ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਗਿਆਨ ਸਿੰਘ ਕੋਟਲੀ. Show all posts
Showing posts with label ਗਿਆਨ ਸਿੰਘ ਕੋਟਲੀ. Show all posts

Friday, August 13, 2010

ਗਿਆਨ ਸਿੰਘ ਕੋਟਲੀ - ਨਜ਼ਮ

ਰੱਬ ਜੀ ਦੀ ਬਖ਼ਸ਼ਿਸ਼

ਨਜ਼ਮ

ਕੀਤੀ ਰੱਬ ਜੀ ਬੜੀ ਮਹਾਨ ਬਖ਼ਸ਼ਿਸ਼,

ਘਰ ਜੱਗ ਜਹਾਨ ਘਮਸਾਨ ਬਣ ਗਏ

-----

ਬੇਲਿਹਾਜ਼ ਬੇਦਰਦ ਬੇਕਿਰਕ ਬੇਦਿਲ,

ਕੇਹੋ ਜੇਹੇ ਨੇ ਇਹ ਇਨਸਾਨ ਬਣ ਗਏ

-----

ਜਿਹੜੇ ਜਾ ਅਸਮਾਨੇ ਵੀ ਲਾਉਣ ਲੂਤੀ,

ਐਸੇ ਉੱਚੇ ਨੇ ਸਾਡੇ ਬਿਆਨ ਬਣ ਗਏ

-----

ਦੇਖੋ ਜਿਧਰ ਵੀ ਪਈ ਕੋਈ ਆਫ਼ਤ,

ਢਾਰੇ ਸੁੱਖਾਂ ਦੇ ਹਨ ਸ਼ਮਸ਼ਾਨ ਬਣ ਗਏ

-----

ਰਹਿੰਦੇ ਤੁਰੇ ਤੂਫ਼ਾਨ ਭੁਚਾਲ ਝੱਖੜ,

ਹੜ੍ਹ ਨਿੱਤ ਦੇ ਸਾਡੇ ਮਹਿਮਾਨ ਬਣ ਗਏ

-----

ਵਸਦੇ ਘੁੱਗ ਸੀ ਸ਼ਹਿਰ ਗਿਰਾਂ ਜਿਹੜੇ,

ਹੂੰਝੇ ਗਏ ਉਹ ਰੜੇ ਮੈਦਾਨ ਬਣ ਗਏ

=====

ਜਾਨਾਂ ਦੇਸ਼ ਆਜ਼ਾਦੀ ਤੋਂ ਵਾਰ ਦਈਏ

ਨਜ਼ਮ

ਅਸੀਂ ਸੱਚਿਆਂ ਸੁੱਚਿਆਂ ਲੀਡਰਾਂ ਨੇ,

ਨਹੀਓਂ ਕੌਮ ਦਾ ਕੋਈ ਨੁਕਸਾਨ ਕੀਤਾ

ਕੀਤੀ ਅਸਾਂ ਨੇ ਨਹੀਂ ਕੋਈ ਚਾਲਬਾਜ਼ੀ,

ਹੇਰਾ-ਫੇਰੀ ਦਾ ਨਹੀਂ ਸਾਮਾਨ ਕੀਤਾ

-----

ਲੂਤੀ ਲਾਉਣ ਦੀ ਗੱਲ ਨਾ ਕਦੇ ਕੀਤੀ,

ਝੂਠਾ ਕਦੇ ਨਾ ਕੁੱਝ ਬਿਆਨ ਕੀਤਾ

ਕੁੰਨਬਾ-ਪਰਵਰੀ ਅਸਾਂ ਨਾ ਕਦੇ ਕੀਤੀ,

ਰਿਸ਼ਵਤ ਵਲ ਨਾ ਕਦੇ ਧਿਆਨ ਕੀਤਾ

-----

ਅਸੀਂ ਦੇਸ਼ ਤੇ ਕੌਮ ਦੀ ਰੱਖਿਆ ਲਈ,

ਲੱਖਾਂ ਗੱਦੀਆਂ ਦਿਲੋਂ ਵਿਸਾਰ ਦਈਏ

ਠੋਹਕਰ ਮਾਰ ਕੇ ਚੌਧਰਾਂ ਕੁਰਸੀਆਂ ਨੂੰ,

ਜਾਨਾਂ ਦੇਸ਼ ਆਜ਼ਾਦੀ ਤੋਂ ਵਾਰ ਦਈਏ


Wednesday, June 30, 2010

ਗਿਆਨ ਸਿੰਘ ਕੋਟਲੀ - ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ 'ਤੇ ਵਿਸ਼ੇਸ਼ - ਨਜ਼ਮ

ਦੋਸਤੋ! ਕੱਲ੍ਹ ਨੌਰਥ ਡੈਲਟਾ ਦੀ ਜਾਰਜ ਮੈਕੀ ਲਾਇਬ੍ਰੇਰੀ ਵਿਚ ਡੇਢ ਘੰਟੇ ਲਈ ਗਿੱਲ ਮੋਰਾਂਵਾਲ਼ੀ ਸਾਹਿਬ ਅਤੇ ਗਿਆਨ ਸਿੰਘ ਕੋਟਲੀ ਸਾਹਿਬ ਨੇ ਆਪਣੀਆਂ ਕਾਵਿ-ਰਚਨਾਵਾਂ ਨਾਲ਼ ਰੰਗ ਬੰਨ੍ਹਿਆ। ਸਾਡੇ ਵੀਰ ਜੀ ਸਰਵਣ ਸਿੰਘ ਰੰਧਾਵਾ ਅਤੇ ਭੈਣ ਜੀ ਸਰਬਜੀਤ ਕੌਰ ਰੰਧਾਵਾ ਇਹਨਾਂ ਸਾਹਿਤਕ ਸ਼ਾਮਾਂ ਨੂੰ ਲਾਇਬ੍ਰੇਰੀ ਵਿਚ ਆਯੋਜਿਤ ਕਰਨ ਲਈ ਵਧਾਈ ਦੇ ਹੱਕਦਾਰ ਹਨ।

