ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਬਖ਼ਤਾਵਰ ਸਿੰਘ ਦਿਓਲ. Show all posts
Showing posts with label ਬਖ਼ਤਾਵਰ ਸਿੰਘ ਦਿਓਲ. Show all posts

Sunday, March 27, 2011

ਬਖ਼ਤਾਵਰ ਸਿੰਘ ਦਿਓਲ – ਨਵਾਂ ਨਾਵਲ ‘ਉਮਰ ਤਮਾਮ’ ਆਰਸੀ ਪਬਲਿਸ਼ਰਜ਼ ਵੱਲੋਂ ਪ੍ਰਕਾਸ਼ਿਤ – ਆਰਸੀ ਪਰਿਵਾਰ ਵੱਲੋਂ ਮੁਬਾਰਕਾਂ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਦਿਲੀ ਖ਼ੁਸ਼ੀ ਹੋ ਰਹੀ ਹੈ ਕਿ ਫ਼ਰੀਦਾਬਾਦ ਵਸਦੇ ਮੇਰੇ ਵੱਡੇ ਵੀਰ ਮਨਧੀਰ ਦਿਓਲ ਜੀ ਨੇ ਆਪਣੇ ਪਿਤਾ ਜੀ ਅਤੇ ਮੇਰੇ ਡੈਡੀ ਜੀ ਬਾਦਲ ਸਾਹਿਬ ਦੇ ਪਰਮ-ਮਿੱਤਰ ਅਤੇ ਸਾਡੇ ਸਤਿਕਾਰਯੋਗ ਤਾਇਆ ਜੀ ਮਰਹੂਮ ਸ: ਬਖ਼ਤਾਵਰ ਸਿੰਘ ਦਿਓਲ ਜੀ ਦੇ ਨਾਵਲ ਉਮਰ ਤਮਾਮ ਨੂੰ ਕਿਤਾਬੀ ਰੂਪ ਦੇਣ ਦਾ ਸ਼ਲਾਘਾਯੋਗ ਉੱਦਮ ਕੀਤਾ ਹੈ। ਦਿਓਲ ਸਾਹਿਬ ਆਪਣੇ ਜੀਵਨ-ਕਾਲ ਦੌਰਾਨ ਇਸ ਨਾਵਲ ਅਤੇ ਕਾਫੀ ਸਾਰੀਆਂ ਕਾਵਿ-ਰਚਨਾਵਾਂ ਨੂੰ ਛਪਵਾ ਕੇ ਪਾਠਕਾਂ ਤੱਕ ਨਹੀਂ ਪਹੁੰਚਾ ਸਕੇ ਸਨ। ਮੈਂ ਆਰਸੀ ਜ਼ਰੀਏ ਵੀ ਹਮੇਸ਼ਾ ਆਖਦੀ ਹੁੰਦੀ ਆਂ ਕਿ ਜਿਹੜੇ ਲੇਖਕ ਸਾਹਿਬਾਨ ਜੀਵਨ-ਕਾਲ ਦੌਰਾਨ ਆਪਣੀਆਂ ਲਿਖਤਾਂ ਨੂੰ ਕਿਤਾਬੀ ਰੂਪ ਨਹੀਂ ਦੇ ਸਕੇ ( ਕਿਸੇ ਵੀ ਕਾਰਣ ਕਰਕੇ ), ਉਹਨਾਂ ਦੇ ਦੋਸਤਾਂ, ਪਰਿਵਾਰਕ ਮੈਂਬਰਾਂ ਨੂੰ ਇਹ ਹੰਭਲ਼ਾ ਮਾਰਨਾ ਚਾਹੀਦਾ ਹੈ ਕਿ ਲਿਖਤਾਂ ਦੀ ਬੇ-ਅਦਬੀ ਹੋਣ ਤੋਂ ਰੋਕਣ ਅਤੇ ਸਾਂਭ ਕੇ ਛਪਵਾ ਜ਼ਰੂਰ ਦੇਣ। ਬਾਦਲ ਸਾਹਿਬ ਇਕ ਗੱਲ ਹਮੇਸ਼ਾ ਮਾਣ ਨਾਲ਼ ਆਖਦੇ ਹੁੰਦੇ ਨੇ ਕਿ ਜੇਕਰ ਮੈਂ ਕੁਝ ਅਧੂਰਾ ਵੀ ਛੱਡ ਗਿਆ ਤਾਂ, ਮੇਰੀ ਬੇਟੀ ਤਨਦੀਪ ਉਸਨੂੰ ਪੂਰਾ ਕਰੇਗੀ, ਮੇਰੀਆਂ ਲਿਖਤਾਂ ਛਪਵਾਏਗੀ, ਮੈਥੋਂ ਬਾਅਦ ਵੀ ਮੇਰੇ ਘਰ ਚ ਸਾਹਿਤ ਦਾ ਚਰਾਗ਼ ਬਲ਼ਦਾ ਰਹੇਗਾ, ਏਨਾ ਮੈਨੂੰ ਯਕੀਨ ਹੈ। ਇਹੀ ਗੱਲ ਸੱਚ ਕਰ ਵਿਖਾਈ ਹੈ, ਵੀਰ ਮਨਧੀਰ ਜੀ ਨੇ, ਜਿਨ੍ਹਾਂ ਦੇ ਦਿਓਲ ਸਾਹਿਬ ਦੀਆਂ ਲਿਖਤਾਂ ਹਿਫ਼ਾਜ਼ਤ ਨਾਲ਼ ਰੱਖੀਆਂ, ਸਹੀ ਵਕ਼ਤ ਆਉਣ ਤੇ ਉਹਨਾਂ ਨੂੰ ਛਪਵਾ ਵੀ ਰਹੇ ਨੇ, ਇਸ ਉੱਦਮ ਲਈ ਉਹ ਸ਼ਾਬਾਸ਼ ਅਤੇ ਮੁਬਾਰਕਬਾਦ ਦੇ ਹੱਕ਼ਦਾਰ ਨੇ। ਉਹਨਾਂ ਦਾ ਅਗਲਾ ਵਿਚਾਰ ਦਿਓਲ ਸਾਹਿਬ ਦੀਆਂ ਨਜ਼ਮਾਂ ਨੂੰ ਕਿਤਾਬੀ ਰੂਪ ਦੇਣ ਦਾ ਹੈ, ਇਸ ਲਈ ਵੀ ਅਗਾਊਂ ਮੁਬਾਰਕਾਂ।

