ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਹਰਚੰਦ ਸਿੰਘ ਬਾਗੜੀ. Show all posts
Showing posts with label ਹਰਚੰਦ ਸਿੰਘ ਬਾਗੜੀ. Show all posts

Tuesday, April 13, 2010

ਹਰਚੰਦ ਸਿੰਘ ਬਾਗੜੀ – ਅੱਜ ਖ਼ਾਲਸਾ ਪੰਥ ਦੀ ਸਾਜਨਾ ਦਿਵਸ ‘ਤੇ ਵਿਸ਼ੇਸ਼ - ਧਾਰਮਿਕ ਗੀਤ

ਕੋਈ ਹੈ ਸੂਰਮਾ

ਧਾਰਮਿਕ ਗੀਤ

ਮੈਂ ਤੇਗ ਦੀ ਧਾਰ ਦੇਖਣੀ ਹੁੰਦੀ ਗਲ਼ ਤੋਂ ਪਾਰ ਦੇਖਣੀ।

ਦਗਦਾ ਚਿਹਰਾ ਹੱਥ ਭਗੌਤੀ ਬੋਲੇ ਗੋਬਿੰਦ ਰਾਏ

ਕੋਈ ਹੈ ਸੂਰਮਾ, ਉਠ ਕੇ ਮੰਚ ਤੇ ਆਏ।

ਕੋਈ ਹੈ ਸੂਰਮਾ...

-----

ਕਾਰੀਗਰ ਨੇ ਪਾਨ ਚਾੜ੍ਹ ਕੇ ਤੇਗ ਸਾਣ੍ਹ ਤੇ ਲਾਈ।

ਇਸਦੇ ਮੂੰਹ ਨੂੰ ਖ਼ੂਨ ਨਾ ਲੱਗਾ ਡਾਢੀ ਇਹ ਤ੍ਰਿਹਾਈ।

ਆਪਣੀ ਰੱਤ ਪਿਲ਼ਾ ਕੇ ਇਸਨੂੰ, ਇਸਦੀ ਪਿਆਸ ਬੁਝਾਏ...

ਕੋਈ ਹੈ ਸੂਰਮਾ...

-----

ਕਲਮ ਕਟਾਰੀ, ਰੱਤ ਸਿਆਹੀ, ਨਵਾਂ ਇਤਿਹਾਸ ਬਣਾਉਣਾ।

ਲਾਲ ਅੱਖਰਾਂ ਦੇ ਵਿਚ ਜਿਸਨੇ, ਆਪਣਾ ਨਾਮ ਲਿਖਾਉਣਾ।

ਜੋ ਪਿਆਰਾ ਅੱਜ ਗੁਰੂ ਦਾ, ਆਪਣਾ ਨਾਮ ਲਿਖਾਏ...

ਕੋਈ ਹੈ ਸੂਰਮਾ...

-----

ਚੌਂਕ ਚਾਂਦਨੀ ਸੀਸ ਪਿਤਾ ਦਾ ਜਦ ਜ਼ਾਲਮ ਨੇ ਲਾਹਿਆ।

ਕਹਿੰਦੇ ਸਿੱਖ ਬੜੇ ਸੀ ਉਥੇ ਕੋਈ ਕੋਲ਼ ਨਾ ਆਇਆ।

ਭੈ ਮੌਤ ਦਾ ਐਸਾ ਹੋਇਆ, ਸਭ ਨੇ ਮੁੱਖ ਲੁਕਾਏ...

ਕੋਈ ਹੈ ਸੂਰਮਾ...

-----

ਤੇਗ ਦੀ ਤਿੱਖੀ ਧਾਰ ਦੇ ਵਿੱਚੋਂ ਐਸਾ ਪੰਥ ਸਜਾਉਣਾ।

ਜ਼ਾਲਮ, ਜ਼ੁਲਮ, ਮੜੀ, ਮੌਤ ਤੋਂ ਜਿਸਨੂੰ ਭੈ ਨਹੀਂ ਆਉਣਾ।

ਚੰਦ ਫਰਵਾਹੀ ਹੱਕ਼ ਸਭ ਲਈ, ਜਿਹੜਾ ਸਭ ਕੁਝ ਲਾਏ....

ਕੋਈ ਹੈ ਸੂਰਮਾ...

-----

ਕੌਮ ਦਾ ਸੂਰਜ ਬਣ ਕੇ ਜਿਸਨੇ, ਹੈ ਹਨੇਰ ਮਿਟਾਉਣਾ।

ਜਿਸ ਦੀ ਕਦੇ ਜੋਤ ਬੁਝੇ ਨਾ ਐਸਾ ਦੀਪ ਜਗਾਉਣਾ।

ਜੁਗਾਂ ਜੁਗਾਂ ਤੱਕ ਪੰਥ ਮੇਰੇ ਦੇ ਜਿਹੜਾ ਰਾਹ ਰੁਸ਼ਨਾਏ....

ਕੋਈ ਹੈ ਸੂਰਮਾ...

