ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਰਾਜਿੰਦਰ ਜਿੰਦ. Show all posts
Showing posts with label ਰਾਜਿੰਦਰ ਜਿੰਦ. Show all posts

Friday, February 19, 2010

ਰਾਜਿੰਦਰ ਜਿੰਦ - ਗ਼ਜ਼ਲ

ਗ਼ਜ਼ਲ

ਚਾਨਣ ਬਣ ਕੇ ਰਾਹਾਂ ਦੇ ਵਿਚ ਜੁੜਿਆ ਕਰ।

ਕੰਡਾ ਬਣ ਕੇ ਪੈਰਾਂ ਵਿਚ ਨਾ ਪੁੜ੍ਹਿਆ ਕਰ।

-----

ਕਿਸ ਨੂੰ ਏਥੇ ਖੰਭ ਜੁੜੇ ਪਰਵਾਜ਼ ਲਈ,

ਪੈਰਾਂ ਵਾਲ਼ੇ, ਸੋਚਾਂ ਵਿਚ ਹੀ ਉੜਿਆ ਕਰ।

-----

ਨਵੇਂ ਜ਼ਖ਼ਮ ਲਈ ਦਿਲ ਵਿਚ ਜਗ੍ਹਾ ਬਣਾਇਆ ਕਰ।

ਬੀਤੇ ਵਕ਼ਤ ਦੇ ਵਹਿਣਾਂ ਵਿਚ ਨਾ ਰੁੜ੍ਹਿਆ ਕਰ।

-----

ਬਹੁਤ ਪਈ ਏ ਮਾਰ ਬਥੇਰੀ ਪੈਣੀ ਏਂ,

ਕਿਉਂ ਪਈ ਏ ਮਾਰ, ਤੂੰ ਉਸਨੂੰ ਗੁੜ੍ਹਿਆ ਕਰ।

-----

ਚੰਗੇ ਬੰਦੇ ਈ, ਚੰਗੇ ਚੰਗੇ ਲਗਦੇ ਨੇ,

ਨਫ਼ਰਤ, ਨਿੰਦਿਆ, ਚੁਗਲੀ ਕੋਲ਼ੋਂ ਥੁੜਿਆ ਕਰ।

-----

ਦੂਜੇ ਪਾਸੇ ਕੌਣ ਆ ਰਿਹਾ, ਦਿਸਦਾ ਨਹੀਂ,

ਮੋੜਾਂ ਉੱਤੋਂ ਸੰਭਲ਼ ਸੰਭਲ਼ ਕੇ ਮੁੜਿਆ ਕਰ।

-----

ਬੇਸ਼ੱਕ ਦਿਲ ਵਿਚ ਗ਼ਮ ਨੇ ਫਿਰ ਵੀ ਹੱਸਿਆ ਕਰ।

ਥੁੜਿਆ ਹੋਇਆ, ਐਵੇਂ ਹੋਰ ਨਾ ਕੁੜ੍ਹਿਆ ਕਰ।


Sunday, September 13, 2009

ਰਾਜਿੰਦਰ ਜਿੰਦ - ਗ਼ਜ਼ਲ

ਗ਼ਜ਼ਲ

ਸਿਖਰ ਦੁਪਹਿਰੇ ਸੂਰਜ ਢਲ਼ਿਆ ਢਲ਼ਿਆ ਹੈ।

ਰਾਤਾਂ ਨੂੰ ਇਹ ਚੰਨ ਕਿਉਂ ਬਲ਼ਿਆ ਬਲ਼ਿਆ ਹੈ।

-----

ਪੈਰ ਧਰਨ ਲਈ ਨਿੱਗਰ ਥਾਂ ਨੂੰ ਲੱਭਦਾ ਸੀ,

ਏਥੇ ਹਰ ਇਕ ਪੱਥਰ ਗਲ਼ਿਆ ਗਲ਼ਿਆ ਹੈ।

-----

ਸਭ ਨੂੰ ਇਕੋ ਜਿੰਨਾ ਪਾਣੀ ਪਾਇਆ ਸੀ,

ਝੂਠ ਦਾ ਬੂਟਾ ਸਭ ਤੋਂ ਜ਼ਿਆਦਾ ਫਲ਼ਿਆ ਹੈ।

-----

ਸਾਰੀ ਉਮਰ ਹੀ ਲੁਕਣ ਮਚਾਈ ਖੇਡੇ ਹਾਂ,

ਵਕ਼ਤ ਦਾ ਘੋੜਾ ਕਦੋਂ ਕਿਸੇ ਤੋਂ ਟਲ਼ਿਆ ਹੈ।

