ਦੋਸਤੋ! ਮਰਹੂਮ ਜਨਾਬ ਉਲਫ਼ਤ ਬਾਜਵਾ ਜੀ ਦੀ ਖ਼ੂਬਸੂਰਤ ਗ਼ਜ਼ਲਗੋਈ ਦਾ ਇੱਕ ਨਵੇਕਲ਼ਾ ਰੰਗ ਹਾਜ਼ਰ ਹੈ। ਇਹ ਗ਼ਜ਼ਲ ਵੀ ਸਤਿਕਾਰ ਲੇਖਕ ਸੁਰਿੰਦਰ ਸੋਹਲ ਨੇ ਆਰਿਫ਼ ਗੋਬਿੰਦਪੁਰੀ ਜੀ ਦੇ ਸਹਿਯੋਗ ਨਾਲ਼ ਭੇਜੀ ਸੀ। ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ।
ਮਾਡਰਨ ਗ਼ਜ਼ਲ
ਬੁਰਾ ਕੀਤਾ ਜੋ ਸਿੱਖ ਹੋ ਕੇ ਵੀ ਤੂੰ ਰਗੜਾ ਲਈ ਦਾੜ੍ਹੀ।
ਬਜ਼ੁਰਗਾਂ ਦਾ ਤੂੰ ਨੱਕ ਵੱਢਿਆ ਜੋ ਫਿਰ ਵਢਵਾ ਲਈ ਦਾੜ੍ਹੀ।
----
ਕਬੀਲਾ ਬਾਜਵਾ ਤੇਰਾ, ਤੇਰੇ ਵਿਚ ਖ਼ੂਨ ਜੱਟਾਂ ਦਾ,
ਕਟਾਉਂਦਾ ਧੌਣ ਇਸ ਨਾਲੋਂ ਜੋ ਤੂੰ ਕਟਵਾ ਲਈ ਦਾੜ੍ਹੀ।
----
ਕੁਲੱਛਣੀ ਨਾਰ ਨੂੰ ਬਾਜ਼ਾਰ ਵਿਚ ਸਮਝਾ ਕੇ ਮੂਰਖ ਨੇ,
ਗਵਾਈ ਪੱਤ ਲੋਕਾਂ ਸਾਹਮਣੇ ਪੁਟਵਾ ਲਈ ਦਾੜ੍ਹੀ।
----
ਪਟੇ ਮੌਰਾਂ ’ਤੇ ਗਭਰੂ ਦੇ ਭੁਲੇਖਾ ਪਾਉਣ ਨੱਢੀ ਦਾ,
ਦਵੱਲੇ ਮੂੰਹ ’ਤੇ ਸੁੱਥਣ ਵਾਂਗਰਾਂ ਲਟਕਾ ਲਈ ਦਾੜ੍ਹੀ।
----
ਹਜਾਮਤ ਓਸ ਦੀ ਕੀਤੀ ਮੁਹੱਬਤ ਵਿਚ ਹਸੀਨਾਂ ਨੇ,
ਪਤਾ ਲੱਗਾ ਜਦੋਂ ਬਾਬੂ ਹੁਰਾਂ ਮਨਵਾ ਲਈ ਦਾੜ੍ਹੀ।
----
ਸਿਆਹ ਕਰਤੂਤ ਦੇ ਰਾਹ ਵਿਚ ਰੁਕਾਵਟ ਵਾਲ ਬੱਸੇ ਸਨ,
ਫਿਰਾ ਕੇ ਲੁੱਕ ਜੀ. ਟੀ. ਰੋਡ ਮੈਂ ਬਣਵਾ ਲਈ ਦਾੜ੍ਹੀ।
----
ਖ਼ੁਦਾ ਨੇ ਭੇਜੀਆਂ ਖ਼ੋਦੇ ਨੂੰ ਚੀਜ਼ਾਂ ਗਿਣ ਗਿਣਾ ਕੇ ਸਭ,
ਬੁਰੇ ਨੇ ਡਾਕ ਵਾਲੇ ਰਾਹ ’ਚੋਂ ਖਿਸਕਾ ਲਈ ਦਾੜ੍ਹੀ।
----
ਕਿਹਾ ਇਕ ਮੇਮ ਨੇ ਹੱਸ ਜਦੋਂ ‘ਡੀਅਰ’ ਪੰਜਾਬੀ ਨੂੰ,
ਮੁਨਾਇਆ ਸਿਰ ਜਹਾਜ਼ੋਂ ਲਹਿੰਦਿਆਂ ਰਗੜਾ ਲਈ ਦਾੜ੍ਹੀ।
----
ਕਰਾ ਕੇ ਸ਼ੇਵ, ਲਵ ਮੈਰਿਜ ਕਰਾਈ ਛੱਡ ਗਈ ਗੋਰੀ,
ਬਿਗਾਨੀ ਸ਼ਾਹ ’ਤੇ ਮੁੱਛਾਂ ਮੁੰਨ ਕੇ ਮੁਨਵਾ ਲਈ ਦਾੜ੍ਹੀ।
----
ਹਯਾ ਹੁੰਦੀ ਸੀ ‘ਉਲਫ਼ਤ’ ਦਾੜ੍ਹੀਆਂ ਦੀ ਔਰਤਾਂ ਨੂੰ ਪਰ,
ਉਠਾਏ ਘੁੰਡ ਨਾਰਾਂ ਨੇ ਨਰਾਂ ਰਗੜਾ ਲਈ ਦਾੜ੍ਹੀ।