ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਜਸਵੀਰ ਝੱਜ. Show all posts
Showing posts with label ਜਸਵੀਰ ਝੱਜ. Show all posts

Monday, April 13, 2009

ਜਸਵੀਰ ਝੱਜ - ਗੀਤ

ਗੀਤ

ਵੱਜਦੇ ਸੀ ਢੋਲ ਜਦੋਂ ਆਉਂਦੀ ਸੀ ਵਿਸਾਖੀ,

ਕਰਦਾ ਸੀ ਕੌਣ ਓਦੋਂ ਫਸਲਾਂ ਦੀ ਰਾਖੀ,

ਅੱਜ ਵਾੜ ਹੀ ਖੇਤ ਨੂੰ ਖਾਂਦੀ.. ..

ਤੂੰ ਆ ਕੇ ਦੇਖ ਵਾਜਾਂ ਵਾਲ਼ਿਆ ,

ਤੇਰੀ ਕੌਮ ਹੈ ਕਿਧਰ ਨੂੰ ਜਾਂਦੀ....!

---

ਅੱਜ ਭਾਈ ਨਾ ਭਾਈ ਨੂੰ ਦੇਖ ਜਰਦਾ,

ਹੋਇਆ ਘਰ ਵਿੱਚ ਚੋਰ ਹੁਣ ਘਰਦਾ,

ਅੱਜ ਹੋਵੇ ਕਾਣੀ ਵੰਡ, ਰਲੀ ਚੋਰਾਂ ਨਾਲ ਪੰਡ,

ਜਾਵੇ ਸੱਗੀ ਨਾਲ ਰੁੜ੍ਹਦੀ ਪਰਾਂਦੀ.. .. ..

ਤੂੰ ਆ ਕੇ ਦੇਖ...................!

----

ਏਥੇ ਕੋਈ ਨਾ ਘਨ੍ਹਈਆ ਬਣੇ ਸਾਰੇ ਸ੍ਰਦਾਰ,

ਨਾ ਕੋਈ ਮੰਨੇ ਕਹਿਣਾ ਬਣੇ ਸਾਰੇ ਲਾਣੇਦਾਰ,

ਪਈ ਆਪੋ ਧਾਪੀ ਸਾਰੇ, ਸਾਰੇ ਹੋਣ ਪੁੱਠੇ ਕਾਰੇ,

ਦੇਖ ਸ਼ਾਨ ਕਿਵੇਂ ਪੈਂਦੀ ਜਾਂਦੀ ਮਾਂਦੀ.. .. ..

ਤੂੰ ਆ ਕੇ ਦੇਖ...................!

---

ਮੇਹਰ ਕਰ ਮੇਰੇ ਦਾਤਾ ਮਿੱਠਾ ਅੰਮ੍ਰਿਤ ਹੋਵੇ,

ਭਾਈ ਮਾਰ ਜੰਗ ਰੱਬ ਕਰਕੇ ਖੜੋਵੇ,

ਦੇਹ ਇਨ੍ਹਾਂ ਨੂੰ ਸੁਮੱਤ, ਤਾਂਹੀ ਬੱਚਦੀ ਐ ਪੱਤ,

ਜਿਹੜੀ ਅੱਜ ਰਾਣੀ ਬਣੂੰ ਕੱਲ੍ਹ ਬਾਂਦੀ.. ...

ਤੂੰ ਆ ਕੇ ਦੇਖ...................!

----

ਜੇ ਤੇਰੇ ਰਾਹ ਦੇ ਪਹਿਰੇਦਾਰ ਕਰੀਂ ਗਏ ਇੰਜ ਕਾਰੇ,

ਜਸਵੀਰ ਝੱਜਜਿਹੇ ਰੁਲ਼ ਜਾਣਗੇ ਵਿਚਾਰੇ,

ਅਸੀਂ ਮਾਤ ਪਾਉਣੇ ਬਾਜ,ਹੋਵੇ ਚਿੜੀਆਂ ਦਾ ਰਾਜ,

ਨਾ ਲੈਣੇ ਹੀਰੇ, ਮੋਤੀ, ਸੋਨਾ,ਚਾਂਦੀ .. .. ..

ਤੂੰ ਆ ਕੇ ਦੇਖ...................!


Wednesday, March 18, 2009

ਜਸਵੀਰ ਝੱਜ - ਗੀਤ

ਗੀਤ

ਮੇਰੇ ਧਰਮ ਮਨੁੱਖਤਾ ਨੂੰ ਧਰਮਾਂ ਨੇ ਵੰਡ ਲਿਆ

ਕਿਸੇ ਪੁਣ ਤੇ ਛਾਣ ਲਿਆ, ਕਿਸੇ ਛੱਜ ਪਾ ਛੰਡ ਲਿਆ

----

ਕਦੇ ਜੰਨਤ ਦੇ ਸੁਪਨੇ ਕਦੇ ਹੂਰਾਂ ਦੇ ਲਾਰੇ

ਸੱਚਾ ਮੋਮਨ ਓਹੀ ਏ ਜੋ ਕਾਫ਼ਰ ਨੂੰ ਮਾਰੇ

ਮਿਲਖਾਂ ਦੇ ਲਾਲਚ, ਕਿਸੇ ਨੂੰ ਧੀ ਦੇ ਕੇ ਗੰਢ ਲਿਆ…….. .

