ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, July 31, 2011

ਕਰਮਜੀਤ ਸਿੰਘ ਗਰੇਵਾਲ – ਆਰਸੀ ‘ਤੇ ਖ਼ੁਸ਼ਆਮਦੀਦ – ਬਾਲ-ਗੀਤ

ਆਰਸੀ ਤੇ ਖ਼ੁਸ਼ਆਮਦੀਦ

ਸਾਹਿਤਕ ਨਾਮ: ਕਰਮਜੀਤ ਸਿੰਘ ਗਰੇਵਾਲ


ਅਜੋਕਾ ਨਿਵਾਸ: ਪਿੰਡ ਲਲਤੋਂ ਕਲਾਂ, ਜ਼ਿਲ੍ਹਾ ਲੁਧਿਆਣਾ


ਪ੍ਰਕਾਸ਼ਿਤ ਕਿਤਾਬਾਂ: ਬਾਲ ਸਾਹਿਤ ਪੁਸਤਕਾਂ ਜਾਵਾਂ ਰੋਜ਼ ਸਕੂਲ ਨੂੰ, ਚਾਨਣ ਮਮਤਾ ਦਾ, ਛੱਡ ਕੇ ਸਕੂਲ ਮੈਨੂੰ ਆ, ਕਿਰਤ ਦੇ ਪੁਜਾਰੀ ਬਣੋ ਛਪ ਚੁੱਕੀਆਂ ਹਨ ਅਤੇ ਦੋ ਕਿਤਾਬਾਂ ਧਰਤੀ ਦੀ ਪੁਕਾਰ ਅਤੇ ਗਾਈਏ ਗੀਤ ਪਿਆਰੇ ਬੱਚਿਓ, ਪੰਜਾਬੀ ਸੱਥ ਵੱਲੋਂ ਹਾਲ ਹੀ ਵਿਚ ਛਾਪੀਆਂ ਗਈਆਂ ਹਨ।


----


ਦੋਸਤੋ! ਪਿੰਡ ਲਲਤੋਂ ਕਲਾਂ, ਜ਼ਿਲ੍ਹਾ ਲੁਧਿਆਣਾ ਵਸਦੇ ਬਾਲ ਸਾਹਿਤ ਲੇਖਕ ਕਰਮਜੀਤ ਸਿੰਘ ਗਰੇਵਾਲ ਜੀ ਨੇ ਦੋ ਬੇਹੱਦ ਖ਼ੁਬਸੂਰਤ ਬਾਲ-ਗੀਤ ਘੱਲ ਕੇ ਆਰਸੀ ਪਰਿਵਾਰ ਨਾਲ਼ ਪਲੇਠੀ ਸਾਹਿਤਕ ਸਾਂਝ ਪਾਈ ਹੈ। ਉਹਨਾਂ ਦੀਆਂ ਦੋ ਕਿਤਾਬਾਂ ਧਰਤੀ ਦੀ ਪੁਕਾਰ ਅਤੇ 'ਗਾਈਏ ਗੀਤ ਪਿਆਰੇ ਬੱਚਿਓਮੈਨੂੰ ਆਰਸੀ ਲਈ ਯੂਰਪੀ ਪੰਜਾਬੀ ਸੱਥ ਦੇ ਕਰਤਾ-ਧਰਤਾ ਸ: ਮੋਤਾ ਸਿੰਘ ਸਰਾਏ ਸਾਹਿਬ ਨੇ ਘੱਲੀਆਂ ਸਨ। ਸਰਾਏ ਸਾਹਿਬ ਦਾ ਵੀ ਬੇਹੱਦ ਸ਼ੁਕਰੀਆ। ਬਾਲ-ਸਾਹਿਤ ਰਚਣ ਵਾਲ਼ਿਆਂ ਨੂੰ ਉਤਸ਼ਾਹਿਤ ਕਰਨ ਲਈ ਸੱਥ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਆਰਸੀ ਪਰਿਵਾਰ ਵੱਲੋਂ ਸਰਾਏ ਸਾਹਿਬ ਤੇ ਸੱਥ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਦਿਲੀ ਮੁਬਾਰਕਬਾਦ ਜੀ। ਕਰਮਜੀਤ ਜੀ ਨੂੰ ਆਰਸੀ ਪਰਿਵਾਰ ਚ ਖ਼ੁਸ਼ਆਮਦੀਦ ਆਖਦਿਆਂ, ਗਾਈਏ ਗੀਤ ਪਿਆਰੇ ਬੱਚਿਓਕਿਤਾਬ ਵਿੱਚੋਂ ਲਏ ਇਹਨਾਂ ਗੀਤਾਂ ਨੂੰ ਅੱਜ ਦੀ ਪੋਸਟ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਆਸ ਹੈ ਕਿ ਉਹ ਭਵਿੱਖ ਵਿਚ ਵੀ ਆਪਣੀਆਂ ਲਿਖਤਾਂ ਨਾਲ਼ ਹਾਜ਼ਰੀ ਲਵਾਉਂਦੇ ਅਤੇ ਧੰਨਵਾਦੀ ਬਣਾਉਂਦੇ ਰਹਿਣਗੇ। ਬਹੁਤ-ਬਹੁਤ ਸ਼ੁਕਰੀਆ।


ਅਦਬ ਸਹਿਤ


ਤਨਦੀਪ ਤਮੰਨਾ


*****


ਘਰ ਸਾਡੇ ਨਿੱਕਾ ਵੀਰਾ ਹੈ
ਬਾਲ ਗੀਤ


ਘਰ ਸਾਡੇ ਨਿੱਕਾ ਵੀਰਾ ਹੈ
ਮਾਂ ਕਹਿੰਦੀ ਮੇਰਾ ਹੀਰਾ ਹੈ
ਸਭ ਚੀਜ਼ਾਂ ਰੋਜ਼ ਖਿੰਡਾ ਦਿੰਦਾ
ਮੰਮੀ ਦਾ ਕੰਮ ਵਧਾ ਦਿੰਦਾ
ਕਦੇ ਬਿਸਤਰ ਗਿੱਲਾ ਕਰ ਦੇਵੇ
ਸ਼ੂ-ਸ਼ੂ ਨਾਲ ਕੱਛੀ ਭਰ ਦੇਵੇ
ਕੋਈ ਘੂਰੇ ਤਾਂ ਮੁਸਕਰਾ ਦਿੰਦਾ•••••••ਮੰਮੀ ਦਾ•••
.........


ਮਾਂ ਸਬਜ਼ੀ ਕੱਟਣ ਬਹਿ ਜਾਵੇ
ਉਹ ਚਾਕੂ ਪਿੱਛੇ ਪੈ ਜਾਵੇ
ਨਾ ਦਏ ਤਾਂ ਭੜਥੂ ਪਾ ਦਿੰਦਾ •••••ਮੰਮੀ ਦਾ•••
..........


ਕਦੇ ਗੋਦੀ ਚੜ੍ਹਨ ਨੂੰ ਕਹਿੰਦਾ ਏ
ਕਦੇ ਰੁੱਸ ਕੇ ਦੂਰ ਜਾ ਬਹਿੰਦਾ ਏ
ਆਪਣੀ ਹਰ ਜਿੱਦ ਪੁਗਾ ਲੈਂਦਾ••••••ਮੰਮੀ ਦਾ•••
............


ਮੰਮੀ ਜਦ ਰੋਟੀ ਲਾਹੁੰਦੇ ਨੇ
ਉਹ ਭਾਂਡੇ ਦੇ ਕੇ ਵਰਾਉਂਦੇ ਨੇ
ਆਟੇ ਦੇ ਵਿਚ ਹੱਥ ਪਾ ਲੈਂਦਾ •••••ਮੰਮੀ ਦਾ•••
...........


ਕਦੇ ਝਾੜੂ ਖੋਹ ਕੇ ਭੱਜਦਾ ਹੈ
ਕਦੇ ਪੋਚਾ ਲਾਵਣ ਲੱਗਦਾ ਹੈ
ਮੰਮੀ ਨੂੰ ਪੂਰਾ ਖਿਝਾ ਦਿੰਦਾ •••••ਮੰਮੀ ਦਾ•••
..........


ਸਾਰਾ ਦਿਨ ਪਾਉਂਦਾ ਖਿਲਾਰਾ ਹੈ
ਫਿਰ ਵੀ ਉਹ ਲੱਗਦਾ ਪਿਆਰਾ ਹੈ
ਹਰ ਇਕ ਨੂੰ ਪਿੱਛੇ ਲਾ ਲੈਂਦਾ •••••••ਮੰਮੀ ਦਾ••
====
ਜਨਮ ਦਿਨ ਮਨਾਇਆ
ਬਾਲ ਗੀਤ


ਦੋ ਬੱਚਿਆਂ ਨੇ ਆਪੋ ਆਪਣਾ ਜਨਮ ਦਿਨ ਮਨਾਇਆ
ਇਕ ਜਗਾਈਆਂ ਮੋਮਬੱਤੀਆਂ, ਪਰ ਦੂਜੇ ਪੌਦਾ ਲਾਇਆ
ਇਕ ਬੱਚੇ ਨੇ ਕੇਕ ਕੱਟਿਆ, ਕੀਤਾ ਖ਼ਰਚ ਫ਼ਜ਼ੂਲ
ਦੂਜਾ ਕਹਿੰਦਾ ਇਹ ਗੱਲ ਮੈਨੂੰ ਬਿਲਕੁਲ ਨਹੀਂ ਕਬੂਲ
ਇਕ ਕੀਤਾ ਪਦੂਸ਼ਨ, ਦੂਜੇ ਵਾਤਾਵਰਨ ਬਚਾਇਆ
ਦੋ ਬੱਚਿਆਂ ਨੇ•••
.........


