ਬਣਾ ਦੇ



ਭੁੱਬਲ ਨੇ ਭਾਂਬੜ ਬਣ ਜਾਣੈ ,


ਨਾ ਤੂੰ ਇਸ ਨੂੰ ਹੋਰ ਹਵਾ ਦੇ



ਜਾਂ ਤੂੰ ਹੋਸ਼ ਚ ਆ ਜਾ ਸੱਜਣਾ ,


ਜਾਂ ਫਿਰ ਮੇਰੀ ਹੋਸ਼ ਭੁਲਾ ਦੇ



ਦਰਦ ਦਵਾ ਬਣ ਜਾਏ ਮਾਨਵ”,


ਜੇ ਕੋਈ ਹਸ ਕੇ ਮਰਹਮ ਲਾ ਦੇ



Monday, February 13, 2012

ਅਲਵਿਦਾ ਜਨਾਬ ਸ਼ਹਰਯਾਰ ਸਾਹਿਬ – ਆਰਸੀ ਪਰਿਵਾਰ ਵੱਲੋਂ ਨਿੱਘੀ ਸ਼ਰਧਾਂਜਲੀ

ਸ਼ਾਖ਼ੇ-ਸ਼ਜਰ ਸੇ ਪੱਤੇ ਗਿਰੇ ਜਬ ਭੀ ਟੂਟ ਕੇ।

ਰੋਈ ਤਮਾਮ ਖ਼ਲਕੇ-ਖ਼ੁਦਾ ਫ਼ੂਟ-ਫ਼ੂਟ ਕੇ।


ਆਰਸੀ ਪਰਿਵਾਰ ਨਾਲ਼ ਇਹ ਖ਼ਬਰ ਬੜੇ ਦੁੱਖ ਨਾਲ਼ ਸਾਂਝੀ ਕੀਤੀ ਜਾ ਰਹੀ ਹੈ ਤੇ ਹਿੰਦੀ ਅਤੇ ਉਰਦੂ ਅਦਬ ਦੇ ਅਜ਼ੀਮ ਸ਼ਾਇਰ ਜਨਾਬ ਸ਼ਹਰਯਾਰ ਸਾਹਿਬ ਅੱਜ ਖ਼ੁਦਾ ਵੱਲੋਂ ਬਖ਼ਸ਼ੀ 75 ਸਾਲਾਂ ਦੀ ਉਮਰ ਭੋਗ ਕੇ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਨੇ, ਉਹਨਾਂ ਦੇ ਤੁਰ ਜਾਣ ਨਾਲ਼ ਉਰਦੂ ਅਦਬੀ ਵਿਚ ਇਕ ਐਸਾ ਖ਼ਲਾਅ ਪੈਦਾ ਹੋ ਗਿਆ ਹੈ, ਜੋ ਕਦੇ ਨਹੀਂ ਭਰੇਗਾ। ਉਨਾਂ ਨੇ ਜਿੱਥੇ ਏਨੀਆਂ ਖ਼ੂਬਸੂਰਤ ਗ਼ਜ਼ਲਾਂ ਕਹੀਆਂ, ਉੱਥੇ ਕਮਾਲ ਦੀਆਂ ਆਜ਼ਾਦ ਨਜ਼ਮਾਂ ਵੀ ਲਿਖੀਆਂ ਤੇ ਅਨੇਕਾਂ ਫਿਲਮਾਂ ਦੇ ਨਗ਼ਮੇਂ ਵੀ ਲਿਖੇ... ਜੀਵਨ-ਕਾਲ ਦੌਰਾਨ ਉਹਨਾਂ ਨੂੰ ਸਾਹਿਤ ਅਕੈਡਮੀ ਪੁਰਸਕਾਰ ਅਤੇ ਜਨਪੀਠ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਜਾ ਚੁੱਕਾ ਸੀ....ਉਹ ਆਪਣੀ ਬੇਮਿਸਾਲ ਸ਼ਾਇਰੀ ਨਾਲ਼ ਹਮੇਸ਼ਾ ਸਾਡੇ ਦਰਮਿਆਨ ਰਹਿਣਗੇ....ਖ਼ੁਦਾ ਉਹਨਾਂ ਨੂੰ ਜੱਨਤ ਅਤਾ ਫ਼ਰਮਾਏ..ਅਲਵਿਦਾ ਸ਼ਹਰਯਾਰ ਸਾਹਿਬ...
----
ਸਮੂਹ ਆਰਸੀ ਪਰਿਵਾਰ ਵੱਲੋਂ ਨਿੱਘੀ ਸ਼ਰਧਾਜਲੀ ਦਿੰਦਿਆਂ, ਅੱਜ ਦੀ ਪੋਸਟ ਵਿਚ ਮੈਂ ਸ਼ਹਰਯਾਰ ਹੁਰਾਂ ਦੀਆਂ ਦੋ ਬਹੁਤ ਹੀ ਖ਼ੂਬਸੂਰਤ ਗ਼ਜ਼ਲਾਂ ਪੋਸਟ ਕਰ ਰਹੀ ਹਾਂ ਜੀ....ਅਦਬ ਸਹਿਤ....ਤਨਦੀਪ


