ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਸ਼ੇਰ ਸਿੰਘ ਕੰਵਲ. Show all posts
Showing posts with label ਸ਼ੇਰ ਸਿੰਘ ਕੰਵਲ. Show all posts

Tuesday, October 5, 2010

ਸ਼ੇਰ ਸਿੰਘ ਕੰਵਲ - ਨਜ਼ਮ

ਘਰ

ਨਜ਼ਮ

ਆਪਣਾ ਵੀ ਇਕ ਘਰ ਹੁੰਦਾ ਸੀ!

ਕਿਸੇ ਸ਼ਾਮ ਨੂੰ ਥੱਕੇ ਹਾਰੇ ਜਦੋਂ ਪਰਤਦੇ

ਗਲਵੱਕੜੀ ਵਿਚ ਲੈ ਲੈਂਦਾ ਸੀ!!

.............

ਘਰ ਦੀ ਰੰਗਲੀ ਛੱਤ ਦੀ ਛਾਵੇਂ

ਨਾ ਕੋਈ ਗਰਮੀ, ਗਰਮੀ ਹੀ ਸੀ

ਨਾ ਕੋਈ ਸਰਦੀ, ਸਰਦੀ ਹੀ ਸੀ

ਕਿਹੜਾ ਕਹਿਰੀ-ਮੌਸਮ ਸਾਨੂੰ ਪੋਹ ਸਕਦਾ ਸੀ?

ਹੋਠਾਂ ਉੱਤੇ ਸਦਾ ਲਹਿਰਦੀ

ਇੱਕ ਮਿੱਠੀ ਮੁਸਕਾਨ ਜਿਹੀ ਨੂੰ

ਕਿਹੜਾ ਚੰਦਰਾ ਪਲ ਸੀ, ਜਿਹੜਾ ਕੋਹ ਸਕਦਾ ਸੀ?

............

ਘਰ ਦੀਆਂ ਨਿੱਕੀਆਂ ਕੰਧਾਂ ਦੀ ਹੀ ਓਟ ਬੜੀ ਸੀ

ਢਾਰਸ ਦਾ ਅਹਿਸਾਸ ਜਿਹਾ ਸੀ

ਜੀਅ ਲਗਦਾ ਸੀ।

..............

ਘਰ ਦੇ ਇਕ ਮਿੱਟੀ ਦੇ ਦੀਵੇ ਦਾ ਚਾਨਣ ਹੀ

ਮਹਾਂ-ਨਗਰ ਦੀਆਂ ਕੁਲ ਰੌਸ਼ਨੀਆਂ ਤੋਂ

ਸੁੱਚਾ ਸੁੱਚਾ ਤੇ ਚਿੱਟਾ ਸੀ।

ਹੁਣ ਤਾਂ ਚਾਨਣੀ ਰਾਤ ਵਿਚ ਵੀ ਡਰ ਲਗਦਾ ਹੈ

ਮਨ ਭਰਦਾ ਹੈ।

..............

ਹੁਣ ਹਰ ਰਾਤ ਖ਼ੁਦਕੁਸ਼ੀ ਕਰਕੇ

ਅਪਣਾ ਆਪ ਸਵਾ ਲੈਂਦੇ ਹਾਂ

ਕਦੇ ਕਦੇ ਮਨ ਰੋ ਪੈਂਦਾ ਹੈ

ਇਸ ਨੂੰ ਫੇਰ ਵਰਾ ਲੈਂਦਾ ਹਾਂ।

..............

ਹੁਣ ਤਾਂ ਰੋਜ਼ ਉਦਾਸੇ ਸੱਖਣੇ

ਇਉਂ ਪਰਦੇਸੀ ਸੜਕਾਂ ਉੱਤੇ ਤੁਰਦੇ ਜਾਈਏ

ਪੱਤੜੀ ਪੱਤੜੀ ਕਿਰਦੇ ਜਾਈਏ

ਇਕ ਅਵਾਰਾ ਅਉਧ ਹੰਢਾਈਏ....

ਆਪਣਾ ਵੀ ਇਕ ਘਰ ਹੁੰਦਾ ਸੀ......

=====

ਵਰਤਮਾਨ

ਨਜ਼ਮ

ਵਰਤਮਾਨ ਤੇ

ਸ਼ਿਕਵੇ ਕਰਦੇ

ਕਿਹੜੀ ਜੂਹ ਵਿਚ ਆ ਪਹੁੰਚੇ ਹਾਂ!

............

ਰਸਤੇ ਨਾਪੇ

ਵਾਟਾਂ ਲੰਘੀਆਂ

ਜੁ ਰੁੱਖ ਆਏ

ਸੱਭੇ ਰੁੱਖ ਹੀ

ਕਿੱਕਰਾਂ ਦੇ ਸਨ

ਕੰਡਿਆਲੇ ਅਤੇ ਰੁੱਖੇ ਰੁੱਖੇ।

.................

ਪਰ ਜਦ

ਪਿਛਾਂਹ ਪਰਤ ਕੇ ਡਿੱਠਾ

ਸਾਰੇ ਰੁੱਖ ਚੰਦਨ ਦੇ ਲੱਗੇ!

ਖ਼ੁਸ਼ਬੋ ਵੰਡਦੇ

ਠੰਢੇ-ਮਿੱਠੇ

ਮਿੱਤਰਾਂ ਵਰਗੇ!!