ਇੱਕ ਬੱਚੇ ਨੇ ਜ਼ਿੱਦ ਪੁਗਾ ਕੇ, ਤੋਹਫ਼ੇ ਦੀ ਕਰੀ ਮੰਗ
ਦੂਜੇ ਬਾਲ ਨੇ ਮਾਂ ਬਾਪ ਨੂੰ, ਕੀਤਾ ਨਹੀਓਂ ਤੰਗ
ਧਰਤੀ ਮਾਂ ਦਾ ਆਪਣੇ ਸਿਰ ਤੋਂ ਕਿਸਨੇ ਕਰਜ਼ ਚੁਕਾਇਆ?
ਦੋ ਬੱਚਿਆਂ ਨੇ•••
.......


ਇਕ ਬੱਚੇ ਨੇ ਡੀ.ਜੇ. ਲਾਇਆ ਘਰੇ ਬੁਲਾ ਕੇ ਹਾਣੀ
ਦੂਜਾ ਬਾਲਕ ਉਸ ਪੌਦੇ ਨੂੰ, ਪਾ ਰਿਹਾ ਸੀ ਪਾਣੀ
ਆਪੇ ਦੱਸੋ ਦੋਵਾਂ ਵਿਚੋਂ ਕਿਸਨੇ ਪੁੰਨ ਕਮਾਇਆ?
ਦੋ ਬੱਚਿਆਂ ਨੇ•••
.........


ਦੋਵੇਂ ਬੱਚੇ ਵੱਡੇ ਹੋਏ ਆਪਣੀ ਉਮਰ ਦੇ ਨਾਲ
ਉਹ ਪੌਦਾ ਹੁਣ ਰੁੱਖ ਬਣ ਗਿਆ, ਬੀਤ ਗਏ ਕੁਝ ਸਾਲ
ਕੇਕ, ਡੀ.ਜੇ. ਤੇ ਤੋਹਫ਼ਿਆਂ ਵਾਲਾ ਬੱਚਾ ਅੱਜ ਪਛਤਾਇਆ
ਦੋ ਬੱਚਿਆਂ ਨੇ•••







Wednesday, July 27, 2011

ਜਨਾਬ ਇਫ਼ਤਿਖ਼ਾਰ ਨਸੀਮ ਸਾਹਿਬ ਨੂੰ ਯਾਦ ਕਰਦਿਆਂ - ਉਰਦੂ ਰੰਗ

ਦੋਸਤੋ! ਜਿਵੇਂ ਕਿ ਆਰਸੀ ਪਰਿਵਾਰ ਨਾਲ਼ ਇਹ ਦੁਖਦਾਈ ਖ਼ਬਰ ਪਹਿਲਾਂ ਹੀ ਸਾਂਝੀ ਕੀਤੀ ਜਾ ਚੁੱਕੀ ਹੈ ਕਿ ਸ਼ਿਕਾਗੋ, ਅਮਰੀਕਾ ਵਸਦੇ ਉਰਦੂ/ਪੰਜਾਬੀ ਦੇ ਅਜ਼ੀਮ ਸ਼ਾਇਰ ਜਨਾਬ ਇਫ਼ਤਿਖ਼ਾਰ ਨਸੀਮ ਸਾਹਿਬ ਬੀਤੇ ਸ਼ੁੱਕਰਵਾਰ ਨੂੰ 64 ਸਾਲ ਦੀ ਉਮਰ ਚ ਦਿਲ ਦਾ ਦੌਰਾ ਪੈਣ ਕਾਰਣ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ, ਅੱਜ ਉਹਨਾਂ ਨੂੰ ਯਾਦ ਕਰਦਿਆਂ, ਸ਼ਰਧਾਂਜਲੀ ਦੇ ਤੌਰ ਤੇ ਇਕ ਲੇਖ ਆਰਸੀ ਰਿਸ਼ਮਾਂ ਤੇ ਸਾਂਝਾ ਕਰ ਰਹੀ ਹਾਂ। ਨਸੀਮ ਸਾਹਿਬ ਦੀ ਖ਼ਸੀਅਤ ਅਤੇ ਲਿਖਣ-ਕਲਾ ਬਾਰੇ ਇਹ ਨਿਬੰਧ ਸੁਰਿੰਦਰ ਸੋਹਲ ਸਾਹਿਬ ਨੇ ਲਿਖਿਆ ਹੈ, ਜਿਸ ਰਾਹੀਂ ਇਫ਼ਤੀ ਨਸੀਮ ਨੂੰ ਸਮਝਣ ਵਿਚ ਮਦਦ ਮਿਲ ਸਕਦੀ ਹੈ ਉਸ ਪੇਜ ਤੇ ਵੀ ਫੇਰੀ ਜ਼ਰੂਰ ਪਾਉਣੀ ਜੀ...ਸ਼ੁਕਰਗੁਜ਼ਾਰ ਹੋਵਾਂਗੇ। ਸੋਹਲ ਸਾਹਿਬ ਦਾ ਬੇਹੱਦ ਸ਼ੁਕਰੀਆ ਜੀ।