********


ਗ਼ਜ਼ਲ


ਜੋ ਬਾਤ ਕਰਨੇ ਕੀ ਥੀ ਕਾਸ਼ ਮੈਨੇ ਕੀ ਹੋਤੀ।


ਤਮਾਮ ਸ਼ਹਰ ਮੇਂ ਇਕ ਧੂਪ ਸੀ ਮਚੀ ਹੋਤੀ।



ਬਦਨ ਤਮਾਮ ਗੁਲਾਬੋਂ ਸੇ ਢਕ ਗਯਾ ਹੋਤਾ,


ਕਿ ਉਨ ਲਬੋਂ ਨੇ ਅਗਰ ਆਬਯਾਰੀ 1 ਕੀ ਹੋਤੀ।



ਬਸ ਇਤਨਾ ਹੋਤਾ ਮੇਰੇ ਦੋਨੋ ਹਾਥ ਭਰ ਜਾਤੇ,


ਤੇਰੇ ਖ਼ਜ਼ਾਨੇ ਮੇਂ ਬਤਲਾ ਕੋਈ ਕਮਾ ਹੋਤੀ?



ਫ਼ਿਜ਼ਾ ਮੇਂ ਦੇਰ ਤਲਕ ਸਾਂਸੋਂ ਕੇ ਸ਼ਰਰ 2 ਉੜਤੇ,


ਜ਼ਮੀਂ ਪੇ ਦੂਰ ਤਲਕ ਚਾਂਦਨੀ ਬਿਛੀ ਹੋਤੀ।



ਮੈਂ ਇਸ ਤਰਹ ਨ ਜਹਨੱਮ ਕੀ ਸੀੜ੍ਹੀਆਂ ਚੜ੍ਹਤਾ,


ਹਵਸ ਕੋ ਮੇਰੀ ਜੋ ਤੂਨੇ ਹਵਾ ਨ ਦੀ ਹੋਤੀ।


*****
ਔਖੇ ਸ਼ਬਦਾਂ ਦੇ ਅਰਥ - ਆਬਯਾਰੀ 1
ਮਿਹਰਬਾਨੀ ਕੀਤੀ, ਸ਼ਰਰ 2 - ਚਿੰਗਾਰੀ


====


ਗ਼ਜ਼ਲ


ਤੇਜ਼ ਹਵਾ ਮੇਂ ਜਲਾ ਦਿਲ ਦਾ ਦੀਯਾ ਆਜ ਤਕ।


ਜ਼ੀਸਤ 1 ਸੇ ਇਕ ਅਹਦ 2 ਥਾ, ਪੂਰਾ ਕੀਯਾ ਆਜ ਤਕ।



ਮੇਰੇ ਜੁਨੂੰ ਕੇ ਲੀਏ ਤੇਰੀ ਗਵਾਹੀ ਬਹੁਤ,


ਚਾਕੇ-ਗਰੇਬਾਂ 3 ਨ ਕਯੂੰ ਮੈਨੇ ਸੀਯਾ ਆਜ ਤਕ।



ਕਿਤਨੇ ਸਮੰਦਰ ਮੁਝੇ ਰੋਜ਼ ਮਿਲੇ ਰਾਹ ਮੇਂ,


ਬੂੰਦ ਭੀ ਪਾਨੀ ਨਹੀਂ ਮੈਨੇ ਪੀਯਾ ਆਜ ਤਕ।



ਇਲਮ ਕੇ ਇਸ ਸ਼ਹਰ ਮੇਂ ਕੋਈ ਨਹੀਂ ਪੂਛਤਾ,


ਕਾਰੇ-ਸੁਖ਼ਨ 4 ਕਿਸ ਤਰਹ ਮੈਨੇ ਕੀਯਾ ਆਜ ਤਕ।



ਮੇਹਰੋ-ਵਫ਼ਾ 5 ਕੇ ਸਿਵਾ ਦੋਸਤ ਨਹੀਂ ਜਾਨਤੇ,


ਮੁਝਕੋ ਦੀਆ ਹੈ ਸਦਾ, ਕੁਛ ਨ ਲੀਯਾ ਆਜ ਤਕ।


****
ਔਖੇ ਸ਼ਬਦਾਂ ਦੇ ਅਰਥ - ਜ਼ੀਸਤ 1
ਜ਼ਿੰਦਗੀ, ਅਹਦ 2 ਵਾਅਦਾ, ਚਾਕੇ-ਗਰੇਬਾਂ 3 ਕੁੜਤੇ ਦਾ ਫ਼ਟਿਆ ਹੋਇਆ ਗਲ਼ਾ, ਕਾਰੇ-ਸੁਖ਼ਨ 4 ਸਾਹਿਤਕ ਕਾਰਜ..ਕਵਿਤਾ ਲਿਖਣੀ ਆਦਿ, ਮੇਹਰੋ-ਵਫ਼ਾ 5 ਮਿਹਰਬਾਨੀ ਤੇ ਵਫ਼ਾਦਾਰੀ


********


ਗ਼ਜ਼ਲਾਂ ਮੂਲ ਉਰਦੂ ਹਿੰਦੀ ਤੋਂ ਪੰਜਾਬੀ ਲਿਪੀਅੰਤਰ ਤਨਦੀਪ ਤਮੰਨਾ



Saturday, February 11, 2012

ਡਾ: ਲੋਕ ਰਾਜ - ਆਰਸੀ 'ਤੇ ਖ਼ੁਸ਼ਆਮਦੀਦ - ਗ਼ਜ਼ਲ

ਆਰਸੀ 'ਤੇ ਖ਼ੁਸ਼ਆਮਦੀਦ
ਸਾਹਿਤਕ ਨਾਮ ਡਾ: ਲੋਕ ਰਾਜ

ਅਜੋਕਾ ਨਿਵਾਸ - ਜੱਦੀ ਪਿੰਡ ਜਲੰਧਰ ਦੇ ਕੋਲਬਸ਼ੇਸ਼ਰ ਪੁਰਹੈ ਤੇ ਅੱਜ ਕੱਲ੍ਹ ਇੰਗਲੈਂਡ ਨਿਵਾਸ ਕਰਦੇ ਹਨ।


