ਗੱਲ ਕਰੀਏ ਦੇਸ਼ ਪੰਜਾਬ ਦੀ
ਗੀਤ
ਗੱਲ ਸਤਲੁਜ ਰਾਵੀ ਬਿਆਸ ਦੀ, ਗੱਲ ਜੇਹਲਮ ਅਤੇ ਝਨਾਬ ਦੀ।
ਰਲ਼-ਮਿਲ਼ ਬਹਿ ਕੇ ਗੱਲ ਕਰੀਏ, ਪਿੱਤਰਾਂ ਦੇ ਦੇਸ਼ ਪੰਜਾਬ ਦੀ।
----
ਵਿਰਸੇ ਅਤੇ ਵਿਹਾਰ 'ਚ ਬਹਿ ਕੇ, ਮਰਿਯਾਦਾ ਦੇ ਵਿੱਚ-ਵਿੱਚ ਰਹਿ ਕੇ
ਆਪਣੀ ਗੱਲ ਤਾਂ ਕਰ ਸਕਦੇ ਹਾਂ, ਆਪਣੇ ਆਪਣੇ ਹੌਕੇ ਲੈ ਕੇ
ਇੰਝ ਤਾਂ ਆਪਣਾ ਕੁਝ ਨਹੀਂ ਬਣਨਾ, ਕੱਲੇ-ਕੱਲੇ ਰੋਂਦੇ ਰਹਿ ਕੇ
ਕਿੰਨੇ ਚਿਰ ਤੱਕ ਤੁਰੇ ਫਿਰਾਂਗੇ, ਏਸ ਤਰਾਂ ਹੀ ਸਭ ਕੁਝ ਸਹਿ ਕੇ
ਮਿਲ਼ ਬੈਠ ਕੇ ਗੱਲ ਕਰੀਏ, ਸਾਡੀ ਧੁੰਦਲ਼ੀ ਪੈਂਦੀ ਤਾਬ ਦੀ।
ਗੱਲ ਸਤਲੁਜ ਰਾਵੀ ਬਿਆਸ ਦੀ, ਗੱਲ ਜੇਹਲਮ ਅਤੇ ਝਨਾਬ ਦੀ।
----
ਪੰਜੇ ਪਾਣੀ ਫਿਰ ਵੀ ਰਲ਼ਦੇ, ਸਾਨੂੰ ਇੱਕ ਸੁਨੇਹਾ ਘੱਲਦੇ
ਦੱਸਿਓ ਕਿਸ ਦਰਿਆ ਦਾ ਪਾਣੀ, ਜਦ ਪਾਣੀ ਪਾਣੀ ਨਾਲ਼ ਰਲ਼ਦੇ
ਵੰਡੀਆਂ ਪਾ ਕੇ, ਤਾਰਾਂ ਲਾ ਕੇ, ਮਾਂ ਨੂੰ ਵੰਡ ਕੇ ਕਿਸ ਨੂੰ ਛਲ਼ਦੇ
ਇੱਕੋ ਮਾਂ ਦੀ ਛਾਤੀ ਚੁੰਘਦੇ, ਦੋ ਪੁੱਤਰ ਵੱਖੋ ਵੱਖ ਪਲ਼ਦੇ
ਆਓ ਰਲ ਮਿਲ ਕੇ ਗੱਲ ਕਰੀਏ, ਦਰਿਆਵਾਂ ਦੇ ਆਬ ਦੀ।
ਗੱਲ ਸਤਲੁਜ ਰਾਵੀ ਬਿਆਸ ਦੀ, ਗੱਲ ਜੇਹਲਮ ਅਤੇ ਝਨਾਬ ਦੀ।
----
ਵਾਘਿਓਂ ਪਾਰ ਮਿਲ਼ਣ ਨੂੰ ਜਾਈਏ, ਜਾ ਕੇ ਆਪਣਾ ਦਰਦ ਸੁਣਾਈਏ
