ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, March 31, 2011

ਗੁਰੂ ਰਾਬਿੰਦਰ ਨਾਥ ਟੈਗੋਰ – ਰਚਨਾਵਲੀ – ਪੰਜਾਬੀ ਵਿਚ ਅਨੁਵਾਦ ਪ੍ਰਕਾਸ਼ਿਤ – ਆਰਸੀ ਪਰਿਵਾਰ ਵੱਲੋਂ ਮੁਬਾਰਕਾਂ

....ਰਾਬਿੰਦਰ ਨਾਥ ਟੈਗੋਰ ਦੀ ਚੋਣਵੀਂ ਕਵਿਤਾ ਦੀ ਇਹ ਪੁਸਤਕ ਉਨ੍ਹਾਂ ਦੀ 150-ਸਾਲਾ ਜਨਮ ਸ਼ਤਾਬਦੀ ਮੌਕੇ ਪ੍ਰਕਾਸ਼ਿਤ ਕੀਤੀ ਗਈ। ਇਸ ਵਿਚ ਪ੍ਰੋ: ਮੋਹਨ ਸਿੰਘ ਨੇ ਕ੍ਰੈਸੰਟ ਮੂਨ , ਅਜਮੇਰ ਰੋਡੇ ਨੇ ਗੀਤਾਂਜਲੀ ਅਤੇ ਡਾ. ਸੁਰਜੀਤ ਪਾਤਰ ਨੇ ਹੋਰ ਕਾਵਿ ਪੁਸਤਕਾਂ ਵਿਚੋਂ ਕਵਿਤਾਵਾਂ ਅਨੁਵਾਦ ਕੀਤੀਆਂ।

-----


ਪੁਸਤਕ ਨੂੰ ਖ਼ੂਬਸੂਰਤ ਹਲਕੇ ਖਾਕੀ ਪੇਪਰ ਉੱਤੇ ਸਵਰਨਜੀਤ ਸਵੀ ਨੇ ਕਲਾਸੀਕਲ ਸਟਾਇਲ ਵਿਚ ਪ੍ਰਕਾਸ਼ਿਤ ਕੀਤਾ ਅਤੇ ਅਨੁਵਾਦਾਂ ਤੋਂ ਇਲਾਵਾ ਇਸ ਵਿਚ ਟੈਗੋਰ ਦੀਆਂ ਅਤੇ ਅਨੁਵਾਦਕਾਂ ਦੀਆਂ ਹੱਥ-ਲਿਖਤਾਂ ਦੇ ਪੰਨੇ ਵੀ ਸ਼ਾਮਿਲ ਕੀਤੀਆਂ। ਪੁਸਤਕ ਦੀ ਦਿੱਖ ਅਦੁੱਤੀ ਤੇ ਅਤਿ ਕਲਾਮਈ ਹੈ।


-----


ਸਾਹਿਤ ਅਕਾਦਮੀ ਦਿੱਲੀ ਨੇ ਇਸ ਨੂੰ ਦਸੰਬਰ 2010 ਵਿਚ ਸ਼ਾਂਤੀ ਨਿਕੇਤਨ ਸਥਿਤ ਵਿਸ਼ਵਭਾਰਤੀ ਯੂਨੀਵਰਸਿਟੀ ਵਿਚ ਰਿਲੀਜ਼ ਕੀਤਾ। ਰਿਲੀਜ਼ ਸਮਾਰੋਹ ਵਿਚ ਡਾ. ਸੁਤਿੰਦਰ ਨੂਰ, ਡਾ. ਸੁਰਜੀਤ ਪਾਤਰ, ਅਮਰਜੀਤ ਗਰੇਵਾਲ, ਸਵਰਨਜੀਤ ਸਵੀ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਗੁਰਭਜਨ ਗਿੱਲ ਤੇ ਕਈ ਹੋਰ ਪੰਜਾਬੀ ਲੇਖਕ ਸ਼ਾਮਿਲ ਹੋਏ। ਨੂਰ ਸਾਹਿਬ ਨੇ ਦੱਸਿਆ ਕਿ ਬੰਗਾਲੀ ਵਿਦਵਾਨਾਂ ਤੇ ਲੇਖਕਾਂ ਨੇ ਪੁਸਤਕ ਨੂੰ ਜੀਅ ਆਇਆਂ ਕਿਹਾ ਅਤੇ ਇਸ ਬਾਰੇ ਅਤਿ ਪ੍ਰਸ਼ੰਸ਼ਾ ਭਰੇ ਸ਼ਬਦ ਕਹੇ ... *** ਅਜਮੇਰ ਰੋਡੇ


******


ਟੈਗੋਰ ਦੇ ਕਵੀ-ਰੂਪ ਦਾ ਪਰਗਾਸ ...ਸਾਰੇ ਭਾਰਤਵਾਸੀਆਂ ਨੂੰ ਇਸ ਗੱਲ ਦਾ ਮਾਣ ਹੈ ਕਿ ਰਾਬਿੰਦਰ ਨਾਥ ਟੈਗੋਰ ਭਾਰਤੀ ਸਨ। ਬੰਗਾਲੀਆਂ ਲਈ ਇਹ ਮਾਣ ਜ਼ਿਆਦਾ ਗੂੜ੍ਹਾ ਹੋ ਜਾਂਦਾ ਹੈ ਕਿਉਂਕਿ ਟੈਗੋਰ ਬੰਗਾਲੀ ਸਨ। ਪਰ ਪੰਜਾਬੀਆਂ ਦਾ ਟੈਗੋਰ ਲਈ ਮਾਣ ਵੀ ਬਹੁਤ ਗੂੜ੍ਹਾ ਹੈ ਕਿਉਂਕਿ ਟੈਗੋਰ ਨੇ ਪੰਜਾਬ ਨੂੰ ਬਹੁਤ ਪਿਆਰ ਕੀਤਾ। ਟੈਗੋਰ ਦੀਆਂ ਯਾਦਾਂ ਵਿਚ ਸ੍ਰੀ ਦਰਬਾਰ ਸਾਹਿਬ ਦੀ ਬਹੁਤ ਕਾਵਿਕ ਤੇ ਸਨੇਹਮਈ ਸਿਮਰਤੀ ਹੈ। ਟੈਗੋਰ ਨੇ ਗੁਰੂ ਗੋਬਿੰਦ ਸਿੰਘ ਬਾਰੇ ਕਵਿਤਾ ਲਿਖੀ, ਬੰਦਾ ਬਹਾਦਰ ਬਾਰੇ ਕਵਿਤਾ ਲਿਖੀ। ਭਾਈ ਤਾਰੂ ਤੇ ਭਾਈ ਹਕੀਕਤ ਰਾਏ ਦੇ ਸ਼ਹੀਦੀ ਸਾਕਿਆਂ ਬਾਰੇ ਵੀ ਲਿਖਿਆ। ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਟੈਗੋਰ ਨੇ ਗੁਰੂ ਨਾਨਕ ਰਚਿਤ ਆਰਤੀ:



ਗਗਨ ਮੈ ਥਾਲੁ ਰਵਿ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ



ਦੇ ਬੋਲ ਸੁਣੇ ਤਾਂ ਕਿਹਾ: ਇਹ ਤਾਂ ਬ੍ਰਹਿਮੰਡੀ ਗਾਨ (Cosmic Anthem) ਹੈ।



ਤੇ ਫਿਰ ਜਲ੍ਹਿਆਂ ਵਾਲਾ ਬਾਗ਼ ਅੰਮ੍ਰਿਤਸਰ ਦੇ ਸਾਕੇ ਤੋਂ ਬਾਅਦ, ਬਰਤਾਨੀਆ ਸਰਕਾਰ ਦੇ ਇਸ ਘਿਨਾਉਣੇ ਤੇ ਬੇਕਿਰਕ ਵਿਵਹਾਰ ਪ੍ਰਤੀ ਆਪਣੇ ਵਿਦਰੋਹ ਵਜੋਂ ਸਰਦੀ ਉਪਾਧੀ ਵਾਪਿਸ ਕਰ ਦਿਤੀ।


-----


ਟੈਗੋਰ ਦੀ 150ਵੀਂ ਜਯੰਤੀ ਦੇ ਮੌਕੇ ਤੇ ਅਸੀਂ ਉਸ ਮਹਾਨ ਕਵੀ ਦੀ ਕਵਿਤਾ, ਸ਼ਖ਼ਸੀਅਤ ਅਤੇ ਉਸਦੇ ਮਹਾਨ ਸਰੋਕਾਰਾਂ ਅਤੇ ਉੱਚੀਆਂ ਭਾਵਨਾਵਾਂ ਅੱਗੇ ਨਮਸਕਾਰ ਕਰਦੇ ਹਾਂ।


----


ਟੈਗੋਰ ਇਕ ਸਰਬੰਗੀ ਸਾਹਿਤਕਾਰ ਸਨ, ਉਹਨਾਂ ਦੀ 150ਵੀਂ ਜਯੰਤੀ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਟੈਗੋਰ ਸਿਰਜਣਾ ਦੇ ਅਨੇਕ ਰੂਪਾਂ ਨੂੰ ਨੁਮਾਇਆ ਕੀਤਾ ਜਾ ਰਿਹਾ ਹੈ।


-----


ਵਿਸ਼ਵ ਦੀ ਸਿਮਰਤੀ ਵਿਚ ਟੈਗੋਰ ਦਾ ਕਵੀ ਰੂਪ ਸਭ ਤੋਂ ਉਘੜਵਾਂ ਹੈ। ਇਹ ਪੁਸਤਕ ਟੈਗੋਰ ਦੇ ਇਸ ਰੂਪ ਦਾ ਹੀ ਪਰਗਾਸ ਹੈ।


-----


ਇਸ ਪੁਸਤਕ ਦੇ ਤਿੰਨ ਹਿੱਸੇ ਹਨ। ਪਹਿਲੇ ਹਿੱਸੇ ਵਿਚ ਪੰਜਾਬੀ ਦੇ ਮਹਾਨ ਕਵੀ ਪ੍ਰੋ: ਮੋਹਨ ਸਿੰਘ ਦੀਆਂ ਅਨੁਵਾਦ ਕੀਤੀਆਂ ਕਵਿਤਾਵਾਂ ਸ਼ਾਮਲ ਹਨ। ਦੂਜੇ ਹਿੱਸੇ ਵਿਚ ਕੈਨੇਡਾ ਵਸਦੇ ਪ੍ਰਬੁੱਧ ਪੰਜਾਬੀ ਕਵੀ ਅਜਮੇਰ ਰੋਡੇ ਹੋਰਾਂ ਦੇ ਕੀਤੇ ਅਨੁਵਾਦ ਹਨ ਤੇ ਤੀਜੇ ਹਿੱਸੇ ਵਿਚ ਮੇਰੇ ਦੁਆਰਾ ਅਨੁਵਾਦ ਕੀਤੀਆਂ ਕਵਿਤਾਵਾਂ ਸ਼ਾਮਲ ਹਨ।