ਅਦਬ ਸਹਿਤ
ਤਨਦੀਪ


*******


ਗ਼ਜ਼ਲ


ਕੋਈ ਹਿਸਾਬ ਹੀ ਨਹੀਂ ਰੱਖਾ ਹੈ ਅਬ ਕੇ ਸਾਥ।


ਬਿਛੜ ਗਏ ਹੈ ਨਾ ਜਾਨੇ ਕਹਾਂ ਪੇ ਕਬ ਕੇ ਸਾਥ।



ਖ਼ੁਦ ਅਪਨੀ ਰਾਹ ਨਿਕਾਲੀ ਹੈ ਮੈਨੇ ਪੱਥਰ ਸੇ,


ਤਮਾਮ ਉਮਰ ਗੁਜ਼ਾਰੀ ਹੈ ਅਪਨੇ ਢਬ 1 ਕੇ ਸਾਥ।



ਖ਼ੁਦਾ ਕੋ ਛੋੜ ਦੀਆ ਹੈ ਫ਼ਲਕ 2 ਪੇ ਇਨਸਾਂ ਨੇ,


ਕੀਆ ਹੈ ਜ਼ੁਲਮ ਬਹੁਤ ਉਸਨੇ ਅਪਨੇ ਰਬ ਕੇ ਸਾਥ।



ਯੇ ਮੇਰੇ ਸਾਮਨੇ ਤਨਹਾਈਓਂ ਕਾ ਜੰਗਲ ਹੈ,


ਕਹਾਂ ਪੇ ਛੋੜ ਗਏ ਮੁਝ ਕੋ ਪਿਛਲੀ ਸ਼ਬ 3 ਕੇ ਸਾਥ।



ਬਹੁਤ ਹਸੀਨ ਹੈ ਵੋ, ਦਿਲ ਮਗਰ ਕਰੇਗਾ ਨਸੀਮ,


ਨਿਭਾਹ ਕੈਸੇ ਕਿਸੀ ਯਾਰ-ਏ-ਬੇਅਦਬ ਕੇ ਸਾਥ।


====


ਗ਼ਜ਼ਲ


ਤੂਨੇ ਦੇ ਦੀ ਹੈ ਮੁਝੈ ਦਰਦ ਕੀ ਦੌਲਤ ਕੈਸੀ।


ਐ ਮੇਰੇ ਸਾਹਿਬੇ ਸਰਵਰ 4 ਯੇ ਮੁਰੱਵਤ 5 ਕੈਸੀ।



ਪੂਛ ਲੇਨੇ ਮੇਂ ਬੁਰਾਈ ਤੋ ਨਹੀਂ ਹੈ ਕੋਈ,


ਉਸ ਨੇ ਇਨਕਾਰ ਕੀਆ ਹੈ ਤੋ ਨਦਾਮਤ ਕੈਸੀ।



ਦਸਤਕੇਂ ਹੋਤੀ ਹੈਂ ਇਕ ਹੱਦੇ ਮੁਕੱਰਰ ਕੇ ਲੀਏ,


ਕੋਈ ਦਰਵਾਜ਼ਾ ਖੁਲਾ ਹੋ ਤੋ ਇਜਾਜ਼ਤ ਕੈਸੀ।



ਮੰਜ਼ਿਲੇਂ ਊਂਚੀ ਭੀ ਪਾਤਾਲ ਸੇ ਨੀਚੀ ਨਿਕਲੀਂ,


ਮੈਨੇ ਰਹਿਨੇ ਕੋ ਬਨਾਈ ਹੈ ਇਮਾਰਤ ਕੈਸੀ।



ਮੈਂ ਬੁਰਾ ਸੋਚੂੰ ਕਿਸੀ ਕਾ ਤੋ ਮੁਜਰਮ ਠਹਿਰੂੰ,


ਮੇਰੇ ਅੰਦਰ ਲਗੀ ਰਹਿਤੀ ਹੈ ਅਦਾਲਤ ਕੈਸੀ।



ਘਰ ਬਹਾ ਕੇ ਲੇ ਗਈ ਪਰ ਫ਼ਸਲ ਤੋ ਉਗ ਆਈ ਨਸੀਮ,


ਸੋਚਤਾ ਹੂੰ ਕਿ ਖ਼ੁਦਾ ਕੀ ਹੈ ਯੇ ਰਹਿਮਤ ਕੈਸੀ।


****


ਔਖੇ ਸ਼ਬਦਾਂ ਦੇ ਅਰਥ: ਢਬ 1 - ਢੰਗ, ਫ਼ਲਕ 2 - ਆਸਮਾਨ, ਸ਼ਬ 3 - ਰਾਤ, ਸਾਹਿਬੇ ਸਰਵਰ 4 ਦੌਲਤਮੰਦ, ਦਾਨੀ, ਮੁਰੱਵਤ 5 ਮਿਹਰਬਾਨੀ


*****


ਗ਼ਜ਼ਲਾਂ ਮੂਲ ਉਰਦੂ ਤੋਂ ਪੰਜਾਬੀ ਲਿਪੀਅੰਤਰ: ਸੁਰਿੰਦਰ ਸੋਹਲ



Monday, July 25, 2011

ਉਰਦੂ ਦੇ ਸੰਸਾਰ-ਪ੍ਰਸਿੱਧ ਸ਼ਾਇਰ ਜਨਾਬ ਇਫ਼ਤਿਖ਼ਾਰ ਨਸੀਮ ਸਾਹਿਬ ਅਲਵਿਦਾ ਆਖ ਗਏ – ਸ਼ੋਕ ਸਮਾਚਾਰ

ਦੋਸਤੋ! ਇਹ ਖ਼ਬਰ ਮੈਂ ਬਹੁਤ ਹੀ ਦੁਖੀ ਹਿਰਦੇ ਨਾਲ਼ ਸਾਂਝੀ ਕਰ ਰਹੀ ਹਾਂ ਕਿ ਉਰਦੂ ਦੇ ਸੰਸਾਰ-ਪ੍ਰਸਿੱਧ ਸ਼ਾਇਰ ਜਨਾਬ ਇਫ਼ਤਿਖ਼ਾਰ ਨਸੀਮ ਸਾਹਿਬ ( ਪਿਆਰ ਨਾਲ਼ ਉਹਨਾਂ ਨੂੰ ਸਾਰੇ ਇਫ਼ਟੀ ਨਸੀਮ ਆਖਦੇ ਸਾਂ) ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਣ, ਸ਼ਿਕਾਗੋ ਅਮਰੀਕਾ ਵਿਖੇ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਇਸ ਖ਼ਬਰ ਦੀ ਪੁਸ਼ਟੀ ਉਹਨਾਂ ਦੀ ਭੈਣ ਏਜਾਜ਼ ਨਸਰੀਨ ਨੇ ਕੀਤੀ ਹੈ। ਮੈਨੂੰ ਨਿਊ ਯੌਰਕ ਵਸਦੇ ਗ਼ਜ਼ਲਗੋ ਸੁਰਿੰਦਰ ਸੋਹਲ ਸਾਹਿਬ ਦੀ ਈਮੇਲ ਆਈ ਹੈ। ਨਸੀਮ ਸਾਹਿਬ ਦੇ ਗੁਜ਼ਰ ਜਾਣ ਦੀ ਖ਼ਬਰ ਬਹੁਤ ਹੀ ਦੁਖਦਾਈ ਹੈ....ਅਜੇ ਮਹੀਨਾ ਕੁ ਪਹਿਲਾਂ ਹੀ ਮੈਨੂੰ ਫੇਸਬੁੱਕ 'ਤੇ ਸ਼ਿਕਾਗੋ ਆਉਣ ਦਾ ਹੱਸ-ਹੱਸ ਸੱਦਾ ਦਿੰਦੇ ਸਨ....ਉਫ਼! ...ਮੈਨੂੰ ਕਦੇ ਵੀ ਨਹੀਂ ਭੁੱਲੇਗਾ। ਸਾਹਿਤ ਜਗਤ ਨੂੰ ਨਸੀਮ ਸਾਹਿਬ ਦੇ ਇਹ ਬਹੁਤ ਵੱਡਾ ਘਾਟਾ ਪਿਆ ਹੈ। ਵਿਸਤਾਰਤ ਜਾਣਕਾਰੀ ਮੈਂ ਕੱਲ੍ਹ ਤੱਕ ਪੋਸਟ ਕਰ ਦੇਵਾਂਗੀ। ਆਰਸੀ ਪਰਿਵਾਰ ਵੱਲੋਂ ਨਸੀਮ ਸਾਹਿਬ ਨੂੰ ਯਾਦ ਕਰਦਿਆਂ, ਨਿੱਘੀ ਸ਼ਰਧਾਂਜਲੀ ਦਿੰਦਿਆਂ, ਮੇਰੀਆਂ ਅੱਖਾਂ ਭਰੀਆਂ ਹੋਈਆਂ ਹਨ। ਉਹਨਾਂ ਦੀ ਕਿਤਾਬ ਰੇਤ ਕਾ ਆਦਮੀ ਚੋਂ ਉਹਨਾਂ ਦੀ ਹੀ ਜ਼ਿੰਦਗੀ ਦੀ ਇਕ ਝਲਕ ਨਾਲ਼ ਨਸੀਮ ਸਾਹਿਬ ਨੂੰ ਅਲਵਿਦਾ....


ਸ਼ਾਮ ਸੇ ਤਨਹਾ ਖੜ੍ਹਾ ਹੂੰ ਯਾਸ 1 ਕਾ ਪੈਕਰ 2 ਹੂੰ ਮੈਂ।


ਅਜਨਬੀ ਹੂੰ ਔਰ ਫ਼ਸੀਲ-ਏ-ਸ਼ਹਿਰ 3 ਸੇ ਬਾਹਰ ਹੂੰ ਮੈਂ।


......


ਤੂ ਤੋ ਆਇਆ ਹੈ ਯਹਾਂ ਪਰ ਕਹਿਕਹੋਂ ਕੇ ਵਾਸਤੇ,


ਦੇਖਨੇ ਵਾਲੇ ਬੜਾ ਗ਼ਮਗੀਨ ਸਾ ਮੰਜ਼ਰ ਹੂੰ ਮੈਂ।


.....


ਮੈਂ ਬਚਾ ਲੂੰਗਾ ਤੁਝੇ ਦੁਨੀਆ ਕੇ ਸਰਦੋ-ਗਰਮ ਸੇ,


ਢਾਂਪ ਲੇ ਮੁਝ ਸੇ ਬਦਨ ਅਪਨਾ ਤੇਰੀ ਚਾਦਰ ਹੂੰ ਮੈਂ।


.....


ਮੈਂ ਤੁਮਹੇਂ ਉੜਤੇ ਹੂਏ ਦੇਖੂੰਗਾ ਮੇਰੇ ਸਾਥੀਓ,


ਮੈਂ ਤੁਮਾਰਾ ਸਾਥ ਕੈਸੇ ਦੂੰ ਸ਼ਿਕੱਸਤਾ ਪਰ 4 ਹੂੰ ਮੈਂ


.....


ਮੇਰੇ ਹੋਨੇ ਕਾ ਪਤਾ ਲੇ ਲੋ ਦਰੋ-ਦੀਵਾਰ ਸੇ,


ਕਹਿ ਰਹਾ ਹੈ ਘਰ ਕਾ ਸੱਨਾਟਾ ਅਭੀ ਅੰਦਰ ਹੂੰ ਮੈਂ।


.....