-----


ਯਕੀਨ ਜਾਣਿਓ, ਆਰਸੀ ਨਾਲ਼ ਜੁੜ ਕੇ ਮੈਂ ਬਹੁਤ ਸਾਰੇ ਅਜਿਹੇ ਰੌਸ਼ਨ-ਦਿਮਾਗ਼ ਪਰਿਵਾਰਾਂ ਨੂੰ ਜਾਣਦੀ ਹਾਂ ਜਿਨ੍ਹਾਂ ਨੂੰ ਅਸੀਂ ਫ਼ੋਨਾਂ ਅਤੇ ਈਮੇਲਾਂ ਰਾਹੀਂ ਬੇਨਤੀ ਕੀਤੀਆਂ ਕਿ ਆਪਣੇ ਲੇਖਕ ਪਿਤਾ ਜੀ, ਦਾਦਾ ਜੀ, ਨਾਨਾ ਜੀ ਦੀ ਤਸਵੀਰ ਅਤੇ ਕੁਝ ਰਚਨਾਵਾਂ ਸਕੈਨ ਕਰਕੇ ਹੀ ਭੇਜ ਦਿਓ, ਪਰ ਉਹਨਾਂ ਨੇ ਕੁਝ ਭੇਜਣਾ ਤਾਂ ਕੀ ਸੀ, ਫ਼ੋਨ ਵੀ ਇੰਝ ਸੁਣੇ ਜਿਵੇਂ ਅਹਿਸਾਨ ਕੀਤਾ ਹੋਵੇ, ਈਮੇਲਾਂ ਦਾ ਜਵਾਬ ਤਾਂ ਕੀਹਨੇ ਦੇਣਾ ਸੀ। ਕਈਆਂ ਨੇ ਏਥੋਂ ਤੱਕ ਕਹਿ ਦਿੱਤਾ ਕਿ ਸਾਨੂੰ ਤਾਂ ਜੀ ਪਤਾ ਨਈਂ, ਬਜ਼ੁਰਗ ਕੀ ਲਿਖਦੇ ਰਹਿੰਦੇ ਸੀ...ਕਵਿਤਾ-ਕੁਵਤਾ ਦਾ ਸਾਨੂੰ ਨਈਂ ਪਤਾ.....ਉਹਨਾਂ ਦੇ ਕਿਤਾਬਾਂ/ਪੇਪਰ ਤਾਂ ਅਸੀਂ ਉਹਨਾਂ ਦੇ ਮਰਨ ਤੋਂ ਬਾਅਦ ਰੱਦੀ ਆਲ਼ੇ ਨੂੰ ਚੁਕਾ ਤੇ....ਫ਼ੋਟੋਆਂ ਅਸੀਂ ਹੁਣ ਕਿੱਥੋਂ ਲੱਭੀਏ.... ਕਿਸੇ ਟਰੰਕ ਚ ਪਾ ਕੇ ਰੱਖਤੀਆਂ ਹੋਣੀਆਂ ਨੇ....ਵਗੈਰਾ...ਵਗੈਰਾ। ਕੋਈ ਪੁੱਛਣ ਵਾਲ਼ਾ ਹੋਵੇ ਬਈ! ਰੱਬ ਦੇ ਬੰਦਿਓ! ਜੇ ਤੁਹਾਨੂੰ ਆਪਣੇ ਬਜ਼ੁਰਗਾਂ/ ਪਰਿਵਾਰਕ ਮੈਂਬਰਾਂ ਦੀ ਲਿਖਤ ਦੀ ਕਦਰ ਨਹੀਂ ਤਾਂ ਘੱਟੋ-ਘੱਟ ਇਹ ਖ਼ਜ਼ਾਨਾ ਕਿਸੇ ਐਸੇ ਇਨਸਾਨ ਦੇ ਸਪੁਰਦ ਹੀ ਕਰ ਦਿਓ, ਜੋ ਇਹਨਾਂ ਨੂੰ ਸਾਂਭ ਸਕੇ....ਖ਼ੈਰ! ਮੇਰੀ ਲੇਖਕ ਸਾਹਿਬਾਨ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਜਾਣਦੇ ਹੋ ਕਿ ਤੁਹਾਡੇ ਤੁਰ ਜਾਣ ਤੋਂ ਬਾਅਦ ਤੁਹਾਡੀ ਲਿਖਤ ਦੀ ਕਦਰ ਕਿਸੇ ਧੀ, ਪੁੱਤ ਨੇ ਨਹੀਂ ਪਾਉਣੀ, ਤਾਂ ਕਿਰਪਾ ਕਰਕੇ, ਜਿਵੇਂ-ਤਿਵੇਂ ਕਰਕੇ, ਉਹਨਾਂ ਨੂੰ ਜਿਉਂਦੇ ਜੀਅ ਛਪਵਾ ਜਾਓ। ਚੰਗਾ ਸਾਹਿਤ ਬਹੁਤ ਘੱਟ ਛਪ ਰਿਹਾ ਹੈ, ਤੁਹਾਡੀ ਲਿਖਤ ਕੀਮਤੀ ਹੈ, ਆਪਣੀ ਲਿਖਤ ਜ਼ਰੀਏ ਤੁਸੀਂ ਕਿਤਾਬ ਨੂੰ ਛੂਹਣ ਵਾਲ਼ੇ ਹਰ ਹੱਥ ਨਾਲ਼ ਸਾਹ ਲਵੋਗੇ, ਪਾਠਕ ਸਦੀਆਂ ਤੱਕ ਸੇਧ ਲੈਣਗੇ...ਲਿਖਤ ਨੂੰ ਮਾਨਣਗੇ। ਆਪਣੇ ਬੱਚਿਆਂ ਨੂੰ ਲਿਖਤਾਂ, ਮਾਤ-ਭਾਸ਼ਾ ਵਿਚ ਛਪੀਆਂ ਕਿਤਾਬਾਂ ਨੂੰ ਪੜ੍ਹਨਾ ਅਤੇ ਉਹਨਾਂ ਦੀ ਕਦਰ ਪਾਉਣੀ ਵੀ ਸਿਖਾਓ, ਇਹ ਕੰਮ ਵੀ ਸੰਸਕਾਰਾਂ ਚ ਸ਼ਾਮਿਲ ਕਰੋ।


------


ਦਿਓਲ ਸਾਹਿਬ ਦੇ ਨਵ-ਪ੍ਰਕਾਸ਼ਿਤ ਨਾਵਲ ਉਮਰ ਤਮਾਮ ਦੀ ਕਹਾਣੀ ਪੰਜਾਬੀ ਮੱਧ ਵਰਗੀ ਤੇ ਤੰਗੀ-ਤੁਰਸ਼ੀਆਂ ਚ ਵਿਚਰਦੀ ਕਿਸਾਨੀ ਦੁਆਲੇ ਕੇਂਦਰਿਤ ਹੈ ਅਤੇ ਲੇਖਕ ਦਾ ਇਹ ਦੂਜਾ ਨਾਵਲ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਨਾਵਲ ਉਹਦੇ ਮਰਨ ਤੋਂ ਮਗਰੋਂ ਛਪਿਆ ਸੀ। ਭਾਵੇਂ ਦਿਓਲ ਸਾਹਿਬ ਕਵੀ ਦੇ ਤੌਰ ਤੇ ਪ੍ਰਸਿੱਧ ਸਨ, ਪਰ ਉਨ੍ਹਾਂ ਸਾਹਿਤ ਦੀਆਂ ਹੋਰ ਵੰਨਗੀਆਂ ਵਿਚ ਵੀ ਲਿਖਿਆ। ਹਥਲਾ ਨਾਵਲ ਭਾਵੇਂ ਉਨ੍ਹਾਂ ਦੇ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਤੋਂ 20 ਸਾਲ ਬਾਅਦ ਛਪਿਆ ਹੈ, ਪਰ ਨਾਵਲ ਦੀ ਕਹਾਣੀ ਅੱਜ ਦੇ ਪੰਜਾਬੀ ਪੇਂਡੂ ਸਮਾਜ ਦੇ ਕਈ ਪੱਖਾਂ ਨੂੰ ਉਘਾੜਦੀ ਹੈ। ਉਨ੍ਹਾਂ ਦੇ ਪੁੱਤਰ ਮਨਧੀਰ ਦਿਓਲ ਜੀ ਦੀ ਪੇਸ਼ਕਸ਼ 254 ਸਫ਼ੇ ਦੇ ਇਸ ਨਾਵਲ ਨੂੰ ਆਰਸੀ ਪਬਲਿਸ਼ਰਜ਼, ਦਰਿਆ ਗੰਜ (ਨਵੀਂ ਦਿੱਲੀ) ਵੱਲੋਂ ਛਾਪਿਆ ਗਿਆ ਹੈ ਅਤੇ ਕੀਮਤ 350 ਰੁਪਏ ਹੈ। ਤੁਸੀਂ ਵੀ ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰਕੇ ਇਸਦੀ ਕਾਪੀ ਹੁਣੇ ਰਾਖਵੀਂ ਕਰ ਸਕਦੇ ਹੋ। ਇਸ ਸ਼ਲਾਘਾਯੋਗ ਉੱਦਮ ਲਈ ਦਿਓਲ ਪਰਿਵਾਰ ਨੂੰ ਦਿਲੀ ਮੁਬਾਰਕਬਾਦ।