Saturday, March 13, 2010

ਹਰਚੰਦ ਸਿੰਘ ਬਾਗੜੀ - ਸ਼ਲੋਕ

ਸ਼ਲੋਕ

ਸ਼ਬਦੀਂ ਹੋਣ ਲੜਾਈਆਂ, ਚੰਦ ਸ਼ਬਦੀਂ ਹੋਏ ਸੁਲ੍ਹਾ।

ਲੱਗੇ ਫ਼ੱਟ ਤਲਵਾਰ ਦੇ, ਦੇਵੇ ਸ਼ਬਦ ਭੁਲਾਅ।

-----

ਚਹੁੰ ਉਂਗਲ਼ ਦੀ ਜੀਭ ਚੰਦ, ਹੈ ਸ਼ਬਦਾਂ ਦੀ ਕਾਨ।

ਜਿਹੋ ਜਿਹੇ ਕੋਈ ਖੋਜਦਾ, ਉਹੋ ਜਿਹੇ ਮਿਲ਼ ਜਾਣ।

-----

ਜੀਭਾਂ ਵਿਚੋਂ ਜਦੋਂ ਵੀ ਚੰਦ ਸ਼ਬਦ ਮਰ ਜਾਣ।

ਕੱਫ਼ਣ ਵਿਚ ਲਪੇਟ ਕੇ, ਜਾ ਧਰਨ ਸ਼ਮਸ਼ਾਨ।

-----

ਸੱਭੇ ਧੀਆਂ ਰਾਣੀਆਂ, ਚੰਦ ਰਾਜੇ ਸਭ ਦਾਮਾਦ।

ਵੱਸਣ-ਰੱਸਣ ਰਿਆਸਤਾਂ, ਸਦਾ ਰਹਿਣ ਆਬਾਦ।

-----

ਨਿੰਦਾ ਸ਼ਬਦ ਕਰਾਮਦੇ, ਸ਼ਬਦ ਕਰਨ ਚੰਦ ਮਾਣ।

ਕੋਈ ਸ਼ਬਦ ਸੂਲ਼ ਹੈ, ਕੋਈ ਫੁੱਲ ਸਾਮਾਨ।

-----

ਉਹੀ ਮੁਖੀ ਚੰਦ ਭਲੇ, ਜਿਨ ਸ਼ਬਦਾਂ ਦੀ ਜਾਂਚ।

ਦੇਸ, ਕੌਮ, ਪਿੰਡ, ਸ਼ਹਿਰ ਨੂੰ, ਆਣ ਨਾ ਦੇਂਦੇ ਆਂਚ।

-----

ਸ਼ਬਦ ਸੁਨੱਖੇ ਜਿਨ੍ਹਾਂ ਦੇ, ਉਨ੍ਹਾਂ ਵੱਖਰੀ ਦਿੱਖ।

ਮਾੜੇ ਸ਼ਬਦ ਨਾ ਮਿਲ਼ੇ ਚੰਦ ਮੰਗਿਆਂ ਭਿੱਖ।

-----

ਜੋ ਨਾ ਸ਼ਬਦ ਵਿਚਾਰਦੇ, ਹੋਵਣ ਚੰਦ ਖ਼ੁਆਰ।

ਆਪਣੇ ਪੈਰੀਂ ਆਪ ਉਹ, ਲੈਣ ਕੁਹਾੜਾ ਮਾਰ।

-----

ਵੱਖ-ਵੱਖ ਪੁਰਜ਼ੇ ਚੰਦ ਘੜੇ, ਵੱਖ-ਵੱਖ ਕਰਦੇ ਕੰਮ।

ਕੋਈ ਕਾਰ ਭਜਾਉਂਦਾ, ਕੋਈ ਦੇਵੇ ਥੰਮ੍ਹ।

-----

ਮੁੱਖ-ਬੰਦ ਲਿਖਣ ਵਾਲ਼ਿਆਂ, ਕੀਤੀ ਮਹਿਮਾ ਢੇਰ।

ਫੋਲ਼ੀ ਜਦੋਂ ਕਿਤਾਬ ਚੰਦ, ਵਿਚ ਕਾਚੜੇ ਬੇਰ।

-----

ਕਲਮ ਦੇ ਵਿਚ ਹੀ ਪਾ ਦਿੱਤੀ ਸਿਆਹੀ ਅਤੇ ਦਵਾਤ।

ਜਿਨ੍ਹਾਂ ਨੂੰ ਰੱਬ ਦੇ ਦਿੱਤੀ, ਚੰਦ ਅਕਲ ਦੀ ਦਾਤ।

Sunday, February 21, 2010

ਹਰਚੰਦ ਸਿੰਘ ਬਾਗੜੀ - ਕਾਵਿ-ਵਿਅੰਗ

ਦੋਸਤੋ! ਬਾਹਰਲੇ ਦੇਸ਼ਾਂ ਵਿਚ ਵਸਦਾ ਆਪਣੇ ਵਿਚੋਂ ਹਰ ਕੋਈ ਇਹੀ ਸੋਚਦਾ ਹੈ ਕਿ 65 ਸਾਲ ਦੀ ਉਮਰ ਹੋਵੇ ਤੇ ਰਿਟਾਇਡ ਹੋ ਕੇ ਜ਼ਿੰਦਗੀ ਦਾ ਲੁਤਫ਼ ਲਈਏ। ਏਥੇ ਰਿਟਾਇਡ ਹੋ ਕੇ ਹੋਰ ਜ਼ਿੰਮੇਵਾਰੀਆਂ ਜਾਂ ਬੇਗਾਰਾਂ ਪੱਲੇ ਪੈ ਜਾਂਦੀਆਂ ਨੇ। ਹੋਰ ਨਈਂ ਤਾਂ ਦੋਹਤੇ-ਦੋਹਤੀਆਂ, ਪੋਤੇ-ਪੋਤੀਆਂ ਸਾਂਭਣ ਦਾ ਹੁਕਮ ਮਿਲ਼ ਜਾਂਦਾ ਹੈ। ਸਾਰਾ ਦਿਨ ਉਹਨਾਂ ਨੂੰ ਸਾਂਭੋ ਤੇ ਸ਼ਾਮ ਪਈ ਮਾਂ-ਬਾਪ ਦੇ ਘਰੇ ਆਉਂਦਿਆਂ ਬੱਚੇ ਸ਼ਿਕਾਇਤਾਂ ਦੀ ਝੜੀ ਲਾ ਦਿੰਦੇ ਨੇ ਕਿ ਅੱਜ ਨਾਨੀ/ਨਾਨਾ, ਦਾਦਾ/ ਦਾਦੀ ਨੇ ਸਾਨੂੰ ਘੂਰਿਆ ਸੀ, ਫੂਡ ਟਾਈਮ ਤੇ ਨਹੀਂ ਦਿੱਤਾ, ਡਾਇਪਰ ਨਹੀਂ ਬਦਲੇ...ਵਗੈਰਾ-ਵਗੈਰਾ। ਬੱਚਿਆ ਦੇ ਮਾਂ-ਬਾਪ ਨੇ ਆਪਣੇ ਮਾਪਿਆਂ ਦਾ ਸ਼ੁਕਰੀਆ ਤਾਂ ਕੀ ਅਦਾ ਕਰਨਾ ਹੁੰਦਾ ਹੈ ਉੱਤੋਂ ਬਜ਼ੁਰਗਾਂ ਤੇ ਬਰਸਣ ਲੱਗਦੇ ਨੇ ਕਿ ਤੁਸੀਂ ਆਹ ਨੀ ਕੀਤਾ, ਅਹੁ ਨੀ ਕੀਤਾ, ਡਿਨਰ ਤੱਕ ਨ੍ਹੀਂ ਬਣਾਇਆ, ਸਾਰਾ ਦਿਨ ਘਰੇ ਵਿਹਲੇ ਹੀ ਸੀ। ਜਦਕਿ ਆਪਾਂ ਸਾਰੇ ਜਾਣਦੇ ਹਾਂ ਕਿ ਇਹਨਾਂ ਦੇਸ਼ਾਂ ਚ ਦੋ ਬੱਚਿਆਂ ਦੀ ਬੇਬੀ ਸਿਟਿੰਗ ਕਰਨੀ ਇੰਡੀਆ ਚ ਦਸ ਪਸ਼ੂਆਂ ਨੂੰ ਸਾਂਭਣ ਦੇ ਬਰਾਬਰ ਹੈ। ਕੋਈ ਪੁੱਛੇ ਕਿ ਮਾਪੇ ਨੇ ਕਿ ਤੁਹਾਡੇ ਨੌਕਰ ਨੇ?? ਕੀ ਇਹਨਾਂ ਕੰਮਾਂ ਲਈ ਉਹਨਾਂ ਨੂੰ ਸਪਾਂਸਰ ਕਰਕੇ ਇੰਡੀਆ ਤੋਂ ਬੁਲਾਉਂਦੇ ਹੋਂ ਕਿ ਪਹਿਲਾਂ ਤੁਹਾਨੂੰ ਪਾਲ਼ਿਐ, ਹੁਣ ਤੁਹਾਡੇ ਬੱਚੇ ਪਾਲ਼ਣ??? ਨੂੰਹਾਂ-ਪੁੱਤਾਂ ਦੀ ਗੱਲ ਛੱਡੋ, ਏਥੇ ਤਾਂ ਲੋਕ ਧੀਆਂ ਦੇ ਵੀ ਸਤਾਏ ਹੋਏ ਨੇ।

