ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਗੁਰਮੀਤ ਖੋਖਰ. Show all posts
Showing posts with label ਗੁਰਮੀਤ ਖੋਖਰ. Show all posts

Tuesday, September 28, 2010

ਗੁਰਮੀਤ ਖੋਖਰ - ਗ਼ਜ਼ਲ

ਗਜ਼ਲ

ਹਵਾਵਾਂ ਵਿੱਚ ਘੁਟਨ ਕੈਸੀ ਭਰੀ ,

ਕਿ ਹੁਣ ਤਾਂ ਸਾਹ ਵੀ ਮੁੱਲ ਦੇ ਆ ਰਹੇ ਨੇ।

ਚੁਫੇਰੇ ਲਰਜ਼ਦੇ ਦਰਿਆ ਸੀ ਜਿਹੜੇ,

ਥਲਾਂ ਦੀ ਰੇਤ ਹੁੰਦੇ ਜਾ ਰਹੇ ਨੇ।

-----

ਨਹੀਂ ਬਾਕੀ ਕਿਸੇ ਦੇ ਕੋਲ਼ ਪਾਣੀ,

ਕਿਵੇਂ ਸਕਦੇ ਨੇ ਬੱਦਲ ਡੋਲ੍ਹ ਪਾਣੀ,

ਕਿਸੇ ਸਹਿਰਾ ਚੋਂ ਚੁੱਕ ਕੇ ਰੇਤ ਸੁੱਕੀ,

ਨਗਰ ਮੇਰੇ 'ਤੇ ਅੱਜ ਬਰਸਾ ਰਹੇ ਨੇ।

-----

ਨਹੀਂ ਘਟਦਾ ਜ਼ਰਾ ਵੀ ਸ਼ੋਰ ਪੈਂਦਾ,

ਵਧੀ ਜਾਵੇ ਸਗੋਂ ਹੈ ਹੋਰ ਪੈਂਦਾ,

ਇਵੇਂ ਲਗਦਾ ਜਿਵੇਂ ਪੱਤੇ ਬਿਰਖ਼ ਦੇ,

ਕਿਤੇ ਆਪਸ ਦੇ ਵਿਚ ਟਕਰਾ ਰਹੇ ਨੇ।

-----

ਨਗਰ ਦੇ ਬਿਰਖ਼ ਸਾਰੇ ਸੁੱਕ ਗਏ ਨੇ,

ਬਿਨਾਂ ਪਾਣੀ ਤੋਂ ਮੋਹ ਤੋਂ ਮੁੱਕ ਗਏ ਨੇ,

ਨਗਰ ਵਾਸੀ ਬਣਾ ਕੇ ਰਬੜ ਦੇ ਰੁੱਖ,

ਨਗਰ ਦੇ ਪਾਰਕਾਂ ਵਿਚ ਲਾ ਰਹੇ ਨੇ।

-----

ਕਦੇ ਤੁਪਕੇ ਚੋਂ ਸਾਗਰ ਬਰਸਦੇ ਸੀ,

ਬੜੇ ਸੱਚੇ ਉਹ ਰਿਸ਼ਤੇ ਜਾਪਦੇ ਸੀ,

ਨਾ ਹੁਣ ਲੱਭਦੀ ਹਵਾ ਨੂੰ ਬੂੰਦ ਕੋਈ,

ਇਵੇਂ ਲਗਦਾ ਜਿਵੇਂ ਪਥਰਾ ਰਹੇ ਨੇ।

-----

ਕਿਸੇ ਉੱਚੇ ਜਿਹੇ ਰੁੱਖ ਤੇ ਚੜ੍ਹੇ ਨੇ,

ਉਨ੍ਹਾਂ ਦੇ ਹੱਥਾਂ ਵਿਚ ਤਾਰੇ ਫੜੇ ਨੇ,

ਕਿਸੇ ਵੱਖਰੀ ਤਰ੍ਹਾਂ ਤਾਰੇ ਸਜਾ ਕੇ,

ਨਵਾਂ ਅੰਬਰ ਬਣਾਉਂਦੇ ਜਾ ਰਹੇ ਨੇ।

-----

ਮੇਰੇ ਦਿਲ ਚੋਂ ਲਹੂ ਨਾਚੋੜ ਦਿੰਦੇ,

ਕਦੀ ਫਿਰ ਟੁਕੜਿਆਂ ਵਿਚ ਤੋੜ ਦਿੰਦੇ,

ਦਿਲਾਂ ਦੇ ਦੁੱਖ ਨਿਵਾਰਣ ਦੀ ਕਿਸੇ ਉਹ,

ਨਵੀਂ ਤਕਨੀਕ ਨੂੰ ਅਜ਼ਮਾ ਰਹੇ ਨੇ ।

Friday, August 27, 2010

ਗੁਰਮੀਤ ਖੋਖਰ - ਗ਼ਜ਼ਲ

ਆਰਸੀ ਤੇ ਖ਼ੁਸ਼ਆਮਦੀਦ

ਸਾਹਿਤਕ ਨਾਮ: ਗੁਰਮੀਤ ਖੋਖਰ

ਅਜੋਕਾ ਨਿਵਾਸ: ਪਿੰਡ ਭਾਈ ਰੂਪਾ, ਬਠਿੰਡਾ, ਪੰਜਾਬ

ਪ੍ਰਕਾਸ਼ਿਤ ਕਿਤਾਬਾਂ: ਗ਼ਜ਼ਲ-ਪੁਸਤਕ 'ਦਰਦ ਖੁਰਦੀ ਰੇਤ ਦਾ' 2008 ਵਿਚ ਛਪ ਚੁੱਕੀ ਹੈ ।ਦੂਜੀ ਪ੍ਰਕਾਸ਼ਨ ਅਧੀਨ ਹੈ । ਚੰਦ ਗ਼ਜ਼ਲਾਂ ਡਾ: ਸ਼ਮਸ਼ੇਰ ਮੋਹੀ ਜੀ ਦੁਆਰਾ ਸੰਪਾਦਿਤ ਗ਼ਜ਼ਲ-ਸੰਗ੍ਰਹਿ: ਤਾਜ਼ੀ ਹਵਾ ਦਾ ਬੁੱਲਾ ਚ ਵੀ ਸ਼ਾਮਿਲ ਹਨ।

