ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, May 31, 2009

ਦੇਵਿੰਦਰ ਕੌਰ - ਨਜ਼ਮ

ਆਪਣੇ ਸਵਰਗਵਾਸੀ ਪਿਤਾ ਜੀ ਦੀ ਯਾਦ ਵਿਚ

ਨਜ਼ਮ

ਕਿੱਦਾਂ ਟੁਰਿਆ ਹੋਵੇਗਾ ਤੇਰਾ ਬਾਪ

ਇਕਲੌਤੇ ਪੁੱਤ ਦੀ ਲਾਸ਼ ਲੈ ਸਿਵਿਆਂ ਨੂੰ

ਤੇ ਉਸਦੀ ਟੁੱਟ ਚੁੱਕੀ ਪਿੱਠ ਦਾ

ਕੀ ਹੋਇਆ ਹੋਵੇਗਾ

ਤੇ ਕਿੰਝ ਉਸਦੇ ਜਿਸਮ ਦਾ

ਹਰ ਰੋਮ ਰੋਇਆ ਹੋਵੇਗਾ

...................

ਉਂਝ ਤਾਂ ਦਰੱਖਤ ਵੀ ਉਹਨਾਂ ਰਾਹਵਾਂ ਤੇ

ਉਦਾਸ ਮੂੰਹ ਖੜ੍ਹੇ ਹੋਣਗੇ

ਤੇ ਮੇਰੇ ਪਿੱਪਲ਼ ਵਰਗੇ ਦਾਦੇ ਦੇ

ਹੰਝੂ ਪੂੰਝਦੇ ਹੋਣਗੇ

............

ਪਰ ਤੇਰੇ ਅਫ਼ਸਰੀ ਬੂਟਾਂ ਦੀ ਆਵਾਜ਼

ਠੱਕ ਠੱਕ ਮੇਰੇ ਸੀਨੇ ਚ ਵੱਜਦੀ ਹੈ

ਤੇ.....

ਰਾਤਾਂ ਨੂੰ ਆਪਣੀ ਬੇਹੋਸ਼ੀ ਚ ਨੱਸਦੀ ਹਾਂ

ਮੈਂ ਧਰਤੀ ਚ ਨਿੱਘਰ ਜਾਨੀ ਆਂ

ਤੇ......

ਪੈਰ ਪੈਰ ਧਸਦੀ ਹਾਂ!

.................

ਮੈਂ ਘਰ ਦਾ ਬੂਹਾ ਖੋਲ੍ਹ ਲੰਘਣ ਵਾਲ਼ੇ

ਬੱਚਿਆਂ ਤੋਂ ਵੀ

ਤੇਰਾ ਸਿਰਨਾਵਾਂ ਪੁੱਛਨੀਂ ਆਂ

ਤੇਰਾ ਪੋਹ ਦੀ ਰੁੱਤੇ

ਰੀਠਿਆਂ ਨਾਲ਼ ਸਵੈਟਰ ਧੋਣਾ

ਮੈਨੂੰ ਹਾਲੇ ਵੀ ਯਾਦ ਹੈ

ਤੇ........

ਤੇਰਾ ਸਰਦ ਰਾਤਾਂ ਨੂੰ ਦੌਰੇ ਤੋਂ ਆਉਂਣਾ

ਮੇਰੇ ਲਈ ਨਿੱਕੇ ਨਿੱਕੇ ਤੋਹਫ਼ੇ ਲਿਆਉਂਣਾ

....................

ਤੈਨੂੰ ਇੱਕ ਝੱਲ ਹੁੰਦਾ ਸੀ

ਮੇਰੇ ਕੰਨਾਂ

ਨਿੱਕੇ ਨਿੱਕੇ ਬੁੰਦੇ ਪਾਉਂਣ ਦਾ

ਤੂੰ ਲਾਡ ਲਡਾਉਂਦਾ ਸੀ

ਤਾਂ ਉਸ ਲੋਰੀ

ਪਤਾ ਨਹੀਂ ਕਦੋਂ ਨੀਂਦ ਆ ਜਾਂਦੀ ਸੀ

....................

ਅੱਜ ਮੈਂ.....

ਦਿਲੋਂ ਤ੍ਰਿਹਾਈ

ਤੇਰੀ ਆਵਾਜ਼ ਸੁਣਨ ਨੂੰ

ਤੂੰ ਆਵਾਜ਼ ਦੇ

ਮੈਂ ਤੈਨੂੰ ਢੂੰਡ ਲਵਾਂਗੀ

ਕੋਈ ਬਿਨਾਂ ਦੱਸੇ ਜਾਵੇ

ਤਾਂ........

ਆਉਂਣ ਦੀ ਉਡੀਕ ਰਹਿੰਦੀ ਹੈ.........


