ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, September 26, 2012

ਮਨਮੋਹਨ ਆਲਮ – ਉਰਦੂ ਰੰਗ - ਗ਼ਜ਼ਲਾਂ




ਗ਼ਜ਼ਲ
ਦਿਲ ਕੀ ਆਂਖੋਂ ਮੇਂ ਦੇਖ ਕਰ ਪਾਨੀ
ਫਿਰ ਗਿਆ ਮੇਰੀ ਆਸ ਪਰ ਪਾਨੀ

ਏਕ ਤੋ ਰੇਗਜ਼ਾਰ 1 ਰਾਹ ਗੁਜ਼ਰ,
ਔਰ ਆਤਾ ਨਹੀਂ ਨਜ਼ਰ ਪਾਨੀ

ਪੀ ਗਏ ਅਸ਼ਕ ਹਮ ਸਰੇ ਮਹਿਫ਼ਿਲ,
ਫੈਲ ਜਾਤਾ ਇਧਰ ਉਧਰ ਪਾਨੀ

ਪਾਨੀ ਪਾਨੀ ਵੋ ਹੋ ਗਏ ਆਖ਼ਿਰ,
ਮੇਰੀ ਆਂਖੋਂ ਮੇਂ ਦੇਖ ਕਰ ਪਾਨੀ

ਪਿਆਸ ਕੇ ਮਾਰੇ ਮਰ ਗਿਆ ਕੋਈ,
ਕੋਈ ਲਾਇਆ ਨਾ ਓਕ 2 ਭਰ ਪਾਨੀ

ਏਕ ਸੂਖਾ ਹੁਆ ਸ਼ਜਰ 3 ਨਾ ਖਿਲਾ,
ਗੋ ਬਹੁਤ ਥਾ ਇਧਰ ਉਧਰ ਪਾਨੀ

ਕਿਆ ਉਸੇ ਭੀ ਮੈਂ ਅਬ ਕਹੂੰ ਦਰਿਆ,
ਉੜ ਗਿਆ ਜਿਸ ਕਾ ਸੂਖ ਕਰ ਪਾਨੀ
=====
ਔਖੇ ਸ਼ਬਦਾਂ ਦੇ ਅਰਥ - 1. ਰੇਗਸਿਤਾਨੀ 2. ਬੁੱਕ 3. ਦਰੱਖ਼ਤ
=====
ਗ਼ਜ਼ਲ
ਕਹੂੰ ਕਿਆ ਬਾਤ ਕਲ ਸ਼ਬ ਕੀ
ਕਿ ਯਾਦ ਆਈ ਤੋ ਕਬ, ਕਬ ਕੀ

ਇਸੀ ਮੇਂ ਹੈ ਖ਼ੁਸ਼ੀ ਮੇਰੀ,
ਜੋ ਮਰਜ਼ੀ ਹੈ ਮੇਰੇ ਰਬ ਕੀ

ਮੈਂ ਕਰਤਾ ਅਪਨੇ ਦਿਲ ਕੀ ਹੂੰ,
ਮਗਰ ਸੁਨਤਾ ਹੂੰ ਮੈਂ ਸਬ ਕੀ

ਕਿ ਮਾਨੀ ਬਾਤ ਵੋ ਉਸਨੇ,
ਜੋ ਥੀ ਹੀ ਉਸ ਕੇ ਮਤਲਬ ਕੀ

ਨਾ ਰਾਸ ਆਈ ਮੁਝੇ ਆਖ਼ਿਰ,
ਵੋ ਥੀ ਜੋ ਬਾਤ ਮਕਤਬ 1 ਕੀ

ਕਿ ਮਿਲਤੀ ਹੋ ਜੋ ਮਸ਼ਰਕ 2 ਸੇ,
ਕਹੋ ਵੋ ਬਾਤ ਮਗ਼ਰਬ 3 ਕੀ

ਕਹਾਂ ਸਮਝੀ ਹੈ ਦੁਨੀਆ ਨੇ,
ਮੁਦੱਲਲ 4 ਬਾਤ ਮਹਜ਼ਬ ਕੀ
=====
ਔਖੇ ਸ਼ਬਦਾਂ ਦੇ ਅਰਥ:
1. ਕਿਤਾਬਾਂ ਚ ਲਿਖੀ ਹੋਈ 2. ਪੂਰਬ 3. ਪੱਛਮ 4. ਅਕ਼ਲ ਤੇ ਪੂਰੀ ਉਤਰਨ ਵਾਲੀ
=====
ਗ਼ਜ਼ਲਾਂ ਮੂਲ ਉਰਦੂ ਤੋਂ ਪੰਜਾਬੀ ਲਿਪੀਅੰਤਰ: ਸੁਰਿੰਦਰ ਸੋਹਲ

