ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਗੁਰਦਰਸ਼ਨ ਬੱਲ. Show all posts
Showing posts with label ਗੁਰਦਰਸ਼ਨ ਬੱਲ. Show all posts

Friday, May 21, 2010

ਗੁਰਦਰਸ਼ਨ ਬੱਲ - ਗ਼ਜ਼ਲ

ਸਾਹਿਤਕ ਨਾਮ: ਗੁਰਦਰਸ਼ਨ ਬੱਲ

ਅਜੋਕਾ ਨਿਵਾਸ: ਯੂ.ਐੱਸ.ਏ

ਪ੍ਰਕਾਸ਼ਿਤ ਕਿਤਾਬਾਂ: ਹਿੰਦੀ ਕਾਵਿ-ਸੰਗ੍ਰਹਿ: ਆਦਾਬ ਅਰਜ਼ ਹੈ ਪ੍ਰਕਾਸ਼ਿਤ ਹੋ ਚੁੱਕਾ ਹੈ। ਇਸ ਤੋਂ ਇਲਾਵਾ ਏਸੇ ਕਾਵਿ-ਸੰਗ੍ਰਹਿ ਚੋਂ ਸੱਤ ਗ਼ਜ਼ਲਾਂ ਪ੍ਰਸਿੱਧ ਗ਼ਜ਼ਲ ਗਾਇਕ ਦੇਵਕੀ ਨੰਦਨ ਜੀ ਦੀ ਆਵਾਜ਼ ਚ ਰਿਕਾਰਡ ਹੋ ਕੇ ਖ਼ੂਬਸੂਰਤ ਨਾਂ ਦੀ ਸੀ.ਡੀ. ਵੀ ਜਲਦੀ ਰਿਲੀਜ਼ ਹੋ ਰਹੀ ਹੈ।

-----

ਇਨਾਮ-ਸਨਮਾਨ: 1994 ਵਿਚ ਹਿੰਦੀ-ਪੰਜਾਬੀ ਗ਼ਜ਼ਲਾਂ ਲਈ ਵਿਜੇ ਨਿਰਬਾਧ ਐਵਾਰਡ ਨਾਲ਼ ਸਨਮਾਨਿਤ ਕੀਤਾ ਜਾ ਚੁੱਕਾ ਹੈ। ਕੱਟ-ਗਲਾਸ ਆਰਟ ਵਿਚ ਉਹਨਾਂ ਨੂੰ ਤਿੰਨ ਵਾਰ ਪੰਜਾਬ ਸਟੇਟ ਐਵਾਰਡ ਅਤੇ ਲਲਿਤ ਕਲਾ ਅਕੈਡਮੀ ਵੱਲੋਂ ਵੀ ਐਵਾਰਡ ਮਿਲ਼ ਚੁੱਕਿਆ ਹੈ। 1988 ਵਿਚ ਪੰਜਾਬ ਸਰਕਾਰ ਵੱਲੋਂ ਗੋਲਡ ਮੈਡਲ ਅਤੇ ਪ੍ਰਮਾਣ-ਪੱਤਰ ਦੇ ਕੇ ਸਮਾਨਿਆ ਗਿਆ। 1983 ਵਿਚ ਬੱਲ ਸਾਹਿਬ ਨੂੰ ਉਹਨਾਂ ਦੀ ਕੱਟ-ਗਲਾਸ ਆਰਟ ਦੇ ਹੁਨਰ ਕਰਕੇ ਉਸ ਵੇਲ਼ੇ ਦੇ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ ਨੇ ਵੀ ਸਨਮਾਨਿਆ।