-----

ਮੈਂ ਇਕ ਦਿਨ ਡਾ: ਫ਼ਿਲ ਦਾ ਸ਼ੋਅ ਵੇਖ ਰਹੀ ਸੀ, ਉਸ ਵਿਚ ਇਕ ਗੋਰੀ ਦਾਦੀ ਧਾਹਾਂ ਮਾਰ-ਮਾਰ ਰੋ ਰਹੀ ਸੀ ਕਿ ਉਸਦੀ ਨੂੰਹ ਉਸਨੂੰ ਉਸਦੇ ਪੋਤੇ-ਪੋਤੀਆਂ ਨੂੰ ਨਈਂ ਮਿਲ਼ਣ ਦਿੰਦੀ ਤੇ ਸ਼ਰਤਾਂ ਲਾਉਂਦੀ ਹੈ ਕਿ ਜੇ ਬੱਚਿਆਂ ਨੂੰ ਮਿਲ਼ਣਾ ਹੈ ਤਾਂ ਬੇਬੀ ਸਿਟਿੰਗ ਕਰ ਤੇ ਘਰ ਦਾ ਸਾਰਾ ਕੰਮ ਕਰ। ਘੰਟੇ ਭਰ ਦੇ ਸ਼ੋਅ ਦਾ ਡਾ: ਫ਼ਿਲ ਨੇ ਇਹ ਨਤੀਜਾ ਕੱਢਿਆ ਕਿ ਪਹਿਲਾਂ ਮਨ ਵਿੱਚੋਂ ਇਹ ਗੱਲ ਸਾਰੇ ਨਾਨੇ-ਨਾਨੀਆਂ ਤੇ ਦਾਦੇ-ਦਾਦੀਆਂ ਨੂੰ ਕੱਢ ਦੇਣੀ ਚਾਹੀਦੀ ਹੈ ਕਿ ਤੁਹਾਡੇ ਪੋਤੇ/ਪੋਤੀਆਂ, ਦੋਹਤੇ/ਦੋਹਤੀਆਂ ਤੁਹਾਡੇ ਬੱਚੇ ਹਨ। ਬਲਕਿ ਇਹ ਸੋਚਣਾ ਚਾਹੀਦਾ ਹੈ ਕਿ ਉਹ ਸਾਡੇ ਬੱਚਿਆਂ ਦੇ ਬੱਚੇ ਹਨ ਤੇ ਓਨੀ ਕੁ ਹੀ ਭਾਵੁਕਤਾ ਦੇ ਨਾਮ ਤੇ ਸ਼ੋਸ਼ਣ ਕਰਨ ਦੀ ਆਗਿਆ ਆਪਣੇ ਨੂੰਹਾਂ-ਪੁੱਤਾਂ ਅਤੇ ਧੀਆਂ-ਜਵਾਈਆਂ ਨੂੰ ਦੇਣੀ ਚਾਹੀਦੀ ਹੈ, ਕਿਉਂਕਿ ਆਪਣੇ ਬੱਚੇ ਪਾਲ਼ ਕੇ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ ਹੈ। ਹੁਣ ਪੋਤੇ/ਪੋਤੀਆਂ, ਦੋਹਤੇ/ਦੋਹਤੀਆਂ ਨੂੰ ਤੁਸੀਂ ਕਿੰਨੇ ਵਕ਼ਤ ਦੇਣਾ ਚਾਹੁਦੇ ਓ, ਤੁਹਾਡੇ ਨਿਮਰ ਸੁਭਾਅ ਅਤੇ ਤੁਹਾਡੇ ਰੁਝੇਵਿਆਂ ਤੇ ਨਿਰਭਰ ਕਰਦਾ ਹੈ। 'ਮੂਲ ਨਾਲ਼ੋਂ ਵਿਆਜ ਪਿਆਰਾ' ਵਾਲ਼ੀ ਗੱਲ ਛੱਡੋ ਕਿਉਂਕਿ ਜ਼ਿੰਦਗੀ ਇਕ ਵਾਰ ਹੀ ਮਿਲ਼ਦੀ ਹੈ, ਇਸਦਾ ਭਰਪੂਰ ਆਨੰਦ ਲਓ।