Wednesday, September 19, 2012

ਰਾਣਾ ਰਣਬੀਰ - ਆਰਸੀ 'ਤੇ ਖ਼ੁਸ਼ਆਮਦੇਦ - ਨਜ਼ਮਾਂ



ਆਰਸੀ 'ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਰਾਣਾ ਰਣਬੀਰ
ਅਜੋਕਾ ਨਿਵਾਸ:  ਪਟਿਆਲਾ
ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ ਕਿਣ ਮਿਣ ਤਿੱਪ ਤਿੱਪ ( 2012 ) ਪ੍ਰਕਾਸ਼ਿਤ ਹੋ ਚੁੱਕਿਆ ਹੈ।
------
ਦੋਸਤੋ! ਉੱਘੇ ਰੰਗ ਕਰਮੀ, ਕਮੀਡੀਅਨ, ਲੇਖਕ ਅਤੇ ਫਿਲਮ ਅਭਿਨੇਤਾ ਰਾਣਾ ਰਣਬੀਰ ਜੀ ਸਾਹਿਤ ਨਾਲ਼ ਕਾਲੇਜ ਦੇ ਸਮੇਂ ( 1989 ਤੋਂ ) ਜੁੜੇ ਹੋਏ ਹਨ। ਉਹ ਰੰਗਮੰਚ  ਨਾਲ਼ ਵੀ 1989 1997 ਤੱਕ ਸਰਗਰਮੀ ਨਾਲ਼ ਜੁੜੇ ਰਹੇ । ਉਹਨਾਂ ਨੇ ਮਾਸਟਰਜ਼ ਦੀ ਡਿਗਰੀ ਵੀ ਥੀਏਟਰ ਅਤੇ ਟੈਲੀਵਿਜ਼ਨ ਵਿਸ਼ੇ ਚ ਪਟਿਆਲਾ ਯੂਨੀਵਰਸਿਟੀ ਚੋਂ ਗੋਲਡ ਮੈਡਲ ਪ੍ਰਾਪਤ ਕਰਕੇ ਕੀਤੀ। ਕਾਲੇਜ ਸਮੇਂ ਸਾਹਿਤਕ ਮੈਗਜ਼ੀਨ ਦੇ ਐਡੀਟਰ ਵੀ ਰਹੇ। ਹੁਣ ਤੱਕ 36-37 ਫਿਲਮਾਂ ਚ ਅਭਿਨੈ ਕਰ ਚੁੱਕੇ ਹਨ ਜਿਨ੍ਹਾਂ ਚ ਦਿਲ ਆਪਣਾ ਪੰਜਾਬੀ, ਮਿੱਟੀ ਵਾਜਾਂ ਮਾਰਦੀ, ਮੇਰਾ ਪਿੰਡ ਮਾਈ ਹੋਮ, ਹਸ਼ਰ, ਛੇਵਾਂ ਦਰਿਆ, ਮਹਿੰਦੀ ਵਾਲ਼ੇ ਹੱਥ, ਮੁੰਡੇ ਯੂ ਕੇ ਦੇ, ਜੱਟ ਐਂਡ ਜੂਲੀਅਟ, ਕੈਰੀ ਆੱਨ ਜੱਟਾ ਅਤੇ ਅੱਜ ਦੇ ਰਾਂਝੇ ਪ੍ਰਮੁੱਖ ਹਨ। ਮੁੰਡੇ ਯੂ ਕੇ ਦੇ, ਇਕ ਕੁੜੀ ਪੰਜਾਬ ਦੀ, ਕਬੱਡੀ ਇਕ ਮੁਹੱਬਤ, ਅੱਜ ਦੇ ਰਾਂਝੇ ਦੇ ਸੰਵਾਦ ਵੀ ਲਿਖੇ ਹਨ।  ਰਣਬੀਰ ਜੀ ਦੀ ਕੈਨੇਡਾ ਫੇਰੀ ਦੌਰਾਨ ਅਗਸਤ 8, 2012 ਨੂੰ ਪੰਜਾਬੀ ਆਰਸੀ ਰਾਈਟਰਜ਼ ਕਲੱਬ ਇੰਟਰ. ਸਰੀ, ਕੈਨੇਡਾ ਵੱਲੋਂ ਮਹਿਕ ਰੈਸਟੋਰੈਂਟ ਵਿਚ ਉਹਨਾਂ ਨਾਲ਼ ਇਕ ਡਿਨਰ ਰੂ-ਬ-ਰੂ ਸਮਾਗਮ ਦਾ ਆਯੋਜਨ ਵੀ ਕੀਤਾ ਗਿਆ ਸੀ, ਜੋ ਬਹੁਤ ਸਫ਼ਲ ਅਤੇ ਯਾਦਗਾਰੀ ਹੋ ਨਿੱਬੜਿਆ ਸੀ। ਅੱਜ ਉਹਨਾਂ ਨੇ ਆਪਣੇ ਪਲੇਠੇ ਕਾਵਿ-ਸੰਗ੍ਰਹਿ ਚੋਂ ਚੰਦ ਬੇਹੱਦ ਖ਼ੂਬਸੂਰਤ ਨਜ਼ਮਾਂ ਘੱਲ ਕੇ ਹਾਜ਼ਰੀ ਲਵਾਈ ਹੈ...ਮੈਂ ਸਮੂਹ ਆਰਸੀ ਪਰਿਵਾਰ ਵੱਲੋਂ ਕਿਣ ਮਿਣ ਤਿੱਪ ਤਿੱਪ ਨੂੰ ਪੰਜਾਬੀ ਅਦਬ ਵਿਚ ਖ਼ੁਸ਼ਆਮਦੇਦ ਆਖਦੀ ਹੋਈ, ਇਹਨਾਂ ਨਜ਼ਮਾਂ ਨੂੰ ਅੱਜ ਦੀ ਪੋਸਟ ਵਿਚ ਸ਼ਾਮਿਲ ਕਰਨ ਦੀ ਖ਼ੁਸ਼ੀ ਹਾਸਿਲ ਕਰ ਰਹੀ ਹਾਂ.....ਤੁਹਾਡੇ ਪ੍ਰਤੀਕਰਮਾਂ ਦਾ ਇੰਤਜ਼ਾਰ ਰਹੇਗਾ....ਬਹੁਤ-ਬਹੁਤ ਸ਼ੁਕਰੀਆ...ਤਨਦੀਪ
======
ਤੂੰ ਕਿਤੇ ਵੀ ਹੋਂਵੇ
 ਨਜ਼ਮ
ਸਭ ਹਾਜ਼ਿਰ ਨੇ
ਸਾਹ
ਅਰਮਾਨ
ਸੁਪਨਿਆਂ ਦਾ ਸਾਈਕ
ਮੰਚ
ਰੰਗਮੰਚ
ਸੰਵਾਦ ਰਚਾਉਂਦੇ ਰਾਹ
ਸਿਰਫ ਤੂੰ ਗ਼ੈਰਹਾਜ਼ਿਰ ਏਂ
ਪਰ
ਤੂੰ ਹੈਂ ਜ਼ਰੂਰ
ਤੇਰੀ ਹਾਜ਼ਰੀ ਸਿਰਜੇਗੀ
ਇਹਨਾਂ ਹਾਜ਼ਿਰ ਹਮਰਾਹੀਆਂ 'ਚੋਂ
ਜ਼ਿੰਦਗੀ
ਤੂੰ .......
ਤੂੰ ਕਿਤੇ ਵੀ ਹੋਵੇਂ ਹੈਂ ਜ਼ਰੂਰ
ਮੈਂ ਪਹੁੰਚ ਹੀ ਜਾਂਵਾਗਾ ਤੇਰੇ ਤੱਕ
ਸਫ਼ਰ ਕਰਦਾ ਕਰਦਾ
ਮੈ........
ਮੈਂ ਪਾ ਹੀ ਲਵਾਂਗਾ ਤੈਨੂੰ
ਮੈਂ ਧਰਤੀ
ਤੂੰ ਬੱਦਲ
ਬੱਦਲਾਂ ਦਾ ਪਾਣੀ ਧਰਤੀ ਤੇ ਹੀ ਵਰ੍ਹੇਗਾ
ਧਰਤੀ ਤੋਂ ਬਿਨਾਂ ਕਿਸ ਨੂੰ ਸਿੱਲ੍ਹਾ ਕਰੇਗਾ
ਪਤਾਲ ਨੂੰ?
ਪਤਾਲ 'ਚ ਮੇਰਾ ਇਸ਼ਕ਼ ਹੈ
ਤੇ
ਇਸ਼ਕ਼ ਦਾ ਨਿੱਘ ਤੇਰੇ ਤੋਂ ਛੱਡ ਨਹੀਂ ਹੋਣਾ
=====
ਕਿਣ ਮਿਣ
ਨਜ਼ਮ
ਕਿਣ ਮਿਣ ਤਿਪ ਤਿਪ ਮੀਂਹ ਪਿਆ ਵਰ੍ਹਦਾ
ਮਿੱਟੀ ਮਹਿਕ ਖਿੰਡਾਵੇ
ਆ ਲਫ਼ਜ਼ਾਂ ਦੀ ਸੇਜ਼ ਹੰਢਾ ਲੈ
ਗੀਤ ਮੁੱਕ ਨਾ ਜਾਵੇ