ਸੁਰਿੰਦਰ ਸਿੰਘ ਸੀਰਤ - ਗ਼ਜ਼ਲ

ਗ਼ਜ਼ਲ

ਨਜ਼ਰ ਨਜ਼ਰ ਚ ਤਾਂ ਕਿੰਨੇ ਸਵਾਲ ਹੁੰਦੇ ਹਨ।

ਦਬੀ ਦਬੀ ਜਹੀ ਚਾਹ ਵਿਚ ਉਬਾਲ ਹੁੰਦੇ ਹਨ ।

----

ਨ ਪੁੱਜ ਸਕੀ ਤਿਰੇ ਤੀਕਰ, ਹਵਾ ਇਬਾਦਤ ਦੀ,

ਮਿਰੇ ਤਾਂ ਹਰ ਸਮੇਂ ਪਾਵਨ ਖ਼ਿਆਲ ਹੁੰਦੇ ਹਨ।

----

ਇਕੱਲ ਚ ਮੈਂ ਰਿਹਾ ਧੁਖਦਾ, ਤਦੇ ਈ ਸਾਹ ਮੇਰੇ,

ਧੂੰਆਂ ਧੂੰਆਂ ਕਦੀ, ਧੁੰਧਲੇ ਮਲਾਲ ਹੁੰਦੇ ਹਨ।

----

ਕਟੀ ਤੇ ਕਟ ਗਈ ਸਾਰੀ ਈ ਉਮਰ ਪਲਾਂ ਵਿਚ,

ਜੋ ਬਿਰਹੋਂ ਵਾਲੇ ਪਲ ਹੁੰਦੇ, ਮੁਹਾਲ ਹੁੰਦੇ ਹਨ।

----

ਤੁਸੀਂ ਹਮੇਸ਼ ਹੀ ਕਰਦੇ ਓ ਗੱਲ ਅਕਾਸ਼ਾਂ ਦੀ,

ਮਿਰੀ ਆਗ਼ੋਸ਼ ਵਿਚ ਧਰਤੀ ਪਤਾਲ ਹੁੰਦੇ ਹਨ।

----

ਮਿਰੇ ਹਸਾਸ ਦੇ ਪਲਾਂ ਚ ਗੁੰਮ ਕਈ ਚਿਹਰੇ,

ਜਦੋਂ ਵੀ ਭਾਲਦਾਂ ਸਭ ਨਾਲ਼ ਨਾਲ਼ ਹੁੰਦੇ ਹਨ।

----

ਅਨੇਕ ਰਾਹ ਮਿਲੇ, ਸਾਥੀ ਮਿਲੇ ਐਪਰ ਹੁਣ ਤਾਂ,

ਫ਼ਕਤ ਖ਼ਿਆਲ ਹੀ ਸੀਰਤ ਦੇ ਨਾਲ਼ ਹੁੰਦੇ ਹਨ ।


Saturday, May 30, 2009

ਸਾਂਵਲ ਧਾਮੀ - ਗ਼ਜ਼ਲ

ਨਾਮ: ਸਾਂਵਲ ਧਾਮੀ

ਪਿੰਡ: ਸਿੰਗੜੀ ਵਾਲਾ ਜ਼ਿਲ੍ਹਾ: ਹੁਸ਼ਿਆਰਪੁਰ

ਸਾਂਵਲ ਧਾਮੀ ਪ੍ਰਮੁੱਖ ਰੂਪ ਵਿਚ ਕਹਾਣੀਕਾਰ ਹੈ। ਉਂਝ ਉਸ ਦਾ ਇਕ ਗ਼ਜ਼ਲ-ਸੰਗ੍ਰਹਿ ਵੀ ਛਪ ਚੁੱਕਾ ਹੈ। ਮੱਲ੍ਹਮ, ਸੁਖਮਣੀ, ਪੁਲ, ਗਾਈਡ ਵਰਗੀਆਂ ਕੁਝ ਇਕ ਕਹਾਣੀਆਂ ਨਾਲ ਹੀ ਉਸਨੇ ਪੰਜਾਬੀ ਕਹਾਣੀ ਦੇ ਖੇਤਰ ਵਿਚ ਚੰਗੀ ਪੈਂਠ ਬਣਾ ਲਈ ਹੈ। ਗ਼ਜ਼ਲਗੋਅ ਹੋਣ ਕਰਕੇ ਉਹ ਗ਼ਜ਼ਲ ਦੇ ਐਬਾਂ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ। ਭਰਤੀ ਦੇ ਸ਼ਬਦ, ਭਰਤੀ ਦੇ ਸ਼ਿਅਰਾਂ ਤੋਂ ਉਹ ਗ਼ਜ਼ਲ ਵਿਚ ਤਾਂ ਗੁਰੇਜ਼ ਕਰਦਾ ਹੀ ਹੈ, ਕਹਾਣੀ ਲਿਖਣ ਵੇਲੇ ਵੀ ਇਸੇ ਜੁਗਤ ਨੂੰ ਵਰਤਦਾ ਹੋਇਆ ਉਹ ਫ਼ਾਲਤੂ ਸਤਰ ਤਾਂ ਕੀ ਫ਼ਾਲਤੂ ਸ਼ਬਦ ਵੀ ਇਸਤੇਮਾਲ ਨਹੀ ਕਰਦਾ। ਉਸਦੀ ਕਹਾਣੀ ਵੀ ਗ਼ਜ਼ਲ ਦੇ ਸ਼ਿਅਰ ਵਾਂਗ ਸੁਗਠਿਤ, ਚੁਸਤ, ਦਿਲ-ਚੀਰਵੀਂ ਤੇ ਬੱਝਵੇਂ ਪ੍ਰਭਾਵ ਵਾਲੀ ਹੁੰਦੀ ਹੈ। ਉਸਦੀਆਂ ਗ਼ਜ਼ਲਾਂ ਦਾ ਰੰਗ ਤੇ ਸੁਭਾਅ ਸਭ ਨਾਲੋਂ ਵਿਲੱਖਣ ਹੈ, ਇਹ ਸਾਂਵਲ ਧਾਮੀ ਦੀ ਹੀ ਨਹੀਂ ਪੰਜਾਬੀ ਗ਼ਜ਼ਲ ਦੀ ਵੀ ਪ੍ਰਾਪਤੀ ਹੈ।

ਸੁਰਿੰਦਰ ਸੋਹਲ

*********

ਦੋਸਤੋ! ਸੁਰਿੰਦਰ ਸੋਹਲ ਜੀ ਨੇ ਸਾਂਵਲ ਧਾਮੀ ਜੀ ਦੀਆਂ ਇਹ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਆਰਸੀ ਲਈ ਭੇਜੀਆਂ ਹਨ । ਉਹਨਾਂ ਦਾ ਬੇਹੱਦ ਸ਼ੁਕਰੀਆ । ਧਾਮੀ ਜੀ ਨੂੰ ਆਰਸੀ ਦੇ ਤਮਾਮ ਲੇਖਕ / ਪਾਠਕ ਸਾਹਿਬਾਨ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ ਦੋਵਾਂ ਗ਼ਜ਼ਲਾਂ ਨੂੰ ਆਰਸੀ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ।

ਅਦਬ ਸਹਿਤ

ਤਨਦੀਪ ਤਮੰਨਾ

*********

ਗ਼ਜ਼ਲ

ਸਿਖ਼ਰ ਦੁਪਹਿਰੇ ਅਸਲਮ ਸੁੱਤਾ ਕਬਰਾਂ ਦੇ ਵਿਚਕਾਰ

ਸਿਰ ਤੇ ਲੈ ਕੇ ਲਹੂ ਚ ਭਿੱਜਾ ਉਰਦੂ ਦਾ ਅਖ਼ਬਾਰ

----

ਮਸਜਿਦ ਖੋਲ੍ਹਾ, ਤਕੀਆ ਠੀਕਰ, ਉੱਜੜੇ ਨੇ ਘਰ-ਬਾਰ,

ਤੈਨੂੰ ਸਹੁੰ ਅੱਲਾ ਦੀ ਸਾਂਭੀਂ ਗੁਰੂਆਂ ਦੇ ਦਰਬਾਰ

----

ਚੋਗ ਚਿਰਾਗ਼ਾਂ ਦਾ ਜਦ ਚੁਗਦੀ ਰੋਵੇ ਧਾਹਾਂ ਮਾਰ,

ਲੀਕੋਂ ਪਾਰ ਗਈ ਨਾ ਉੱਡ ਕੇ ਜੋ ਕਬਰਾਂ ਦੀ ਡਾਰ

----

ਤੇਰੇ ਮੁੱਢ ਸੀ ਸੱਪ ਦੀ ਵਰਮੀ, ਮੇਰੇ ਮੁੱਢ ਹਥਿਆਰ,

ਤੂੰ ਕੰਡਿਆਲੀ ਥ੍ਹੋਰ ਸੀ ਬਣਿਆ, ਮੈਂ ਕੰਡਿਆਲੀ ਤਾਰ

----

ਮੈਂ ਕਾਫ਼ਰ ਮੈਂ ਸੜ-ਬਲ਼ ਜਾਣਾ,ਪਰ ਐ ਮੋਮਨ ਯਾਰ!

ਰੋਜ਼-ਏ-ਹਸ਼ਰ ਨੂੰ ਕਬਰੋਂ ਉੱਠਕੇ ਯਾਦ ਕਰੀਂ ਇਕ ਵਾਰ

======

ਗ਼ਜ਼ਲ

ਕਬਰਾਂ ਕੁਰੇਦਦੀ ਏ, ਮੜ੍ਹੀਆਂ ਵਰੋਲ਼ਦੀ ਏ

ਪਾਗਲ ਹੈ ਜ਼ਿੰਦਗਾਨੀ, ਮੋਇਆਂ ਨੂੰ ਟੋਲ਼ਦੀ ਏ

----

ਬਿਰਖਾਂ ਤੋਂ ਝਾੜ ਕੇ ਵੀ ਹੋਈ ਜੋ ਰੂਹ ਨਾ ਰਾਜ਼ੀ,

ਪੱਤਿਆਂ ਨੂੰ ਪੌਣ ਤਾਂਹੀਂ, ਮਿੱਟੀ ਚ ਰੋਲ਼ਦੀ ਏ

----

ਆਟੇ ਦੇ ਵਾਂਗ ਗੁੰਨ੍ਹਿਆਂ, ਜਿੰਦਾਂ ਨੂੰ ਹੋਣੀਆਂ ਨੇ,

ਸਿਵਿਆਂ ਦੀ ਅੱਗ ਘਰ-ਘਰ, ਚੁੱਲ੍ਹੇ ਫਰੋਲ਼ਦੀ ਏ

----

ਐਵੇਂ ਮੁਹੱਬਤਾਂ ਦਾ, ਨਾ ਭਰਮ ਪਾਲ਼ ਐ ਦਿਲ!

