ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਅਜੀਤ ਸਿੰਘ ਹਿਰਖੀ. Show all posts
Showing posts with label ਅਜੀਤ ਸਿੰਘ ਹਿਰਖੀ. Show all posts

Thursday, July 22, 2010

ਅਜੀਤ ਸਿੰਘ ਹਿਰਖੀ - ਗ਼ਜ਼ਲ

ਆਰਸੀ ਤੇ ਖ਼ੁਸ਼ਆਮਦੀਦ

ਸਾਹਿਤਕ ਨਾਮ: ਅਜੀਤ ਸਿੰਘ ਹਿਰਖੀ

ਅਜੋਕਾ ਨਿਵਾਸ: ਓਨਟਾਰੀਓ, ਕੈਨੇਡਾ

ਪ੍ਰਕਾਸ਼ਿਤ ਕਿਤਾਬਾਂ: ਰਚਨਾਵਾਂ ਹਾਲੇ ਕਿਤਾਬੀ ਰੂਪ ਵਿਚ ਪ੍ਰਕਾਸ਼ਿਤ ਨਹੀਂ ਹੋਈਆਂ।

*****

ਗ਼ਜ਼ਲ

ਦਿਲ ਮਿਰਾ ਹੈ ਪਾਕ, ਦਿਲਬਰ ਦੇਖ ਲੈ।

ਦਿਲ ਦੇ ਅੰਦਰ ਝਾਕ, ਦਿਲਬਰ ਦੇਖ ਲੈ।

-----

ਕੀ ਮਜ਼ਾ ਹੈ ਜੀਣ ਦਾ, ਤੇਰੇ ਬਿਨਾ,

ਹੋ ਗਿਆ ਹਾਂ ਖ਼ਾਕ , ਦਿਲਬਰ ਦੇਖ ਲੈ।

------

ਪਿਆਰ ਦਾ ਹੈ ਵਾਸਤਾ ਤੂੰ ਪਿਆਰ ਕਰ,

ਪਿਆਰ ਹੁੰਦੈ ਪਾਕ, ਦਿਲਬਰ ਦੇਖ ਲੈ

-----

ਰੋਜ਼ ਵਾਜਾਂ ਮਾਰਦਾਂ, ਤੂੰ ਆ ਕਦੀ,

ਸੁਣ ਲਿਆ ਕਰ ਹਾਕ, ਦਿਲਬਰ ਦੇਖ ਲੈ

-----

ਦਿਲ ਤੋਂ ਦਿਲ ਦਾ ਫ਼ਾਸਲਾ ਘਟਦਾ ਗਿਆ,

ਖ਼ੂਬ ਹੈ ਇਤਫ਼ਾਕ, ਦਿਲਬਰ ਦੇਖ ਲੈ

------

ਪਿਆਰ ਮੰਗੇ ਜੇ ਕੁਈ ਪਿਆਰਾ ਬਣੇ,

ਝਟ ਕਬੂਲਾਂ ਸਾਕ, ਦਿਲਬਰ ਦੇਖ ਲੈ

------

ਦਿਲ ਚ ਵਸਦੈ ਉਹ, ਕਿਤੇ ਬਾਹਰ ਨਹੀਂ,

ਦਿਲ ਚ ਹਿਰਖੀਝਾਕ, ਦਿਲਬਰ ਦੇਖ ਲੈ

=====

ਗ਼ਜ਼ਲ

ਦੋਸਤਾਂ ਦੀ ਬੇਰੁਖ਼ੀ ਤੇ ਕੀ ਗਿਲਾ

ਆਪਣਾ ਹੀ ਦਿਲ ਨਹੀਂ ਜਦ ਆਪਣਾ।

-----

ਵਧ ਗਿਆ ਹੈ ਨੇੜ ਭਾਵੇਂ ਆਪਣਾ।

ਚੈਨ ਤਾਂ ਜਾਂਦਾ ਰਿਹਾ ਹੈ ਦੋਸਤਾ।

-----

ਠੀਕ ਹੈ ਮੈਨੂੰ ਤੂੰ ਗ਼ਮ ਦਿੱਤੇ ਬੜੇ,