ਮੇਰੇ ਧਰਮ ਮਨੁੱਖਤਾ ਨੂੰ.....

----

ਸੋਮਰਸ ਤੇ ਪਰੀਆਂ ਦੇ ਮੈਨੂੰ ਲਾਰੇ ਲਾਏ ਨੇ

ਸੁਰਗਾਂ ਵਿੱਚ ਰਾਜ ਮਿਲੂ, ਜਿਹੇ ਜਾਲ਼ ਵਿਛਾਏ ਨੇ

ਤੇਰਾ ਸਿਰ ਨਹੀਂ ਮੰਗਦੇ ਚੱਲ ਤੂੰ ਸਿਰ ਦੀ ਝੰਡ ਲਿਆ.. ..

ਮੇਰੇ ਧਰਮ ਮਨੁੱਖਤਾ ਨੂੰ......

----

ਉਠ ਕੌਮ ਦੇ ਲੇਖੇ ਲੱਗ ਤੂੰ ਯੋਧਾ ਸੂਰਾ ਏਂ

ਹੁਣ ਪਿਛੇ ਨਹੀਂ ਮੁੜਨਾ ਤੂੰ ਕਰਨੀ ਦਾ ਪੂਰਾ ਏਂ

ਭੋਰਾ ਕੱਚ ਨਾ ਤੇਰੇ ਵਿੱਚ, ਭੱਠੀ ਪਾ ਚੰਡ ਲਿਆ.. ..

ਮੇਰੇ ਧਰਮ ਮਨੁੱਖਤਾ ਨੂੰ....

----

ਮਰਨ ਪਿਛੋਂ ਹੋਣਾ ਕੀ ਕੋਈ ਵੀ ਜਾਣੇ ਨਾ

ਅੱਜ ਤੇਰੇ ਹੱਥ ਵਿੱਚ ਹੈ ਕਿਉਂ ਅੱਜ ਪਛਾਣੇਂ ਨਾ

ਝੱਜਤੂੰ ਹੀ ਦੁਖੀਆਂ ਲਈ ਕੋਈ ਸੁੱਖਾਂ ਦੀ ਠੰਡ ਲਿਆ.. ..

ਮੇਰੇ ਧਰਮ ਮਨੁੱਖਤਾ ਨੂੰ......