-----

ਕੋਟਲੀ ਸਾਹਿਬ ਨੇ ਆਪਣੀਆਂ ਹੋਰ ਰਚਨਾਵਾਂ ਨਾਲ਼ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖੀ ਇਕ ਨਜ਼ਮ ਪੜ੍ਹੀ, ਜਿਹੜੀ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਤੇ ਮੈਂ ਪ੍ਰੋਗਰਾਮ ਸਮਾਪਤ ਹੋਣ ਤੋਂ ਬਾਅਦ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਇਹ ਕਵਿਤਾ ਆਰਸੀ ਪਰਿਵਾਰ ਨਾਲ਼ ਜ਼ਰੂਰ ਸਾਂਝੀ ਕਰਨ ਕਿਉਂਕਿ ਇਤਿਹਾਸ ਹਮੇਸ਼ਾ ਹੀ ਮੇਰਾ ਮਨ-ਭਾਉਂਦਾ ਵਿਸ਼ਾ ਰਿਹਾ ਹੈ ਤੇ ਕੋਸ਼ਿਸ਼ ਰਹਿੰਦੀ ਹੈ ਕਿ ਕੋਈ ਇਤਿਹਾਸਕ ਪ੍ਰਸੰਗ ਵਾਲ਼ੀ ਲਿਖਤ ਵੀ ਜ਼ਰੂਰ ਸਾਂਝੀ ਕੀਤੀ ਜਾਵੇ। ਉਹਨਾਂ ਨੇ ਮੇਰੀ ਬੇਨਤੀ ਪ੍ਰਵਾਨ ਕਰਦਿਆਂ ਅੱਜ ਇਹ ਨਜ਼ਮ ਆਰਸੀ ਲਈ ਘੱਲੀ ਹੈ, ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਏਨੀ ਖ਼ੂਬਸੂਰਤ ਕਵਿਤਾ ਲਿਖਣ ਤੇ ਆਰਸੀ ਪਰਿਵਾਰ ਵੱਲੋਂ ਕੋਟਲੀ ਸਾਹਿਬ ਨੂੰ ਦਿਲੀ ਮੁਬਾਰਕਬਾਦ। ਇਹ ਨਜ਼ਮ ਉਹਨਾਂ ਦੀ ਕਾਵਿ-ਪੁਸਤਕ- ਨਾਨਕ ਦੁਨੀਆਂ ਕੈਸੀ ਹੋਈਵਿਚ ਸ਼ਾਮਿਲ ਹੈ।

-----

ਅਸੀਂ ਸਭ ਜਾਣਦੇ ਹੀ ਹਾਂ ਕਿ ਅੰਗਰੇਜ਼ਾਂ ਨੇ ਸਾਰੇ ਹਿੰਦੋਸਤਾਨ ਤੇ ਤਕਰੀਬਨ ਸਤਲੁਜ ਦਰਿਆ (ਲੁਧਿਆਣਾ) ਤੱਕ ਕਬਜ਼ਾ ਕਰ ਲਿਆ ਸੀਹੁਣ ਉਹਨਾਂ ਦੀ ਨਜ਼ਰ ਪੰਜਾਬ ਤੇ ਕਬਜ਼ਾ ਕਰਨ ਦੀ ਸੀ ਜਿਥੇ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀਸ਼ੇਰੇ-ਪੰਜਾਬ ਦੀ ਲਲਕਾਰ ਸੀ ਕਿ ਮੈਂ ਫਰੰਗੀ ਨੂੰ ਆਪਣੇ ਜੀਂਦੇ ਜੀਅ ਸਤਲੁਜ ਵੱਲ ਨਹੀਂ ਆਉਣ ਦੇਣਾਏਵੇਂ ਹੀ ਹੋਇਆਪਰ ਸ਼ੇਰੇ-ਪੰਜਾਬ ਦੀ 1839ਵਿਚ ਮੌਤ ਤੋਂ ਬਾਅਦ 1849 ਵਿਚ ਅੰਗਰੇਜ਼ਾਂ ਨੇ ਪੰਜਾਬ ਤੇ ਵੀ ਕਬਜ਼ਾ ਕਰ ਲਿਆ। ਪੇਸ਼ ਹੈ ਕੋਟਲੀ ਸਾਹਿਬ ਦੀਸਤਲੁਜ ਵੱਲ ਤੂੰ ਆ ਨਹੀਂ ਸਕਦਾ ਕਵਿਤਾ ਵਿਚ ਸ਼ੇਰੇ-ਪੰਜਾਬ ਦੀ ਅੰਗਰੇਜ਼ ਨੂੰ ਲਲਕਾਰ:-

ਅਦਬ ਸਹਿਤ

ਤਨਦੀਪ ਤਮੰਨਾ

*****

ਮਹਾਰਾਜਾ ਰਣਜੀਤ ਸਿੰਘ ਦੀ ਫਰੰਗੀ ਨੂੰ ਲਲਕਾਰ

(ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ 'ਤੇ ਵਿਸ਼ੇਸ਼)