----

ਇਹ ਤਾਂ ਸੀ ਘਰਦਿਆਂ ਦੀ ਗੱਲ, ਰਿਟਾਇਡ ਅਤੇ ਘਰ ਰਹਿਣ ਵਾਲ਼ੇ ਇਨਸਾਨ ਨੂੰ ਉਸਦੇ ਦੋਸਤ-ਮਿੱਤਰ ਵੀ ਨਹੀਂ ਬਖ਼ਸ਼ਦੇ, ਨਿੱਤ ਨਵੀਆਂ ਬੇਗਾਰਾਂ ਪਾਈ ਜਾਣਗੇ ਕਿ ਘਰੇ ਵਿਹਲੇ ਈ ਓਂ...ਸਾਡਾ ਹੱਥ ਈ ਵਟਾ ਜਾਓ। ਭਲਾ ਇਹ ਰਿਟਾਇਰਮੈਂਟ ਹੋਈ ??? ਮੇਰੇ ਖ਼ਿਆਲ ਚ ਕੰਮ ਤੋਂ ਸੇਵਾ-ਮੁਕਤ ਬੰਦਾ ਏਥੇ ਜ਼ਿਆਦਾ ਰੁੱਝਿਆ ਹੋਇਆ ਹੁੰਦਾ ਹੈ। ਹਾਂ! ਕਦੇਕਦਾਈਂ ਜੇਕਰ ਕੋਈ ਆਪਣੀ ਮਰਜ਼ੀ ਨਾਲ਼ ਮੱਦਦ ਕਰਨਾ ਚਾਹੁੰਦਾ ਹੈ ਤਾਂ ਉਸ ਵਿਚ ਕੋਈ ਹਰਜ਼ ਨਹੀਂ। ਮੈਂ ਹੁਣ ਚੁੱਪ ਕਰਦੀ ਹਾਂ ਤੇ ਹੁਣ ਤਾਂ ਕੋਕਿਟਲਮ ਵਸਦੇ ਲੇਖਕ ਸ: ਹਰਚੰਦ ਸਿੰਘ ਬਾਗੜੀ ਸਾਹਿਬ ਕਾਵਿ-ਵਿਅੰਗ ਚ ਦੱਸਣਗੇ ਕਿ ਰਿਟਾਇਡ ਹੋ ਕੇ ਉਹਨਾਂ ਕਿੰਨਾ ਕੁ ਜ਼ਿੰਦਗੀ ਨੂੰ ਮਾਣਿਆ ਹੈ। ਜਦੋਂ ਦੀ ਮੈਂ ਨਜ਼ਮ ਸੁਣੀ ਹੈ, ਮੈਂ ਵਾਹ-ਵਾਹ ਕਰੀ ਜਾ ਰਹੀ ਹਾਂ। ਬਾਗੜੀ ਸਾਹਿਬ! ਏਨਾ ਖ਼ੂਬਸੂਰਤ ਕਾਵਿ-ਵਿਅੰਗ ਲਿਖਣ ਤੇ ਆਰਸੀ ਪਰਿਵਾਰ ਵੱਲੋਂ ਮੁਬਾਰਕਬਾਦ ਕਬੂਲ ਕਰੋ ਜੀ। ਡੈਡੀ ਜੀ ਬਾਦਲ ਸਾਹਿਬ ਇਹ ਆਖ ਕੇ ਸਪੈਸ਼ਲ ਵਧਾਈਆਂ ਦੇ ਰਹੇ ਨੇ ਕਿ ਬਾਗੜੀ ਸਾਹਿਬ ਸਾਡੇ ਲਾਅਨ ਦਾ ਘਾਹ ਵੀ ਕੱਟਣ ਵਾਲ਼ਾ ਹੈ, ਕਦੇ ਏਧਰੋਂ ਵੀ ਲੰਘਦੇ ਜਾਇਓ J ਇਹ ਤਾਂ ਸੀ ਮਜ਼ਾਕ ਦੀ ਗੱਲ। ਬਾਗੜੀ ਸਾਹਿਬ ਨਜ਼ਮ ਸਭ ਨਾਲ਼ ਸਾਂਝੀ ਕਰਨ ਦਾ ਬੇਹੱਦ ਸ਼ੁਕਰੀਆ। ਆਸ ਹੈ ਇਸ ਨਜ਼ਮ ਵਿਚਲਾ ਵਿਅੰਗ ਕਿਸੇ 'ਤੇ ਤਾਂ ਅਸਰ ਕਰੇਗਾ ਹੀ।

ਅਦਬ ਸਹਿਤ

ਤਨਦੀਪ ਤਮੰਨਾ

**************

ਬੇਗਾਰਾਂ ਜੋਗਾ ਰਹਿ ਗਿਆ

ਕਾਵਿ-ਵਿਅੰਗ

ਜਦੋਂ ਦਾ ਘਰ ਹਾਂ ਰਿਟਾਇਡ ਹੋ ਕੇ ਬਹਿ ਗਿਆ।

ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ ਰਹਿ ਗਿਆ।

ਆਮਦਨ ਘਟ ਗਈ ਖ਼ਰਚਾ ਵਧਾ ਲਿਆ।

ਕਾਰ ਪੈਟਰੋਲ ਦਿਆਂ ਖ਼ਰਚਿਆਂ ਨੇ ਖਾ ਲਿਆ।

ਕੰਮ ਤੋਂ ਜ਼ਿਆਦਾ ਗੱਡੀ ਸੜਕਾਂ ਤੇ ਘੁਕਦੀ।

ਹਫ਼ਤੇ ਚ ਭਰਿਆ ਭਰਾਇਆ ਟੈਂਕ ਫ਼ੂਕਦੀ।

ਮੂੰਹ-ਕੂਲ ਬੰਦੇ ਤਾਈਂ ਗਧੀ ਗੇੜ ਪੈ ਗਿਆ...

ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....

------

ਦੇਸੋਂ ਆਇਆ ਕਹਿੰਦਾ ਮੈਨੂੰ ਕਾਰ ਈ ਸਿਖਾ ਦੇ।

ਕੰਮ ਜੋਗਾ ਹੋ ਜਾਂ ਲਾਇਸੈਂਸ ਈ ਦੁਆ ਦੇ।

ਕਾਰਾਂ ਸਿਖਾਉਣ ਵਾਲ਼ੇ ਪੈਸੇ ਬੜੇ ਝਾੜਦੇ।

ਤੈਨੂੰ ਕੀ ਫ਼ਰਕ ਪੈਂਦੈ, ਮੇਰਾ ਕੰਮ ਸਾਰ ਦੇ।

ਦੂਰ ਦਾ ਲਿਹਾਜ਼ੀ ਆ ਕੇ ਮੇਰੇ ਘਰੇ ਬਹਿ ਗਿਆ....

ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....