-----

ਜਦੋਂ ਕਦੇ ਵੀ ਨਿੱਘ ਲਈ ਧੂਣਾ ਲਾਇਆ ਹੈ,

ਸਭ ਤੋਂ ਪਹਿਲਾਂ ਆਪਣਾ ਹੱਥ ਹੀ ਜਲ਼ਿਆ ਹੈ।

-----

ਸੁੱਖਾਂ ਦੇ ਲਈ ਭੱਜੇ ਨੱਸੇ ਫਿਰਦੇ ਨੂੰ,

ਦੁੱਖਾਂ ਨੇ ਇਹ ਬੰਦਾ ਕਿੱਦਾਂ ਮਲ਼ਿਆ ਹੈ।

-----

ਇਕ ਨੂੰ ਰੌਨੈਂ ਥਾਂ ਥਾਂ ਕੌਡੇ ਰਾਖਸ਼ ਨੇ,

ਜਿਊਂਦੇ ਜੀ ਹੀ ਬੰਦਾ ਤਲ਼ਿਆ ਤਲ਼ਿਆ ਹੈ।

-----

ਸੱਚ ਜਾਣ ਕੇ ਦੁਖੀ ਸੁਖੀ ਨਾ ਹੋਇਆ ਕਰ,

ਸੱਚ ਦੇ ਵਿਚ ਵੀ ਝੂਠ ਬਥੇਰਾ ਰਲ਼ਿਆ ਹੈ।


Thursday, June 18, 2009

ਰਾਜਿੰਦਰ ਜਿੰਦ - ਗ਼ਜ਼ਲ

ਗ਼ਜ਼ਲ

ਕਿਥੇ ਲੈ ਜਾਵਾਂ ਇਸ ਦਿਲ ਨੂੰ, ਦੂਰ ਦੂਰ ਤੱਕ ਨ੍ਹੇਰੇ ਨੇ।

ਮਜਬੂਰੀ ਨੇ ਖਾ ਲਿਆ ਸੂਰਜ, ਜਿਸਦੇ ਹੱਥ ਸਵੇਰੇ ਨੇ।

----

ਐਸੀ ਸ਼ਾਮ ਪਈ ਹੈ ਸਿਰ ਤੇ ਰਾਤ ਗ਼ਮਾਂ ਦੀ ਮੁਕਦੀ ਨਹੀਂ,

ਕਿਸ ਦਾ ਫੜ ਕੇ ਹੱਥ ਤੁਰਾਂ ਹੁਣ, ਉਂਝ ਤਾਂ ਯਾਰ ਬਥੇਰੇ ਨੇ।

----

ਗ਼ਮ ਦੀ ਕਾਲ਼ੀ ਕਾਲਖ ਨੂੰ ਮੈਂ ਲੱਖ ਹੰਝੂਆਂ ਨਾਲ਼ ਧੋਤਾ ਸੀ,

ਦਿਲ ਤੋਂ ਦਾਗ਼ ਨਾ ਫਿਰ ਵੀ ਜਾਂਦੇ ਐਸੇ ਗਏ ਉਕੇਰੇ ਨੇ।

----

ਹੁਣ ਤਾਂ ਸਿਰ ਢਕਣ ਲਈ ਕੋਈ ਐਸੀ ਛੱਤ ਵੀ ਦਿਸਦੀ ਨਹੀਂ,

ਜਿਧਰ ਦੇਖਾਂ ਹਰ ਘਰ ਦੇ ਹੀ ਢੱਠੇ ਪਏ ਬਨੇਰੇ ਨੇ।

----

ਮਜਬੂਰੀ, ਮੱਕਾਰੀ, ਧੋਖਾ ਦਿਲ ਨੂੰ ਲੁੱਟ ਚੁਫ਼ੇਰੇ ਹੈ,

ਕਿਥੇ ਜਾਣ ਵਿਚਾਰੇ ਜਿਹਨਾਂ ਦਿਲ ਨਾਲ਼ ਲੈ ਲਏ ਫੇਰੇ ਨੇ।

----

ਕਾਵਾਂ ਦੇ ਇਸ ਦੇਸ਼ ਚ ਘੁੱਗੀਆਂ ਮਰ ਮਰ ਕੇ ਹੀ ਜੀਣਾ ਏਂ,

ਪੱਥਰ ਫਿਰ ਵੀ ਮੋਮ ਪਏ ਨੇ ਬੁਕ ਬੁਕ ਹੰਝੂ ਕੇਰੇ ਨੇ।


Wednesday, May 13, 2009

ਰਾਜਿੰਦਰ ਜਿੰਦ - ਗ਼ਜ਼ਲ

ਸਾਹਿਤਕ ਨਾਮ: ਰਾਜਿੰਦਰ ਜਿੰਦ

ਜਨਮ: 1958 ਪਿੰਡ-ਤਲਵਣ (ਜ਼ਿਲ੍ਹਾ ਜਲੰਧਰ)