ਪ੍ਰਕਾਸ਼ਿਤ ਕਿਤਾਬਾਂ - ਇੱਕ ਗਜ਼ਲਾਂ ਦੀ ਕਿਤਾਬ ਹਾਦਸਿਆਂ ਦਾ ਸਫ਼ਰ ਛਪ ਚੁੱਕੀ ਹੈ ਤੇ ਕਈ ਦੂਸਰੀਆਂ ਕਿਤਾਬਾਂ ਵਿਚ ਡਾ: ਸਾਹਿਬ ਦੀਆਂ ਕਵਿਤਾਵਾਂ ਤੇ ਗਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨ- ਅੱਧੀ ਸਦੀ ਦੀ ਮਹਿਕ, ਗਜ਼ਲ, ਕੋਸੇ ਚਾਨਣ-੨ ੯ ਕਿਤਾਬਾਂ ਭਾਰਤੀ ਗਿਆਨ-ਵਿਗਿਆਨ ਸਮਿਤੀ, ਪੰਜਾਬ ਤੇ ਚੰਡੀਗੜ੍ਹਨੇ ਛਾਪੀਆਂ ਨੇ ਜੋ ਮਾਨਸਿਕ ਸਿਹਤ ਬਾਰੇ ਨੇ ਤੇ ਉਨ੍ਹਾਂ ਲਿਖਤਾਂ ਤੇ ਅਧਾਰਿਤ ਹਨ ਜੋ ਉਹ ਕਈ ਵਰ੍ਹੇ ਪ੍ਰੀਤਲੜੀ ਵਿਚ ਲਿਖਦੇ ਹੇ ਹਨ।


----
.... ਪੰਜਾਬੀ ਵਿਚ ੨੫ ਕੁ ਸਾਲਾਂ ਤੋਂ ਲਿਖ ਰਿਹਾ ਹਾਂ….ਲੇਖ, ਕਵਿਤਾਵਾਂ, ਕਹਾਣੀਆਂ ਪੂਰਬੀ ਪੰਜਾਬ ਦੇ ਮੁਖ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦੀਆਂ ਰਹੀਆਂ ਹਨ.... ਮਾਂ-ਬੋਲੀ ਦੀ ਖਿਦਮਤ ਕਰਨਾ ਆਪਣਾ ਫ਼ਰਜ਼ ਸਮਝਦਾ ਹਾਂ ਤੇ ਆਸ ਕਰਦਾ ਹਾਂ ਕਿ ਸਾਂਝੇ ਜਤਨਾਂ ਨਾਲ ਪੰਜਾਬ ਦੇ ਦੋਵੇਂ ਟੁਕੜੇ ਲਿੱਪੀਆਂ ਦਾ ਫ਼ਾਸਲਾ ਦੂਰ ਕਰ ਲੈਣ ਗੇ ਤੇ ਦੂਰ ਦਾ ਸੁਫ਼ਨਾ ਪੰਜਾਬ ਦੇਸ਼ ਨੂੰ ਮੁੜ ਕੇ ਇੱਕ ਦੇਖਣ ਦਾ ਹੈ... ਡਾ: ਲੋਕ ਰਾਜ