ਖ਼ੁਸ਼ ਰਹੋ, ਤਾਂ ਵੀ ਮੈਂ ਏਹੀ ਆਖਿਆ।

-----

ਤੂੰ ਬੁਝਾਰਤ ਇਸ ਤਰ੍ਹਾਂ ਦੀ ਪਾ ਗਿਐਂ,

ਬੁੱਝਣਾ ਮੁਸ਼ਕਿਲ ਬੜਾ ਹੈ ਏਸਦਾ।

------

ਇਸ਼ਕ਼ ਦਾ ਦਸਤੂਰ ਕੁਝ ਐਹੋ ਜਿਹੈ,

ਮਰਨ ਮੁਸ਼ਕਿਲ ਜੀਣ ਵੀ ਔਖੈ ਬੜਾ।

-----

ਦੇ ਨਹੀਂ ਸਕਦੇ ਕੁਈ ਛਿਟ ਪਿਆਰ ਦੀ,

ਜ਼ਾਲਮੋਂ ! ਚੰਗਾ ਨਹੀਂ ਦਿਲ ਜਾਲ਼ਣਾ।

------

ਧੁਖ਼ ਰਹੀ ਹੈ ਦਿਲ ਹਿਰਖੀਆਸ ਪਰ,

ਕੀ ਪਤੈ ਪਰ ਸੁਹਣਿਆਂ ਦੇ ਆਉਣ ਦਾ ?

=====

ਗ਼ਜ਼ਲ

ਜੰਗਲ ਦੇ ਵਿਚ ਸ਼ੇਰ ਇਕੱਲਾ ਬੁਕਦਾ ਹੈ।

ਉਸ ਤੋਂ ਡਰ ਕੇ ਗਊਆਂ ਦਾ ਝੁੰਡ ਲੁਕਦਾ ਹੈ।

-----

ਹਿੰਸਾ ਨਾਲ਼ ਤਾਂ ਮਸਲਾ ਹੋਰ ਵੀ ਉਲਝੇਗਾ,

ਆਹਮੋਂ ਸਾਹਵੇਂ ਬਹਿ ਕੇ ਝਗੜਾ ਮੁਕਦਾ ਹੈ।

-----

ਮੈਂ ਉਸਤੋਂ ਕਿੰਝ ਆਸ ਕਰਾਂ ਹਮਦਰਦੀ ਦੀ,

ਜ਼ਖ਼ਮਾਂ ਤੇ ਜੋ ਲੂਣ ਹਮੇਸ਼ਾਂ ਭੁਕਦਾ ਹੈ।

-----

ਚਮਚੇ ਕੋਲ਼ੋਂ ਓਨਾ ਜ਼ਿਆਦਾ ਬਚਕੇ ਰਹੁ,

ਜਿੰਨਾ ਜ਼ਿਆਦਾ ਤੇਰੇ ਸਾਹਵੇਂ ਝੁਕਦਾ ਹੈ।

-----

ਅਪਣਾ ਸਾਥ ਨਹੀਂ ਉਹ ਜਰਦਾ, ਤਾਂ ਹੀ ਉਹ,

ਗੱਲੀਂ ਬਾਤੀਂ ਤੈਨੂੰ ਮੈਨੂੰ ਚੁਕਦਾ ਹੈ।

-----

ਦਿਲ ਦਾ ਤੂੰਬਾ ਵੱਜ ਉਠਦਾ ਹੈ ਓਸੇ ਪਲ,

ਜਿਸ ਪਲ ਸਾਕੀ ਮਿਲਣੇ ਖ਼ਾਤਰ ਢੁਕਦਾ ਹੈ।

-----

ਬਾਕੀ ਸਭ ਨੂੰ ਜਾਮ ਪਿਲਾਉਂਦੈ ਭਰ ਭਰ ਕੇ,

ਮੇਰੀ ਵਾਰੀ ਤੇ ਹੀ ਸਾਕੀ ਉਕਦਾ ਹੈ।

-----

ਦਿਲ ਦੀ ਗੱਲ ਕਹੀ ਹੈ ਜਦ ਤੋਂ ਉਸਨੂੰ ਮੈਂ,

ਮੂੰਹ ਵਿਚ ਪਾ ਕੇ ਚੁੰਨੀ ਉਹ ਕਿਉਂ ਟੁਕਦਾ ਹੈ।

------

ਤੂੰ ਆਵੇਂ ਤਾਂ ਹਰਿਆ ਭਰਿਆ ਹੋ ਜਾਵੇ,

ਤੇਰੇ ਹਿਜਰ ਚ ਤੇਰਾ ਹਿਰਖੀਸੁਕਦਾ ਹੈ।