...............

ਹੁਣ ਜਿੱਧਰੋਂ ਵੀ ਵਿਚਰ ਰਹੇ ਹਾਂ

ਪਤਝੜ ਵਰਗੀ

ਬੇਰੁਖ਼ੀਆਂ ਦੀ ਰੁੱਤ ਲਗਦੀ ਹੈ!

.................

ਕੱਲ੍ਹ ਨੂੰ ਪਰ ਜਦ

ਚਾਰ ਕੁ ਕਦਮ ਪਰੇਰੇ ਜਾ ਕੇ

ਪਰਤ ਪਿਛਾਂਹ ਵੱਲ ਤੱਕਾਂਗੇ

ਇਹ ਰੁੱਖੜੇ ਹੀ

ਇਉਂ ਜਾਪਣਗੇ

ਕੂਲ਼ੇ ਕੂਲ਼ੇ ਪੱਤਿਆਂ ਵਾਲ਼ੇ!

ਪਿਆਰੇ ਪਿਆਰੇ

ਮੋਹ ਦੀਆਂ ਮਿੱਠੀਆਂ ਛਾਵਾਂ ਵਾਲ਼ੇ!!

.............

ਅੱਜ ਜੋ ਆਪਣੇ

ਪੈਰਾਂ ਦੇ ਵਿਚ

ਰੇਤ ਵਿਛੀ ਹੈ

ਲੰਘਦੇ ਹੀ ਬਸ

ਸੋਨੇ ਦੇ ਵਿਚ

ਵਟ ਜਾਣੀ ਹੈ।

ਜਿਸ ਨੂੰ ਦੂਰੋਂ ਵੇਖ ਵੇਖ ਕੇ

ਜੀਅ ਲਵਾਂਗੇ!

ਹਉਕੇ ਭਰ-ਭਰ

ਪਛਤਾਵਾਂਗੇ!!

...........

ਵਰਤਮਾਨ ਤੇ

ਸ਼ਿਕਵੇ ਕਰਦੇ

ਕਿਹੜੀ ਜੂਹ ਵਿਚ......


