
ਜਨਮ: 1946 ਗੁੱਜਰਾਂਵਾਲਾ ( ਪਾਕਿਸਤਾਨ )
ਅਜੋਕਾ ਨਿਵਾਸ: 1969 ਤੋਂ ਲੰਡਨ,( ਯੂ.ਕੇ.)
ਕਿਤਾਬਾਂ: ਗ਼ਜ਼ਲ-ਸੰਗ੍ਰਹਿ: ਕੁੰਜਾਵਲੀ ( 2008), ਬਰਤਾਨਵੀ ਪੰਜਾਬੀ ਗ਼ਜ਼ਲ ( ਸੰਪਾਦਨਾ) (1997) ‘ਚ ਪ੍ਰਕਾਸ਼ਿਤ ਹੋ ਚੁੱਕੇ ਹਨ । ਇਸਤੋਂ ਇਲਾਵਾ ਅਜੀਬ ਜੀ 1980-89 ਤੱਕ ਪੰਜਾਬੀ ਸਾਹਿਤਕ ਮੈਗਜ਼ੀਨ ‘ਰਚਨਾ’ ਵੀ ਕੱਢਦੇ ਰਹੇ ਹਨ ਅਤੇ ਇੰਟਰਨੈਸ਼ਨਲ ਸਾਹਿਤ ਸਭਾ, ਲੰਡਨ ਦੇ ਜਨਰਲ ਸਕੱਤਰ ਤੇ ਪ੍ਰਧਾਨ ਵੀ ਰਹਿ ਚੁੱਕੇ ਹਨ।
-----
ਦੋਸਤੋ! ਅੱਜ ਯੂ.ਕੇ.ਵਸਦੇ ਲੇਖਕ ਗੁਰਸ਼ਰਨ ਸਿੰਘ ਅਜੀਬ ਜੀ ਨੇ ਆਪਣੀਆਂ ਦੋ ਖ਼ੂਬਸੂਰਤ ਗ਼ਜ਼ਲਾਂ ਨਾਲ਼ ਆਰਸੀ ਦੀ ਅਦਬੀ ਮਹਿਫ਼ਿਲ ‘ਚ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਮੈਂ ਉਹਨਾਂ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ, ਦੋਵਾਂ ਗ਼ਜ਼ਲਾਂ ਨੂੰ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ‘ਤਮੰਨਾ’
**********
ਗ਼ਜ਼ਲ
ਮਿਰੇ ਜੀਵਣ ਦੀ ਗਾਥਾ ਦੋਸਤੋ ਸਭ ਤੋਂ ਨਿਰਾਲੀ ਹੈ।
ਇਦ੍ਹੇ ਵਿਚ ਈਦ ਨਾ ਕੋਈ ਅਤੇ ਨਾ ਹੀ ਦਿਵਾਲੀ ਹੈ।
-----
ਹਿਯਾਤੀ ਵਿਚ ਗ਼ਮਾਂ ਦੇ ਮੇਘ ਪੀੜਾਂ ਖ਼ੂਬ ਲਿਖੀਆਂ ਨੇ,
ਗਲੇ ਵਿਚ ਦਰਦ ਦੇ ਫਾਹੇ ਤੇ ਕਿਸਮਤ ਘੋਰ ਖਾਲੀ ਹੈ।
-----
ਜਦੋਂ ਕੀਤਾ ਮਿਰੇ ਦਿਲ ਨੇ ਘਰੋਂ ਟੁਰ ਜਾਣ ਦਾ ਹੀਲਾ,
ਉਦੋਂ ਹੀ ਏਸ ਖ਼ੁਦ ਕੋਲੋਂ ਹਿਫ਼ਾਜ਼ਤ ਖ਼ੁਦ ਹੀ ਭਾਲੀ ਹੈ।
-----
ਹੈ ਲੋਕਾਂ ਨੇ ਸਦਾ ਹੀ ਨਿੰਦਿਆ ਸਾਡੀ ਭਲਾਈ ਨੂੰ,
ਅਸਾਂ ਫਿਰ ਵੀ ਭਲਾਈ ਦੀ ਸ਼ਮ੍ਹਾਂ ਸੀਨੇ ‘ਚ ਬਾਲੀ ਹੈ।
-----
“ਅਜੀਬਾ” ਆਰਜ਼ੂ, ਵਿਸ਼ਵਾਸ ਦੀ ਫੜ ਲੈ ਡੰਗੋਰੀ ਤੂੰ,
ਤੇ ਚਲ ਪੈ ਨਿਤ ਡਗਰ ਸਚ ਦੀ ਬੜੀ ਪ੍ਰਭਾਵਸ਼ਾਲੀ ਹੈ।
======
ਗ਼ਜ਼ਲ
ਇਸ਼ਕ ਨਾ ਪੁੱਛੇ ਦੀਨ ਧਰਮ ਨੂੰ ਇਸ਼ਕ ਨਾ ਪੁੱਛੇ ਜ਼ਾਤ।
ਇਸ਼ਕ ਅੱਲਾ ਦੀ ਬਖ਼ਸ਼ੀ ਬਖ਼ਸ਼ਿਸ਼ ਇਸ਼ਕ ਹੈ ਰੱਬੀ ਦਾਤ।
-----
ਇਸ਼ਕ ਬਿਨਾ ਹੈ ਜੀਣਾ ਔਖਾ ਇਸ਼ਕ ਬਿਨਾ ਕਿਉਂ ਮਰਨਾ,
ਇਸ਼ਕ ਨਿਰਾਲੀ ਮਾਖੋਂ ਯਾਰੋ ਇਸ਼ਕ ਹੈ ਅਜਬ ਸੁਗਾਤ।
-----
ਇਸ਼ਕ ਦਿਲਾਂ ਦੀ ਧੜਕਣ ਯਾਰੋ ਇਸ਼ਕ ਦਿਲਾਂ ਦਾ ਮੱਕਾ,
ਇਸ਼ਕ ਰੁਹਾਨੀ ਨੂਰ ਹੈ ਯਾਰੋ ਇਸ਼ਕ ਦਿਲੀ ਜਜ਼ਬਾਤ।
-----
ਇਸ਼ਕ ਹੈ ਖੇੜਾ ਜੀਵਣ ਭਰ ਦਾ ਇਹ ਜੀਵਣ ਇਤਿਹਾਸ,
ਇਹ ਜੀਵਣ ਵਿਚ ਲੈ ਕੇ ਆਵੇ ਖ਼ੁਸ਼ੀਆਂ ਦੀ ਬਾਰਾਤ।
------
ਇਸ਼ਕ ਖ਼ੁਦਾ ਦੀ ਨਿਹਮਤ ਯਾਰੋ ਇਹ ਮਿਸ਼ਰੀ, ਮਠਿਆਈ,
ਏਸ ਇਸ਼ਕ ਦੇ ਡੱਸੇ ਪਾਵਣ ਘਟ ਵਧ ਇਤ੍ਹੋਂ ਨਿਜਾਤ।
------
ਇਸ਼ਕ “ਅਜੀਬਾ” ਅਜਬ ਹੈ ਗਹਿਣਾ ਇਹ ਹੀਰਾ ਅਨਮੋਲ,
ਇਸ਼ਕ ਖ਼ੁਦਾ ਦੀ ਪੂਜਾ, ਸਿਮਰਨ ਇਹ ਇਲਹਾਮੀ ਨਾਤ।