
ਕਿੱਤਾ: ਵੈਸਟ ਮਿਡਲੈਂਡਜ਼ ਟਰਾਂਸਪੋਰਟ ਯੂ.ਕੇ. ਤੋਂ ਸਕੈਜੁਅਲਜ਼ ਆਫੀਸਰ ਰਿਟਾਇਡ
ਅਜੋਕਾ ਨਿਵਾਸ: ਚਾਲੀ ਸਾਲ ਯੂ.ਕੇ.ਬਿਤਾਉਂਣ ਤੋਂ ਬਾਅਦ ਹੁਣ ਨੌਰਥ ਵੈਨਕੂਵਰ, ਕੈਨੇਡਾ
ਕਿਤਾਬ: ਪੱਤਝੜ ਦੇ ਫੁੱਲ - Autumn Flowers ( ਪੰਜਾਬੀ ਅਤੇ ਅੰਗਰੇਜ਼ੀ ‘ਚ ਦੋਹਾਂ ਭਾਸ਼ਾਵਾਂ ‘ਚ ਪ੍ਰਕਾਸ਼ਿਤ)
ਦੋਸਤੋ! ਅੱਜ ਜੌਹਲ ਸਾਹਿਬ ਨੇ ਬੇਹੱਦ ਖ਼ੂਬਸੂਰਤ ਨਜ਼ਮ ਭੇਜ ਕੇ ਪਹਿਲੀ ਵਾਰ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਅਦਬੀ ਮਹਿਫ਼ਲ ‘ਚ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਵੱਲੋਂ ਭੇਜੀ ਇਸ ਨਜ਼ਮ ਨੂੰ ਆਰਸੀ ‘ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਜੌਹਲ ਸਾਹਿਬ ਨੂੰ ਆਰਸੀ ਦਾ ਲਿੰਕ ਹਰਭਜਨ ਮਾਂਗਟ ਸਾਹਿਬ ਨੇ ਭੇਜਿਆ, ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ।
ਘਰ ਦੀ ਲਾਲਸਾ
ਨਜ਼ਮ
ਯੁਗਾਂ ਦਾ ਪਰਦੇਸ ਭੋਗ ਕੇ
ਘਰ ਦੀ ਲਾਲਸਾ ਹੋਈ,
ਜਾ ਡਿੱਠਾ ਤਾਂ ਡਿਉੜੀ
ਮੱਥੇ ਤਿਉੜੀ ਪਾ ਖਲੋਈ।
----
ਬੰਦ ਦਰਵਾਜ਼ੇ ਘੂਰੀ ਵੱਟੀ
ਦਸਤਕ ਥਾਂ ਹੀ ਮੋਈ,
ਪਿੱਟ-ਪਿੱਟ ਕੇ ਫਿਰ ਹਸਰਤ ਸਾਡੀ
ਛਾਲੋ-ਛਾਲੀ ਹੋਈ।
----
ਅੱਖਾਂ ਅੱਡ-ਅੱਡ ਖੋਲੇ ਝਾਕਣ
ਬਾਰੀਆਂ ਨੀਵੀਂ ਪਾਈ,
ਪਰ ਬੈਠੇ ਸਨ ਅਜੇ ਵੀ ਪੈਹੇ
ਸਾਡੀ ਪੈੜ ਲਕੋਈ।
----
ਕੁਝ ਗਲ਼ੀਆਂ ਸਨ ਸਾਡੀਆਂ ਜਾਣੂੰ
ਕੁਝ ਦੀਆਂ ਬਸ ਯਾਦਾਂ,
ਜੱਕੋ-ਤੱਕੀ ਹੱਥ ਮਿਲ਼ੇ ਕੁਝ
ਨਾ ਗਲਵੱਕੜੀ ਕੋਈ।
----
ਜਦ ਉਸ ਘਰ ਦੀ ਸਰਦਲ ਨੇ ਵੀ
ਲਿਆ ਫਿਰ ਮੂੰਹ ਭੁਆ,
ਮੱਚ ਗਏ ਮਾਂ ਦੇ ਹੱਡਾਂ ਵਿਚਲੀ
ਮਮਤਾ ਲੱਪ-ਲੱਪ ਰੋਈ।
----
ਰੱਤ ਦੇ ਜਦੋਂ ਰਿਸ਼ਤਿਆਂ ਦੀਆਂ
ਪਿੱਠਾਂ-ਪਿੱਠਾਂ ਦਿਸੀਆਂ,
ਚਿਤਾ ਤੇ ਬੈਠੀ ਰੂਹ ਬਾਪੂ ਦੀ
ਨਿੰਮੋ ਝੂਣੀ ਹੋਈ।
----
ਜੇ ਜਾਣਾ ਤਾਂ ਜੁਗ-ਜੁਗ ਜਾਓ
ਸਿਜਦਾ ਕਰ ਮੁੜ ਆਓ,
ਆਸ ਨਾ ਰੱਖੋ ਉਨ੍ਹਾਂ ਦਰਾਂ ਤੇ
‘ਜੀ ਆਇਆਂ’ ਕਹੂ ਕੋਈ।