ਕੌਨ ਦੇਗਾ ਅਬ ਯਹਾਂ ਸੇ ਤੇਰੀ ਦਸਤਕ ਕਾ ਜਵਾਬ,


ਕਿਸ ਲੀਏ ਮੁਖ ਕੋ ਸਦਾ ਦੇਤਾ ਹੈ ਖ਼ਾਲੀ ਘਰ ਹੂੰ ਮੈਂ।


*****
1
ਉਦਾਸੀ 2 ਬੁੱਤ, 3 ਸ਼ਹਿਰ ਦੀ ਦੀਵਾਰ, 4 ਟੁੱਟਿਆ ਹੋਇਆ ਖੰਭ



ਇਫ਼ਟੀ ਸਾਹਿਬ ਦੇ ਪਰਿਵਾਰ ਦੇ ਗ਼ਮ
ਚ ਸ਼ਰੀਕ


ਸਮੂਹ ਆਰਸੀ ਪਰਿਵਾਰ



Sunday, July 24, 2011

ਮੈਡਮ ਪਾਲ ਕੌਰ - ਆਰਸੀ ‘ਤੇ ਖ਼ੁਸ਼ਆਮਦੀਦ

ਆਰਸੀ ਤੇ ਖ਼ੁਸ਼ਆਮਦੀਦ
ਸਾਹਿਤਕ ਨਾਮ: ਪਾਲ ਕੌਰ
ਅਜੋਕਾ ਨਿਵਾਸ: ਅੰਬਾਲਾ, ਹਰਿਆਣਾ

ਪ੍ਰਕਾਸ਼ਿਤ ਕਿਤਾਬਾਂ: ਬਲ਼ਦੇ ਖ਼ਤਾਂ ਦੇ ਸਿਰਨਾਵੇਂ, ਖ਼ਲਾਅਵਾਸੀ, ਮੈਂ ਮੁਖ਼ਾਤਿਬ ਹਾਂ, ਸਵੀਕਾਰ ਕਰਨ ਤੋਂ ਬਾਅਦ, ਇੰਜ ਨਾ ਮਿਲ਼ੀਂ, ਬਾਰਿਸ਼ ਅੰਦਰੇ-ਅੰਦਰ, ਪ੍ਰਗੀਤ ਚਿੰਤਨ, ਮੀਰਾ, ਪੀਂਘ ਆਦਿ ਪ੍ਰਕਸ਼ਿਤ ਹੋ ਚੁੱਕੀਆਂ ਹਨ।


ਇਨਾਮ-ਸਨਾਮਾਨ: ਮੈਡਮ ਪਾਲ ਕੌਰ ਜੀ ਨੂੰ ਸਾਹਿਤਕ ਸੇਵਾਵਾਂ ਬਦਲੇ ਪੰਜਾਬ ਅਤੇ ਹਰਿਆਣਾ ਸਰਕਾਰ ਵੱਲੋਂ ਸ਼ਰੋਮਣੀ ਪੰਜਾਬੀ ਕਵੀ ਸਨਮਾਨ, ਬਾਬਾ ਸ਼ੇਖ਼ ਫ਼ਰੀਦ ਐਵਾਰਡ ਨਾਲ਼ ਸਨਮਾਨਿਆ ਵੀ ਜਾ ਚੁੱਕਾ ਹੈ।


........
ਦੋਸਤੋ! ਮੈਡਮ ਪਾਲ ਕੌਰ ਜੀ ਪੰਜਾਬੀ ਦੀ ਅਜ਼ੀਮ ਸ਼ਾਇਰਾ ਹਨ। ਉਹਨਾਂ ਦੀ ਹਾਜ਼ਰੀ ਆਰਸੀ ਦਾ ਸੁਭਾਗ ਹੈ। ਮੈਂ ਉਹਨਾਂ ਦੀ ਕਾਵਿ-ਪੁਸਤਕ ਪੀਂਘ ਪੜ੍ਹੀ ਸੀ ਤੇ ਉਦੋਂ ਹੀ ਤਮੰਨਾ ਸੀ ਕਿ ਉਹਨਾਂ ਦੀ ਹਾਜ਼ਰੀ ਆਰਸੀ
ਤੇ ਲੱਗੇ। ਮੇਰੀ ਬੇਨਤੀ ਦਾ ਮਾਣ ਰੱਖਦਿਆਂ, ਉਹਨਾਂ ਨੇ ਆਪਣੀਆਂ ਰਚਨਾਵਾਂ ਕਈ ਮਹੀਨੇ ਪਹਿਲਾਂ ਮੇਨੂੰ ਭੇਜੀਆਂ ਸਨ, ਪਰ ਕੁਝ ਨਿੱਜੀ ਕਾਰਣਾਂ ਕਰਕੇ ਬਲੌਗ ਬਕਾਇਦਗੀ ਨਾਲ਼ ਅਪਡੇਟ ਨਾ ਹੋਣ ਕਾਰਣ ਉਹਨਾਂ ਦੀ ਹਾਜ਼ਰੀ ਲਵਾਉਣ ਚ ਦੇਰ ਹੁੰਦੀ ਗਈ, ਮੈ ਖ਼ਿਮਾ ਦੀ ਜਾਚਕ ਹਾਂ। ਮੈਡਮ ਪਾਲ ਕੌਰ ਜੀ ਹਰਿਆਣਾ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਪ੍ਰੈਜ਼ੀਡੈਂਟ ਹਨ ਅਤੇ ਸਾਹਿਤ ਅਕਾਦਮੀ ਦਿੱਲੀ ਨਾਲ਼ ਵੀ ਜੁੜੇ ਹੋਏ ਹਨ। ਅੱਜ ਉਹਨਾਂ ਦੀਆਂ ਘੱਲੀਆਂ ਚੰਦ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ
ਚ ਸ਼ਾਮਿਲ ਕਰਦਿਆਂ, ਦਿਲੀ ਖ਼ੁਸ਼ੀ ਦਾ ਅਨੁਭਵ ਕਰ ਰਹੀ ਹਾਂ। ਆਸ ਹੈ ਕਿ ਮੈਡਮ ਜੀ ਭਵਿੱਖ ਵਿਚ ਵੀ ਹਾਜ਼ਰੀ ਲਵਾ ਕੇ ਧੰਨਵਾਦੀ ਬਣਾਉਂਦੇ ਰਹਿਣਗੇ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
******


ਫੋਕਸ


ਨਜ਼ਮ


ਉੱਗ ਤਾਂ ਪਏ ਹਾਂ


ਇੱਕੋ ਕਿਆਰੀ ਵਿਚ


ਪਰ ਪਨੀਰੀ ਤਾਂ ਨਹੀਂ ਰਹਿਣਾ ਅਸਾਂ



ਫਲ਼ਣਾ ਫੁੱਲਣਾ ਹੈ


ਤਾਂ ਦੋ-ਚਾਰ ਹੱਥ ਦੀ ਦੂਰੀ ਤੇ ਰਹੀਂ


ਇਕ ਦਾ ਕੱਦ ਵਧ ਜਾਵੇ


ਤਾਂ ਦੂਜਾ ਉਹਦੇ ਪਰਛਾਵੇਂ ਵਿਚ ਹੀ


ਸੜ-ਸੁੱਕ ਜਾਵੇਗਾ



ਵਾਜਿਬ ਦੂਰੀ ਤੋਂ ਹੀ


ਫੀਕ ਬਣਦਾ ਹੈ ਫੋਕਸ


ਧੁੰਦਲ਼ਾ ਜਾਂਦੇ ਨੇ ਨਕਸ਼


ਬਹੁਤ ਕਰੀਬ ਆ ਕੇ



ਹੋਈ ਹਾਂ ਜਿਉਂ ਜਿਉਂ ਵਡੇਰੀ


ਨੇੜੇ ਦੀ ਨਿਗਾਹ ਹੋ ਰਹੀ ਏ ਕਮਜ਼ੋਰ


ਖਲੋਅ ਜ਼ਰਾ ਕੁ ਦੂਰ


ਕਿ ਸਾਫ਼ ਵੇਖ ਸਕਾਂ ਤੈਨੂੰ


=====


ਕੁੜੀ ਕਰਦੀ ਏ ਸਵਾਲ


ਨਜ਼ਮ


ਕੁੜੀ ਕਰਦੀ ਏ ਸਵਾਲ


ਉਹ ਕਿਉਂ ਨਹੀਂ ਲੈ ਸਕਦੀ


ਉਸ ਚੰਨ...


ਜਿਹੜਾ ਮਾਰਦਾ ਏ ਉਹਨੂੰ ਸੈਨਤਾਂ!



ਕੁੜੀ ਕਰਦੀ ਏ ਸਵਾਲ


ਕੌਣ ਨੇ ਉਹ


ਜੋ ਉਹਦੇ ਤੇ ਚੰਨ ਵਿਚਾਲ਼ੇ


ਖ਼ਲਾਅ ਨੇ ਵਧਾ ਰਹੇ!



ਕੁੜੀ ਕਰਦੀ ਏ ਸਵਾਲ


ਪਰਛਾਵੇਂ ਆਪਣੇ ਨੂੰ!


ਕਰਦੀ ਏ ਸੂਰਜ ਵੱਲ ਮੂੰਹ


ਤਾਂ ਪਰਛਾਵਾਂ ਹੁੰਦਾ ਏ ਮਗਰ


ਕਰਦੀ ਏ ਚੰਨ ਵੱਲ ਮੂੰਹ


ਤਾਂ ਪਰਾਛਾਵਾਂ ਆ ਖਲੋਂਦਾ ਏ ਸਾਹਵੇਂ


ਨਹੀਂ ਫੜਨ ਦੇਂਦਾ ਚੰਨ ਨੂੰ!