ਨਜ਼ਮ

ਕਹਿਰੀ ਨਜ਼ਰਾਂ ਰੱਖਣ ਵਾਲੇ, ਮੇਰੇ ਦਿਲ ਪੰਜਾਬ ਦੇ ਉਤੇ

ਖ਼ੂਨ ਜਿਗਰ ਦਾ ਪਾ ਕੇ ਸਿੰਜੇ, ਮੇਰੇ ਫੁੱਲ ਗੁਲਾਬ ਦੇ ਉਤੇ

ਖ਼ੂਨ ਸ਼ਹੀਦਾਂ ਨਾਲ ਉਲੀਕੇ, ਤਾਰੀਖ ਮੇਰੀ ਦੇ ਬਾਬ ਦੇ ਉਤੇ

ਸਦੀਆਂ ਪਿਛੋਂ ਪੂਰੇ ਹੋਏ , ਕੌਮ ਮੇਰੀ ਦੇ ਖ਼ਾਬ ਦੇ ਉਤੇ

ਸੂਰਮਿਆਂ ਦੀ ਧਰਤੀ ਉਤੇ, ਪੈਰ ਕਦੇ ਤੂੰ ਪਾ ਨਹੀਂ ਸਕਦਾ

ਸ਼ੇਰ ਬੱਬਰ ਦੇ ਜੀਂਦੇ ਜੀ ਤਾਂ, ਸਤਲੁਜ ਵੱਲ ਤੂੰ ਆ ਨਹੀਂ ਸਕਦਾ

-----

ਫੂਕੇ ਨੇ ਮੈਂ ਕੌਮੀ ਜ਼ਜਬੇ , ਆਪਣੇ ਸਿਪਾਹਸਾਲਾਰਾਂ ਅੰਦਰ

ਫੂਕੀ ਏ ਮੈਂ ਅਣਖ ਚੰਗਿਆੜੀ, ਆਪਣੇ ਸ਼ਾਹਸਵਾਰਾਂ ਅੰਦਰ

ਫੂਕੀ ਏ ਕੋਈ ਸ਼ਾਨ ਸ਼ਹੀਦੀ, ਕੌਮੀ ਅਣਖੀ ਵਾਰਾਂ ਅੰਦਰ

ਫੂਕੀ ਏ ਮੈਂ ਕਹਿਣੀ ਕਰਨੀ, ਸਭਨਾਂ ਸਿੰਘ ਸਰਦਾਰਾਂ ਅੰਦਰ

ਦੇਸ਼ ਕੌਮ ਦੇ ਥੰਮ੍ਹਾਂ ਨੂੰ ਹੁਣ , ਝੱਖੜ ਕੋਈ ਹਿਲਾ ਨਹੀਂ ਸਕਦਾ

ਮੇਰੇ ਅਣਖੀ ਸ਼ੇਰਾਂ ਹੁੰਦਿਆਂ, ਸਤਲੁਜ ਵੱਲ ਤੂੰ ਆ ਨਹੀਂ ਸਕਦਾ

-----

ਅਰਸ਼ ਫਰਸ਼ ਨੇ ਜਾਂਦੇ ਸਦਕੇ, ਦੇਸ਼ ਮੇਰੇ ਦੀਆਂ ਸ਼ਾਨਾਂ ਉਤੇ

ਆਪਾਵਾਰੀ ਝੂਮਦੀ ਦਿਸਦੀ, ਇਹਦੀਆਂ ਆਨਾਂ ਬਾਨਾਂ ਉਤੇ

ਝੂਮਦੀ ਏ ਬੇਖ਼ੌਫ਼ ਜੁਆਨੀ, ਇਸ ਦੇ ਵੀਰ ਜੁਆਨਾਂ ਉੱਤੇ

ਹੱਸ ਕੇ ਖੇਡਣ ਇਸਦੇ ਸੂਰੇ, ਆਪਣੇ ਸਿਦਕ ਈਮਾਨਾਂ ਉੱਤੇ

ਇਹਦੀ ਸ਼ਾਨ ਦਾ ਅਰਸ਼ੀਂ ਝੁੱਲਦਾ, ਝੰਡਾ ਕੋਈ ਨਿਵਾ ਨਹੀਂ ਸਕਦਾ

ਜਦ ਤਕ ਮੇਰੀ ਜਾਨ ਏ ਬਾਕੀ, ਸਤਲੁਜ ਵੱਲ ਤੂੰ ਆ ਨਹੀਂ ਸਕਦਾ

-----

ਦੇਸ਼ ਮੇਰੇ ਦੀ ਸ਼ਾਨ ਦੇ ਕਿੱਸੇ, ਨਲੂਏ ਜਹੇ ਬਲਵਾਨ ਦੇ ਦੱਸਦੇ

ਕਾਬਲ ਤੇ ਕੰਧਾਰ ਦੇ ਉੱਤੇ , ਝੁੱਲਦੇ ਹੋਏ ਨਿਸ਼ਾਨ ਨੇ ਦੱਸਦੇ

ਕੌਮੀ ਜੋਸ਼ ਦੀ ਚੜਤਲ ਅੱਗੇ, ਅਟਕੇ ਅਟਕ ਤੂਫ਼ਾਨ ਨੇ ਦੱਸਦੇ

ਨਾਲ ਖ਼ੂਨ ਦੇ ਰੰਗੇ ਥਾਂ ਥਾਂ , ਯੁੱਧਾਂ ਦੇ ਮੈਦਾਨ ਨੇ ਦੱਸਦੇ

ਮੇਰੇ ਦਿਲ ਦੀ ਸੁੰਦਰ ਨਗਰੀ, ਜਾਬਰ ਹੁਣ ਕੋਈ ਢਾ ਨਹੀਂ ਸਕਦਾ

ਜਦ ਤਕ ਸੂਰੇ ਸ਼ੇਰ ਨੇ ਬਾਕੀ, ਸਤਲੁਜ ਵੱਲ ਤੂੰ ਆ ਨਹੀਂ ਸਕਦਾ

-----