ਉਹ ਤਾਂ ਹਵਾ ਦੀ ਖ਼ਾਤਿਰ, ਖਿੜਕੀ ਨੂੰ ਖੋਲ੍ਹਦੀ ਏ

----

ਤੈਨੂੰ ਮਿਲੇ ਜੇ ਕਿਧਰੇ, ਪੁੱਛੀਂ ਤੂੰ ਹਾਲ ਉਸਦਾ,

ਮੇਰੇ ਨਾਲ ਜ਼ਿੰਦਗੀ ਹੁਣ, ਘਟ-ਵੱਧ ਹੀ ਬੋਲਦੀ ਏ

----

ਤੇਰੀ ਗ਼ਜ਼ਲ ਤੋਂ ਸਾਂਵਲ’, ਸੁੱਚੀ ਹੈ ਚੁੱਪ ਉਸਦੀ,

ਹਰਫ਼ਾਂ ਜਿਹੇ ਜੋ ਹੰਝੂ, ਕਾਗ਼ਜ਼ ਤੇ ਡੋਲ੍ਹਦੀ ਏ


ਅਮਰਜੀਤ ਸਿੰਘ ਸੰਧੂ - ਗ਼ਜ਼ਲ

ਗ਼ਜ਼ਲ

ਲੋਕਾਂ ਦਾ ਹੀ ਨੇਤਾ ਬਣ ਕੇ , ਲੋਕਾਂ ਦਾ ਹੀ ਘਾਣ ਮੰਗਦੈ ।

ਰਾਜ-ਸਤਾ ਦਾ ਰਾਕਸ਼, ਅਕਸਰ ਲਾਸ਼ਾਂ ਲਹੂ-ਲੁਹਾਣ ਮੰਗਦੈ।

----

ਅਜ ਵੀ ਸੱਚ-ਪ੍ਰਸਤ ਨਹੀਂ ਹੈ, ਰਾਜ-ਸਿੰਘਾਸਣ ਦਾ ਰਖਵਾਲਾ ,

ਅਜ ਦਾ ' ਭੀਸ਼ਮ ' ਫਿਰ ' ਅਰਜਨ ' ਤੋਂ ਅਰਜਨ ਵਾਲੇ ਬਾਣ ਮੰਗਦੈ ।

----

ਬਾਣੀਆ ਕੀ ਬਣਾਉਂਦੈ ਘਰ ਵਿਚ, ਬਾਣੀਆ ਕੀ ਕਰਦੈ ਉਤਪਾਦਨ ?

ਫਿਰ ਵੀ ਮੇਰੇ ਦੇਸ਼ ' ਵੀਰੋ, ਬਾਣੀਏ ਤੋਂ ਕਿਰਸਾਣ ਮੰਗਦੈ ।

----

ਉਸ 'ਤੇ ਕੀ ਆਉਣੀ ਹੇ ਰੌਣਕ , ਉਸ 'ਤੇ ਕੀ ਆਉਣੀ ਹੈ ਰੰਗਤ ?

ਫ਼ਿਕਰ ਜਿਦ੍ਹੇ ਤੋਂ ਖ਼ੂਨ-ਪਿਆਲਾ, ਹਰ ਆਏ-ਦਿਨ ਆਣ ਮੰਗਦੈ।

----

ਜਿਸ ਦੀ ਖ਼ਾਤਿਰ ਜੀਂਦਾ ਹਾਂ ਮੈਂ , ਜਿਸ ਦੀ ਖ਼ਾਤਿਰ ਹੋਂਦ ਹੈ ਮੇਰੀ ,

ਮੇਰੇ ਜੀਂਦੇ ਹੋਣ ਦਾ ਓਹੀ, ਮੇਰੇ ਤੋਂ ਪਰਮਾਣ ਮੰਗਦੈ।

----

ਜੱਗ ਦੇ ਪਾਲਣਹਾਰੇ ਕੋਲੋਂ, ਮੰਗਣ ਤੋਂ ਸੰਗਦਾ ਹੇ ਬੰਦਾ ,

ਪਰ ਇਕ ਮੰਗਤੇ ਕੋਲੋਂ ਵੇਖੋ, ਮੂਰਖ ' ਪਹਿਨਣ-ਖਾਣ ' ਮੰਗਦੈ।

----

ਦਾੜ੍ਹੀ ਕਾਲੀ ਕਰਕੇ ਕੋਈ , ਕਿੰਜ ਬਣੂੰ ਜੋਬਨ ਦਾ ਹਾਣੀ ?