-----


ਟੈਗੋਰ ਦੀ ਸਮੁੱਚੀ ਕਵਿਤਾ ਦਾ ਬਹੁਤ ਥੋੜ੍ਹਾ ਹਿੱਸਾ ਇਸ ਪੁਸਤਕ ਵਿਚ ਸ਼ਾਮਿਲ ਹੈ, ਪਰ ਫਿਰ ਵੀ ਇਸ ਵਿਚ ਉਨ੍ਹਾਂ ਦੀ ਕਵਿਤਾ ਦੀਆਂ ਅਨੇਕ ਸਿਖ਼ਰਾਂ ਦੇਖੀਆਂ ਜਾ ਸਕਦੀਆਂ ਹਨ। ਕਿਤੇ ਟੈਗੋਰ ਕੋਮਲਤਾ ਅਤੇ ਸਮਰਪਣ ਦਾ ਰੂਪ ਹੈ, ਕਿਤੇ ਕੁਦਰਤ ਦੇ ਮੂੰਹ-ਜ਼ੋਰ ਮੰਜ਼ਿਰਾਂ ਦਾ ਓਜੱਸਵੀ ਚਿਤੇਰਾ।


-----


ਇਨ੍ਹਾਂ ਸ਼ਬਦਾਂ ਨਾਲ ਇਹ ਕਾਵਿ-ਪੁਸਤਕ, ਜਿਸਨੂੰ ਕਵੀ ਚਿਤ੍ਰਕਾਰ ਸਵਰਨਜੀਤ ਸਵੀ ਨੇ ਬਹੁਤ ਕਲਾਮਈ ਢੰਗ ਨਾਲ ਸਜਾਇਆ ਹੈ, ਪਿਆਰ ਸਹਿਤ ਪੰਜਾਬੀ ਪਾਠਕਾਂ ਨੂੰ ਸਮਰਪਿਤ ਹੈ ... **** ਡਾ. ਸੁਰਜੀਤ ਪਾਤਰ, ਸੰਪਾਦਕ


*****


ਦੋਸਤੋ! ਗੁਰੂ ਰਾਬਿੰਦਰ ਨਾਥ ਟੈਗੋਰ ਜੀ ਦੀ ਪੰਜਾਬੀ ਚ ਅਨੁਵਾਦਿਤ ਰਚਨਾਵਲੀ ਦੀ ਇਹ ਸਾਰੀ ਜਾਣਕਾਰੀ ਆਰਸੀ ਪਰਿਵਾਰ ਵਾਸਤੇ ਬਰਨਬੀ, ਬੀ.ਸੀ., ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਸਤਿਕਾਰਤ ਅਜਮੇਰ ਰੋਡੇ ਸਾਹਿਬ ਵੱਲੋਂ ਘੱਲੀ ਗਈ ਹੈ, ਅਸੀਂ ਉਹਨਾਂ ਦੇ ਮਸ਼ਕੂਰ ਹਾਂ। ਹੋਰਨਾਂ ਭਾਸ਼ਾਵਾਂ ਤੋਂ ਚੰਗਾ ਸਾਹਿਤ ਅਨੁਵਾਦ ਹੋ ਕੇ ਪੰਜਾਬੀ ਚ ਪ੍ਰਕਾਸ਼ਿਤ ਹੋਵੇ, ਸਾਡੇ ਸਭ ਲਈ ਇਹ ਮਾਣ ਵਾਲ਼ੀ ਗੱਲ ਹੈ। ਇਸ ਨਾਲ਼ ਜਿੱਥੇ ਅਸੀਂ ਬਾਕੀ ਭਾਸ਼ਾਵਾਂ ਦੇ ਸਾਹਿਤ ਨਾਲ਼ ਜੁੜਦੇ ਹਾਂ, ਉੱਥੇ ਸਾਡਾ ਆਪਣਾ ਸਾਹਿਤ ਵੀ ਅਮੀਰ ਅਤੇ ਉਸਦਾ ਘੇਰਾ ਵਸੀਹ ਹੁੰਦਾ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੂੰ ਆਰਸੀ ਪਰਿਵਾਰ ਵੱਲੋਂ ਇਸ ਉੱਦਮ ਦੀਆਂ ਮੁਬਾਰਕਾਂ। ਕਿਤਾਬ ਖ਼ਰੀਦਣ ਬਾਰੇ ਲੋੜੀਂਦੀ ਜਾਣਕਾਰੀ ਟਾਈਟਲ ਡਿਜ਼ਾਈਨ ਸਹਿਤ ਹੇਠਾਂ ਪੋਸਟ ਕੀਤੀ ਜਾ ਰਹੀ ਹੈ। ਤੁਸੀਂ ਵੀ ਪ੍ਰਕਾਸ਼ਕ ਨਾਲ਼ ਸੰਪਰਕ ਕਰਕੇ ਇਸਦੀ ਕਾਪੀ ਹੁਣੇ ਰਾਖਵੀਂ ਕਰ ਸਕਦੇ ਹੋ। ਬਹੁਤ-ਬਹੁਤ ਸ਼ੁਕਰੀਆ।


ਅਦਬ ਸਹਿਤ


ਤਨਦੀਪ ਤਮੰਨਾ


******


ਟੈਗੋਰ ਰਚਨਾਵਲੀ ਚੋਣਵੀਂ ਕਵਿਤਾ


ਲੇਖਕ: ਰਾਬਿੰਦਰ ਨਾਥ ਟੈਗੋਰ


ਸੰਪਾਦਕ: ਡਾ. ਸੁਰਜੀਤ ਪਾਤਰ


ਅਨੁਵਾਦਕ: ਪ੍ਰੋ: ਮੋਹਨ ਸਿੰਘ, ਅਜਮੇਰ ਰੋਡੇ, ਡਾ. ਸੁਰਜੀਤ ਪਾਤਰ


ਪ੍ਰਕਾਸ਼ਕ: ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, ਸਾਹਿਤ ਅਕਾਦਮੀ ਨਵੀਂ ਦਿੱਲੀ (ਸਰਪ੍ਰਸਤ)


ਪ੍ਰਕਾਸ਼ਨ ਵਰ੍ਹਾ: ਦਸੰਬਰ 2010


ਕੀਮਤ: 300 ਰੁਪਏ


******


ਖਿਡਾਲਾਂ


ਨਜ਼ਮ


ਬੱਚਿਆ, ਤੂੰ ਘੱਟੇ ਵਿਚ ਬੈਠਾ


ਤੇ ਸਾਰੀ ਸਵੇਰ ਇਕ ਟੁੱਟੀ ਟਾਹਣੀ ਨਾਲ਼ ਖੇਡਦਾ ਕਿੰਨਾ ਖ਼ੁਸ਼ ਹੈਂ!


ਟੁੱਟੀ ਟਾਹਣੀ ਦੇ ਟੋਟੇ ਨਾਲ਼ ਤੈਨੂੰ ਖੇਡਦਿਆਂ ਦੇਖ


ਮੈਂ ਮੁਸਕਰਾ ਉਠਦਾ ਹਾਂ।


ਮੈਂ ਆਪਣੇ ਲੇਖੇ ਵਿਚ ਰੁੱਝਾ ਹਾਂ


ਘੰਟਿਆਂ ਤੋਂ ਅੰਕਾਂ ਦਾ ਜੋੜ ਲਾਉਂਦਾ


ਖ਼ਬਰੇ ਤੂੰ ਮੇਰੇ ਵੱਲ ਦੇਖ ਕੇ ਸੋਚਦਾ ਹੋਵੇਂ...


..............


ਕੈਸੀ ਫ਼ਜ਼ੂਲ ਖੇਡ ਹੈ ਇਹ


ਜਿਸ ਨਾਲ਼ ਤੇਰੀ ਸਵੇਰ ਦਾ ਨਾਸ ਹੋ ਗਿਆ ਹੈ


............


ਬੱਚਿਆ, ਮੈਂ ਸੋਟੀਆਂ ਤੇ ਮਿੱਟੀ ਦੀਆਂ ਬਾਜੀਆਂ


ਨਾਲ਼ ਖੇਡਣ ਦੀ ਕਲਾ ਨੂੰ ਭੁਲਾ ਬੈਠਾ ਹਾਂ


ਮੈਂ ਮਹਿੰਗੀਆਂ ਬਾਜੀਆਂ ਨੂੰ ਭਾਲ਼ਦਾ


ਤੇ ਸੋਨੇ ਚਾਂਦੀ ਦੇ ਢੇਰ ਇੱਕਠੇ ਕਰਦਾ ਫਿਰਦਾ ਹਾਂ


ਤੈਨੂੰ ਜੋ ਵੀ ਲੱਭੇ ਤੇਰੀ ਬਾਜੀ ਹੈ


ਮੈਂ ਕਦੇ ਪ੍ਰਾਪਤ ਨਾ ਹੋਣ ਵਾਲ਼ੀਆਂ ਚੀਜ਼ਾਂ ਪਿੱਛੇ


ਆਪਣਾ ਸਮਾਂ ਤੇ ਸ਼ਕਤੀ ਖ਼ਰਚਦਾ ਰਹਿੰਦਾ ਹਾਂ


ਆਪਣੀ ਜ਼ਰਜ਼ਰੀ ਕਿਸ਼ਤੀ ਵਿਚ


ਮੈਂ ਤ੍ਰਿਸ਼ਨਾ ਦੇ ਸਾਗਰ ਨੂੰ ਪਾਰ ਕਰਨਾ ਚਾਹੁੰਦਾ ਹਾਂ


ਤੇ ਭੁੱਲ ਜਾਂਦਾ ਹਾਂ ਕਿ ਮੈਂ ਵੀ


ਇਕ ਖੇਡ ਹੀ ਖੇਡ ਰਿਹਾ ਹਾਂ।


*****


ਪੰਜਾਬੀ ਅਨੁਵਾਦ: ਪ੍ਰੋ: ਮੋਹਨ ਸਿੰਘ


*****


ਨਜ਼ਮ


ਉਹ ਆਇਆ ਤੇ ਮੇਰੇ ਨਾਲ਼ ਬੈਠ ਗਿਆ


ਪਰ ਮੈਨੂੰ ਜਾਗ ਹੀ ਨਾ ਆਈ


ਕਿੰਨੀ ਸਰਾਪੀ ਨੀਂਦ ਸੀ, ਮੰਦੇਭਾਗ ਮੇਰੇ!


...........