ਡੋਬਣ ਲਈ ਪਰਛਾਵਾਂ


ਕੁੜੀ ਗੁਆਚਦੀ ਏ ਹਨੇਰੇ


ਪਰ ਮੱਸਿਆ ਦੀ ਰਾਤੇ


ਕਿਵੇਂ ਵੇਖੇ ਚੰਨ ਦਾ ਮੂੰਹ?



ਕੁੜੀ ਕਰਦੀ ਏ ਸਵਾਲ


ਨਾਂ ਨੂੰ ਆਪਣੇ!


ਕਿਉਂ ਨਹੀਂ ਪੂਰਾ ਹੁੰਦਾ ਨਾਂ ਉਸਦਾ?


ਪਹਿਲਾਂ ਕਿਸੇ ਦੀ ਮੁਹਤਾਜ


ਫਿਰ ਕਿਸੇ ਹੋਰ ਦੀ ਮੁਹਤਾਜ ਹੋਣ ਖ਼ਾਤਿਰ


ਹੋਈ ਫਿਰਦੀ ਹੈ ਅਧੂਰੀ!



ਕੁੜੀ ਕਰਦੀ ਏ ਸਵਾਲ


ਅੰਬਰੀਂ ਉੱਡਦੇ ਪਤੰਗ ਨੂੰ!


ਨਾ ਉਹ ਡੋਰ, ਨਾ ਪਤੰਗ


ਨਾ ਉਹ ਉੱਡਣ ਵਾਲ਼ੀ


ਨਾ ਉਡਾਣ ਵਾਲ਼ੀ


ਫਿਰ ਵੀ ਕੀ ਏ?


ਜੋ ਉਹਦੇ ਅੰਦਰੋਂ ਬਦੋ-ਬਦੀ ਨਿੱਕਲ਼ ਕੇ


ਪਤੰਗ ਵਿਚ ਜਾ ਉੱਡਦਾ!



ਕੁੜੀ ਕਰਦੀ ਏ ਸਵਾਲ


ਚੰਨ ਨੂੰ!


ਜੋ ਨਹੀਂ ਆ ਸਕਦਾ ਛੱਡ ਕੇ


ਆਪਣਾ ਅੰਬਰ


ਆਪਣੇ ਤਾਰੇ ਉਹ-


ਤਾਂ ਕਿਉਂ ਮਾਰਦਾ ਏ ਸੈਨਤਾਂ


ਆਪਣੇ ਰਾਹੀਂ ਤੁਰਦੀ


ਕੁੜੀ ਵਿਚਾਰੀ ਨੂੰ!



ਕੁੜੀ ਕਰਦੀ ਏ ਸਵਾਲ ਖ਼ੁਦ ਨੂੰ


ਕਿਉਂ ਸੱਚ ਮੰਨ ਬਹਿੰਦੀ ਏ


ਉਹ ਚੰਨ ਦੇ ਇਸ਼ਾਰੇ?



ਕੁੜੀ ਕਰਦੀ ਏ ਸਵਾਲ ਖ਼ੁਦ ਨੂੰ


ਕਿਉਂ ਨਹੀਂ ਹੁੰਦੀ ਉਹ


ਸਾਹਵੇਂ ਆਪਣੇ?


====


ਕਬਰਿਸਤਾਨ


ਨਜ਼ਮ


ਕਿਉਂ ਭਰ ਦਿੱਤਾ ਏ


ਉਸ ਬਲ਼ਦੇ ਮੱਥੇ ਵਾਲ਼ੀ


ਕੁੜੀ ਦੇ ਜ਼ਿਹਨ ਚ ਧੂੰਆਂ


ਮੱਧਮ ਕਰ ਦਿੱਤਾ ਏ


ਅੱਥਰੂਆਂ ਨੇ


ਜਿਹਦੇ ਨੈਣਾਂ ਦਾ ਤੇਜ


ਹਸੂੰ-ਹਸੂੰ ਕਰਦੀ ਸੁਰ ਨੂੰ


ਡੋਬ ਦਿੱਤਾ ਏ, ਗਹਿਰੇ ਨੀਰ ਵਿਚ!



ਕਿਸ ਨੇ ਲਿਖਾਈ ਇਬਾਰਤ


ਕਿਸ ਨੇ ਦਿੱਤੇ ਬੋਲ


ਕਿ ਬੋਲਦੀ ਮੁੜ ਮੁੜ


ਇਹ ਹੋਣਾ ਚਾਹੀਦਾ


ਇਹ ਨਹੀਂ ਹੋਣਾ ਚਾਹੀਦਾ


ਘੁੱਟ ਕੇ ਕਾਲ਼ਜਾ ਆਪਣਾ


ਦੱਬ ਲੈਂਦੀ ਅੰਦਰ


ਤੇ ਨਹੀਂ ਕਹਿ ਸਕਦੀ


ਮੈਨੂੰ ਇਹ ਚਾਹੀਦਾ


ਇਹ ਨਹੀਂ ਚਾਹੀਦਾ



ਪੀ ਗਈ ਏ


ਹਰ ਮੋਹ-ਭੰਗ ਦਾ ਸਦਮਾ


ਤੇ ਕਰ ਲਿਆ ਏ ਉਸਨੇ


ਅਸ਼ੋਕ ਵਾਟਿਕਾ ਨੂੰ ਹੀ ਘਰ ਆਪਣਾ।


ਰੋਜ਼ ਮਰਦੀ ਏ


ਕਦੀ ਕੋਈ ਅੰਗ ਸੌਂਦੈ


ਕਦੀ ਕੋਈ ਨਾੜ ਸੌਂਦੀ ਏ


ਹੋ ਗਈ ਏ ਅਹਿੱਲਿਆ


ਪਤਾ ਨਹੀਂ ਕਿਸ ਰਾਮ ਨੂੰ ਉਡੀਕਦੀ?



ਰਾਮ ਵੀ ਜੇ ਕਿਤੇ ਹੈ


ਤਾਂ ਆਪਣੇ ਦਾਇਰਿਆਂ ਚ ਬੱਝਾ


ਇਹ ਹੋਣਾ ਚਾਹੀਦਾ, ਇਹ ਨਹੀਂ ਹੋਣਾ ਚਾਹੀਦਾ


ਦਾ ਪਾਠ ਪੜ੍ਹਾਉਂਦਾ


ਨਹੀਂ ਛੂੰਹਦਾ ਇਸ ਬੁੱਤ ਨੂੰ


ਖ਼ੌਰੇ! ਉਹ ਵੀ ਨਹੀਂ ਜਾਣਦਾ


ਕਿ ਕੌਣ ਖੋਲ੍ਹੇਗਾ ਆਖ਼ਿਰ
ਮੱਥਿਆਂ
ਚ ਪਈਆਂ ਬੇੜੀਆਂ



ਕਿਸਨੇ ਬੀਜ ਦਿੱਤਾ ਇਹ ਚਾਹੀਦਾ


ਸਾਡੇ ਲਹੂ ਵਿਚ-


ਕਿ ਔੜਾਂ ਵਿਚ ਘੁਟ-ਘੁਟ ਮਰਦੇ


ਬਾਰਿਸ਼ਾਂ ਤੋਂ ਡਰਦੇ ਰਹਿੰਦੇ ਹਾਂ ਅਸੀਂ


ਆਉਂਦੀ ਏ ਜ਼ਿੰਦਗੀ


ਤਾਂ ਢਾਲ਼ ਲਗਾ ਕੇ


ਖਲੋਅ ਜਾਂਦੇ ਹਾਂ ਅਸੀਂ



ਕਿਆਮਤ ਹੋ ਗਈ ਜ਼ਿੰਦਗੀ


ਫਿਰਦੇ ਨੇ ਉਹ ਮੁਰਦਾ ਜਿਹੇ


ਮੰਗਦੇ ਨੇ ਕਿਉਂ ਹੱਥ ਅੱਡ-ਅੱਡ


ਉਨ੍ਹਾਂ ਘਰਾਂ ਦੀ ਖ਼ੈਰ


ਜੋ ਕਬਰਿਸਤਾਨ ਹੋ ਗਏ


=====


ਉਡਾਣ


ਨਜ਼ਮ


ਪੈਰ, ਲਛਮਣ-ਰੇਖਾ ਨਾਲ਼ ਸਦਾ ਟਕਰਾਏ ਨੇ!


ਪੈਰ, ਕਦੀ ਰਾਹਾਂ ਤੇ ਲਛਮਣ-ਰੇਖਾਵਾਂ ਵਿਚਾਲ਼ੇ


ਲਮਕ ਕੇ ਰਹਿ ਗਏ ਨੇ-


ਤੇ ਪੈਰ ਮੱਚਦੀਆਂ ਰੇਖਾਵਾਂ ਚ ਸੜਦੇ


ਪਾਰ ਵੀ ਗਏ ਨੇ!