ਆਪਣਿਆਂ ਨੂੰ ਗਲ਼ ਨਾਲ਼ ਲਾਈਏ, ਇੱਕ ਦੂਜੇ ਦੀ ਪੀੜ ਵੰਡਾਈਏ
ਰੁੱਸੇ ਹਾਂ ਤਾਂ ਵੀ ਮੰਨ ਜਾਈਏ, ਜੇ ਭੁੱਲੇ ਹਾਂ ਤਾਂ ਪਛਤਾਈਏ
ਗੱਲ ਕਰਨ ਲਈ ਸਫ਼ ਵਿਛਾਈਏ, ਕੁਝ ਸੁਣੀਏਂ ਤੇ ਕੁਝ ਸਮਝਾਈਏ
ਨਾਨਕ ਤੇ ਮਰਦਾਨੇ ਦੀ ਗੱਲ, ਗੱਲ ਬਾਣੀ ਅਤੇ ਰਬਾਬ ਦੀ।
ਗੱਲ ਸਤਲੁਜ ਰਾਵੀ ਬਿਆਸ ਦੀ, ਗੱਲ ਜੇਹਲਮ ਅਤੇ ਝਨਾਬ ਦੀ।
----
ਕੀ ਗਲਤੀ ਆਪਣੇ ਤੋਂ ਹੋਈ, ਦੋਹੀਂ ਪਾਸੀਂ ਜਾਂਦੇ ਰੋਈ
ਆਪਣੇ ਪੁੱਤਰਾਂ ਕੋਲੋਂ ਮਾਂ ਨੇ, ਦੱਸੋ ਕੇਹੜੀ ਚੀਜ਼ ਲੁਕੋਈ
ਖ਼ੂਨ ਦੇ ਰਿਸ਼ਤੇ ਸਾਡੇ ਫਿਰ ਵੀ ਕੌਣ ਇਨ੍ਹਾਂ ਨੂੰ ਜਾਂਦਾ ਧੋਈ
ਇੱਕ ਮਾਲਾ ਦੇ ਮਣਕੇ ਕਾਹਤੋਂ ਦੋ ਤੰਦਾਂ ਵਿੱਚ ਜਾਣ ਪਰੋਈ
ਪੰਜਾਂ ਫੁੱਲਾਂ ਦੀ ਗੱਲ ਇੱਕੋ, ਜੇ ਡਾਲੀ ਇੱਕ ਗੁਲਾਬ ਦੀ।
ਗੱਲ ਸਤਲੁਜ ਰਾਵੀ ਬਿਆਸ ਦੀ, ਗੱਲ ਜੇਹਲਮ ਅਤੇ ਝਨਾਬ ਦੀ।
----
ਨਾ ਤੂੰ ਮੇਰਾ ਦੋਸ਼ੀ ਵੀਰਾ, ਨਾ ਮੈਂ ਤੇਰਾ ਦੋਸ਼ੀ
ਸੱਤ ਇਕਵੰਜਾ ਤੇਰੀ ਮੇਰੀ, ਬੜੀ ਸਿਆਸਤ ਹੋਛੀ
ਐਨਾ ਕਤਲੇਆਮ ਕਰਾਕੇ ਬਿਲਕੁਲ ਨਹੀਂ ਨਮੋਸ਼ੀ
ਸਾਡੇ ਸਿਰ ਵਢਵਾ ਕੇ ਕਰਦੇ ਫਿਰਦੇ ਤਾਜ ਫਿਰੋਸ਼ੀ
ਕੀ ਕੀ ਗੱਲਾਂ ਕਰੀਏ, ਇਹ ਮੁੱਕਣੀਂ ਨਹੀਂ ਵਹੀ ਹਿਸਾਬ ਦੀ।
ਗੱਲ ਸਤਲੁਜ ਰਾਵੀ ਬਿਆਸ ਦੀ, ਗੱਲ ਜੇਹਲਮ ਅਤੇ ਝਨਾਬ ਦੀ।