Wednesday, September 1, 2010

ਸ਼ੇਰ ਸਿੰਘ ਕੰਵਲ - ਗ਼ਜ਼ਲ

ਗ਼ਜ਼ਲ

ਲੰਘੀ ਨਾ ਪੂਰੀ ਰਾਤ ਸੀ ਤਾਰੇ ਖਲੇਰਦੀ।

ਮੱਥੇ ਤੇ ਆਸ ਜਗ ਪਈ ਸੂਹੀ ਸਵੇਰ ਦੀ।

-----

ਖੰਭਿਆਂ ਤੋਂ ਲਹਿ ਕੇ ਸੜਕ ਤੇ ਤੁਰ ਪਈ ਜਾਂ ਰੌਸ਼ਨੀ,

ਸੂਰਤ ਹੀ ਨੱਸੀ ਸ਼ਹਿਰ ਚੋਂ ਚੰਦਰੇ ਹਨੇਰ ਦੀ।

-----

ਊਂ ਤਾਂ ਸੀ ਰਾਤੀਂ ਨੀਂਦ ਵਿਚ ਬੇਸੁਰਤ ਇਹ ਸਰੀਰ,

ਪਰ ਜਿੰਦ ਰਾਤ ਭਰ ਰਹੀ ਸੁਪਨੇ ਅਟੇਰਦੀ।

-----

ਛੁਪਣਾ ਕੀ, ਪੂਰਾ ਚੰਨ ਸੀ ਪੁੰਨਿਆ ਦਾ ਅਰਸ਼ ਚੋਂ,

ਜ਼ਾਲਮ ਘਟਾ ਜੇ ਝੂਮ ਕੇ ਉਸ ਨੂੰ ਨਾ ਘੇਰਦੀ।

-----

ਹੋ ਸ਼ਰਮ-ਸੂਹੇ ਵੇਖਿਆ ਨੀਂਦਰ ਚੋਂ ਉਠ ਕੇ,

ਬੈਠੀ ਸੀ ਘਰ ਚ ਧੁੱਪ ਤਾਂ ਕਿੰਨੀ ਹੀ ਦੇਰ ਦੀ।

-----

ਪੰਛੀ ਦੇ ਸਾਹਵੇਂ ਖਿੰਡ ਗਿਆ ਕਿਰਨਾਂ ਦਾ ਆਲ੍ਹਣਾ,

ਲੰਘੀ ਹਨੇਰੀ ਥਲਾਂ ਚੋਂ ਤੀਲ੍ਹੇ ਬਖੇਰਦੀ।

-----

ਉੱਡੇ ਜੇ ਮਹਿਕ ਫੁੱਲ ਦੀ, ਉੱਡ ਜਾਣ ਤਿਤਲੀਆਂ,

ਕਿੰਨੀ ਅਜਬ ਹੈ ਬੇਰੁਖ਼ੀ ਮੌਸਮ ਦੇ ਫੇਰ ਦੀ।

Saturday, June 26, 2010

ਸ਼ੇਰ ਸਿੰਘ ਕੰਵਲ - ਗ਼ਜ਼ਲ

ਗ਼ਜ਼ਲ

ਚੁੱਪ ਚੁਪੀਤਾ ਬੱਦਲ਼ ਵਾਦੀ ਉਤੋਂ ਗੁਜ਼ਰ ਗਿਆ।

ਲੰਘਦੇ ਹੀ ਪਰ ਹੰਝੂ ਹੰਝੂ ਹੋ ਕੇ ਬਰਸ ਪਿਆ।

-----

ਉਸ ਰੁੱਖ ਕੋਲ਼ੇ ਪੰਛੀ ਦੱਸੀ ਦੁੱਖਾਂ ਦੀ ਵਿਥਿਆ,

ਜਿਸਦਾ ਆਪਣਾ ਝੱਖੜ ਦੇ ਵਿਚ ਪੱਤਾ ਨਾ ਬਚਿਆ।

-----

ਇਕ ਮਿਤਰ ਦੀਆਂ ਗੱਲਾਂ ਸਾਨੂੰ ਛਮਕਾਂ ਵਾਂਗੂੰ ਲੱਗੀਆਂ,

ਕਦੇ ਨਾ ਏਨਾ ਤਨ ਲੁੱਛਿਆ ਸੀ ਮਨ ਨਾ ਸੀ ਭਰਿਆ।

-----

ਤੂਫ਼ਾਨਾਂ ਨਾਲ਼ ਘੁਲ਼ ਰਾਤੀਂ ਉਹ ਬੇਫ਼ਿਕਰਾ ਹੋ ਸੁੱਤਾ,

ਲਹਿਰਾਂ ਆਖਣ ਧੰਨ ਨੀ ਅੜੀਓ ਬਾਬਲ ਦਾ ਜਿਗਰਾ।

-----

ਡੁੱਬਣ ਪਿਛੋਂ ਲਾਸ਼ ਤਾਂ ਲੋਕਾਂ ਦੇ ਹੱਥ ਆ ਗਈ ਯਾਰੋ,

ਉਸ ਦੀਆਂ ਅੱਖਾਂ ਵਿਚ ਡੁੱਬਾ ਪਰ ਸ਼ਾਇਰ ਨਾ ਮਿਲ਼ਿਆ।

-----

ਚੰਨ ਸਿਤਾਰੇ ਰੌਸ਼ਨੀਆਂ ਮੈਂ ਸਭ ਝੋਲ਼ੀ ਵਿਚ ਪਾਏ,

ਮਨ ਬਸ ਸਾਡਾ ਜ਼ਿਦੀਆ ਬੱਚਾ ਕਿਥੇ ਇਹ ਵਿਰਿਆ।

-----

ਬਾਣੀ ਵਰਗੇ ਸੁੱਚੇ ਸਾਨੂੰ ਮਿੱਤਰਾਂ ਦੇ ਸਿਰਨਾਵੇਂ,

ਵੱਖਰੀ ਗੱਲ ਹੈ ਕਦੇ ਕਿਸੇ ਨੂੰ ਖ਼ਤ ਨਾ ਹੁਣ ਲਿਖਿਆ।

Friday, March 26, 2010

ਸ਼ੇਰ ਸਿੰਘ ਕੰਵਲ - ਗ਼ਜ਼ਲ

ਗ਼ਜ਼ਲ

ਹਰ ਬੂਹੇ ਤੇ ਲੋਕੀਂ ਆਪਣੀ ਨੇਮ ਪਲੇਟ ਲਗਾਵਣ।

ਫਿਰ ਖ਼ਬਰੇ ਕਿਉਂ ਪਰਦੇ ਲਾ ਲਾ ਅਪਣਾ ਆਪ ਛੁਪਾਵਣ।

-----

ਕਮਰੇ ਵਿਚ ਤਸਵੀਰਾਂ ਸੰਗ ਵੀ ਦੁੱਖ ਸੁਖ ਕਰ ਕਰ ਰੋਂਦੇ,

