ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਗੁਰਤੇਜ ਕੋਹਾਰਵਾਲ਼ਾ. Show all posts
Showing posts with label ਗੁਰਤੇਜ ਕੋਹਾਰਵਾਲ਼ਾ. Show all posts

Sunday, January 18, 2009

ਗੁਰਤੇਜ ਕੋਹਾਰਵਾਲ਼ਾ - ਗ਼ਜ਼ਲ

ਗ਼ਜ਼ਲ

ਤੂੰ ਨਦੀ ਹੈਂ, ਇਕ ਸਮੁੰਦਰ ਵਾਸਤੇ ਵਹਿਣਾ ਹੈ ਤੂੰ।

ਮੇਰੀ ਮਿੱਟੀ ਤਾਂ ਅਕਾਰਨ, ਖੋਰਦੇ ਰਹਿਣਾ ਹੈ ਤੂੰ।

----

ਰੋ ਲਿਆ ਅੱਖਾਂ ਤੋਂ ਚੋਰੀ, ਹੋ ਲਿਆ ਛੁਪ ਕੇ ਉਦਾਸ,

ਉਮਰ ਭਰ ਇਸ ਦੁਖਮਈ ਅਭਿਆਸ ਵਿਚ ਰਹਿਣਾ ਹੈ ਤੂੰ।

----

ਖ਼ੁਦ ਲਈ ਤਾਂ ਨਾ ਸਹੀ ਪਰ ਘਰ ਦੇ ਚਾਨਣ ਵਾਸਤੇ,

ਰੋਜ਼ ਤਿਰਕਾਲਾਂ ਨੂੰ ਦੀਵਾ ਬਾਲ਼ਦੇ ਰਹਿਣਾ ਹੈ ਤੂੰ।

----

ਮੇਰੇ ਵਿਚ ਪੂਰਬ ਨਾ ਪੱਛਮ, ਉੱਚੀਆਂ ਕੰਧਾਂ ਨੇ ਚਾਰ,

ਕਿਸ ਤਰ੍ਹਾਂ ਜਾਣਾਂਗਾ ਕਿੱਧਰ ਉਗਮਣਾ, ਲਹਿਣਾ ਹੈ ਤੂੰ।

----

ਤੇਰੇ ਪੈਰਾਂ ਕੋਲ਼ ਤੜਫ਼ੇਗੀ ਨਦੀ ਵਿਰਲਾਪ ਦੀ,

ਇਕ ਜਜ਼ੀਰੇ ਵਾਂਗ, ਸਭ ਕੁਝ ਵੇਖਣਾ, ਸਹਿਣਾ ਹੈ ਤੂੰ।

----

ਉਸ ਚੁਰਸਤੇ ਦਾ ਵੀ ਕੋਈ ਨਾਮ ਧਰ ਲਈਏ ਤਾਂ ਠੀਕ,

ਜਿੱਥੇ ਮੈਂ ਤੈਨੂੰ, ਤੇ ਮੈਨੂੰ ਅਲਵਿਦਾ ਕਹਿਣਾ ਹੈ ਤੂੰ।

Thursday, December 18, 2008

ਗੁਰਤੇਜ ਕੋਹਾਰਵਾਲ਼ਾ - ਗ਼ਜ਼ਲ

ਗ਼ਜ਼ਲ

ਘਰਾਂ ਨੇ ਕੀਲਿਆ ਏਦਾਂ ਮੁਸਾਫ਼ਰ ਹੋਣ ਨਾ ਦਿੱਤਾ।
ਰਹੇ ਨਿੱਕੇ ਜਹੇ ਜੇਤੂ ਸਿਕੰਦਰ ਹੋਣ ਨਾ ਦਿੱਤਾ।
---
ਕਿਸੇ ਵਸਦੇ ਮੁਹੱਲੇ ਵਿਚ ਬੁਰਾ ਹੈ ਮਕਬਰਾ ਹੋਣਾ,
ਵਸੇਬੇ ਦੀ ਇਸੇ ਬੰਦਿਸ਼ ਨੇ ਖੰਡਰ ਹੋਣ ਨਾ ਦਿੱਤਾ।
----
ਹਮੇਸ਼ਾ ਮੇਰੀਆਂ ਪੈੜਾਂ ਤੋਂ ਰਸਤਾ ਵੇਖਿਆ ਉਸਨੇ,
ਮੈਂ ਉਸਦੇ ਨਾਲ ਤੁਰਿਆ ਪਰ ਬਰਾਬਰ ਹੋਣ ਨਾ ਦਿੱਤਾ।
----
ਬੜਾ ਲਿਖਿਆ ਮੈਂ ਤੈਥੋਂ ਦੂਰੀਆਂ ਦੇ ਦਰਦ ਨੂੰ ਮੁੜ ਮੁੜ,
ਕਿਤੇ ਜੋ ਨੇੜਤਾ ਸੀ ਉਸਨੂੰ ਅੱਖਰ ਹੋਣ ਨਾ ਦਿੱਤਾ।
----
ਨਹੀਂ ਜੇ ਦਾਗ਼ ਮੇਰੇ ‘ਤੇ ਤਾਂ ਉਸਦੀ ਇਕ ਵਜ੍ਹਾ ਵੀ ਹੈ,
ਮੈਂ ਅਪਣੇ ਆਪ ਨੂੰ ਇਕ ਛਿਣ ਵੀ ਚਾਦਰ ਹੋਣ ਨਾ ਦਿੱਤਾ।