ਮੇਰੇ ਪਾਸ ਨੇ ਨਲੂਏਸੂਰੇ, ਮੌਤ ਨੂੰ ਠੱਠੇ ਕਰਨੇ ਵਾਲੇ

ਰੱਖ ਕੇ ਆਣ ਚੰਗਾੜੀ ਸੀਨੇ, ਸੀਸ ਤਲੀ ਤੇ ਧਰਨੇ ਵਾਲੇ

ਝੱਖੜਾਂ ਦੇ ਗਲ਼ ਪਾ ਕੇ ਬਾਹਵਾਂ, ਮੌਤ ਝਨਾਵਾਂ ਤਰਨੇ ਵਾਲੇ

ਦੇਸ਼ ਕੌਮ ਦੀ ਸ਼ਮ੍ਹਾਂ ਦੇ ਉੱਤੋਂ, ਵਾਂਗ ਪਤੰਗੇ ਮਰਨੇ ਵਾਲੇ

ਉਠਿਆ ਜੋਸ਼ ਤੂਫ਼ਾਨ ਇਨ੍ਹਾਂ ਦਾ, ਪਰਬਤ ਵੀ ਅਟਕਾ ਨਹੀਂ ਸਕਦਾ

ਸੀਨਾ ਭੀ ਤਾਂ ਚੀਰ ਇਹਨਾਂ ਦਾ, ਸਤਲੁਜ ਵੱਲ ਤੂੰ ਆ ਨਹੀਂ ਸਕਦਾ

-----

ਮਾਣ ਦੇ ਅਰਸ਼ਾਂ ਤੋਂ ਇਹ ਦੂਲੇ, ਫ਼ਰਸ਼ਾਂ ਉੱਤੇ ਲਹਿ ਨਹੀਂ ਸਕਦੇ

ਆਪਣੀ ਪਾਵਨ ਧਰਤੀ ਉਤੇ, ਪੈਰ ਕਿਸੇ ਦੇ ਸਹਿ ਨਹੀਂ ਸਕਦੇ

ਤੱਕ ਕੇ ਸੱਟ ਅਣਖ ਨੂੰ ਵੱਜਦੀ, ਬੁਜ਼ਦਿਲ ਬਣ ਕੇ ਬਹਿ ਨਹੀਂ ਸਕਦੇ

ਗ਼ੈਰਾਂ ਅੱਗੇ ਸ਼ੇਰ ਬੱਬਰ ਇਹ, ਬਿੱਲੀਆਂ ਬਣ ਕੇ ਬਹਿ ਨਹੀਂ ਸਕਦੇ

ਗਿੱਠ ਗਿੱਠ ਮੇਰੀਆਂ ਮੁੱਛਾਂ ਤਾਈਂ, ਨਾਢੂ ਕੋਈ ਨਿਵਾ ਨਹੀਂ ਸਕਦਾ

ਜਦ ਤਕ ਮੇਰੀ ਜਾਨ ਏ ਬਾਕੀ, ਸਤਲੁਜ ਵੱਲ ਤੂੰ ਆ ਨਹੀਂ ਸਕਦਾ

Sunday, May 2, 2010

ਗਿਆਨ ਸਿੰਘ ਕੋਟਲੀ – ਕਾਵਿ-ਵਿਅੰਗ

ਕਿਧਰ ਨੂੰ ਜਾ ਰਹੇ ਨੇ

ਕਾਵਿ-ਵਿਅੰਗ

ਕਿਧਰ ਨੂੰ ਜਾ ਰਹੇ ਨੇ, ਲੀਡਰ ਕਹਾਉਣ ਵਾਲੇ

ਦਾਸਾਂ ਦੇ ਦਾਸ ਬਣ ਕੇ, ਸੇਵਕ ਸਦਾਉਣ ਵਾਲੇ

-----

ਮਤਲਬ 'ਚ ਹੋਏ ਅੰਨ੍ਹੇ, ਕੁਰਸੀ ਤੇ ਮਰ ਮਿਟੇ ਨੇ,

ਨਾਨਕ ਦਾ ਨੂਰ ਬਣ ਕੇ, ਨ੍ਹੇਰਾ ਹਟਾਉਣ ਵਾਲੇ

-----

ਸੇਵਾ ਤਿਆਗ ਛਡ ਕੇ, ਬਣ ਗਏ ਨਿਰੋਲ ਚਮਚੇ,

ਸਰਦਾਰੀਆਂ ਦੇ ਮਾਲਿਕ, ਸੂਰੇ ਕਹਾਉਣ ਵਾਲੇ

-----

ਚੌਧਰ ਤੇ ਲਾਲਸਾ ਦੀ, ਅੱਖਾਂ ਤੇ ਬਨ੍ਹ ਪੱਟੀ,

ਭੁੱਲੇ ਨੇ ਆਪ ਰਸਤਾ, ਰਸਤਾ ਦਿਖਾਉਣ ਵਾਲੇ

-----

ਗਰਜ਼ਾਂ ਤੇ ਲਾਲਚਾਂ ਦੇ, ਹੱਥਾਂ 'ਚ ਲੈ ਕੇ ਠੂਠੇ,

ਕੁਰਸੀ ਦੀ ਭੀਖ ਮੰਗਦੇ, ਅਣਖੀ ਕਹਾਉਣ ਵਾਲੇ

-----

ਆਪੇ ਨੇ ਉਲਝ ਬੈਠੇ, ਇਸ ਦੀ ਲਪੇਟ ਅੰਦਰ,

ਮਾਇਆ ਦੀ ਨਾਗਣੀ ਤੋਂ, ਜੱਗ ਨੂੰ ਬਚਾਉਣ ਵਾਲੇ

-----

ਛੱਡਦੇ ਨਾ ਆਪ ਗੱਦੀ, ਚੌਧਰ ਤਿਆਗਦੇ ਨਾ,