ਕਿਣ ਮਿਣ ਤਿਪ ਤਿਪ ਮੀਂਹ ਪਿਆ ਵਰ੍ਹਦਾ
ਲੋਕੀਂ ਪੂਜਣ ਪੀਰਾਂ ਨੂੰ
ਲੈ ਮੇਰੇ ਰੰਗ, ਤੇਰੇ ਹੋਏ
ਰੰਗ ਦੇ ਅੱਜ ਤਸਵੀਰਾਂ ਨੂੰ

ਕਿਣ ਮਿਣ ਤਿਪ ਤਿਪ ਮੀਂਹ ਪਿਆ ਵਰ੍ਹਦਾ
ਹਰ ਬੀਹੀ ਵਿੱਚ ਗੰਗਾ
ਯੋਗ ਸਮਾਧੀ ਪਿਆਰ ਗੂੜ੍ਹੇ ਦੀ
ਬਾਤ ਵਸਲ ਦੀ ਮੰਗਾਂ

ਕਿਣ ਮਿਣ ਤਿਪ ਤਿਪ ਮੀਂਹ ਪਿਆ ਵਰ੍ਹਦਾ
ਚਾੜ੍ਹਾਂ ਮੈਂ ਕੜਾਹੀ
ਤੂੰ ਬਣ ਜਾਈਂ ਕ਼ਲਮ ਕਮਲੀਏ
ਮੈਂ ਬਣ ਜਾਵਾਂ ਸਿਆਹੀ

ਕਿਣ ਮਿਣ ਤਿਪ ਤਿਪ ਮੀਂਹ ਪਿਆ ਵਰ੍ਹਦਾ
ਦੇਹੀ ਵਿੱਚ ਵਿਸਮਾਦ
ਆ ਜਾ ਦੋਂਵੇ ਸਿਫ਼ਰ ਹੋ ਜਾਈਏ
ਕੁਝ ਨਹੀਂ ਸਿਫ਼ਰੋਂ ਬਾਅਦ
=====
ਹੁਨਰ
ਨਜ਼ਮ
ਪਾਂਡੂ ਦੀਏ ਮਿੱਟੀਏ!
ਇੱਟਾਂ ਦੀਆਂ ਕੰਧਾਂ
ਸੰਗਮਰਮਰ ਦੇ ਫ਼ਰਸ਼ਾਂ
ਫਾਨੂਸਾਂ ਅਤੇ ਕਾਰਪੈਟਾਂ ਵਿੱਚ ਘਿਰੀ
ਤੂੰ ਆਪਣੇ ਹੁਨਰ ਦਾ ਕਮਾਲ ਨਹੀਂ ਵਿਖਾ ਸਕਦੀ
ਸਮਝ ਗਈ ਐਂ ਨਾ
ਪਾਂਡੂ ਦੀਏ ਮਿੱਟੀਏ!
=====
ਹਲਫ਼ੀਆ ਬਿਆਨ
 ਨਜ਼ਮ
ਮੈਂ ਕੋਰਾ ਵਰਕ਼ਾ ਨਹੀਂ
ਕਿ ਮੇਰੇ ਤੇ ਜੋ ਚਾਹੋ ਲਿਖ ਦੇਵੋ
ਮੈਨੂੰ ਤੁਸੀਂ ਸੁਣਾ ਸਕਦੇ ਹੋ
ਪੜ੍ਹਾ ਸਕਦੇ ਹੋ
ਪਰ ਮੇਰੇ 'ਤੇ
ਆਪਣੀ ਛਾਪ ਨਹੀਂ ਲਗਾ ਸਕਦੇ
ਕਰਾਂਗਾ ਤਾਂ ਮੈਂ ਉਹੀ
ਜੋ ਮੈਂ ਕਰਨਾ ਚਾਹੁੰਦਾ ਹਾਂ

