
ਜਨਮ: 15 ਜੂਨ, 1938 – 15 ਜੂਨ, 2006
ਨਿਵਾਸ: ਅਰਪਨ ਸਾਹਿਬ ਜਗਰਾਓਂ, ਪੰਜਾਬ ਤੋ ਆ ਕੇ ਅਫ਼ਰੀਕਾ, ਇੰਗਲੈਂਡ ਤੇ ਅਮਰੀਕਾ ਤੋਂ ਬਾਅਦ ਕੈਲਗਰੀ, ਕੈਨੇਡਾ ਵਸ ਗਏ ਸਨ।
ਕਿਤਾਬਾਂ: ਕਾਵਿ-ਸੰਗ੍ਰਹਿ ਸੁਨੱਖਾ ਦਰਦ (1977), ਕਬਰ ਦਾ ਫੁੱਲ ( 1980), ਕਹਾਣੀ-ਸੰਗ੍ਰਹਿ: ਗੁਆਚੇ ਰਾਹ ( 1980), ਮੌਤ ਦਾ ਸੁਪਨਾ ( 1983), ਆਫ਼ਰੇ ਹੋਏ ਲੋਕ ( 1984), ਚਾਨਣ ਦੇ ਵਣਜਾਰੇ (2006) ਅਤੇ ਲਾਲਾਂ ਦੀ ਜੋੜੀ ( ਚਾਰੇ ਕਹਾਣੀ-ਸੰਗ੍ਰਹਿ - 2006) ਨਾਵਲ ਪਰਾਈ ਧਰਤੀ ( 1980), ਅਤੇ ਪੁਸਤਕ ਚਰਚਾ (ਪੁਸਤਕ ਰਿਵੀਊ – 2001) ਛਪ ਚੁੱਕੇ ਹਨ।
ਇਸ ਤੋਂ ਇਲਾਵਾ ਅਰਪਨ ਸਾਹਿਬ ਦੇ ਵੱਡੇ ਭਾਈ ਸਾਹਿਬ ਕੇਸਰ ਸਿੰਘ ਨੀਰ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਇੱਕ ਕਾਵਿ-ਸੰਗ੍ਰਹਿ ਅਤੇ ਲੇਖਾਂ ਦੀ ਇੱਕ ਕਿਤਾਬ ਛਪਣ ਹਿੱਤ ਤਿਆਰ ਪਈ ਹੈ। ਉਹ ਸਾਮੋਆ ( ਸਾਊਥ ਪੈਸੇਫਿਕ) ਬਾਰੇ ਇਕ ਨਾਵਲ ਵੀ ਲਿਖ ਰਹੇ ਸਨ।
----
ਦੋਸਤੋ! ਕੈਲਗਰੀ ਵਿਖੇ, 15 ਜੂਨ, 2006 ਨੂੰ ਮੈਨੂੰ ਲੇਖਕ ਦੋਸਤ ਪਾਲੀ ਜੀ ਦਾ ਫੋਨ ਆਇਆ, ਕਿ ਤਮੰਨਾ ਜੀ ਇੱਕ ਬੁਰੀ ਖ਼ਬਰ ਹੈ। ਮੈਂ ਘਾਬਰ ਕੇ ਪੁੱਛਿਆ: ਕੀ ਹੋਇਆ। ਤਾਂ ਉਹਨਾਂ ਦੱਸਿਆ ਕਿ ਅਰਪਨ ਸਾਹਿਬ ਨੂੰ ਇੱਕ ਜਾਨ-ਲੇਵਾ ਦਿਲ ਦਾ ਦੌਰਾ ਪਿਆ ਤੇ ਉਹ ਸਾਡੇ ਕੋਲ਼ੋਂ ਵਿਛੜ ਗਏ ਨੇ। ਮੈਨੂੰ ਯਕੀਨ ਨਹੀਂ ਸੀ ਆ ਰਿਹਾ.....ਕਿਉਂਕਿ ਦੋ ਕੁ ਹਫ਼ਤੇ ਪਹਿਲਾਂ ਹੀ ਮੈਨੂੰ ਰੇਡਿਓ ਤੇ ਉਹਨਾਂ ਦਾ ਫੋਨ ਆਇਆ ਤੇ ਆਖਣ ਲੱਗੇ: “ ਤਮੰਨਾ ਬੇਟਾ, ਮੈਂ ਤੇਰਾ ਪ੍ਰੋਗਰਾਮ ਜ਼ਰੂਰ ਸੁਣਦਾ ਹਾਂ..