ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਨਰਿੰਦਰ ਮਾਨਵ. Show all posts
Showing posts with label ਨਰਿੰਦਰ ਮਾਨਵ. Show all posts

Tuesday, February 14, 2012

ਨਰਿੰਦਰ ਮਾਨਵ - ਗ਼ਜ਼ਲ

ਗ਼ਜ਼ਲ

ਕੀ ਹੋਇਆ ਜੇ ਡਾਰਾਂ ਬੰਨ੍ਹ ਬੰਨ੍ਹ ਆਉਂਦੇ ਨੇ


ਗ਼ਮ ਤਾਂ ਉਮਰਾਂ ਤੀਕਰ ਸਾਥ ਨਿਭਾਉਂਦੇ ਨੇ



ਦਿਲ ਵਿਚ ਦੁਨੀਆ ਭਰ ਦਾ ਦਰਦ ਸਮਾਉਂਦੇ ਨੇ


ਦਿਲ ਵਾਲੇ ਹੀ ਦਿਲ ਦਾ ਦਰਦ ਵੰਡਾਉਂਦੇ ਨੇ



ਕੁਝ ਲੋਕੀਂ ਏਦਾਂ ਵੀ ਪਿਆਰ ਨਿਭਾਉਂਦੇ ਨੇ


ਯਾਰ ਦੇ ਦਿੱਤੇ ਗ਼ਮ ਨੂੰ ਲਾਡ ਲਡਾਉਂਦੇ ਨੇ



ਰੰਗਾਂ ਨਾਲ਼ ਜਦੋਂ ਵੀ ਰੰਗ ਟਕਰਾਉਂਦੇ ਨੇ।


ਕੀ ਦੱਸੀਏ ਫਿਰ ਕੀ ਕੀ ਰੰਗ ਵਿਖਾਉਂਦੇ ਨੇ



ਕੁਝ ਨਾ ਕੁਝ ਤਾਂ ਬਾਤ ਉਨ੍ਹਾਂ ਵਿਚ ਹੋਵੇਗੀ,


ਲੋਕ ਜਿਨ੍ਹਾਂ ਦੀਆਂ ਅਕਸਰ ਬਾਤਾਂ ਪਾਉਂਦੇ ਨੇ



ਰੰਗ ਬਦਲਦੇ ਵੇਖੇ ਖ਼ੂਨ ਦੇ ਰਿਸ਼ਤੇ ਵੀ ,


ਰੰਗ-ਬਰੰਗੇ ਰੰਗ ਜਦੋਂ ਭਰਮਾਉਂਦੇ ਨੇ



ਪ੍ਰੇਮ-ਪੁਜਾਰੀ ਪੁੱਛ ਨਾ ਕਿੱਦਾਂ ਪੱਬਾਂ ਵਿਚ,


ਜਾਮ ਬਣਾ ਕੇ ਜਿਸਮਾਂ ਨੂੰ ਛਲਕਾਉਂਦੇ ਨੇ



ਯਾਦ ਜਿਨ੍ਹਾਂ ਨੂੰ ਕੋਈ ਵੀ ਨਈਂ ਕਰਦਾ, ਉਹ,


ਯਾਦਾਂ ਨਾਲ ਹੀ ਅਪਣਾ ਚਿੱਤ ਪਰਚਾਉਂਦੇ ਨੇ



ਅਪਣੇ ਅੰਦਰ ਝਾਤੀ ਮਾਰ ਕੇ ਵੇਖ ਜ਼ਰਾ,


ਕਿੱਦਾਂ ਲੋਕੀਂ ਅਪਣਾ ਆਪ ਛੁਪਾਉਂਦੇ ਨੇ



ਹਾਲ ਉਨ੍ਹਾਂ ਦਾ ਵੇਖਣ ਵਾਲਾ ਹੁੰਦਾ ਹੈ ,


ਜਦ ਵੀ ਸਾਡੇ ਹਾਲ ਤੇ ਉਹ ਮੁਸਕਾਉਂਦੇ ਨੇ



ਕੋਣ ਕਿਸੇ ਦੀ ਅੱਗ ਵਿਚ ਸੜਦਾ ਹੈ ਮਾਨਵ”,