ਸੋਹਿਲੇ ਸ਼ਹੀਦੀਆਂ ਦੇ, ਥਾਂ ਥਾਂ ਤੇ ਗਾਉਣ ਵਾਲੇ

-----

ਮੰਨਦੇ ਇਹ ਗੁਰੂ ਕਿਹੜਾ, ਮੰਨਦੇ ਇਹ ਰਹਿਤ ਕਿਹੜੀ,

ਰੱਬ ਦੇ ਦੁਆਰਿਆਂ , ਤੇਗਾਂ ਚਲਾਉਣ ਵਾਲੇ

-----

ਆਪਸ 'ਚ ਨਿੱਤ ਝੇੜੇ, ਪਾ ਪਾ ਕੇ ਲੜ ਰਹੇ ਨੇ,

ਇਕੋ ਪਿਤਾ ਦੀ ਹਰਦਮ, ਤੂਤੀ ਵਜਾਉਣ ਵਾਲੇ

------

ਇਕ ਦੂਸਰੇ ਦੀ ਪਗੜੀ, ਆਪੇ ਹੀ ਲਾਹ ਰਹੇ ਨੇ,

ਪਗੜੀ ਦੀ ਸ਼ਾਨ ਖ਼ਾਤਿਰ, ਨਾਅਰੇ ਲਗਾਉਣ ਵਾਲੇ

------

ਆਖਿਰ ਮੁਕਾਮ ਕਿਸ ਤੇ, ਲੈ ਜਾਣਗੇ ਇਹ ਨੇਤਾ,

ਲੋਕਾਂ ਨੂੰ ਵੰਡ ਵੰਡਾ ਕੇ, ਥਾਂ ਥਾਂ ਲੜਾਉਣ ਵਾਲੇ

Wednesday, April 7, 2010

ਗਿਆਨ ਸਿੰਘ ਕੋਟਲੀ - ਨਜ਼ਮ

ਹੱਥੀਂ ਸੁਰਗ ਸਜਾਉਣਾ ਪੈਂਦਾ

ਨਜ਼ਮ

ਰਗੜ ਕੇ ਮੱਥੇ ਸੁੱਖ ਹੀ ਭਾਲ਼ੇ,

ਇਹ ਬੰਦੇ ਦੀ ਜੂਨ ਨਹੀਂ ਹੈ

ਵੀਟ੍ਹ ਸਮੁੱਚੀ ਜ਼ਿੰਦਗੀ ਮਿਲ਼ਦਾ,

ਇਹ ਸੌਦਾ ਪ੍ਰਚੂਨ ਨਹੀਂ ਹੈ

-----

ਲਾਲਚ ਖ਼ਾਂਤਿਰ ਵਿਕਿਆ ਬੰਦਾ,

ਬੈਠਾ ਅਣਖ ਜ਼ਮੀਰ ਵੇਚ ਕੇ,

ਖਾਏ ਉਬਾਲੇ ਗ਼ੈਰਤ ਅੰਦਰ,

ਇਸ ਦੇ ਵਿਚ ਉਹ ਖ਼ੂਨ ਨਹੀਂ ਹੈ

-----

ਖਾਧਾ ਇਸ ਨੂੰ ਹੀਣ ਭਾਵਨਾ,

ਇਹ ਤਾਂ ਲਿਫ਼ ਕੇ ਹੋਇਆ ਦੋਹਰਾ,

ਅਣਖ ਈਮਾਨ ਦਾ ਇਸ ਦੇ ਅੰਦਰ,

ਲਗਦਾ ਰਤਾ ਜਨੂਨ ਨਹੀਂ ਹੈ

-----

ਤੱਕ ਕੇ ਹਾਸਾ ਉਪਮਾ ਕਿਧਰੇ,

ਇਹ ਤਾਂ ਸੜਦਾ ਬਲਦਾ ਭੁੱਜਦਾ,

ਏਸ ਧੁਆਂਖੇ ਦਿਲ ਚ ਕਿਧਰੇ,

ਦਿਸਦਾ ਰਤਾ ਸਕੂਨ ਨਹੀਂ ਹੈ

-----

ਬੇਹਿੱਸ ਹਿਰਦੇ ਲਾਸ਼ਾਂ ਨਿਰੀਆਂ,

ਚੰਮ ਖ਼ੁਸ਼ੀਆਂ ਦੇ ਇਹ ਤਾਂ ਪੁਤਲੇ,

ਆਪਣੀ ਖ਼ਾਤਿਰ ਹੀ ਤਾਂ ਜੀਣਾ,

ਬੰਦੇ ਦੀ ਕੋਈ ਜੂਨ ਨਹੀਂ ਹੈ

-----

ਦੇ ਕੇ ਸਿਰ ਸਰਦਾਰੀ ਲੈਣੀ,

ਜੀਵਦਿਆਂ ਹੀ ਮਰ ਕੇ ਜੀਊਣਾ,

ਇਸ ਤੋਂ ਵਡਾ ਜੀਵਨ ਖ਼ਾਤਿਰ,

ਜ਼ਿੰਦਗੀ ਦਾ ਕਾਨੂੰਨ ਨਹੀ ਹੈ

-----

ਖਲਕਤ ਸੇਵਾ ਵਤਨ ਪ੍ਰਸਤੀ,

ਕਹਿਣੀ ਕਰਨੀ ਤੇ ਕ਼ੁਰਬਾਨੀ,

ਮੰਜ਼ਲ ਦੇ ਇਸ ਆਸ਼ੇ ਉੱਪਰ,

ਹੋਰ ਕੋਈ ਮਜ਼ਮੂਨ ਨਹੀਂ ਹੈ

-----