ਅਜੋਕਾ ਨਿਵਾਸ: ਲੰਬੇ ਸਮੇਂ ਤੋਂ ਨਿਊਯਾਰਕ, ਅਮਰੀਕਾ ਵਿਚ

ਕਿਤਾਬਾਂ: ਬਹੁੜੀਂ ਵੇ ਤਬੀਬਾ (ਕਾਵਿ-ਸੰਗ੍ਰਹਿ), ਚੁੱਪ ਦਾ ਸ਼ੋਰ (ਗ਼ਜ਼ਲ ਸੰਗ੍ਰਹਿ) ਪ੍ਰਕਾਸ਼ਿਤ ਹੋ ਚੁੱਕੇ ਹਨ।

---

ਦੋਸਤੋ! ਅੱਜ ਨਿਊਯਾਰਕ ਤੋਂ ਰਾਜਿੰਦਰ ਜਿੰਦ ਸਾਹਿਬ ਨੇ ਇੱਕ ਬੇਹੱਦ ਖ਼ੂਬਸੂਰਤ ਗ਼ਜ਼ਲ ਨਾਲ਼ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਅਦਬੀ ਮਹਿਫ਼ਿਲ ਚ ਖ਼ੁਸ਼ਆਮਦੀਦ ਆਖਦੀ ਹੋਈ ਗ਼ਜ਼ਲ ਨੂੰ ਆਰਸੀ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

*****

ਗ਼ਜ਼ਲ

ਕੀਹਦੇ ਕੀਹਦੇ ਨਾਲ ਲੜੇਂਗਾ ਜੀਵਨ ਯੁੱਧ ਘਮਸਾਨ ਜਿਹਾ ਹੈ

ਜੋ ਵੀ ਮਿਲਦਾ ਏਦਾਂ ਮਿਲਦਾ ਜਿੱਦਾਂ ਕੋਈ ਅਹਿਸਾਨ ਜਿਹਾ ਹੈ

----

ਜਪੁਜੀ ਪੜ੍ਹਦਾ, ਗੀਤਾ ਸੁਣਦਾ, ਪੰਜੇ ਵਕਤ ਨਮਾਜ਼ ਅਦਾਉਂਦਾ,

ਫਿਰ ਵੀ ਇਸ ਬੰਦੇ ਦਾ ਮਨ ਕਿਉਂ ਜੰਗ ਦੇ ਕਿਸੇ ਮੈਦਾਨ ਜਿਹਾ ਹੈ

----

ਰਿਸ਼ਤੇਦਾਰੀ ਭਾਰੀ ਭਾਰੀ, ਦੁਨੀਆਦਾਰੀ ਹਾਰੀ ਹਾਰੀ,

ਕੱਲ-ਮ-ਕੱਲਾ ਉੜਿਆ ਫਿਰਦਾ ਹਰ ਪੰਛੀ ਹੈਰਾਨ ਜਿਹਾ ਹੈ

----

ਅੱਖਾਂ ਦੇ ਵਿਚ ਲੈਨਜ਼ ਪੈ ਗਏ, ਦਿਲ ਦੀ ਬਾਈਪਾਸ ਸਰਜਰੀ,

ਆਪਣਿਆਂ ਦੇ ਝੁੰਡ ਦੇ ਵਿਚ ਵੀ ਹਰ ਰਿਸ਼ਤਾ ਬੇਜਾਨ ਜਿਹਾ ਹੈ

----

ਨਸ਼ਿਆਂ ਦੇ ਮਾਰੂਥਲ ਪੁੰਨੂੰ, ਫੈਸ਼ਨ ਦੇ ਵਿਚ ਭੁੱਜ ਗਈ ਸੱਸੀ,

ਇਸ਼ਕ ਵਿਸ਼ਕ ਵੀ ਨੇਤਾ ਜੀ ਦੇ, ਫੋਕੇ ਕਿਸੇ ਬਿਆਨ ਜਿਹਾ ਹੈ

----

ਨਿੰਦਿਆ ਕਰਦਾ, ਚੁਗ਼ਲੀ ਕਰਦਾ, ਹੋਰ ਪਤਾ ਨਾ ਕੀ ਕੀ ਕਰਦਾ,

ਸਭ ਕੁਝ ਕਰਕੇ ਜਿੰਦਵਿਚਾਰਾ ਹਾਲੇ ਵੀ ਨਾਦਾਨ ਜਿਹਾ ਹੈ