ਸਾਰੇ ਅਪਣੀ ਅਪਣੀ ਪਿਆਸ ਬੁਝਾਉਂਦੇ ਨੇ


=====


ਗ਼ਜ਼ਲ


ਪਿਆਸੇ ਮਨ ਦੀ ਪਿਆਸ ਬੁਝਾ ਦੇ


ਦੋ ਘੁੱਟ ਨਜ਼ਰਾਂ ਨਾਲ ਪਿਲਾ ਦੇ



ਪਿਆਰ ਦੀ ਜੋਤ ਜਗਾ ਦੇ ਦਿਲ ਵਿਚ,


ਜਾਂ ਫਿਰ ਸੁੱਤੇ ਦਰਦ ਜਗਾ ਦੇ



ਅਸ਼ਕੇ ਜਾਈਏ ਇਸ ਦੁਨੀਆ ਤੋਂ ,


ਬਿਨ ਖੰਭਾਂ ਤੋਂ ਡਾਰ ਬਣਾ ਦੇ



ਭੁੱਬਲ ਨੇ ਭਾਂਬੜ ਬਣ ਜਾਣੈ ,


ਨਾ ਤੂੰ ਇਸ ਨੂੰ ਹੋਰ ਹਵਾ ਦੇ



ਜਾਂ ਤੂੰ ਹੋਸ਼ ਚ ਆ ਜਾ ਸੱਜਣਾ ,


ਜਾਂ ਫਿਰ ਮੇਰੀ ਹੋਸ਼ ਭੁਲਾ ਦੇ



ਦਰਦ ਦਵਾ ਬਣ ਜਾਏ ਮਾਨਵ”,


ਜੇ ਕੋਈ ਹਸ ਕੇ ਮਰਹਮ ਲਾ ਦੇ



Monday, November 9, 2009

ਨਰਿੰਦਰ ਮਾਨਵ - ਉਰਦੂ ਰੰਗ

ਗ਼ਜ਼ਲ

ਟੂਟੇ ਹੂਏ ਗੁਲਦਾਨ ਸਜਾਏਂ ਹਮ ਕੈਸੇ

ਤੜਪ ਤੜਪ ਕਰ ਦਿਲ ਬਹਲਾਏਂ ਹਮ ਕੈਸੇ

-----

ਉਨਕੀ ਨਜ਼ਰੇਂ ਢੂੰਡ ਰਹੀ ਆਕਾਸ਼ ਨਏ,

ਉਨਕੀ ਨਜ਼ਰੋਂ ਮੇਂ ਅਬ ਆਏਂ ਹਮ ਕੈਸੇ

-----

ਚਾਂਦ ਕੋ ਪਾਨਾ ਇਸ ਕੇ ਬਸ ਕੀ ਬਾਤ ਨਹੀਂ,

ਪਾਗਲ ਦਿਲ ਕੋ ਯਹ ਸਮਝਾਏਂ ਹਮ ਕੈਸੇ

-----

ਜਿਨ ਹਾਥੋਂ ਕੋ ਪਕੜ ਕੇ ਚਲਨਾ ਸੀਖਾ ਥਾ,

ਉਨ ਹਾਥੋਂ ਸੇ ਹਾਥ ਛੁਡਾਏਂ ਹਮ ਕੈਸੇ

-----

ਅਪਨੇ ਖੂੰ ਸੇ ਮਹਕਾਯਾ ਹੈ ਯਹ ਗੁਲਸ਼ਨ,

ਖ਼ੁਦ ਹੀ ਇਸ ਕੋ ਆਗ਼ ਲਗਾਏਂ ਹਮ ਕੈਸੇ

-----

ਵੋਹ ਤੋ ਖ਼ੁਦ ਹੀ ਬਹਕੇ ਬਹਕੇ ਰਹਤੇਂ ਹੈਂ,

ਉਨ ਕੋ ਦਿਲ ਕਾ ਹਾਲ ਸੁਨਾਏਂ ਹਮ ਕੈਸੇ

-----

ਦਰਿਆ ਬਨ ਕਰ ਭੀ ਜੋ ਪਿਆਸੇ ਰਹਤੇਂ ਹੈਂ,

ਮਾਨਵਉਨਕੀ ਪਿਆਸ ਬੁਝਾਏਂ ਹਮ ਕੈਸੇ

Saturday, October 24, 2009

ਨਰਿੰਦਰ ਮਾਨਵ - ਗ਼ਜ਼ਲ