-----

ਦੋਸਤੋ! ਆਰਸੀ ਦੀ ਅੱਜ ਦੀ ਪੋਸਟ ਚ ਨਿਊ ਜਰਸੀ, ਯੂ.ਐੱਸ.ਏ. ਵਸਦੇ ਗ਼ਜ਼ਲਗੋ ਗੁਰਦਰਸ਼ਨ ਬੱਲ ਜੀ ਦੀਆਂ ਤਿੰਨ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਅਤੇ ਇਕ ਨਜ਼ਮ ਆਰਸੀ ਚ ਸਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਦਦਰਅਸਲ, ਉਹਨਾਂ ਨੇ ਆਪਣੀਆਂ ਰਚਨਾਵਾਂ ਕੋਈ ਮਹੀਨਾ ਕੁ ਪਹਿਲਾਂ ਘੱਲੀਆਂ ਸਨ, ਮੈਂ ਜ਼ਿਆਦਾ ਰੁੱਝੀ ਹੋਣ ਕਰਕੇ ਉਹਨਾਂ ਦੀ ਹਾਜ਼ਰੀ ਲਵਾਉਣ ਚ ਦੇਰੀ ਹੋ ਗਈ ਹੈ, ਇਸ ਲਈ ਖ਼ਿਮਾ ਦੀ ਜਾਚਕ ਹਾਂ। ਮੈਂ ਏਥੇ ਇਹ ਦੱਸਣਾ ਜ਼ਰੂਰੀ ਸਮਝਦੀ ਹਾਂ ਕਿ ਬੱਲ ਸਾਹਿਬ ਸ਼ਾਇਰ ਹੋਣ ਦੇ ਨਾਲ਼-ਨਾਲ਼ ਕਹਾਣੀਕਾਰ ਵੀ ਨੇ ਤੇ ਲਲਿਤ ਕਲਾਵਾਂ ਚੋਂ ਕੱਟ ਗਲਾਸ ਆਰਟ ਦੇ ਵੀ ਮਾਹਿਰ ਹਨ। ਬੱਲ ਸਾਹਿਬ ਮੇਰੇ ਡੈਡੀ ਬਾਦਲ ਸਾਹਿਬ ਦੇ ਸਾਹਿਤਕ ਦੋਸਤ ਹਨ, ਹੈ ਨਾ ਕਿੰਨੇ ਮਿਲ਼ਦੇ-ਜੁਲ਼ਦੇ ਨਾਮ? ਕਈ ਅਖ਼ਬਾਰਾਂ ਚ ਮੈਂ ਉਹਨਾਂ ਦੀਆਂ ਗ਼ਜ਼ਲਾਂ/ ਸ਼ਿਅਰ ਪੜ੍ਹ ਕੇ ਡੈਡੀ ਜੀ ਨੂੰ ਆਖਦੀ ਹੁੰਦੀ ਸੀ ਕਿ ਵੇਖੋ! ਤੁਹਾਡਾ ਨਾਮ ਅਖ਼ਬਾਰ ਵਿਚ ਗ਼ਲਤ ਛਪ ਗਿਆ ਹੈ। ਫੇਰ ਉਹਨਾਂ ਨੇ ਦੱਸਿਆ ਕਿ ਗੁਰਦਰਸ਼ਨ ਬੱਲ ਜੀ ਵੀ ਇਕ ਗ਼ਜ਼ਲਗੋ ਹਨ। ਸੋ ਹੁਣ ਮੈਂ ਬੱਲ ਸਾਹਿਬ ਨੂੰ ਡੈਡੀ ਜੀ ਦੇ ਹਮ-ਨਾਮ ਸ਼ਾਇਰ ਆਖਦੀ ਹੁੰਦੀ ਹਾਂ। ਸਮੂਹ ਆਰਸੀ ਪਰਿਵਾਰ ਵੱਲੋਂ ਬੱਲ ਸਾਹਿਬ ਨੂੰ ਖ਼ੁਸ਼ਆਮਦੀਦ। ਰਚਨਾਵਾਂ ਭੇਜ ਕੇ ਹਾਜ਼ਰੀ ਲਵਾਉਣ ਲਈ ਉਹਨਾਂ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

********

ਗ਼ਜ਼ਲ

ਕਈ ਰੂਪ ਘੁਲ਼ਦੇ ਹਨੇਰੇ-ਹਨੇਰੇ।

ਕਈ ਚੰਨ ਚੜ੍ਹਦੇ ਸਵੇਰੇ-ਸਵੇਰੇ।

-----

ਖ਼ੁਦਾ ਦਾ ਬਸੇਰਾ ਹੈ ਤੇਰੇ ਚੁਫ਼ੇਰੇ।

ਗੁਨਾਹ ਫਿਰ ਕਰੇਂ ਕਿਉਂ ਹਨੇਰੇ-ਹਨੇਰੇ?