------


ਦੋਸਤੋ! ਡਾ: ਲੋਕ ਰਾਜ ਜੀ ਇਕ ਜ਼ਹੀਨ ਲੇਖਕ, ਜ਼ਿੰਮੇਵਾਰ ਪਿਤਾ ਅਤੇ ਪਤੀ, ਮਨੋ-ਰੋਗ ਮਾਹਿਰ (ਸਾਈਕਿਐਟ੍ਰਿਸਟ) ਹੋਣ ਦੇ ਨਾਲ਼ ਇਕ ਬਹੁਤ ਹੀ ਪਿਆਰੇ ਸ਼ਖ਼ਸ ਵੀ ਨੇ। ਅਮਰੀਕ ਗ਼ਾਫ਼ਿਲ ਸਾਹਿਬ ਅਤੇ ਕਮਲ ਦੇਵ ਪਾਲ ਸਾਹਿਬ ਵਾਂਗ ਹੀ ਉਹਨਾਂ ਨਾਲ਼ ਮੇਰੀ ਮੁਲਾਕਾਤ ਫੇਸਬੁੱਕ ਤੇ ਹੋਈ ਸੀ, ਪਰ ਕੁਝ ਗ਼ਜ਼ਲਾਂ ਅਤੇ ਸ਼ਿਅਰ ਕਿਤਾਬਾਂ ਚ ਪੜ੍ਹੇ ਹੋਣ ਕਰਕੇ, ਉਹਨਾਂ ਦੇ ਨਾਮ ਤੋਂ ਪਹਿਲਾਂ ਹੀ ਵਾਕਿਫ਼ ਸਾਂ। ਉਹਨਾਂ ਨੂੰ ਆਪਣੀਆਂ ਲਿਖਤਾਂ ਵਿਚ ਨਵੇਂ ਦੇ ਨਾਲ਼-ਨਾਲ਼ ਪ੍ਰੰਪਰਾਵਾਂ, ਰਹੁ-ਰੀਤਾਂ ਦੇ ਸੰਗ ਸੰਵਾਦ ਰਚਾਉਣ ਦੀ ਕਾਬਲੀਅਤ ਵੀ ਹਾਸਿਲ ਹੈ ਤੇ ਏਸੇ ਗੁਣ ਨੇ ਉਹਨਾਂ ਦੀ ਲਿਖਤ ਨੂੰ ਹੋਰ ਅਮੀਰੀ ਬਖ਼ਸ਼ੀ ਹੈ। ਫੇਸਬੁੱਕ ਤੇ ਮੈਂ ਉਹਨਾਂ ਦੀ ਲੇਖਣੀ ਅਤੇ ਉਸਨੂੰ ਪੇਸ਼ ਕਰਨ ਦੀ ਸ਼ੈਲੀ ਤੋਂ ਪ੍ਰਭਾਵਿਤ ਹੋਈ ਹਾਂ। ਮੈਂ ਜਦੋਂ ਵੀ ਕਵਿਤਾ ਬਾਰੇ ਸੋਚਦੀ ਹਾਂ ਤਾਂ ਕਿਤਾਬਾਂ ਦੀਆਂ ਵਲਗਣਾਂ ਚ ਕ਼ੈਦ ਕਵਿਤਾ ਬਾਰੇ ਨਹੀਂ ਸੋਚਦੀ, ਮੈਂ ਪੀੜ੍ਹੀ-ਦਰ-ਪੀੜ੍ਹੀ, ਆਮ ਲੋਕਾਂ ਦੁਆਰਾ ਰਚੀ ਜਾਂਦੀ ਜ਼ਿੰਦਗੀ ਦੀ ਕਵਿਤਾ ਬਾਰੇ ਸੋਚਦੀ ਹਾਂ ਜੋ ਬੱਚਿਆਂ ਵਾਂਗ ਨਟਖਟ ਵੀ ਹੈ, ਜਵਾਨਾਂ ਵਾਂਗ ਜੋਸ਼ੀਲੀ ਵੀ ਤੇ ਬਜ਼ੁਰਗਾਂ ਵਾਲ਼ਾ ਤਜੁਰਬਾ ਵੀ ਰੱਖਦੀ ਹੈ ਇਸ ਸਭ ਮੈਨੂੰ ਡਾ: ਲੋਕ ਰਾਜ ਜੀ ਦੀ ਕਵਿਤਾ ਵਿਚ ਨਜ਼ਰ ਆਇਆ ਹੈ। ਉਹਨਾਂ ਦੀ ਨਜ਼ਮ ਸਰਲ ਵੀ ਹੈ ਤੇ ਉਸ ਵਿਚ ਅੰਤਾਂ ਦੀ ਰਵਾਨੀ ਵੀ ਹੈ....ਜਾਂ ਇੰਝ ਆਖ ਲਈਏ ਕਿ ਉਹ ਟਿਕੀ ਚਾਨਣੀ ਵਿਚ ਚੀਲ੍ਹ ਦੇ ਦਰੱਖਤ ਚੋਂ ਲੰਘਦੀ ਸਰਰ-ਸਰਰ ਕਰਦੀ ਖ਼ੁਸ਼ਬੋਈ ਪੌਣ ਜਿਹੀ ਹੈ। ਮੈਨੂੰ ਇਹ ਲਿਖਦਿਆਂ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹ ਫੇਸਬੁੱਕ ਤੇ ਚਲਦੇ ਆਰਸੀ ਸਾਹਿਤਕ ਕਲੱਬ ਦੇ ਕੋ-ਐਡਮਿਨ ਵੀ ਨੇ।
-----