ਇਹ ਆਇਆ ਜਦੋਂ ਰਾਤ ਟਿਕੀ ਹੋਈ ਸੀ


ਬੰਸਰੀ ਉਸਦੇ ਹੱਥ ਵਿਚ ਸੀ


ਅਤੇ ਮੇਰੇ ਸੁਪਨੇ ਉਸਦੀ ਧੁਨ ਨਾਲ਼ ਇਕਸੁਰ ਹੋ ਗਏ


.........


ਆਹ! ਮੇਰੀਆਂ ਰਾਤਾਂ ਇੰਝ ਕਿਉਂ ਬੇਕਾਰ ਨਿਕਲ਼ ਜਾਂਦੀਆਂ ਹਨ?


ਮੈਂ ਉਸਦੇ ਦਰਸ਼ਨ ਤੋਂ ਵਾਂਝਾ ਕਿਉਂ ਰਹਿ ਜਾਂਦਾ ਹਾਂ??


ਜਦੋਂ ਕਿ ਉਸਦਾ ਸਾਹ ਮੇਰੀ ਨੀਂਦ ਨੂੰ ਛੋਹ ਜਾਂਦਾ ਹੈ...


*****


ਪੰਜਾਬੀ ਅਨੁਵਾਦ: ਅਜਮੇਰ ਰੋਡੇ


*****


ਨਜ਼ਮ


ਜੰਗਲ਼, ਧਰਤੀ ਦੇ ਬੱਦਲ਼ ਹਨ


ਜੋ ਚੁੱਪ-ਚਾਪ ਅਸਮਾਨ ਵੱਲ ਵੇਖਦੇ ਹਨ


ਉਪਰਲੇ ਬੱਦਲ਼ ਹੇਠਾਂ ਆਉਂਦੇ ਹਨ


ਛਰਾਟਿਆਂ ਦੇ ਸ਼ੋਰ ਨਾਲ਼ ਗੂੰਜਦੇ...


...........


ਜਹਾਨ ਮੇਰੇ ਨਾਲ਼


ਮੂਰਤਾਂ ਦੁਆਰਾ ਗੱਲਾਂ ਕਰਦਾ ਹੈ


ਮੇਰੀ ਰੂਹ ਸੰਗੀਤ ਰਾਹੀਂ


ਜਵਾਬ ਦੇਂਦੀ ਹੈ


.........


ਸ਼ਾਮ ਦਾ ਧੁੰਦਲਕਾ ਪੀੜ ਵਾਂਗ ਗੂੰਗਾ ਹੈ


ਸਵੇਰ ਦਾ ਧੁੰਦਲਕਾ ਸਕੂਨ ਵਾਂਗ ਚੁੱਪ ਹੈ


.............


ਹੰਕਾਰ ਆਪਣੀਆਂ ਤਿਉੜੀਆਂ


ਪੱਥਰਾਂ ਵਿਚ ਖੁਣਦਾ ਹੈ


ਪਿਆਰ ਫੁੱਲਾਂ ਰਾਹੀਂ ਸਮਰਪਿਤ ਹੁੰਦਾ ਹੈ


*****


ਪੰਜਾਬੀ ਅਨੁਵਾਦ: ਸੁਰਜੀਤ ਪਾਤਰ




Wednesday, March 30, 2011

ਧਰਮਿੰਦਰ ਸੇਖੋਂ - ਆਰਸੀ 'ਤੇ ਖ਼ੁਸ਼ਆਮਦੀਦ - ਨਜ਼ਮ

ਸਾਹਿਤਕ ਨਾਮ : : ਧਰਮਿੰਦਰ ਸੇਖੋਂ

ਅਜੋਕਾ ਨਿਵਾਸ: ਪਿੰਡ : ਬੋੜਾਵਾਲ, ਜ਼ਿਲਾ ਮਾਨਸਾ


ਕਿਤਾਬ: ਰਚਨਾਵਾਂ ਸਿਰਕੱਢ ਪੰਜਾਬੀ ਸਾਹਿਤਕ ਰਸਾਲਿਆਂ ਚ ਛਪ ਚੁੱਕੀਆਂ ਹਨ। ਕਿਤਾਬ ਪ੍ਰਕਾਸ਼ਨ ਅਧੀਨ ਹੈ।


ਦੋਸਤੋ! ਮਾਨਸਾ ਵਸਦੇ ਸ਼ਾਇਰ ਧਰਮਿੰਦਰ ਸੇਖੋਂ ਜੀ ਨੇ ਆਪਣੀਆਂ ਚੰਦ ਖ਼ੂਬਸੂਰਤ ਨਜ਼ਮਾਂ, ਫ਼ੋਟੋ ਅਤੇ ਸਾਹਿਤਕ ਵੇਰਵੇ ਸਹਿਤ ਘੱਲੀਆਂ ਹਨ, ਉਹਨਾਂ ਨੂੰ ਆਰਸੀ ਪਰਿਵਾਰ ਚ ਖ਼ੁਸ਼ਆਮਦੀਦ ਆਖਦਿਆਂ, ਇਹਨਾਂ ਨਜ਼ਮਾਂ ਨੂੰ ਅੱਜ ਦੀ ਪੋਸਟ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।


ਅਦਬ ਸਹਿਤ


ਤਨਦੀਪ ਤਮੰਨਾ


*****


ਯਾਤਰਾ


ਨਜ਼ਮ


ਅੱਜ


ਤੂੰ ਮਿਲ਼ਣ ਆਈ


ਮੈਂ ਚਾਰੇ ਯੁਗ ਜੀਅ ਲਏ


ਚਾਰੇ ਜਾਤਾਂ ਮੇਰੇ ਹਿੱਸੇ ਆਈਆਂ….


…………


ਸਹਿਜ ਸੱਚ ਵਿਚ ਡੁੱਬੀ


ਮੇਰੀ ਪਿਆਰ ਅਭਿਲਾਸ਼ਾ


ਮੈਨੂੰ ਸਤਿਯੁਗ ਲੈ ਗਈ….


.........


ਤ੍ਰੇਤਾ ਜੀਵਿਆ ਮੈਂ,


ਜਦ ਚਾਵਾਂ ਉਮੰਗਾਂ ਨਾਲ਼


ਤੈਨੂੰ ਸੀਨੇ ਲਾਇਆ


.........


ਜਦ ਤੂੰ ਮੇਰਾ ਸੱਚ,


ਮੈਨੂੰ ਦਿਖਾਇਆ


ਤਾਂ ਮੈਂ ਦੁਆਪਰ ਦੇ


ਕਿਸੇ ਬੰਨ੍ਹੇ ਖੜ੍ਹਾ ਸਾਂ


...........


ਕਿਸੇ ਤਪਸ਼ ਨਾਲ਼ ਆਏ ਪਸੀਨੇ ਨੂੰ


ਜਦ ਮੈਂ ਮੱਥਿਓਂ ਪੂੰਝਿਆ


ਤਦ


ਮੈਂ ਕਲਯੁਗ ਜੀਵਿਆ


......


ਤੇਰੀ ਦੇਹ ਦੇ ਵਿਚਾਰ ਨੇ


ਮੈਨੂੰ ਸ਼ੂਦਰ ਕੀਤਾ


......


ਮਨ ਦੀ ਲਾਲਸਾ ਵੈਸ਼


.........


ਮੇਰੀਆਂ ਬਾਹਵਾਂ ਦੀ ਵਲਗਣ ਚੋਂ


ਸੁਰੱਖਿਆ ਲੱਭਣਾ ਤੇਰਾ


ਮੈਨੂੰ ਖੱਤਰੀ ਕਰ ਗਿਆ


......


ਆਖ਼ਿਰ ਤੇਰੀ ਕਿਸੇ ਗੱਲ ਤੇ


ਜਦ ਮੇਰੇ ਅੱਥਰੂ ਵਹਿ ਤੁਰੇ


ਤਦ ਮੈਂ...


ਬ੍ਰਾਹਮਣ ਹੋ ਗਿਆ


=====


ਪ੍ਰਦੂਸ਼ਣ


ਨਜ਼ਮ


ਬਿਰਖਾਂ...


ਪੱਤਿਆਂ...


ਹਵਾਵਾਂ...


ਬਾਰੇ ਲਿਖਕੇ ਮੈਂ


ਅਜੀਬ ਜਿਹੀ ਕਵਿਤਾ


ਔਖੇ ਔਖੇ ਸ਼ਬਦਾਂ ਦਾ ਜੰਜਾਲ਼ ਪਾ


ਕਹਿੰਦਾਂ ਹਾਂ ਉਸਨੂੰ...


...ਅੜੀਏ!! ਦੇਖ


ਮੇਰੀ ਨਵੀਂ ਕਵਿਤਾ..


.....


ਉਹ ਪੜ੍ਹਦੀ


ਮੁਸਕਰਾਉਂਦੀ


ਬਹੁਤ ਵਧੀਆ ਕਹਿ


ਔਖੇ ਔਖੇ ਸਾਹ ਲੈਂਦੀ


ਕਹਿੰਦੀ....


...ਪ੍ਰਦੂਸ਼ਣ ਬਹੁਤ ਹੋ ਗਿਐ


ਚੱਲ


ਪਾਰਕ ਵਿੱਚ ਚੱਲੀਏ...!


=====


ਘਰ-ਘਰ


ਨਜ਼ਮ


ਉਹ


ਮੇਰੇ ਨਾਲ਼


ਘਰ ਘਰ ਖੇਡਦੀ


ਰੁੱਸਦੀ


ਮੰਨਦੀ


ਜ਼ਿੱਦ ਜਿਹੀ ਕਰਦੀ


ਕਹਿੰਦੀ...


ਪੈਰ ਨਾ ਹਟਾਈਂ


ਥਾਪੜਦੀ


ਹੋਰ ਸਿੱਲੀ ਸਿੱਲੀ ਮਿੱਟੀ ਪਾਉਂਦੀ


ਮੇਰੇ ਪੈਰ ਦੁਆਲੇ


ਬਾਹਰ ਤੋਂ


ਚੀਜ਼ਾਂ ਵਾਲੇ ਭਾਈਦਾ ਹੋਕਾ


ਮੈਂ


ਪੈਰ ਖਿੱਚ


ਭੱਜ ਜਾਂਦਾ


ਬਾਹਰ


......


ਮਿੱਟੀ ਦਾ ਘਰ


ਢਹਿ ਜਾਂਦਾ


ਉਹ


ਹੁਣ


ਘਰ ਘਰ ਨਹੀਂ ਖੇਡਦੀ


ਕਦੇ ਵੀ ਕਿਸੇ ਨਾਲ


=====


ਬੰਸਰੀ


ਨਜ਼ਮ


ਇਹ ਤਾਂ


ਸਾਜ਼ਿੰਦੇ ਦੀ ਰੂਹ ਸੀ


ਜੋ


ਰਚ ਰਹੀ ਸੀ


ਸੰਗੀਤ ਦਾ ਰੱਬੀ ਸੰਸਾਰ


ਬਾਂਸ ਦੀ ਕੀ ਮਜ਼ਾਲ


ਜੋ ਕਹਿ ਸਕੇ ਦਿਲ ਦੀ ਗੱਲ


.......