ਅੱਖਾਂ ਲਛਮਣ-ਰੇਖਾ ਤੋਂ ਪਾਰ ਖੜ੍ਹੇ


ਰਾਵਣ ਨੂੰ ਨਹੀਂ ਪਛਾਣਦੀਆਂ-


ਦੋ ਮਰਿਯਾਦਾਵਾਂ ਚ ਘਿਰੇ ਪੈਰ


ਇਕ ਮਰਿਯਾਦਾ ਨੁੰ ਰੱਦ ਕਰਦੇ


ਬਾਹਰ ਆ ਜਾਂਦੇ ਨੇ-


ਪਰ ਜਦੋਂ ਮੋਹ ਭੰਗ ਹੁੰਦਾ ਹੈ


ਤਾਂ ਪੈਰ ਫਿਰ ਲਛਮਣ-ਰੇਖਾ ਨੂੰ


ਜਾ ਗਲ਼ੇ ਲਾਉਂਦੇ ਨੇ!



ਪਰ ਬੜਾ ਸਾਹ ਘੁੱਟਦਾ ਹੈ ਇਸ ਰੇਖਾ ਦੇ ਅੰਦਰ


ਤਨ ਇਸ ਪਾਰ ਹੁੰਦਾ ਹੈ


ਤੇ ਮਨ ਉਸ ਪਾਰ-


ਦਾਅਵਾ ਇਸ ਪਾਰ ਹੁੰਦਾ ਹੈ


ਤੇ ਉਡਾਣ ਉਸ ਪਾਰ-


ਫਿਰ ਕਦੇ ਤਾਂ ਅਸੀਂ ਪੈਰ ਫੜ ਕੇ ਬਹਿ ਜਾਂਦੇ ਹਾਂ-


ਜੀਣ ਨੂ ਬਚਾਉਂਦੇ ਬਚਾਉਂਦੇ ਰੋਜ਼ ਮਰਦੇ ਹਾਂ-


ਕਦੀ ਵਿਸਾਲ ਆਸਮਾਨ ਸਾਨੂੰ ਵਾਜਾਂ ਮਾਰਦਾ ਹੈ-


ਅਸੀਂ ਮਨ ਨੂੰ ਤਨ ਨਾਲ਼ ਜੋੜਦੇ ਹਾਂ


ਤਾਂ ਸਾਡੇ ਪੈਰਾਂ ਵਿਚੋਂ ਵੀ ਖੰਭ ਉੱਗ ਆਉਂਦੇ ਨੇ!



ਪਰ ਕਿਸੇ ਦੇ ਮੋਢਿਆਂ ਤੇ ਬਹਿ ਕੇ ਉੱਡਣਾ


ਤੇ ਕਿਸੇ ਦਾ ਹੱਥ ਫੜ ਕੇ ਬਾਹਰ ਆਉਣਾ


ਤਾਂ ਨਵੇਂ ਪਿੰਜਰੇ ਵੱਲ ਦਾ ਸਫ਼ਰ ਹੈ-


ਪੈਰ ਆਪਣੇ ਹੋਣ, ਖੰਭ ਆਪਣੇ ਹੋਣ


ਤੇ ਪਾਰ ਕਿਸੇ ਤੇ ਅੱਖ ਨਾ ਹੋਵੇ-


ਉਡਾਰੀ ਤਦ ਹੀ ਹੁੰਦੀ ਹੈ-


ਮਜ਼ਾ ਉੱਡਣ ਦਾ, ਤਾਂ ਹੀ ਆਉਂਦਾ ਹੈ!



Wednesday, July 13, 2011

ਲੋਕ-ਕਵੀ ਬਾਬਾ ਨਜਮੀ ਜੀ - ਆਰਸੀ 'ਤੇ ਖ਼ੁਸ਼ਆਮਦੀਦ

ਆਰਸੀ 'ਤੇ ਖ਼ੁਸ਼ਆਮਦੀਦ
ਸਾਹਿਤਕ ਨਾਮ: ਬਾਬਾ ਨਜਮੀ

ਅਜੋਕਾ ਨਿਵਾਸ: ਲਾਹੌਰ, ਪਾਕਿਸਤਾਨ


ਪ੍ਰਕਾਸ਼ਿਤ ਕਿਤਾਬਾਂ: ਅੱਖਰਾਂ ਵਿਚ ਸਮੁੰਦਰ, ਸੋਚਾਂ ਵਿਚ ਜਹਾਨ, ਮੇਰਾ ਨਾਂ ਇਨਸਾਨ ਆਦਿ ਕਾਵਿ ਅਤੇ ਗ਼ਜ਼ਲ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ।


ਦੋਸਤੋ! ਲਾਹੌਰ ਪਾਕਿਸਤਾਨ ਵਸਦੇ ਸਾਂਝੇ ਪੰਜਾਬ ਦੇ ਸੁਪ੍ਰਸਿੱਧ ਲੋਕ-ਕਵੀ ਬਾਬਾ ਨਜਮੀ ਜੀ ਦੀਆਂ ਚੋਣਵੀਆਂ ਰਚਨਾਵਾਂ ਦਾ ਸੰਗ੍ਰਹਿ ਹਰਭਜਨ ਸਿੰਘ ਹੁੰਦਲ ਜੀ ਵੱਲੋਂ ਸ਼ਾਹਮੁਖੀ ਤੋਂ ਗੁਰਮੁਖੀ ਚ ਲਿਪੀਅੰਤਰ ਕੀਤਾ ਅਤੇ ਯੂਰਪੀ ਪੰਜਾਬੀ ਸੱਥ ਵੱਲੋਂ ਹਾਲ ਹੀ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਯੂਰਪੀ ਪੰਜਾਬੀ ਸੱਥ ਦੇ ਕਰਤਾ-ਧਰਤਾ ਸ: ਮੋਤਾ ਸਿੰਘ ਸਰਾਏ ਸਾਹਿਬ ਵੱਲੋਂ ਇਹ ਕਿਤਾਬ ਸੱਥ ਵੱਲੋਂ ਛਾਪੀਆਂ ਗਈਆਂ 23 ਹੋਰ ਕਿਤਾਬਾਂ ਸਹਿਤ ਮੈਨੂੰ ਭੇਜੀ ਗਈ ਹੈ। ਬਾਕੀ ਕਿਤਾਬਾਂ ਨੂੰ ਵੇਖਣਾ, ਪੜ੍ਹਨਾ ਅਜੇ ਬਾਕੀ ਹੈ, ਪਰ ਜਿਹੜੀ ਕਿਤਾਬ ਪੜ੍ਹ ਕੇ ਰੂਹ ਨੂੰ ਸਰੂਰ ਆ ਗਿਆ ਹੈ, ਉਹ ਬਾਬਾ ਨਜਮੀ ਜੀ ਦੀਆਂ ਚੋਣਵੀਆਂ ਰਚਨਾਵਾਂ ਦੀ ਕਿਤਾਬ ਹੈ।
----
ਬਾਬਾ ਨਜਮੀ ਜੀ ਨਾਲ਼ ਮੇਰੀ ਗੱਲਬਾਤ ਪਿਛਲੇ ਸਾਲ ਹੋਈ ਸੀ, ਜਦੋਂ ਉਹ ਲਾਹੌਰ ਆਸਿਫ਼ ਰਜ਼ਾ ਹੁਰਾਂ ਦੇ ਦਫ਼ਤਰ
ਚ ਬੈਠੇ ਸਨ ਤੇ ਆਸਿਫ਼ ਜੀ ਨੇ ਮੈਨੂੰ ਕਾਲ ਕੀਤੀ ਤੇ ਕਿਹਾ: ਤਮੰਨਾ, ਤੁਹਾਡੇ ਲਈ ਸਰਪ੍ਰਾਈਜ਼ ਏ, ਅੱਜ ਉਸ ਸ਼ਖ਼ਸ ਨਾਲ਼ ਤੁਹਾਡੀ ਗੱਲ ਕਰਵਾ ਰਿਹਾਂ, ਜਿਨ੍ਹਾਂ ਤੋਂ ਵੱਡਾ ਪੰਜਾਬੀ ਚ ਕੋਈ ਹੋਰ ਲੇਖਕ ਨਹੀਂ। ਏਨਾ ਆਖ ਉਹਨਾਂ ਫ਼ੋਨ ਬਾਬਾ ਨਜਮੀ ਜੀ ਨੂੰ ਫੜਾ ਦਿੱਤਾ। ਮੇਰੇ ਹੈਲੋ ਕਹਿਣ ਤੇ ਇਕ ਬੜੀ ਪਿਆਰੀ ਜਿਹੀ ਆਵਾਜ਼ ਨੇ ਮੇਰਾ ਇਹ ਕਹਿ ਕੇ ਸਵਾਗਤ ਕੀਤਾ ਕਿ ਤਮੰਨਾ, ਮੈਂ ਬਾਬਾ ਨਜਮੀ ਬੋਲ ਰਿਹਾਂ....। ਮੈਂ ਹੈਰਾਨ ਵੀ ਸੀ ਤੇ ਖ਼ੁਸ਼ ਵੀ ਕਿ ਆਸਿਫ਼ ਨੇ ਪਹਿਲਾਂ ਕਿਉਂ ਨਾ ਦੱਸਿਆ ਕਿ ਬਾਬਾ ਨਜਮੀ ਹੁਰਾਂ ਨਾਲ਼ ਗੱਲ ਕਰਵਾ ਰਹੇ ਨੇ, ਘੱਟੋ-ਘੱਟ ਮੈਂ ਏਨੇ ਵੱਡੇ ਲੇਖਕ ਨਾਲ਼ ਗੱਲ ਕਰਨ ਤੋਂ ਪਹਿਲਾਂ ਤਿਆਰ ਤਾਂ ਹੁੰਦੀ..ਖ਼ੈਰ..ਕਾਫ਼ੀ ਦੇਰ ਗੱਲਾਂ ਹੁੰਦੀਆਂ ਰਹੀਆਂ....ਫੇਰ ਬਾਬਾ ਜੀ ਨੇ ਆਪਣੀ ਇਕ ਨਜ਼ਮ ਮੈਨੂੰ ਸੁਣਾਉਣ ਉਪਰੰਤ ਪੰਜਾਬੀ ਆਰਸੀ ਲਈ ਅਸੀਸਾਂ ਦਿੱਥੀਆਂ ਤੇ ਫ਼ੋਨ ਆਸਿਫ਼ ਨੂੰ ਦਿੰਦਿਆਂ ਕਿਹਾ: ਯੂ.ਟਿਊਬ ਤੇ ਵੇਖੀਂ...ਮੇਰੀਆਂ ਕੁਝ ਵੀਡੀੳਜ਼ ਹੁਣੇ ਹੁਣੇ ਪਾਈਆਂ ਨੇ, ਜਦੋਂ ਗੁਰਮੁਖੀ ਚ ਕਿਤਾਬ ਆਈ ਆਸਿਫ਼ ਤੁਹਾਨੂੰ ਘੱਲ ਦੇਵੇਗਾ।