ਪਰ ਸੜਕਾਂ ਤੇ ਨਿਕਲ਼ਣ ਵੇਲ਼ੇ ਫੁੱਲ ਬਣ ਕੇ ਮੁਸਕਾਵਣ।

-----

ਘਰ ਵਿਚ ਮਨੀ-ਪਲਾਂਟ ਵਧਾ ਕੇ ਦਿਲ ਨੂੰ ਢਾਰਸ ਦੇਂਦੇ,

ਪਾਸ ਬੁੱਕਾਂ ਨੂੰ ਫੋਲਣ ਤਾਂ ਇਹ ਆਪੇ ਤੋਂ ਸ਼ਰਮਾਵਣ।

-----

ਅੰਦਰ ਇਕ ਖ਼ਲਾਅ ਹੈ ਜਿਹੜਾ ਇਹ ਨਾ ਯਾਰੋ ਭਰਦਾ,

ਕੰਧਾਂ ਉੱਤੇ ਸੀਨਰੀਆਂ ਲਾ ਕਮਰੇ ਲੱਖ ਸਜਾਵਣ।

-----

ਉਪਰੋਂ ਅਪਣਾ ਆਪ ਸਜਾ ਕੇ ਜੱਗ ਨੂੰ ਧੋਖਾ ਦੇਂਦੇ,

ਨਵੇਂ ਪ੍ਰਿੰਟਾਂ ਹੇਠਾਂ ਇਹ ਜੁ ਭੁੱਖੇ ਪੇਟ ਲੁਕਾਵਣ।

-----

ਨਿੰਦਿਆ ਦੀ ਕਾਲਖ਼ ਸੰਗ ਅਪਣਾ ਤਨ ਮਨ ਕਰਦੇ ਮੈਲ਼ਾ,

ਫਿਰ ਚਿਹਰੇ ਤੇ ਪ੍ਰਸੰਸਾ ਦਾ ਝੂਠਾ ਪਾਊਡਰ ਲਾਵਣ।

-----

ਏਸ ਸ਼ਹਿਰ ਦੇ ਦਿਨ ਕਾਲ਼ੇ ਤੇ ਰੌਸ਼ਨ ਯਾਰੋ ਰਾਤਾਂ,

ਏਸ ਸ਼ਹਿਰ ਦੇ ਲੋਕੀਂ ਏਥੇ ਉਲਟੀ ਗੰਗ ਵਹਾਵਣ।

Wednesday, January 13, 2010

ਸ਼ੇਰ ਸਿੰਘ ਕੰਵਲ - ਗ਼ਜ਼ਲ

ਗ਼ਜ਼ਲ

ਅੰਬਰ ਦੇ ਵਿਚ ਝੁੰਮਰ ਪਾਉਂਦੇ ਕਿਰਨਾਂ ਦੇ ਵਣਜਾਰੇ।

ਚਾਰੇ ਕੰਨੀਆਂ ਖ਼ਾਲੀ ਕਰਕੇ ਸ਼ਾਮੀਂ ਤੁਰੇ ਵਿਚਾਰੇ।

-----

ਵਾਂਗ ਫ਼ੁਹਾਰੇ ਹੱਸਦਾ ਹੱਸਦਾ ਜੋ ਦੂਹਰਾ ਹੋ ਜਾਂਦਾ,

ਉਸ ਦੇ ਦਿਲ ਦਰਿਆ ਦੇ ਗ਼ਮ ਵਿਚ ਚੁੱਭੀ ਤਾਂ ਕੋਈ ਮਾਰੇ।

-----

ਹਾਦਸਿਆਂ ਤੋਂ ਬਚਦੇ ਬਚਦੇ ਫੇਰ ਹਾਦਸਾ ਹੋਇਆ,

ਟੁਕੜੇ ਕਰ ਗਏ ਇਕ ਸੋਹਣੀ ਦੇ ਤਿੱਖੇ ਨੈਣ-ਕਟਾਰੇ।

-----

ਆਪੋ-ਅਪਣੀ ਵਹਿੰਗੀ ਚੁੱਕੀ ਹਰ ਕੋਈ ਤੁਰਿਆ ਜਾਂਦਾ,

ਹਰ ਇਕ ਦੇ ਹੀ ਪੈਰਾਂ ਹੇਠਾਂ ਦਗ਼ਦੇ ਨੇ ਅੰਗਿਆਰੇ।

-----

ਸਭ ਨੂੰ ਅਪਣਾ ਅਪਣਾ ਗ਼ਮ ਹੈ ਸਭਨਾਂ ਨੇ ਦਰ ਭੀੜੇ,

ਕਿਸ ਇਛਰਾਂ ਦੇ ਮਹਿਲੀਂ ਜਾ ਕੇ ਪੂਰਨ ਧਾਹਾਂ ਮਾਰੇ?

-----

ਪਹੁ-ਫ਼ੁਟਦੀ ਹੈ, ਦਿਨ ਢਲ਼ਦਾ ਹੈ ਨਦੀ ਸਮੇਂ ਦੀ ਵਹਿੰਦੀ,

ਰੁੱਖ ਵਹਿਣ ਨੇ ਹੱਸਦੇ ਰੋਂਦੇ ਸਾਰੇ ਢਾ ਢਾ ਮਾਰੇ।

-----

ਸਾਡੀ ਗਾਥਾ ਗ਼ਮ ਦੀ ਗਾਥਾ, ਇਹ ਜੀਵਨ ਦੀ ਗਾਥਾ,

ਇਸ ਗਾਥਾ ਨੂੰ ਕਹਿੰਦੇ ਸੁਣਦੇ ਵਲੀ-ਔਲੀਏ ਹਾਰੇ!

Saturday, December 5, 2009

ਸ਼ੇਰ ਸਿੰਘ ਕੰਵਲ - ਨਜ਼ਮ

ਮਿੱਟੀ ਦੇ ਮੋਰ

ਨਜ਼ਮ

ਅਸਮਾਨ ਲਗਭਗ ਸਾਫ਼ ਹੈ

ਕੋਈ ਵਿਉਂਤ-ਵਿਧੀ ਸੋਚੀ ਜਾ ਸਕਦੀ ਹੈ

ਕੋਈ ਸਿਆਸੀ ਫ਼ਾਲ-ਪੱਚਰ ਵੀ

ਭਾਲ਼ੀ ਟੋਲ਼ੀ ਜਾ ਸਕਦੀ ਹੈ

ਬਸ, ਮਨ ਨੂੰ

ਇਕ ਮੋੜਾ ਦੇਣ ਦੀ ਲੋੜ ਹੈ

ਜਹਾਜ਼ ਦਿੱਲੀ ਦੀ ਪਟੜੀ ਤੇ

ਸੌਖਾ ਹੀ ਉੱਤਰ ਸਕਦਾ ਹੈ

ਕੋਈ ਰਾਜਸੀ-ਮਿੱਤਰ

ਬਾਂਹ ਵਿਚ ਬਾਂਹ ਪਾ ਕੇ

ਪਿੰਡ ਤੱਕ ਵੀ ਲਿਜਾ ਸਕਦਾ ਹੈ।

.........