ਮੈਂ ਸ਼ੁਗਲ ਦੇ ਤੌਰ 'ਤੇ ਤੁਹਾਡੀ ਨਕਲ ਕਰ ਸਕਦਾਂ
ਰਵਾਇਤ ਦੇ ਤੌਰ 'ਤੇ ਹੁੰਗਾਰਾ ਭਰ ਸਕਦਾਂ
ਪਰ ਚੱਲਾਂਗਾ ਆਪਣੀ ਹੀ ਚਾਲ
ਰਹਿੰਦਾ ਮੈਂ ਵੀ ਤੁਹਾਡੇ ਵਾਂਗ ਧਰਤੀ 'ਤੇ ਹੀ ਹਾਂ
ਪਰ ਮੇਰੇ ਲਈ ਜ਼ਿੰਦਗੀ ਦੇ ਅਰਥ ਕੁਝ ਹੋਰ ਨੇ
ਮੈਂ ਨਾ ਤਾਂ ਬਿਰਖ਼
ਨਾ ਸੱਤਵਾਂ ਸੁਰ
ਨਾ ਹੀ ਵਗਦੀ ਹਵਾ ਦਾ ਝੌਂਕਾ ਹਾਂ
ਨਾ ਵਰਖਾ ਹਾਂ ਨਾ ਸੋਕਾ ਹਾਂ
ਤੇ ਨਾ ਹੀ ਕੋਈ ਹੋਰ ਬਿੰਬ ਜਾਂ ਪ੍ਰਤੀਕ
ਮੈਂ ਤਾਂ ਆਪੇ ਨਾਲ ਰਲ਼ਿਆ
ਬੰਦੇ ਦਾ ਅਸਲ ਹਾਂ
ਮੇਰੀ ਕਵਿਤਾ ਅੰਬਰਾਂ ਦਾ ਬੱਦਲ ਨਹੀਂ
ਸਗੋਂ ਧਰਤੀ ਦੀ ਹੀ ਚੀਜ਼ ਹੋਵੇਗੀ
ਬੱਦਲ ਕਦੇ ਮੈਂ ਛੋਹ ਕੇ ਨਹੀਂ ਵੇਖੇ
ਧਰਤੀ ਨੂੰ ਮੈਂ ਹੰਢਾ ਰਿਹਾਂ...
====
ਆਹਟ
ਨਜ਼ਮ
ਤੈਨੂੰ ਲੈ ਕੇ
ਆਹਟ ਤਾਂ ਹੁਣ ਵੀ ਹੁੰਦੀ ਹੈ
ਭੁਲੇਖੇ ਤਾਂ ਹੁਣ ਵੀ ਪੈਂਦੇ ਨੇ
ਮਨ ਨੂੰ
ਉਦਰੇਵਾਂ ਵੀ ਉਵੇਂ ਹੀ ਹੁੰਦਾ ਹੈ
ਜੀਕਣ ਪਹਿਲਾਂ ਹੁੰਦਾ ਸੀ
ਪਰ ਕਿਵੇਂ ਕਹਾਂ
ਹੁਣ..............
ਹੌਂਸਲਾ ਪਹਿਲਾਂ ਜਿਹਾ ਨਹੀਂ ਰਿਹਾ...
======
ਮਨ ਦੀ ਭੰਬੀਰੀ
 ਨਜ਼ਮ
ਮੰਨਣ ਅਤੇ ਇਨਕ਼ਾਰ ਦੀ ਦੁਚਿੱਤੀ '
ਮੈਂ ਆਪਣੇ ਆਪ ਨੂੰ ਮਧੋਲ਼ ਰਿਹਾਂ
ਦਰਦ ਬਹੁਤ ਹੁੰਦੈ ਪਰ ਚੀਖ ਨਹੀਂ ਨਿੱਕਲਦੀ
ਸ਼ਾਇਦ.......
ਹਾਲੇ ਚੀਖਣ ਦੀ ਅਵੱਸਥਾ ਨਹੀਂ

ਹਾਲੇ ਤਾਂ ਪਸਰੀ ਹੋਈ ਹੈ
ਚਿਹਰੇ 'ਤੇ ਸੁੰਨ
ਜਿਸਮ 'ਚ ਬੇਚੈਨੀ
ਬੋਲਾਂ 'ਚ ਅਸਪੱਸ਼ਟਤਾ
ਸੁੰਨ...ਬੇਚੈਨੀ...ਅਸਪੱਸ਼ਟਤਾ ਨੂੰ
ਜਾਂ ਤਾਂ ਮਿਲੇ ਬੇਲਿਹਾਜ਼ੀ ਦਾ ਝਟਕਾ
ਜਾਂ ਮੋਹ ਦੀ ਗਰਮ ਲਹਿਰ
ਤਾਂ ਕਿ ਜਾਂ ਤਾਂ ਚੀਖ ਸਕਾਂ
ਜਾਂ ਫੇਰ ਕਰਾਂ ਕਲੋਲਾਂ... ਮਨ ਆਈਆਂ
ਇਹ ਆਵਾਜ਼ ਹੈ ਮੇਰੇ ਮਨ ਦੀ ਭੰਬੀਰੀ ਦੀ
ਜੋ ਘੁੰਮਣਾ ਚਾਹੁੰਦੀ ਹੈ
ਰੁਕਣਾ ਨਹੀਂ...