----

ਮੇਰੇ ਧਰਮ ਮਨੁੱਖਤਾ ਨੂੰ ਧਰਮਾਂ ਨੇ ਵੰਡ ਲਿਆ

ਕਿਸੇ ਪੁਣ ਤੇ ਛਾਣ ਲਿਆ, ਕਿਸੇ ਛੱਜ ਪਾ ਛੰਡ ਲਿਆ


Wednesday, February 18, 2009

ਜਸਵੀਰ ਝੱਜ - ਗੀਤ

ਗੀਤ

ਉੱਤੋਂ ਮਿੱਠੀਆਂ ਜ਼ੁਬਾਨਾਂ ਵਾਲ਼ੇ ਸੋਹਣਿਆਂ

ਤੇਰਾ ਸ਼ਹਿਰ ਛੱਡ ਚੱਲੇ ਆਂ

ਇਥੇ ਵਸਦੇ ਦਿਲਾਂ ਦੇ ਲੋਕ ਕਾਲ਼ੇ ਸੋਹਣਿਆਂ ,

ਤੇਰਾ ਸ਼ਹਿਰ ਛੱਡ ਚੱਲੇ ਆਂ

ਤੇਰਾ ਸ਼ਹਿਰ ਛੱਡ ਚੱਲੇ ਆਂ

----

ਮੂੰਹ ਤੇ ਪਿਆਰ, ਨਾਲ਼ੇ ਦੇਣ ਸਤਿਕਾਰ,

ਪਿੱਠ ਪਿੱਛੇ ਰਹਿਣ ਜੜ੍ਹਾਂ ਵੱਢਦੇ

ਅਸੀਂ ਥੋਡੇ ਬਿਨ੍ਹਾਂ ਕਾਹਦੇ, ਜ਼ਿੰਦਗੀ ਦੇ ਵਾਅਦੇ,

ਸਾਥ ਕਦੇ ਨੀ ਥੋਡਾ ਛੱਡਦੇ

ਪਰ ਲੱਭਦੇ ਨਈਂ, ਵੇਲ਼ੇ ਸਿਰ ਭਾਲ਼ੇ ਸੋਹਣਿਆਂ

ਤੇਰਾ ਸ਼ਹਿਰ ਛੱਡ ਚੱਲੇ ਆਂ

----

ਜਦੋਂ ਦੇਣ ਰਾਵਾਂ, ਹੋਣ ਪੁੱਠੀਆਂ ਸਲਾਹਵਾਂ,

ਖਾਂਦਾ ਪੀਂਦਾ ਦੇਖ ਕੇ ਨਈਂ ਜਰਦੇ

ਕੋਈ ਲੁੱਟੇ ਬੁੱਲੇ, ਮੈਦਾਨ ਬੈਠ ਖੁੱਲ੍ਹੇ,

ਦੇਖ ਦੇਖ ਰਹਿਣ ਹੌਂਕੇ ਭਰਦੇ

ਤੱਤੇ ਪਾਣੀਆਂ ਨਾ ਘਰ ਕਦੇ ਜਾਲ਼ੇ ਸੋਹਣਿਆਂ

ਤੇਰਾ ਸ਼ਹਿਰ ਛੱਡ ਚੱਲੇ ਆਂ

----

ਕਰ ਕੌਲ ਇਕਰਾਰ, ਨਾ ਲੈਣ ਫਿਰ ਸਾਰ ,

ਟੈਲੀਫੂਨ ਕੀਤਿਆਂ ਨ੍ਹੀਂ ਚੱਕਦੇ

ਬੰਦਾ ਹੋਵੇ ਕੋਲ਼, ਬੋਲ ਮਿੱਠੇ ਮਿੱਠੇ ਬੋਲ,

ਕਰ ਕਰ ਸਿਫਤਾਂ ਨਈਂ ਥੱਕਦੇ

ਲਾਉਂਣ ਸਦਾ ਮਿੱਠੇ ਮਿੱਠੇ ਟਾਲ਼ੇ ਸੋਹਣਿਆਂ

ਤੇਰਾ ਸ਼ਹਿਰ ਛੱਡ ਚੱਲੇ ਆਂ

----

ਪਿੰਡ ਝੱਜਾਂ ਦਾ ਬੁਆਣੀਜੀਹਦੀ ਪਿਆਰੀ ਐ ਕਹਾਣੀ,

ਲੋਕੀਂ ਸਾਊ ਨੇ ਦਿਲਾਂ ਦੇ ਉਥੇ ਵਸਦੇ

ਦੁੱਖ ਸੁੱਖ ਨੇ ਵੰਡਾਉਂਦੇ, ਕੰਡਾ ਲੱਗੇ ਭੱਜੇ ਆਉਂਦੇ,

ਇੱਕ ਦੂਜੇ ਨਾਲ਼ ਰਹਿਣ ਸਦਾ ਹੱਸਦੇ

ਉਥੇ ਦਿਨ ਲੰਘ ਜਾਣਗੇ ਸੁਖਾਲ਼ੇ ਸੋਹਣਿਆਂ

ਉੱਤੋਂ ਮਿੱਠੀਆਂ ਜ਼ੁਬਾਨਾਂ ਵਾਲੇ ਸੋਹਣਿਆਂ

ਤੇਰਾ ਸ਼ਹਿਰ ਛੱਡ ਚੱਲੇ ਆਂ

----

ਇਥੇ ਵਸਦੇ ਦਿਲਾਂ ਦੇ ਲੋਕ ਕਾਲ਼ੇ ਸੋਹਣਿਆਂ

ਤੇਰਾ ਸ਼ਹਿਰ ਛੱਡ ਚੱਲੇ ਆਂ....!


Tuesday, January 20, 2009

ਜਸਵੀਰ ਝੱਜ - ਗੀਤ

ਗੀਤ

ਮੈਂ ਆਟੇ ਦਾ ਦੀਵਾ ਸੱਜਣਾ, ਕਿੱਥੇ ਮੇਰੀ ਥਾਂ

ਅੰਦਰ ਮੈਨੂੰ ਚੂਹੇ ਟੁੱਕਦੇ, ਬਾਹਰ ਨੇ ਪੈਂਦੇ ਕਾਂ.... ਵੇ ਸੱਜਣਾ

ਕਿੱਥੇ ਮੇਰੀ ਥਾਂ!

-----

ਮੈਂ ਚਾਹਿਆ ਸੀ ਕੁੱਲ ਦੁਨੀਆਂ ਤੋਂ ਕਰਦਿਆਂ ਦੂਰ ਹਨੇਰੇ,

ਦਸੇ ਦਿਸ਼ਵਾਂ, ਖੱਲਾਂ, ਖੂੰਜੇ ਰੌਸ਼ਨ ਹੋਣ ਬਨੇਰੇ, ਵੇ ਸੱਜਣਾ

ਮਨ ਦੀਆਂ ਗੱਲਾਂ, ਮਨ ਵਿੱਚ ਰਹੀਆਂ ਮੈਨੂੰ ਜਗਣ ਹੀ ਦਿੰਦੇ ਨਾ.... ਵੇ ਸੱਜਣਾ

ਕਿੱਥੇ ਮੇਰੀ ਥਾਂ!

-----

ਗੱਲੀਂ-ਬਾਤੀਂ ਊਂ ਤਾਂ ਦੁਨੀਆਂ ਮਾੜੀ ਧਿਰ ਨਾਲ਼ ਖੜ੍ਹਦੀ,

ਯੁਗਾਂ ਯੁਗਾਂ ਤੋਂ ਜਿੰਦ ਨਿਤਾਣੀ ਆਈ ਸੂਲ਼ੀ ਚੜ੍ਹਦੀ , ਵੇ ਸੱਜਣਾ

ਵਕਤ ਪਏ ਤੋਂ ਖੜ੍ਹਨਾ ਔਖਾ ਔਖੀ ਫੜਨੀ ਬਾਂਹ.... ਵੇ ਸੱਜਣਾ

ਕਿੱਥੇ ਮੇਰੀ ਥਾਂ!