ਪਰ ਹੁਣ ਪੈਰਾਂ ਵਿਚ, ਚਿੱਤ ਵਿਚ

ਉਹ ਲਰਜ਼ਿਸ਼, ਉਹ ਜੁੰਬਸ਼,

ਉਹ ਤਮੰਨਾ, ਉਹ ਖ਼ਾਹਿਸ਼

ਉਹ ਚਾਅ ਜਿਹਾ ਨਹੀਂ ਰਿਹਾ ਕਿ

ਪਿੰਡ ਨੂੰ ਮੁੜ ਚੱਲੀਏ!

.........

ਹੁਣ ਜੇ ਚਲੇ ਵੀ ਗਏ

ਤਾਂ ਨਾ ਤਾਂ ਮਾਂ ਨੇ

ਮੋਟਰ ਦੀ ਗੂੰਜ ਸੁਣ ਕੇ

ਭੱਜੀ-ਭੱਜੀ ਆਉਂਣਾ ਹੈ

ਤੇ ਆਪਣੀ

ਘਣ-ਪਿਆਰੀ ਛਾਤੀ ਨਾਲ਼ ਲਾਉਂਣਾ ਹੈ

ਤੇ ਨਾ ਹੀ ਕਾਹਲ਼ੀ ਕਾਹਲ਼ੀ

ਕਾਰ ਦੁਆਲ਼ੇ ਖ਼ਬਰਦਾਰ ਜਿਹਾ ਫਿਰਦਾ

ਬਾਪੂ ਇਹ ਪੁੱਛੇਗਾ

ਕੋਈ ਨਗ ਪਿੱਛੇ ਤਾਂ ਨਹੀਂ ਛੱਡ ਆਇਆ?

..............

ਜਦ ਘਰ ਦੇ ਬਨੇਰੇ ਤੋਂ

ਉਹ ਸੁੰਦਰ ਮਾਂ-ਪਿਓ

ਮੋਰ-ਮੋਰਨੀ ਹੀ ਉੱਡ ਗਏ ਹਨ

ਤਾਂ ਉਹਨਾਂ ਦੀ ਰੌਣਕ-ਰੰਗੀਨੀ

ਤੇ ਹਾਜ਼ਰੀ-ਵਿਹੂਣਾ

ਘਰ - ਕੀ ਹੋਵੇਗਾ?

ਇਹ ਮਹਿਜ਼ ਇੱਟਾਂ ਦੀ

ਇਕ ਇਮਾਰਤ ਹੋਵੇਗਾ ਨਾ!

ਭਰਾਵਾਂ ਇਸ ਚ ਜਾਲ਼ੀਦਾਰ

ਦਰਵਾਜ਼ੇ ਲੁਆ ਦਿੱਤੇ ਹੋਣਗੇ

ਵੱਧ ਤੋਂ ਵੱਧ

ਇਸਨੂੰ ਆਧੁਨਿਕ ਸਹੂਲਤਾਂ ਨਾਲ਼

ਸ਼ਿੰਗਾਰ ਦਿੱਤਾ ਹੋਵੇਗਾ!

.............

ਪਰ ਘਰ ਕੀ

ਇਹਨਾਂ ਗੱਲਾਂ ਨਾਲ਼ ਬਣਦੇ ਹਨ?

ਹਾਂ, ਦਿਸਣ ਨੂੰ

ਉੱਤੋਂ ਉੱਤੋਂ ਤਾਂ ਬਣਦੇ ਹਨ

ਪਰ ਅਸਲ ਘਰ ਤਾਂ

ਜਿਉਂਦੇ ਮਾਪਿਆਂ ਨਾਲ਼ ਹੀ ਬਣਦੇ ਹਨ

ਘਰ ਮਾਪਿਆਂ ਨਾਲ਼

ਬਹੁਕਰਾਂ ਵਾਂਗ ਬੱਝੇ ਰਹਿੰਦੇ ਹਨ

ਤੇ ਉਹਨਾਂ ਦੇ ਤੁਰਨ ਮਗਰੋਂ

ਕਈ ਵੇਰ ਤੀਲ੍ਹਿਆਂ ਵਾਂਗ ਖਿੱਲਰ ਜਾਂਦੇ ਹਨ!!

ਹੁਣ ਜਦੋਂ ਘਰ-ਬਨੇਰਿਓਂ

ਸੋਹਣੇ ਮੋਰ-ਮੋਰਨੀ ਉਡਾਰੀ ਮਾਰ ਗਏ ਹਨ

ਤਾਂ ਪਿੰਡ ਪਰਤਣ ਨੂੰ ਜੀਅ ਜਿਹਾ ਹੀ ਨਹੀਂ ਕਰਦਾ

ਉਹਨਾਂ ਦੇ ਉੱਡ ਜਾਣ ਉਪਰੰਤ ਹੁਣ ਪਿੰਡ

ਨਿਰਾਰਥਕ ਜਿਹਾ ਲੱਗਦਾ ਹੈ।

...........