-----

ਇਕ ਕਹਿੰਦਾ ਮੇਰੇ ਤਾਂ ਕਿਰਾਏਦਾਰ ਭੱਜਗੇ।

ਸਾਰਾ ਨਿੱਕ-ਸੁਕ ਮੇਰੇ ਘਰ ਵਿਚ ਛੱਡਗੇ।

ਵਿਹਲਾ ਈ ਐਂ ਮੇਰਾ ਜ਼ਰਾ ਹੱਥ ਈ ਵਟਾ ਜਾਹ।

ਕਰਗੇ ਖ਼ਰਾਬ ਕੰਧਾਂ ਪੇਂਟ ਵੀ ਕਰਾ ਜਾਹ।

ਸੋਚਾਂ ਦਾ ਪਹਾੜ ਮੇਰੇ ਸਿਰ ਉੱਤੇ ਢਹਿ ਗਿਆ...

ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....

-----

ਫ਼ੋਨ ਉੱਤੇ ਕਹਿੰਦੀ ਭਰਜਾਈ ਉੱਚੀ ਬੋਲ ਕੇ।

ਕੁੱਤਾ ਘਰੋਂ ਭੱਜਿਆ, ਲਿਆਈਂ ਜ਼ਰਾ ਟੋਲ਼ ਕੇ।

ਸਰਕਾਰੀ ਬੰਦਾ ਪਹਿਲਾਂ ਲੈ ਗਿਆ ਸੀ ਫੜਕੇ।

ਢਾਈ ਸੌ ਦਾ ਬਿਲ ਸਾਡੇ ਸੀਨੇ ਵਿਚ ਰੜਕੇ।

ਮੈਨੂੰ ਕੀ ਪਤਾ ਸੀ ਕੁੱਤਾ ਕਿਹੜੇ ਰਾਹ ਪੈ ਗਿਆ...

ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....

-----

ਭਰ ਗਿਆ ਬਾਥਰੂਮ, ਕਿਚਨ ਤੇ ਸੀੜ੍ਹੀਆਂ।

ਸਾਡੇ ਘਰ ਆ ਵੜੇ ਕੀੜੇ ਅਤੇ ਕੀੜੀਆਂ।

ਕੀੜੇਮਾਰ ਲੈ ਆ ਦਵਾਈ ਕਿਤੋਂ ਭਾਲ਼ ਕੇ।

ਇਕ ਵਾਰ ਛਿੜਕੀ ਸੀ ਜਿਹੜੀ ਤੂੰ ਪਾਲ ਕੇ।

ਸਾਰਾ ਪਰਿਵਾਰ ਚੜ੍ਹ ਸੋਫ਼ਿਆਂ ਤੇ ਬਹਿ ਗਿਆ...

ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....

-----

ਅਸੀਂ ਜਾਣਾ ਦੇਸ਼ ਨੂੰ ਜਹਾਜ ਆਈਂ ਚਾੜ੍ਹ ਕੇ।

ਅਟੈਚੀਆਂ ਦਾ ਭਾਰ ਨਾਲ਼ੇ ਦੇਖ ਲਈਂ ਹਾੜ ਕੇ।

ਮੁੜਾਂਗੇ ਮਹੀਨੇ ਤੱਕ ਅਸੀਂ ਗੇੜਾ ਮਾਰ ਕੇ।

ਟੈਮ ਨਾਲ਼ ਆਜੀਂ ਤੇ ਜਹਾਜੋਂ ਲੈਜੀਂ ਤਾਰ ਕੇ।

ਸਾਡੀ ਤਾਂ ਕਾਰ ਪੱਪੂ ਕੰਮ ਉੱਤੇ ਲੈ ਗਿਆ....

ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....

-----

ਭਾਰੇ ਸੀ ਅਟੈਚੀ ਅਤੇ ਚੁੱਕ ਮੇਰੇ ਪੈ ਗਈ।

ਪੀੜਾਂ ਮਾਰੀ ਜਿੰਦ ਸਾਡੀ ਮੰਜੇ ਜੋਗੀ ਰਹਿ ਗਈ।

ਘਰਵਾਲ਼ੀ ਗ਼ੁੱਸੇ ਵਿਚ ਬੁੜ ਬੁੜ ਕਰਦੀ।

ਟੈਚੀ ਨੇ ਜਾ ਚੱਕਦਾ ਤਾਂ ਨਾੜ ਕਾਹਨੂੰ ਚੜ੍ਹਦੀ?

ਸੇਵਾ ਦਾ ਸਵਾਦ ਤੈਨੂੰ ਇਹ ਕਿੱਥੋਂ ਪੈ ਗਿਆ....

ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....

-----

ਖੁੱਲ੍ਹਾ-ਡੁੱਲ੍ਹਾ ਘਰ ਆਪਾਂ ਨਵਾਂ ਹੋਰ ਪਾ ਲਿਆ।

ਸਬਜ਼ੀਆਂ ਲਈ ਕਾਫੀ ਥਾਂ ਵੀ ਬਣਾ ਲਿਆ।

ਢੇਰ ਦਾ ਟਰੱਕ ਅੱਜ ਦਸ ਵਜੇ ਆਣਾ ਏਂ।

ਵੀਲ੍ਹ ਬੈਰਲ ਲੈ ਆ ਢੋਅ ਕੇ ਮਗਰ ਲਿਜਾਣਾ ਏਂ।

ਫ਼ੋਨ ਸੁਣ ਢੂਹੀ ਚ ਕੜਿੱਲ ਮੇਰੇ ਪੈ ਗਿਆ....

ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....

-----

ਨਲ਼ਕੇ ਨੇ ਚੋਂਦੇ ਤਾਇਆ ਜਾਈਂ ਤੂੰ ਹਟਾ ਕੇ।

ਨਾਲ਼ੇ ਟੱਬ ਬੰਦ ਐ, ਡਰੇਨੋ ਜਾਈਂ ਪਾ ਕੇ।

ਲੈ ਆ ਮਸ਼ੀਨ ਘਰ ਪਾਵਰ ਵਾਸ਼ ਕਰ ਜਾਹ।

ਜਿਪਰੌਕ ਗਲ਼ੀ ਜਾਵੇ ਸਿਲੀਕੌਨ ਭਰ ਜਾਹ।

ਸਾਰਿਆਂ ਦਾ ਕੰਮ ਹੁਣ ਮੇਰੇ ਹੱਥ ਪੈ ਗਿਆ...

ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....