ਓਸ ਦੀ ਫੂਕ ਹੀ ਬਣਦੀ ਹੈ


ਇਲਾਹੀ ਨਾਦ


ਓਸ ਦੀਆਂ ਉਂਗਲ਼ਾਂ ਹੀ ਕਰਦੀਆਂ ਨੇ


ਸੁਰਾਂ ਨਾਲ਼ ਸਰਗੋਸ਼ੀਆਂ


...........


ਬਾਂਸ ਨੂੰ ਇਕੱਲਾ ਨਾ ਰਹਿਣ ਦਿਓ


ਕਿਤੇ ਲੋਕ ਲੱਕੜੀ ਸਮਝ


ਬਾਲ਼ ਨਾ ਦੇਣ


ਜੋੜੀ ਰੱਖੋ ਉਸਦੇ ਹੋਠਾਂ ਨਾਲ਼


ਤਾਂ ਕਿ


ਬੰਸਰੀ ਦੀ ਜਾਤ ਬਣੀ ਰਹੇ


Sunday, March 27, 2011

ਬਖ਼ਤਾਵਰ ਸਿੰਘ ਦਿਓਲ – ਨਵਾਂ ਨਾਵਲ ‘ਉਮਰ ਤਮਾਮ’ ਆਰਸੀ ਪਬਲਿਸ਼ਰਜ਼ ਵੱਲੋਂ ਪ੍ਰਕਾਸ਼ਿਤ – ਆਰਸੀ ਪਰਿਵਾਰ ਵੱਲੋਂ ਮੁਬਾਰਕਾਂ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਦਿਲੀ ਖ਼ੁਸ਼ੀ ਹੋ ਰਹੀ ਹੈ ਕਿ ਫ਼ਰੀਦਾਬਾਦ ਵਸਦੇ ਮੇਰੇ ਵੱਡੇ ਵੀਰ ਮਨਧੀਰ ਦਿਓਲ ਜੀ ਨੇ ਆਪਣੇ ਪਿਤਾ ਜੀ ਅਤੇ ਮੇਰੇ ਡੈਡੀ ਜੀ ਬਾਦਲ ਸਾਹਿਬ ਦੇ ਪਰਮ-ਮਿੱਤਰ ਅਤੇ ਸਾਡੇ ਸਤਿਕਾਰਯੋਗ ਤਾਇਆ ਜੀ ਮਰਹੂਮ ਸ: ਬਖ਼ਤਾਵਰ ਸਿੰਘ ਦਿਓਲ ਜੀ ਦੇ ਨਾਵਲ ਉਮਰ ਤਮਾਮ ਨੂੰ ਕਿਤਾਬੀ ਰੂਪ ਦੇਣ ਦਾ ਸ਼ਲਾਘਾਯੋਗ ਉੱਦਮ ਕੀਤਾ ਹੈ। ਦਿਓਲ ਸਾਹਿਬ ਆਪਣੇ ਜੀਵਨ-ਕਾਲ ਦੌਰਾਨ ਇਸ ਨਾਵਲ ਅਤੇ ਕਾਫੀ ਸਾਰੀਆਂ ਕਾਵਿ-ਰਚਨਾਵਾਂ ਨੂੰ ਛਪਵਾ ਕੇ ਪਾਠਕਾਂ ਤੱਕ ਨਹੀਂ ਪਹੁੰਚਾ ਸਕੇ ਸਨ। ਮੈਂ ਆਰਸੀ ਜ਼ਰੀਏ ਵੀ ਹਮੇਸ਼ਾ ਆਖਦੀ ਹੁੰਦੀ ਆਂ ਕਿ ਜਿਹੜੇ ਲੇਖਕ ਸਾਹਿਬਾਨ ਜੀਵਨ-ਕਾਲ ਦੌਰਾਨ ਆਪਣੀਆਂ ਲਿਖਤਾਂ ਨੂੰ ਕਿਤਾਬੀ ਰੂਪ ਨਹੀਂ ਦੇ ਸਕੇ ( ਕਿਸੇ ਵੀ ਕਾਰਣ ਕਰਕੇ ), ਉਹਨਾਂ ਦੇ ਦੋਸਤਾਂ, ਪਰਿਵਾਰਕ ਮੈਂਬਰਾਂ ਨੂੰ ਇਹ ਹੰਭਲ਼ਾ ਮਾਰਨਾ ਚਾਹੀਦਾ ਹੈ ਕਿ ਲਿਖਤਾਂ ਦੀ ਬੇ-ਅਦਬੀ ਹੋਣ ਤੋਂ ਰੋਕਣ ਅਤੇ ਸਾਂਭ ਕੇ ਛਪਵਾ ਜ਼ਰੂਰ ਦੇਣ। ਬਾਦਲ ਸਾਹਿਬ ਇਕ ਗੱਲ ਹਮੇਸ਼ਾ ਮਾਣ ਨਾਲ਼ ਆਖਦੇ ਹੁੰਦੇ ਨੇ ਕਿ ਜੇਕਰ ਮੈਂ ਕੁਝ ਅਧੂਰਾ ਵੀ ਛੱਡ ਗਿਆ ਤਾਂ, ਮੇਰੀ ਬੇਟੀ ਤਨਦੀਪ ਉਸਨੂੰ ਪੂਰਾ ਕਰੇਗੀ, ਮੇਰੀਆਂ ਲਿਖਤਾਂ ਛਪਵਾਏਗੀ, ਮੈਥੋਂ ਬਾਅਦ ਵੀ ਮੇਰੇ ਘਰ ਚ ਸਾਹਿਤ ਦਾ ਚਰਾਗ਼ ਬਲ਼ਦਾ ਰਹੇਗਾ, ਏਨਾ ਮੈਨੂੰ ਯਕੀਨ ਹੈ। ਇਹੀ ਗੱਲ ਸੱਚ ਕਰ ਵਿਖਾਈ ਹੈ, ਵੀਰ ਮਨਧੀਰ ਜੀ ਨੇ, ਜਿਨ੍ਹਾਂ ਦੇ ਦਿਓਲ ਸਾਹਿਬ ਦੀਆਂ ਲਿਖਤਾਂ ਹਿਫ਼ਾਜ਼ਤ ਨਾਲ਼ ਰੱਖੀਆਂ, ਸਹੀ ਵਕ਼ਤ ਆਉਣ ਤੇ ਉਹਨਾਂ ਨੂੰ ਛਪਵਾ ਵੀ ਰਹੇ ਨੇ, ਇਸ ਉੱਦਮ ਲਈ ਉਹ ਸ਼ਾਬਾਸ਼ ਅਤੇ ਮੁਬਾਰਕਬਾਦ ਦੇ ਹੱਕ਼ਦਾਰ ਨੇ। ਉਹਨਾਂ ਦਾ ਅਗਲਾ ਵਿਚਾਰ ਦਿਓਲ ਸਾਹਿਬ ਦੀਆਂ ਨਜ਼ਮਾਂ ਨੂੰ ਕਿਤਾਬੀ ਰੂਪ ਦੇਣ ਦਾ ਹੈ, ਇਸ ਲਈ ਵੀ ਅਗਾਊਂ ਮੁਬਾਰਕਾਂ।

-----


ਯਕੀਨ ਜਾਣਿਓ, ਆਰਸੀ ਨਾਲ਼ ਜੁੜ ਕੇ ਮੈਂ ਬਹੁਤ ਸਾਰੇ ਅਜਿਹੇ ਰੌਸ਼ਨ-ਦਿਮਾਗ਼ ਪਰਿਵਾਰਾਂ ਨੂੰ ਜਾਣਦੀ ਹਾਂ ਜਿਨ੍ਹਾਂ ਨੂੰ ਅਸੀਂ ਫ਼ੋਨਾਂ ਅਤੇ ਈਮੇਲਾਂ ਰਾਹੀਂ ਬੇਨਤੀ ਕੀਤੀਆਂ ਕਿ ਆਪਣੇ ਲੇਖਕ ਪਿਤਾ ਜੀ, ਦਾਦਾ ਜੀ, ਨਾਨਾ ਜੀ ਦੀ ਤਸਵੀਰ ਅਤੇ ਕੁਝ ਰਚਨਾਵਾਂ ਸਕੈਨ ਕਰਕੇ ਹੀ ਭੇਜ ਦਿਓ, ਪਰ ਉਹਨਾਂ ਨੇ ਕੁਝ ਭੇਜਣਾ ਤਾਂ ਕੀ ਸੀ, ਫ਼ੋਨ ਵੀ ਇੰਝ ਸੁਣੇ ਜਿਵੇਂ ਅਹਿਸਾਨ ਕੀਤਾ ਹੋਵੇ, ਈਮੇਲਾਂ ਦਾ ਜਵਾਬ ਤਾਂ ਕੀਹਨੇ ਦੇਣਾ ਸੀ। ਕਈਆਂ ਨੇ ਏਥੋਂ ਤੱਕ ਕਹਿ ਦਿੱਤਾ ਕਿ ਸਾਨੂੰ ਤਾਂ ਜੀ ਪਤਾ ਨਈਂ, ਬਜ਼ੁਰਗ ਕੀ ਲਿਖਦੇ ਰਹਿੰਦੇ ਸੀ...ਕਵਿਤਾ-ਕੁਵਤਾ ਦਾ ਸਾਨੂੰ ਨਈਂ ਪਤਾ.....ਉਹਨਾਂ ਦੇ ਕਿਤਾਬਾਂ/ਪੇਪਰ ਤਾਂ ਅਸੀਂ ਉਹਨਾਂ ਦੇ ਮਰਨ ਤੋਂ ਬਾਅਦ ਰੱਦੀ ਆਲ਼ੇ ਨੂੰ ਚੁਕਾ ਤੇ....ਫ਼ੋਟੋਆਂ ਅਸੀਂ ਹੁਣ ਕਿੱਥੋਂ ਲੱਭੀਏ.... ਕਿਸੇ ਟਰੰਕ ਚ ਪਾ ਕੇ ਰੱਖਤੀਆਂ ਹੋਣੀਆਂ ਨੇ....ਵਗੈਰਾ...ਵਗੈਰਾ। ਕੋਈ ਪੁੱਛਣ ਵਾਲ਼ਾ ਹੋਵੇ ਬਈ! ਰੱਬ ਦੇ ਬੰਦਿਓ! ਜੇ ਤੁਹਾਨੂੰ ਆਪਣੇ ਬਜ਼ੁਰਗਾਂ/ ਪਰਿਵਾਰਕ ਮੈਂਬਰਾਂ ਦੀ ਲਿਖਤ ਦੀ ਕਦਰ ਨਹੀਂ ਤਾਂ ਘੱਟੋ-ਘੱਟ ਇਹ ਖ਼ਜ਼ਾਨਾ ਕਿਸੇ ਐਸੇ ਇਨਸਾਨ ਦੇ ਸਪੁਰਦ ਹੀ ਕਰ ਦਿਓ, ਜੋ ਇਹਨਾਂ ਨੂੰ ਸਾਂਭ ਸਕੇ....ਖ਼ੈਰ! ਮੇਰੀ ਲੇਖਕ ਸਾਹਿਬਾਨ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਜਾਣਦੇ ਹੋ ਕਿ ਤੁਹਾਡੇ ਤੁਰ ਜਾਣ ਤੋਂ ਬਾਅਦ ਤੁਹਾਡੀ ਲਿਖਤ ਦੀ ਕਦਰ ਕਿਸੇ ਧੀ, ਪੁੱਤ ਨੇ ਨਹੀਂ ਪਾਉਣੀ, ਤਾਂ ਕਿਰਪਾ ਕਰਕੇ, ਜਿਵੇਂ-ਤਿਵੇਂ ਕਰਕੇ, ਉਹਨਾਂ ਨੂੰ ਜਿਉਂਦੇ ਜੀਅ ਛਪਵਾ ਜਾਓ। ਚੰਗਾ ਸਾਹਿਤ ਬਹੁਤ ਘੱਟ ਛਪ ਰਿਹਾ ਹੈ, ਤੁਹਾਡੀ ਲਿਖਤ ਕੀਮਤੀ ਹੈ, ਆਪਣੀ ਲਿਖਤ ਜ਼ਰੀਏ ਤੁਸੀਂ ਕਿਤਾਬ ਨੂੰ ਛੂਹਣ ਵਾਲ਼ੇ ਹਰ ਹੱਥ ਨਾਲ਼ ਸਾਹ ਲਵੋਗੇ, ਪਾਠਕ ਸਦੀਆਂ ਤੱਕ ਸੇਧ ਲੈਣਗੇ...ਲਿਖਤ ਨੂੰ ਮਾਨਣਗੇ। ਆਪਣੇ ਬੱਚਿਆਂ ਨੂੰ ਲਿਖਤਾਂ, ਮਾਤ-ਭਾਸ਼ਾ ਵਿਚ ਛਪੀਆਂ ਕਿਤਾਬਾਂ ਨੂੰ ਪੜ੍ਹਨਾ ਅਤੇ ਉਹਨਾਂ ਦੀ ਕਦਰ ਪਾਉਣੀ ਵੀ ਸਿਖਾਓ, ਇਹ ਕੰਮ ਵੀ ਸੰਸਕਾਰਾਂ ਚ ਸ਼ਾਮਿਲ ਕਰੋ।