ਹੁਣ ਜੇ ਚਲੇ ਵੀ ਜਾਈਏ

ਪਿੰਡ ਵਿਚ ਬਹੁਤ ਕੁਝ

ਰਹਿ ਵੀ ਨਹੀਂ ਗਿਆ ਹੋਣਾ

ਜਮਾਲੇ ਦੇ ਕੁੱਤੇ!

ਬਿੰਦਰੇ ਦੇ ਕਬੂਤਰ!!

ਤੇ ਬੂਟੇ ਦੇ ਸ਼ਿਕਾਰੀ!!!

ਸਭ ਮਰ ਗਏ ਹੋਣਗੇ।

.............

ਦਿਲ ਕਦੇ-ਕਦੇ ਸਮੁੰਦਰ ਵਾਂਗ ਉੱਛਲ਼ਦਾ ਹੈ

ਉੱਛਲ਼-ਉੱਛਲ਼ ਕੇ ਭਰਦਾ ਹੈ

ਭਰ ਭਰ ਕੇ ਉੱਤਰਦਾ ਹੈ

ਅਸਮਾਨ ਵੀ ਹੁਣ ਤਾਂ ਸਮਝੋ

ਲਗਭਗ ਸਾਫ਼ ਹੀ ਹੈ

ਕੋਈ ਵਿਉਂਤ-ਵਿਧੀ

ਸੋਚੀ ਜਾ ਸਕਦੀ ਹੈ

ਜਹਾਜ਼ ਦਿੱਲੀ ਦੀ ਪਟੜੀ ਤੇ

ਸੌਖਾ ਹੀ ਉੱਤਰ ਸਕਦਾ ਹੈ

ਪਰ ਹੁਣ

ਜਾਣ ਨੂੰ ਮਨ ਜਿਹਾ ਹੀ ਨਹੀਂ ਮੰਨਦਾ

ਕਿਉਂਕਿ ਪਿਆਰੇ ਮੋਰ ਮੋਰਨੀ

ਘਰ ਦੇ ਬਨੇਰੇ ਤੋਂ

ਉਡਾਰੀ ਮਾਰ ਗਏ ਹਨ।

Friday, October 30, 2009

ਸ਼ੇਰ ਸਿੰਘ ਕੰਵਲ - ਗ਼ਜ਼ਲ

ਗ਼ਜ਼ਲ

ਤੜਪੇ, ਨਾ ਕੋਈ ਆਇਆ ਇੰਜ ਵੀ ਰਾਤ ਗਈ।

ਭਰਦੇ ਰਹੇ ਹੁੰਘਾਰਾ ਪਰ ਨਾ ਬਾਤ ਗਈ।

-----

ਪਿੰਜਰੇ ਵਿਚ ਬੰਦ ਹੋ ਗਏ ਪੰਛੀ ਪੌਣਾਂ ਦੇ,

ਹਾਏ! ਪੈਰਾਂ ਵਿਚ ਰੋਜ਼ੀ ਦੀ ਜ਼ੰਜੀਰ ਜਹੀ।

-----

ਧੀਆਂ ਵਰਗੇ ਪੱਤੇ ਕਿਰ ਕਿਰ ਤੁਰੀ ਗਏ,

ਬੁੱਢੇ ਰੁੱਖ ਦੀ ਝੱਖੜਾਂ ਵਿਚ ਨਾ ਪੇਸ਼ ਗਈ।

------

ਸਹਿਕ ਸਹਿਕ ਕੇ ਤਾਰੇ ਮਰੇ ਵਿਚਾਰੇ ਜਦ,

ਪਈ ਭਲਾ ਕੀ, ਊਸ਼ਾ ਦੀ ਜੇ ਨਜ਼ਰ ਪਈ।

------

ਰੂਪ ਹੰਢਾਇਆ ਪੀਤਾ ਲਟ ਲਟ ਬਲ਼ੇ ਬੜੇ,

ਫਿਰ ਭੁੱਖੀ ਦੀ ਭੁੱਖੀ ਜ਼ਿੰਦਗੀ ਅੱਗ ਜਹੀ।

------

ਝਿੜਕੋ ਤਾਂ ਰੋ ਪਈਏ, ਆਖੋ ਹੱਸ ਪਈਏ,

ਜਾਨ ਹੈ ਮੇਰੀ ਜਾਨ! ਤੁਹਾਡੀ ਖੇਲ ਰਹੀ।

-----

ਰੋਂਦਾ ਸੀ ਤਾਂ ਰੋਇਆ, ਉਸ ਦਿਨ ਹੱਸ ਪਿਆ,

ਸ਼ੀਸ਼ੇ ਨੂੰ ਇਕ ਹੱਸ ਕੇ ਜਦ ਮੈਂ ਗੱਲ ਕਹੀ।

Thursday, September 17, 2009

ਸ਼ੇਰ ਸਿੰਘ ਕੰਵਲ - ਗ਼ਜ਼ਲ

ਗ਼ਜ਼ਲ

ਏਸ ਸ਼ਹਿਰ ਦੀ ਗੱਲ ਭਲਾ ਅੱਜ-ਕਲ੍ਹ ਦੀ ਹੈ?