-----

ਜਿਸਨੂੰ ਜਵਾਬ ਦੇਵਾਂ ਉਹੀ ਰੁੱਸ ਜਾਂਵਦਾ।

ਉਸਨੇ ਕੀ ਆਉਣਾ, ਉਹਦਾ ਫ਼ੋਨ ਵੀ ਨਈਂ ਆਂਵਦਾ।

ਉਮਰ ਸਿਆਣੀ ਭਾਰੇ ਕੰਮਾਂ ਜੋਗੇ ਅੰਗ ਨਾ।

ਭਲੇ ਲੋਕਾਂ ਤਾਈਂ ਪਰ ਰਤਾ ਆਵੇ ਸੰਗ ਨਾ।

ਸ਼ਰਮ-ਹਯਾ ਦਾ ਘੁੰਡ ਦੁਨੀਆਂ ਦਾ ਲਹਿ ਗਿਆ....

ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....

-----

ਕਿੰਨੇ ਟੈਚੀ ਚੁੱਕੇਗਾ ਤੇ ਕਿੰਨੇ ਢੇਰ ਢੋਵੇਂਗਾ?

ਕੀਹਦੇ ਕੀੜੇ ਮਾਰੇਂਗਾ ਤੇ ਕੁੱਤੇ ਮੋੜ 'ਆਵੇਂਗਾ?

ਵਹੁਟੀ ਕਹਿੰਦੀ ਮੁੜ ਕੇ ਪੰਜਾਲ਼ੀ ਕੰਧੇ ਧਰ ਲੈ।

ਇਸ ਨਾਲ਼ੋਂ ਚੰਗਾ ਚੰਦ ਚੌਂਕੀਦਾਰਾ ਕਰ ਲੈ।

ਨਾਲ਼ੇ ਕੀਤੇ ਕੰਮ ਤੇ ਨਾਲ਼ੇ ਵੈਰ ਪੈ ਗਿਆ...

ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....

Thursday, November 26, 2009

ਹਰਚੰਦ ਸਿੰਘ ਬਾਗੜੀ - ਨਜ਼ਮ

ਮਾਏ ਨੀ ਮੁੜ ਸਾਡੇ ਹਿੱਸੇ

ਨਜ਼ਮ

ਮਾਏ ਨੀ ਮੁੜ ਸਾਡੇ ਹਿੱਸੇ ਆਈ ਏ ਰੁੱਤ ਮਾੜੀ।

ਲਹਿਣੇਦਾਰਾਂ ਸੌਣੀ ਸਾਂਭੀ ਗੜਿਆਂ ਮਾਰੀ ਹਾੜ੍ਹੀ।

ਬੀਜ ਸਿਰਾਂ ਦੇ ਖੇਤੀਂ ਬੀਜੇ ਖ਼ੂਨ ਰਗਾਂ ਚੋਂ ਪਾਇਆ,

ਫਲ਼ ਪੱਕੇ ਤਾਂ ਸਾਡੇ ਹਿੱਸੇ ਆਈ ਨਾ ਇਕ ਫਾੜੀ।

-----

ਅਸੀਂ ਤਾਂ ਉਹ ਖੇਤ ਨੀ ਮਾਏ ਜੋ ਵਾੜਾਂ ਖ਼ੁਦ ਖਾਧੇ,

ਸਾਡੀ ਹਰ ਤਬਾਹੀ ਉੱਤੇ ਸਾਡਿਆਂ ਮਾਰੀ ਤਾੜੀ।

ਨਾ ਬਿਜਲੀ ਨਾ ਡੀਜ਼ਲ ਮਾਏ ਨਹਿਰਾਂ ਸਾਥੋਂ ਰੁੱਸੀਆਂ,

ਦਰਿਆਵਾਂ ਦੇ ਹੁੰਦਿਆਂ ਸੁੰਦਿਆਂ ਫ਼ਸਲ ਸੋਕਿਆਂ ਸਾੜੀ।

-----

ਕਰਜ਼ੇ ਦੀ ਪੰਡ ਬਾਬਲ ਮੇਰਾ ਵੀਰ ਦੇ ਸਿਰ ਧਰ ਮੋਇਆ,

ਇਕ ਤਾਂ ਇਸਦੀ ਉਮਰ ਨਿਆਣੀ ਇਕ ਭੈੜੀ ਇਹ ਭਾਰੀ।

ਦੁਨੀਆਂ ਦੀ ਹਰ ਅੱਖ ਪਰਖ ਸਕੇ ਨਾ ਕੀ ਅਸਲੀ ਕੀ ਨਕਲੀ?

