ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਸੁਖਦੇਵ. Show all posts
Showing posts with label ਸੁਖਦੇਵ. Show all posts

Friday, March 19, 2010

ਸੁਖਦੇਵ - ਨਜ਼ਮ

ਕਵਿਤਾ

ਨਜ਼ਮ

ਨਿੱਕਾ ਜਿਹਾ ਰੰਗ-ਸੁਰੰਗਾ ਪੰਛੀ

ਹੱਥਾਂ ਵਿਚ ਆ ਕੇ ਖੇਡਦਾ ਹੈ

ਨਿੱਕੀ ਜਿਹੀ ਬਾਲੜੀ ਧੀ ਅੰਬਰ ਨੂੰ

ਟਾਕੀ ਲਾ ਕੇ ਮੁੜਦੀ ਹੈ

=====

ਵਿਦਾਇਗੀ

ਨਜ਼ਮ

ਇਕ ਦਿਨ ਤੂੰ ਵਿਦਾ ਹੋ ਗਿਆ

ਤੇ ਮੈਂ ਬਾਕੀ ਰਹਿ ਗਿਆ......

ਇਕ ਅੰਤਹੀਣ ਉਦਾਸੀ

ਨਾ ਕੰਢਾ.....ਨਾ ਕਿਨਾਰਾ.....

ਫਿਰ ਇਕ ਦਿਨ ਮੈਂ ਵੀ ਵਿਦਾ ਹੋ ਗਿਆ

ਤੇ ਨਾਲ਼ ਹੀ ਤੂੰ ਵੀ

ਬਚ ਰਿਹਾ ਬਸ ਇਕ ਦੀਵਾ

ਜੋ ਅਜੇ ਵੀ ਜਗ ਰਿਹਾ ਹੈ

=====

ਅਲਵਿਦਾ

ਨਜ਼ਮ

ਹੇ ਮੇਰੇ ਪੁਰਖਿਓ !

ਪਾਲਣਹਾਰ ਪਿਤਾ !

ਪਵਿੱਤਰ ਪੁਸਤਕ ਤੇ ਪੂਜਨੀਕ ਪੁਰੋਹਿਤੋ !