ਮਾਣ-ਸਨਮਾਨ: ਨਵ-ਪ੍ਰਤਿਭਾ ਪੁਰਸਕਾਰ ਕੌਮਾਂਤਰੀ ਲੇਖਕ ਮੰਚ (ਫਗਵਾੜਾ) ਵੱਲੋਂ

******

ਗ਼ਜ਼ਲ

ਹੋਂਠ ਚੁਪ ਨੇ ਜੇ ਇਸਦਾ ਇਹ ਮਤਲਬ ਨਹੀਂ

ਕਿ ਅਸੀਂ ਬੋਲਣਾ ਹੀ ਨਹੀਂ ਜਾਣਦੇ।

ਸ਼ੀਸ਼ੇ ਤਿੜਕੇ ਤਿਰੇ ਸਾਡੇ ਚਿਹਰੇ ਨਹੀਂ

ਇਹ ਨਾ ਸਮਝੀਂ ਕਿ ਤੇੜਾਂ ਨਾ ਪਹਿਚਾਣਦੇ ।

-----

ਰੁੱਖ ਧਰਤੀ ਤੇ ਹੁੰਦੇ ਕਦੀ ਭਾਰ ਨਾ

ਨਾ ਹੀ ਇਹਨਾਂ ਨੇ ਲੁੱਟਿਆ ਕੋਈ ਆਲ੍ਹਣਾ

ਦੋਸ਼ ਝੂਠੇ ਲਗਾ ਮੇਰੇ ਰੁੱਖਾਂ ਦੇ ਸਿਰ

ਆਰੇ ਮਾਸੂਮਾਂ ਉੱਤੇ ਰਹੇ ਤਾਣਦੇ।

-----

ਉਹਨਾਂ ਸੂਰਜ ਲੁਕੋਇਆ ਹੈ ਅਪਣੇ ਦਰੀਂ

ਲੱਭਦੇ ਫਿਰਦੇ ਨੇ ਇਸਨੂੰ ਉਹ ਸਾਡੇ ਘਰੀਂ

ਲਾਉਂਦੇ ਇਲਜ਼ਾਮ ਅੰਬਰ ਦੇ ਸਿਰ ਤੇ ਕਦੀ

ਪਾਣੀ ਸਾਗਰ ਦਾ ਫਿਰਦੇ ਕਦੀ ਛਾਣਦੇ।

-----

ਸਾਡੇ ਖੰਭਾਂ ਤੋਂ ਨੀਵਾਂ ਇਹ ਅਸਮਾਨ ਸੀ

ਸਾਡੀ ਪਰਵਾਜ਼ ਸਾਡੇ ਤੇ ਹੈਰਾਨ ਸੀ

ਕਾਲਾ ਧੂੰਆਂ ਹੈ ਪੌਣਾਂ ਚ ਭਰਿਆ ਤੁਸੀਂ

ਦੁੱਖ ਦੱਸੀਏ ਕੀ ਖ਼ਾਬਾਂ ਦੇ ਢਹਿ ਜਾਣ ਦੇ।

-----

ਅੱਗ ਜੰਗਲ ਨੂੰ ਲੱਗੀ ਬੜੀ ਤੇਜ਼ ਸੀ

ਚਾਰੇ ਪਾਸੇ ਵਿਛੀ ਮੌਤ ਦੀ ਸੇਜ ਸੀ

ਦਰਿਆ ਚੁੱਪ ਚਾਪ ਕੋਲੋਂ ਦੀ ਲੰਘਦਾ ਰਿਹਾ

ਮੌਜਾਂ ਸਾਗਰ ਤੇ ਬੱਦਲ ਰਹੇ ਮਾਣਦੇ।

-----

ਕ਼ਤਲ ਕੀਤੇ ਨੇ ਫੁੱਲ ਖ਼ਾਬ ਸਾੜੇ ਤੁਸੀਂ

ਹਉਮੈ ਖ਼ਾਤਰ ਨੇ ਵਸਦੇ, ਉਜਾੜੇ ਤੁਸੀਂ

ਸਾਵੇ ਰੁੱਖਾਂ, ਪਰਿੰਦਿਆਂ ਤੇ ਬੋਟਾਂ ਤੇ ਵੀ

