
ਧਰਤੀ ਦਿਵਸ 'ਤੇ ਵਿਸ਼ੇਸ਼
ਵਾਰਤਕ ਕਵਿਤਾ
ਪਹੁ ਫ਼ੁਟਦੀ ਨਾਲ਼ ਰੁੱਖ ਲਾ ਕੇ ਮੈਂ ਉਸ ਤੋਂ ਪੁੱਛਦਾ ਹਾਂ, ਮੈਂ ਤੇਰੀ ਛਾਵੇਂ ਬਹਿ ਕੇ ਪੜ੍ਹਿਆ ਕਰਨਾ ਹੈ, ਚਿਤਵਿਆ ਕਰਨਾ ਹੈ। ਪਰ ਇਹ ਸੂਰਜ ਮੈਨੂੰ ਪਰੇਸ਼ਾਨ ਕਰੇਗਾ। ਇਹ ਤੇਰੀ ਛਾਂ ਨੂੰ ਘਸੀਟ ਕੇ ਏਥੋਂ ਓਥੇ ਕਰਦਾ ਰਹਿੰਦਾ ਹੈ। ਰੁੱਖ ਸੋਚਦਾ ਹੈ, ਫਿਰ ਬੋਲਦਾ ਹੈ। ਆਪਾਂ ਸੂਰਜ ਦਾ ਕੁਝ ਨਹੀਂ ਕਰ ਸਕਦੇ। ਮੈਂ ਵੀ ਤੇਰੀ ਖ਼ਾਤਰ ਬੱਸ ਧੁੱਪ ਹੀ ਰੋਕ ਸਕਦਾ ਹਾਂ ਉਸਦੀ, ਥੋੜ੍ਹੇ ਸਮੇਂ ਲਈ ਆਪਣੇ ਹੇਠਲੀ ਥਾਂ 'ਚ। ਪਰ ਤੂੰ ਇੰਜ ਕਰ---- ਮੇਰੀ ਛਾਂ ਵੱਧ ਤੋਂ ਵੱਧ ੧੫ ਕੁ ਫੁੱਟ ਲੰਬੀ ਹੁੰਦੀ ਹੈ 'ਤੇ ਤੂੰ ੧੪ ਫੁੱਟ ਪੱਛਮ ਵੱਲ ਨੂੰ ਕਰਕੇ ਮੇਰੇ ਵਰਗਾ ਇੱਕ ਰੁੱਖ ਹੋਰ ਲਾ ਦੇ। ਮੇਰੇ ਹੇਠਾਂ ਉਸ ਵੱਲ ਨੂੰ ਮੂੰਹ ਕਰਕੇ ਬੈਠ ਜਾਇਆ ਕਰੀਂ। ਸਾਰਾ ਦਿਨ ਛਾਵੇਂ ਰਹੇਂਗਾ। ਰੁੱਖ ਸਦਾ ਦੇਣ ਦੀ ਗੱਲ ਕਰਦਾ ਹੈ। ਕੁਝ ਦੇਣ ਦੀ ਕਿਰਿਆ ਹਰ ਵੇਲ਼ੇ ਮੈਨੂੰ ਹਰੇ ਰੰਗ ਦੀ ਲਗਦੀ ਹੈ।