ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਸਤਿਕਾਰਤ ਲੇਖਕ ਜਸਵੀਰ ਝੱਜ ਸਾਹਿਬ ਨੇ ਲੇਖਕਾਂ ਦੇ ਪਿੰਡ ਰਾਮਪੁਰ ਇੱਕ ਹੋਰ ਉੱਘੇ ਲਿਖਾਰੀ ਸਤਿਕਾਰਤ ਦੀਦਾਰ ਸਿੰਘ ‘ਦੀਦਾਰ’ ਜੀ ਇੱਕ ਬੇਹੱਦ ਖ਼ੂਬਸੂਰਤ ਗ਼ਜ਼ਲ ਆਰਸੀ ਤੇ ਸਭ ਨਾਲ਼ ਸਾਂਝੀ ਕਰਨ ਲਈ ਭੇਜੀ ਹੈ। ਬਹੁਤ ਮਾਣ ਵਾਲ਼ੀ ਗੱਲ ਹੈ ਕਿ ਤੁਹਾਡੇ ਸਭ ਦੇ ਭਰਪੂਰ ਸਹਿਯੋਗ ਸਦਕਾ ਆਰਸੀ ਦੁਨੀਆਂ ਦੀ ਸਭ ਤੋਂ ਵੱਡੀ ਟੀਮ-ਵਰਕ ਸਾਹਿਤਕ ਸਾਈਟ ਬਣਦੀ ਜਾ ਰਹੀ ਹੈ। ਸਾਹਿਤਕ ਕਾਫ਼ਿਲੇ ਦਾ ਹਰ ਮੁਸਾਫ਼ਿਰ ਇੱਕ-ਦੂਜੇ ਨਾਲ਼ ਕਦਮ ਮਿਲ਼ਾ ਕੇ ਸੰਦਲੀ ਪੈੜਾਂ ਪਾਉਂਦਾ ਜਾ ਹਿਹਾ ਹੈ....ਆਪਾਂ ਸਾਰੇ ਮੁਬਾਰਕਬਾਦ ਦੇ ਹੱਕਦਾਰ ਹਾਂ। ਮੈਂ ਝੱਜ ਸਾਹਿਬ ਦੀ ਦਿਲੋਂ ਮਸ਼ਕੂਰ ਹਾਂ ਜਿਨ੍ਹਾਂ ਨੇ ਸਤਿਕਾਰਤ ਦੀਦਾਰ ਸਾਹਿਬ ਦੀ ਗ਼ਜ਼ਲ ਦੇ ਦੀਦਾਰ ਕਰਵਾਏ। ਦੀਦਾਰ ਸਾਹਿਬ! ਤੁਹਾਨੂੰ ਤੇ ਤੁਹਾਡੀ ਕਲਮ ਨੂੰ ਆਰਸੀ ਦੇ ਸਾਰੇ ਪਾਠਕ / ਲੇਖਕ ਦੋਸਤਾਂ ਵੱਲੋਂ ਸਲਾਮ ਹੈ। ਰੱਬ ਸੋਹਣਾ ਤੁਹਾਡੀ ਉਮਰ ਦਰਾਜ਼ ਕਰੇ ਤੇ ਸਿਹਤਯਾਬੀ ਬਖ਼ਸ਼ੇ...ਆਮੀਨ!
ਡੈਡੀ ਜੀ ਬਾਦਲ ਸਾਹਿਬ ਦੇ ਇੱਕ ਖ਼ੂਬਸੂਰਤ ਸ਼ਿਅਰ ਨਾਲ ਤੁਹਾਨੂੰ ਖ਼ੁਸ਼ਆਮਦੀਦ ਆਖ ਰਹੀ ਹਾਂ....