ਅਦਬ ਸਹਿਤ


ਤਨਦੀਪ ਤਮੰਨਾ


=====


ਮੈਂ ਹਰ ਜਗ੍ਹਾ ਮਿਲ਼ਾਂਗਾ...


ਨਜ਼ਮ


ਵਾ-ਵਰੋਲ਼ੇ ਵਗਦੇ ਰਹੇ,


ਚਰਾਗ਼ ਸਦਾ ਜਗਦੇ ਰਹੇ।


ਸ਼ੌਂਕ ਦੇ ਦਰਿਆ ਮੇਰੇ,


ਸਹਿਰਾ ਚ ਵੀ ਵਗਦੇ ਰਹੇ।


-----


ਖ਼ੁਦ ਨੂੰ ਵੀ ਢੋਂਦੇ ਰਹੇ,


ਦੁਨੀਆਂ ਨੂੰ ਵੀ ਜਰਦੇ ਰਹੇ,


ਹੌਸਲੇ ਮੇਰੇ ਦੇ ਖੰਭ,


ਪਰਬਤਾਂ ਨੂੰ ਲਗਦੇ ਰਹੇ।


-----


ਛਾਤੀ ਦੇ ਵਿਚ ਦਿਲ ਸੀ,


ਜਾਂ ਅੱਗ ਦਾ ਅੰਗਿਆਰ,


ਅੱਗ ਹੀ ਤਾਂ ਸੀਗੇ ਅਸੀਂ,


ਅੱਗ ਵਾਂਗੂੰ ਦਗਦੇ ਰਹੇ।


-----


ਚਿਲਮਣ ਸੀ ਹੰਝੂਆਂ ਦੀ,


ਚਿਹਰਾ ਤੱਕਦੇ ਰਹੇ,


ਤਸੱਵੁਰ ਉਹਦੇ ਦਾ ਸਦਕਾ,


ਅੱਕਾਂ ਨੂੰ ਅੰਬ ਲਗਦੇ ਰਹੇ।


-----


ਮੁਹਾਂਦਰੇ ਦਾ ਨੂਰ ਉਹਦਾ,


ਹਰ ਘੜੀ ਵਧਦਾ ਰਿਹਾ,


ਇਹ ਚੰਦ ਹੀ ਸੀ ਜਿਸਨੂੰ,


ਘਾਟੇ ਦੇ ਪੱਖ ਲਗਦੇ ਰਹੇ।


-----


ਤੇਰੀ ਹੀ ਫ਼ਿਤਰਤ ਸੀ ਕਿ


ਤੂੰ ਦੌਲਤ ਵੱਲ ਝੁਕਿਆ,


ਤੂੰ ਰੱਖ ਲਈ ਦੁਨੀਆਂ,


ਅਸੀਂ ਦਿਲ ਦੇ ਕਹੇ ਲਗਦੇ ਰਹੇ।


------


ਮੇਰੇ ਸਬਰ ਨੂੰ ਜਿਬਾਹ,


ਕਰਨਾ ਤੁਸੀਂ ਸੀ ਮਿਥਿਆ,


ਸੂਰਜ ਸਦਾ ਚੜ੍ਹਦੇ ਰਹੇ,


ਗ੍ਰਹਿਣ ਵੀ ਲਗਦੇ ਰਹੇ।


-----


ਹਵਾ ਚ ਤੀਲੀ ਬਾਲ਼ੋ,


ਮੈਂ ਹਰ ਜਗ੍ਹਾ ਮਿਲ਼ਾਂਗਾ,


ਅੱਗ ਦੇ ਦਰਿਆਈਂ ਤਰਦੇ,


ਤਰ ਕੇ ਕਿਨਾਰੇ ਲਗਦੇ ਰਹੇ...



