ਗ਼ਜ਼ਲ
ਜਾਪਦੈ ਉਸ ਦੀ ਤਬੀਅਤ ਹੋਰ ਬਿਹਤਰ ਹੋ ਗਈ।
ਫਰਕ ਹੈ ਇਤਨਾ ਕਿ ਹੁਣ ਪਾਰੇ ਤੋਂ ਪੱਥਰ ਹੋ ਗਈ।
----
ਗੁੰਮ ਹੈ ਪੁਸਤਕ ਮਿਰੀ ਜਿਸ ਵਿਚ ਤਿਰੀ ਤਸਵੀਰ ਸੀ
ਡਰਦਿਆਂ ਪਤਨੀ ਤੋਂ ਖ਼ਬਰੇ ਕਿਸ ਜਗ੍ਹਾ ਧਰ ਹੋ ਗਈ।
----
ਸੌਣ ਦੇ ਬੱਦਲ਼ ਘਿਰੇ ਬਰਸੀ ਨਹੀਂ ਕੋਈ ਕਣੀ
ਰੁੱਤ ਖਿੜਦੀ ਕਿਸ ਤਰ੍ਹਾਂ ਧਰਤੀ ਹੀ ਬੰਜਰ ਹੋ ਗਈ।
----
ਰਾਤ ਭਰ ਮਸਿਆ ਰਹੀ ਸੂਰਜ ਦਿਨੇ ਨਾ ਚਮਕਿਆ
ਹਰ ਖ਼ੁਸ਼ੀ ਦੇ ਮੋੜ ‘ਤੇ ਕਾਲ਼ਖ ਮੁਕੱਦਰ ਹੋ ਗਈ।
----
ਮੁੜ ਲਿਖੀ ਨਾ ਜਾ ਸਕੀ ਉਜੜੇ ‘ਚਮਨ’ ਦੀ ਦਾਸਤਾਂ
ਜ਼ਿੰਦਗੀ ਪਰਬਤ ਮਿਰੀ ਭਾਵੇਂ ਸਮੁੰਦਰ ਹੋ ਗਈ।