------


ਦਿਓਲ ਸਾਹਿਬ ਦੇ ਨਵ-ਪ੍ਰਕਾਸ਼ਿਤ ਨਾਵਲ ਉਮਰ ਤਮਾਮ ਦੀ ਕਹਾਣੀ ਪੰਜਾਬੀ ਮੱਧ ਵਰਗੀ ਤੇ ਤੰਗੀ-ਤੁਰਸ਼ੀਆਂ ਚ ਵਿਚਰਦੀ ਕਿਸਾਨੀ ਦੁਆਲੇ ਕੇਂਦਰਿਤ ਹੈ ਅਤੇ ਲੇਖਕ ਦਾ ਇਹ ਦੂਜਾ ਨਾਵਲ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਨਾਵਲ ਉਹਦੇ ਮਰਨ ਤੋਂ ਮਗਰੋਂ ਛਪਿਆ ਸੀ। ਭਾਵੇਂ ਦਿਓਲ ਸਾਹਿਬ ਕਵੀ ਦੇ ਤੌਰ ਤੇ ਪ੍ਰਸਿੱਧ ਸਨ, ਪਰ ਉਨ੍ਹਾਂ ਸਾਹਿਤ ਦੀਆਂ ਹੋਰ ਵੰਨਗੀਆਂ ਵਿਚ ਵੀ ਲਿਖਿਆ। ਹਥਲਾ ਨਾਵਲ ਭਾਵੇਂ ਉਨ੍ਹਾਂ ਦੇ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਤੋਂ 20 ਸਾਲ ਬਾਅਦ ਛਪਿਆ ਹੈ, ਪਰ ਨਾਵਲ ਦੀ ਕਹਾਣੀ ਅੱਜ ਦੇ ਪੰਜਾਬੀ ਪੇਂਡੂ ਸਮਾਜ ਦੇ ਕਈ ਪੱਖਾਂ ਨੂੰ ਉਘਾੜਦੀ ਹੈ। ਉਨ੍ਹਾਂ ਦੇ ਪੁੱਤਰ ਮਨਧੀਰ ਦਿਓਲ ਜੀ ਦੀ ਪੇਸ਼ਕਸ਼ 254 ਸਫ਼ੇ ਦੇ ਇਸ ਨਾਵਲ ਨੂੰ ਆਰਸੀ ਪਬਲਿਸ਼ਰਜ਼, ਦਰਿਆ ਗੰਜ (ਨਵੀਂ ਦਿੱਲੀ) ਵੱਲੋਂ ਛਾਪਿਆ ਗਿਆ ਹੈ ਅਤੇ ਕੀਮਤ 350 ਰੁਪਏ ਹੈ। ਤੁਸੀਂ ਵੀ ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰਕੇ ਇਸਦੀ ਕਾਪੀ ਹੁਣੇ ਰਾਖਵੀਂ ਕਰ ਸਕਦੇ ਹੋ। ਇਸ ਸ਼ਲਾਘਾਯੋਗ ਉੱਦਮ ਲਈ ਦਿਓਲ ਪਰਿਵਾਰ ਨੂੰ ਦਿਲੀ ਮੁਬਾਰਕਬਾਦ।


ਅਦਬ ਸਹਿਤ


ਤਨਦੀਪ ਤਮੰਨਾ


=====


ਮੈਂ ਹਰ ਜਗ੍ਹਾ ਮਿਲ਼ਾਂਗਾ...


ਨਜ਼ਮ


ਵਾ-ਵਰੋਲ਼ੇ ਵਗਦੇ ਰਹੇ,


ਚਰਾਗ਼ ਸਦਾ ਜਗਦੇ ਰਹੇ।


ਸ਼ੌਂਕ ਦੇ ਦਰਿਆ ਮੇਰੇ,


ਸਹਿਰਾ ਚ ਵੀ ਵਗਦੇ ਰਹੇ।


-----


ਖ਼ੁਦ ਨੂੰ ਵੀ ਢੋਂਦੇ ਰਹੇ,


ਦੁਨੀਆਂ ਨੂੰ ਵੀ ਜਰਦੇ ਰਹੇ,


ਹੌਸਲੇ ਮੇਰੇ ਦੇ ਖੰਭ,


ਪਰਬਤਾਂ ਨੂੰ ਲਗਦੇ ਰਹੇ।


-----


ਛਾਤੀ ਦੇ ਵਿਚ ਦਿਲ ਸੀ,


ਜਾਂ ਅੱਗ ਦਾ ਅੰਗਿਆਰ,


ਅੱਗ ਹੀ ਤਾਂ ਸੀਗੇ ਅਸੀਂ,


ਅੱਗ ਵਾਂਗੂੰ ਦਗਦੇ ਰਹੇ।


-----


ਚਿਲਮਣ ਸੀ ਹੰਝੂਆਂ ਦੀ,


ਚਿਹਰਾ ਤੱਕਦੇ ਰਹੇ,


ਤਸੱਵੁਰ ਉਹਦੇ ਦਾ ਸਦਕਾ,


ਅੱਕਾਂ ਨੂੰ ਅੰਬ ਲਗਦੇ ਰਹੇ।


-----


ਮੁਹਾਂਦਰੇ ਦਾ ਨੂਰ ਉਹਦਾ,


ਹਰ ਘੜੀ ਵਧਦਾ ਰਿਹਾ,


ਇਹ ਚੰਦ ਹੀ ਸੀ ਜਿਸਨੂੰ,


ਘਾਟੇ ਦੇ ਪੱਖ ਲਗਦੇ ਰਹੇ।


-----


ਤੇਰੀ ਹੀ ਫ਼ਿਤਰਤ ਸੀ ਕਿ


ਤੂੰ ਦੌਲਤ ਵੱਲ ਝੁਕਿਆ,


ਤੂੰ ਰੱਖ ਲਈ ਦੁਨੀਆਂ,


ਅਸੀਂ ਦਿਲ ਦੇ ਕਹੇ ਲਗਦੇ ਰਹੇ।


------


ਮੇਰੇ ਸਬਰ ਨੂੰ ਜਿਬਾਹ,


ਕਰਨਾ ਤੁਸੀਂ ਸੀ ਮਿਥਿਆ,


ਸੂਰਜ ਸਦਾ ਚੜ੍ਹਦੇ ਰਹੇ,


ਗ੍ਰਹਿਣ ਵੀ ਲਗਦੇ ਰਹੇ।


-----


ਹਵਾ ਚ ਤੀਲੀ ਬਾਲ਼ੋ,


ਮੈਂ ਹਰ ਜਗ੍ਹਾ ਮਿਲ਼ਾਂਗਾ,


ਅੱਗ ਦੇ ਦਰਿਆਈਂ ਤਰਦੇ,


ਤਰ ਕੇ ਕਿਨਾਰੇ ਲਗਦੇ ਰਹੇ...