ਅਰਸ਼ੀ ਪੀਂਘ ਦੇ ਸੁਹਜਾਂ ਜੇਹਾ,

ਪੈਂਦਾ ਹੱਥੀਂ ਸੁਰਗ ਸਜਾਉਣਾ,

ਸਾਡੇ ਲਈ ਕੋਈ ਥਾਲ਼ ਪਰੋਸੀ,

ਫਿਰਦਾ ਅਫਲਾਤੂਨ ਨਹੀਂ ਹੈ

Tuesday, February 16, 2010

ਗਿਆਨ ਸਿੰਘ ਕੋਟਲੀ - ਨਜ਼ਮ

ਜ਼ਿੰਦਗੀ ਨੂੰ ਮਾਣ ਲੈਣਾ

ਨਜ਼ਮ

ਹਰ ਰੰਗ ਰਵਾਂ ਹੈ ਜ਼ਿੰਦਗੀ, ਇਸ ਨੂੰ ਹੈ ਮਾਣ ਲੈਣਾ

ਹਰ ਪਲ ਚ ਮੌਤ ਹਾਜ਼ਰ, ਇਹ ਵੀ ਹੈ ਜਾਣ ਲੈਣਾ

ਹੁੰਦਾ ਹਮੇਸ਼ ਹੀ ਨਾ, ਹਰ ਪਲ ਸਦੀਵ ਸੁਹਣਾ,

ਚੰਗਾ ਹੈ ਜ਼ਹਿਮਤਾਂ ਨੂੰ , ਸੀਨੇ ਤੇ ਸਾਣ ਲੈਣਾ

-----

ਇਹ ਭੇਖ ਸ਼ਕਲ ਸੂਰਤ, ਪੋਂਹਦੇ ਨਾ ਜਾਚਕਾਂ ਨੂੰ,

ਸੀਰਤ ਨੂੰ ਪਰਖ ਜਿਹਨਾਂ, ਬੰਦਾ ਸਿਆਣ ਲੈਣਾ

ਰੱਖੀਂ ਬਣਾ ਕੇ ਬੰਦੇ! ਜ਼ਿੰਦਗੀ ਦੀ ਰਾਸ ਏਦਾਂ,

ਕਲੀਆਂ ਤੋਂ ਸ਼ਾਨ ਲੈਣੀ, ਫੁੱਲਾਂ ਤੋਂ ਮਾਣ ਲੈਣਾ

-----

ਸੱਟਾਂ ਤੇ ਸੱਲ ਸਦਮੇ, ਉਹਨਾਂ ਦੀ ਆਸ਼ਿਕ਼ੀ ਹੈ,

ਗ਼ੈਰਾਂ ਦਾ ਦਰਦ ਜਿਹਨਾਂ, ਆਪਣਾ ਹੀ ਠਾਣ ਲੈਣਾ

ਸਮਿਆਂ ਦੇ ਗੇੜ ਧੋਖਾ, ਉਹਨਾਂ ਨੂੰ ਕੀ ਹੈ ਦੇਣਾ,

ਸਾਹਾਂ ਦੇ ਸੱਚ ਨੂੰ ਹੈ, ਜਿਹਨਾਂ ਪਛਾਣ ਲੈਣਾ

-----

ਉਹਨਾਂ ਨੂੰ ਹਾਦਸੇ ਕੀ, ਰਾਹਾਂ ਦੇ ਕੀ ਛਲਾਵੇ,

ਹਿੰਮਤ ਦੇ ਨਾਲ ਜਿਹਨਾਂ, ਨ੍ਹੇਰਾਂ ਨੂੰ ਛਾਣ ਲੈਣਾ

ਚੰਗਾ ਹੈ ਬਹੁਤ ਸੁਹਣਾ, ਆਸ਼ਾ ਇਹ ਜ਼ਿੰਦਗੀ ਦਾ,

ਫੁੱਲਾਂ ਤੋਂ ਸੁਹਜ ਲੈਣਾ, ਕੰਡਿਆਂ ਤੋਂ ਤਾਣ ਲੈਣਾ

Saturday, December 19, 2009

ਗਿਆਨ ਸਿੰਘ ਕੋਟਲੀ - ਨਜ਼ਮ

ਦੋਸਤੋ! 26 ਦਸੰਬਰ 2004 ਨੂੰ ਇੰਡੋਨੇਸ਼ੀਆ ਵਿਚ ਆਈ ਸੁਨਾਮੀ (ਸਮੁੰਦਰੀ ਭੁਚਾਲ ਕਾਰਨ ਉੱਠੀਆਂ ਛੱਲਾਂ) ਨੇ 11 ਦੇਸ਼ਾਂ ਵਿਚ ਅਤਿਅੰਤ ਭਿਆਨਕ ਤਬਾਹੀ ਮਚਾਈ ਸੀ ਤੇ ਲੱਖਾਂ ਜਾਨਾਂ ਇਸ ਦੇ ਕਹਿਰ ਦੀ ਭੇਟ ਚੜ੍ਹ ਗਈਆਂ ਸਨ। ਇਸ ਬਾਰੇ ਗਿਆਨ ਸਿੰਘ ਕੋਟਲੀ ਜੀ ਦੀ ਬਹੁਤ ਹੀ ਭਾਵਪੂਰਤ ਕਵਿਤਾ ਆਰਸੀ ਪਰਿਵਾਰ ਨਾਲ਼ ਸਾਂਝੀ ਕਰਨ ਜਾ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ 'ਤਮੰਨਾ'

