ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, March 11, 2017

ਪਰਮਿੰਦਰ ਸੋਢੀ - ਨਜ਼ਮ




ਦੋਸਤੋ!
3 ਫ਼ਰਵਰੀ ਨੂੰ .. ਚੜ੍ਹਦੀ ਬਸੰਤ ਰੁੱਤੇ.....ਜਾਪਾਨ ਵਸਦੇ ਅਜ਼ੀਮ ਲੇਖਕ ਜਨਾਬ ਪਰਮਿੰਦਰ ਸੋਢੀ ਸਾਹਿਬ ਦੀ ਨਵੀਂ ਕਾਵਿ-ਪੁਸਤਕ 'ਅਚਾਨਕ ਆਈ ਪੱਤਝੜ' ਡਾਕ ਰਾਹੀਂ ਪ੍ਰਾਪਤ ਹੋਈ ਸੀਉਦੋਂ ਇਕ ਰੀਡਿੰਗ ਕਰਕੇ ਕਿਤਾਬ ਰੱਖ ਦਿੱਤੀਅੱਜ 8 ਮਾਰਚ ਦੀ ਸ਼ਾਮ....ਦੁਬਾਰਾ ਪੜ੍ਹਦਿਆਂ ਇੰਞ ਮਹਿਸੂਸ ਹੋਇਆ...... ਜਿਵੇਂ ਸਰੀ ਵਿਚ ਹੋਈ ਤਾਜ਼ਾ ਬਰਫ਼ਬਾਰੀ...... ਮੇਰੇ ਦੁਆਲ਼ੇ.....ਆਲੌਕਿਕ ਝੀਲ ਵਿਚ ਤਹਿਲੀਲ ਹੋ ਗਈ ਹੋਵੇ ਅਤੇ ਸੋਢੀ ਸਾਹਿਬ ਦੀਆਂ ਨਜ਼ਮਾਂ.....ਸੁੰਦਰ-ਸੁੰਦਰ ਮੁਰਗ਼ਾਬੀਆਂ ਬਣ ਕੇ ਉਸ ਵਿਚ ਤੈਰ ਰਹੀਆਂ ਹੋਵਣ! ਕਲਾਸਿਕ ਸ਼ਾਇਰੀ ਦੀ ਸੰਦਲੀ ਮਹਿਕ ਦੇ ਕੁਝ ਬੁੱਲ੍ਹਿਆਂ ਨੇ ਤੁਹਾਡੇ ਵੱਲ ਦਾ ਰੁਖ਼ ਕਰ ਲਿਆ ਹੈ..... ਦੋ ਨਜ਼ਮਾਂ ਤੁਹਾਡੇ ਨਾਲ਼ ਸਾਂਝੀਆਂ ਕਰਦਿਆਂ.. ਮੈਂ ਸੋਢੀ ਸਾਹਿਬ ਨੂੰ ਇਸ ਅਤਿ ਖ਼ੂਬਸੂਰਤ ਕਿਤਾਬ ਲਈ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦੀ ਹਾਂ