Sunday, August 8, 2010

ਬਖ਼ਤਾਵਰ ਸਿੰਘ ਦਿਓਲ - ਨਜ਼ਮ

ਮੇਹਰ ਸੱਜਣ ਦੀ

ਨਜ਼ਮ

ਮੇਹਰ ਸੱਜਣ ਦੀ ਸਾਡੇ ਵਿਹੜੇ,

ਰੌਣਕ ਦੂਣੀ ਤੀਣੀ।

ਹਾਸਾ ਸਾਡੇ ਮੂੰਹ ਵਿਚ ਛਣਕੇ,

ਗਜਰਾ ਛਣਕੇ ਵੀਣੀ।

-----

-----

ਮੇਹਰ ਸੱਜਣ ਦੀ ਸਾਡੇ ਵਿਹੜੇ,

ਲਗਰਾਂ ਹਰੀਆਂ ਹਰੀਆਂ।

ਤਨ-ਮਨ ਮੌਲ ਪਿਆ, ਰੁੱਤ ਖੀਵੀ,

ਜੂਹਾਂ ਭਰੀਆਂ ਭਰੀਆਂ।

-----

ਮੇਹਰ ਸੱਜਣ ਦੀ ਸਾਡੇ ਵਿਹੜੇ,

ਆਣ ਵੁੱਠੀ ਖ਼ੁਸ਼ਬੋਈ।

ਜਿੰਦ ਸਾਡੀ ਚਾਰੇ ਲੜ ਭਰ ਲਏ,

ਰੂਹ ਰਸ ਸੰਗ ਸੰਜੋਈ।

-----

ਮੇਹਰ ਸੱਜਣ ਦੀ ਸਾਡੇ ਵਿਹੜੇ,

ਦਿਹੁੰ ਅਨੋਖਾ ਚੜ੍ਹਿਆ।

ਕਿਰਨੋਂ ਹੌਲ਼ੀ ਧੁੱਪ-ਪਰੀ ਨੇ,

ਪੈਰ ਭੋਇਂ ਤੇ ਧਰਿਆ।

-----

ਮੇਹਰ ਸੱਜਣ ਦੀ ਸਾਡੇ ਵਿਹੜੇ,

ਬਾਤ ਅਨੋਖੀ ਹੋਈ।

ਚਾਨਣ ਨੇ ਨ੍ਹੇਰੇ ਦੇ ਹੱਥੋਂ,

ਜਦੋਂ ਹਕ਼ੂਮਤ ਖੋਹੀ।

-----

ਮੇਹਰ ਸੱਜਣ ਦੀ ਸਾਡੇ ਵਿਹੜੇ,

ਰਿਧਾਂ ਸਿਧਾਂ ਤੁੱਠ ਪਈਆਂ।

ਜਿੰਦ ਸਾਡੀ ਨੇ ਹਰਨੀ ਬਣ ਕੇ,

ਪਤ ਪਤ ਕਰ ਚੁਗ ਲਈਆਂ।

-----

ਮੇਹਰ ਸੱਜਣ ਦੀ ਸਾਡੇ ਵਿਹੜੇ,

ਨਾਚ ਅਵੱਲੜਾ ਨੱਚੀ।

ਊਸ਼ਾ ਨਿਸ਼ਾ ਨੱਚ ਪਈਆਂ, ਕੁਦਰਤ

ਹੋ ਬਉਰਾਨੀ ਨੱਚੀ।

-----

ਮੇਹਰ ਸੱਜਣ ਦੀ ਸਾਡੇ ਵਿਹੜੇ,

ਛਣ-ਛਣ ਝਾਂਜਰ ਛਣਕੀ।

ਇਹ ਛਣਕਾਰ ਧੁੰਮੀ ਚਹੁੰ ਕੂੰਟੀਂ,

ਦਸੀਂ ਦਿਸ਼ਾਈਂ ਸੁਣ ਪਈ।

-----

ਮੇਹਰ ਸੱਜਣ ਦੀ ਸਾਡੇ ਵਿਹੜੇ,

ਮਿੱਠੜੀ ਮਿੱਠੜੀ ਲੱਗੇ।

ਛੋਹਣ ਜਦੋਂ ਦੋ ਹੋਠ ਮਿੱਠੀ ਨੂੰ,

ਹਿਰਦਾ ਵੱਜਣ ਲੱਗੇ।

-----

ਮੇਹਰ ਸੱਜਣ ਦੀ ਸਾਡੇ ਵਿਹੜੇ,

ਮੈਂ ਤੇ ਉਹ ਰਲ਼ ਬਹੀਆਂ।

ਕ਼ਲਮ ਵਿਚਾਰੀ ਲੀਕ ਨਾ ਸਕਦੀ,

ਕੀ ਸੁਣੀਆਂ ਕੀ ਕਹੀਆਂ?


Saturday, May 29, 2010

ਬਖ਼ਤਾਵਰ ਸਿੰਘ ਦਿਓਲ - ਨਜ਼ਮ

ਭਵਸਾਗਰ

ਨਜ਼ਮ

ਮੇਰੇ ਵਾਂਗ ਮੇਰਾ ਪਰਛਾਵਾਂ

ਮੇਰੇ ਨਾਲ਼ ਤੁਰ ਜਾਵੇਗਾ।

ਏਸ ਕ਼ਬਰ ਤੇ ਕਦੇ-ਕਦੇ

ਕੋਈ ਬਿਰਲਾ ਟਾਵਾਂ ਆਵੇਗਾ।

----

----

ਮੈਂ ਨਹੀਂ ਹੋਣਾ, ਯਾਦ ਨਿਮਾਣੀ

ਨੇ ਵੀ ਜਗ ਦਾ ਕੀ ਖੋਹਣਾ?

ਉੱਡ ਗਏ ਪੰਛੀ, ਤੁਰ ਗਏ ਜੀਊੜੇ ਨੂੰ

ਕਿਹੜਾ ਬਹਿਲਾਵੇਗਾ।

-----

ਜੇਬ-ਕਤਰਿਆਂ ਵਾਂਗੂੰ ਮੇਰਾ

ਸਵੈ-ਵਿਸ਼ਵਾਸ ਮੇਰੇ ਸੰਗ ਹੀ,

ਧੋਖਾ ਕਰਕੇ ਤੁਰਦਾ ਬਣਿਆ

ਹੁਣ ਕਦ ਮੁੜ ਕੇ ਆਵੇਗਾ?

-----

ਕੱਟੀਆਂ ਜੇਬਾਂ ਵਿਚ ਮੈਂ ਭਰਿਆ,

ਨਿੱਕਸੁੱਕ ਆਪਣੀ ਜਿੰਦੜੀ ਦਾ,

ਕੱਟੀਆਂ ਜੇਬਾਂ ਵਿਚ ਜੋ ਭਰਿਆ

ਕਿਸ ਮੂਰਖ ਨੂੰ ਥਿਆਵੇਗਾ?

-----

ਕਿਹੜੇ ਰੁੱਖ ਹਨ ਜਿਨ੍ਹਾਂ ਉੱਪਰ

ਦਾਖਾਂ ਦਾ ਫਲ਼ ਪੈਂਦਾ ਹੈ?

ਮੈਂ ਕਦ ਚਾਹਿਆਂ ਮੇਰਾ ਰੁੱਖੜਾ

ਤੁੱਕਿਆਂ ਸੰਗ ਭਰ ਜਾਵੇਗਾ?

-----

ਵਿਹੁ ਤਾਂ ਘੁੱਟ-ਘੁੱਟ ਕਰਕੇ ਪੀਤੀ

ਵਿਹੁ ਦਾ ਸਾਗਰ ਭਰਿਆ ਹੈ,

ਇਸ ਸਾਗਰ ਤੋਂ ਹੋਰ ਅਗੇਰੇ

ਭਰਿਆ ਸਾਗਰ ਆਵੇਗਾ।

-----

ਮੈਂ ਮੁੱਕਾਂ ਤਾਂ ਮੇਰੇ ਸੰਗ ਹੀ

ਬਿਖ ਦੁਨੀਆਂ ਦੀ ਮੁੱਕ ਜਾਵੇ,

ਭਰਿਆ ਸਾਗਰ ਮੁੱਕ ਨਹੀਂ ਸਕਣਾ

ਰੰਜ ਇਹੀ ਰਹਿ ਜਾਵੇਗਾ।

-----

ਇਸ ਦੁਨੀਆਂ ਦੇ ਭਵ ਸਾਗਰ ਤੋਂ

ਯਾਦ ਤੇਰੀ ਨੇ ਤਾਰ ਲਿਆ,

ਭਰ ਵਗਦੇ ਇਸ ਬਿਖ ਸਾਗਰ ਤੋਂ

ਕਿਹੜਾ ਪਾਰ ਲਗਾਵੇਗਾ?

Monday, February 1, 2010

ਬਖ਼ਤਾਵਰ ਸਿੰਘ ਦਿਓਲ - ਨਜ਼ਮ

ਅਲਿਖੀ ਗਾਥਾ

ਨਜ਼ਮ

ਮੇਰਾ ਕੋਈ ਕਾਦਰਯਾਰ ਨਹੀਂ

ਮੈਂ ਤੇ ਆਪੇ ਹੀ ਪੂਰਨ ਹਾਂ

ਆਪੇ ਹੀ ਭਗਤ ਹਾਂ।

.............

ਲੂਣਾ ਨੇ ਸੱਦਿਆ ਸੀ, ਮੈਂ ਗਿਆ ਨਹੀਂ

ਇਹ ਜਾਣਦਿਆਂ ਵੀ, ਕਿ

ਲੂਣਾ ਦੇ ਪਾਸ ਜਾਏ ਬਿਨਾ ਕ੍ਰਿਸ਼ਮਾ ਨਹੀਂ ਹੋਣਾ

ਚਲਿਆ ਜਾਂਦਾ ਤਾਂ ਕ੍ਰਿਸ਼ਮਾ ਹੋ ਜਾਣਾ ਸੀ।

................