Sunday, September 16, 2012

ਸੁਰਜੀਤ - ਨਜ਼ਮਾਂ



ਸੁਰਖ਼ ਜੋੜੇ ਚ ਸਜੀ ਕੁੜੀ
ਨਜ਼ਮ
ਸੁਰਖ਼  ਜੋੜੇ ਚ ਸਜੀ ਕੁੜੀ
ਅੱਖਾਂ ਵਿਚ ਕੁਛ
ਜਗਦਾ ਬੁਝਦਾ
ਕੈਨਵਸ  ਤੇ ਕੁਛ
ਬਣਦਾ ਮਿਟਦਾ  !

ਮੁੱਠੀ ਭਰ ਚੌਲ ਪਿਛਾਂਹ ਨੂੰ ਸੁੱਟ ਕੇ
ਛੱਡ ਜਾਂਦੀ ਹੈ
ਖੂੰਜਿਆਂ ਚ ਖੇਡੀਆਂ ਲੁਕਣ-ਮੀਟੀਆਂ
ਵਿਹੜੇ ਵਿਚ ਉਡੀਕਦੀਆਂ ਸਖੀਆਂ
ਸੰਦੂਕ ਵਿਚ ਪਈਆਂ ਰੰਗ ਬਿਰੰਗੀਆਂ ਚੁੰਨੀਆਂ
ਅਲਮਾਰੀ ਚ ਪਈਆਂ ਕਿਤਾਬਾਂ
ਕਿਤਾਬਾਂ ਚ ਪਏ ਖ਼ਤ
ਖ਼ਤਾਂ ਚ ਪਏ ਨਿਹੋਰੇ
ਕੁਛ ਹਾਸੇ-
ਕੁਛ ਰੋਸੇ
ਅੱਖਾਂ ਚੋਂ ਕੇਰੇ ਹੰਝੂ !

ਕੱਕੀ ਕੈਨਵਸ ਤੇ
ਕਿੰਨਾ ਕੁਝ ਸਮੇਟੀ
ਮਹਿੰਦੀ ਰੱਤੇ ਪੈਰੀਂ
ਹੌਲ਼ੀ ਹੌਲ਼ੀ ਪੱਬ ਧਰਦੀ
ਘਰ ਦੀ ਦਹਿਲੀਜ਼ ਟੱਪ
ਇਕ ਪੁਲਾਂਘ ਵਿਚ
ਕਰ ਜਾਂਦੀ ਹੈ ਤੈਅ
ਕਿੰਨੇ ਲੰਮੇ ਫ਼ਾਸਲੇ
ਰਿਸ਼ਤਿਆਂ ਦੇ
ਮਰਿਆਦਾਵਾਂ ਦੇ
ਰਸਮਾਂ ਦੇ
ਸਲੀਕਿਆਂ ਦੇ
ਮੁਹਾਂਦਰਿਆਂ ਦੇ
ਤੇ ਜਿਸਮਾਂ ਦੇ ...
=====
ਆਜ਼ਾਦੀ
ਨਜ਼ਮ
...
ਤੇ ਇਕ ਦਿਨ
ਪਿੰਜਰਾ ਖੁੱਲ੍ਹ ਗਿਆ 
ਪੰਛੀ ਉੱਡ ਗਿਆ !

ਏਡੀ ਖ਼ੁਸ਼ੀ 
ਉਸਨੂੰ ਸਮਝ ਨਾ ਆਵੇ
ਹੁਣ ਉਹ ਕੀ ਕਰੇ
ਧਰਤੀ ਤੇ ਲੇਟੇ 
ਚੁੰਝ ਖੋਲ੍ਹੇ
ਉੱਚੀ ਉੱਚੀ ਬੋਲੇ !

ਉੱਪਰ ਤੱਕਿਆ
ਅਨੰਤ ਆਕਾਸ਼ !
ਆਹਾ !

ਪੰਛੀ ਨੇ ਹਵਾ ਵਿਚ
ਗੋਤਾ ਲਾਇਆ
ਬੱਦਲਾਂ ਤੋਂ ਪਾਰ 
ਉਸਨੇ ਉੱਡਣਾ ਚਾਹਿਆ

ਪਰ ਆਪਣੇ ਖੰਭਾਂ ਦਾ ਭਾਰ
ਉਸਤੋਂ ਚੁੱਕ ਨਾ ਹੋਇਆ
ਘਰ ਦੀ ਛੱਤ ਤੋਂ ਉਪਰ
ਉਸਤੋਂ ਉੱਡ ਨਾ ਹੋਇਆ ...

Thursday, September 13, 2012

ਕਮਲ ਦੇਵ ਪਾਲ - ਨਜ਼ਮਾਂ



 ( Special thanks to Erhard Loblein for this painting )

ਵਿਰਾਸਤ

ਨਜ਼ਮ
ਅਸੀਂ ਪਿੰਡਾਂ 'ਚ ਸਾਂ ,
ਉਨ੍ਹਾਂ ਨੇ ਇਸ ਹੱਦ ਤੱਕ 
ਸਾਨੂੰ ਜ਼ਲੀਲ ਕੀਤਾ
ਅਸੀਂ ਸ਼ਹਿਰਾਂ ਵੱਲ ਪਰਤੇ
ਅਸੀਂ ਸ਼ਹਿਰਾਂ 'ਚ ਸਾਂ ,
ਉਨ੍ਹਾਂ ਸਾਡੀ ਨਾਨੀ 
ਚੇਤੇ ਕਰਵਾ ਦਿੱਤੀ
ਅਸੀਂ ਜੰਗਲਾਂ ਵੱਲ ਦੌੜੇ
ਅਸੀਂ ਜੰਗਲਾਂ 'ਚ ਸਾਂ ,
ਉਨ੍ਹਾਂ ਸਾਡੀ ਮਿੱਟੀ 
ਬਹੁਤ ਪਲੀਤ ਕੀਤੀ
ਅਸੀਂ ਬਾਗੀ ਹੋ ਗਏ
ਅਸੀਂ ਬਾਗੀ ਲਗਦੇ ਸਾਂ ,
ਉਨ੍ਹਾਂ ਸਾਡੇ ਸੀਨੇ ਨਾਪੇ
'
ਤੇ ਫਿਰ ਗੋਲੀ ਦਾਗੀ
ਅਸੀਂ ਰਕਤ ਹੋ ਗਏ
ਅਸੀਂ ਰਕਤ ਹੋ ਗਏ ਸਾਂ ,
ਉਨ੍ਹਾਂ ਆਪਣੇ ਘਰਾਂ 'ਤੇ
ਸ਼ੱਕ ਦੀ ਨਿਗਾਹ ਫੇਰੀ
ਅਸੀਂ ਨਾੜਾਂ 'ਚ ਵਗਣ ਲੱਗੇ