----

ਐਂ ਲਗਦੈ ਕਿ ਦਿਲਬਰ ਮਿਰਾ ਆ ਰਿਹਾ ਹੈ,

ਕਈ ਕਾਗ ਬੋਲੇ ਨੇ ਮੇਰੇ ਬਨੇਰੇ।

-----

ਮੁਹੱਬਤ ਬਿਨਾ ਜ਼ਿੰਦਗੀ ਹੈ ਸਰਾਪੀ,

ਮੁਹੱਬਤ ਜੇ ਹੈ ਜ਼ਿੰਦਗਾਨੀ ਉਚੇਰੇ।

-----

ਇਸ ਆਦਮ ਦੀ ਮੰਜ਼ਿਲ ਇਹ ਚੰਨ ਤਾਂ ਨਹੀਂ ਹੈ,

ਹੈ ਇਸ ਦੀ ਤਾਂ ਮੰਜ਼ਿਲ ਅਗੇਰੇ-ਅਗੇਰੇ।

-----

ਵਤਨ ਦੇ ਲਈ ਜੋ ਕਫ਼ਨ ਬੰਨ੍ਹ ਕੇ ਨਿਕਲ਼ੇ,

ਉਹ ਜਿਉਣਾ ਚੰਗੇਰੇ, ਉਹ ਮਰਨਾ ਚੰਗੇਰੇ।

-----

ਓ ਬੰਦੇ! ਜਨਮ ਵਿਚ ਤੂੰ ਚੰਗੇ ਕਰਮ ਕਰ,

ਕਿ ਏਥੇ ਤਿਰੇ ਚਾਰ ਦਿਨ ਦੇ ਹੀ ਡੇਰੇ।

----

ਕਈ ਲੋਕ ਆਖਣ ਹੈ ਬੰਦਾ ਬੁਰਾ ਬੱਲ,

ਕਈ ਲੋਕ ਆਖਣ ਇਹ ਚੰਗਾ ਵਧੇਰੇ।

=====

ਗ਼ਜ਼ਲ

ਇਸ ਜ਼ਿੰਦਗੀ ਦੀ ਸਾਰੀ, ਹੀ ਹਸਰਤ ਬਿਖ਼ਰ ਹਈ।

ਜੋ ਮੀਤ ਸੰਗ ਬੀਤੀ, ਉਹ ਵਧੀਆ ਗੁਜ਼ਰ ਗਈ।

-----

ਦੁਨੀਆ ਨੇ ਮੇਰੀ ਪ੍ਰੀਤ ਦਾ, ਕੀਤਾ ਮਜ਼ਾਕ ਹੈ,

ਕਿਸਮਤ ਵੀ ਸਾਥ ਛਡ ਗਈ, ਚਾਹਤ ਵੀ ਮਰ ਗਈ।

-----

ਮੈਨੂੰ ਮਿਰੇ ਨਸੀਬ ਨੇ, ਹੀ ਮਾਰ ਸੁੱਟਿਆ,

ਮੰਝਧਾਰ ਵਿਚ ਡੁਬੋ ਕੇ, ਕਿਨਾਰੇ ਲਹਿਰ ਗਈ।

-----

ਜਦ ਜੋਸ਼ ਨੇ ਹੈ ਮਾਰਿਆ, ਤਾਂ ਹੋਸ਼ ਨੇ ਕਿਹਾ,

ਕਿੱਥੇ ਨੇ ਵਲਵਲੇ ਤਿਰੇ, ਕਿੱਥੇ ਉਮਰ ਗਈ?