ਗ਼ਜ਼ਲ

ਕਦੇ ਯਾਦਾਂ ਆਓਗੇ, ਕਦੇ ਖ਼ਾਬਾਂ ਚ ਆਓਗੇ

ਰਹੋਗੇ ਦਿਲ ਚ ਸਾਡੇ ਹੀ, ਤੁਸੀਂ ਜਿੱਥੇ ਵੀ ਜਾਓਗੇ

-----

ਕਿਆਮਤ ਬਣ ਕੇ ਆਏ ਹੋ, ਕਿਆਮਤ ਕਿਸ ਤੇ ਢਾਓਗੇ

ਹੁਣੇ ਇਹ ਭੇਤ ਖੁੱਲ੍ਹ ਜਾਣੈਂ, ਤੁਸੀਂ ਜਦ ਮੁਸਕਰਾਓਗੇ

-----

ਅਦਾਵਾਂ, ਸ਼ੋਖ਼ੀਆਂ, ਜਦ ਹੁਸਨ ਦੇ ਜਲਵੇ ਦਿਖਾਓਗੇ

ਕਿਸੇ ਦਾ ਦਿਲ ਚੁਰਾਓਗੇ, ਕਿਸੇ ਦਾ ਦਿਲ ਜਲ਼ਾਓਗੇ

-----

ਤੁਹਾਡੇ ਪਿਆਰ ਦੇ ਬੱਧੇ, ਤੁਹਾਡੇ ਇਕ ਇਸ਼ਾਰੇ ਤੇ,

ਹਵਾ ਤੋਂ ਪਹਿਲਾਂ ਪਹੁੰਚਾਂਗੇ, ਤੁਸੀਂ ਜਦ ਵੀ ਬੁਲਾਓਗੇ

-----

ਬੜਾ ਔਖਾ ਹੈ ਜੀਣਾ ਅਪਣਿਆਂ ਤੋਂ ਦੂਰ ਜਾ ਕੇ, ਫਿਰ,

ਕਿਵੇਂ ਹੰਝੂ ਛਿਪਾਓਗੇ, ਕਿਵੇਂ ਹਉਕੇ ਦਬਾਓਗੇ

------

ਰਹੇਗੀ ਰਾਜ ਦੀ ਚਾਹਤ, ਨਾ ਉਸਨੂੰ ਤਾਜ ਦੀ ਚਾਹਤ,

ਤੁਸੀਂ ਜਿਸ ਨੂੰ ਮੁੱਹਬਤ ਨਾਲ਼, ਪਲਕਾਂ ਤੇ ਬਿਠਾਓਗੇ

------

ਨਾ ਉਸ ਦੀ ਪਿਆਸ ਬੁੱਝੇਗੀ, ਨਾ ਉਸ ਦੀ ਆਸ ਟੁੱਟੇਗੀ,

ਨਜ਼ਰ ਦੇ ਜਾਮ ਭਰ ਭਰ ਕੇ, ਤੁਸੀਂ ਜਿਸ ਨੂੰ ਪਿਲ਼ਾਓਗੇ

------

ਕੋਈ ਮੈਨੂੰ ਜਦੋ ਪੁੱਛੇ, ਮੁਹੱਬਤ ਕੀ ਬਲਾ ਹੈ ਤਾਂ,

ਮੈਂ ਹਸ ਕੇ ਆਖਦਾਂ ਹਾਂ, ਜਦ ਕਰੋਗੇ, ਜਾਣ ਜਾਓਗੇ

-----

ਤੁਹਾਨੂੰ ਅਪਣੀ ਹਸਤੀ ਦਾ, ਪਤਾ ਲਗ ਜਾਊਗਾ ਆਪੇ,

ਸਮੇਂ ਦੇ ਸੱਚ ਨੂੰ ਮਾਨਵਜਦੋਂ ਸੱਚਮੁਚ ਹੰਢਾਓਗੇ

Friday, September 25, 2009

ਨਰਿੰਦਰ ਮਾਨਵ - ਗ਼ਜ਼ਲ

ਗ਼ਜ਼ਲ

ਚਾਹਤ ਹੈ ਮਿਲਣ ਦੀ, ਜੇ ਰਾਹ ਆਪ ਬਣਾ ਲੈ ਤੂੰ

ਆ ਪਿਆਸ ਬੁਝਾ ਮੇਰੀ, ਅਪਣੀ ਵੀ ਬੁਝਾ ਲੈ ਤੂੰ

-----