ਅਸੀਂ ਨਾੜਾਂ 'ਚ ਵਗਦੇ ਸਾਂ ,
ਉਨ੍ਹਾਂ ਬਹੁਤ ਯਤਨ ਕੀਤੇ 
ਜ਼ਰਾ ਸੋਚੋ ... ਆਪਣੀਆਂ ਨਾੜਾਂ -
ਕੌਣ ਕੱਟਦਾ ਹੈ?
ਹੁਣ ਕਰੋ ਸਾਡਾ ,
ਕੀ ਕਰਦੇ ਹੋ
ਅਸੀਂ ਤੁਹਾਡੀਆਂ ਰਗਾਂ ਵਿਚ
ਦੌੜਦਾ ਲਹੂ ਹਾਂ
=====

ਉਲਾਂਭਾ

ਨਜ਼ਮ
ਮੈਂ ਤੇਰੀ ਸੋਚ ਦੇ 
ਹਾਣ ਦਾ ਨਹੀਂ ਹੋ ਸਕਿਆ 
ਤੇਰਾ ਉਲਾਂਭਾ ਸਿਰ ਮੱਥੇ
ਮੈਂ ਤੇਰੇ ਬਲ਼ਦੇ ਅੱਖਰਾਂ 
ਵਰਗਾ ਨਹੀਂ ਬਣ ਸਕਿਆ 
ਤੇਰਾ ਉਲਾਂਭਾ ਸਿਰ ਮੱਥੇ
ਮੈਂ ਹਥਿਆਰਬੰਦ ਘੋਲ਼ਾਂ '
ਸ਼ਾਮਿਲ ਨਹੀਂ ਸਾਂ
ਤੇਰਾ ਉਲਾਂਭਾ ਸਿਰ ਮੱਥੇ
ਮੈਂ ਮੌਜੂਦਾ ਹਾਕਮਾਂ ਦੀ
ਮਾਂ, ਭੈਣ ਨਹੀਂ ਕਰਦਾ 
ਤੇਰਾ ਉਲਾਂਭਾ ਸਿਰ ਮੱਥੇ
ਮੈਂ ਆਮ ਆਦਮੀਆਂ 
ਵਰਗਾ ਬੰਦਾ ਹਾਂ 
ਤੇਰਾ ਉਲਾਂਭਾ ਸਿਰ ਮੱਥੇ
ਸਿਰ ਮੱਥੇ 
ਤੇਰੇ ਸਾਰੇ ਇਲਜ਼ਾਮ
ਜੋ ਜੋ ਤੂੰ ਮੇਰੇ
ਸਿਰ ਮੜ੍ਹੇ ਹਨ
ਮੈਂ ਆਮ ਆਦਮੀਆਂ ਦੀਆਂ 
ਦੁਖਦੀਆਂ ਰਗਾਂ ਛੇੜਦਾ ਹਾਂ
ਤਾਂ ਜੋ ਉਹ 
ਪੀੜ ਮਹਿਸੂਸ ਕਰਨ 
'
ਤੇ ਚੀਕ ਮਾਰਨ
ਆਪਣੇ ਦੁੱਖਾਂ ਦੇ 
ਕਾਰਨ ਲੱਭਣ
ਦੁੱਖਾਂ ਦਾ ਇਲਾਜ
ਉਨ੍ਹਾਂ ਤੈਥੋਂ , ਮੈਥੋਂ 
ਪੁੱਛ ਕੇ ਨਹੀਂ ਕਰਵਾਉਣਾ
ਆਹ ਚੁੱਕ ਆਪਣਾ ਉਲਾਂਭਾ...
ਏਥੋਂ ਤੁਰਦਾ ਬਣ...