-----

ਜਦ ਕਿਧਰੇ ਵੀ ਚਰਚਾ ਛਿੜਦੀ ਦਿੰਦੇ ਰਹਿਣ ਹਵਾਲੇ,

ਮੈਂ ਹੋਵਾਂ ਤਾਂ ਦਰ ਹੈ ਖੁੱਲ੍ਹਦਾ ਨਹੀਂ ਤਾਂ ਲਗਦੇ ਤਾਲੇ, ਵੇ ਸੱਜਣਾ

ਸੁੰਨੇ ਵਿਹੜੇ ਖਾਣ ਨੂੰ ਆਉਂਦੇ ਘਰ ਕਰਦੇ ਭਾਂ ਭਾਂ.... ਵੇ ਸੱਜਣਾ

ਕਿੱਥੇ ਮੇਰੀ ਥਾਂ!

----

ਝੱਜਹੀ ਜਾਣੇ ਮੇਰੇ ਦਿਲ ਦੀ ਸਾਰੀ ਦਰਦ ਕਹਾਣੀ,

ਚਲੋ ਕੋਈ ਤਾਂ ਦਰਦੀ ਮਿਲ਼ਿਆ ਜਿਸ ਨੇ ਰਮਜ਼ ਪਛਾਣੀ, ਵੇ ਸੱਜਣਾ

ਏਸ ਭਰੋਸੇ ਦਿਨ ਲੰਘਦੇ ਨੇ ਤਾਂ ਹੀਂ ਧੀਰ ਧਰਾਂ.... ਵੇ ਸੱਜਣਾ

ਕਿੱਥੇ ਮੇਰੀ ਥਾਂ!

----

ਮੈਂ ਆਟੇ ਦਾ ਦੀਵਾ ਸੱਜਣਾ, ਕਿੱਥੇ ਮੇਰੀ ਥਾਂ

ਅੰਦਰ ਮੈਂਨੂੰ ਚੂਹੇ ਟੁੱਕਦੇ, ਬਾਹਰ ਨੇ ਪੈਂਦੇ ਕਾਂ.... ਵੇ ਸੱਜਣਾ

ਕਿੱਥੇ ਮੇਰੀ ਥਾਂ!!

Monday, January 5, 2009

ਜਸਵੀਰ ਝੱਜ - ਗੀਤ

ਗੀਤ

ਮਾਂ ਮੇਰੀਏ! ਮੈਂ ਪ੍ਰਦੇਸੀ ਕੀ ਕੀ ਦੁੱਖ ਸੁਣਾਵਾਂ

ਆਪ ਤੋਰਿਆ ਘਰੋਂ ਤੂੰ ਮੈਨੂੰ, ਦੇ ਕੇ ਲੱਖ ਦੁਆਵਾਂ

ਨਾਲ਼ ਬੜੇ ਚਾਵਾਂ, ਤੂੰ ਹੁਣ ਮਾਏ ਤੱਕਦੀ ਐਂ,

ਮੱਥੇ ਹੱਥ ਰੱਖ ਰੱਖ ਕੇ ਰਾਹਵਾਂ

ਮਾਏ ਮੇਰੀਏ!.....

----

ਸੁਣ ਸੁਣ ਗੱਲਾਂ ਵਲੈਤ ਦੇਸ ਦੀਆਂ, ਘੱਲਿਆ ਮਾਪਿਆਂ ਮੈਨੂੰ

ਸਾਰਾ ਦਿਨ ਪਿੰਡ ਵਿਹਲਾ ਫਿਰਦੈਂ, ਸ਼ਰਮ ਨੀ ਆਉਂਦੀ ਤੈਨੂੰ

ਜੇ ਤੂੰ ਜਾਵੇਂ ਮੁਲਖ਼ ਬਾਹਰਲੇ, ਮੈਂ ਵੀ ਸੂਟ ਵਲੈਤੀ ਪਾਵਾਂ

ਮਾਏ ਮੇਰੀਏ!.....

----

ਦਰ ਦਰ ਭਟਕੇ ਕੰਮ ਦੀ ਖਾਤਰ, ਜ਼ਿੰਦਗੀ ਰਾਸ ਨਾ ਆਈ

ਰਚ ਮਿਚ ਗਏ ਵਿੱਚ ਦੇਸ ਬਿਗਾਨੇ, ਪਿੰਡ ਦੀ ਯਾਦ ਭੁਲਾਈ

ਨਾ ਘਰ ਦਾ, ਨਾ ਰਿਹਾ ਘਾਟ ਦਾ, ਔਖਾ ਡੰਗ ਟਪਾਵਾਂ।

ਮਾਏ ਮੇਰੀਏ!.....

