ਸਾਹਿਤਕ ਨਾਮ : ਗੁਰਦੀਪ ਚਾਹਲ ਜਨਮ ਤੇ ਮੌਜੂਦਾ ਨਿਵਾਸ : ਮਾਨਸਾ, ਪੰਜਾਬ
ਕਿਤਾਬਾਂ : ਹਾਲੇ ਪ੍ਰਕਾਸ਼ਿਤ ਨਹੀਂ ਹੋਈ।
ਦੋਸਤੋ! ਵਾਅਦੇ ਮੁਤਾਬਕ, ਸ: ਰਾਮ ਸਿੰਘ ਚਾਹਲ ਜੀ ਦੇ ਹੋਣਹਾਰ ਸਪੁੱਤਰ ਗੁਰਦੀਪ ਚਾਹਲ ਜੀ ਨੇ ਆਪਣੀਆਂ ਬੇਹੱਦ ਖ਼ੂਬਸੂਰਤ ਨਜ਼ਮਾਂ ਭੇਜ ਕੇ ਆਰਸੀ ਦੀ ਅਦਬੀ ਮਹਿਫ਼ਿਲ ‘ਚ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਉਹ ਚਾਹਲ ਸਾਹਿਬ ਨਾਲ਼ ਸਾਹਿਤਕ ਪ੍ਰੌਜੇਕਟਾਂ ਤੇ ਵੀ ਕੰਮ ਕਰਦੇ ਰਹੇ ਹਨ। ਘਰ ਵਿਚ ਸਾਹਿਤਕ ਮਾਹੌਲ ਹੋਣ ਕਰਕੇ ਚੇਟਕ ਲੱਗਣੀ ਲਾਜ਼ਮੀ ਸੀ। ਉਹਨਾਂ ਦੀਆਂ ਜਿੰਨੀਆਂ ਕੁ ਵੀ ਨਜ਼ਮਾਂ ਮੈਨੂੰ ਪੜ੍ਹਨ ਨੂੰ ਮਿਲ਼ੀਆਂ ਨੇ, ਉਹਨਾਂ ਨੇ ਦਗਦੇ ਸਵਾਲਾਂ ਨਾਲ਼ ਕਵੀ-ਮਨ ਤੇ ਬਹੁਤ ਗਹਿਰਾ ਪ੍ਰਭਾਵ ਛੱਡਿਆ ਹੈ। ਅੱਜ ਆਰਸੀ ਪਰਿਵਾਰ ਵੱਲੋਂ ਗੁਰਦੀਪ ਜੀ ਨੂੰ ਖ਼ੁਸ਼ਆਮਦੀਦ ਆਖਦੀ ਹੋਈ, ਉਹਨਾਂ ਦੀਆਂ ਦੋਵਾਂ ਨਜ਼ਮਾਂ ਨੂੰ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
*********
ਬੁੱਚੜਖਾਨਾ
ਨਜ਼ਮ
ਲੋਕਤੰਤਰ ਦੇ ਦਲਾਲਾਂ ਵਾਸਤੇ
ਇਕੱਠ ਕਰਨ ਲਈ
ਪਿੰਡ ਦੇ ਲੋਕਾਂ ਨੂੰ
ਬੁੱਚੜਖਾਨੇ ਲਿਜਾਣ ਵਾਲੀਆਂ
ਗਾਵਾਂ ਵਾਂਗ
ਘੇਰਾ ਪਾ ਕੇ
ਟਰਾਲੇ ਵਿੱਚ ਥੁੰਨ ਲਿਆ ਜਾਂਦਾ ਹੈ
..............
ਪਰ ਇਹ ਖ਼ੁਸ਼ ਹਨ
.‘ਮੁਫ਼ਤ’ ਜਾ ਰਹੇ ਨੇ
ਪਰ ਸ਼ਾਇਦ
ਇਨ੍ਹਾਂ ਨੂੰ ਨਈਂ ਪਤਾ
ਇਹ ਹਲਾਲ ਹੋਣ ਤੋਂ
ਪਹਿਲਾਂ ਦੀ ਤਿਆਰੀ ਹੈ
............
ਖੁੱਲ੍ਹੇ ਮੈਦਾਨ ਜਾ ਕੇ ਇਨ੍ਹਾਂ ਦਾ
ਸੰਗਲ ਖੋਲ੍ਹ ਦਿੱਤਾ ਜਾਂਦਾ ਹੈ
ਇਹ ਇਨ੍ਹਾਂ ਦੇ ਭਾਸ਼ਨਾਂ ਦਾ
‘ਸ਼ਿੰਗਾਰ’ ਬਣਦੇ ਹਨ
............
ਬਾਂਦਰ ਵਾਂਗ ਮਦਾਰੀ ਦੇ
ਡਮਰੂ ਵਜਾਉਣ ਤੇ
ਝੂਠੇ ਵਾਅਦਿਆਂ ਦੀ ਡੁਗਡੁਗੀ ਤੇ
ਤਾੜੀਆਂ ਮਾਰਦੇ ਨੇ
ਸ਼ਾਇਦ ਇਨ੍ਹਾ ਨੂੰ ਨਈਂ ਪਤਾ
ਅਗਲੇ ਪੰਜ ਸਾਲ
ਹੁਣ ਫੰਡਰ ਪਸ਼ੂ ਵਾਂਗ
ਇਨ੍ਹਾਂ ਕਿਸੇ ਨੂੰ ਪੁੱਛਣਾ ਨਹੀਂ
ਪਰ ਇਹ ਖ਼ੁਸ਼ ਹਨ
‘ਮੁਫ਼ਤ’ ਵਾਪਿਸ ਆ ਰਹੇ ਹਨ
=============
ਬਿਰਹਾ ਦੀ ਲੋ
ਨਜ਼ਮ
ਅਜੇ ਇਸ਼ਕੇ ਦੇ ਬੀਜ ਨੇ
ਟੰਗੂਰ ਮਾਰਿਆ ਸੀ
ਕਿ.....
ਬਿਰਹਾ ਦੀ ਲੋ ਵਗ ਪਈ
...........
ਮੈਂ
ਹਰੇ ਭਰੇ ਰੁੱਖ ਤੋਂ
ਰੁੰਡ ਮਰੁੰਡ ਹੋ ਗਿਆ
ਪੱਤਝੜ ਦੇ ਪੱਤੇ ਵਾਂਗ
ਮਿੱਟੀ ਵਿੱਚ ਖ਼ਾਕ ਹੋ ਗਿਆ
..................
ਹੁਣ ਹਾਲਤ
ਉਸ ਮਜਬੂਰ ਜੱਟ ਵਰਗੀ
ਜਿਸਦੀ ਪੱਕੀ ਫਸਲ ਨੂੰ
ਅੱਗ ਲੱਗ ਗਈ
ਤੇ
ਭੜ੍ਹੀ ਤੇ ਖੜ੍ਹੇ ਉਸ ਸੁੱਕੇ ਰਿੰਡ ਵਰਗੀ
ਜੋ ਪਾਣੀ ਦੀ ਇੱਕ ਇੱਕ ਬੂੰਦ ਲਈ
ਤਰਸ ਰਿਹਾ
...............
ਬਸ!
ਅਜੇ ਇਸ਼ਕੇ ਦੇ ਬੀਜ ਨੇ
ਟੰਗੂਰ ਮਾਰਿਆ ਸੀ ਕਿ
ਬਿਰਹਾ ਦੀ ਲੋ ਵਗ ਪਈ .......!