ਵਾਲਾਂ ਦੀ ਕਾਲਖ ਨਹੀਂ, ਜੋਬਨ ਜੋਬਨ-ਮੱਤਾ ਹਾਣ ਮੰਗਦੈ।

----

ਜੀਵਨ ਐਸ਼-ਅਰਾਮ ਨਹੀਂ ਹੈ, ਜੀਵਨ ਤਾਂ ਸੰਗਰਾਮ ਹੈ ਪਿਆਰੇ ,

ਜੀਵਨ ਤਾਂ ਜੀਵਨ ਦੇ ਕੋਲੋਂ , ਜੀਵਨ-ਭਰ ਘਮਸਾਣ ਮੰਗਦੈ।

----

ਸਾਗਰ ਕਹਿੰਦਾ ਹੈ , "ਮੇਰੇ ਵਿਚ ਰਲ ਕੇ ਤੂੰ ਵੀ ਸਾਗਰ ਹੋ ਜਾਹ",

ਪਰ ' ਸੰਧੂ ' ਇਕ ਤੁਪਕਾ ਹੋ ਕੇ , ਅਪਣੀ ਵੱਖ ਪਛਾਣ ਮੰਗਦੈ।


Friday, May 29, 2009

ਸਰਦਾਰ ਪੰਛੀ - ਗ਼ਜ਼ਲ

ਗ਼ਜ਼ਲ

ਕਿੰਨੀ ਅਜੀਬ ਜੰਗ ਹੈ ਇਹ ਬਹਿ ਕੇ ਨਾਲ਼ ਨਾਲ਼।

ਸਾਹਾਂ ਦੇ ਵਾਰ ਰੋਕਣਾ ਸਾਹਾਂ ਦੀ ਢਾਲ਼ ਨਾਲ਼।

----

ਸੂਖ਼ਮ ਖ਼ਿਆਲ ਨਾਲ਼ ਤੇ ਫ਼ਨ ਦੇ ਕਮਾਲ ਨਾਲ਼,

ਸ਼ੇਅਰਾਂ ਦੇ ਫੁੱਲ ਲੱਗਦੇ ਨੇ ਗ਼ਜ਼ਲਾਂ ਦੀ ਡਾਲ ਨਾਲ਼।

----

ਨਗ਼ਮਾ, ਗ਼ਜ਼ਲ, ਰੁਬਾਈ, ਕਹਾਣੀ, ਮੁਸੱਵਿਰੀ,

ਕੀ ਕੀ ਨਿਕਲ਼ ਕੇ ਆ ਗਿਆ ਦਿਲ ਦੇ ਉਬਾਲ਼ ਨਾਲ਼।

----

ਇਕ ਦਰਦ ਦੋ ਦੋ ਮੌਸਮਾਂ ਦੇ ਨਾਲ਼ ਜੁੜ ਗਿਆ,

ਹੌਕਾ ਹੁਨਾਲ ਨਾਲ਼ ਤੇ ਸਿਸਕੀ ਸਿਆਲ਼ ਨਾਲ਼।

----

ਉਸ ਦੀ ਵੀ ਝੋਲ਼ ਮੋਤੀਆਂ ਦੇ ਨਾਲ਼ ਭਰ ਗਈ,

ਪੂੰਝੇ ਗ਼ਜ਼ਲ ਦੇ ਅੱਥਰੂ ਜਿਸਨੇ ਰੁਮਾਲ ਨਾਲ਼।

----

ਕਰ ਤਾਂ ਲਿਆ ਹੈ ਇਸ਼ਕ ਸੰਗ ਇਸ ਦਿਲ ਨੇ ਕਾਰੋਬਾਰ,

ਨਿਭਦੀ ਹੈ ਵੇਖੋ ਕਿਸ ਤਰ੍ਹਾਂ ਇਸ ਭਾਈਵਾਲ ਨਾਲ਼।

----

ਪੰਛੀ ਮਨਾ ਲਏ ਗਾ ਹੀ ਉਹ ਰੁੱਸੇ ਯਾਰ ਨੂੰ,

ਜਿਸਨੇ ਵੀ ਨੱਚਣਾ ਸਿੱਖ ਲਿਆ ਹੈ ਬਹਿਰਾਂ ਦੀ ਤਾਲ ਨਾਲ਼।

ਸੁਖਮਿੰਦਰ ਰਾਮਪੁਰੀ - ਗ਼ਜ਼ਲ

ਗ਼ਜ਼ਲ

ਹਰ ਦਿਸ਼ਾ ਵਿਚ ਭਟਕਦੇ ਨੂੰ, ਹੋ ਗਈ ਅੱਧੀ ਸਦੀ।

ਤੇਰੀ ਛੋਹ ਨੂੰ ਤਰਸਦੇ ਨੂੰ, ਹੋ ਗਈ ਅੱਧੀ ਸਦੀ।

----

ਦੋਸਤੀ, ਦਰਿਆ-ਦਿਲੀ ਤੇ ਪਿਆ ਜੋ ਵੰਡਦਾ ਰਿਹਾ,

ਹੁਣ ਇਨ੍ਹਾਂ ਨੂੰ ਤਰਸਦੇ ਨੂੰ, ਹੋ ਗਈ ਅੱਧੀ ਸਦੀ।

----

ਐਨੇ ਵਰਕੇ ਜਿਨ੍ਹਾਂ ਤੇ, ਲਿਖੇ ਹੋਏ ਸ਼ਿਕਵੇ, ਗਿਲੇ,

ਰਾਤ ਦਿਨ ਇਹ ਪਰਤਦੇ ਨੂੰ, ਹੋ ਗਈ ਅੱਧੀ ਸਦੀ।

----

ਪਿਆਰ ਦੇ ਇਕ ਪਲ ਚ ਜਿਨ੍ਹਾਂ, ਫਾਸਲਾ ਕੀਤਾ ਸੀ ਤੈਅ,

ਅਪਣੇ ਘਰ ਤੱਕ ਪਰਤਦੇ ਨੂੰ, ਹੋ ਗਈ ਅੱਧੀ ਸਦੀ।

----

ਹਰ ਬਸ਼ਰ ਵਿਚ ਬਾ-ਵਫ਼ਾ ਦੇ ਸੰਗ ਬੇਵਫ਼ਾਈ ਪਣਪਦੀ,

ਇਹ ਹਕੀਕਤ ਪਰਖਦੇ ਨੂੰ, ਹੋ ਗਈ ਅੱਧੀ ਸਦੀ।

----

ਰੋਜ਼ ਹੀ ਸੂਰਜ ਛਿਪੇ, ਤੇਰੇ ਵਿਛੋੜੇ ਦਾ ਸਮਾਂ,

ਸਿਲਤ ਵਾਂਗੂੰ ਰੜਕਦੇ ਨੂੰ, ਹੋ ਗਈ ਅੱਧੀ ਸਦੀ।

----

ਚੜ੍ਹਦੀ ਕਲਾ ਵਿਚ ਰੱਖਣਾ, ਹਰ ਇਕ ਨੂੰ ਮੇਰਾ ਸੁਭਾ,

ਆਪ ਲੁਕ ਲੁਕ ਵਰਸਦੇ ਨੂੰ, ਹੋ ਗਈ ਅੱਧੀ ਸਦੀ।

----

ਇਕ ਪਰਿੰਦਾ, ਇਕ ਸਵੇਰੇ, ਜਾਲ਼ ਵਿਚ ਇਉਂ ਫਸ ਗਿਆ,

ਬੇਵਸੀ ਵਿਚ ਫਟਕਦੇ ਨੂੰ, ਹੋ ਗਈ ਅੱਧੀ ਸਦੀ।

----

ਮੈਂ ਬੜਾ ਹੈਰਾਨ ਹਾਂ ਕਿ ਇਸ ਤਰ੍ਹਾਂ ਕਿੰਝ ਹੋ ਗਿਆ,

ਤੇਰੇ ਬਿਨ ਦਿਲ ਧੜਕਦੇ ਨੂੰ, ਹੋ ਗਈ ਅੱਧੀ ਸਦੀ।

----

ਜੋ ਵੀ ਅਧਵਾਟੇ ਰਿਹਾ, ਉਸ ਦੀ ਦਸ਼ਾ ਮੇਰੇ ਜਹੀ,

ਪੌਣ ਵਿਚ ਕਣ ਲਟਕਦੇ ਨੂੰ, ਹੋ ਗਈ ਅੱਧੀ ਸਦੀ।

----

ਦੇਖ, ਸੁਖਮਿੰਦਰ ਨਾ ਮਰਿਆ, ਆਪਾਂ ਲੱਖ ਕੋਸ਼ਿਸ਼ ਕਰੀ,

ਅੱਖਾਂ ਚ ਸਾਡੇ ਰੜਕਦੇ ਨੂੰ, ਹੋ ਗਈ ਅੱਧੀ ਸਦੀ।


Thursday, May 28, 2009

ਸੁਰਿੰਦਰ ਸੋਹਲ - ਨਜ਼ਮ

ਮਾਂ ਦਾ ਤਰਕ

ਨਜ਼ਮ

ਗਲ਼ਾ ਛੋਟਾ ਸੀ

ਗੋਲ਼ੀ ਨਾ ਲੰਘਦੀ

............

ਡਾਕਟਰ ਆਸਾ

ਗੋਲ਼ੀਆਂ ਪੀਹ ਕੇ ਪੁੜੀਆਂ ਬਣਾ ਦਿੰਦਾ

ਮਾਂ ਪਾਣੀ ਨਾਲ਼ ਪੁੜੀ ਖੁਆਉਂਣ ਲੱਗੀ

ਦਵਾ ਮੇਰੇ ਮੂੰਹ ਚ ਝਾੜਦੀ

ਪੁੜੀ ਵਾਲ਼ਾ ਕਾਗਜ਼ ਦੋ ਟੋਟੋ ਕਰਦੀ

ਕੋਲ਼ ਖੜ੍ਹਾ ਕੋਈ ਪੁੱਛਦਾ

ਮਾਂ ਜਵਾਬ ਦਿੰਦੀ-

ਏਦਾਂ ਦਵਾਈ ਛੇਤੀ ਕਾਟ ਕਰਦੀ ਐ!