----

ਬੇਬੇ ਲਿਖਦੀ ਵਾਰ ਵਾਰ ਹੈ, ਤੇਰੇ ਬਾਝ ਹਨੇਰਾ

ਮਾਂ ਬਿਨ ਰਹਿੰਨੈਂ ਦੇਸ ਬਿਗਾਨੇ, ਕੈਸਾ ਤੇਰਾ ਜੇਰਾ

ਪੁੱਤ ਆਏ ਤੋਂ ਪਾਊਂਗੀ ਚੂਰੀ, ਬੋਲ ਬਨੇਰੇ ਕਾਵਾਂ।

ਮਾਏ ਮੇਰੀਏ!.....

----

ਹਰ ਸਾਲ ਜੇ ਪਿੰਡ ਨੂੰ ਜਾਵਾਂ, ਖਰਚਾ ਹੁੰਦੈ ਭਾਰੀ

ਚਿੱਤ ਕਰਦੈ ਕਿਸ ਵੇਲੇ ਵਤਨ ਨੂੰ, ਜਾਵਾਂ ਮਾਰ ਉਡਾਰੀ

ਵਕਤ ਚੰਦਰਾ ਜਿਸ ਵੇਲੇ ਤੁਰਿਆ, ਮੁੜ ਮੁੜ ਕੇ ਪਛਤਾਵਾਂ

ਮਾਏ ਮੇਰੀਏ!.....

----

ਝੱਜ ਦਾ ਵੀ ਤਾਂ ਚਿੱਤ ਨੀ ਲੱਗਦਾ, ਛੱਡ ਕੇ ਪਿੰਡ ਬੁਆਣੀ

ਅੰਗ ਸਾਕ ਨਾ ਮਿੱਤਰ ਬੇਲੀ , ਇਹ ਦੁਨੀਆਂ ਨਹੀਂ ਭਾਣੀ

ਨਾ ਲੱਭੇ ਕੋਈ ਦਿਲ ਦਾ ਦਰਦੀ, ਕਿਸ ਨੂੰ ਦੁੱਖ ਸੁਣਾਵਾਂ

ਮਾਏ ਮੇਰੀਏ!.....

----

ਮਾਂ ਮੇਰੀਏ! ਮੈਂ ਪ੍ਰਦੇਸੀ ਕੀ ਕੀ ਦੁੱਖ ਸੁਣਾਵਾਂ।

ਆਪ ਤੋਰਿਆ ਘਰੋਂ ਤੂੰ ਮੈਨੂੰ, ਦੇ ਕੇ ਲੱਖ ਦੁਆਵਾਂ।

ਨਾਲ਼ ਬੜੇ ਚਾਵਾਂ, ਤੂੰ ਹੁਣ ਮਾਏ ਤੱਕਦੀ ਐਂ,

ਮੱਥੇ ਹੱਥ ਰੱਖ ਰੱਖ ਕੇ ਰਾਹਵਾਂ।

ਮਾਏ ਮੇਰੀਏ!.....

Wednesday, December 31, 2008

ਜਸਵੀਰ ਝੱਜ - ਗ਼ਜ਼ਲ

ਨਵਾਂ ਸਾਲ ਮੁਬਾਰਕ....ਪਰ ਜੋ ਸ਼ਾਇਰ ਸੋਚਦਾ ਹੈ.....
ਗ਼ਜ਼ਲ

ਦਿਨ ਮਹੀਨੇ ਰੁੱਤਾਂ ਮੁੜ ਘਿੜ ਸਾਲ ਓਹੀ ਨੇ।
ਕਾਹਦੇ ਤਿੱਥ ਤਿਹਾਰ ਸਾਡੇ ਤਾਂ ਹਾਲ ਓਹੀ ਨੇ।
----
ਹੱਕ ਸੱਚ ਲਈ ਲੜਦੇ ਜੋ ਨਾ ਡਰਨ ਕਦੇ,
ਬਦਲ ਸਮੇਂ ਦੀ ਦਿੰਦੇ ਇੱਕ ਦਿਨ ਚਾਲ ਓਹੀ ਨੇ।
----
ਨਿੱਤ ਬਦਲਣ ਸਰਕਾਰਾਂ ਕੋਈ ਫ਼ਰਕ ਨਹੀਂ ਪੈਂਦਾ,
ਲੇਬਲ ਜਾਂਦੇ ਬਦਲ ਭਾਵੇਂ ਪਰ ਖ਼ਿਆਲ ਓਹੀ ਨੇ।
----
ਊਈਂ ਬਥੇਰੇ ਮਿਲ਼ ਜਾਂਦੇ ਨੇ ਤੁਰਦੇ ਫਿਰਦੇ,
ਬੇਲੀ ਜਿਹੜੇ ਹੁੰਦੇ ਬਣਦੇ ਢਾਲ਼ ਓਹੀ ਨੇ।
----
ਗੁਣ ਵਾਲ਼ੇ ਤਾਂ ਕਦੇ ਵੀ ਗੁੱਝੇ ਰਹਿੰਦੇ ਨਾ,
ਰੂੜੀ ‘ਤੇ ਵੀ ਦਗਦੇ ਹੁੰਦੇ ਲਾਲ ਓਹੀ ਨੇ।
----
ਜਿੰਨੇ ਮਰਜ਼ੀ ਨਾਚ ਨੱਚ ਲੈ ਵਿੰਗੇ ਟੇਢੇ,
ਕਦੇ ਨਾ ਬਦਲੇ ਸਦੀਆਂ ਤੋਂ ਸੁਰ ਤਾਲ ਓਹੀ ਨੇ।
----
‘ਝੱਜ!’ ਤੂੰ ਬਚ ਕੇ ਰਹਿ ਓਨ੍ਹਾਂ ਦੀਆਂ ਚਾਲਾਂ ਤੋਂ,
ਕੱਛ ਜਿੰਨ੍ਹਾਂ ਦੇ ਛੁਰੀਆਂ ਹੁੰਦੇ ਦਿਆਲ ਓਹੀ ਨੇ।

