
ਅਜੋਕਾ ਨਿਵਾਸ: ਪਿੰਡ ਤੇ ਡਾਕ:- ਕੋਟਲੀ ਥਾਨ ਸਿੰਘ , ਜਲੰਧਰ
ਕਿਤਾਬਾਂ: " ਉਡੀਕਾਂ "( ਗ਼ਜ਼ਲ- ਸੰਗ੍ਰਹਿ) ਪ੍ਰਕਾਸ਼ਿਤ ਹੋ ਚੁੱਕਿਆ ਹੈ । ਬਹੁਤ ਸਾਰੀਆਂ ਸਭਾਵਾਂ ਵੱਲੋਂ ਲਿਖਤਾਂ ਲਈ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ।
ਦੋਸਤੋ! ਅੱਜ ਰੂਪ ਨਿਮਾਣਾ ਜੀ ਨੇ ਸਰਬਜੀਤ ਦਰਦੀ ਜੀ ਦੀ ਇੱਕ ਬੇਹੱਦ ਖ਼ੂਬਸੂਰਤ ਗ਼ਜ਼ਲ ਆਰਸੀ ਲਈ ਭੇਜ ਕੇ ਉਹਨਾਂ ਦੀ ਅਦਬੀ ਮਹਿਫ਼ਿਲ ‘ਚ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਮੈਂ ਆਰਸੀ ਪਰਿਵਾਰ ਵੱਲੋਂ ਦਰਦੀ ਜੀ ਨੂੰ ਖ਼ੁਸ਼ਆਮਦੀਦ ਆਖਦੀ ਹੋਈ, ਇਸ ਗ਼ਜ਼ਲ ਨੂੰ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਰੂਪ ਜੀ ਦਾ ਬਹੁਤ-ਬਹੁਤ ਸ਼ੁਕਰੀਆ।
*******
ਗ਼ਜ਼ਲ
ਮੈਂ ਦੁਨੀਆਂ ਵਿਚ ਬਣੇ ਹੋਏ , ਕਈ ਭਗਵਾਨ ਵੇਖੇ ਨੇ ।
ਉਨਾਂ ਦੇ ਚਿਹਰਿਆਂ ਪਿੱਛੇ ਲੁਕੇ ਸ਼ੈਤਾਨ ਵੇਖੇ ਨੇ ।
----
ਲਹੂ ਦੀ ਵਰਖਾ ਹਰ ਪਾਸੇ , ਕੇਹਾ ਇਹ ਦੌਰ ਹੈ ਰੱਬਾ,
ਮੈਂ ਹਰ ਵਿਹੜੇ ਦੇ ਅੰਦਰ ਧੁੱਖ ਰਹੇ ਸਮਸ਼ਾਨ ਵੇਖੇ ਨੇ ।
----
ਤਜੌਰੀ ਵਿਚ ਮਸੂਮਾਂ ਦਾ ਲਹੂ ਜਿਨਾਂ ਨੇ ਬੰਦ ਕੀਤੈ,
ਮੈਂ ਦੁਨੀਆਂ ਵਿਚ ਕਈ ਇਹੋ ਜਿਹੇ ਧਨਵਾਨ ਵੇਖੇ ਨੇ ।
----
ਤੁਹਾਡੀ ਦੁਸ਼ਮਣੀ ਇਕ ਲਹਿਰ ਤੋਂ ਵੱਧ ਕੁਝ ਨਹੀਂ ਯਾਰੋ!
ਅਸੀਂ ਤਾਂ ਜ਼ਿੰਦਗੀ ਦੇ ਵਿਚ ਕਈ ਤੂਫਾਨ ਵੇਖੇ ਨੇ ।
----
ਇਹ ਦੁਨੀਆਂ ਇਕ ਸਰਾਂ ਹੈ , ਕੌਣ ਟਿਕਦਾ ਹੈ ਸਦਾ ਏਥੇ,
ਇਧਰ ਸਭ ਆਉਣ ਵਾਲੇ ਰਾਤ ਦੇ ਮਹਿਮਾਨ ਵੇਖੇ ਨੇ ।
----
ਜਦੋਂ ਦਾ ਵੇਖਿਆ ਮਹਿਬੂਬ ਨੂੰ ਫਿਰਦਾ ਰਕੀਬਾਂ ਨਾਲ ,
ਉਦੋਂ ਦੇ ਸੜ ਰਹੇ ਮੈਂ ਆਪਣੇ ਅਰਮਾਨ ਵੇਖੇ ਨੇ ।
----
ਤੂੰ ਭੋਲੇ ਵੇਖਕੇ ਚਿਹਰੇ , ਦਿਲਾ ਗੱਲਾਂ ਚ ਨਾ ਆਵੀਂ ,
ਮੈਂ ਭੋਲੇ ਚਿਹਰਿਆਂ ਪਿੱਛੇ ਲੁਕੇ ਸ਼ੈਤਾਨ ਵੇਖੇ ਨੇ ।
----
ਤੁਸੀਂ ਧਨਵਾਨ ਹੋ, “ ਦਰਦੀ” ਜੇ ਨਿਰਧਨ ਹੈ ਤਾਂ ਫਿਰ ਕੀ ਹੈ,
ਮੈਂ ਮਿਲਦੇ ਰੋਜ਼ ਹੀ ਧਰਤੀ ਅਤੇ ਅਸਮਾਨ ਵੇਖੇ ਨੇ ।