Wednesday, September 12, 2012

ਪ੍ਰਭਜੋਤ ਸੋਹੀ - ਨਜ਼ਮ

 ਕਰਬਲਾ
ਨਜ਼ਮ
ਮੇਰੇ ਅੰਦਰ
ਕੱਚੀ ਉਮਰੇ
ਦਮ ਤੋੜਦੀਆਂ
ਨਜ਼ਮਾਂ ਦਾ ਵਿਰਲਾਪ ਹੈ...
ਅੱਖਰ .. ਸ਼ਬਦ .. ਵਾਕ
ਇਕ ਦੂਜੇ ' ਰਲ਼ਗੱਡ
ਅਹਿਸਾਸਾਂ ਦੀਆਂ
ਖੂੰਟੀਆਂ ਤੇ ਲਟਕੇ
ਬੇ-ਵਿਸਾਹੀ ਜਿਹੀ ਨਾਲ਼
ਤੱਕ ਰਹੇ ਨੇ ਇਕ ਦੂਜੇ ਵੱਲ...
.............
ਇਹ ਕਿਸ ਤਰ੍ਹਾਂ
ਦੀ ਡਗਰ ਤੇ ਹਾਂ
ਕਿ ਬੇਅੰਤ ਮੀਲ਼ਾਂ ਦੇ 
ਸਫ਼ਰ ਤੋਂ
ਬਾਅਦ ਵੀ ਖੜ੍ਹਾ ਹਾਂ
ਉੱਥੇ ਹੀ...
...........
ਭੌਤਿਕਤਾ
 ਦਾ ਅਜਗਰ
ਨਿਗਲ਼ ਰਿਹੈ
ਸੂਖ਼ਮਤਾ ਦੇ ਪਰਿੰਦੇ
ਤੇ
ਜਜ਼ਬਿਆਂ ਦੀ ਖ਼ੁਦਕੁਸ਼ੀ
ਸਿਰਜ ਰਹੀ ਹੈ
ਨਿੱਤ ਨਵਾਂ
ਕਰਬਲਾ...
ਹਰ ਜਨਮ...
ਰੂਹ ਨੂੰ
ਪਿਆਸ ਦਾ ਵਰਦਾਨ ਹੈ
ਤੇ
ਸੁੰਨੇਪਣ ਦਾ ਸਰਾਪ ਹੈ..
ਮੇਰੇ ਅੰਦਰ
ਕੱਚੀ ਉਮਰੇ
ਦਮ ਤੋੜਦੀਆਂ
ਨਜ਼ਮਾਂ ਦਾ ਵਿਰਲਾਪ ਹੈ...

Saturday, September 8, 2012

ਅਮਰੀਕ ਗ਼ਾਫ਼ਿਲ - ਨਜ਼ਮਾਂ

 ਰੁੱ
ਨਜ਼ਮ
ਤੂੰ ਆਪ ਹੀ ਤਾਂ ਦੱਸਿਆ ਸੀ
ਰੁੱਤਾਂ ਚਾਰ ਹੁੰਦੀਆਂ ਨੇ
ਚਾਰੋਂ ਹੀ ਅਲੱਗ ਅਲੱਗ
ਹਾਂ ! ਹਾਂ !! ਬਰਸਾਤ ਵੀ ਹੁੰਦੀ ਹੈ
ਸਿਰਫ਼ ਦੋ ਮਹੀਨੇ ਸਾਉਣ ਭਾਦੋਂ
ਬੰਦ ਕਰ ਦੇ ਹੁਣ ਰੋਣਾ..
ਜੇ ਤੈਨੂੰ ਯਾਦ ਨਾ ਹੋਵੇ ਤਾਂ ਦੱਸਾਂ
ਬਹਾਰ ਆਉਣ ਤੇ ਨਵੀਆਂ ਕਰੂੰਬਲਾਂ ਫੁੱਟਦੀਆਂ ਨੇ
ਫੇਰ...ਫੇਰ ਕੀ
ਉੱਠ ਦੇਖ ਨਵੇਂ ਸੁਪਨੇ ਨਵੀਆਂ ਉਮੀਦਾਂ ਦੇ
ਨਾ ਰੋ ਝੜੇ ਪੱਤਿਆਂ ਦੇ ਵਿਯੋਗ ਵਿਚ
ਤੇ ਹਾਂ.... ਚੇਤੇ ਕਰ 
ਕਿ ਬੇਦਾਵਿਆਂ ਦੀ ਕੋਈ ਰੁੱਤ ਨਹੀਂ ਹੁੰਦੀ
ਚਲ ਹੁਣੇ ਹੀ ਲਿਖ ਬੇਦਾਵਾ
ਸਰਾਪੇ ਮੌਸਮਾਂ ਦੇ ਨਾਂ
=====
ਦਰਦ
ਨਜ਼ਮ

ਜਦ ਉਹ ਪਿਛਲੀ ਵਾਰ ਮਿਲ਼ੀ ਸੀ
ਚਾਣਚੱਕ ਹੀ ਕੋਲ਼ੋਂ ਦੀ ਲੰਘਦੀ ਨੂੰ
ਜਿਵੇਂ ਮੇਰੇ ਹਾਉਕਿਆਂ ਦਾ ਸੇਕ ਲੱਗਾ ਹੋਵੇ
ਜਿਵੇਂ ਮੇਰੀਆਂ ਪਲਕਾਂ ਤੇ ਟਿਕੇ ਹੰਝੂ
ਜਾ ਗਿਰੇ ਹੋਣ ਉਹਦੇ ਦੁਪੱਟੇ ਤੇ
ਜਿਵੇਂ ਮੇਰੇ ਜ਼ਖ਼ਮਾਂ ਦੀ ਅਜੀਬ ਜਿਹੀ ਹਵਾੜ
ਉਹਦੇ ਸਾਹਾਂ ਚ ਖਲਬਲੀ ਮਚਾ ਗਈ ਹੋਵੇ
ਉਹ ਮੇਰੇ ਜ਼ਖ਼ਮ ਪਲ਼ੋਸਦੀ,
ਮਿੱਠੇ ਬੋਲਾਂ ਦੀ ਮਰਹਮ ਲਾਉਂਦੀ ਰਹੀ
ਤੇ ਆਪਣੇ ਕੌੜੇ ਤਜਰਬੇ ਦੇ 
ਕੁਸੈਲੇ ਪਾਣੀ ਨੂੰ ਕਸ਼ੀਦ ਕੇ
ਹਮਦਰਦੀਨੁਮਾ ਆਬੇ-ਹਯਾਤ ਪਿਲਾਉਂਦੀ
ਹਾਰੀ ਹੋਈ ਬਾਜ਼ੀ ਨੂੰ 
ਨਵੇਂ ਸਿਰਿਓ ਲੜਨ ਲਈ ਪਰੇਰਦੀ ਰਹੀ
ਧਰਵਾਸ ਦੀ ਬੈਸਾਖੀ ਮੇਰੇ ਹਵਾਲੇ ਕਰਕੇ
ਕਹਿ ਗਈ ....
......................
ਇੰਝ ਹੀ ਚਲਦੇ ਚਲਦੇ ਫਿਰ ਮਿਲ਼ਾਂਗੇ
ਕਿਉਂਕਿ ਦਰਦ ਨੂੰ ਦਰਦ ਨਾਲ਼ ਰਾਹ ਹੁੰਦਾ ਹੈ ਸ਼ਾਇਦ ...