ਹੁਣ ਸਰਾਏ ਸਾਹਿਬ ਨੇ ਕਿਤਾਬ ਘੱਲ ਦਿੱਤੀ ਹੈ ਤਾਂ ਮੈਂ ਬਾਬਾ ਨਜ਼ਮੀ ਜੀ ਨੂੰ ਆਰਸੀ ਪਰਿਵਾਰ ਚ ਖ਼ੁਸ਼ਆਮਦੀਦ ਆਖਦਿਆਂ, ਉਹਨਾਂ ਦੀਆਂ ਚੰਦ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਅੱਜ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਪੰਜਾਬੀ ਸੱਥ ਅਤੇ ਸਰਾਏ ਸਾਹਿਬ ਦਾ ਇਸ ਕਿਤਾਬ ਲਈ ਬਹੁਤ-ਬਹੁਤ ਸ਼ੁਕਰੀਆ। ਹੁੰਦਲ ਸਾਹਿਬ ਨੂੰ ਇਸ ਕਿਤਾਬ ਦਾ ਲਿਪੀਅੰਤਰ ਕਰਨ ਤੇ ਦਿਲੀ ਮੁਬਾਰਕਬਾਦ ਹੋਵੇ। ਉਹਨਾਂ ਦੀ ਹਾਜ਼ਰੀ ਸਾਡੇ ਲਈ ਵੱਡੇ ਸੁਭਾਗ ਦੀ ਗੱਲ ਹੈ। ਉਹਨਾਂ ਦਾ ਪੰਜਾਬੀ ਭਾਸ਼ਾ ਲਈ ਮੋਹ, ਲਿਖਤਾਂ ਚ ਕਿੰਝ ਠਾਠਾਂ ਮਾਰਦਾ ਹੈ...ਕੁਝ ਸ਼ਿਅਰ ਵੇਖੋ....



ਉੱਚਾ ਕਰਨ ਲਈ ਆਪਣਾ ਸ਼ਮਲਾ, ਮੈਂ ਪੰਜਾਬੀ ਲਿਖਦਾ ਨਈਂ,


ਮਾਂ ਬੋਲੀ ਦੇ ਹੱਕ਼ ਦੀ ਖ਼ਾਤਰ, ਲੋਕਾਂ ਅੱਗੇ ਡਟਿਆ ਵਾਂ।



ਅੱਖਰਾਂ ਵਿੱਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ।


ਝੱਖੜਾਂ ਦੇ ਵਿਚ ਰੱਖ ਦਿੱਤਾ ਏ, ਦੀਵਾ ਬਾਲ਼ ਪੰਜਾਬੀ ਦਾ।



ਮੇਰੇ ਸ਼ਿਅਰਾਂ ਵਿੱਚ ਹੱਯਾਤੀ ਲੋਕਾਂ ਦੀ,


ਮੇਰੀ ਸ਼ਾਇਰੀ ਮਸਲੇ ਵੀ ਹੱਲ ਕਰਦੀ ਏ।



ਤੁਹਾਡੀ ਕਲਮ ਨੂੰ ਸਲਾਮ ਬਾਬਾ ਜੀ! ਇਸ ਕਿਤਾਬ ਲਈ ਬਾਦਲ ਸਾਹਿਬ ਨੇ ਤਾਂ ਤੁਹਾਨੂੰ ਵਧਾਈਆਂ ਦੇ ਦਿੱਤੀਆਂ ਨੇ, ਮੈਂ ਜਲਦੀ ਹੀ ਕਾਲ ਕਰਕੇ ਤੁਹਾਨੂੰ ਮੁਬਾਰਕਬਾਦ ਆਖਾਂਗੀ। ਬਹੁਤ-ਬਹੁਤ ਸ਼ੁਕਰੀਆ।