ਜਾਣ ਤੋਂ ਪਹਿਲਾਂ ਦਾ

ਨਮਨ ਸਵੀਕਾਰ ਹੋਵੇ

ਖ਼ਿਮਾ ਕਰਨਾ,

ਮੈਂ ਜਾ ਰਿਹਾ ਹਾਂ

ਕਾਲ਼ੀ ਨਦੀ ਦੀ ਹਿੱਕ ਤੇ

ਜਗਦੇ ਹੋਏ ਦੀਵੇ ਲੱਭਣ

ਤੇ ਉਸ ਅੱਖ ਦੀ ਤਲਾਸ਼ ਵਿਚ ਵੀ

ਜੋ ਇਹਨਾਂ ਨੂੰ ਤੱਕ ਸਕੇ

=====

ਅੰਤਰ

ਨਜ਼ਮ

ਰਿਸ਼ਤੇ

ਮੋਹ

ਮਾਇਆ

ਭਟਕਣ

ਕੋਈ ਸਭ ਕੁਝ ਹਾਰ ਕੇ

ਆਪਣੇ ਆਪ ਨਾਲ਼ ਵੀ ਰੁੱਸ ਜਾਂਦਾ ਹੈ

ਰਿਸ਼ਤੇ

ਮੋਹ

ਮਾਇਆ

ਭਟਕਣ

ਕੋਈ ਸਭ ਕੁਝ ਹਾਰ ਕੇ

ਆਪਣੇ ਆਪ ਕੋਲ਼ ਪਰਤ ਆਉਂਦਾ ਹੈ

ਬੰਦੇ ਤੇ ਬੁੱਧ ਵਿਚ

ਬਸ ਏਨਾ ਕੁ ਹੀ ਅੰਤਰ ਹੈ

=====

ਚਿੰਤਨ

ਨਜ਼ਮ

ਬੱਚੇ ਦੇ ਹੱਥ ਵਿੱਚ
ਜਗਦਾ ਹੋਇਆ ਦੀਵਾ ਵੇਖ
ਫ਼ਕੀਰ ਨੇ ਪੁੱਛਿਆ -
ਚਾਨਣ ਕਿੱਥੋਂ ਆਇਆ ?
.........
ਬੱਚੇ ਨੇ ਫੂਕ ਮਾਰ
ਦੀਵਾ ਬੁਝਾ ਕੇ ਆਖਿਆ -
ਜਿੱਧਰ ਇਹ ਚਲਾ ਗਿਆ
.........
ਫ਼ਕੀਰ ਸਮਝ ਗਿਆ
ਕਿ ਹਰ ਇੱਕ ਸਵਾਲ ਦਾ ਜਵਾਬ
ਬਹਿਸ ਵਿੱਚੋਂ ਹੀ ਜਨਮ ਨਹੀਂ ਲੈਂਦਾ

Friday, December 4, 2009

ਸੁਖਦੇਵ - ਨਜ਼ਮ

ਨਦੀ

ਨਜ਼ਮ

ਦੂਰੀ

ਭਟਕਣ

ਮੁਹੱਬਤ

ਮੋਹਪਾਸ਼

ਮੈਂ ਜਦ ਵੀ ਤੈਥੋਂ

ਦੂਰ ਹੁੰਦਾ ਹਾਂ

ਤਾਂ ਇਹ ਸਭ ਮੈਨੂੰ

ਬਹੁਤ ਦੁੱਖ ਦਿੰਦੇ ਨੇ - ਮੈਂ ਕਿਹਾ

........

ਤੂੰ ਮੈਨੂੰ ਗਲ਼ ਨਾਲ਼ ਲਾ ਲਿਆ ਤੇ ਕਿਹਾ -

ਚੰਨ ਭਾਵੇਂ ਕਿੰਨਾ ਵੀ ਦੂਰ ਹੋਵੇ

ਉਹ ਨਦੀ ਦੀ ਗੋਦ ਵਿਚ ਹੁੰਦਾ ਹੈ

............

ਉਸ ਪਲ ਤੋਂ ਮੈਂ ਮਹਿਸੂਸ ਕਰਦਾ ਹਾਂ

ਕਿ ਇਕ ਠੰਢੀ ਸ਼ੱਫ਼ਾਫ਼ ਤੇ ਨਿਰਮਲ ਨਦੀ

ਮੇਰੇ ਅੰਤਸ ਵਿਚ ਵਹਿ ਰਹੀ ਹੈ

ਤੇ ਉਸ ਵਿਚ ਮੈਂ ਹਰ ਰੋਜ਼

ਚੰਨ ਬਣ ਕੇ ਚੜ੍ਹਦਾ ਹਾਂ

======

ਵਰਤਮਾਨ

ਨਜ਼ਮ

ਮੈਂ ਜਦ ਵੀ ਤੇਰੇ ਕੋਲ਼ ਹੁੰਦਾ ਹਾਂ

ਤਾਂ ਤੇਰੇ ਕੋਲ਼ ਹੀ ਹੋਵਾਂ

ਮੈਂ ਜਦ ਤੈਥੋਂ ਦੂਰ ਹੁੰਦਾ ਹਾਂ

ਤਾਂ ਤੈਥੋਂ ਦੂਰ ਹੀ ਹੋਵਾਂ

.........

ਵਰਤਮਾਨ ਤੋਂ ਪਰੇ

ਕਦੇ ਕੋਈ ਫੁੱਲ ਨਹੀਂ ਖਿੜਦਾ

======

ਵਾਪਸੀ

ਨਜ਼ਮ

ਨਦੀ ਉੱਤਰ ਗਈ ਹੈ

ਚੰਨ ਪੱਛਮ ਦੀ ਗੁੱਠੇ ਜਾ ਲੱਗਾ ਹੈ

ਸ਼ਬਦਾਂ ਦੇ ਚਿੱਟੇ ਰਾਜਹੰਸ

ਅਰਥਾਂ ਦੇ ਪਿੰਜਰਿਆਂ ਚੋਂ ਨਿੱਕਲ

ਸੁੱਚੇ ਮੋਤੀ ਚੁਗ ਰਹੇ ਹਨ

.........

