ਰਾਜਿੰਦਰਜੀਤ ਜੀ! ਇਹਨਾਂ ਖ਼ੂਬਸੂਰਤ ਗ਼ਜ਼ਲਾਂ ਨੂੰ ਪੜ੍ਹ ਕੇ ਮਨ ‘ਚ ਬੜੀ ਬੇਈਮਾਨੀ ਆਈ, ਕਿ ਕਿਤੇ ਸਾਰੀ ਡਾਇਰੀ ਹੱਥ ਲੱਗ ਜਾਵੇ ਤਾਂ ਆਪਣੇ ਨਾਂ ਥੱਲੇ ਕਿਤਾਬ ਹੀ ਛਪਵਾ ਦੇਵਾਂ...:) ਇਹ ਗੱਲ ਮੈਂ ਦਰਵੇਸ਼ ਜੀ ਨੂੰ ਵੀ ਆਖਦੀ ਹੁੰਨੀ ਆਂ ਕਿ ਕਿਤੇ ਇੰਡੀਆ ਆਈ ਤਾਂ ਚੋਰੀ-ਚੋਰੀ ਤੁਹਾਡੇ ਘਰੋਂ ਤੁਹਾਡਾ ਨਜ਼ਮਾਂ ਵਾਲ਼ਾ ਰਜਿਸਟਰ ਚੁੱਕ ਕੇ ਲੈ ਜਾਣਾ ਹੈ, ਉਹ ਹਸਦੇ ਹੁੰਦੇ ਨੇ ਕਿ ਇੰਡੀਆ ਆਉਣ ਤੋਂ ਤਾਂ ਤੈਨੂੰ ਏਨਾ ਡਰ ਲਗਦੈ, ਨਾਲ਼ੇ ਤੂੰ ਵੀ ਕੈਸੀ ਅਜੀਬ ਚੋਰ ਹੈਂ, ਜੀਹਨੇ ਦੱਸ ਕੇ ਚੋਰੀ ਕਰਨੀ ਹੈ। ਰਾਜਿੰਦਰਜੀਤ ਜੀ! ਓਹੀ ਗੱਲ ਤੁਹਾਡੀਆਂ ਗ਼ਜ਼ਲਾਂ ‘ਤੇ ਵੀ ਲਾਗੂ ਹੁੰਦੀ ਹੈ, ਸੋ.... “ਅਧੂਰੇ ਖ਼ਾਬ ਦਾ ਅੱਧਾ ਸਫ਼ਾ ਕਬੂਲ ਕਰੋ
ਕਿ ਜਿੰਨੀ ਹੋ ਸਕੀ, ਓਨੀ ਵਫ਼ਾ ਕਬੂਲ ਕਰੋ ”
ਤੁਹਾਡੀ ਕਲਮ ਨੂੰ ਆਰਸੀ ਪਰਿਵਾਰ ਵੱਲੋਂ ਇਕ ਵਾਰ ਫੇਰ ਸਲਾਮ! ਤੁਹਾਡੀ ਇਸ ਹਾਜ਼ਰੀ ਨਾਲ਼ ਆਰਸੀ ਦੇ ਬੂਹੇ ‘ਤੇ ਇਕ ਨਵਾਂ-ਨਕੋਰ ਸੰਦਲੀ ਸੂਰਜ ਉੱਗ ਆਇਆ ਹੈ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
=====
ਗ਼ਜ਼ਲ
ਕੁਝ ਪੱਥਰ, ਕੁਝ ਠੋਕਰਾਂ, ਕੁਝ ਅਣਚਾਹਿਆ ਸ਼ੋਰ।
ਮੇਰੇ ਸਫ਼ਰ ’ਚ ਜੁੜ ਗਏ, ਦੋ-ਤਿੰਨ ਵਰਕੇ ਹੋਰ।
-----
ਕਮਰੇ ਕਰਦੇ ਮਸ਼ਵਰਾ, ਇੱਕ-ਦੂਜੇ ਦੇ ਨਾਲ਼,
ਲੈ ਕੇ ਆਉਣਾ ਭਲ਼ਕ ਨੂੰ ਸੂਰਜ ਨਵਾਂ-ਨਕੋਰ।
-----
ਸਰਵਣ ਕਰ ਸਕਿਆ ਨਹੀਂ ਮੈਂ ਰੂਹਾਂ ਦਾ ਰਾਗ,
ਜਾਂ ਫਿਰ ਏਥੇ ਚੁੱਪ ਦੀ, ਪਰਿਭਾਸ਼ਾ ਹੈ ਹੋਰ ।
-----
ਕੁਝ ਨੇ ਧੁੰਦਲ਼ੀ ਚਾਨਣੀ ਪੀ ਲਈ ਇੱਕੇ ਸਾਹ,
ਕੁਝ ਅੱਖਾਂ ਨੂੰ ਭਾ ਗਈ, ਨ੍ਹੇਰੇ ਦੀ ਲਿਸ਼ਕੋਰ।
-----
ਜਿਉਂ ਰੁੱਸੀ, ਨਾ ਪਰਤ ਕੇ ਆਈ ਰੁੱਤ ਬਹਾਰ,
ਮਾਰ ਉਡਾਰੀ ਉੱਡਿਆ, ਕੰਧੋਲ਼ੀ ਦਾ ਮੋਰ ।
=====
ਗ਼ਜ਼ਲ
ਅਧੂਰੇ ਖ਼ਾਬ ਦਾ ਅੱਧਾ ਸਫ਼ਾ ਕਬੂਲ ਕਰੋ।
ਕਿ ਜਿੰਨੀ ਹੋ ਸਕੀ, ਓਨੀ ਵਫ਼ਾ ਕਬੂਲ ਕਰੋ।
-----
ਤੁਹਾਡੇ ਸ਼ਹਿਰ ਦੀ ਅਜ਼ਲਾਂ ਤੋਂ ਇਹ ਰਵਾਇਤ ਹੈ,
ਕਸੂਰ ਹੈ ਜਾਂ ਨਹੀਂ, ਪਰ ਸਜ਼ਾ ਕਬੂਲ ਕਰੋ।
-----
ਕਿਤੇ ਨਾ ਹੋਰ ਜਾ ਕਰਨੀ ਪਵੇ ਦੁਆ ਮੈਨੂੰ,
ਕਿ ਪਰਤ ਆਉਣ ਦੀ ਮੇਰੀ ਦੁਆ ਕਬੂਲ ਕਰੋ।
-----
ਕਿਸੇ ਮਕਾਮ ‘ਤੇ ਰੁੱਤਾਂ ‘ਤੇ ਵੱਸ ਨਹੀਂ ਚੱਲਦਾ,
ਹੈ ਜੋ ਵੀ ਵਗ ਰਹੀ, ਓਹੀ ਹਵਾ ਕਬੂਲ ਕਰੋ ।
-----
ਹਰੇਕ ਕੋਣ ਤੋਂ ਪੂਰਾ ਕੋਈ ਨਹੀਂ ਹੁੰਦਾ,
ਹੈ ਦਿਲ ’ਚ ਪਿਆਰ ਤਾਂ ਖੋਟਾ-ਖ਼ਰਾ ਕਬੂਲ ਕਰੋ।
------
ਤੁਹਾਨੂੰ ਔਖੀਆਂ ਰਾਹਾਂ ਦੇ ਨਕ਼ਸ਼ ਦੱਸੇਗਾ,
ਸਫ਼ਰ ਦੇ ਵਾਸਤੇ ਇਹ ਹਾਦਸਾ ਕਬੂਲ ਕਰੋ ।