ਅੱਜ ਹਿਰਨੀ ਦਾ ਕਰੇ ਜਣੇਪਾ ਖ਼ੁਦ ਭੁੱਖੀ ਬਘਿਆੜੀ।

-----

ਜੀਵਨ ਦੇ ਸਾਰੇ ਹੱਕ ਖੋਹ ਕੇ ਵੀਰਾ ਬੇ-ਹੱਕ ਕਰਿਆ,

ਹੱਕ ਮੰਗੇ ਤਾਂ ਕਹਿ ਅੱਤਵਾਦੀ ਫ਼ੌਜ ਓਸ ਤੇ ਚਾੜ੍ਹੀ।

ਚੰਦ ਵਰਗਾ ਇਕ ਵੀਰਨ ਮੇਰਾ ਸ਼ਹਿਰ ਗਿਆ ਨਾ ਮੁੜਿਆ,

ਮਹਿੰਦੀ ਰੰਗੇ ਹੱਥਾਂ ਵਾਲ਼ੀ ਘਰ ਉਡੀਕੇ ਨਾਰੀ।

Monday, January 12, 2009

ਹਰਚੰਦ ਸਿੰਘ ਬਾਗੜੀ - ਟੱਪੇ

ਟੱਪੇ

ਮੋਏ ਮਿੱਤ ਨਾ ਕਿਸੇ ਦੇ ਹੁੰਦੇ

ਸਿਵਿਆਂ ਤੋਂ ਦੂਰ ਦੀ ਲੰਘੀਂ।

----

ਢਾਅ ਦੇਣ ਨਾ ਮੁਲ਼ਕ ਦੇ ਕੌਲ਼ੇ

ਲੀਡਰਾਂ ਦੇ ਭੇੜ ਚੰਦਰੇ।

----

ਜਿਹੜੇ ਗਿਆ ਸੀ ਬੀਜ ਕੇ ਹਾਸੇ

ਹਿਜਰਾਂ ਦੇ ਵੱਗ ਚਰ ਗਏ।

----

ਨਹਾ ਕੇ ਹਟਿਆ ਗੁਲਾਬੀ ਫੁੱਲ ਕੋਈ

ਬੀਹੀ ਵਿਚੋਂ ਆਉਂਣ ਲਪਟਾਂ।

----

ਮੂਹਰੇ ਉਹਨਾਂ ਦੇ ਦਗਣ ਦੁਪਹਿਰੇ

ਪਿੱਠ ਪਿੱਛੇ ਰਾਤਾਂ ਕਾਲ਼ੀਆਂ।

----

ਚੜ੍ਹੇ ਸੂਰਜ ਭਾਵੇਂ ਲੱਖ ਵਾਰੀ

ਈਦ ਹੋਣੀ ਚੰਦ ਚੜ੍ਹਿਆਂ।

----

ਲੋਕੀਂ ਤੱਕਣ ਛੱਤਾਂ ਤੇ ਚੜ੍ਹ ਕੇ

ਛਿਪਦੇ ਚ ਚੰਦ ਚੜ੍ਹਿਆ।

----

ਸੁੱਕੇ ਅੰਬਰੀਂ ਤਰੇਲ਼ ਨਿੱਤ ਵਰ੍ਹਦੀ

ਬੱਦਲ਼ੀ ਤਾਂ ਵਰ੍ਹਦੀ ਕਦੇ।

-----

ਤੂੰ ਕਦੇ ਨਾ ਗੁਆਂਢਣੇ ਆਈ

ਧੂੰਆਂ ਆਵੇ ਕੰਧ ਟੱਪ ਕੇ।

----

ਤੇਰੇ ਯਾਰ ਨੇ ਵੇਚਣੇ ਹੀਰੇ

ਤੂੰ ਹਟੀ ਸੋਨਾ ਵੇਚ ਕੇ।

Friday, December 19, 2008

ਹਰਚੰਦ ਸਿੰਘ ਬਾਗੜੀ - ਨਜ਼ਮ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਵੈਨਕੂਵਰ ਨਿਵਾਸੀ ਉੱਘੇ ਲੇਖਕ ਸਤਿਕਾਰਤ ਹਰਚੰਦ ਸਿੰਘ ਬਾਗੜੀ ਜੀ ਨੇ ਆਪਣੀਆਂ ਬੇਹੱਦ ਖ਼ੂਬਸੂਰਤ ਰਚਨਾਵਾਂ ਆਰਸੀ ਲਈ ਭੇਜੀਆਂ ਹਨ। ਉਹਨਾਂ ਦੀਆਂ ਖ਼ੂਬਸੂਰਤ ਨਜ਼ਮਾਂ, ਦੋਹੇ, ਟੱਪੇ ਪੰਜਾਬੀ ਦੇ ਸਿਰਮੌਰ ਅਖ਼ਬਾਰਾਂ, ਰਸਾਲਿਆਂ ਚ ਪੜ੍ਹਦੇ ਹੀ ਰਹਿੰਦੇ ਹਾਂ। ਸੰਗਰੂਰ ਜ਼ਿਲੇ ਦੇ ਪਿੰਡ ਫਰਵਾਹੀ (ਬਾਗੜੀ) ਚ ਅਗਸਤ 20, 1945 ਨੂੰ ਜਨਮੇ ਬਾਗੜੀ ਸਾਹਿਬ 1971 ਤੋਂ ਕੈਨੇਡਾ ਚ ਨਿਵਾਸ ਕਰ ਰਹੇ ਹਨ ਤੇ ਰਿਟਾਇਡ ਹੋ ਕੇ ਪਰਿਵਾਰ ਸਹਿਤ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ।


ਉਹਨਾਂ ਦੁਆਰਾ ਰਚਿਤ ਪੁਸਤਕਾਂ ਚ : ਕਾਵਿ ਸੰਗ੍ਰਹਿ: ਸੋਨੇ ਦਾ ਮਿਰਗ, ਸੱਜਰੇ ਫੁੱਲ, ਗਿੱਲੀ ਅੱਖ ਦਾ ਸੰਵਾਦ, ਪੈਂਤੀ ਅੱਖਰੀ, ਸੁਨਹਿਰੀ ਮਣਕੇ, ਸ਼ਲੋਕਾਂ ਭਰੀ ਚੰਗੇਰ, ਬੁੱਕ ਮਿੱਟੀ ਦੀ, ਸੁਨੇਹੇ, ਸਮੇਂ ਦਾ ਸੱਚ, ਤੇ ਕਹਾਣੀ ਸੰਗ੍ਰਹਿ: ਲਾਗੀ ਤੇ ਦੁੱਧ ਦਾ ਮੁੱਲ ਸ਼ਾਮਲ ਹਨ। ਦੋ ਪੁਸਤਕਾਂ ਛਪਾਈ ਅਧੀਨ ਹਨ।


ਸਾਹਿਤਕ ਤੌਰ ਤੇ ਸਰਗਰਮ ਬਾਗੜੀ ਸਾਹਿਬ ਬਹੁਤ ਸਾਹਿਤ ਸਭਾਵਾਂ ਨਾਲ਼ ਸਬੰਧਿਤ ਰਹੇ ਹਨ ਤੇ ਕਈ ਇਨਾਮਾਂ ਨਾਲ਼ ਸਨਮਾਨੇ ਜਾ ਚੁੱਕੇ ਹਨ।



ਕੱਲ੍ਹ ਉਹਨਾਂ ਘਰ ਆਕੇ ਕਿਤਾਬ ਅਤੇ ਆਰਸੀ ਲਈ ਇੱਛਾਵਾਂ ਦਿੱਤੀਆਂ ਤੇ ਬਹੁਤ ਹੌਸਲਾ-ਅਫ਼ਜ਼ਾਈ ਕੀਤੀ ਹੈ, ਮੈਂ ਉਹਨਾਂ ਦੀ ਤੇ ਆਂਟੀ ਜੀ ਸਰਦਾਰਨੀ ਪਰਮਿੰਦਰ ਕੌਰ ਬਾਗੜੀ ਜੀ ਦੀ ਤਹਿ-ਦਿਲੋਂ ਮਸ਼ਕੂਰ ਹਾਂ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਆਰਸੀ ਦੀ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਆਖਦੀ ਹਾਂ। ਅੱਜ ਉਹਨਾਂ ਦੀਆਂ ਰਚਨਾਵਾਂ ਚੋਂ ਇੱਕ ਨਜ਼ਮ ਤੇ ਕੁੱਝ ਖ਼ੂਬਸੂਰਤ ਟੱਪੇ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ।