Saturday, March 26, 2011

ਡਾ: ਸੁਸ਼ੀਲ ਰਹੇਜਾ - ਆਰਸੀ 'ਤੇ ਖ਼ੁਸ਼ਆਮਦੀਦ - ਨਜ਼ਮ/ਗ਼ਜ਼ਲ

ਸਾਹਿਤਕ ਨਾਮ: ਡਾ: ਸੁਸ਼ੀਲ ਰਹੇਜਾ

ਅਜੋਕਾ ਨਿਵਾਸ: - ਫ਼ਿਰੋਜ਼ਪੁਰ, ਪੰਜਾਬ


ਪ੍ਰਕਾਸ਼ਿਤ ਕਿਤਾਬਾਂ: ਕਹਾਣੀ ਸੰਗ੍ਰਹਿ: ਅੰਬੜੀ, ਗ਼ਜ਼ਲ-ਸੰਗ੍ਰਹਿ: ਸੀ ਕੋਈ, ਕਵਿਤਾ-ਸੰਗ੍ਰਹਿ: ਅਗਲੇ ਜਨਮ ਚ ਮਿਲ਼ਾਂਗਾ, ਨਾਵਲ: ਚੌਰਸ ਗਲੋਬ, ਸੋਧ-ਪ੍ਰਬੰਧ: ਗ਼ਜ਼ਲ ਦਾ ਰੂਪ ਵਿਧਾਨ ( ਅਪ੍ਰਕਾਸ਼ਿਤ )


-----


ਦੋਸਤੋ! ਫ਼ਿਰੋਜ਼ਪੁਰ, ਪੰਜਾਬ ਵਸਦੇ ਸ਼ਾਇਰ ਡਾ: ਸੁਸ਼ੀਲ ਰਹੇਜਾ ਜੀ ਦੀ ਆਰਸੀ ਤੇ ਹਾਜ਼ਰੀ ਬਾਰੇ ਮੈਨੂੰ ਕਈ ਦੋਸਤਾਂ ਦੀਆਂ ਈਮੇਲਾਂ ਆਈਆਂ ਰਹੀਆਂ ਹਨ, ਪਰ ਮੇਰੇ ਅਤਿਅੰਤ ਰੁੱਝੀ ਰਹਿਣ ਕਰਕੇ ਮੈਂ ਉਹਨਾਂ ਨਾਲ਼ ਸੰਪਰਕ ਪੈਦਾ ਹੀ ਨਾ ਕਰ ਸਕੀ। ਇਕ ਦਿਨ ਈਮੇਲ ਬੌਕਸ ਚ ਉਹਨਾਂ ਦੀਆਂ ਬੇਹੱਦ ਖ਼ੂਬਸੂਰਤ ਰਚਨਾਵਾਂ ਅਤੇ ਸੁਨੇਹਾ ਵੇਖ ਕੇ ਮੈਨੂੰ ਅਤਿਅੰਤ ਖ਼ੁਸ਼ੀ ਹੋਈ। ਦਰਅਸਲ ਉਹਨਾਂ ਨੇ ਫੇਸਬੁੱਕ ਤੋਂ ਆਰਸੀ ਬਲੌਗ ਦਾ ਸੰਪਰਕ ਲੱਭਿਆ ਸੀ। ਮੈਂ ਫ਼ੋਨ ਕੀਤਾ ਤਾਂ ਪਤਾ ਲੱਗਿਆ ਕਿ ਡਾ: ਰਹੇਜਾ ਸਾਹਿਬ ਪੇਸ਼ੇ ਪੱਖੋਂ ਵਕੀਲ ਨੇ ਉਹਨਾਂ ਨੇ ਗ਼ਜ਼ਲ ਤੇ ਡਾਕਟਰੇਟ ਕੀਤੀ ਹੈ, ਇਹ ਸੁਣ ਕੇ ਮੈਨੂੰ ਹੋਰ ਵੀ ਖ਼ੁਸ਼ੀ ਅਤੇ ਹੈਰਾਨੀ ਹੋਈ ਕਿ ਵਕੀਲ ਅਤੇ ਗ਼ਜ਼ਲ ਤੇ ਪੀ.ਐੱਚ.ਡੀ???...ਪਰ ਆਖਦੇ ਨੇ ਨਾ ਕਿ ਜ਼ਰੂਰੀ ਨਹੀਂ ਕਿ ਸ਼ੌਂਕ, ਪੇਸ਼ੇ ਨਾਲ਼ ਮੇਲ ਖਾਣ। । ਡਾ: ਸਾਹਿਬ ਦੀਆਂ ਰਚਨਾਵਾਂ ਅੱਜ ਦੀ ਪੋਸਟ ਚ ਸ਼ਾਮਿਲ ਕਰਦਿਆਂ , ਉਹਨਾਂ ਨੂੰ ਆਰਸੀ ਪਰਿਵਾਰ ਚ ਖ਼ੁਸ਼ਆਮਦੀਦ ਆਖ ਰਹੀ ਹਾਂ। ਆਸ ਹੈ ਕਿ ਉਹ ਭਵਿੱਖ ਵਿਚ ਵੀ ਆਪਣੀਆਂ ਰਚਨਾਵਾਂ ਨਾਲ਼ ਹਾਜ਼ਰੀ ਲਵਾ ਕੇ ਧੰਨਵਾਦੀ ਬਣਾਉਂਦੇ ਰਹਿਣਗੇ। ਬਹੁਤ-ਬਹੁਤ ਸ਼ੁਕਰੀਆ।


ਅਦਬ ਸਹਿਤ


ਤਨਦੀਪ ਤਮੰਨਾ


******


ਸ਼ੂਟਿੰਗ


ਨਜ਼ਮ


ਅਨੰਤ ਸਮਿਆਂ ਤੋਂ


ਧਰਤੀ ਦੀ ਹਿੱਕ 'ਤੇ


ਸ਼ੂਟਿੰਗ


ਚੱਲ ਰਹੀ ਏ ।


..............


ਹਵਾਵਾਂ ਦੇ ਗੀਤ


ਦਰਿਆ ਗਾ ਰਹੇ ਨੇ


ਰੁੱਖਾਂ ਲਈ


ਪੰਛੀ ਧੁਨ ਵਜਾ ਰਹੇ ਨੇ ।


............


ਸਪਾਟ ਬੁਆਏ


ਏਧਰ ਓਧਰ ਭੱਜ ਰਹੇ ਨੇ


ਕਿਧਰੇ ਦਰੱਖ਼ਤ


ਕਿਧਰੇ ਬਜ਼ਾਰ


ਸਜ ਰਹੇ ਨੇ ।


..............


ਕੋਈ ਚਾਹ ਦੀ ਪਿਆਲੀ ਚੁੱਕਦਾ ਏ


ਕੋਈ ਕੁਰਸੀ ਛਾਵੇਂ ਰੱਖਦਾ ਏ


ਕੋਈ ਖਾਣਾ ਪਕਾ ਰਿਹਾ ਏ


ਕੋਈ ਪੱਖਾ ਲਗਾ ਰਿਹਾ ਏ ।


.................


ਇਸ ਫ਼ਿਲਮ ਦੇ ਅਣਗਿਣਤ ਪਾਤਰ ਨੇ


ਕੁਝ ਭੋਲ਼ੇ, ਕੁਝ ਸ਼ਾਤਰ ਨੇ


ਚੰਨ ਲਾਈਟ ਜਗਾਉਂਦਾ ਏ


ਸੂਰਜ ਟਰਾਲੀ ਘੁਮਾਉਂਦਾ ਏ ।


...............