ਇਕ ਅੱਧੀ ਅਫ਼ਵਾਹ ਤਾਂ ਏਥੇ ਚਲਦੀ ਹੈ।

-----

ਗਲ਼ੀ-ਗੁਆਂਢ ਚ ਉਂਗਲ਼ਾਂ ਉੱਚੀਆਂ ਹੁੰਦੀਆਂ ਹਨ,

ਵਿਧਵਾ ਯੁਵਤੀ ਜਦ ਵੀ ਸੂਟ ਬਦਲਦੀ ਹੈ।

-----

ਤੇਰਾ ਜਾਣਾ ਉਸ ਪਲ ਚੇਤੇ ਆਉਂਦਾ ਹੈ,

ਦਫ਼ਤਰ ਕੋਲ਼ੋਂ ਦੀ ਜਦ ਰੇਲ ਗੁਜ਼ਰਦੀ ਹੈ।

-----

ਵਰ੍ਹਿਆਂ ਪਿਛੋਂ ਫਿਰ ਓਵੇਂ ਹੀ ਲੱਗਿਆ ਹੈ,

ਉਹ ਕੋਠੇ ਦੀ ਛੱਤ ਤੇ ਬੈਠੀ ਪੜ੍ਹਦੀ ਹੈ।

-----

ਉਹੀਓ ਚੌਂਕ ਪਿਆਰਾ ਸਾਨੂੰ ਲਗਦਾ ਹੈ,

ਜਿਥੋਂ ਤੇਰੇ ਘਰ ਨੂੰ ਸੜਕ ਨਿਕਲ਼ਦੀ ਹੈ।

-----

ਤੂੰ ਤਾਂ ਅੱਜ-ਕਲ੍ਹ ਇਕ ਬੰਗਲੇ ਦੀ ਕ਼ੈਦਣ ਹੈਂ,

ਵੇਖ ਫ਼ਕੀਰਾਂ ਦੀ ਗੱਲ ਸ਼ਹਿਰੀਂ ਚਲਦੀ ਹੈ।

-----

ਸ਼ੀਸ਼ਾ ਵੀ ਅੱਜ ਕਰਦਾ ਸਾਨੂੰ ਮਸ਼ਕਰੀਆਂ,

ਮੂੰਹ ਤੇ ਧੌਲ਼ੇ ਕਹਿਣ ਜੁਆਨੀ ਢਲ਼ਦੀ ਹੈ

Sunday, August 16, 2009

ਸ਼ੇਰ ਸਿੰਘ ਕੰਵਲ - ਗ਼ਜ਼ਲ

ਗ਼ਜ਼ਲ

ਮੱਥੇ ਦੇ ਵਿਚ ਧੁਰੋਂ ਲਿਖਾਇਆ ਸਫ਼ਰ ਥਲਾਂ ਦਾ ਕਰਨਾ ਸੀ।

ਸੋਨ-ਮਿਰਗ ਨੂੰ ਫੜਦੇ ਫੜਦੇ ਇਉਂ ਵੀ ਆਪਾਂ ਮਰਨਾ ਸੀ।

----

ਹਸਦੀ ਵਸਦੀ ਜਦੋਂ ਅਯੁੱਧਿਆ ਆਪੇ ਹੀ ਛੱਡ ਆਏ ਸਾਂ,

ਕਿਸ ਦੇ ਮੱਥੇ ਬਣੋਵਾਸ ਦਾ ਦੋਸ਼ ਭਲਾ ਫਿਰ ਧਰਨਾ ਸੀ।

----

ਉਂਝ ਤਾਂ ਠਿਲ੍ਹਣ ਵੇਲ਼ੇ ਹੀ ਸੀ ਲਹਿਰਾਂ ਦਾ ਅਹਿਸਾਸ ਜਿਹਾ,

ਮਨ ਵਿਚ ਵੱਸਿਆ ਸੀ ਜਦ ਸਾਗਰ, ਸਾਗਰ ਤਾਂ ਫਿਰ ਤਰਨਾ ਸੀ।

----

ਕਿੰਨਾ ਹੀ ਚਿਰ ਚੁੱਪ-ਚੁਪੀਤੇ ਬੱਦਲ਼ ਵਾਂਗੂੰ ਉੱਡਦੇ ਰਹੇ,

ਟੁੱਟਿਆ ਸਬਰ ਤਾਂ ਅਕਸਰ ਆਪਾਂ ਰੋਣਾ ਰੋ ਰੋ ਵਰ੍ਹਨਾ ਸੀ।

----

ਤਨਹਾਈ ਵਿਚ ਆਪੇ ਨੂੰ ਗਲਵੱਕੜੀ ਲੈ ਕੇ ਵਿਲਕ ਪਏ,

ਵਕ਼ਤ, ਵਕ਼ਤ ਸੀ ਉਸ ਦੇ ਬਾਝੋਂ ਇਸ ਨੇ ਖ਼ੈਰ ਗੁਜ਼ਰਨਾ ਸੀ।

----

ਕੰਧਾਂ ਦੇ ਗਲ਼ ਲਗ ਲਗ ਰਾਤੀਂ ਵਿਚ ਇਕਲਾਪੇ ਰੋਣਾ ਸੀ,

ਪਰ ਕੰਧਾਂ ਨੇ ਯਾਰੋ ਸਾਡੀ ਕਿਸ ਪੀੜਾ ਨੂੰ ਹਰਨਾ ਸੀ?