ਸੁਪਨ ਸਮਿਰਤੀਆਂ ਖ਼ਲਾਅ ਵਿੱਚ

ਤਹਿਲੀਲ ਹੋ ਰਹੀਆਂ ਹਨ

............

ਸੁਰਤੀ ਦਾ ਦੀਵਾ ਜਗ ਰਿਹਾ ਹੈ

ਸ਼ਾਇਰ ਵਾਪਸ ਪਰਤ ਰਿਹਾ ਹੈ


Friday, November 6, 2009

ਸੁਖਦੇਵ - ਨਜ਼ਮ

ਪਿਆਰ

ਪਾਓਲੋ ਕੋਇਲੋ ਦੇ ਨਾਵਲ ' ਦ ਐਲਕੈਮਿਸਟ ' ਤੋਂ ਪ੍ਰੇਰਿਤ ਹੋ ਕੇ

ਨਜ਼ਮ

ਕਦੇ - ਕਦੇ

ਜਦ ਖੌਰੂ ਪਾਉਂਦੀਆਂ

ਤੇਜ਼ ਹਨੇਰੀਆਂ ਵਗਦੀਆਂ ਹਨ

ਝੱਖੜ ਝੁੱਲਦੇ 'ਤੇ ਵਾਵਰੋਲੇ ਸ਼ੂਕਦੇ ਹਨ,

ਟਿੱਬੇ ਆਪਣੀਆਂ ਥਾਵਾਂ ਬਦਲ ਲੈਂਦੇ

ਅਤੇ ਕਾਫ਼ਲੇ ਆਪਣੇ ਰਾਹ ਭੁੱਲ ਜਾਂਦੇ ਹਨ

ਤਾਂ ਮੈਨੂੰ ਸੋਚਵਾਨ ਮੁਦਰਾ ਵਿੱਚ ਵੇਖ ਕੇ

ਮਾਰੂਥਲ ਮੇਰ‍ਾ ਹੱਥ ਫੜ ਲੈਂਦਾ ਹੈ

ਤੇ ਆਪਣੀ ਬੁੱਕਲ਼ ਵਿਚ ਲੈ ਕੇ

ਭੇਦ ਭਰੇ ਲਹਿਜ਼ੇ ਵਿਚ ਕਹਿੰਦਾ ਹੈ -

" ਡਰ ਨਾ, ਕੁਝ ਵੀ ਨਹੀਂ ਬਦਲਿਆ

ਇਹ ਸੰਦਲੀ ਪੈੜਾਂ ਕਦੇ ਨਹੀਂ ਮਿਟਦੀਆਂ,

ਮੈਂ ਸਦਾ ਤੋਂ ਇੰਝ ਹੀ ਤੇਰੇ ਕੋਲ ਸਾਂ

ਅਤੇ ਇੰਝ ਹੀ ਰਹਾਂਗਾ "

.............