Friday, September 7, 2012

ਜਗਜੀਤ ਸੰਧੂ - ਨਜ਼ਮਾਂ



( ਇਹ ਦੋਵੇਂ ਨਜ਼ਮਾਂ ਜਗਜੀਤ ਸੰਧੂ ਹੁਰਾਂ ਦੀ ਪ੍ਰਕਾਸ਼ਨ ਅਧੀਨ ਕਿਤਾਬ ਬਾਰੀ ਕੋਲ਼ ਬੈਠਿਆਂ ਚੋਂ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ )
ਸੁਧਾਰ ਕਾਲਜ-੧
ਨਜ਼ਮ
ਮੇਰਾ ਮਨ ਕਰਦਾ ਹੈ ਕਿ 
ਇਸ ਥਾਂ ਮੈਂ ਫਿਰ ਆਵਾਂ
ਪਰ ਇਸ ਤਰ੍ਹਾਂ ਨਾ ਆਵਾਂ
ਇਸ ਥਾਂ ਮੈਂ, ਮੈਂ ਬਣ ਕੇ ਨਹੀਂ
ਇਹ ਥਾਂ ਬਣ ਕੇ ਆਵਾਂ
ਉਸ ਤੋਤੇ ਦੇ ਕੰਠ  
ਕੋਈ ਬੋਲ ਬਣ ਕੇ ਆਵਾਂ
ਕਰੂੰਬਲਾਂ ਦੇ ਅੰਦਰ 
ਪੁੰਗਰ ਜਾਣ ਦਾ ਉਮਾਹ ਬਣ ਕੇ ਆਵਾਂ
ਪੈਰਾਂ ਹੇਠਲੇ ਕਿਣਕਿਆਂ  
ਬੈਠੀ ਰੜਕ ਬਣ ਕੇ ਆਵਾਂ
ਕਿਸੇ ਦੀਆਂ ਅੱਖਾਂ ਚ ਵੀ 
ਉਲਝਣ ਨਹੀਂ ਮੋਹ ਬਣ ਕੇ ਆਵਾਂ
ਹੁਣ ਮੈਂ ਇੱਥੇ ਜਦ ਵੀ ਆਵਾਂ 
ਕੁਝ ਕਰਨ ਵਾਸਤੇ ਨਹੀਂ
ਬਲਕਿ
ਵਾਪਰਨ ਵਾਸਤੇ ਆਵਾਂ
=====
ਸੁਧਾਰ ਕਾਲਜ - ੨
ਨਜ਼ਮ
ਇਸ ਕਾਲਜ ਦੇ 
ਵੰਨ ਸੁਵੰਨੇ ਰੁੱਖ 
ਏਨੇ ਚਿਰ ਵਿੱਚ 
ਮੇਰੇ ਮਿੱਤਰ ਬਣ ਗਏ ਨੇ
ਹਰ ਸ਼ਾਮ ਚਾਹ ਵੇਲੇ 
ਅਸੀਂ ਕਰਦੇ ਹਾਂ ਦੁੱਖ ਸੁੱਖ
ਉਹਨਾਂ ਦੇ ਵਧਦੇ ਘਟਦੇ 
ਸਾਵੇ ਪਨ ਬਾਰੇ
ਮੈਂ ਸਾਂਝਾ ਕਰਦਾ ਹਾਂ 
ਉਹ ਅਹਿਸਾਸ ਜੋ 
ਉਹਨਾਂ ਹੇਠ ਖਲੋਅ ਕੇ ਮੈਨੂੰ ਹੁੰਦਾ ਹੈ
ਉਹ ਵੀ ਸੌਖੇ ਜਿਹੇ ਹੋ 
ਬੈਠ ਜਾਂਦੇ ਨੇ ਕੋਲ਼ ਮੇਰੇ
ਆਪਣੇ ਹੀ ਪੱਤਿਆਂ ਤੇ 
ਆਪਣੀ ਹੀ ਛਾਵੇਂ
ਮੈਂ ਜ਼ਿਕਰ ਕਰਦਾਂ
ਦੂਰ ਕਿਤੇ ਬਿਫਰੇ ਹੋਏ ਚੋਆਂ ਦਾ
ਸਣੇ ਫ਼ਸਲਾਂ 
ਵਹਿ ਗਏ ਕਿਰਸਾਨਾਂ ਦਾ
ਅਤੇ ਉਹ ਵਿਥਿਆ ਦਸਦੇ ਹਨ 
ਵੱਢੇ ਟੁੱਕੇ ਜਾਂਦੇ ਆਪਣੇ ਕੁਟੁੰਬ ਦੀ
ਜਿਨ੍ਹਾਂ ਦੇ ਕਾਗ਼ਜ਼ ਤੇ ਛਪ ਜਾਏਗੀ
ਉਹਨਾਂ ਦੇ ਹੀ 
ਅਲੋਪ ਹੋ ਜਾਣ ਦੀ ਖ਼ਬਰ
ਰੁੱਖਾਂ ਦਾ ਦੁੱਖ 
ਮੇਰੇ ਦੁੱਖ ਤੋਂ ਵੱਡਾ ਹੈ
ਵਧਦਾ ਹੀ ਜਾਂਦਾ ਹੈ ਸ਼ਾਮਾਂ ਵੇਲ਼ੇ 
ਉਹਨਾਂ ਦੇ ਪਰਛਾਵੇਂ ਵਾਂਗ