ਡਾ: ਸਾਹਿਬ ਨੂੰ ਆਰਸੀ ਪਰਿਵਾਰ ਚ ਖ਼ੁਸ਼ਆਮਦੀਦ ਆਖਦਿਆਂ, ਸ਼ੁਕਰੀਆ ਅਦਾ ਕਰਦਿਆਂ ਇਹਨਾਂ ਖ਼ੂਬਸੂਰਤ ਗ਼ਜ਼ਲਾਂ ਨੂੰ ਅੱਜ ਦੀ ਪੋਸਟ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਮੁਆਫ਼ੀ ਚਾਹੁੰਦੀ ਹਾਂ ਕਿ ਉਹਨਾਂ ਦੀ ਹਾਜ਼ਰੀ ਲੱਗਣ ਚ ਏਨੀ ਦੇਰ ਹੋ ਗਈ ਹੈ ਕਿਉਂਕਿ ਡਾ: ਸਾਹਿਬ ਦੀਆਂ ਰਚਨਾਵਾਂ ਵੀ ਪਿਛਲੇ ਸਾਲ ਦੀਆਂ ਮੇਰੇ ਇਨ-ਬੌਕਸ ਆਈਆਂ ਪਈਆਂ ਸਨ,, ਬਲੌਗ ਅਪਡੇਟ ਹੁਣ ਹੋਣ ਲੱਗਿਆ ਹੈ। ਆਸ ਹੈ ਕਿ ਉਹ ਭਵਿੱਖ ਵਿਚ ਵੀ ਆਪਣੀਆਂ ਲਿਖਤਾਂ ਨਾਲ਼ ਹਾਜ਼ਰੀ ਲਵਾਉਂਦੇ ਅਤੇ ਧੰਨਵਾਦੀ ਬਣਾਉਂਦੇ ਰਹਿਣਗੇ। ਸ਼ੁਕਰੀਆ ਜੀ।


