ਗ਼ਜ਼ਲ
ਉਸ ਦੇ ਨੈਣਾਂ ਵਿਚ ਸਮੁੰਦਰ ਛਲਕਦਾ ਹੈ ਜ਼ਹਿਰ ਦਾ।
ਖ਼ੈਰ ਹੋਵੇ ਯਾ ਖ਼ੁਦਾ! ਹੁਣ ਤਾਂ ਸਮਾਂ ਹੈ ਕਹਿਰ ਦਾ।
----
ਕੁਝ ਮਹਿਕ, ਕੁਝ ਪੀੜ ਦੇ ਕੇ, ਤੁਰ ਗਿਆ ਮਹਿਰਮ ਮੇਰਾ,
ਬੈਠਦਾ, ਕੁਝ ਬੋਲਦਾ, ਉਹ ਦੋ ਘੜੀ ਤਾਂ ਠਹਿਰਦਾ।
----
ਇਸ ਦੀ ਛਾਤੀ ਵਿਚ ਮੇਰੇ, ਕੁਝ ਕਹਿਕਹੇ, ਕੁਝ ਸਿਸਕੀਆਂ,
ਕੀ ਕਹਾਂ, ਰਿਸ਼ਤਾ ਹੈ ਕੀ, ਮੇਰਾ ਤੇ ਮੇਰੇ ਸ਼ਹਿਰ ਦਾ।
----
ਛਾ ਗਿਆ ਅਹਿਸਾਸ ਦੇ ਸੂਰਜ ‘ਤੇ ਬਣ ਕੇ ਜੋ ਘਟਾ,
ਉਹ ਹੈ ਕਿਸ ਨਰਤਕ ਦੀ ਮੁਦਰਾ, ਸ਼ਿਅਰ ਕਿਹੜੀ ਬਹਿਰ ਦਾ।
----
ਡੁੱਬਿਆ ਹੈ ਹੁਣ ਨਦੀ ਦਿਆਂ ਪਾਣੀਆਂ ‘ਚ ਪੁਲ਼ ਜਿਵੇਂ,
ਰਾਤ ਗੁਜ਼ਰੇਗੀ ਤਾਂ ਵੇਖਾਂਗੇ ਮੁਕੱਦਰ ਸ਼ਹਿਰ ਦਾ।