ਇਵੇਂ ਹੀ ਬੰਦਰਗਾਹਾਂ ਉੱਪਰ

ਜਹਾਜ਼ ਆਪਣੇ ਲੰਗਰ ਸੁੱਟਦੇ 'ਤੇ ਧੂੰਆਂ ਉਗਲਦੇ

ਦੂਰ - ਦੁਰਾਡੀਆਂ ਧਰਤੀਆਂ ਨੂੰ ਤੁਰੇ ਜਾਂਦੇ ਹਨ

ਸਮੁੰਦਰ ਵਿਚ ਆਦਮਖੋਰ ਛੱਲਾਂ

ਉਠਦੀਆਂ ਅਤੇ ਗਿਰਦੀਆਂ ਰਹਿੰਦੀਆਂ ਹਨ

ਕਿਸ਼ਤੀਆਂ ਵਿਚ ਬੈਠ ਮਰਜੀਵੜੇ

ਵਿਸ਼ਾਲ ਦਿਸਹੱਦਿਆਂ ਤਕ ਜਾਂਦੇ ਹਨ

ਕੁਝ ਪਰਤ ਆਉਂਦੇ ਹਨ

'ਤੇ ਕੁਝ ਨਹੀਂ ਵੀ ਪਰਤਦੇ

ਤਾਂ ਸਮੁੰਦਰ ਮੇਰੇ ਕੋਲ ਬਹਿ ਕੇ

ਆਪਣਾ ਭੇਤ ਮੈਨੂੰ ਸਮਝਾਉਂਦਾ ਹੈ -

" ਕੁਝ ਵੀ ਜਨਮਦਾ ਨਹੀਂ

'ਤੇ ਕੁਝ ਵੀ ਮੌਤ ਨੂੰ ਪ੍ਰਾਪਤ ਨਹੀਂ ਹੁੰਦਾ,

ਸਭ ਕੁਝ ਮੇਰੇ ਅੰਦਰੋਂ ਹੀ ਪੈਦਾ ਹੁੰਦਾ ਹੈ

'ਤੇ ਮੇਰੇ ਅੰਦਰ ਹੀ ਸਮਾ ਜਾਂਦਾ ਹੈ,

ਪਰ ਮੈਂ ਅਨੰਤ ਕਾਲ ਤੋਂ ਇੱਥੇ ਹੀ ਸਾਂ

'ਤੇ ਇੱਥੇ ਹੀ ਰਹਾਂਗਾ "

................

ਇਸੇ ਤਰਾਂ ਹੀ ਕਦੇ - ਕਦੇ

ਉਦਾਸ, ਪਰੇਸ਼ਾਨ 'ਤੇ ਸਲ੍ਹਾਬੇ ਹੋਏ ਦਿਨੀਂ

ਧੁੱਪ ਮੇਰੇ ਥੱਕੇ ਚਿਹਰੇ ਉੱਪਰ

ਆਪਣਾ ਨਿੱਘਾ ਜਿਹਾ, ਕੋਮਲ

'ਤੇ ਰੌਸ਼ਨ ਦੁਪੱਟਾ ਫੇਰ ਕੇ ਆਖਦੀ ਹੈ -

ਬਦਰੰਗ ਮੌਸਮਾਂ ਵਿਚ ਵੀ

ਚਾਨਣ ਕਿਧਰੇ ਨਹੀਂ ਜਾਂਦੇ

'ਤੇ ਸੂਰਜ ਖ਼ਤਮ ਨਹੀਂ ਹੁੰਦੇ,

ਸਭ ਕੁਝ ਤੁਹਾਡੇ ਅੰਦਰੋਂ ਹੀ ਉਦੈ ਹੁੰਦਾ ਹੈ

'ਤੇ ਤੁਹਾਡੇ ਅੰਦਰ ਹੀ ਅਸਤ ਹੋ ਜਾਂਦਾ ਹੈ "

.............

ਹੁਣ ਜਦ ਤੂੰ ਮੇਰੇ ਕੋਲ਼ ਨਹੀਂ

ਤਾਂ ਮੈਂ ਸੂਰਜ, ਸਮੁੰਦਰ 'ਤੇ ਮਾਰੂਥਲ

ਨਾਲ ਬੈਠ ਕੇ ਤੇਰੀਆਂ ਗੱਲਾਂ ਕਰਦਾ ਹਾਂ

'ਤੇ ਇਕ - ਦੂਸਰੇ ਦੀਆਂ ਕਹਾਣੀਆਂ ਨੂੰ ਸੁਣਦੇ

ਅਸੀਂ ਮੁਹੱਬਤ ਦੇ ਸਦੀਵੀ

'ਤੇ ਭੇਦ ਭਰੇ ਨੁਕਤੇ 'ਤੇ ਪਹੁੰਚਦੇ ਹਾਂ

ਕਿ ਹਰ ਇਕ ਦੂਰੀ ਅਰਥਹੀਣ ਹੈ,

ਕਿਸੇ ਵੀ ਵਿਅਕਤੀ ਦੇ ਦੂਰ ਚਲੇ ਜਾਣ ਨਾਲ

ਉਹਦੇ ਲਈ ਪਿਆਰ ਘਟ ਜਾਂ ਵਧ ਨਹੀਂ ਜਾਂਦਾ,

ਉਹ ਤਾਂ ਬਸ ਅੰਦਰ ਹੁੰਦਾ ਹੀ ਹੈ

ਅਤੇ ਸਮੇਂ - ਸਮੇਂ ਰੁਮਕਦਾ ਰਹਿੰਦਾ ਹੈ

................

