ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਦੇਵ ਰਾਜ ਦਿਲਬਰ- ਗ਼ਜ਼ਲ. Show all posts
Showing posts with label ਦੇਵ ਰਾਜ ਦਿਲਬਰ- ਗ਼ਜ਼ਲ. Show all posts

Friday, April 16, 2010

ਦੇਵ ਰਾਜ ਦਿਲਬਰ - ਗ਼ਜ਼ਲ

ਗ਼ਜ਼ਲ

ਦਿਲ ਦਿਆਂ ਜ਼ਖ਼ਮਾਂ ਤੋਂ ਫੇਹੇ ਵੀ ਉਠਾ ਕੇ ਲੈ ਗਈ

ਪੁਛ ਨਾ ਮੇਰਾ ਹਵਾ ਕੀ-ਕੀ ਉਡਾ ਕੇ ਲੈ ਗਈ

-----

ਤਿੜਕਿਓ ਰਿਸ਼ਤੇ ਦੇ ਟੁਕੜੇ ਸਾਂਭ ਕੇ ਬੈਠਾ ਹਾਂ ਮੈਂ,

ਜੋ ਵੀ ਕੁਝ ਉਸ ਦਾ ਸੀ, ਉਹ ਆਈ, ਗਿਣਾ ਕੇ ਲੈ ਗਈ

-----

ਕੌਣ ਨਹੀ ਨ੍ਹੇਰੇ ਤੋਂ ਡਰਦਾ, ਨ੍ਹੇਰ ਆਖਰ ਨ੍ਹੇਰ ਹੈ,

ਸ਼ਾਮ ਨੂੰ ਕੀ, ਰਾਤ ਮੇਰਾ ਦਿਲ ਜਲ਼ਾ ਕੇ ਲੈ ਗਈ

-----

ਹੱਕ਼ ਦੀ ਨਾ ਆਸ ਰਖ, ਇਨਸਾਫ਼ ਦੀ ਨਾ ਮੰਗ ਕਰੀਂ,

ਅੱਜ ਬੋਤਲ ਸਾਰੀਆਂ ਵੋਟਾਂ ਪੁਆ ਕੇ ਲੈ ਗਈ

-----

ਜ਼ਿੰਦਗੀ ਮੇਰੀ ਦੇ ਪੰਨੇ ਕੁਝ ਅਜੇ ਸਨ ਅਣਪੜ੍ਹੇ,

ਜ਼ਿੰਦਗੀ ਮੇਰੀ ਬੜੇ ਸਦਮੇ ਲੁਕਾ ਕੇ ਲੈ ਗਈ

-----

ਉਹ ਸੀ ਪਰਲੇ ਪਾਰ ਦੀ ਤੇ ਮੈਂ ਸਾਂ ਉਰਲੇ ਪਾਰ ਦਾ,

ਮੈਨੂੰ ਚਾਹਤ ਓਸ ਦੀ, ਹੱਦਾਂ ਟਪਾ ਕੇ ਲੈ ਗਈ

-----

ਜ਼ਿੰਦਗੀ ਦੇ ਇਸ ਕਿਨਾਰੇ ਬੈਠ ਕੇ ਗਿਣਦਾ ਹਾਂ ਮੈਂ,

ਮੇਰਾ ਹੁਣ ਤਕ ਇਹ ਨਦੀ ਕੀ-ਕੀ ਵਹਾ ਕੇ ਲੈ ਗਈ