ਅਦਬ ਸਹਿਤ


ਤਨਦੀਪ ਤਮੰਨਾ


*****


ਗ਼ਜ਼ਲ


ਮੈਂ ਤੇ ਮੈਂ ਦੇ ਵਿਚ-ਵਿਚਾਲ਼ੇ ਇਹ ਕੀ ਆਇਆ ਹੈ।


ਬੀਜ ਕਿਸੇ ਸੁਫ਼ਨੇ ਦਾ ਜਾਂ ਲੇਖਾਂ ਦਾ ਸਾਇਆ ਹੈ



ਅਪਣੇ ਆਪ ਨੂੰ ਲੱਭਣ ਤੁਰਿਆ, ਹੋਰ ਗਵਾਚਾ ਹੈ,


ਬੰਦਾ ਜਦ ਵੀ ਅਪਣੇ ਆਪ ਦੇ ਸਨਮੁਖ ਆਇਆ ਹੈ।



ਹੁਣ ਕਿਓਂ ਆਖੇ ਡਰ ਲੱਗਦਾ ਹੈ ਘੁੱਪ ਹਨੇਰੇ ਤੋਂ,


ਜਿਸ ਨੇ ਹਰ ਇੱਕ ਬਲ਼ਦਾ ਦੀਵਾ ਆਪ ਬੁਝਾਇਆ ਹੈ



ਇੱਕ ਰੁਖ ਦੇਵੇ ਛਾਵਾਂ, ਦੂਜਾ ਕੰਡੇ ਰਾਹਵਾਂ ਦੇ,


ਕੁਦਰਤ ਦਾ ਇਹ ਲੇਖਾ ਜੋਖਾ ਸਮਝ ਨਾ ਆਇਆ ਹੈ।



ਕਦੇ ਕਦੇ ਕੁਝ ਸੁਫ਼ਨੇ ਵਰਗਾ ਕੋਲੋਂ ਲੰਘ ਜਾਵੇ ,


ਰੱਬਾ ਦੱਸ ਹਕੀਕਤ ਹੈ ਜਾਂ ਇਹ ਵੀ ਮਾਇਆ ਹੈ


=====
ਗ਼ਜ਼ਲ


ਜਦ ਤੋਂ ਜੁੜਿਆ ਸੰਗ ਅਸਾਡਾ ਰਾਹਵਾਂ ਨਾਲ਼।


ਕਾਨਾਫੂਸੀ ਕਰਦੇ ਲੋਕ ਹਵਾਵਾਂ ਨਾਲ਼।



ਕੀਕਣ ਰਹਿ ਸਕਦੇ ਹਾਂ ਖੜ੍ਹੇ ਕਿਨਾਰੇ ਤੇ,


ਯਾਰੀ ਲਾ ਕੇ ਸ਼ੂਕਦਿਆਂ ਦਰਿਆਵਾਂ ਨਾਲ਼।



ਕਿਹੜੀ ਜੰਗਜੂ ਕੌਮ ਦੀ ਨੀਂਹ ਨੇ ਇਹ ਬੱਚੇ,


ਰੋਟੀ ਖ਼ਾਤਿਰ ਲੜਦੇ ਕੁੱਤਿਆਂ ਕਾਵਾਂ ਨਾਲ਼।



ਗ਼ਜ਼ਲ, ਰੁਬਾਈ, ਕਵਿਤਾ ਰੂਹ ਦਾ ਚੋਗਾ ਨੇ,