ਗੌਣ ਸੁਣਨ ਦੇ ਸ਼ੁਕੀਨਾਂ ਨੇ

ਮੇਰੇ ਬੁੱਲ੍ਹਾਂ ਨੂੰ ਬਾਂਸਰੀ ਲਾ ਦਿੱਤੀ

ਆਪੇ ਹੀ ਵਜਾ ਰਿਹਾ ,ਤੇ

ਆਪੇ ਹੀ ਸੁਣ ਰਿਹਾ ਹਾਂ।

.................

ਲੰਘਣ ਲੱਗੇ ਇਕ ਮੁਸਕਾਨ

ਜ਼ਰੂਰ ਦੇ ਜਾਣਾ।

ਤ੍ਰਿਸਕਾਰ ਦੀ ਨਦੀ ਪਾਰ ਕਰਦੇ ਸਮੇਂ

ਓਥੇ ਹੀ ਛੱਡ ਆਉਣਾ।

............

ਆਪਾਂ ਕਦੇ ਵੀ ਨਾ ਮਿਲਣ ਦਾ

ਨਾ ਵਿਛੜਨ ਦਾ, ਕੋਈ ਵੀ ਇਕਰਾਰ ਨਹੀਂ ਕੀਤਾ।

ਫਿਰ ਪਾਬੰਦ ਕਰਦੇ ਹਾਂ?

................

ਨਦੀ ਨੇ ਸਾਨੂੰ ਕੀ ਡੋਬਣਾ ਸੀ

ਸਾਨੂੰ ਤਰਨਾ ਹੀ ਨਹੀਂ ਆਇਆ।

ਤਰ ਸਕਦੇ ਤਾਂ ਆਪਾਂ ਵੀ

ਪਾਰਲੇ ਕਿਨਾਰੇ ਹੁੰਦੇ

ਤੇ ਸਾਡਾ ਵੀ ਕੋਈ ਕਾਦਰਯਾਰ ਹੁੰਦਾ

ਜੋ ਸਾਡੀ ਗਾਥਾ ਲਿਖਦਾ।

Sunday, October 25, 2009

ਬਖ਼ਤਾਵਰ ਸਿੰਘ ਦਿਓਲ - ਨਜ਼ਮ

ਬੁੱਕ ਅੱਗ ਦਾ

ਨਜ਼ਮ

ਸੱਜਣਾ ਓ, ਤੇਰੀ ਮਹਿਕ ਹਵਾ ਵਿਚ

ਸੱਜਣਾ ਓ, ਤੇਰੀ ਲੋਅ।

ਲੋਅ ਲਗਦੀ ਨਾਲ਼ ਮਹਿਕ ਜਾਂ ਆਵੇ

ਅੱਖਾਂ ਪੈਂਦੀਆਂ ਰੋ।

-----

ਜਿਸ ਕੂੰਟੋਂ ਮੇਰਾ ਸੱਜਣ ਆਇਆ

ਓਸੇ ਕੂੰਟੋਂ ਸੂਰਜ ਚੜ੍ਹਦਾ,

ਜਿਸ ਪਾਸੇ ਮੇਰਾ ਸੱਜਣ ਤੁਰ ਗਿਆ

ਓਧਰ ਜਾਂਦਾ ਖੋ।

-----

ਕਿਸ ਨਗਰੀ ਤੇਰਾ ਵਾਸਾ ਹੋਇਆ

ਕਿਹੜੀਆਂ ਵਾਟਾਂ ਤੁਰੀਏ?

ਕਦੇ ਕਦੇ ਤੂੰ ਅੰਦਰ ਦਿਸ ਪਏਂ

ਕਦੇ ਸਿਰਫ਼ ਕਣਸੋ।

-----

ਤੇਰੀ ਕੂਲ਼ੀ ਪੈੜ ਦਾ ਰੇਤਾ

ਚੁੱਕਿਆ ਹਿੱਕ ਨਾਲ਼ ਲਾਇਆ,

ਸੱਖਣੀਆਂ ਬਾਹੀਂ ਘੜੀ ਪਰਚੀਆਂ

ਇਕ ਦੂਜੇ ਵਿਚ ਖੋ।

------

ਕੇਡਾ ਹੋਰ ਜਿਗਰ ਨੂੰ ਕਰੀਏ

ਕੇਹੀ ਤਬੀਅਤ ਲਿਆਈਏ?

ਜੋ ਨਾ ਤੇਰੀ ਲੋੜ ਮਹਿਸੂਸੇ

ਹੰਝੂ ਭਰੇ ਨਾ ਜੋ।

------

ਤੇਰੀ ਯਾਦ ਅੱਕ ਦਾ ਬੂਟਾ

ਜਿੰਦੂ ਵਿਚ ਉਗਾਇਆ,

ਏਸ ਹਿਜਰ ਦੇ ਹੱਥੋਂ ਚੰਗਾ

ਜੋ ਮਿਲ਼ ਜਾਏ ਸੋ।

-----

ਇਕ ਦੇਹੀ ਚੰਦਨ ਦੀ ਗੇਲੀ

ਇਕੇ ਕੁੰਦਨ ਹੋਈ,

ਇਕੇ ਬੁੱਕ ਅੱਗ ਦਾ ਰਹਿ ਗਈ

ਹੱਡੀਆਂ ਇਕ ਜਾਂ ਦੋ।

Wednesday, August 12, 2009

ਬਖ਼ਤਾਵਰ ਸਿੰਘ ਦਿਓਲ - ਨਜ਼ਮ

ਗ਼ਮ

ਨਜ਼ਮ

ਅਹੁ ਚੱਲਿਆ, ਤੁਰ ਚੱਲਿਆ ਸੂਰਜ

ਧੁੰਦਲ਼ੀ ਸ਼ਾਮ ਮੇਰੀ ਦਾ,

ਮੇਰੇ ਗ਼ਮ ਨੂੰ ਲੋਰੀ ਦੇ ਕੇ

ਢਲ਼ ਚੱਲਿਆ ਪਰਛਾਵਾਂ।

.......

ਮੇਰੀ ਆਥਣ ਗ਼ਮ ਦੀ ਸਾਥਣ

ਕੈਫ਼ੇ ਦੇ ਵੱਲ ਤੁਰ ਪਈ,

ਨਵੀਂ ਸਦੀ ਦੇ ਸਦਾਚਾਰ ਦੇ

ਪਾ ਕੇ ਗਲ਼ ਵਿੱਚ ਬਾਹਵਾਂ।

.......

ਮੇਰੇ ਕੋਲ਼ ਜਗ੍ਹਾ ਨਹੀਂ, ਕਿ

ਦੁੱਖ ਦੇ ਕਿੱਸੇ ਸਾਂਭਾਂ,

ਤੇਰੇ ਕੋਲ਼ ਸਮਾਂ ਨਹੀਂ, ਕਿ

ਬਹਿ ਕੇ ਸੁਣੇਂ ਕਥਾਵਾਂ।

.......