ਜ਼ੁਲਮ ਕੀਤੇ ਕਈ ਅੱਗਾਂ ਬਰਸਾਣ ਦੇ ।

-----

ਧਰਤ ਹੱਸੇ ਤੇ ਫੁੱਲ ਖ਼ਾਬ ਮਹਿਕਣ ਸਦਾ

ਵਸਣ ਨਦੀਆਂ ਪਰਿੰਦੇ ਵੀ ਚਹਿਕਣ ਸਦਾ

ਧੁੱਪ ਸਭ ਨੂੰ ਮਿਲ਼ੇ ਛਾਂ ਵੀ ਸਭ ਨੂੰ ਮਿਲ਼ੇ

ਐਸੇ ਸੁਪਨੇ ਨੇ ਸਭ ਸਾਡੀ ਅੱਖ ਹਾਣ ਦੇ।

=====

ਗ਼ਜ਼ਲ

ਪਿਆਸੀ ਰੇਤ ਦਾ ਉਹ ਦਰਦ ਦਿਲ ਚੋਂ ਧੋਣ ਲੱਗੀ ਸੀ।

ਨਦੀ ਅਪਣੇ ਕਿਨਾਰੇ ਦੇ ਗਲ਼ੇ ਲੱਗ ਰੋਣ ਲੱਗੀ ਸੀ।

-----

ਸਿਆਹੀ ਰਾਤ ਦੀ ਡੁੱਲ੍ਹੀ ਜਦੋਂ ਮੇਰੇ ਨਗਰ ਉੱਤੇ,

ਬਨੇਰਿਉਂ ਲਾਹ ਕੇ ਸੂਰਜ ਸ਼ਾਮ ਬੂਹਾ ਢੋਣ ਲੱਗੀ ਸੀ।

-----

ਚਮਕ ਆਏ ਸੀ ਰਾਹਾਂ ਵਿੱਚ ਬੜੇ ਚੰਨ ਤਾਰਿਆਂ ਦੇ ਰੁੱਖ,

ਜਦੋਂ ਡੁੱਬਿਆ ਸੀ ਸੂਰਜ ਰਾਤ ਕਾਲ਼ੀ ਹੋਣ ਲੱਗੀ ਸੀ।

-----

ਮੈਂ ਸਭ ਤੇਹਾਂ ਦੇ ਨਾਂ ਬਸ ਕੁੱਝ ਕੁ ਬੂੰਦਾਂ ਲਿਖ ਕੇ ਆਇਆ ਸੀ,

ਮਿਰੀ ਗਿਣਤੀ ਵੀ ਫਿਰ ਤਾਂ ਰਹਿਬਰਾਂ ਵਿੱਚ ਹੋਣ ਲੱਗੀ ਸੀ।

-----

ਜਦੋਂ ਉਸਨੂੰ ਕਿਹਾ ਮੈਂ ਝਰਨਿਆਂ ਦੇ ਗੀਤ ਗਾਉਂਦਾ ਹਾਂ,

ਮਿਰੀ ਹਰ ਸੁਰ ਦੇ ਦਰ ਤੇ ਰੇਤ ਹੰਝੂ ਚੋਣ ਲੱਗੀ ਸੀ।

-----

ਸਫ਼ਰ ਵਿੱਚ ਧੁੰਦਲੇ ਰਸਤੇ ਤੇ ਮੈਲੀ ਸ਼ਾਮ ਢਲ਼ ਆਈ,

ਕਿਸੇ ਦੀ ਯਾਦ ਚੰਨ ਬਣ ਕੇ ਨੁਮਾਇਆ ਹੋਣ ਲੱਗੀ ਸੀ।

-----

ਹਜ਼ਾਰਾਂ ਅੱਥਰੂ ਸਨ ਕਲਮ ਦੇ ਨੈਣਾਂ ਚ ਉਸ ਵੇਲੇ

ਉਦਾਸੇ ਵਕ਼ਤ ਦੀ ਜਦ ਵੀ ਇਹ ਗਾਥਾ ਛੋਣ੍ਹ ਲੱਗੀ ਸੀ ।