**********

ਸੁਨਾਮੀ ਦੀ ਯਾਦ - ਇਹ ਦਰਦ ਕਹਾਣੀ ਪਰਲੋ ਦੀ

ਨਜ਼ਮ

ਇਹ ਦਰਦ ਕਹਾਣੀ ਪਰਲੋ ਦੀ, ਇਸ ਦਾ ਪਾਰਾਵਾਰ ਨਹੀਂ ਹੈ

ਇਹ ਹੈ ਦੁੱਖੜਾ ਸ੍ਰਬਨਾਸ਼ ਦਾ, ਇਸ ਦਾ ਅੰਤ ਸ਼ੁਮਾਰ ਨਹੀਂ ਹੈ

ਏਸ ਅਫਾਤ ਦੇ ਵਹਿਣਾਂ ਅੰਦਰ, ਵਹਿ ਗਏ ਲੱਖਾਂ ਕੱਖਾਂ ਵਾਂਗੂੰ ,

ਵਹਿੰਦੀ ਵਗਦੀ ਏਸ ਤਬਾਹੀ, ਕੀਤਾ ਕੀ ਸੰਘਾਰ ਨਹੀਂ ਹੈ

-----

ਮੁਰਦੇਹਾਣੀ ਛਾਈ ਹਰ ਥਾਂ, ਸੋਗ ਦੀ ਘੋਰ ਵੀਰਾਨੀ ਅੰਦਰ,

ਕਿਹੜੇ ਥਾਂ ਦਾ ਮਲਬਾ ਜਿੱਥੇ, ਲੋਥਾਂ ਦੀ ਭਰਮਾਰ ਨਹੀਂ ਹੈ

ਵਹਿਣਾ ਵਾਂਗੂੰ ਵਹਿ ਗਏ ਸਾਰੇ, ਆਸ ਉਮੀਦਾਂ ਸੁੰਦਰ ਸੁਪਨੇ,

ਕਿਹੜਾ ਸੁਪਨਾ ਬਾਕੀ ਬਚਿਆ, ਰੋਂਦਾ ਜ਼ਾਰੋ-ਜ਼ਾਰ ਨਹੀਂ ਹੈ

-----

ਕਿਹੜੇ ਮਣਕੇ ਨਹੀਓਂ ਟੁੱਟੇ, ਕਿਹੜੇ ਮੋਤੀ ਨਹੀਓਂ ਬਿਖਰੇ,

ਕਿਹੜੀ ਮਾਲਾ ਨਹੀਓਂ ਟੁੱਟੀ, ਟੁੱਟਾ ਕਿਹੜਾ ਹਾਰ ਨਹੀਂ ਹੈ

ਉਮਰਾਂ ਜੇਡ ਲੰਮੇਰੇ ਸਦਮੇ, ਆਹਾਂ, ਢਾਹਾਂ, ਹੰਝੂ, ਹੌਅਕੇ,

ਕਿਸ ਦੇ ਸੀਨੇ ਖੁਭੀ ਏਥੇ, ਗ਼ਮ ਦੀ ਤਿੱਖੀ ਆਰ ਨਹੀਂ ਹੈ

-----

ਕਿਹੜਾ ਸਦਮਾ ਨਹੀਓਂ ਕਾਰੀ, ਕਿਹੜਾ ਦਰਦ ਅਪਾਰ ਨਹੀਂ ਹੈ,

ਕਿਸ ਦੀ ਸੋਗੀ ਸੋਚ ਤੇ ਏਥੇ, ਸਦੀਆਂ ਜਿੱਡਾ ਭਾਰ ਨਹੀਂ ਹੈ

ਕਦ ਤੱਕ ਵਹਿਣੇ ਸੋਗ ਦੇ ਹੰਝੂ, ਕਦ ਤੱਕ ਸੱਲਾਂ ਸੱਲਣਾ ਸੀਨਾ,

ਏਸ ਕਜ਼ਾ ਦੇ ਮੁੱਕਣ ਦਾ ਵੀ, ਕਿਧਰੇ ਕੋਈ ਆਸਾਰ ਨਹੀਂ ਹੈ

-----

ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨਾ ਆਇਆ ਰਾਮ,

ਕਹਿਰ ਸੁਨਾਮੀ ਏਥੇ ਕਰਨੋਂ, ਛੱਡਿਆ ਕੋਈ ਵਾਰ ਨਹੀਂ ਹੈ

ਸਾਂਭ ਸੁਆਰਨ ਬਚਦੇ ਤਿਣਕੇ, ਕਿੱਦਾਂ ਬਹੁੜੀ ਕੁੱਲ ਲੁਕਾਈ,

ਏਸ ਜਿਹਾ ਵੀ ਏਕੇ ਦਾ ਮੈਂ, ਤੱਕਿਆ ਚਮਤਕਾਰ ਨਹੀਂ ਹੈ


Wednesday, November 18, 2009

ਗਿਆਨ ਸਿੰਘ ਕੋਟਲੀ - ਨਜ਼ਮ

ਮੰਜ਼ਿਲ ਵਲ ਨੂੰ ਜਾਈ ਜਾ....

ਨਜ਼ਮ

ਮੰਜ਼ਿਲ ਵਲ ਨੂੰ ਜਾਈ ਜਾ,

ਕਿਧਰੇ ਅੰਤ ਅਵੇਰ ਨਾ ਦੇਖੀਂ

ਝੱਖੜ ਝਾਂਜਾ ਮੀਂਹ ਹਨ੍ਹੇਰੀ,

ਕਿਧਰੇ ਨ੍ਹੇਰ ਸਵੇਰ ਨਾ ਦੇਖੀਂ

-----

ਪੀੜਾਂ ਦੀ ਪਰਛਾਈਂ ਟੁਰਦੀ,

ਨਾਲੇ ਟੁਰਦੇ ਪੈਰੀਂ ਛਾਲੇ,

ਬਿਖਰੇ ਪੱਥਰ ਟੋਏ ਟਿੱਬੇ,

ਕਿਧਰੇ ਬੁਲ੍ਹ ਅਟੇਰ ਨਾ ਦੇਖੀਂ

-----

ਦੁਨੀਆਂ ਦੇ ਨੇ ਘੇਰ ਬਥੇਰੇ,

ਚੱਕਰ-ਵਿਊ ਦੇ ਫੇਰ ਬਥੇਰੇ,

ਸੇਧ ਕੇ ਐਪਰ ਠੀਕ ਨਿਸ਼ਾਨਾ,

ਮੁੜ ਕੇ ਡੁਲ੍ਹੇ ਬੇਰ ਨਾ ਦੇਖੀਂ

-----

ਸਾਂਭ ਸੁਆਰੀਂ ਰਹਿੰਦੇ ਤਿਣਕੇ,

ਪਰਲੋ ਦੀ ਆਫਾਤ ਦੇ ਵਿਚੋਂ,

ਸਹਿਮੀਂ ਦੇਖ ਨਾ ਆਹਾਂ ਢਾਹਾਂ,

ਸੀਨਾ ਵਿਨ੍ਹਦੀ ਲੇਰ ਨਾ ਦੇਖੀਂ

-----

ਆਸ ਉਡਾਰੀ ਕਿਰਨਾਂ ਦੀ ਹੈ,

ਚਾਵਾਂ ਨੇ ਰੁਸ਼ਨਾਏ ਸੁਪਨੇ,

ਸਰਘੀ ਸੋਚ ਉਜਾਲਾ ਕਹਿੰਦੇ,

ਪਿੱਛੇ ਮੁੜ ਕੇ ਫੇਰ ਨਾ ਦੇਖੀਂ

-----

ਸੋਨ-ਸਵੇਰੇ ਰੀਝ ਦੀ ਲਾਲੀ,

ਸਿਖ਼ਰ ਦੁਪਹਿਰੇ ਸ਼ੌਕ ਦੀ ਗਰਮੀ,

ਤੱਕ ਕੇ ਲਹਿੰਦੀ ਸੂਰਜ ਟਿੱਕੀ,

ਐਵੇਂ ਅੱਥਰ ਕੇਰ ਨਾ ਦੇਖੀਂ

-----

ਔਝੜ ਰਾਹਾਂ ਬਿਖੜੇ ਪੈਂਡੇ,

ਸੁੰਨੇ ਘੋਰ ਚੁਗਿਰਦੇ ਅੰਦਰ,

ਅਪਣੀ ਉੱਚੀ ਹਿੰਮਤ ਦੇਖੀਂ,

ਉੱਚੇ ਢੇਰ ਸੁਮੇਰ ਨਾ ਦੇਖੀਂ

-----

ਪੁੱਜਦੇ ਤੋੜ ਨੇ ਆਖਿਰ ਓਹੀ,

ਹਿੰਮਤ ਨੂੰ ਪਰਨਾਏ ਜਿਹੜੇ,

ਛੱਡ ਕੇ ਕਿਧਰੇ ਸਿਦਕ ਸਬੂਰੀ,

ਢਹਿੰਦਾ ਚਾਰ ਚੁਫ਼ੇਰ ਨਾ ਦੇਖੀਂ

-----

ਉੱਦਮ ਹੀਲੇ ਸਿਦਕ ਵਸੀਲੇ,

ਗਹਿਰਾਂ ਨੂੰ ਰੁਸ਼ਨਾਈ ਰੱਖਦੇ,

ਮੰਜ਼ਿਲ ਕਹਿੰਦੇ ਟੁਰਿਆਂ ਦੀ ਹੈ,

ਬਹਿ ਕੇ ਬਹੁਤੀ ਦੇਰ ਨਾ ਦੇਖੀਂ

Thursday, October 15, 2009

ਗਿਆਨ ਸਿੰਘ ਕੋਟਲੀ - ਨਜ਼ਮ

ਦੁਨੀਆਂ ਸੁਰਗ ਬਣਾਈ ਜਾ
(ਵਿਸ਼ਵ ਸ਼ਾਂਤੀ ਲਈ ਪੁਕਾਰ)