-----
ਕਲਪਨਾ - 1ਨਜ਼ਮ
ਅਚਾਨਕ ਮੇਰੀ ਕਲਪਨਾ
ਕਿਸੇ ਹਿੱਲ ਸਟੇਸ਼ਨ ਵਿਚ
ਜਾ ਉੱਤਰੀ ਸੀ....
ਕਿਣਮਿਣ ਨੇ ਸ਼ਾਮ ਨੂੰ ਹੋਰ ਵੀ
ਧੁੰਦਲਾ ਬਣਾ ਦਿੱਤਾ ਸੀ.....
ਵਾਈਨ ਰੰਗੀ ਲੱਕੜ ਦੀ ਬਣੀ
ਪੁਰਾਣੀ ਦੁਕਾਨ ਹੈ....
ਜਿਸ ਵਿੱਚੋਂ ਲਾਲਟੈਣ ਦੀ
ਰੌਸ਼ਨੀ ਝਲਕ ਰਹੀ ਹੈ.....
ਕੰਧ ਨਾਲ਼ ਲੱਗੇ
ਕਿਤਾਬਾਂ ਦੇ ਰੈਕ ਨੇ....
ਇਕ ਪਾਸੇ
ਹਲਕੀ ਅੱਗ ਦੀ ਧੂਣੀ ਬਲ਼ ਰਹੀ ਹੈ
ਧੂਣੀ 'ਤੇ ਰੱਖੀ
ਚਾਹ ਦੀ ਕੇਤਲੀ 'ਚੋਂ ਉੱਠਦੀ ਭਾਫ਼
ਕਿਸੇ ਰਹੱਸ ਵਾਂਗ ਫੈਲ ਰਹੀ ਹੈ....
ਬਾਹਰ ਮੀਂਹ ਪੈ ਰਿਹਾ ਹੈ
ਲੋਕ ਛਤਰੀਆਂ ਲੈ ਕੇ
ਪੈਦਲ ਜਾ ਰਹੇ ਨੇ....
ਅੰਦਰ ਧੂਣੀ ਦੇ ਕੋਲ਼
ਦਰੀ 'ਤੇ ਬੈਠਾ
ਚਿੱਟੀ ਕਮੀਜ਼ ਪਾਈ
ਤੂੰ ਚਾਹ ਪੀ ਰਿਹਾ....
ਦੁਕਾਨ ਦੀ ਨੁੱਕਰ '
ਪੁਰਾਣੇ ਮੇਜ਼ 'ਤੇ ਪਏ ਰੇਡਿਉ 'ਚੋਂ
ਰਫ਼ੀ ਦਾ ਇਕ ਗੀਤ ਚੱਲ ਰਿਹਾ....
ਬੜਾ ਚੰਗਾ ਲੱਗ ਰਿਹਾ
ਆਪਣੀ ਕਲਪਨਾ 'ਚ ਤੇਰਾ ਉੱਥੇ ਹੋਣਾ
ਪਰ ਮੈਂ ਕਿੱਥੇ ਸਾਂ
ਮੇਰੀ ਕਲਪਨਾ 'ਚੋਂ
ਮੈਂ ਆਪ ਹੀ ਖੁਰ ਗਈ ਸਾਂ ਕਿਤੇ.....
=======
ਕਲਪਨਾ - 2
ਨਜ਼ਮ
ਕਲਪਨਾ ਤੋਂ ਪਾਰ ਹੁੰਦੀ ਹੈ