Friday, December 26, 2008

ਜਸਵੀਰ ਝੱਜ - ਗੀਤ

ਗੀਤ

ਮੇਰੇ ਪਿੰਡ ਦਿਆਂ ਪਿੱਪਲ਼ਾਂ ਦੀ ਛਾਂ ਬੱਲੇ ਬੱਲੇ

ਛਾਂ ਬੱਲੇ ਬੱਲੇ ਜਿੰਦ ਜਾਂ ਬੱਲੇ ਬੱਲੇ

---

ਜੇਠ ਹਾੜ ਦੀਆਂ ਧੁੱਪਾਂ ਕਈਆਂ ਆਣ ਏਥੇ ਸੌਣਾਂ

ਮਿੱਠੀ ਮਿੱਠੀ ਨੀਂਦ ਆਵੇ ਜਦੋਂ ਵਗਦੀਆਂ ਪੌਣਾਂ

ਏਥੇ ਰਲ਼ ਮਿਲ਼ ਬਹਿਣ ਘੁੱਗੀ ਕਾਂ ਬੱਲੇ ਬੱਲੇ

---

ਕਦੀ ਡੰਡਾ ਡੁੱਕ ਖੇਡਦੇ ਰਹੇ ਰਲ਼ ਇਥੇ ਹਾਣੀ

ਸਾਵਣ ਮਹੀਨੇ ਪੀਂਘ ਕੁੜੀਆਂ ਨੇ ਮਾਣੀਂ

ਕਈਆਂ ਲਿਖ ਦਿੱਤੇ ਇਹਦੇ ਉੱਤੇ ਨਾਂ ਬੱਲੇ ਬੱਲੇ

---

ਪਿੰਡ ਰੌਲ਼ਾ ਕੋਈ ਪੈ ਜੇ ਪੰਚਾਇਤ ਜੁੜ ਬਹਿੰਦੀ

ਗੱਲ ਥਾਣੇ 'ਚ ਨਾ ਜਾਵੇ ਬਸ ਪਿੰਡ ਵਿੱਚ ਰਹਿੰਦੀ

ਜਿਹੜੇ ਇਥੇ ਹੋਏ ਓਹੋ ਨਿਆਂ ਬੱਲੇ ਬੱਲੇ

---

ਪਿੱਪਲ਼ ਨਹੀਂ ਕੱਲਾ ਨਾਲ ਬੋਹੜ ਵੀ ਐ ਭਾਰੀ

ਜਿਹਦੀ ਨਿੰਮ ਤੂਤ ਟਾਹਲੀ ਨਾਲ ਯਾਰੀ ਐ ਪਿਆਰੀ

ਸਾਰੇ ਵਰਣਾਂ ਦੀ ਸਾਝੀ ਇਹ ਥਾਂ ਬੱਲੇ ਬੱਲੇ

---

'ਬੁਆਣੀ' ਦਿਆਂ ਲੋਕਾਂ ਟੌਹਰ ਏਸ ਦੀ ਬਣਾ ਤੀ

ਕਰ ਚਾਰੇ ਪਾਸੇ ਕੰਧਾਂ ਸਗਮਰਮਰ ਲਾ ਤੀ

ਯਾਦਾਂ ਭੁੱਲਣ ਨਾ ਦੇਣ ਇਹ ਗਰਾਂ ਬੱਲੇ ਬੱਲੇ

---

ਮੇਰੇ ਪਿੰਡ ਦਿਆਂ ਪਿੱਪਲ਼ਾਂ ਦੀ ਛਾਂ ਬੱਲੇ ਬੱਲੇ

ਛਾਂ ਬੱਲੇ ਬੱਲੇ ਜਿੰਦ ਜਾਂ ਬੱਲੇ।

Sunday, December 21, 2008

ਜਸਵੀਰ ਝੱਜ - ਗੀਤ

ਗੀਤ

ਜਦ ਮੈਂ ਪਿੰਡ ਤੋਂ ਆਇਆ ਸੀ,

ਪਹਿਲਾ ਖ਼ਤ ਪਿੰਡ ਨੂੰ ਪਾਇਆ ਸੀ,

ਖ਼ਤ ਪਾ ਕੇ ਮੈਂ ਪੁੱਛਿਆ ਹਾਲ ਕੀ

ਮੇਰੇ ਪਿੰਡ ਬੁਆਣੀ ਦਾ

ਮੇਰਾ ਚਿੱਤ ਨਹੀਂ ਲੱਗਦਾ,

ਪੁੱਛਿਆ ਹੀ ਜਾਣੀ ਦਾ !