ਹਮਦਰਦ ਨਹੀਂ ਏਥੇ, ਗ਼ਮਖ਼ਾਰ ਨਹੀਂ ਕੋਈ,

ਗ਼ਮ ਦਰਦ ਜੋ ਦਿਲ ਵਿੱਚ ਨੇ ਦਿਲ ਵਿਚ ਹੀ ਛੁਪਾ ਲੈ ਤੂੰ

-----

ਕੀ ਹੋਇਆ ਕੋਈ ਤੇਰਾ, ਹਮਦਰਦ ਨਹੀਂ ਬਣਿਆ,

ਗ਼ਮ ਦਰਦ ਜ਼ਮਾਨੇ ਦੇ, ਸਭ ਅਪਣੇ ਬਣਾ ਲੈ ਤੂੰ

-----

ਕਾਲਖ਼ ਦੀ ਹਨੇਰੀ ਨਾ, ਮਿੱਟੀ , ਮਿਲਾ ਦੇਵੇ,

ਦੌਲਤ ਹਾਂ, ਮੁਹੱਬਤ ਦੀ, ਸੀਨੇ, ਚ ਛੁਪਾ ਲੈ ਤੂੰ

-----

ਡੁਬ ਡੁਬ ਕੇ ਮੈਂ ਰੰਗਾਂ ਵਿਚ, ਬਦਰੰਗ ਨ ਹੋ ਜਾਵਾਂ,

ਆ ਅਪਣੀ ਮੁਹੱਬਤ ਦੇ, ਰੰਗਾਂ ਚ ਸਜਾ ਲੈ ਤੂੰ

-----

ਤਨਹਾਈ ਦੇ ਆਲਮ ਵਿੱਚ, ਪਾਗਲ ਹੀ ਨ ਹੋ ਜਾਈਂ,

ਹਮਦਰਦ ਬਣਾ ਕੋਈ ,ਹਮਰਾਜ਼ ਬਣਾ ਲੈ ਤੂੰ

-----

ਇਹ ਦਰਦ ਜੁਦਾਈ ਦਾ, ਹੁਣ ਜੀਣ ਨਹੀਂ ਦਿੰਦਾ ,

ਜਾਂ ਕੋਲ ਮੇਰੇ ਆ ਜਾ, ਜਾਂ ਕੋਲ ਬੁਲਾ ਲੈ ਤੂੰ

-----

ਦੁਨੀਆ ਤੋਂ ਮੁਹੱਬਤ ਦੀ, ਖ਼ੈਰਾਤ ਨਹੀਂ ਮਿਲਦੀ,

ਦੁਨੀਆ ਨੂੰ ਭੁਲਾ ਦੇ ਜਾਂ, ਖ਼ੁਦ ਨੂੰ ਵੀ ਭੁਲਾ ਲੈ ਤੂੰ

-----

ਇਕ ਵਕਤ ਸੀ ਜਦ ਤੈਨੂੰ, ਉਂਗਲਾਂ ਤੇ ਨਚਾਉਂਦੀ ਸੀ,

ਹੁਣ ਵਕਤ ਹੈ ਦੁਨੀਆਂ ਨੂੰ, ਉਂਗਲਾਂ ਤੇ ਨਚਾ ਲੈ ਤੂੰ

-----

ਮਿਲਿਆ ਹੈ ਸਬੱਬੀਂ ਹੁਣ, ਫਿਰ ਵਕਤ ਨਹੀਂ ਮਿਲਣੈਂ,

ਸ਼ਿਕਵਾ ਨ ਰਹੇ ਕੋਈ, ਸਭ ਸ਼ੱਕ ਮਿਟਾ ਲੈ ਤੂੰ

----

ਮਾਨਵਨੂੰ ਮੁਹੱਬਤ ਦੀ, ਜੋ ਮਰਜ਼ੀ ਸਜ਼ਾ ਦੇ ਦੇ,

ਨਜ਼ਰਾਂ ਚੋਂ ਗਿਰਾ ਦੇ ਜਾਂ, ਨਜ਼ਰਾਂ ਚ ਵਸਾ ਲੈ ਤੂੰ

Monday, September 7, 2009

ਨਰਿੰਦਰ ਮਾਨਵ - ਗ਼ਜ਼ਲ

ਸਾਹਿਤਕ ਨਾਮ: ਨਰਿੰਦਰ ਮਾਨਵ
ਜਨਮ: 1953 ਧੂਰੀ, ਜ਼ਿਲਾ: ਸੰਗਰੂਰ (ਪੰਜਾਬ)