ਨਿਰਦੇਸ਼ਕ ਸਦਾ ਮੌਨ ਰਹਿੰਦਾ ਏ


ਕੈਮਰਾ ਸਦਾ ਆੱਨ ਰਹਿੰਦਾ ਏ ।


======


ਗ਼ਜ਼ਲ


ਹਰਿੱਕ ਚਾਹਤ ਮੁਕਾ ਦਿੱਤੀ, ਹਰਿੱਕ ਹਰਕਤ ਮੁਕਾ ਦਿੱਤੀ।


ਤੂੰ ਮਛਲੀ ਨੂੰ ਜੁਦਾ ਕਰਕੇ, ਮੁਹੱਬਤ ਨੂੰ ਸਜ਼ਾ ਦਿੱਤੀ।


-----


ਮੈਂ ਚਾਹਾਂ ਵੀ ਜ਼ਜੀਰਾ ਛੱਡ ਕੇ ਕਿਧਰੇ ਜਾ ਨਹੀਂ ਸਕਦਾ,


ਮੈਂ ਸਰਦੀ ਦੇ ਦਿਨਾਂ ਅੰਦਰ, ਹਰਿੱਕ ਬੇੜੀ ਜਲ਼ਾ ਦਿੱਤੀ।


-----


ਅਜੇ ਤੀਕਰ ਵੀ ਖ਼ੁਸ਼ੀਆਂ ਦਾ ਕੋਈ ਨੁਸਖ਼ਾ ਨਾ ਲੱਭ ਸਕਿਆ,


ਮੈਂ ਸਾਰੀ ਉਮਰ ਹੀ ਪ੍ਰਯੋਗਸ਼ਾਲਾ ਵਿਚ ਲੰਘਾ ਦਿੱਤੀ।


-----


ਮੈਂ ਪਰਲੇ ਪਾਰ ਜਾਣਾ ਸੀ, ਤੂੰ ਉਰਲੇ ਪਾਰ ਆਣਾ ਸੀ,


ਮਲਾਹਾਂ ਦੀ ਲੜਾਈ ਨੇ ਤਾਂ ਬੇੜੀ ਹੀ ਡੁਬਾ ਦਿੱਤੀ।


-----


ਮੁਹੱਬਤ ਦੀ ਕਹਾਣੀ ਤਾਂ ਉਦਾਸੀ ਤੀਕ ਪਹੁੰਚੀ ਏ,


ਮੈਂ ਜਿਸ ਨੂੰ ਹਾਰ ਪਾਣਾ ਸੀ ਉਹਨੇ ਗਰਦਨ ਕਟਾ ਦਿੱਤੀ।


=====


ਗ਼ਜ਼ਲ


ਜੇ ਜ਼ਰਾ ਵੀ ਦਰਦ ਹੁੰਦਾ ਪਾਣੀਆਂ ਦੇ ਵਾਸਤੇ।


ਇਸ ਤਰਾਂ ਨਾ ਜਾਲ਼ ਪਾਉਦਾ ਮਛਲੀਆਂ ਦੇ ਵਾਸਤੇ।


-----


ਸ਼ਾਮ ਤੀਕਰ ਝੜ ਹੀ ਜਾਣੇ ਪੰਛੀਆਂ ਦੇ ਆਲ੍ਹਣੇ,


ਬਿਰਖ਼ ਕੱਟੇ ਜਾ ਰਹੇ ਨੇ ਕੁਰਸੀਆਂ ਦੇ ਵਾਸਤੇ।


-----


ਹਰ ਜਗ੍ਹਾ ਤੇ ਨਾ ਬਣਾਉ ਇੰਝ ਕਬਰਾਂ ਤੇ ਸਿਵੇ,


ਮੁੱਕ ਨਾ ਜਾਵੇ ਧਰਤ ਕਿੱਧਰੇ ਹਾਲੀਆਂ ਦੇ ਵਾਸਤੇ।


-----


ਧਾਗਿਆਂ ਦੇ ਨਾਲ਼ ਬੱਝੀ ਜਿੰਦਗੀ ਦੀ ਹਰ ਅਦਾ,


ਕਿਸ ਤਰਾਂ ਦੀ ਬੇਵਸੀ ਏ ਪੁਤਲੀਆਂ ਦੇ ਵਾਸਤੇ।


-----


ਅੱਗ ਦਾ ਮੌਸਮ ਲੈ ਕੇ ਆਇਆ ਏਨੇ ਸਾਰੇ ਹਾਦਸੇ,


ਇਕ ਵੀ ਨਗ਼ਮਾ ਲਿਖ ਨਾ ਸਕਿਆ ਤਿਤਲੀਆਂ ਦੇ ਵਾਸਤੇ।


======


ਗ਼ਜ਼ਲ


ਮੈਂ ਚਾਹੁੰਦਾ ਹਾਂ ਨਾ ਇਕ ਦੂਜੇ ਨੂੰ ਏਨਾ ਕੋਸਿਆ ਜਾਵੇ।


ਰੁਕੇ ਨੇ ਕਿਸ ਜਗ੍ਹਾ ਪਾਣੀ ਦੁਬਾਰਾ ਸੋਚਿਆ ਜਾਵੇ।


-----


ਕੋਈ ਮੱਧਮ ਜਿਹਾ ਚਿਹਰਾ ਮੇਰੇ ਖ਼ਾਬਾਂ 'ਚ ਆਉਂਦਾ ਏ,


ਬੜੀ ਕੋਸ਼ਿਸ਼ ਦੇ ਮਗਰੋਂ ਵੀ ਨਾ ਉਸਨੂੰ ਚਿੱਤਰਿਆ ਜਾਵੇ।


-----


ਮੈਂ ਜੇਕਰ ਰਾਖ਼ ਹੋਇਆ ਹਾਂ ਤਾਂ ਮੈਨੂੰ ਵੀ ਤਾਂ ਮਿਹਣਾ ਏ,


ਮੇਰੇ ਮਨ ਦੀ ਇਹ ਚਾਹਤ ਸੀ ਕਿ ਅੱਗ ਨੂੰ ਪਰਖ਼ਿਆ ਜਾਵੇ।


-----


ਮੈਂ ਜਿਸ ਰਸਤੇ ਨੂੰ ਚੁਣਿਆ ਹੈ, ਉਹ ਮੋੜਾਂ ਨਾਲ਼ ਭਰਿਆ ਏ,


ਨਾ ਦਿਸਦੀ ਏ ਕੋਈ ਮੰਜ਼ਿਲ ਨਾ ਘਰ ਨੂੰ ਪਰਤਿਆ ਜਾਵੇ।


-----


ਬੜੀ ਨਫ਼ਰਤ ਜਿਹੀ ਹੁੰਦੀ, ਬੜੀ ਜ਼ਿੱਲਤ ਜਿਹੀ ਹੁੰਦੀ,


ਜੇ ਰਾਤਾਂ ਦੀ ਕਹਾਣੀ ਨੂੰ ਸਵੇਰੇ ਵਾਚਿਆ ਜਾਵੇ।


------


ਜੇ ਇਸ ਨਗਰੀ 'ਚ ਰਹਿਣਾ ਏ, ਬੁਰੇ ਮੌਸਮ ਵੀ ਆਵਣਗੇ,


ਚਲੋ ਢਹਿੰਦੇ ਪਏ ਘਰ ਨੂੰ ਦੁਬਾਰਾ ਜੋੜਿਆ ਜਾਵੇ।


======


ਗ਼ਜ਼ਲ


ਨਵੇਂ ਚਿਹਰੇ ਦੇ ਮਿਲਦੇ ਹੀ ਪੁਰਾਣੇ ਨੂੰ ਭੁਲਾ ਦੇਣਾ।


ਹਰਿੱਕ ਸ਼ੀਸ਼ੇ ਦੀ ਆਦਤ ਹੈ, ਮੁਹੱਬਤ ਨੂੰ ਦਗ਼ਾ ਦੇਣਾ।


-----


ਤੂੰ ਸੂਰਜ ਤੋਂ ਉਰੇ ਰਹਿੰਦਾ, ਮੈਂ ਸੂਰਜ ਤੋਂ ਪਰੇ ਜਾਣਾ,


ਮੇਰੇ ਖ਼ਾਬਾਂ ਨੇ ਉਡਣਾ ਏ, ਅਕਾਸ਼ਾਂ ਨੂੰ ਹਟਾ ਦੇਣਾ।


-----


ਅਸੀ ਆਪਣੇ ਉਜਾਲੇ ਦੀ ਹਿਫ਼ਾਜ਼ਤ ਆਪ ਕਰਨੀ ਏ,


ਹਵਾਵਾਂ ਦੀ ਤਾਂ ਆਦਤ ਹੈ, ਚ਼ਿਰਾਗਾਂ ਨੂੰ ਬੁਝਾ ਦੇਣਾ।


-----


ਕਿਸੇ ਬੇੜੀ ਦੇ ਸਿਰ ਉੱਤੇ ਕੋਈ ਤੂਫ਼ਾਨ ਚੜ੍ਹਿਆ ਏ,


ਨਸ਼ਾ ਕਰਕੇ ਮਲਾਹ ਸੁੱਤਾ , ਜ਼ਰਾ ਉਸਨੂੰ ਜਗਾ ਦੇਣਾ।


-----


ਉਹ ਬੂਹਾ ਏ ਜਾਂ ਬਾਰੀ ਏ, ਉਹ ਕਿਸ਼ਤੀ ਏ ਜਾਂ ਕੁਰਸੀ ਏ,


ਤੁਸੀ ਕੱਟਿਆ ਸੀ ਜਿਹੜਾ ਰੁੱਖ, ਜ਼ਰਾ ਉਸਦਾ ਪਤਾ ਦੇਣਾ।


-----


ਕਿਤੇ ਪਿਆਸੀ ਨਾ ਮਰ ਜਾਵੇ ਉਹ ਇਕ ਸ਼ੀਸ਼ੇ ਦੇ ਘਰ ਅੰਦਰ,


ਤੁਸੀ ਮਛਲੀ ਦਾ ਕਾਲਾ ਖ਼ਤ ਸਮੁੰਦਰ ਨੂੰ ਫੜਾ ਦੇਣਾ।


======


ਗ਼ਜ਼ਲ


ਤੇਰੀ ਅੱਗ ਨੇ ਮਜ਼ਾਕ ਕੀਤਾ ਸੀ,


ਮੈਨੂੰ ਲਪਟਾਂ ਬੁਝਾਣੀਆਂ ਪਈਆਂ।


ਸਾਰੀ ਦੁਨੀਆਂ ਦੇ ਸਾਹਮਣੇ ਅੱਖਾਂ,


ਤੇਰੀ ਖ਼ਾਤਰ ਝੁਕਾਣੀਆਂ ਪਈਆਂ।


-----


ਖ਼ੁਦ ਹੀ ਮੁਨਸਿਫ਼ ,ਵਕੀਲ, ਕ਼ਾਤਲ ਸਾਂ,


ਖ਼ੁਦ ਹੀ ਖ਼ੰਜਰ, ਜੱਲਾਦ, ਮਕ਼ਤਲ ਸਾਂ,


ਲਾਸ਼ ਆਪਣੀ ਤਬੂਤ ਵਿੱਚ ਪਾ ਕੇ,


ਖ਼ੁਦ ਹੀ ਮੇਖਾਂ ਲਗਾਉਣੀਆਂ ਪਈਆਂ।


------


ਤੈਨੂੰ ਕਿਹੜਾ ਸਰਾਪ ਮਿਲਿਆ ਏ,


ਮੈਨੂੰ ਕਿਹੜਾ ਸਰਾਪ ਮਿਲਿਆ ਏ,


ਤੈਨੂੰ ਛੁਰੀਆਂ ਬਣਾਉਣੀਆਂ ਪਈਆਂ,


ਮੈਨੂੰ ਕ਼ਬਰਾਂ ਬਣਾਉਣੀਆਂ ਪਈਆਂ।


------


ਉਹ ਜੋ ਖ਼ੁਦ ਤੇ ਯਕੀਨ ਕਰਦੇ ਸੀ,


ਉਹ ਜੋ ਖ਼ੁਦ ਤੇ ਉਮੀਦ ਰੱਖਦੇ ਸੀ,


ਉਹਨਾਂ ਲੋਕਾਂ ਨੂੰ ਘੰਟੀਆਂ ਆਖ਼ਰ,


ਮੰਦਰਾਂ ਵਿੱਚ ਵਜਾਉਣੀਆਂ ਪਈਆਂ।


------


ਪੰਡਤਾਂ ਨੇ ਜੋ ਪੁਸਤਕਾਂ ਲਿਖੀਆਂ,


ਸ਼ੂਦਰਾਂ ਨੂੰ ਉਹ ਪੜ੍ਹਨੀਆਂ ਪਈਆਂ,


ਸਾਡੇ ਬੱਚਿਆਂ ਦੇ ਹੱਥ ਨਾ ਆ ਜਾਵਣ,


ਪੁਸਤਕਾਂ ਸਭ ਲੁਕਾਣੀਆਂ ਪਈਆਂ।

Wednesday, March 23, 2011

ਅਮਰਜੀਤ ਸਿੰਘ ਸੰਧੂ - ਮੁਸਤਜ਼ਾਦਗ਼ਜ਼ਲ

ਪੇਸ਼ ਹੈ ਬਹੁਤ ਲੰਮੀ ਬਹਿਰ ਵਾਲੀ ਡਿਓਢ-ਗ਼ਜ਼ਲ ( ਮੁਸਤਜ਼ਾਦਗ਼ਜ਼ਲ ) ਇੱਕ ਬਹੁਤ ਲੰਮੀ ਰਦੀਫ਼ ਨਾਲ। ਇਸ ਗ਼ਜ਼ਲ ਦੇ ਇੱਕ-ਇੱਕ ਮਿਸਰੇ ਵਿੱਚ 12-12 ਲਫ਼ਜ਼ ਤਾਂ ਰਦੀਫ਼ ਨੇ ਹੀ ਮੱਲੇ ਹੋਏ ਨੇ ਤੇ ਇੱਕ ਲਫ਼ਜ਼ ਕਾਫ਼ੀਏ ਦਾ ਹੈ। ਬਾਕੀ ਕਿਸੇ ਮਿਸਰੇ ਵਿੱਚ ਇੱਕ ਤੇ ਕਿਸੇ ਵਿੱਚ ਦੋ ਲਫ਼ਜ਼ ਹੀ ਆਜ਼ਾਦ ਬਚਦੇ ਹਨ, ਜਿਹਨਾਂ ਨਾਲ ਸਾਰੇ ਮਿਸਰੇ ਨੇ ਆਪਣੀ ਗੱਲ ਕਹਿਣੀ ਹੈ। ਫਿਰ ਵੀ ਹਰ ਸ਼ਿਅਰ ਪਿੱਛੇ ਆਉਣ ਵਾਲੀ ਲੰਮੀ ਰਦੀਫ਼ ਨੂੰ ਅਰਥ-ਭਰਪੂਰ ਨਿਭਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਗ਼ਜ਼ਲ-ਸਿਖਿਆਰਥੀਆਂ ਵਾਸਤੇ ਇਹ ਇੱਕ ਮਿਸਾਲ ਹੈ, ਗ਼ਜ਼ਲ-ਆਲੋਚਕਾਂ ਵਾਸਤੇ ਇੱਕ ਚੁਣੌਤੀ ਹੈ ਤੇ ਗ਼ਜ਼ਲ-ਆਸ਼ਿਕਾਂ ਵਾਸਤੇ ਸ਼ਾਇਦ ਇਹ ਇੱਕ ਮਾਨਣ ਦੀ ਵਸਤੂ ਹੋ ਨਿੱਬੜੇ। ਗ਼ਜ਼ਲ-ਪ੍ਰੇਮੀਆਂ ਵੱਲੋਂ ਮਿਲੀ ਦਾਦ ਤੇ ਹੌਸਲਾ-ਅਫ਼ਜ਼ਾਈ ਸ਼ਾਇਰਾਂ ਨੂੰ ਕੁਝ ਹੋਰ ਵਿਕਟ ਅਤੇ ਨਵਾਂ ਕਰਨ ਵਾਸਤੇ ਪ੍ਰੇਰਨਾ ਬਣ ਜਾਂਦੀ ਹੈ। ਤੁਹਾਡੇ ਹੁੰਗਾਰੇ ਦੀ ਉਡੀਕ ਰਹੇਗੀ।