ਮੁਹੱਬਤ ਦੀ ਸਿਮਰਤੀ....
ਤੂੰ ਉੱਥੇ ਹੀ ਤਾਂ ਸੀ
ਚਾਹ ਦੀ ਕੇਤਲੀ ਨੂੰ ਬਾਰ-ਬਾਰ
ਧੂਣੀ 'ਤੇ ਥਾਂ ਸਿਰ ਕਰਦਿਆਂ....
ਪੁਰਾਣੀ ਲੱਕੜ ਦੀ ਬਣੀ
ਉਸ ਦੁਕਾਨ ਦੀ ਮਹਿਕ ਸੀ ਤੂੰ....
ਮੈਂ ਜੋ ਕਵਿਤਾ ਦੀ ਕਿਤਾਬ
ਪੜ੍ਹ ਰਿਹਾ ਸੀ
ਉਸ ਦੇ ਅੰਦਰ ਹੀ ਸੀ ਤੂੰ ਕਿਤੇ....
ਰਫ਼ੀ ਦੇ ਗੀਤ ਵਿਚ ਵੀ ਤਾਂ
ਲੁਕੀ ਹੋ ਸਕਦੀ ਸੀ ਤੂੰ ਕਿਤੇ.....
ਇਹ ਵੀ ਤਾਂ ਹੋ ਸਕਦਾ ਹੈ
ਸਾਹਮਣੇ ਬੈਠੀ ਕਵਿਤਾ ਦੀ ਕਿਤਾਬ
ਜੋ ਪੜ੍ਹ ਰਹੀ ਸੀ ਕੁੜੀ
ਉਹ ਤੂੰ ਹੀ ਹੋਵੇਂ....
ਹੋ ਸਕਦਾ ਹੈ
ਤੂੰ ਛਤਰੀ ਫੜੀ
ਬਾਹਰ ਦੀ ਲੰਘ ਗਈ ਹੋਵੇਂ
ਅਤੇ ਤੈਨੂੰ ਪਤਾ ਹੀ ਨਾ ਹੋਵੇ
ਕਿ ਮੈਂ ਅੰਦਰ ਬੈਠਾ
ਤੇਰੇ ਲਈ ਹੀ ਕਵਿਤਾ ਲਿਖ ਰਿਹਾ ਹਾਂ....
ਕੁਝ ਵੀ ਹੋ ਸਕਦਾ ਹੈ
ਪੁਰਾਣੀ ਲੱਕੜੀ ਦੀ ਬਣੀ
ਉਸ ਵਾਈਨ ਰੰਗੀ ਦੁਕਾਨ ਅੰਦਰ....
ਸਾਡੀ ਕਲਪਨਾ ਅੰਦਰ
ਸਾਡੀ ਆਦਿ-ਕਾਲੀ ਸਿਮਰਤੀ ਅੰਦਰ....