ਢਿੱਡ ਨਹੀਂ ਭਰਦਾ ਕੋਈ ਕਦੇ ਕਲਾਵਾਂ ਨਾਲ਼।



ਇਨ੍ਹਾਂ ਆਖ਼ਿਰ ਗਲ਼ ਵੱਲ ਨੂੰ ਹੀ ਆਉਣਾ ਹੈ,


ਯਾਰੋ ਕਾਹਦਾ ਰੋਸਾ ਭੱਜੀਆਂ ਬਾਹਵਾਂ ਨਾਲ਼।



ਕੱਲਾ ਇੰਜ ਨਿਆਈਂ ਮੌਤੇ ਮਰਦਾ ਨਾ,


ਤੁਰਦਾ ਜੇਕਰ ਮੋਢਾ ਜੋੜ ਭਰਾਵਾਂ ਨਾਲ਼।



ਹੁਕਮ-ਅਦੂਲੀ ਦੀਵਾਨੇ ਦੀ ਫਿਤਰਤ ਹੈ,


ਆਦੀ ਮੁਜਰਿਮ ਸੁਧਰੇ ਕਦੋਂ ਸਜ਼ਾਵਾਂ ਨਾਲ਼।


====
ਗ਼ਜ਼ਲ


ਸਿਖਰ ਦੁਪਿਹਰੇ ਹੀ ਢਲ਼ ਜਾਂਦਾ ਹੈ ਜਿਸ ਦਾ ਪਰਛਾਵਾਂ।


ਕੌਣ ਮੁਸਾਫ਼ਿਰ ਬਹਿ ਕੇ ਮਾਣੇ ਐਸੇ ਰੁਖ ਦੀਆਂ ਛਾਵਾਂ।



ਦੁੱਧੋਂ ਤੋੜ ਕੇ ਕਿਸ ਚੰਦਰੇ ਦਿਨ ਪੁਤ ਪਰਦੇਸੀਂ ਭੇਜੇ,


ਅਜੇ ਤੀਕ ਵੀ ਦਹਿਲੀਜ਼ਾਂ ਤੇ ਬੈਠ ਉਡੀਕਣ ਮਾਵਾਂ



ਪੁਰਾ, ਪਹਾੜ, ਪੱਛੋਂ ਜਾਂ ਦੱਖਣ ਫਰਕ ਨਾ ਕੋਈ ਦਿੱਸੇ,


ਚਹੁੰ ਕੂਟਾਂ ਤੋਂ ਅੱਜ ਕਲ੍ਹ ਏਥੇ ਚੱਲਣ ਗਰਮ ਹਵਾਵਾਂ।



ਗੁਜ਼ਰੇ ਸਨ ਅਣਗਿਣਤ ਕਾਫ਼ਲੇ ਜੋ ਆਸਾਂ ਦੀ ਰੁੱਤੇ,


ਕਦਮਾਂ ਦੇ ਸਭ ਚਿੰਨ੍ਹ ਤੀਕਰ ਵੀ ਨਿਗਲ਼ ਚੁੱਕੀਆਂ ਰਾਹਵਾਂ



ਕੁਝ ਯਾਦਾਂ ਤੇ ਕੁਝ ਸੁਫ਼ਨੇ ਨੇ, ਕੁਝ ਭਟਕਣ ਹੈ ਪੱਲੇ,