ਜਦੋਂ ਵੀ ਵਕ਼ਤ ਲੱਗੇ। ਕਦੇ ਘਰ ਆਵੀਂ....ਬਹਿ ਕੇ ਗੱਲਾਂ ਕਰਾਂਗੇ। ਫੇਰ ਹੱਸ ਕੇ ਆਖਣ ਲੱਗੇ: “ਤੈਨੂੰ ਮਿਲ਼ਣ ਤੋਂ ਮੈਨੂੰ ਡਰ ਵੀ ਲੱਗਦੈ ਕਿਉਂਕਿ ਤੂੰ ਸ਼ਾਇਰਾ ਹੈਂ ਤੇ ਸ਼ਾਇਰੀ ਤੇ ਤੇਰੀ ਪਕੜ ਵੀ ਕਮਾਲ ਦੀ ਹੈ, ਤੇਰੀ ਆਵਾਜ਼ ਨੇ ਸਾਰੀ ਕੈਲਗਰੀ ਤੇ ਜਾਦੂ ਕੀਤਾ ਹੋਇਆ ਹੈ...ਸੱਚ ਜਾਣੀਂ....ਇਹ ਆਵਾਜ਼ ਬੜੀ ਵੱਖਰੀ ਜਿਹੀ ਹੈ ਤੇ ਰੂਹ ਨੂੰ ਬੜਾ ਸਕੂਨ ਦਿੰਦੀ ਹੈ।” ਇੰਝ ਉਹਨਾਂ ਨਾਲ਼ ਫੋਨ ਤੇ ਹੋਈ ਇਹ ਮੁਲਾਕਾਤ ਆਖ਼ਰੀ ਹੋ ਨਿੱਬੜੇਗੀ, ਮੈਂ ਸੋਚਿਆ ਤੱਕ ਨਹੀਂ ਸੀ। ਜਿਸ ਦਿਨ ਉਹਨਾਂ ਨੇ ਸਾਨੂੰ ਅਲਵਿਦਾ ਆਖਿਆ, ਉਸ ਦਿਨ ਉਹਨਾਂ ਦਾ ਮੇਰੇ ਡੈਡੀ ਜੀ ਬਾਦਲ ਸਾਹਿਬ ਵਾਂਗ ਜਨਮ-ਦਿਨ ਵੀ ਸੀ।
----
ਅੱਜ ਨੀਰ ਸਾਹਿਬ ਨੇ ਇਕਬਾਲ ਅਰਪਨ ਸਾਹਿਬ ਦੀਆਂ ਲਿਖਤਾਂ ਭੇਜ ਕੇ ਉਹਨਾਂ ਦੀ ਆਰਸੀ ਅਦਬੀ ਮਹਿਫ਼ਿਲ ‘ਚ ਹਾਜ਼ਰੀ ਲਵਾਈ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੀ ਹੋਈ, ਅਰਪਨ ਸਾਹਿਬ ਨੂੰ ਯਾਦ ਕਰਦਿਆਂ, ਉਹਨਾਂ ਦੀ ਇੱਕ ਬੇਹੱਦ ਖ਼ੂਬਸੂਰਤ ਉਰਦੂ ਗ਼ਜ਼ਲ ਅਤੇ ਇੱਕ ਨਜ਼ਮ ਨੂੰ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ।
ਹਮ ਦੁਆ ਮਾਂਗੇ ਜਿਨ ਕੀ ਖ਼ੁਸ਼ੀ ਕੇ ਲੀਏ।
ਵੋਹ ਹੀ ਬੋਲੇਂ ਹਮੇਂ ਖ਼ੁਦਕੁਸ਼ੀ ਕੇ ਲੀਏ।
-----
ਸਾਂਸ ਰੁਕ ਰੁਕ ਕੇ ਚਲਤੀ ਰਹੀ ਉਮਰ ਭਰ,
ਬਹੁਤ ਤਰਸਾ ਹੂੰ ਮੈਂ ਜ਼ਿੰਦਗੀ ਕੇ ਲੀਏ।
----
ਗ਼ਮ ਕੇ ਸਾਂਚੇ ਮੇਂ ਢਲ ਕਰ ਜੀਏਂ ਕਿਸ ਤਰਹ,
ਕੁਛ ਤੋ ਸਾਮਨੇ ਹੋ ਦਿਲਕਸ਼ੀ ਕੇ ਲੀਏ।
-----
ਨਸਲੇ-ਆਦਮ ਕੇ ਖ਼ੂੰ ਪੇ ਆਮਾਦਾ ਹੈਂ ਕਿਉਂ