..................

ਗਲ਼ਾ ਵੱਡਾ ਹੋ ਗਿਆ

ਹੁਣ ਗੋਲ਼ੀ ਲੰਘਦੀ ਸੀ

ਗੋਲ਼ੀ ਖਵਾ ਕੇ ਮਾਂ

ਦਵਾ ਵਾਲ਼ੇ ਲਫ਼ਾਫ਼ੇ ਨੂੰ ਰਤਾ ਕੁ ਪਾੜ ਦਿੰਦੀ

.................

ਮੰਗਲ਼ 'ਤੇ ਜੀਵਨ ਤਲਾਸ਼ਣ ਵਾਲ਼ਾ

ਸੇਬ ਦੇ ਧਰਤੀ ਤੇ ਡਿੱਗਣ ਦਾ

ਚੰਨ ਦੇ ਘਟਣ ਵਧਣ ਦਾ

ਕਾਰਣ ਲੱਭਣ ਵਾਲ਼ਾ, ਮੈਂ

ਮਾਂ ਦੇ ਬੇਬੁਨਿਆਦੀ ਤਰਕ ਤੇ ਸਿਰਫ਼ ਹੱਸਦਾ

...............

ਮੇਰਾ ਬੇਟਾ ਬੀਮਾਰ ਹੈ

ਉਸਦੇ ਮੂੰਹ ਚ ਦਵਾ ਦੀ ਪੁੜੀ ਝਾੜੀ

ਮੈਨੂੰ ਪਤਾ ਹੀ ਨਾ ਲੱਗਾ

ਪੁੜੀ ਵਾਲ਼ੇ ਕਾਗਜ਼ ਦੇ

ਕਦੋਂ ਦੋ ਟੋਟੇ ਹੋ ਗਏ......!


ਗੁਰਦੇਵ ਸਿੰਘ ਘਣਗਸ - ਨਜ਼ਮ

ਸੁਪਨਿਆਂ ਵਿਚ ਮਾਂ

ਨਜ਼ਮ

(1)

ਸੁਪਨੇ ਵਿਚ ਆਈ ਮੇਰੀ ਮਾਂ ਕਹਿਣ ਲੱਗੀ,

ਨਾ ਵੇ ਪੁੱਤ! ਏਦਾਂ ਦੀ ਕਵਿਤਾ ਨਹੀਂ ਪੜ੍ਹੀਦੀ

ਸੁੱਖੀ ਸਾਂਦੀ ਤੂੰ ਕਿਉਂ ਜੋਬਨ-ਰੁੱਤੇ ਮਰੇਂ

ਮਰਨ ਤੇਰੇ ਵੈਰੀ, ਤੇਰੇ ਦੁਸ਼ਮਣ

ਜਾਂ ਉਹ ਧਗੜੇ,

ਜਿਹੜੇ ਨਿੱਤ ਤੈਨੂੰ ਗ਼ਲਤ ਪੱਟੀਆਂ ਪੜ੍ਹਾਉਂਦੇ ਆ।

..............

ਚੱਲ ਜੇ ਮੇਰਾ ਕੋਈ ਫਿਕਰ ਨਹੀਂ ਤੈਨੂੰ

ਤਾਂ ਆਪਣੇ ਬਾਪ ਵੱਲ ਤਾਂ ਦੇਖ

ਉਹ ਤਾਂ ਅੱਗੇ ਹੀ ਕੰਡੇ ਵਾਂਗੂੰ

ਸੁੱਕਿਆ ਪਿਆ ਦੇਖ ਦੇਖ ਤੈਨੂੰ।

................

ਭੈੜਿਆ ਬਹੂ ਦਾ ਹੀ ਖ਼ਿਆਲ ਕਰ

ਤੇ ਆਹ ਉਹਦੇ ਚੂਚੇ

ਮਸਾਂ ਮੂੰਹ ਦੇਖਿਆ ਅਸੀਂ ਤਾਂ

ਕੁਛ ਉਹਨਾਂ ਦਾ ਹੀ ਖ਼ਿਆਲ ਕਰ।

................

ਜੋਬਨ ਰੁੱਤੇ ਤਾਂ ਪੁੱਤ ਕੋਈ

ਦੁਸ਼ਮਣ ਨੂੰ ਵੀ ਨਾ ਮਾਰੇ

ਆਹ ਦੇਖ, ਵੇ ਪੁੱਤ!

ਮੈਂ ਤੇਰੇ ਮੂਹਰੇ ਹੱਥ ਬੰਨ੍ਹਦੀ ਆਂ!

----

(2)

ਅੱਜ ਸੁਪਨੇ ਚ ਮੇਰੀ ਸਵਰਗਵਾਸੀ ਮਾਂ ਨੇ

ਮੇਰੀ ਖੁੱਲ੍ਹੀ ਕਵਿਤਾ ਸੁਣੀ

ਤਾਂ ਸੁੰਨ ਹੋ ਗਈ

..........

ਸ਼ਾਇਦ ਉਹਨੂੰ ਭੁਲੇਖਾ ਪੈ ਗਿਆ ਸੀ

ਜਿਵੇਂ ਪੁੱਤ ਦੇ ਗਲ਼ੇ ਨੂੰ

ਕੋਈ ਰੋਗ ਲੱਗ ਗਿਆ ਹੋਵੇ,

ਖੁੱਲ੍ਹੀ ਕਵਿਤਾ ਦਾ ਰੋਗ!

ਜਾਂ ਸ਼ਾਇਦ ਹਾਇਕੂ ਦਾ ਰੋਗ!

............

ਕਹਿੰਦੀ, ਪੁੱਤ ਦੇ ਗਲ਼ੇ ਵਿਚ ਰਸਾ ਹੈ ਨ੍ਹੀਂ

ਰਾੜੇ ਵਾਲ਼ੇ ਸੰਤਾਂ ਵਰਗਾ।

...........

ਪਰ, ਪੁੱਤ ਨੇ ਕਿਹੜਾ

ਮੇਰੀ ਗੱਲ ਮੰਨਣੀ ਆਂ

ਮਨਾਂ ਚੁੱਪ ਈ ਭਲੀ ਆ!

----

(3)

ਟੀ.ਵੀ. ਉੱਤੇ ਜਦੋਂ ਮੈਂ

ਇਰਾਕੀ/ਫਲਸਤੀਨੀ ਮਾਵਾਂ ਨੂੰ ਦੇਖਦਾ ਹਾਂ

ਮੈਨੂੰ ਬੁਸ਼ ਦਿਸ ਪੈਂਦਾ ਹੈ

ਮੈਨੂੰ ਆਪਣੇ ਪਿੰਡ ਦੀਆਂ ਮਾਵਾਂ

ਸਾਫ਼ ਦਿਸਣ ਲੱਗ ਪੈਂਦੀਆਂ ਹਨ

ਮੈਨੂੰ ਆਪਣਾ ਆਪ ਦਿਸਣੋਂ ਹਟ ਜਾਂਦਾ ਹੈ

ਟੈਲੀਵੀਜ਼ਨ ਦੇਖੀ ਨਹੀਂ ਜਾਂਦੀ।

..................

ਫਿਰ ਕਿਸੇ ਮਾਂ ਦੇ ਬੋਲ

ਧਰਵਾਸ ਦਵਾਉਂਦੇ ਹਨ,

ਪੁੱਤ ਸਭ ਦੁੱਖ-ਸੁੱਖ

ਆਖਰ ਵਿਚ ਢਲ਼ ਜਾਂਦੇ ਹਨ

ਬਹੁਤਾ ਫਿਕਰ ਨਾ ਕਰਿਆ ਕਰ!