' ਮੇਰੇ ਦੋਸਤ,

ਤੂੰ ਹਰ ਇਕ ਸਦੀਵੀ ਸੱਚ ਵਾਂਗ

ਅਨੰਤ ਕਾਲ ਤੋਂ ਮੇਰੇ ਅੰਦਰ ਹੀ ਮੌਜੂਦ ਹੈਂ,

ਮੈਂ ਸਮੇਂ - ਸਮੇਂ ਤੇਰੇ ਅੰਦਰੋਂ ਹੀ ਉਗਮਦਾ

'ਤੇ ਤੇਰੇ ਅੰਦਰ ਹੀ ਬਿਖ਼ਰ ਜਾਂਦਾ ਹਾਂ,

ਤੇਰਾ ਜਾਣਾ 'ਤੇ ਪਰਤ ਕੇ ਨਾ ਆਉਣਾ

ਇਕ ਵਿਅਕਤੀ ਦਾ ਸੱਚ ਸੀ

ਪਰ ਆ, ਹੁਣ ਹੱਥ ਵਿਚ ਹੱਥ ਫੜ ਕੇ

ਅਸੀਂ ਸੂਰਜਾਂ, ਸਮੁੰਦਰਾਂ 'ਤੇ ਮਾਰੂਥਲਾਂ

ਦੇ ਸੱਚ ਨੂੰ ਜੀਵੀਏ '

Thursday, October 15, 2009

ਸੁਖਦੇਵ - ਨਜ਼ਮ

ਸਾਹਿਤਕ ਨਾਮ: ਸੁਖਦੇਵ

ਅਜੋਕਾ ਨਿਵਾਸ: ਮਲੋਟ, ਮੁਕਤਸਰ ( ਪੰਜਾਬ)

ਕਿੱਤਾ: ਅਧਿਆਪਨ

ਕਿਤਾਬਾਂ: ਰਚਨਾਵਾਂ ਕਿਤਾਬੀ ਰੂਪ ਵਿਚ ਅਜੇ ਤੱਕ ਪ੍ਰਕਾਸ਼ਿਤ ਨਹੀਂ ਹੋਈਆਂ। ਨਾਗਮਣੀ, ਸਮਦਰਸ਼ੀ, ਹੁਣ, ਅੱਖਰ ਆਦਿ ਸਿਰਕੱਢ ਸਾਹਿਤਕ ਮੈਗਜ਼ੀਨਾਂ ਵਿਚ ਵਿਚ ਕਈ ਨਜ਼ਮਾਂ ਤੇ ਕਹਾਣੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਸੁਖਦੇਵ ਜੀ ਨੇ ਜ਼ੈੱਨ ਕਹਾਣੀਆਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਹੈ, ਜੋ ਹਫ਼ਤਾਵਾਰੀ ਅਜੀਤ ਵਿਚ ਛਪਦਾ ਰਿਹਾ ਹੈ।

-----

ਦੋਸਤੋ! ਅੱਜ ਸੁਖਦੇਵ ਜੀ ਨੇ ਆਪਣੀਆਂ ਬੇਹੱਦ ਖ਼ੂਬਸੂਰਤ ਨਜ਼ਮਾਂ ਨਾਲ਼ ਆਰਸੀ ਦੀ ਅਦਬੀ ਮਹਿਫ਼ਿਲ ਚ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਮੈਂ ਉਹਨਾਂ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ, ਇਹਨਾਂ ਨਜ਼ਮਾਂ ਨੂੰ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*************

ਕਵਿਤਾ

ਨਜ਼ਮ

ਮੈਂ ਕਵਿਤਾ ਲਿਖ ਲੈਂਦਾ ਹਾਂ

ਸੁੱਕੇ ਹੋਏ ਪੱਤੇ ਵਿੱਚੋਂ

ਝਾਕਦੀਆਂ ਹਰੀਆਂ ਲਕੀਰਾਂ ਵਰਗੀ

............