ਅਮਰਜੀਤ ਸਿੰਘ ਸੰਧੂ

======

ਸਤਿਕਾਰਤ ਸੰਧੂ ਸਾਹਿਬ! ਇਸ ਮੁਸਤਜ਼ਾਦਗ਼ਜ਼ਲ ਲਈ ਆਰਸੀ ਪਰਿਵਾਰ ਵੱਲੋਂ ਤੁਹਾਡੀ ਕਲਮ ਨੂੰ ਇਕ ਵਾਰ ਫੇਰ ਸਲਾਮ! ਆਸ ਹੈ ਕਿ ਗ਼ਜ਼ਲ ਸਿੱਖਣ ਵਾਲ਼ੇ ਸਾਰੇ ਦੋਸਤ ਇਸ ਤੋਂ ਸੇਧ ਜ਼ਰੂਰ ਲੈਣਗੇ, ਅਤੇ ਆਪਣੇ ਵਿਚਾਰ/ਸੁਆਲ ਆਰਸੀ ਤੇ ਸਭ ਦੇ ਸਨਮੁੱਖ ਰੱਖਣਗੇ। ਬਹੁਤ-ਬਹੁਤ ਸ਼ੁਕਰੀਆ ਜੀ।

ਅਦਬ ਸਹਿਤ

ਤਨਦੀਪ ਤਮੰਨਾ

======

ਗ਼ਜ਼ਲ

ਲੋਕਾਈ ਪਿਆਰਦੇ ਲੋਕਾਂ 'ਚ ਤੂੰ ਕਿੱਥੇ ਕੁ ਸ਼ਾਮਿਲ ਹੈਂ, ਅਤੇ ਕਿੰਨਾ ਕੁ ਸ਼ਾਮਿਲ ਹੈਂ?

ਲਹੂ ਤੱਕ ਵਾਰਦੇ ਲੋਕਾਂ 'ਚ ਤੂੰ ਕਿੱਥੇ ਕੁ ਸ਼ਾਮਿਲ ਹੈਂ, ਅਤੇ ਕਿੰਨਾ ਕੁ ਸ਼ਾਮਿਲ ਹੈਂ?

-----

ਇਹ ਧਰਤੀ ਤੇਰੀ ਹੈ ਜੇ ਕਰ, ਤਾਂ ਐਨੀਂ ਗੰਦਗੀ ਕਿਉਂ ਹੈ? ਤੇ ਮੈਨੂੰ ਇੱਕ ਗੱਲ ਦੱਸੀਂ,

ਇਨੂੰ ਸ਼ਿੰਗਾਰਦੇ ਲੋਕਾਂ 'ਚ ਤੂੰ ਕਿੱਥੇ ਕੁ ਸ਼ਾਮਿਲ ਹੈਂ, ਅਤੇ ਕਿੰਨਾ ਕੁ ਸ਼ਾਮਿਲ ਹੈਂ?

-----

ਅਸਾਡੀ ਲੋਚ, ਸਾਡੀ ਸੋਚ, ਸਾਡੇ ਹੱਕ, ਸਾਡੇ ਸੱਕ ਲਾਹ ਕੇ ਖਾ ਗਿਐ ਜਿਹੜਾ,

ਉਨੂੰ ਦੁਰਕਾਰਦੇ ਲੋਕਾਂ 'ਚ ਤੂੰ ਕਿੱਥੇ ਕੁ ਸ਼ਾਮਿਲ ਹੈਂ, ਅਤੇ ਕਿੰਨਾ ਕੁ ਸ਼ਾਮਿਲ ਹੈਂ?

-----

ਜੇ ਤੇਰੀ ਸੋਚ ਹੈ, ਸੰਸਾਰ ਇਕ ਪਰਿਵਾਰ ਬਣ ਜਾਵੇ, ਗੁਲੋ-ਗਲਜ਼ਾਰ ਬਣ ਜਾਵੇ,'

ਤਾਂ ਉਸ ਪਰਿਵਾਰ ਦੇ ਲੋਕਾਂ 'ਚ ਤੂੰ ਕਿੱਥੇ ਕੁ ਸ਼ਾਮਿਲ ਹੈਂ, ਅਤੇ ਕਿੰਨਾ ਕੁ ਸ਼ਾਮਿਲ ਹੈਂ?

-----

ਕਿਸੇ 'ਤੇ ਜ਼ੁਲਮ ਨਾ ਕਰਨਾ, ਕਿਸੇ ਦਾ ਜ਼ੁਲਮ ਨਾ ਸਹਿਣਾ, ਤੂੰ ਇਹ ਵੀਚਾਰ ਦਿੰਦਾ ਏਂ,

ਇਸੇ ਵੀਚਾਰ ਦੇ ਲੋਕਾਂ 'ਚ ਤੂੰ ਕਿੱਥੇ ਕੁ ਸ਼ਾਮਿਲ ਹੈਂ, ਅਤੇ ਕਿੰਨਾ ਕੁ ਸ਼ਾਮਿਲ ਹੈਂ?

-----

ਤੂੰ 'ਸਾਥੀ' ਆਖਦੈਂ ਖ਼ੁਦ ਨੂੰ, ਉਦੋਂ ਤੂੰ ਕਿੱਥੇ ਹੁੰਨੈ, ਜ਼ੁਲਮ ਜਦ ਲਲਕਾਰਿਆ ਜਾਂਦੈ,

ਉਨੂੰ ਲਲਕਾਰਦੇ ਲੋਕਾਂ 'ਚ ਤੂੰ ਕਿੱਥੇ ਕੁ ਸ਼ਾਮਿਲ ਹੈਂ, ਅਤੇ ਕਿੰਨਾਂ ਕੁ ਸ਼ਾਮਿਲ ਹੈਂ?

-----

ਤੂੰ ਕਹਿੰਦਾ ਹੈਂ, ਅਜ਼ਾਦੀ ਦੀ ਵੀ ਕੀਮਤ ਤਾਰੀ ਜਾਂਦੀ ਹੈ, ਇਹ ਤਾਂ ਈ ਹੱਥ ਆਂਦੀ ਹੈ,

ਤਾਂ ਕੀਮਤ ਤਾਰਦੇ ਲੋਕਾਂ 'ਚ ਤੂੰ ਕਿੱਥੇ ਕੁ ਸ਼ਾਮਿਲ ਹੈਂ, ਅਤੇ ਕਿੰਨਾ ਕੁ ਸ਼ਾਮਿਲ ਹੈਂ?

-----

ਕਿਸਾਨਾਂ ਤੇ ਮਜ਼ੂਰਾਂ ਨੂੰ, ਤੂੰ ਇਕ ਪਰਿਵਾਰ ਕਹਿੰਦਾ ਏਂ, ਤੇ ਲੀਡਰ ਬਣ ਕੇ ਬਹਿੰਦਾ ਏਂ,

ਉਸੇ ਪਰਿਵਾਰ ਦੇ ਲੋਕਾਂ 'ਚ ਤੂੰ ਕਿੱਥੇ ਕੁ ਸ਼ਾਮਿਲ ਹੈਂ, ਅਤੇ ਕਿੰਨਾ ਕੁ ਸ਼ਾਮਿਲ ਹੈਂ?

-----

ਜੇ ਤਿਲ-ਤਿਲ ਮਰਦੇ ਲੋਕਾਂ ਲਈ, ਹੈ ਜੀਵਨ ਵਾਰਿਆ ਲੋਕਾਂ, ਤੇ ਮਰਨਾ ਧਾਰਿਆ ਲੋਕਾਂ,

ਤਾਂ ਮਰਨਾ ਧਾਰਦੇ ਲੋਕਾਂ 'ਚ ਤੂੰ ਕਿੱਥੇ ਕੁ ਸ਼ਾਮਿਲ ਹੈਂ, ਅਤੇ ਕਿੰਨਾ ਕੁ ਸ਼ਾਮਿਲ ਹੈਂ?

------

ਮੇਰੇ ਦਸਮੇਸ਼ ਨੇ ਦੱਸਿਆ, ਕਿ ਟੱਬਰ ਵਾਰਿਆ ਜਾਂਦੈ, ਤਾਂ ਸੱਚ ਪਰਚਾਰਿਆ ਜਾਂਦੈ,

ਤਾਂ ਸੱਚ ਪਰਚਾਰਦੇ ਲੋਕਾਂ 'ਚ ਤੂੰ ਕਿੱਥੇ ਕੁ ਸ਼ਾਮਿਲ ਹੈਂ, ਅਤੇ ਕਿੰਨਾ ਕੁ ਸ਼ਾਮਿਲ ਹੈਂ?

-------

ਇਜਾਜ਼ਤ ਹੋਵੇ ਤਾਂ ਇੱਕ ਸਵਾਲ ਦਾਸ ਅਪਣੇ-ਆਪ ਤੋਂ ਵੀ ਪੁੱਛ ਲਵੇ-

ਹਥੌੜੇ-ਦਾਤੀਆਂ ਵਾਂਗੂੰ, ਤੇਰੀ ਕਿਰਪਾਨ ਵੀ 'ਸੰਧੂ', ਨਿਰੀ ਇਕ ਚਿੰਨ੍ਹ ਮਾਤਰ ਹੈ,

ਜਾਂ ਦੱਸ, ਸਿਰ ਵਾਰਦੇ ਲੋਕਾਂ 'ਚ ਤੂੰ ਕਿੱਥੇ ਕੁ ਸ਼ਾਮਿਲ ਹੈਂ, ਅਤੇ ਕਿੰਨਾ ਕੁ ਸ਼ਾਮਿਲ ਹੈਂ?