Wednesday, May 27, 2009

ਗੁਰਮੀਤ ਬਰਾੜ - ਨਜ਼ਮ

ਤੂੰ ਕੱਲੀ ਕਦੇ ਨਾ ਟੱਕਰੀ

ਨਜ਼ਮ

ਮੇਰੇ ਅੰਦਰ

ਪਲਮਣ ਲੱਗ ਪਈ ਹੈ ਬੇਚੈਨੀ

ਰਸਨਾ 'ਤੇ ਢੇਰੀ ਕਰਕੇ

ਮਿੱਠੜਾ ਮਾਖਿਉਂ

ਤੇ

ਬੁੱਲ੍ਹਾਂ ਤੇ ਸੱਜਰੀ ਮੁਸਕਾਨ

ਅੱਜ ਫੇਰ ਲੱਗੀ ਹੈ.........

ਦੇਹ ਨੂੰ ਤੇਹ

ਤੇ......

ਚਿੱਤ ਨੂੰ ਚਿਤਵਨ

ਕਿ ਖ਼ੌਰੇ

ਤੂੰ ਮਿਲ਼ੇਂ

ਪੂਰੀ ਦੀ ਪੂਰੀ

...................

ਪਰ ਇਸ ਵਾਰ ਵੀ

ਤੇਰੇ ਨਾਲ਼ ਆਇਆ

ਮਜਬੂਰੀਆਂ ਦਾ ਵੱਗ

................

ਤੇਰੇ ਸਿਰ ਤੇ

ਜ਼ਿੰਮੇਵਾਰੀਆਂ ਦਾ ਬੋਝ

.................

ਤੇਰੀ ਜੀਭ ਤੇ

ਬੇਗਾਨੇ ਗੀਤ

..................

ਤੇਰੇ ਕੁੱਛੜ

ਨਵ-ਜਨਮੇ ਉਲਾਂਭੇ

.................

ਤੇਰੇ ਪੈਰਾਂ

ਛੇਤੀ ਮੁੜਨ ਦੀ ਕਾਹਲ਼

...............

ਇਸ ਵਾਰ ਵੀ

ਤੈਨੂੰ ਮਿਲ਼ਣ ਤੇ

ਬਹੁਤ ਕੁਝ

ਕਰਨਾ ਪਿਆ

ਤੇਰੇ ਚੋਂ ਮਨਫ਼ੀ

ਹਰ ਵਾਰ ਹੀ ਕਿਉਂ

ਰਹਿੰਦਾ ਹੈ ਇਹ ਮਲਾਲ

ਕਿ ਤੂੰ

ਕੱਲੀ ਕਦੇ ਨਾ ਟੱਕਰੀ...!

==========

ਸਾਂਝ

ਨਜ਼ਮ

ਵਰ੍ਹਿਆਂ ਲੰਮੀ

ਨਾਲ਼ ਨਾਲ਼

ਤੁਰਨ ਦੀ ਆਦਤ

ਨਿੱਤ ਚੜ੍ਹਨਾ

ਤੇ ਛਿਪਣਾ

ਕਸ਼ਿਸ਼ ਤੋਂ ਵਾਂਝੀ

ਤੜਪ ਤੋਂ ਊਣੀ

ਬੱਸ ਐਨੀ ਹੀ ਹੈ

ਮੇਰੀ ਧਰਤੀ ਦੀ

ਤੇਰੇ ਸੂਰਜ ਨਾਲ਼ ਸਾਂਝ।


ਸੁਰਜੀਤ - ਨਜ਼ਮ

ਦਹਿਲੀਜ਼

ਨਜ਼ਮ

ਪਹਿਲੀ ਉਮਰ ਦੇ

ਉਹ ਅਹਿਸਾਸ

ਉਹ ਵਿਸ਼ਵਾਸ

ਉਹ ਚਿਹਰੇ

ਉਹ ਰਿਸ਼ਤੇ

ਅਜੇ ਵੀ ਤੁਰ ਰਹੇ ਨੇ

ਮੇਰੇ ਨਾਲ ਨਾਲ !

.........

ਯਾਦਾਂ ਦੇ ਕੁਛ ਕੰਵਲ

ਅਜੇ ਵੀ ਮਨ ਦੀ ਝੀਲ

ਤੈਰ ਰਹੇ ਨੇ ਓਵੇਂ ਦੇ ਓਵੇਂ !

ਸੁਹਲ-ਸਲੋਨੇ ਸੁਪਨੇ

ਅਜੇ ਵੀ ਪਲਕਾਂ ਹੇਠਾਂ

ਪਲਮ ਰਹੇ ਨੇ

ਓਸੇ ਤਰ੍ਹਾਂ !

........

ਤਿਤਲੀਆਂ ਫੜਨ ਦੀ

ਉਮਰ ਦੇ ਚਾਅ

ਅਜੇ ਵੀ ਮੇਰੀਆਂ ਤਲੀਆਂ ਤੇ

ਟਪੂਸੀਆਂ ਮਾਰ ਕੇ ਨੱਚ ਰਹੇ ਨੇ !

ਇੰਦਰ-ਧਨੁਸ਼ ਦੇ ਸੱਤੇ ਰੰਗ

ਅਜੇ ਮੇਰੀਆਂ ਅੱਖਾਂ

ਖਿੜ ਖਿੜ ਹੱਸ ਰਹੇ ਨੇ !

...............

ਮੇਰੇ ਅੰਦਰ ਦੀ ਸੁਹਲ ਜਿਹੀ ਕੁੜੀ

ਅਜੇ ਤੱਕ ਦੋ ਗੁੱਤਾਂ ਕਰੀ

ਹੱਥ ਵਿਚ ਕਿਤਾਬਾਂ ਫ਼ੜੀ

ਕਾਲਜ ਵਿਚ ਸਖੀਆਂ ਸੰਗ

ਜ਼ਿੰਦਗੀ ਦੀ ਸਟੇਜ ਤੇ

ਗਿੱਧਾ ਪਾਉਂਦੀ ਹੈ !

............

ਹੈਰਾਨ ਹਾਂ ਕਿ

ਮਨ ਦੇ ਧਰਾਤਲ ਤੇ

ਕੁਛ ਵੀ

ਨਹੀਂ ਬਦਲਦਾ !

ਪਰ ਹੌਲੀ ਹੌਲੀ

ਸ਼ੀਸ਼ੇ ਵਿਚਲਾ ਆਪਣਾ ਅਕਸ

ਬੇਪਛਾਣ ਹੋਈ ਜਾਂਦੈ !!