ਜੀਭਾਂ ਵਾਲ਼ੇ ਮੋੜ ਮੋੜ ਤੇ

ਜੁੰਡੀਆਂ ਜੋੜੀ ਬੈਠੇ,

ਕੰਨਾਂ ਵਾਲ਼ਾ ਕੋਈ ਨਾ ਮਿਲ਼ਦਾ

ਕਿਸ ਨੂੰ ਵਿਥਾ ਸੁਣਾਵਾਂ?

.......

ਆ, ਕਿ ਇੰਤਜ਼ਾਰ ਦੀ ਸੀਮਾਂ

ਬਹੁਤ ਮੋਕਲ਼ੀ ਹੁੰਦੀ,

ਇਹ ਤਾਂ ਏਥੇ ਸਦਾ ਰਹੇਗਾ

ਮੈਂ ਭਾਵੇਂ ਤੁਰ ਜਾਵਾਂ।

.......

ਬਹਿਣਾ ਮੈਨੂੰ ਰਾਸ ਨਾ ਆਇਆ

ਤੁਰਨਾ ਵੀ ਇੱਕ ਜ਼ੋਖ਼ਮ,

ਤੁਰਦੇ ਰਹਿਣਾ, ਤੁਰਦੇ ਜਾਣਾ

ਬਦਲ ਬਦਲ ਕੇ ਥਾਵਾਂ।

........

ਆਪਣੇ ਗ਼ਮ ਨੂੰ ਤੇਰੇ ਨਾਂ ਦੀ

ਕਸਮ ਖੁਆ ਕੇ ਤੁਰਿਆ,

ਫੇਰ ਕਿਵੇਂ ਮੈਂ ਹੋਰ ਰੁੱਖ ਦੀ

ਛਾਂ ਹੇਠਾਂ ਬਹਿ ਜਾਵਾਂ?

.......

ਨਾ ਗ਼ਮ ਤੇਰੇ ਤੁਰ ਜਾਵਣ ਦਾ

ਨਾ ਗ਼ਮ ਆਪਣੇ ਗ਼ਮ ਦਾ,

ਗ਼ਮ ਤਾਂ ਹੈ ਕਿ ਮੋੜ ਮੋੜ ਤੇ

ਕਿਉਂ ਮੈਂ ਧੋਖੇ ਖਾਵਾਂ?


Monday, February 23, 2009

ਬਖ਼ਤਾਵਰ ਸਿੰਘ ਦਿਓਲ - ਨਜ਼ਮ

ਸ਼ਬਦ ਸ਼ਕਤੀ

ਨਜ਼ਮ

ਮਾਏ ਨੀ! ਤੈਂ

ਕਿਸ ਬਿਧ ਲੇਖ ਲਿਖੇ?...

ਫੁੱਲਾਂ ਦੀ ਅਸਾਂ ਲੋਚਾਂ ਕੀਤੀ

ਲੰਘਣੇ ਪਏ ਸਿਵੇ।

ਮਾਏ ਨੀ! ਤੈਂ ਕਿਸ ਬਿਧ....

----

ਤ੍ਰੇਲ ਨਾਲ਼ ਜੋ ਠਰ ਜਾਂਦਾ ਸੀ

ਇਸ ਧਰਤੀ ਦਾ ਪਿੰਡਾ

ਸੈ ਜਿੰਦਾਂ ਦੀ ਰੱਤ ਪੀ ਕੇ ਵੀ

ਕਿਉਂ ਨਾ ਅਜੇ ਠਰੇ?

ਮਾਏ ਨੀ! ਤੈਂ ਕਿਸ ਬਿਧ....

----

ਰੁੱਖੜਿਆ, ਤੈਨੂੰ ਕਦੋਂ ਪਵੇਗਾ

ਮੋਹ, ਸਨੇਹ ਦਾ ਬੂਰ

ਬੂਟੜਿਓ, ਤੁਸੀਂ ਕਦ ਉੱਗੋਂ ਗੇ

ਲੈ ਕੇ ਪੱਤ ਹਰੇ?

ਮਾਏ ਨੀ! ਤੈਂ ਕਿਸ ਬਿਧ....

----

ਮੇਘਲਿਆ, ਤੇਰੀ ਕੁੱਖ ਵਿਚ ਕਿੰਝ ਦੀ

ਕਣੀਆਂ ਦੀ ਤਾਸੀਰ

ਧਰਤੀ ਵਿਚੋਂ ਲਾਟਾਂ ਉੱਠਣ

ਜਿਉਂ ਜਿਉਂ ਕਣੀ ਵਰ੍ਹੇ?

ਮਾਏ ਨੀ! ਤੈਂ ਕਿਸ ਬਿਧ....

----

ਲੋਹੇ ਦੀ ਪੂਜਾ ਤੋਂ ਹਟ ਕੇ

ਸ਼ਬਦ-ਸ਼ਕਤੀ ਵੱਲ ਆਈਏ

ਕੀ ਮੁਹਤਾਜੀ ਲੋਹੇ ਦੀ ਜੇ

ਸ਼ਬਦਾਂ ਨਾਲ਼ ਸਰੇ।

ਮਾਏ ਨੀ! ਤੈਂ ਕਿਸ ਬਿਧ....

----

ਮਾਏ ਨੀ! ਤੈਂ

ਕਿਸ ਬਿਧ ਲੇਖ ਲਿਖੇ?...

ਫੁੱਲਾਂ ਦੀ ਅਸਾਂ ਲੋਚਾਂ ਕੀਤੀ

ਲੰਘਣੇ ਪਏ ਸਿਵੇ।

ਮਾਏ ਨੀ! ਤੈਂ ਕਿਸ ਬਿਧ....


Tuesday, November 18, 2008

ਬਖ਼ਤਾਵਰ ਸਿੰਘ ਦਿਓਲ - ਨਜ਼ਮ

ਨਿਰਦੋਸ਼

ਨਜ਼ਮ

ਕੋਸੇ ਪਾਣੀ ਸਰਵਰ ਭਰਿਆ

ਵਿੱਚ ਤੇਰੀ ਜੋਤ ਜਗੇ।

ਨਾ ਮੇਰੇ ਵਰ੍ਹਿਆਂ ਚੋਂ ਲਾਟਾਂ ਮੁੱਕਣ,

ਨਾ ਮੇਰੀ ਉਮਰ ਠਰੇ।

-----

ਪੂਰਬ ਵੱਲੋਂ ਸੂਰਜ ਉੱਗਿਆ

ਮਨ ਵਿੱਚ ਤੇਰਾ ਮੁੱਖੜਾ,

ਕਿਸ ਨੇ ਕਿਸ ਦੀ ਧੁੱਪ ਚੁਰਾਈ

ਨਿਰਣਾ ਕੌਣ ਕਰੇ?