“ ਸ਼ਾਇਰ ਦਾ ਦਿਲ ਟੁੱਟੇ, ਟੁੱਟੇ ਆਹ ਦੇ ਨਾਲ਼।
ਸ਼ਾਇਰ ਦਾ ਦਿਲ ਪਰਚੇ, ਪਰਚੇ ਵਾਹ ਦੇ ਨਾਲ਼।”
ਅਦਬ ਸਹਿਤ
ਤਨਦੀਪ ‘ਤਮੰਨਾ’
====
ਦੀਦਾਰ ਸਿੰਘ ਦੀਦਾਰ ਜੀ ਦੀ ਇਕ ਰਚਨਾ ਭੇਜ ਰਿਹਾ ਹਾਂ। ਦੀਦਾਰ ਜੀ ਰਾਮਪੁਰ ਦੇ ਮੋਢੀ ਲਿਖਾਰੀ ਮੈਂਬਰਾਂ ‘ਚੋਂ ਹਨ। 80ਵਿਆਂ ‘ਚ ਵੀ ਪੂਰੀ ਚੜ੍ਹਦੀ ਕਲਾ ‘ਚ ਹਨ।ਆਪ ਦੀ ਇਕ ਕਾਵਿ ਪੁਸਤਕ ‘ਉਲ਼ਝੀ ਤਾਣੀ’ ਛਪੀ ਹੋਈ ਹੈ।
ਸ਼ੁੱਭ ਇੱਛਾਵਾਂ ਸਹਿਤ
ਜਸਵੀਰ ਝੱਜ
ਇੰਡੀਆ
ਗ਼ਜ਼ਲ
ਜੇ ਸਿਦਕ ਨਾ ਹੋਵੇ ਪੱਕਾ ਕੰਢਿਆਂ ਉੱਤੇ ਤਰ ਨਹੀਂ ਹੁੰਦਾ।
ਸੂਲ਼ੀ ਚੜ੍ਹਨਾ ਗੱਲ ਦੂਰ ਦੀ ,ਕੰਡਾ ਲੱਗਿਆ ਜਰ ਨਹੀਂ ਹੁੰਦਾ।
----
ਕੰਨ ਪੜਵਾਕੇ ਠੂਠਾ ਫੜਕੇ , ਦਰ ਦਰ ਅਲਖ ਜਗਾ ਨਾ ਹੁੰਦੀ,
ਡਾਚੀ ਪਿਛੇ ਦੌੜ ਦੌੜ ਕੇ, ਥਲ਼ ਵਿੱਚ ਸੜਕੇ ਮਰ ਨਹੀਂ ਹੁੰਦਾ।
----
ਭੁੱਖਾ ਮਰਨਾ ਜੇਲ੍ਹੀਂ ਸੜਨਾ, ਚੁੰਮ ਚੁੰਮ ਰਸੀਆਂ ਫਾਹੇ ਚੜ੍ਹਨਾ,
ਸੱਚੇ ਵਤਨ ਪ੍ਰਸਤਾਂ ਬਾਝੋਂ ਸੀਸ, ਤਲੀ ‘ਤੇ ਧਰ ਨਹੀਂ ਹੁੰਦਾ।
----
ਜਿਥੋਂ ਕਦੇ ਨਾ ਡੋਲੀ ਉੱਠੀ, ਜਿਥੋਂ ਕਦੇ ਨਾ ਉੱਠੀ ਅਰਥੀ,
ਹੋਰ ਭਾਵੇਂ ਉਹ ਕੁਝ ਵੀ ਹੋਵੇ, ਵਸਦਾ ਰਸਦਾ ਘਰ ਨਹੀਂ ਹੁੰਦਾ।
----
ਹਜ਼ਰਤ ਈਸਾ ਅਤੇ ਮੁਹੰਮਦ ,ਆਖਣ ਖ਼ੌਫ਼ ਖ਼ੁਦਾ ਦਾ ਖਾਓ,
ਹਿਟਲਰ,ਬੁਸ਼,ਲਾਦੇਨ ਨੂੰ ਪਰ, ਕਿਸੇ ਖ਼ੁਦਾ ਦਾ ਡਰ ਨਹੀਂ ਹੁੰਦਾ।
----
ਮੁੱਲਾ ਮੌਜ ਵਿੱਚ ਜਦ ਹੁੰਦੈ, ਜਾ ਵੜਦੇ ਮੈਖ਼ਾਨੇ ਅੰਦਰ,
ਕਦੋਂ ਪੀਆਂਗੇ ਸੁਰਗੀਂ ਜਾ ਕੇ ,ਹੋਰ ਸਬਰ ਹੁਣ ਕਰ ਨਹੀਂ ਹੁੰਦਾ।
----
ਮੁੰਡੇ ਕੁੜੀ ‘ਚ ਫ਼ਰਕ ਨਾ ਕੋਈ, ਸਭ ਨੂੰ ਮਿਲ਼ਦੈ ਹੱਕ ਬਰਾਬਰ,
ਤਾਹੀਓਂ ਲਾਠੀਚਾਰਜ ਵੇਲ਼ੇ, ਅੰਤਰ ਭੋਰਾ ਭਰ ਨਹੀਂ ਹੁੰਦਾ।
----
ਦੂਰ ਦੇਸ਼ ‘ਚੋਂ ਹੋਊ ਗਰੀਬੀ, ਨਿਰਧਨ ਨਾ ਹੁਣ ਕੋਈ ਰਹਿਣਾ,
ਸਬਰ ਕਰੋ ਜਿਨਾ ਚਿਰ ਤੀਕਰ, ਸਾਡਾ ਪੂਰਾ ਘਰ ਨਹੀਂ ਹੁੰਦਾ।
----
ਜਿਸ ਵੇਲ਼ੇ ‘ਦੀਦਾਰ’ ਦਿਓਂਗੇ , ਭੇਂਟ ਕਰਾਂਗੇ ਤਾਂ ਨਜ਼ਰਾਨਾ,
ਬਿਨਾ ਗੁਨਾਹੋਂ ਸਾਡੇ ਕੋਲੋਂ, ਇਹ ਜੁਰਮਾਨਾ ਭਰ ਨਹੀਂ ਹੁੰਦਾ।