ਜਗਜੀਤ ਸੰਧੂ - ਨਜ਼ਮ



ਦੋਸਤੋ! ਐਬਟਸਫ਼ੋਰਡ ਵਸਦੇ ਸ਼ਾਇਰ ਦੋਸਤ ਜਗਜੀਤ ਸੰਧੂ ਦੀ ਇਹ ਕਿਤਾਬ
ਚੁੰਨੀ ਲੈ ਆਵਾਜ਼ਾਂ ਦੀ 2014 ਚ ਪ੍ਰਕਾਸ਼ਿਤ ਹੋਈ ਸੀ ... ਤੇ ਤਕਰੀਬਨ ਢਾਈ-ਤਿੰਨ ਕੁ ਸਾਲਾਂ ਤੋਂ ਮੇਰੀ ਪੜ੍ਹਨ-ਮੇਜ਼ ਤੇ ਪਈ ਰਹੀ ਹੈ। ਇਹਨਾਂ ਵਰ੍ਹਿਆਂ ਦੌਰਾਨ ਮੈਂ ਆਪਣੇ ਹੀ ਆਨੰਦ ਵਿਚ ਤੁਰੀ ਫਿਰਦੀ ਸੀ। ਇਹ ਉਹ ਸਮਾਂ ਸੀ ਜਦੋਂ ਨਾ ਕੁਝ ਲਿਖਿਆ ਤੇ ਨਾ ਕੁਝ ਪੜ੍ਹਿਆ.... ਫ਼ੋਨ, ਸੋਸ਼ਲ ਮੀਡੀਆ, ਦੋਸਤਾਂ.... ਸਭ ਤੋਂ ਦੂਰ ਰਹੀ। ਹੁਣ ਕੁਝ ਦਿਨਾਂ ਤੋਂ ਪੜ੍ਹਨ ਵਾਲ਼ੀਆਂ ਕਿਤਾਬਾਂ ਤੇ ਨਜ਼ਰ ਪਈ ਤਾਂ ਜਗਜੀਤ ਦੀ ਕਿਤਾਬ ਨੇ ਮੇਰੇ ਵੱਲ ਸਵਾਲੀਆ ਨਜ਼ਰਾਂ ਨਾਲ਼ ਵੇਖਿਆ। ਕੱਲ੍ਹ ਬਹਿ ਕੇ ਇਸ ਕਿਤਾਬ ਨੂੰ ਮਾਣਿਆ ਹੈ। ਸ਼ਾਇਰ ਜਗਜੀਤ ਬਾਰੇ ਬਹੁਤ ਕੁਝ ਕਿਹਾ ਜਾ ਸਕਦੈ.....ਉਹ ਸਾਰਾ ਕੁਝ ਪਰਫ਼ੈਕਸ਼ਨ ਦੇ ਪੈਮਾਨੇ ਨਾਲ਼ ਮੇਚ ਕੇ ਫੇਰ ਕਵਿਤਾ ਪਾਠਕਾਂ ਮੂਹਰੇ ਪਰੋਸਣ ਦੀ ਕੋਸ਼ਿਸ਼ ਚ ਰਹਿੰਦਾ ਹੈ। ਉਸ ਦੀ ਕਵਿਤਾ... ਜਲ ਤੇ ਮੁਹਾਰਤ ਨਾਲ਼ ਤੈਰ ਵੀ ਸਕਦੀ ਹੈ..... ਵਾਸ਼ਪ ਬਣ ਕੇ ਬੱਦਲਾਂ ਸੰਗ ਰਲ਼ ਕੇ ਵਰ੍ਹ ਵੀ ਸਕਦੀ ਹੈ ਤੇ  ਲੋੜ ਪੈਣ ਤੇ ਕਿਸੇ ਪਹਾੜੀ ਤੇ ਬਰਫ਼ ਬਣ ਕੇ ਸਥਿਰ ਵੀ ਹੋ ਸਕਦੀ ਹੈ। ਕਿਤਾਬ ਚੋਂ ਬਹੁਤ ਹਵਾਲੇ ਦਿੱਤੇ ਜਾ ਸਕਦੇ ਹਨ.. ਪਰ ਅੱਜ ਤੁਹਾਡੇ ਨਾਲ਼ ...... ਇਕ ਨਿਵੇਕਲ਼ੇ ਹੀ ਰੰਗ ਦੀ ਨਜ਼ਮ ਸਾਂਝੀ ਕਰਕੇ.... ਜਗਜੀਤ ਨੂੰ ਇਸ ਖ਼ੂਬਸੂਰਤ ਕਿਤਾਬ ਲਈ ਮੁਬਾਰਕਾਬਦ ਪੇਸ਼ ਕਰਦੀ ਹਾਂ।
=======
ਅੱਛਾ...!
( ਨਜ਼ਮ )
ਅੱਛਾ...!
ਤਾਂ ਇਸ ਤਰ੍ਹਾਂ ਕੁੱਟਦੇ ਨੇ ਫਾਲ਼ੇ
ਤੇ ਇਸ ਤਰ੍ਹਾਂ ਉਹ ਭੋਂ ਸੀੜਦੇ ਨੇ

ਅੱਛਾ...!
ਤਾਂ ਇਸ ਤਰ੍ਹਾਂ ਕਿਰਦਾ ਹੈ ਬੀਜ ਪੋਰੇ
ਚੋਂ
ਤੇ ਇਸ ਤਰ੍ਹਾਂ ਫਿਰ ਪਾਣੀ ਜੀਰਦੇ ਨੇ

ਮਿੱਟੀ ਤੋਂ ਟੁੱਟਿਆਂ ਅਰਸਾ ਹੋ ਚੱਲਿਐ
ਸਧਾਰਨ ਗੱਲਾਂ ਅਲੋਕਾਰ ਲੱਗਦੀਆਂ ਨੇ
ਵਾ-ਵਰੋਲ਼ੇ ਅੰਦਰ ਆਜ਼ਾਦ ਪੱਤੀਆਂ
ਖੌਰੇ ਕਿਸ ਦੀ ਪ੍ਰਕਰਮਾ
ਚ ਵਗਦੀਆਂ ਨੇ