------

ਅਵਚੇਤਨ ਵਿੱਚ ਬੈਠ ਇਸ਼ਕ ਨੇ

ਝੁੰਗਲਮਾਟਾ ਕੀਤਾ,

ਆਪਣੇ ਜਲ ਵਿੱਚ ਆਪਣੀ ਮਛਲੀ

ਆਪਣੇ ਸ਼ੌਕ ਤਰੇ।

-----

ਜਿੰਦ ਸੁਆਣੀ, ਸੁਆਸਾਂ ਦੀ ਬਹੁਕਰ

ਹਿੱਕੜੀ ਹੂੰਝ ਸੰਵਾਰੀ,

ਕਿਸ ਥਾਵੇਂ ਆ ਸੁਆਸ ਸੱਜਣ ਦਾ

ਮਤ ਕੋਈ ਪੈਰ ਧਰੇ।

-----

ਮੇਰਾ ਸੱਜਣ ਸੁਗੰਧੀ ਵਰਗਾ

ਫੜਿਆਂ ਹੱਥ ਨਾ ਆਵੇ,

ਬਾਹਰ ਦੀ ਜੇ ਮੈਂ ਟੋਲਣ ਜਾਵਾਂ,

ਆਉਂਦੀ ਵਾਜ ਘਰੇ।

-----

ਤੇਰੀ ਜੂਹ ਦੇ ਵਿੱਚੋਂ ਲੰਘਣਾ

ਦਰਦਾਂ ਦੀ ਨਗਰੀ ਜਾਣਾ,

ਸੂਲ਼ਾਂ ਹਨ ਕਿ ਫੁੱਲ-ਪੰਖੜੀਆਂ

ਰਸਤੇ ਭਰੇ ਭਰੇ।

------

ਅਨਹੱਦ ਵਿੱਚ ਕੋਈ ਗੀਤ ਨਾ ਗੂੰਜੇ

ਨਾ ਹੋਠਾਂ ਤੇ ਵੰਝਲੀ,

ਭੈਰਵੀਆਂ ਨੂੰ ਸੱਦਾ ਦੇ ਕੇ

ਕਿਉਂ ਕੋਈ ਹਿਰਖ ਕਰੇ?

------

ਅੱਗ ਚੁੰਘਾ ਕੇ, ਚਿਣਗ ਖੁਆ ਕੇ

ਮਾਂ ਨੇ ਏਡਾ ਕੀਤਾ,

ਇਸ ਦੁਨੀਆਂ ਦੇ ਮੱਥੇ ਉੱਤੇ

ਕਿਉਂ ਕੋਈ ਦੋਸ਼ ਧਰੇ?

Sunday, November 9, 2008

ਬਖ਼ਤਾਵਰ ਸਿੰਘ 'ਦਿਓਲ' - ਨਜ਼ਮ

ਮੈਂ ਇੱਕ ਦਿਸ਼ਾ
ਨਜ਼ਮ

ਰਾਤ ਪਈ ਤਾਂ ਸ਼ਹਿਰ ਤੇਰੇ ਵਿੱਚ,
ਚਾਨਣ ਦਾ ਹੜ੍ਹ ਆਇਆ।
ਸ਼ਹਿਰ-ਬ-ਦਰ ਹੋਇਆ ਫਿਰਦਾ,
ਇੱਕ ਮੇਰਾ ਹੀ ਸਾਇਆ।
ਖੰਡਤ ਹੋਇਆ ਸਾਂ, ਪਰ ਮੰਡਤ
ਮੈਂ ਨਹੀਂ ਸਾਂ ਹੋਇਆ,
ਮੰਡਨ ਬਿਨਾ ਜਿੰਦ ਨੂੰ ਕੀਕਣ
ਕਦ ਧਰਵਾਸਾ ਆਇਆ।
ਤਲ਼ੀਆਂ ਉੱਤੇ ਤਿਲੀਅਰ ਧਰ ਕੇ
ਹਿੱਕ ਤੇ ਚੋਗ ਚੁਗਾਈ।
ਜਿੰਦ ਦਾ ਪੰਛੀ ਅਜੇ ਵੀ ਉਸ ਤੇ
ਨਾ ਇਤਬਾਰ ਲਿਆਇਆ।
ਅੰਬਰ ਦੀ ਨਿਲੱਤਣ ਹੇਠਾਂ
ਪੰਛੀ ਉੱਡਦੇ ਫਿਰਦੇ,
ਮਨ ਦੇ ਅੰਬਰ ਹੇਠਾਂ ਏਦਾਂ
ਭੌਂਦਾ ਤੇਰਾ ਸਾਇਆ।
ਧੁਖਦੇ-ਧੁਖਦੇ ਆਲਮ ਉੱਤੇ
ਕੀਕਣ ਨਜ਼ਰ ਟਿਕਾਈਏ?
ਸਰਵਰ ਸੁੱਕੇ ਕਿਤ ਵੱਲ ਜਾਵੇ,
ਦਿਲ ਦਾ ਹੰਸ ਤਿਹਾਇਆ?
ਸ਼ਹਿਦ ਭਰੇ ਛੱਤੇ ਨੂੰ ਜੀਕਣ
ਖ਼ੁਦ ਮੱਖੀਆਂ ਪੀ ਲੀਤਾ,
ਬੁਲਬੁਲ ਨੇ ਜੀਕਣ ਨਗ਼ਮੇ ਦਾ
ਆਪੇ ਗਲ਼ਾ ਦਬਾਇਆ।
ਮੈਂ ਹੋਣੀ ਨਾਲ਼ ਅੱਖ ਮਿਲ਼ਾ ਕੇ
ਜਦ ਦਿਲ ਦੀ ਗੱਲ ਕੀਤੀ,
ਤੂੰ ਕਿਉਂ ਡਰ ਕੇ ਤਪਸ਼ਾਂ ਕੋਲ਼ੋਂ
ਘਰ ਆਪਣੇ ਮੁੜ ਆਇਆ?
ਮੈਂ ਇੱਕ ਦਿਸ਼ਾ, ਭਟਕਣਾ ਜਿਸਦੇ
ਪੈਰਾਂ ਹੇਠਾਂ ਵਿਛੀਆਂ,
ਦਿਸ਼ਾ-ਹੀਣ ਭਟਕਣ ਨੂੰ ਕਿਧਰੇ
ਦਿਸ-ਹੱਦਾ ਨਾ ਥਿਆਇਆ।

Tuesday, November 4, 2008

ਬਖ਼ਤਾਵਰ ਸਿੰਘ ਦਿਓਲ - ਨਜ਼ਮ

ਤੁਹਾਡੀਆਂ ਬਹੁਤ ਸਾਰੀਆਂ ਈਮੇਲਾਂ ਆਈਆਂ ਕਿ ਮਰਹੂਮ ਸ: ਬਖ਼ਤਾਵਰ ਸਿੰਘ ਦਿਓਲ ਜੀ ਦੀਆਂ ਹੋਰ ਨਜ਼ਮਾਂ ਆਰਸੀ ਤੇ ਪਾਈਆਂ ਜਾਣ। ਤੁਹਾਡਾ ਹੁਕਮ ਸਿਰ ਮੱਥੇ। ਬਹੁਤ-ਬਹੁਤ ਸ਼ੁਕਰੀਆ। ਉਹਨਾਂ ਦੀ ਫ਼ੋਟੋ ਵੀ 'ਆਰਸੀ' ਦੇ ਲੇਖਕਾਂ ਦੀ ਸਾਈਟ ਤੇ ਪਾ ਦਿੱਤੀ ਗਈ ਹੈ।

ਦੀਪਕ

ਲਘੂ ਨਜ਼ਮ

ਓ ਦੀਪਕ!