ਰਾਖੀ

ਨਜ਼ਮ

ਗੰਦਲ਼ਾਂ ਦੀ ਰਾਖੀ ਭੇਜਿਆ

ਸਾਨੂੰ ਸੋਟੀ ਫੜਾ ਕੇ

ਖੇਤਾਂ ਦੇ ਬੰਨੇ ਖੜ੍ਹ ਗਏ

ਅਸੀਂ ਪਹਿਰਾ ਲਗਾ ਕੇ।

---

ਇਸ ਕਦਰ ਮਿੱਠਾ ਬੋਲੇ

ਮਿੱਠੀ ਜ਼ੁਬਾਨ ਵਾਲ਼ੇ

ਗੰਦਲ਼ਾਂ ਵੀ ਲੈ ਗਏ

ਉਹ ਸਾਥੋਂ ਤੁੜਵਾ ਕੇ।

----

ਨਾ ਕੰਮ ਆਈਆਂ ਸੋਟੀਆਂ

ਨਾ ਪਹਿਰੇਦਾਰੀਆਂ

ਸਾਨੂੰ ਉਹ ਵੀ ਗਿਆ ਭੁੱਲ

ਜੋ ਭੇਜਿਆ ਪੜ੍ਹਾ ਕੇ।

----

ਰਾਖੀਆਂ ਚੋਂ ਔਖੀ ਰਾਖੀ

ਕੱਚੀਆਂ ਇਹ ਗੰਦਲ਼ਾਂ ਦੀ

ਹੁੰਦੀਆਂ ਜਵਾਨ ਜਦੋਂ

ਜੋਬਨਾਂ ਤੇ ਆਕੇ।

----

ਜੋ ਮਨ੍ਹਾ ਕੀਤਾ ਸਾਨੂੰ,

ਸਾਥੋਂ ਖਾ ਹੋ ਗਿਆ,

ਦੇਣ ਵਾਲ਼ੇ ਦਿੱਤਾ ਮੋਹਰਾ

ਮਿਸ਼ਰੀ ਮਿਲ਼ਾ ਕੇ।

----

ਆਉਂਣ ਵੇਲ਼ੇ ਮਣਾਂ ਮੂੰਹੀਂ

ਮੁੱਖ ਉੱਤੇ ਹਾਸੇ

ਜਾਣ ਵੇਲ਼ੇ ਗਏ ਭੈੜੇ

ਨੱਕ ਨੂੰ ਚੜ੍ਹਾ ਕੇ।

----

ਸਾਡੇ ਨਾਲ਼ੋਂ ਪਹਿਲਾਂ ਗੱਲ

ਚਲੀ ਗਈ ਘਰ ਸਾਡੇ

ਕਹਿੰਦੇ ਵਾੜ ਮੁੜ ਆਈ

ਖੇਤ ਨੂੰ ਖਾ ਕੇ।

----

ਓਹੀ ਜਾਣੇ ਹਾਦਸੇ ਨੂੰ

ਜਿਸ ਨਾਲ਼ ਹੋਂਵਦਾ ਏ

ਬਾਕੀ ਤਾਂ ਦੇਖਦੇ ਨੇ

ਹਾਦਸੇ ਨੂੰ ਜਾ ਕੇ।

----

ਐਨ ਬਦਨਾਮ ਕੀਤਾ

'ਚੰਦ ਫਰਵਾਹੀ ਲੋਕਾਂ

ਜਿਵੇਂ ਅਸੀਂ ਦੇ ਦਿੱਤਾ

ਲੌਂਗ ਘੜਵਾ ਕੇ।

===========

ਕੁੱਝ ਟੱਪੇ

ਸੁਣੇ ਤਖ਼ਤਾ ਚੀਕਦਾ ਤੇਰਾ

ਪੈੜ-ਚਾਲ ਕਦੇ ਨਾ ਸੁਣੀ।

----

ਰੁੱਤ ਬਦਲੀ ਆ ਗਈਆਂ ਕੂੰਜਾਂ

ਤੈਨੂੰ ਕਾਹਤੋਂ ਰੁੱਤਾਂ ਭੁੱਲੀਆਂ।

----

ਪੇਚਾ ਕਦੇ ਨਾ ਕਿਸੇ ਨਾਲ਼ ਪਾਈਏ

ਜੇ ਨਾ ਹੋਵੇ ਹਵਾ ਵੱਲ ਦੀ।

----

ਕਾਲ਼ੇ ਰੰਗ ਵੀ ਪਿਆਰੇ ਲੱਗਦੇ

ਜਿਨ੍ਹਾਂ ਦੇ ਨੇ ਬੋਲ ਮਿੱਠੜੇ।

----

ਜੀਹਨੂੰ ਕਹਿ ਲਈਏ ਦਿਲਾਂ ਦਾ ਜਾਨੀ

ਦਿਲ਼ ਨਾਲ਼ ਲਾ ਕੇ ਰੱਖੀਏ।

----

ਛੜਾ ਆਖ ਲੀਂ ਭਾਵੇਂ ਸੌ ਵਾਰੀ

ਔਂਤਰਾ ਨਾ ਆਖੀਂ ਮੁੜ ਕੇ।

----

ਦੁੱਧ ਪੀ ਗਏ ਨਸੀਬਾਂ ਵਾਲ਼ੇ

ਅਸੀਂ ਰਹਿ ਗਏ ਵੱਗ ਚਾਰਦੇ।

----

ਤੂੰ ਤਾਂ ਲੰਘ ਗਈ ਹਨ੍ਹੇਰੀ ਬਣ ਕੇ

ਅਸੀਂ ਰਹਿ ਗਏ ਪਿੱਠ ਦੇਖਦੇ।

----

ਕੁੜੀ ਦੇਖ ਕੇ ਗਨੇਰੀ ਵਰਗੀ

ਭੁੱਲ ਗਿਆ ਗੰਨਾ ਚੂਪਣਾ।

----

ਚੀਜ਼ਾਂ ਚੰਗੀਆਂ ਦੇ ਚੋਰ ਚੁਫ਼ੇਰੇ

ਸੁੰਨੀਆਂ ਨਾ ਕਦੇ ਛੱਡੀਏ।

----