ਮੁਹਿੰਦਰ ਰਾਮਪੁਰੀ - ਫੋਟੋ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਟਰਾਂਟੋ, ਕੈਨੇਡਾ ਵਸਦੇ ਲੇਖਕ ਮੇਜਰ ਮਾਂਗਟ ਸਾਹਿਬ ਨੇ ਆਪਣੀ ਐਲਬਮ 'ਚ ਸਾਂਭੀ ਮੁਹਿੰਦਰ ਰਾਮਪੁਰੀ ਜੀ ਦੀ ਇੱਕ ਯਾਦਗਾਰੀ ਫੋਟੋ ਆਰਸੀ ਲਈ ਭੇਜੀ ਹੈ। ਮੈਂ ਉਹਨਾਂ ਦੀ ਤਹਿ ਦਿਲੋਂ ਮਸ਼ਕੂਰ ਹਾਂ। ਤੁਹਾਡੇ ਸਭ ਲਈ ਓਸੇ ਫੋਟੋ ਨੂੰ ਏਥੇ ਪੋਸਟ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ

ਤਨਦੀਪ 'ਤਮੰਨਾ'



ਤਮੰਨਾ ਜੀ ਨਿੱਘੀ ਯਾਦ,
ਮੁਹਿੰਦਰ ਰਾਮਪੁਰੀ ਸਾਹਿਬ ਬਹੁਤ ਚੰਗੇ ਇਨਸਾਨ, ਨਿੱਘੇ ਮਿੱਤਰ ਅਤੇ ਉੱਚ-ਕੋਟੀ ਦੇ ਗ਼ਜ਼ਲਗੋਅ ਸਨ। ਉਨ੍ਹਾਂ ਦੀ ਸੰਗਤ ਮਾਨਣ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ ਹੈ। ਬਹੁਤ ਸਾਰੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਉਨ੍ਹਾਂ ਦੀ ਕਲਮ ਨੂੰ ਸਲਾਮ। ਸ਼ਾਇਰ ਆਪਣੇ ਸ਼ਬਦਾਂ ਵਿੱਚ ਹਮੇਸ਼ਾ ਜ਼ਿੰਦਾ ਰਹੇਗਾ।ਉਨ੍ਹਾਂ ਦੀ ਇਹ ਫੋਟੋ ਜੋ ਮੇਰੇ ਘਰ ਹੋਏ ਕਵੀ ਦਰਬਾਰ ਵਿੱਚ ਖਿੱਚੀ ਗਈ ਸੀ।ਮੰਚ ਤੇ ਜਗਦੀਸ਼ ਨੀਲੋਂ ਜੀ ਵੀ ਹਨ।ਮੈਂ ਇਹ ਆਰਸੀ ਦੇ ਪਾਠਕਾਂ ਲਈ ਭੇਜ ਰਿਹਾ ਹਾਂ। ਭਵਿੱਖ ਵਿੱਚ ਕੁਲਵੰਤ ਨੀਲੋਂ, ਸੁਰਜੀਤ ਖੁਰਸ਼ੀਦੀ ਅਤੇ ਜਗਤਾਰ ਸੇਖਾ ਦੀਆਂ ਰਚਨਾਵਾਂ ਵੀ ਪੇਸ਼ ਕਰਨੀਆਂ। ਧੰਨਵਾਦ।

ਮੇਜਰ ਮਾਂਗਟ

ਟਰਾਂਟੋ, ਕੈਨੇਡਾ

Tuesday, May 26, 2009

ਮਰਹੂਮ ਮੁਹਿੰਦਰ ਰਾਮਪੁਰੀ - ਗ਼ਜ਼ਲ


ਸਾਹਿਤਕ ਨਾਮ: ਮੁਹਿੰਦਰ ਰਾਮਪੁਰੀ

ਜਨਮ: 24 ਮਈ, 1934 - 24 ਫਰਵਰੀ, 2001

ਪਿੰਡ: ਰਾਮਪੁਰ

ਕਿਤਾਬਾਂ: ਗ਼ਜ਼ਲ-ਸੰਗ੍ਰਹਿ: ਚਾਨਣ ਦੇ ਫੁੱਲ ਪ੍ਰਕਾਸ਼ਿਤ ਹੋ ਚੁੱਕਾ ਹੈ ਤੇ ਦੂਜਾ ਖਰੜਾ ਤਿਆਰ ਪਿਆ ਹੈ। ਲੂ ਸ਼ੁਨ ਦੇ ਖ਼ਤ ਕਿਤਾਬ ਤੋਂ ਇਲਾਵਾ ਅਨੇਕਾਂ ਰਚਨਾਵਾਂ ਦਾ ਹੋਰ ਭਾਸ਼ਾਵਾਂ ਤੋਂ ਪੰਜਾਬੀ ਅਨੁਵਾਦ ਕੀਤਾ ਹੈ।

ਕਿੱਤੇ ਵਜੋਂ ਰਾਮਪੁਰੀ ਸਾਹਿਬ ਡਰਾਇੰਗ ਮਾਸਟਰ ਰਹੇ।

----

ਬਕੌਲ ਸੁਰਿੰਦਰ ਰਾਮਪੁਰੀ ਜੀ: .........ਮੁਹਿੰਦਰ ਰਾਮਪੁਰੀ ਸਰੋਤਿਆਂ ਤੋਂ ਬਿਨ੍ਹਾਂ ਸ਼ਿਅਰ ਉਚਾਰ ਹੀ ਨਹੀਂ ਸੀ ਸਕਦਾ। ਇਕ ਵਾਰ ਜਲੰਧਰ ਰੇਡਿਓ ਸਟੇਸ਼ਨ ਤੋਂ ਕਵਿਤਾ ਪੜ੍ਹਨ ਲਈ ਮੁਹਿੰਦਰ ਨੂੰ ਸੱਦਿਆ ਗਿਆ। ਸ.ਸ. ਮੀਸ਼ਾ ਜੀ ਰਿਕਾਰਡਿੰਗ ਕਰ ਰਹੇ ਸਨ। ਮੁਹਿੰਦਰ ਨੂੰ ਮਾਈਕ ਦੇ ਸਾਹਮਣੇ ਕੁਰਸੀ ਤੇ ਬਿਠਾ ਦਿੱਤਾ ਗਿਆ।

ਉਹ ਆਖਣ ਲੱਗਿਆ, ਮੈਂ ਸੁਣਾਊਂ ਕੀਹਨੂੰ? ਇੰਝ ਤਾਂ ਮੈਥੋਂ ਪੜ੍ਹਿਆ ਨਹੀਂ ਜਾਣਾ।

....

ਮੀਸ਼ਾ ਜੀ ਕਹਿਣ ਲੱਗੇ. ਤੈਨੂੰ ਰੇਡਿਓ ਦੇ ਲੱਖਾਂ ਲੋਕਾਂ ਨੇ ਸੁਣਨੈਂ ।

....

ਮੁਹਿੰਦਰ ਬੋਲਿਆ ਇਹ ਤਾਂ ਠੀਕ ਹੈ, ਪਰ ਮੈਂ ਮੁਖ਼ਾਤਿਬ ਕੀਹਨੂੰ ਹੋਵਾਂ?

.....

ਮੀਸ਼ਾ ਜੀ ਖ਼ੁਦ ਬਹੁਤ ਵੱਡੇ ਸ਼ਾਇਰ ਸਨ। ਸ਼ਾਇਰਾਂ ਦੀਆਂ ਸ਼ੋਖ਼ੀਆਂ ਨੂੰ ਸਮਝਦੇ ਸਨ, ਉਹਨਾਂ ਨੇ ਮੁਹਿੰਦਰ ਦੇ ਨਾਲ਼ ਗਏ ਬਲਦੇਵ ਰਾਮਪੁਰੀ ਨੂੰ ਉਸਦੇ ਸਾਹਮਣੇ ਬਿਠਾ ਦਿੱਤਾ ਅਤੇ ਮੁਹਿੰਦਰ ਸ਼ਿਅਰ ਸੁਣਾਉਂਣ ਲੱਗ ਪਿਆ। ਬਲਦੇਵ ਦੇ ਬਹਾਨੇ ਰੇਡਿਓ ਦੇ ਸਰੋਤਿਆਂ ਨੂੰ ਮੁਖ਼ਾਤਬ ਹੋਇਆ.........