----

ਪਹਿਲਾਂ ਪਹਿਲ ਖ਼ਤ ਆਉਂਦਾ ਸੀ,

ਤਾਂ ਹਰ ਜੀ ਸ਼ੁਕਰ ਮਨਾਉਂਦਾ ਸੀ

ਤੂੰ ਵਿਹਲਾ ਰਹਿ ਕੇ ਸਾਰਾ ਦਿਨ,

ਘੁੰਮ ਫਿਰ ਵਕਤ ਗਵਾਉਂਦਾ ਸੀ

ਪਰ ਹੁਣ ਤੰਦ ਹੈ ਕੁੱਝ ਸੌਖਾ ਹੋਇਆ

ਉਲ਼ਝੀ ਹੋਈ ਤਾਣੀ ਦਾ!

ਪਰ ਮੇਰਾ ਚਿੱਤ.....

----

ਫਿਰ ਖ਼ੁਸ਼ੀਆਂ ਦੇ ਸੀ ਖ਼ਤ ਆਉਂਦੇ,

ਘਰ ਸਭ ਅੱਛਾ ਸੀ ਲਿਖ ਪਾਉਂਦੇ

ਆਪਾਂ ਧਰੀ ਨਿਉਂ ਹੈ ਕੋਠੀ ਦੀ,

ਪਰ ਕੁੜੀ ਡੋਲੀ ਅਜੇ ਨਹੀਂ ਪਾਉਂਦੇ

ਬਾਕੀ ਜਿਵੇਂ ਕਹੇਂ ਤੂੰ ਉਵੇਂ ਕਰਾਂਗੇ,

ਕੀ ਲੇਖਾ ਤੇਰੀ ਮੱਤ ਸਿਆਣੀ ਦਾ!

ਪਰ ਮੇਰਾ ਚਿੱਤ........

----

ਫਿਰ ਕਿਸ ਚੰਦਰੇ ਨੇ ਨਜ਼ਰ ਲਾਈ,

ਕੋਈ ਸੁੱਖ ਦੀ ਚਿੱਠੀ ਨਾ ਆਈ

ਬੰਬ ਫਟਦੇ, ਗੋਲ਼ੀ ਚਲਦੀ ,

ਭਾਈ ਨੂੰ ਮਾਰ ਰਿਹੈ ਭਾਈ

ਇਥੇ ਖ਼ੂਨ ਵਹੇ ਦਰਿਆ ਬਣ ਕੇ,

ਤਿੱਪ ਮਿਲ਼ੇ ਨਾ ਪਾਣੀ ਦਾ!

ਪਰ ਮੇਰਾ ਚਿੱਤ......

----

ਹੁਣ ਨਾ ਘਰ ਦੇ ਚਿੱਠੀ ਪਾਉਂਦੇ ਨੇ,

ਬਸ ਫੋਨ ਕੁਵੇਲ਼ੇ ਫਿਰ ਆਉਂਦੇ ਨੇ

ਓਦੋਂ ਜਾਂਦਾ ਕਾਲ਼ਜਾ ਫੜਿਆ ਹੈ,

ਓਹ ਜਦ ਵੀ ਖ਼ਬਰ ਸੁਣਾਉਂਦੇ ਨੇ

ਰਿਸ਼ਤੇਦਾਰ ਕੋਈ ਮਿੱਤਰ ਬੇਲੀ,

ਜਾਂ ਫਿਰ ਵਿਛੜੇ ਹਾਣੀ ਦਾ!

ਮੇਰਾ ਚਿੱਤ ਨਹੀਂ ਲੱਗਦਾ,

ਪੁੱਛਿਆ ਹੀ ਜਾਣੀ ਦਾ।

Sunday, December 14, 2008

ਜਸਵੀਰ ਝੱਜ - ਗੀਤ

ਦੋਸਤੋ! ਅੱਜ ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੜੀ ਖੁਸ਼ੀ ਹੋ ਰਹੀ ਹੈ ਕਿ ਗਗਨਦੀਪ ਜੀ ਨੇ ਸਤਿਕਾਰਤ ਜਸਵੀਰ ਝੱਜ ਜੀ ਦਾ ਲਿਖਿਆ ਇੱਕ ਬੇਹੱਦ ਖ਼ੂਬਸੂਰਤ ਸਾਹਿਤਕ ਗੀਤ 'ਆਰਸੀ' ਤੇ ਸਾਂਝਾ ਕਰਨ ਲਈ ਭੇਜਿਆ ਹੈ। ਝੱਜ ਸਾਹਿਬ ਸਾਹਿਤ ਸਭਾ ਰਾਮਪੁਰ ( ਪੰਜਾਬ ) ਦੇ ਮੌਜੂਦਾ ਜਰਨਲ ਸਕੱਤਰ ਹਨ। ਮੈਂ ਉਹਨਾਂ ਨੂੰ 'ਆਰਸੀ' ਦੇ ਸਾਰੇ ਪਾਠਕ / ਲੇਖਕ ਦੋਸਤਾਂ ਵੱਲੋਂ ਅਦਬੀ ਮਹਿਫ਼ਿਲ ਚ ਖ਼ੁਸ਼ਆਮਦੀਦ ਆਖਦੀ ਹਾਂ। ਗਗਨਦੀਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ!