ਹਾਥ ਉਠਤੇ ਥੇ ਜੋ ਬੰਦਗੀ ਕੇ ਲੀਏ।
----
ਸ਼ਹਿਰ ਆ ਕਰ ਅੰਧੇਰ੍ਹੋਂ ਮੇਂ ਜੋ ਖੋ ਗਿਆ
ਨਿਕਲਾ ਗਾਓਂ ਸੇ ਥਾ ਰੌਸ਼ਨੀ ਕੇ ਲੀਏ।
----
ਸਭ ਕੇ ਪੀਨੇ ਕੇ ਪੀਛੇ ਕੋਈ ਰਾਜ਼ ਹੈ,
ਕੋਈ ਪੀਤਾ ਨਹੀਂ ਮੈਕਸ਼ੀ ਕੇ ਲੀਏ।
----
ਆਦਮੀ ਬਹੁਤ ਕੁਛ ਬਨ ਗਿਆ ਹੈ ਮਗਰ,
ਨਾ ਬਨਾ ਆਦਮੀ ਆਦਮੀ ਕੇ ਲੀਏ।
===============
ਅੰਮ੍ਰਿਤਾ ਪ੍ਰੀਤਮ
ਸ਼ਬਦ-ਚਿੱਤਰ
ਉਹ ਮਰ ਜਾਣੀ ਸਾਰੀ ਉਮਰ
ਅੱਖਰਾਂ ਦੀ ਫਸਲ ਉਗਾਉਂਦੀ ਰਹੀ
ਤੇ ਅੱਖਰ ਬੀਜਣ ਵਾਲ਼ੇ
ਕਦੇ ਮਰਦੇ ਨਹੀਂ
ਸਦਾ ਮਹਿਕਾਂ ਖਲਾਰਦੇ ਨੇ
ਅੰਮ੍ਰਿਤਾ ਵਰਗੇ ਤਾਂ
ਇਹ ਅਖਾਣ ਵੀ ਗ਼ਲਤ ਸਿੱਧ ਕਰ ਦਿੰਦੇ ਨੇ
ਕਿ ਸਮਾਂ ਬਹੁਤ ਬਲਵਾਨ ਹੈ!
...................
ਅੰਮ੍ਰਿਤਾ ਪ੍ਰੀਤਮ ਤਾਂ
ਅੱਜ ਵੀ ਸਾਡੇ ਅੰਗ-ਸੰਗ ਹੈ
ਅਸੀਂ ਓਸੇ ਦੀਆਂ ਗੱਲਾਂ ਕਰ ਰਹੇ ਹਾਂ
ਉਹ ਤਾਂ ਗ਼ੈਰ-ਹਾਜ਼ਰ ਹੋ ਕੇ ਵੀ
ਸਾਡੇ ‘ਚ ਹਾਜ਼ਰ ਹੈ
ਮੈਂ ਉਸਦੀ ਹਾਜ਼ਰੀ
ਸਾਬਤ ਕਰ ਸਕਦਾਂ ਹਾਂ
...................
ਉਹ ਆਪਣੇ ਬੀਜੇ ਅੱਖਰਾਂ ‘ਚ
ਸਾਹ ਲੈਂਦੀ ਹੈ
...................
ਉਹ ਆਪਣੀਆਂ ਕਿਤਾਬਾਂ ‘ਚ ਬੈਠੀ
ਸਾਨੂੰ ਉਡੀਕਦੀ ਹੈ
......................
ਕਿਹੜੀ ਲਾਇਬ੍ਰੇਰੀ ਹੈ ਦੁਨੀਆਂ ਦੀ
ਜਿੱਥੇ ਅੰਮ੍ਰਿਤਾ
ਪੀੜ੍ਹੀ ਡਾਹ ਕੇ ਨਹੀਂ ਬੈਠੀ
..........................
ਅੱਜ ਵੀ ਉਸਦੀ ਆਵਾਜ਼
ਵਾਰਿਸ ਸ਼ਾਹ ਦੀ ਮਜ਼ਾਰ ਤੇ ਗੂੰਜਦੀ ਹੈ
...................
ਉਹ ਤਾਂ ਪਿੰਜਰ ਹੋ ਕੇ ਵੀ
ਆਪਣਾ ਦਰਦ ਸਾਂਝਾ ਕਰਦੀ ਹੈ
ਉਹ ਮਰਜਾਣੀ ਮਰੀ ਨਹੀਂ
ਉਹ ਤਾਂ ਸਾਡੇ ਵਿਚ ਹੀ ਤੁਰੀ ਫਿਰਦੀ ਹੈ!