-----

ਮਸਤੀ ਕਿਸੇ ਸ਼ਰਾਬ ਦੀ ਨਾ ਗ਼ਮ ਭੁਲਾ ਸਕੀ,

ਜਦ ਯਾਦ ਬੱਲ ਦੀ ਆਈ, ਹੈ ਪੀਤੀ ਉਤਰ ਗਈ।

=====

ਗ਼ਜ਼ਲ

ਮਿਰੇ ਦਰਦੇ-ਦਿਲ ਦੀ ਦਵਾ ਵੀ ਨਹੀਂ ਹੈ।

ਮਿਹਰ ਵੀ ਨਹੀਂ ਹੈ, ਦੁਆ ਵੀ ਨਹੀਂ ਹੈ।

-----

ਮੈਂ ਜਿਸਦੇ ਲਈ ਸਿਰ ਤਲ਼ੀ ਤੇ ਟਿਕਾਇਆ,

ਕਹਿਰ ਹੈ ਕਿ ਉਸਨੂੰ ਪਤਾ ਵੀ ਨਹੀਂ ਹੈ।

-----

ਮਿਰੇ ਯਾਰ ਨੇ ਦਿਲ ਦੇ ਦਰਵਾਜ਼ੇ ਢੋਏ,

ਕਿ ਇਸਤੋਂ ਤਾਂ ਵਧ ਕੇ ਸਜ਼ਾ ਵੀ ਨਹੀਂ ਹੈ।

-----

ਸ਼ਮ੍ਹਾ! ਇਸ਼ਕ਼ ਖ਼ਾਤਿਰ ਤੂੰ ਬੇਸ਼ਕ ਜਲ਼ਾ ਦੇ,

ਬਿਨਾ ਮੌਤ ਦੇ ਹੁਣ ਮਜ਼ਾ ਵੀ ਨਹੀਂ ਹੈ।

-----

ਬਹੁਤ ਢੂੰਡਿਆ ਬੱਲ ਨੇ ਮਿਲ਼ਿਆ ਨਾ ਬੰਦਾ,

ਖ਼ੁਦਾ ਭਾਲ਼ਿਆ ਤਾਂ ਖ਼ੁਦਾ ਵੀ ਨਹੀਂ ਹੈ।

=====

ਇਹ ਜੀਵਨ ਚਾਰ ਦਿਨ ਹੀ ਹੈ

ਨਜ਼ਮ

ਇਹ ਸੱਚ ਹੈ ਕਿ ਚਲੇ ਜਾਣਾ ਹੈ ਸਭ ਨੇ

ਇਸ ਜਹਾਂ ਵਿੱਚੋਂ।

ਮਗਰ ਜਾਵੋ ਜਦੋਂ ਯਾਰੋ!

ਕੋਈ ਇਤਿਹਾਸ ਰਚ ਜਾਵੋ।

..........

ਸਫ਼ਰ ਜੀਵਨ ਦਾ ਲੰਬਾ ਨਹੀਂ

ਇਹ ਜੀਵਨ ਚਾਰ ਦਿਨ ਹੀ ਹੈ

ਕਿ ਫੁੱਲ ਵਰਗੀ ਸੋਹਣੀ ਜਹੀ

ਖ਼ੁਸ਼ਬੂ ਛੱਡ ਜਾਵੋ।

ਸਮੇਂ ਦੇ ਨਾਲ਼ ਜੋ ਗੂੰਜੇ

ਪਿਆਰ ਦਾ ਗੀਤ ਗਾ ਜਾਵੋ।

ਜੋ ਠੰਡੀ ਪੌਣ ਸਿਉਂ ਰੁਮਕੇ

ਦਿਲਾਂ ਨੂੰ ਠੰਡ ਵਰਤਾਏ

ਮਧੁਰ ਸੰਗੀਤ ਛੱਡ ਜਾਵੋ।

...............

ਦਿਲਾਂ ਵਿਚ ਪ੍ਰੀਤ ਬਣ ਉਮਡੇ

ਮੁਹੱਬਤ ਨੈਣਾਂ ਚੋਂ ਛਲਕੇ

ਲਬਾਂ ਚੋਂ ਪਿਆਰ ਬਣ ਨਿਕਲ਼ੇ

ਕਲ਼ਾਵੇ ਵਿੱਚ ਲਵੋ ਦੁਨੀਆ

ਕੋਈ ਇਤਿਹਾਸ ਰਚ ਜਾਵੋ

ਇਹ ਜੀਵਨ ਚਾਰ ਦਿਨ ਹੀ ਹੈ।