----

ਫੋਟੋ: ਦੋਸਤੋ! ਮੁਹਿੰਦਰ ਰਾਮਪੁਰੀ ਜੀ ਦੀ ਤਸਵੀਰ ਲਈ ਮੈਂ ਬਹੁਤ ਯਤਨ ਕੀਤੇ, ਪਰ ਕਾਮਯਾਬੀ ਨਾ ਮਿਲ਼ੀ। ਇਹਨਾਂ ਗ਼ਜ਼ਲਾਂ ਨਾਲ਼ ਲੱਗੀ ਦੁਰਲੱਭ ਤਸਵੀਰ ਹਰਭਜਨ ਸਿੰਘ ਮਾਂਗਟ ਜੀ ਦੀ ਯਾਦਾਂ ਦੀ ਲਾਇਬ੍ਰੇਰੀ ਚੋਂ ਮਿਲ਼ੀ ਹੈ। ਇਹ ਕਿਸੇ ਨੀਲਮਣੀ ਰਸਾਲੇ ਦੀ 1982 ਦੀ ਕਟਿੰਗ ਉਹਨਾਂ ਕੋਲ਼ ਸਾਂਭੀ ਪਈ ਸੀ, ਜਿਸ ਵਿਚ ਹੋਰਨਾਂ ਸ਼ਾਇਰਾਂ ਦੇ ਨਾਲ਼ ਮੁਹਿੰਦਰ ਰਾਮਪੁਰੀ ਜੀ ਵੀ ਖੜ੍ਹੇ ਹਨ। ਮੈਂ ਬਹੁਤ ਕੋਸ਼ਿਸ ਕਰਕੇ ਤਸਵੀਰ ਨੂੰ ਸਾਫ਼ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਗਰੁੱਪ ਫੋਟੋ ਚ ਹੇਠਲੀ ਕਤਾਰ ਚ ਖੱਬਿਓਂ ਦੂਜੇ ਨੰਬਰ ਤੇ ਮੁਹਿੰਦਰ ਰਾਮਪੁਰੀ ਜੀ ਅਤੇ ਸੱਜਿਓਂ ਏਸੇ ਕਤਾਰ 'ਚ ਹੀ ਤੀਜੇ ਨੰਬਰ ਤੇ ਹਰਭਜਨ ਸਿੰਘ ਮਾਂਗਟ ਜੀ ਅਤੇ ਮਾਂਗਟ ਸਾਹਿਬ ਦੇ ਐਨ ਨਾਲ਼ ਖੱਬੇ ਪਾਸੇ ਮਰਹੂਮ ਡਾ: ਗੁਰਦੇਵ ਸਿੰਘ ਪੰਦੋਹਲ ਖੜ੍ਹੇ ਹਨ। ਮਾਂਗਟ ਸਾਹਿਬ ਦਾ ਬੇਹੱਦ ਸ਼ੁਕਰੀਆ।

*************

ਗ਼ਜ਼ਲ

ਇਕ ਕਾਤਰ ਚਾਨਣ ਦੀ ਜਦ ਖੇਤ ਵਿਚ ਆਈ ਕਿ ਬਸ।

ਠਰਦੀਆਂ ਫਸਲਾਂ ਨੇ, ਧਾਅ ਗਲਵਕੜੀ ਪਾਈ ਕਿ ਬਸ।

----

ਅਖ ਮਲ਼ਦੇ ਜਾਗ ਉਠੇ ਸਨ ਸਭ ਖੇਤਾਂ ਦੇ ਖੇਤ,

ਤੇ ਲਈ ਹਰ ਡਾਲ ਨੇ ਸੀ ਇਕ ਅੰਗੜਾਈ ਕਿ ਬਸ।

----

ਨਿਕਲ਼ਕੇ ਫਸਲਾਂ ਦੇ ਵਿਚੋਂ ਬਾਹਰ ਤਿੱਤਰ ਤਿਤਲੀਆਂ,

ਭੁੱਲ ਕੇ ਆਪਣਾ ਆਪ ਲੁੱਡੀ ਇਸ ਤਰ੍ਹਾਂ ਪਾਈ ਕਿ ਬਸ।

----

ਕਣਕ ਦੀ ਬੱਲੀ ਨੇ ਜਦ ਸੀ ਦੇਖਿਆ ਅਲਸੀ ਦਾ ਫੁੱਲ,

ਉਸਨੂੰ ਬੱਕੀ ਯਾਦ ਮਿਰਜ਼ੇ ਦੀ ਆਈ ਕਿ ਬਸ।

----

ਅਪਣੇ ਰਸ ਵਿਚ ਮੁਗਧ ਸੀ ਸਰਸਬਜ਼ ਪੇਠਾ ਓਸ ਚੋਂ,

ਇਕ ਚਿੜੀ ਪਰ ਬਾਜ਼ ਤੋਂ ਡਰ ਇੰਝ ਚਿਲਾਈ ਕਿ ਬਸ।

----

ਯਾਦ ਕਰਕੇ ਸੀਤ ਬੁੱਲ੍ਹ ਤੇ ਪਿਆ ਕੋਰਾ ਜਦੋਂ,

ਫਸਲਾਂ ਦੀ ਤਾਂ ਪੱਤੀ ਪੱਤੀ ਅੱਖ ਭਰ ਆਈ ਕਿ ਬਸ।

----

ਛਮ ਛਮਾ ਛਮ ਪੱਬ ਧਰਦੀ ਪਾ ਕੇ ਚਾਨਣ ਦਾ ਲਿਬਾਸ,

ਫਿਰ 'ਮੁਹਿੰਦਰ' ਦੇ ਦਰ ਤੇ ਇਕ ਗ਼ਜ਼ਲ ਆਈ ਕਿ ਬਸ।

=====

ਗ਼ਜ਼ਲ

ਉਸਦੀ ਸੁੰਦਰ ਇਮਾਰਤ ਦੇਖ ਦਿਲਬਰ।

ਇਸਦੀ ਮਮਟੀ ਗੁਟਕਣੇ ਚੀਨੇ ਕਬੂਤਰ।

----

ਚਾਦਰਾਂ ਦੇ ਫੁੱਲ ਰੋਂਦੇ ਛੱਡ ਗਏ ਜੋ,

ਉਸਦੀ ਛੋਹ ਨੂੰ ਲੋਚਦੇ ਹਨ ਮਨ ਦੇ ਬਿਸਤਰ।

----

ਬਾਰਸ਼ਾਂ ਦੀ ਨਾ ਸਮੇਂ ਸਿਰ ਆਸ ਰੱਖੋ,

ਪੋਰੀਏ ਹੁਣ ਖ਼ੁਸ਼ਕ ਖੇਤਾਂ ਵਿਚ ਅਰਹਰ।

----

ਚੱਲਦੀ ਹੈ ਦਿਲ ਦੀ ਧੜਕਣ ਹੀ ਨਹੀਂ ਤਾਂ,

ਸੁੰਨ ਕਸਬੇ, ਜਾਮ ਸੜਕਾਂ, ਬੰਦ ਦਫ਼ਤਰ।

----

ਦੇਖ ਸ਼ੋਹਲੇ ਬਣ ਗਏ ਪਟ ਬੀਜਣੇ ਵੀ,

ਲਗ ਹੀ ਜਾਣੇ ਸਨ ਕਦੇ ਕੀੜੀ ਨੂੰ ਪਰ।

----

ਖੰਡ ਦੇ ਲੱਛੇ ਜਿਹਾ ਨਾ ਗੀਤ ਗਾਵੇ,

ਖ਼ਾਸ ਮਕ਼ਸਦ ਵਾਸਤੇ ਲਿਖਦੈ ਮੁਹਿੰਦਰ