ਅਜੋਕਾ ਨਿਵਾਸ: ਜਲੰਧਰ, ਪੰਜਾਬ (ਇੰਡੀਆ)

ਕਿਤਾਬਾਂ: ਗ਼ਜ਼ਲ-ਸੰਗ੍ਰਹਿ: ਕਿਰਮਚੀ ਸ਼ੋਅਲੇ ( 1992), ਇਬਾਦਤ (2004) ਚ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਤੀਜਾ ਗ਼ਜ਼ਲ-ਸੰਗ੍ਰਹਿ ਪ੍ਰਕਾਸ਼ਨ ਅਧੀਨ ਹੈ।

-----

ਦੋਸਤੋ! ਅੱਜ ਨਰਿੰਦਰ ਮਾਨਵ ਜੀ ਨੇ ਆਪਣੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨਾਲ਼ ਆਰਸੀ ਦੀ ਅਦਬੀ ਮਹਿਫ਼ਿਲ ਚ ਪਹਿਲੀ ਵਾਰ ਸ਼ਿਰਕਤ ਕੀਤੀ ਹੈ। ਮੈਂ ਉਹਨਾਂ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ, ਦੋਵਾਂ ਗ਼ਜ਼ਲਾਂ ਨੂੰ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਸੁਰਿੰਦਰ ਸੋਹਲ ਸਾਹਿਬ ਵੀ ਦਾ ਬਹੁਤ-ਬਹੁਤ ਸ਼ੁਕਰੀਆ, ਜਿਨ੍ਹਾਂ ਨੇ ਮਾਨਵ ਜੀ ਦੀ ਫੋਟੋ ਆਰਸੀ ਲਈ ਭੇਜੀ ਹੈ।