ਅੱਜ ਕਲ ਸਾਨੂੰ ਯਾਦ ਨਹੀਂ ਹੈ ਅਪਣਾ ਹੀ ਸਿਰਨਾਵਾਂ।



ਗੈਰਾਂ ਦੇ ਸਿਰ ਦੂਸ਼ਣ ਕੋਈ ਐਵੇਂ ਕਾਹਨੂੰ ਧਰੀਏ,


ਅਪਣੇ ਧੜ ਤੋਂ ਟੁੱਟੀਆਂ ਨੇ ਜਦ ਆਪਣੀਆਂ ਹੀ ਬਾਹਵਾਂ।



ਨਾ ਤੀਰਾਂ ਨੇ ਸਾਥ ਨਿਭਾਇਆ ਨਾ ਬੱਕੀ ਕੰਮ ਆਈ,


ਹਰ ਯੁਗ ਅੰਦਰ ਮਰਿਆ ਯਾਰੋ ਮਿਰਜ਼ਾ ਬਾਝ ਭਰਾਵਾਂ।


=====
ਗ਼ਜ਼ਲ
ਕਿਤੇ ਹੋਠਾਂ ਦੀ ਨਰਮਾਈ, ਕਿਤੇ ਜੁਲਫ਼ਾਂ ਦੀ ਛਾਂ ਮਿਲ਼ਦੀ।


ਸਿਤਮ ਕੇਹਾ ਹੈ ਯਾ ਰੱਬ ਇਹ ਕਿ ਹਰ ਨੇਮਤ ਕੁਥਾਂ ਮਿਲ਼ਦੀ



ਮ੍ਰਿਗ ਤ੍ਰਿਸ਼ਨਾ ਦੇ ਵਾਂਗੂੰ ਹੈ ਹਰਿਕ ਹਸਰਤ ਦੀ ਪਰਛਾਈ,


ਤੇ ਜਿੰਨਾ ਨੇੜ ਜਾਈਏ ਓਸ ਦੇ, ਓਨੀ ਪਰ੍ਹਾਂ ਮਿਲ਼ਦੀ।



ਬੜਾ ਹੀ ਗਿੜਗਿੜਾਉਂਦੇ ਹਾਂ ਜਿਨ੍ਹਾਂ ਸਾਹਵੇਂ ਦਿਨੇ ਰਾਤੀਂ,


ਖਰੇ ਕੀ ਆਖਦੇ ਪੱਥਰ ਜੇ ਪੱਥਰਾਂ ਨੂੰ ਜ਼ੁਬਾਂ ਮਿਲ਼ਦੀ



ਕਦੇ ਕਈ ਮੀਤ ਵਿੱਛੜੇ ਇਸ ਤਰ੍ਹਾਂ ਵੀ ਮਿਲ਼ ਹੀ ਜਾਂਦੇ ਨੇ,


ਕਿਸੇ ਪਰਦੇਸ ਭਟਕੇ ਨੂੰ ਜਿਵੇਂ ਅਪਣੀ ਜੁਬਾਂ ਮਿਲ਼ਦੀ।



ਮਿਲ਼ੀ ਹੈ ਜ਼ਿੰਦਗੀ ਸਾਨੂੰ ਡਕੈਤਾਂ ਦੀ ਤਰ੍ਹਾਂ ਯਾਰੋ!


ਨਾ ਖ਼ਾਲੀ ਹੱਥ ਮੁੜਦੀ ਜੇ ਸਵਾਲੀ ਦੀ ਤਰ੍ਹਾਂ ਮਿਲ਼ਦੀ