Monday, December 15, 2008

ਗੁਰਤੇਜ ਕੋਹਾਰਵਾਲ਼ਾ - ਗ਼ਜ਼ਲ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਕੈਨੇਡਾ ਵਸਦੇ ਲੇਖਕ ਤੇ ਪੱਤਰਕਾਰ ਸਤਿਕਾਰਤ ਪ੍ਰਤੀਕ ਸਿੰਘ ਜੀ ਨੇ ਇੰਡੀਆ ਵਸਦੇ ਚਰਚਿਤ ਗ਼ਜ਼ਲਗੋ ਸਤਿਕਾਰਤ ਗੁਰਤੇਜ ਕੋਹਾਰਵਾਲ਼ਾ ਜੀ ਦੀ ਬੇਹੱਦ ਖ਼ੂਬਸੂਰਤ ਗ਼ਜ਼ਲ ਭੇਜ ਕੇ ਆਰਸੀ ਦੇ ਪਾਠਕਾਂ /ਲੇਖਕਾਂ ਨਾਲ਼ ਉਹਨਾਂ ਦੀ ਪਹਿਲੀ ਸਾਹਿਤਕ ਸਾਂਝ ਪਵਾਈ ਹੈ। । ਉਹਨਾਂ ਦੀ ਹਾਜ਼ਰੀ ਨਾਲ਼ ਆਰਸੀ ਦੇ ਮੱਥੇ ਸਜੇ ਮੁਕਟ ਚ ਇੱਕ ਹੋਰ ਨਾਯਾਬ ਮੋਤੀ ਦਾ ਇਜ਼ਾਫ਼ਾ ਹੋਇਆ ਹੈ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਗੁਰਤੇਜ ਜੀ ਨੂੰ ਇਸ ਅਦਬੀ ਮਹਿਫ਼ਲ ਚ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਦੀ ਖ਼ੂਬਸੂਰਤ ਗ਼ਜ਼ਲ ਨੂੰ ਸਾਇਟ ਤੇ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਦਰਵੇਸ਼ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਪ੍ਰਤੀਕ ਜੀ ਨੂੰ ਇਸ ਸਾਈਟ ਦਾ ਲਿੰਕ ਭੇਜਿਆ।


ਗ਼ਜ਼ਲ


ਤਾਜ਼ਾ ਮੁਹੱਬਤਾਂ ਦਾ ਇਹ ਪਾਣੀ ਉਤਰ ਲਵੇ


ਸ਼ਾਇਦ ਉਹ ਡੁੱਬਿਆਂ ਨੂੰ ਕਦੇ ਯਾਦ ਕਰ ਲਵੇ


----
ਮਰਜ਼ੀ ਹੈ ਝੀਲ ਦੀ ਕਿ ਉਹ ਕਰਦੀ ਹੈ ਕੀ ਕਬੂਲ,


ਚਾਹੇ ਤਾਂ ਉਸਦੀ ਹਿੱਕ 'ਤੇ ਪੱਥਰ ਵੀ ਤਰ ਲਵੇ


----
ਨ੍ਹੇਰੇ ਦੀ ਹਰ ਦਲੀਲ ਹੈ ਅੰਨ੍ਹੀ ਤੇ ਖੌਫ਼ਨਾਕ,


ਡਰ ਹੈ ਕਿ ਮੈਨੂੰ ਵੀ ਕਿਤੇ ਸਹਿਮਤ ਨ ਕਰ ਲਵੇ


----
ਕੰਮਾਂ ਤੇ ਚੀਜ਼ਾਂ ਨਾਲ ਮੁੜ ਭਰਦੇ ਨਹੀਂ ਖ਼ਲਾਅ,


ਉਸ ਨੂੰ ਕਹੋ ਖ਼ੁਦ ਨੂੰ ਕਿਤੇ ਖ਼ਾਲੀ ਨ ਕਰ ਲਵੇ


----
ਫੁੱਲਾਂ ਦੇ ਬੀਜ ਕੁਝ ਸਮਾਂ ਰੱਖੋ ਸੰਭਾਲ਼ ਕੇ,


ਪਹਿਲਾਂ ਦਿਲਾਂ ਦੀ ਸੁਲਘਦੀ ਮਿੱਟੀ ਤਾਂ ਠਰ ਲਵੇ