ਪਰ ਜੋ ਇੱਕ ਸੰਘਣਾ ਸੁਹਾਵਣਾ

ਤੇ ਹਰਿਆ ਭਰਿਆ ਬਿਰਖ

ਇਸ ਵਿੱਚ ਨਹੀਂ ਦੀਂਹਦਾ

ਉਹਦਾ ਮੈਂ ਕੀ ਕਰਾਂ !!!

======

ਅਸੀਸ

ਨਜ਼ਮ

ਬਿਖੜਾ ਰਸਤਾ

ਔਝੜ ਪੈਂਡਾ

ਹਨੇਰੀਆਂ ਰਾਤਾਂ

ਸੌ ਸੱਪ-ਸਲੂਟੀ

ਲੱਖਾਂ ਡਰ-ਭਉ

ਤੇ ਦੂਰ ਹੈ ਮੰਜ਼ਿਲ

..........

ਪਰ ਪੁੱਤਰ,

ਆਹ ਲੈ ਦੀਵਾ

ਆਹ ਲੈ ਬੱਤੀ

ਤੇ ਜਿਊਣ ਜੋਗਿਆ,

ਚਿਣਗ ਆਪਣੇ

ਅੰਦਰ ਦੀ ਬਾਲ਼ ਲਵੀਂ !

======

ਤੁਰਨ ਦੀ ਜਾਚ

ਨਜ਼ਮ

ਮੈਂ

ਤੁਰਦਾ ਹਾਂ ਬਾਹਰ

ਤੇ ਤੱਕਦਾ ਹਾਂ ਅੰਦਰ

.........

ਮੈਂ

ਤੁਰਦਾ ਹਾਂ ਅੰਦਰ

ਤੇ ਭਟਕਦਾ ਹਾਂ ਬਾਹਰ

..........

ਇੱਕ ਉਮਰ ਲੰਘ ਚੱਲੀ ਹੈ

ਪਰ ਮੈਨੂੰ ਅਜੇ ਵੀ ਤੁਰਨ ਦੀ

ਜਾਚ ਨਹੀਂ ਆਈ।

=========

ਚੰਗਾ ਨਹੀਂ

ਨਜ਼ਮ

ਦੀਵਾ ਜਗਦਾ ਹੈ

ਤਾਂ ਚਾਨਣ ਹੁੰਦਾ ਹੈ

ਸ਼ਾਇਰ ਬੋਲਦਾ ਹੈ

ਤਾਂ ਕੰਦੀਲ ਜਾਗਦੀ ਹੈ

ਸੂਰਜ ਚੜ੍ਹਦਾ ਹੈ

ਤਾਂ ਰੌਸ਼ਨੀ ਦਾ ਹੜ੍ਹ ਆਉਂਦਾ ਹੈ

ਪਰ ਸਾਰਾ ਹੀ ਚਾਨਣ

ਬਾਹਰ ਤੋਂ ਆਵੇ

ਇਹ ਵੀ ਕੋਈ ਚੰਗੀ ਗੱਲ ਨਹੀਂ।

=======

ਜਸ਼ਨ

ਨਜ਼ਮ

ਰਾਤ ਦੀ ਪਗਡੰਡੀ

ਅੰਤਰ ਦੇ ਦੀਵੇ

ਚੁੱਪਚਾਪ...ਬੇਪ੍ਰਵਾਹ

ਤੁਰਦੇ ਜਾਣਾ... ਤੁਰਦੇ ਜਾਣਾ

ਕਾਲ਼ੀ.... ਹਨੇਰੀ

ਸਲ੍ਹਾਬੀ ਜਿਹੀ ਮਿੱਟੀ ਵਿਚ

ਸੁਨਹਿਰੀ ਫੁੱਲਾਂ ਦੇ ਖਿੜਨ ਦਾ

ਆਪਣਾ ਹੀ ਜਸ਼ਨ ਹੁੰਦਾ ਹੈ।