ਅੱਛਾ...!
ਇਸ ਤਰ੍ਹਾਂ ਹੋ ਜਾਂਦਾ ਹੈ ਚਾਨਣ ਗ਼ਾਇਬ
ਅਤੇ ਇਸ ਤਰ੍ਹਾਂ ਨ੍ਹੇਰ ਦਿਸਦਾ ਹੈ

ਅੱਛਾ...!
ਇਸ ਤਰ੍ਹਾਂ ਪਹਿਨਦਾ ਹੈ ਅੰਬਰ ਘਟਾਵਾਂ ਨੂੰ
ਫਿਰ ਇਸ ਤਰ੍ਹਾਂ ਰੇਤ ਪੁਰ ਪਾਣੀ ਵਿਛਦਾ ਹੈ

ਮੇਰੇ ਅੱਧੇ ਯਕੀਨ
ਤੇ ਹੱਸਦੀ
ਤੂੰ ਆਪਣੇ ਜੇਰੇ
ਤੇ ਗ਼ਰੂਰਦੀ ਵੀ ਹੁੰਦੀ ਸੀ
ਇਹਦਾ ਮਤਲਬ ਤੂੰ ਮੈਨੂੰ ਪਿਆਰਦੀ ਨਹੀ ਨਹੀਂ
ਆਪ ਖੁਰ-ਖੁਰ ਕੇ ਪੂਰਦੀ ਵੀ ਹੁੰਦੀ ਸੀ

ਅੱਛਾ...!
ਏਨੇ ਸੁਰਖ਼ ਹੁੰਦੇ ਹਨ ਰੋ ਰੋ ਕੇ ਤੇਰੇ ਕੋਏ
ਤੇ ਏਸ ਤਰ੍ਹਾਂ ਤੇਰਾ ਹੇਠਲਾ ਬੁੱਲ੍ਹ ਫਰਕਦਾ ਹੈ

ਅੱਛਾ...!
ਤਾਂ ਇਸ ਤਰ੍ਹਾਂ ਤਿਲ੍ਹਕਦੇ ਹਨ ਹੱਥ ਤੇਰੇ ਚਿਹਰੇ ਤੋਂ
ਇਸ ਤਰ੍ਹਾਂ ਪੋਟਿਆਂ
ਚੋਂ ਰੇਸ਼ਮ ਸਰਕਦਾ ਹੈ

ਦਿਨ ਵੇਲ਼ੇ ਆਲ੍ਹਣੇ ਸਣੇ ਰੁੱਖ ਚਿਤਰਿਆ ਜਾਂਦਾ ਹੈ
ਰਾਤ ਵੇਲ਼ੇ ਇਸ ਖਿੜਕੀ
ਤੇ ਲੁੱਕ ਪੁਤ ਜਾਂਦੀ ਹੈ
ਸੌਣ ਮਹੀਨੇ ਪੁਰਾਣੇ ਫਾਲ਼ੇ ਦੀ ਚੌਅ
ਚੱਪਾ ਕੁ  ਧਰਤੀ
ਚ ਆਪੇ ਖੁੱਭ ਜਾਂਦੀ ਹੈ

ਅੱਛਾ...!
ਮੈਨੂੰ ਹਰ ਸ਼ੈਅ ਦੂਸਰੀ ਵਾਰ ਦੇਖਣੀ ਪੈਂਦੀ ਹੈ
ਤੇ ਦੂਜੀ ਵਾਰ ਆਉਂਦੀ ਹੈ ਮੇਰੀ ਸੁਰਤ
ਚ ਮਹੀਨੀ

ਅੱਛਾ...!
ਪਹਿਲੀ ਵਾਰ ਤੇ ਮੇਰਾ ਪਿਆਰ ਸੀ ਅੰਨ੍ਹਾ
ਹੁਣ ਜਾ ਕੇ ਹੋਈ ਹੈ ਛੋਹ ਖੁਰਦਬੀਨੀ
ਅੱਛਾ...!