ਅਦਬ ਸਹਿਤ
ਤਨਦੀਪ


******


ਗ਼ਜ਼ਲ


ਰੱਬ ਜਾਣੇ ਕੀ ਆਖਣ ਛੱਲਾਂ ਨੱਸ ਨੱਸ ਆ ਕੇ ਕੰਢਿਆਂ ਨੂੰ।


ਪਿਛਲੇ ਪੈਰੀਂ ਕਿਉਂ ਮੁੜ ਜਾਵਣ ਸੀਨੇ ਲਾ ਕੇ ਕੰਢਿਆਂ ਨੂੰ।



ਇੱਕ ਵੀ ਸੂਤਰ ਅੱਗੇ ਪਿੱਛੇ ਆਪਣੀ ਥਾਂ ਤੋਂ ਹੁੰਦੇ ਨਈਂ,


ਖੌਰੇ ਛੱਲਾਂ ਜਾਵਣ ਕਿਹੜੀਆਂ ਕਸਮਾਂ ਪਾ ਕੇ ਕੰਢਿਆਂ ਨੂੰ।



ਚਿੱਟੇ ਦਿਨ ਜੇ ਮਿਲ਼ ਸਕਨਾ ਏਂ ਤਾਂ ਮੈਂ ਯਾਰੀ ਲਾਵਾਂਗਾ,


ਮਿਲ਼ਦੀਆਂ ਵੇਖ ਲੈ ਜਿਸਰਾਂ ਛੱਲਾਂ ਵੱਜ ਵਜਾ ਕੇ ਕੰਢਿਆਂ ਨੂੰ।



ਉੱਚੇ ਮਹਿਲਾਂ ਦੇ ਵਸਨੀਕੋ, ਉਵੇਂ ਸਾਨੂੰ ਰੱਖੋ ਨਾ,


ਜਿਉਂ ਛੱਲਾਂ ਨੇ ਰੱਖਿਆ, ਆਪਣੀ ਖੇਡ ਬਣਾ ਕੇ ਕੰਢਿਆਂ ਨੂੰ।



ਕਿਸਰਾਂ ਆਪਣੇ ਅੱਖਰ ਬਦਲਾਂ ਵੇਖ ਕੇ ਗੱਡੀ ਸੂਲ਼ੀ ਨੂੰ,


ਕਦ ਮਿਲ਼ਦੀਆਂ ਨੇ ਛੱਲਾਂ ਆਪਣਾ ਰੂਪ ਵਟਾ ਕੇ ਕੰਢਿਆਂ ਨੂੰ।



ਮੈਨੂੰ ਤੇ ਇੰਜ ਲਗਦਾ ਏ ਬਾਬਾ, ਛੱਲਾਂ ਤੰਗ ਸਮੁੰਦਰ ਤੋਂ,


ਮੁੜ-ਮੁੜ ਆਉਂਦੀਆਂ ਵੇਖਣ ਕਿਸਰਾਂ, ਲੰਘੀਏ ਢਾਹ ਕੇ ਕੰਢਿਆਂ ਨੂੰ।


=====


ਗ਼ਜ਼ਲ


ਸ਼ੀਸ਼ੇ ਉੱਤੇ ਧੂੜਾਂ ਜੰਮੀਆਂ, ਕੰਧਾਂ ਝਾੜੀ ਜਾਂਦੇ ਨੇ।


ਜਿਲਦਾਂ ਸਾਂਭ ਰਹੇ ਨੇ ਝੱਲੇ, ਵਰਕੇ ਪਾੜੀ ਜਾਂਦੇ ਨੇ।



ਉਹਨਾਂ ਦਾ ਵੀ ਤੂੰਹੀਓਂ ਰੱਬ ਏਂ, ਇਹਦਾ ਅੱਜ ਜਵਾਬ ਤਾਂ ਦੇ,


ਈਦਾਂ ਵਾਲ਼ੇ ਦਿਨ ਵੀ ਜਿਹੜੇ, ਕਰਨ ਦਿਹਾੜੀ ਜਾਂਦੇ ਨੇ।



ਜਿਹਨਾਂ ਦੇ ਗਲ਼ ਲੀਰਾਂ ਪਈਆਂ, ਉਹਨਾਂ ਵੱਲੇ ਤੱਕਦੇ ਨਈਂ,


ਕਬਰਾਂ ਉੱਤੇ ਤਿੱਲੇ ਜੜੀਆਂ, ਚੱਦਰਾਂ ਚਾੜ੍ਹੀ ਜਾਂਦੇ ਨੇ।



ਰੱਸੀ ਕਿੱਥੋਂ ਤੀਕ ਕਰੇਂਗਾ ਢਿੱਲੀ ਉਹਨਾਂ ਲੋਕਾਂ ਦੀ,


ਜਿਹੜੇ ਇਕ ਹਵੇਲੀ ਬਦਲੇ, ਝੁੱਗੀਆਂ ਸਾੜੀ ਜਾਂਦੇ ਨੇ।



ਸ਼ੀਸ਼ੇ ਉੱਤੇ ਮਲ਼ੇ ਸਿਆਹੀਆਂ, ਹੱਕ਼ ਏ ਮੇਰੇ ਦੁਸ਼ਮਣ ਦਾ,


ਸੱਜਣਾਂ ਨੂੰ ਕੀ ਬਣੀਆਂ, ਮੇਰੇ ਫੁੱਲ ਲਿਤਾੜੀ ਜਾਂਦੇ ਨੇ।



ਚੱਲ ਉਏ ਬਾਬਾ ਨਜਮੀ ਆਪਣੇ ਪਿੰਡਾਂ ਨੂੰ ਮੂੰਹ ਕਰ ਲਈਏ,


ਸ਼ਹਿਰਾਂ ਦੇ ਵਸਨੀਕ ਤੇ ਆਪਣੇ ਸ਼ਹਿਰ ਉਜਾੜੀ ਜਾਂਦੇ ਨੇ।


=====


ਗ਼ਜ਼ਲ


ਵਾਰਸ ਬੁੱਲ੍ਹੇ ਵਰਗੇ ਬੈਠੇ, ਹੰਸ ਵਿਸਾਰ ਪੰਜਾਬੀ ਦੇ।


ਕਿਸਰਾਂ ਆਖਾਂ ਮਾਂ ਬੋਲੀ ਦੇ ਬਰਖ਼ੁਦਾਰ ਪੰਜਾਬੀ ਨੇ।



ਬਾਲਾਂ ਦੇ ਮੂੰਹ ਜਿਹੜੇ ਅੱਖਰ ਚੋਗੇ ਵਾਂਗੂੰ ਦੇਣੇ ਸਨ,


ਉਹਨਾਂ ਬਦਲੇ ਫੜ ਫੜ ਓਬੜ ਤੁੰਨਦੇ ਯਾਰ ਪੰਜਾਬੀ ਨੇ।



ਅੱਚਣਚੇਤੀ ਵੀ ਨਾ ਲਾਵੀਂ ਮੇਰੇ ਮੱਥੇ ਉਹਨਾਂ ਨੂੰ,


ਜਿਹੜੇ ਵੀ ਇਸ ਧਰਤੀ ਉੱਤੇ ਬਦਬੂਦਾਰ ਪੰਜਾਬੀ ਨੇ।



ਓਧਰ ਓਧਰ ਕਰਾਂ ਸਲਾਮਾਂ ਦਿਲ ਦੀ ਦੁਨੀਆਂ ਕਹਿੰਦੀ ਏ,


ਜਿੱਧਰ ਜਿੱਧਰ ਜਾਂਦੇ ਮੇਰੇ ਬਾਕਿਰਦਾਰ ਪੰਜਾਬੀ ਨੇ।



ਕੰਡ ਕਦੇ ਨਾ ਲੱਗੇ ਰੱਬਾ ਵਿਚ ਮੈਦਾਨੇ ਉਹਨਾਂ ਦੀ,


ਜਿਹੜੇ ਆਪਣੀ ਮਾਂ ਬੋਲੀ ਦੇ ਖ਼ਿਦਮਤਗਾਰ ਪੰਜਾਬੀ ਨੇ।



ਖ਼ਵਾਜਾ ਫ਼ਰੀਦ, ਮੁਹੰਮਦ, ਵਾਰਸ, ਨਾਨਕ, ਬੁੱਲ੍ਹਾ, ਬਾਹੂ, ਲਾਲ,


ਇਹ ਪੰਜਾਬੀ ਉੱਚੇ ਸੁੱਚੇ, ਇਹ ਸਰਦਾਰ ਪੰਜਾਬੀ ਨੇ।



ਆਪਣੀ ਬੋਲੀ ਬੋਲਣ ਵੇਲ਼ੇ ਜਿਹਨਾਂ ਦਾ ਸਾਹ ਘੁੱਟਦਾ ਏ,


ਬਾਬਾ ਨਜਮੀ ਦੇ ਦੇ ਫ਼ਤਵਾ, ਉਹ ਗ਼ੱਦਾਰ ਪੰਜਾਬੀ ਨੇ।


=====


ਗ਼ਜ਼ਲ


ਜਿਸ ਧਰਤੀ ਤੇ ਰਜਵਾਂ ਟੁੱਕਰ ਖਾਂਦੇ ਨਈਂ ਮਜ਼ਦੂਰ।


ਉਸ ਧਰਤੀ ਦੇ ਹਾਕਮ ਕੁੱਤੇ, ਉਸ ਦੇ ਹਾਕਮ ਸੂਰ।



ਮੇਰੇ ਵਾਂਗੂੰ ਚਾਰ ਦਿਹਾੜੇ ਭੱਠੀ ਕੋਲ਼ ਖਲੋ,


ਮੁੱਲਾਂ ਫੇਰ ਵਿਖਾਵੀਂ ਮੈਨੂੰ ਆਪਣੇ ਮੂੰਹ ਦਾ ਨੂਰ।



ਇੱਟ-ਖੜਿੱਕਾ ਨਾਲ਼ ਗਵਾਂਢੀ, ਦੇਖੋ ਆਗੂ ਵੱਲ,


ਉਹਦੇ ਨਾਲ਼ ਯਰਾਨਾ, ਜਿਹੜਾ ਸੱਤ ਸਮੁੰਦਰ ਦੂਰ।



ਪਲ ਪਲ ਚੌੜਾ ਹੁੰਦਾ ਜਾਵੇ, ਲੋੜਾਂ ਦਾ ਦਰਿਆ,


ਹੌਲ਼ੀ ਹੌਲ਼ੀ ਡੁੱਬਦਾ ਜਾਵੇ, ਸੱਧਰਾਂ ਵਾਲ਼ਾ ਪੂਰ।



ਇਸ ਧਰਤੀ ਤੋਂ ਖੌਰੇ ਕਦ ਦਾ ਕਰ ਜਾਂਦਾ ਮੈਂ ਕੂਚ,


ਸੁਣਿਆ ਜੇ ਨਾ ਹੁੰਦਾ ਬਾਬਾ ਤੇਰਾ ਮੈਂ ਮਨਸ਼ੂਰ ।



ਵਿੱਚ ਹਨੇਰੇ ਫੁੱਲ ਵੀ ਦੇਵੇਂ, ਉਹਨਾਂ ਉੱਤੇ ਥੂਹ,


ਸਿਖਰ ਦੁਪਹਿਰੇ ਬਲ਼ਦੇ ਪੱਥਰ ਮੈਨੂੰ ਨੇ ਮਨਜ਼ੂਰ।



ਹੱਥੋਂ ਸੁੱਟ ਜਦੋਂ ਦਾ ਆਸਾ, ਆਂਦੀ ਕਲਮ ਦਵਾਤ,


ਮੰਜ਼ਿਲ ਮੈਨੂੰ ਵਾਜਾਂ ਮਾਰੇ, ਰਸਤੇ ਨੂਰੋ-ਨੂਰ।



ਉਹਦੇ ਵਿੱਚੋਂ ਲੱਭੇ ਬਾਬਾ ਕੰਮੀਆਂ ਦੇ ਹੱਕ ਵੇਖ,


ਜਿਹੜਾ ਉਚੇ ਮਹਿਲੀਂ ਬਹਿ ਕੇ, ਬਣਦਾ ਏ ਦਸਤੂਰ।