ਨਜ਼ਮ

ਬੰਦਿਆ ਤੇਰੀ ਸੋਹਣੀ ਧਰਤੀ, ਤੇਰਾ ਰੈਣ ਬਸੇਰਾ ਹੈ

ਤੇਰਾ ਜੱਗ ਜਹਾਨ ਚੌਗਿਰਦਾ, ਤੇਰਾ ਚਾਰ ਚੁਫੇਰਾ ਹੈ

ਹਰ ਥਾਂ ਏਥੇ ਅਮਨ ਸ਼ਾਂਤੀ, ਪਿਆਰ ਦੇ ਫੁੱਲ ਖਿੜਾਈ ਜਾ

ਵੰਡ ਕੇ ਖ਼ੁਸ਼ੀਆਂ ਖੇੜੇ ਸਭ ਨੂੰ, ਦੁਨੀਆਂ ਸੁਰਗ ਬਣਾਈ ਜਾ

-----

ਲੱਖ ਅਕਾਸ਼ ਪਤਾਲਾਂ ਅੰਦਰ, ਕਿਣਕੇ ਮਾਤਰ ਤੇਰੀ ਧਰਤੀ

ਇਸ ਧਰਤੀ ਤੇ ਜ਼ੱਰੇ ਵਾਂਗੂੰ, ਕਿੰਨੀ ਤੁੱਛ ਏ ਤੇਰੀ ਹਸਤੀ

ਏਹੋ ਜਾਣ ਸਚਾਈ ਫਿਰ ਵੀ, ਬਹੁਤਾ ਨਾ ਅਫਰਾਈ ਜਾ

ਨੇਕੀ ਪ੍ਰੇਮ ਹਲੀਮੀ ਲੈ ਕੇ, ਦੁਨੀਆਂ ਸੁਰਗ ਬਣਾਈ ਜਾ

-----

ਅੱਵਲ ਅੱਲਾ ਨੂਰ ਉਪਾਇਆ, ਸਾਰੇ ਇੱਕੋ ਨੂਰ ਸਿਤਾਰੇ

ਉੱਤਰ ਦੱਖਣ ਪੂਰਬ ਪੱਛਮ, ਇੱਕ ਹੀ ਗੋਰੇ ਕਾਲੇ ਸਾਰੇ

ਅਰਸ਼ੀ ਪੀਂਘ ਦੇ ਰੰਗਾਂ ਵਾਂਗੂੰ, ਸਾਂਝਾ ਸੁਹਜ ਸਜਾਈ ਜਾ

ਇਕੋ ਰੰਗ ਸਮੋ ਕੇ ਸਭ ਨੂੰ, ਦੁਨੀਆਂ ਸੁਰਗ ਬਣਾਈ ਜਾ

-----

ਸਾੜ ਫੂਕ ਤੇ ਜੰਗਾਂ ਯੁੱਧਾਂ, ਮਾਰ ਮਰਾਈਆ ਚਾਰ ਚੁਫ਼ੇਰੇ

ਡਰ ਸਹਿਮ ਤੇ ਭੁੱਖ ਲਾਚਾਰੀ, ਹੁੰਦੇ ਮਾਨਵ ਘਾਣ ਬਥੇਰੇ

ਦੁੱਖ ਮੁਸੀਬਤ ਰਗੜੇ ਝਗੜੇ, ਸਭ ਦੀ ਅਲਖ ਮੁਕਾਈ ਜਾ

ਛੱਡ ਕੇ ਹੈਂਕੜ ਸਾੜਾ ਲਾਲਚ, ਦੁਨੀਆਂ ਸੁਰਗ ਬਣਾਈ ਜਾ

Thursday, March 26, 2009

ਗਿਆਨ ਸਿੰਘ ਕੋਟਲੀ - ਮਾਡਰਨ ਗ਼ਜ਼ਲ

ਮਾਡਰਨ ਗ਼ਜ਼ਲ

ਕਰਦੇ ਨੇ ਮੂੰਹ ਮੁਲਾਹਜ਼ੇ, ਲੋਕਾਂ ਨੂੰ ਫਾਹੁਣ ਵਾਲੇ

ਬਣ ਗਏ ਨੇ ਆਪ ਚਮਚੇ, ਚਮਚੇ ਬਣਾਉਂਣ ਵਾਲੇ

----

ਦਿਲ ਨੂੰ ਹੈ ਸੱਟ ਵੱਜਦੀ, ਮਨ ਵੀ ਉਦਾਸ ਹੁੰਦਾ,

ਕਰਦੇ ਜਾਂ ਚਾਲਬਾਜ਼ੀ, ਰਹਿਬਰ ਕਹਾਉਣ ਵਾਲੇ

----

ਇਹ ਗੰਢ ਤੁੱਪ ਕਰਦੇ, ਇਹ ਝੂਠ ਬੋਲਦੇ ਨੇ,

ਛੋਟੀ ਜਾਂ ਕੋਈ ਵਡੀ, ਕੁਰਸੀ ਨੂੰ ਪਾਉਣ ਵਾਲੇ

----

ਨ੍ਹੇਰੇ ਬੈਠ ਘੜਦੇ, ਵਧੀਆ ਇਹ ਝੂਠ ਚਾਲਾਂ,

ਦਿਨ ਨੂੰ ਸਜਾਊ ਸੁੰਦਰ, ਮੁੱਖੜਾ ਦਿਖਾਉਣ ਵਾਲੇ

----

ਕੀ ਕਰਨਗੇ ਅਗੇਰੇ, ਇਹ ਧਰਮ ਕਰਮ ਖ਼ਾਤਿਰ,

ਹੁਣ ਤੋਂ ਹੀ ਚੌਧਰਾਂ ਲਈ, ਨਾਟਕ ਦਖਾਉਣ ਵਾਲੇ

----

ਯਾ ਰੱਬ! ਸੁਮੱਤ ਬਖਸ਼ੀਂ, ਇਨ੍ਹਾਂ ਲੀਡਰਾਂ ਨੂੰ ਸਾਡੇ,

ਏਕੇ ਤੇ ਪਿਆਰ ਅੰਦਰ, ਲੂਤੀ ਜੋ ਲਾਉਣ ਵਾਲੇ