ਅਦਬ ਸਹਿਤ

ਤਨਦੀਪ ਤਮੰਨਾ

**********

ਗ਼ਜ਼ਲ

ਹਕੂਮਤ ਦਨਦਨਾਏਗੀ, ਜਦੋਂ ਤਕ ਲੋਕ ਸੁੱਤੇ ਨੇ

ਸਿਤਮ ਕਹਿਰਾਂ ਦੇ ਢਾਏਗੀ ਜਦੋਂ ਤਕ ਲੋਕ ਸੁੱਤੇ ਨੇ

-----

ਘਟਾ ਚੜ੍ਹ ਚੜ੍ਹ ਕੇ ਆਏਗੀ, ਜਦੋਂ ਤਕ ਲੋਕ ਸੁੱਤੇ ਨੇ

ਅਮਾਵਸ ਮੁਸਕਰਾਏਗੀ, ਜਦੋਂ ਤਕ ਲੋਕ ਸੁੱਤੇ ਨੇ

-----

ਬਹਾਰਾਂ ਨੇ ਵੀ ਲੁੱਟਣਾ ਹੈ, ਖ਼ਿਜ਼ਾਵਾਂ ਨੇ ਵੀ ਲੁੱਟਣਾ ਹੈ,

ਕਿਆਮਤ ਰੋਜ਼ ਆਏਗੀ, ਜਦੋਂ ਤਕ ਲੋਕ ਸੁੱਤੇ ਨੇ

-----

ਦਿਲਾਂ ਨੂੰ ਅੱਗ ਲਾਏਗੀ, ਚਿਰਾਗ਼ਾਂ ਨੂੰ ਬੁਝਾਏਗੀ ,

ਹਨੇਰੀ ਚੜ੍ਹ ਕੇ ਆਏਗੀ , ਜਦੋਂ ਤਕ ਲੋਕ ਸੂੱਤੇ ਨੇ

-----

ਰੁਲਾਏਗੀ , ਸਤਾਏਗੀ, ਸਿਆਸਤ ਮੁਸਕਰਾਏਗੀ,

ਨਵੇਂ ਹੀ ਗੁਲ ਖਿਲਾਏਗੀ , ਜਦੋਂ ਤਕ ਲੋਕ ਸੁੱਤੇ ਨੇ

-----

ਕੋਈ ਪਰਦਾ ਨਹੀਂ ਰਹਿਣਾ,ਕੋਈ ਰਿਸ਼ਤਾ ਨਹੀਂ ਰਹਿਣਾ,

ਵਿਰਾਸਤ ਲੁੱਟੀ ਜਾਏਗੀ , ਜਦੋਂ ਤਕ ਲੋਕ ਸੁੱਤੇ ਨੇ

-----

ਨਹੱਕੇ ਮਰਦੇ ਰਹਿਣੇ ਨੇ, ਕਿਸੇ ਨੂੰ ਹੱਕ ਨਹੀਂ ਮਿਲਣਾ ,

ਖ਼ੁਸ਼ਾਮਦ ਖੋਹ ਕੇ ਖਾਏਗੀ, ਜਦੋਂ ਤਕ ਲੋਕ ਸੁੱਤੇ ਨੇ

-----

ਸਮਗਲਿੰਗ ਚੋਰ ਬਾਜ਼ਾਰੀ, ਕਿਤੇ ਰਿਸ਼ਵਤ ਦੀ ਸਰਦਾਰੀ,

ਦਿਨੇ ਹੀ ਲੁੱਟ ਪਾਏਗੀ, ਜਦੋਂ ਤਕ ਲੋਕ ਸੁੱਤੇ ਨੇ

-----

ਬੁਰੀ ਹੈ ਜੂਨ ਮਾਨਵਦੀ ਕਿਸੇ ਨੂੰ ਦੇਈਂ ਨਾ ਰੱਬਾ,

ਮਨੁੱਖਤਾ ਵੈਣ ਪਾਏਗੀ , ਜਦੋਂ ਤਕ ਲੋਕ ਸੁੱਤੇ ਨੇ

=======

ਗ਼ਜ਼ਲ

ਚਾਹਤ ਹੈ ਜੰਜ਼ੀਰ ਨਹੀਂ ਹੈ

ਪਿਆਰ ਕੋਈ ਜਾਗੀਰ ਨਹੀਂ ਹੈ

-----

ਪਿਆਰ, ਤਾਂ ਰੱਬ ਦਾ ਨਾਂ ਹੈ ਦੂਜਾ,

ਪਿਆਰ ਦੀ ਕੋਈ ਆਖ਼ੀਰ ਨਹੀਂ ਹੈ

-----

ਸਾਰੇ ਸੁਪਨੇ, ਸੱਚ ਹੋ ਜਾਵਣ,

ਏਦਾਂ ਦੀ ਤਕਦੀਰ ਨਹੀਂ ਹੈ

-----

ਰੰਗ ਭਰੇ ਸਨ ਜਿਸ ਵਿਚ ਆਪਾਂ,

ਇਹ ਤਾਂ, ਉਹ ਤਸਵੀਰ ਨਹੀਂ ਹੈ

-----

ਮੌਸਿਮ ਬਦਲੇ ਦੁਨੀਆ ਬਦਲੀ,

ਬਦਲੀ ਪਰ ਤਕਦੀਰ ਨਹੀਂ ਹੈ

-----

ਓਦੋਂ ਸ਼ੋਖ਼ ਬਲਾਵਾਂ ਪਈਆਂ,

ਤਰਕਸ਼ ਵਿਚ ਜਦ ਤੀਰ ਨਹੀਂ ਹੈ

-----

ਬੁੱਝ ਲੈਂਦਾ ਹੈ, ਗੁੱਝੀਆਂ ਰਮਜ਼ਾਂ,

ਮਨ ਵਰਗਾ ਕੋਈ ਪੀਰ ਨਹੀਂ ਹੈ

-----

ਲੀਰੋ ਲੀਰ ਜ਼ਮੀਰ ਹੈ ਹੁਣ ਤਾਂ,

ਤਨ ਤੇ ਕੋਈ ਲੀਰ ਨਹੀਂ ਹੈ

-----

ਵੇਖਣ ਨੂੰ ਹੀ ਲਗਦੈ 'ਮਾਨਵ',

ਮਾਨਵ ਦੀ ਤਾਸੀਰ ਨਹੀਂ ਹੈ