ਤੇਰੀ ਚੁੱਪ ਹੀ

ਅਣਗਿਣਤ ਪਤੰਗੇ

ਸੱਦ ਲੈਂਦੀ ਹੈ।

ਬਖ਼ਤਾਵਰ ਸਿੰਘ ਦਿਓਲ - ਨਜ਼ਮ

ਰਾਤ

ਨਜ਼ਮ

ਜਿਸ ਦਰਵਾਜੇ ਤੇ ਤੈਂ

ਦਸਤਕ ਦਿੱਤੀ ਹੈ।

ਉਸ ਦੀ ਸਰਦਲ ਉੱਤੇ

ਮੇਰੀ ਮਿੱਟੀ ਹੈ।

ਕਈ ਵਾਰ ਆਇਆ

ਤੇ ਆ ਕੇ ਮੁੜਿਆ ਹਾਂ,

ਇਸ ਦੀ ਗਵਾਹ

ਰਾਤ ਦੀ ਇੱਕ ਖਿੱਤੀ ਹੈ।

ਗਿੱਦੜ ਰੋਂਦੇ,

ਕਾਲ਼ੇ ਕੁੱਤੇ ਭੌਂਕਦੇ ਰਹੇ,

ਰਾਤ ਨ੍ਹੇਰ ਦੀ ਚਾਦਰ

ਲੈ ਕੇ ਸੁੱਤੀ ਹੈ।

ਲੂੰਬੜੀਆਂ ਹਨ, ਜਾਂ ਫਿਰ

ਏਥੇ ਗਿੱਧਾਂ ਹਨ,

ਇਸ ਜੰਗਲ਼ ਵਿੱਚ,

ਸ਼ੇਰਾਂ ਦੀ ਗੱਲ ਮੁੱਕੀ ਹੈ।

ਮਾਂ ਪਾਉਂਦੀ ਹੁੰਦੀ ਸੀ

ਬਾਤਾਂ ਨੀਂਦ ਦੀਆਂ,

ਨੀਦਰ ਕਾਲ਼ੀ ਕੁੱਤੀ

ਸਰ੍ਹਾਣੇ ਸੁੱਤੀ ਹੈ।

ਸਮਾਂ ਸਾਇਦ ਆ ਪੁੱਜਾ

ਬਾਤਾਂ ਬੁੱਝਣ ਦਾ,

ਪਾਉਂਣ ਵਾਲ਼ਿਆਂ,

ਗੂੜ੍ਹ ਬਾਤ ਪਾ ਦਿੱਤੀ ਹੈ।

ਆ ਉਪਰਾਲਾ ਕਰੀਏ

ਸੂਰਜ ਚਾੜ੍ਹਨ ਦਾ,

ਕੰਨ ਵਿੱਚ ਆਖਣ ਵਾਲ਼ੀ

ਏਹੋ ਭਿੱਤੀ ਹੈ।

ਰੌਲ਼ਾ ਪਾਇਆਂ ਰਾਤ

ਕਦੇ ਨਾ ਮੁੱਕੀ ਹੈ,

ਮੁੱਕੀ ਹੈ ਤਾਂ ਆਪਣੀਂ

ਸ਼ਕਤੀ ਮੁੱਕੀ ਹੈ।

Monday, November 3, 2008

ਬਖ਼ਤਾਵਰ ਸਿੰਘ ਦਿਓਲ- ਨਜ਼ਮ

ਇਹ ਨਜ਼ਮ ਸਤਿਕਾਰਯੋਗ ਤਾਇਆ ਜੀ ਮਰਹੂਮ ਸ: ਬਖ਼ਤਾਵਰ ਸਿੰਘ 'ਦਿਓਲ' ਜੀ ਦੀ ਯਾਦ ਨੂੰ ਸਮਰਪਿਤ ਹੈ। ਡੈਡੀ ਜੀ ਨੇ 'ਦਿਓਲ' ਸਾਹਿਬ ਦੀ ਇਹ ਕਿਤਾਬ ਖ਼ਜ਼ਾਨੇ ਵਾਂਗ ਸਾਂਭੀ ਹੋਈ ਹੈ।

ਅਧੂਰੀ ਕਥਾ

ਨਜ਼ਮ

ਬੁੱਕਲ਼ ਦੇ ਵਿੱਚ ਗ਼ਮ ਦਾ ਦੀਵਾ

ਚਾਦਰ ਅੱਧੋਰਾਣੀ।

ਨਾ ਤੂੰ ਸਾਡੀ ਪੀੜ ਪਛਾਣੀ

ਨਾ ਹੁਣ ਦੱਸੀ ਜਾਣੀ।

ਪੌਣਾਂ ਹੱਥ ਸੁਨੇਹੇ ਘੱਲੇ

ਪੌਣਾਂ ਜੋਗੇ ਰਹਿ ਗਏ,

ਨਿਹੁੰ ਦਾ ਬੂਟਾ ਕੀਕਣ ਉੱਗੇ

ਨਾ ਮਿੱਟੀ ਨਾ ਪਾਣੀ?

ਕਿੱਥੇ ਤੇਰੇ ਮੋਹ ਦੀਆਂ ਨਦੀਆਂ

ਕਿੱਥੇ ਮਮਤਾ-ਜਲ ਮਿੱਠਾ?

ਵਿਲਕੇ, ਰਸ ਦਾ ਪਿਆਲਾ ਮੰਗੇ

ਧਰਤੀ ਧੀ ਧਿਆਣੀ।

ਜਦ ਵੀ ਕੋਈ ਗੱਲ ਛਿੜੀ ਹੈ

ਮੈਥੋਂ ਗੱਲ ਛਿੜੀ ਹੈ,

ਤੈਂ ਤਾਂ ਆਪਣੇ ਹੋਠਾਂ ਉੱਤੇ

ਰੱਖੀ ਸਿੱਲ ਪਾਸ਼ਾਣੀ।

ਮੈਂ ਬੇ-ਜ਼ਰ ਨੂੰ ਤੇਰੇ ਜ਼ਰ ਨੇ

ਬੂੰਦ-ਬੂੰਦ ਪੀ ਲੀਤਾ,

ਮਿਹਨਤ ਸਦਾ ਕਹਾਵੇ ਮੂਰਖ

ਗੋਲਕ ਸਦਾ ਸਿਆਣੀ।

ਤੂੰ ਨਾ ਮਿਲ਼ਿਆ ਮੈਂ ਨਾ ਤੁਰਿਆ

ਇੰਤਜ਼ਾਰ ਵਿੱਚ ਬੀਤੀ,

ਬਹੁਤ ਲੰਮੇਰਾ ਪੰਧ ਮਾਰ ਗਏ

ਤੇਰੇ ਮੇਰੇ ਹਾਣੀ।

ਮਨ ਦੀ ਧੂਣੀ ਹੋਰ ਮਘੀ ਹੈ

ਚਿੰਤਨ-ਬੱਤੀ ਚਿਲਕੀ,

ਜਦ ਵੀ ਕੋਈ ਹੌਂਕਾ ਲੰਘਿਆ

ਮੇਰੇ ਹੱਡਾਂ ਥਾਣੀਂ।

ਮੈਂ ਤੇ ਤੂੰ ਪਾਤਰ ਸਾਂ ਦੋਵੇਂ

ਹੋਂਦ ਮੇਰੀ ਤਾਂ ਵਿੰਨਸੀ,

ਤੇਰਾ ਮੂੰਹ ਵੀ ਕਿਤੇ ਨਾ ਦਿਸਦਾ

ਸਿਰਜਾਂ ਕਿਵੇਂ ਕਹਾਣੀ।