ਗੀਤ

ਗਮਲੇ ਚ ਲਾ ਕੇ, ਇਕ ਕੋਨੇ ਚ ਟਿਕਾ ਕੇ,

ਮੈਨੂੰ ਛੇੜਨਾ ਮਨ੍ਹਾ ਹੈ , ਲਿਖ ਚਿੱਤ ਪਰਚਾ ਤਾ

ਮੇਰੀ ਖੋਹ ਕੇ ਆਜ਼ਾਦੀ ਮੈਨੂੰ ਕੱਚ ਵਿੱਚ ਪਾ ਤਾ।

----

ਨਾ ਕੋਈ ਖੇਡੂ ਡੰਡਾ ਡੁੱਕ, ਨਾ ਹੀ ਪੀਂਘ ਕਿਸੇ ਪਾਉਂਣੀ,

ਨਾ ਹੀ ਤਪਦੀ ਦੁਪਿਹਰ ਕਿਸੇ ਮੰਜੀ ਆਣ ਡਾਹੁਣੀ,

ਥੋਡੀ ਨਵੀਂ ਨਵੀਂ ਸੋਚ, ਕਹਿਰ ਮੇਰੇ ਤੇ ਵਰ੍ਹਾ ਤਾ।

ਮੇਰੀ ਖੋਹ ਕੇ ਆਜ਼ਾਦੀ ਮੈਨੂੰ ਕੱਚ ਵਿੱਚ ਪਾ ਤਾ।

----

ਨਾ ਹੀ ਕੋਇਲਾਂ ਗੀਤ ਗਾਉਂਣੇ ਨਾ ਹੀ ਵੱਗ ਹੇਠ ਬਹਿਣਾ,

ਅਸੀਂ ਸੂਰਜਾਂ ਤੋਂ ਪਰ੍ਹਾਂ ਸਦਾ ਨ੍ਹੇਰਿਆਂ ਚ ਰਹਿਣਾ,

ਤੁਸੀਂ ਕਮਰਾ ਸਜਾ ਕੇ ਮੈਨੂੰ ਪੱਟ ਕੇ ਵਗਾਹ ਤਾ

ਮੇਰੀ ਖੋਹ ਕੇ ਆਜ਼ਾਦੀ ਮੈਨੂੰ ਕੱਚ ਵਿੱਚ ਪਾ ਤਾ।

----

ਕਿਸੇ ਖੁੱਲ੍ਹੀ ਥਾਂ ਤੇ ਹੁੰਦਾ ਕਿੰਨਾ ਆਉਂਣਾ ਸੀ ਨਜ਼ਾਰਾ,

ਲੋਕਾਂ ਆਖਣਾ ਸੀ ਦੇਖੋ ਇਹ ਹੈ ਬੋਹੜ ਕਿੱਡਾ ਭਾਰਾ,

ਆਪ ਕਰਗੇ ਤਰੱਕੀ ਮੈਨੂੰ ਬੌਣਾ ਜਿਹਾ ਬਣਾ ਤਾ

ਮੇਰੀ ਖੋਹ ਕੇ ਆਜ਼ਾਦੀ ਮੈਨੂੰ ਕੱਚ ਵਿੱਚ ਪਾ ਤਾ।

----

ਲੱਭਿਓ ਨਵੇਂ ਦਿਸਹੱਦੇ ਮੌਜਾਂ ਰੱਜ ਰੱਜ ਮਾਣੋ,

ਭਾਵੇਂ ਕਰੋ ਮਨ ਆਈਆਂ ਹੱਕ ਦੂਜੇ ਦਾ ਵੀ ਜਾਣੋ,

ਕਰ ਝੱਜ ਨੂੰ ਇਸ਼ਾਰਾ ਉਹਤੋਂ ਗੀਤ ਲਿਖਵਾ ਤਾ

ਮੇਰੀ ਖੋਹ ਕੇ ਆਜ਼ਾਦੀ ਮੈਨੂੰ ਕੱਚ ਵਿੱਚ ਪਾ ਤਾ।

----

ਗਮਲੇ ਚ ਲਾ ਕੇ, ਇਕ ਕੋਨੇ ਚ ਟਿਕਾ ਕੇ,

ਮੈਨੂੰ ਛੇੜਨਾ ਮਨ੍ਹਾ ਹੈ , ਲਿਖ ਚਿੱਤ ਪਰਚਾ ਤਾ

ਮੇਰੀ ਖੋਹ ਕੇ ਆਜ਼ਾਦੀ ਮੈਨੂੰ ਕੱਚ ਵਿੱਚ ਪਾ ਤਾ।