----

ਫੁੱਲ ਦੇ ਵਾਂਗੂੰ ਹਸਦਾ ਹਸਦਾ ਹੰਝੂ ਵਾਂਗੂੰ ਡਿੱਗ ਮੋਇਆ,

ਮਹਿਫ਼ਲ ਦੇ ਵਿਚ ਮਗਰੋਂ ਯਾਰਾਂ ਜ਼ਿਕਰ ਅਸਾਡਾ ਕਰਨਾ ਸੀ।

Wednesday, June 17, 2009

ਸ਼ੇਰ ਸਿੰਘ ਕੰਵਲ - ਗ਼ਜ਼ਲ

ਗ਼ਜ਼ਲ

ਲਹਿਰਾਂ ਨੇ ਜਦ ਰੋਲ਼ਿਆ ਚੰਨ ਦਾ ਪਰਛਾਵਾਂ।

ਖੁਰਿਆ ਸਾਰੀ ਝੀਲ ਵਿਚ ਉਸ ਦਾ ਸਿਰਨਾਵਾਂ।

----

ਰੁੱਖ ਉਦਾਸੇ ਮੌਲ ਪਏ ਨਸ਼ਿਆਏ ਝੂੰਮੇ,

ਵਰ੍ਹੀਆਂ ਜਦ ਸਿਰ ਜੋੜ ਕੇ ਘਨਘੋਰ ਘਟਾਵਾਂ।

----

ਹੁੰਦੇ ਪੱਟੇ ਹਵਾ ਦੇ ਰੁੱਖ ਜੜ੍ਹਾਂ ਲਗਾਉਂਦੇ,

ਸਾਨੂੰ ਤਾਂ ਪਰ ਪੱਟਿਆ ਹੈ ਸ਼ੋਖ਼ ਅਦਾਵਾਂ।

----

ਇਕ ਇਕ ਕਰਕੇ ਹੰਸ ਦਿਨਾਂ ਦੇ ਉੱਡਦੇ ਜਾਂਦੇ,

ਰੁਕਦੀ ਨਾ ਇਹ ਡਾਰ ਹਾਏ! ਲੱਖ ਬਣਤ ਬਣਾਵਾਂ।

----

ਅਕਸ ਆਪਣੇ ਨਾਲ਼ ਲੜੇ ਮੱਥਾ ਭੰਨਵਾਵੇ,

ਦੱਸੋ ਮੈਂ ਉਸ ਚਿੜੀ ਨੂੰ ਕੀਕਰ ਸਮਝਾਵਾਂ।

----

ਅਪਣੇ ਅਪਣੇ ਆਖ ਘਰਾਂ ਵਿਚ ਵਸੀਏ-ਰਸੀਏ,

ਹੋਰਾਂ ਦੇ ਹਿੱਸੇ ਆਉਂਣੀਆਂ ਕਲ੍ਹ ਇਹ ਹੀ ਥਾਵਾਂ।

----

ਆਇਆ ਹੈਂ, ਨਾ ਆ ਰਿਹੈਂ, ਨਾ ਹੀ ਤੈਂ ਆਉਣੈਂ,

ਐਵੈਂ ਝੱਲਿਆਂ ਵਾਂਗ ਨਿਮਾਣੇ ਤੱਕੀਏ ਰਾਹਵਾਂ।

----

ਛੰਡੇ ਉਸਨੇ ਜਦੋਂ ਨਹਾ ਕੇ ਕੇਸ ਸੁਨਹਿਰੀ,

ਟੁੱਟੀਆਂ ਇਕੋ ਵਾਰ ਅਸਾਂ ਤੇ ਲੱਖ ਬਲਾਵਾਂ।

----

ਅਮਰ ਵੇਲ ਦੇ ਵਾਂਗ ਪਹਿਲੋਂ ਰੁੱਖ ਦੀ ਰੱਤ ਪੀਤੀ,

ਇਸ ਤੋਂ ਹੀ ਫਿਰ ਭਾਲ਼ਦੇ ਹੋ ਠੰਢੀਆਂ ਛਾਵਾਂ?


Thursday, April 23, 2009

ਸ਼ੇਰ ਸਿੰਘ ਕੰਵਲ - ਨਜ਼ਮ

ਪਿੰਡ ਦਿਓ ਆਜੜੀਓ!

ਨਜ਼ਮ

ਪਿੰਡ ਦਿਓ ਆਜੜੀਓ!

ਹੁਣ ਰੰਗੀਆਂ ਭੇਡਾਂ

ਤੋਰ ਲਿਆਵੋ

ਸੱਤ ਸਮੁੰਦਰੋਂ ਪਾਰ!!

ਨਾਲ਼ੇ ਸਾਨੂੰ ਆਣ ਮਿਲ਼ਾਵੋ

ਆਲੇ-ਭੋਲੇ ਲੇਲੇ ਸਾਡੇ ਯਾਰ!!!

----

ਰੌਸ਼ਨੀਆਂ ਤੱਕ ਅਸੀਂ ਮੁਸਾਫ਼ਿਰ

ਪੱਥਰ-ਸ਼ਹਿਰ ਚ ਆਏ।

ਮਹਾਂ-ਨਗਰ ਦੀ ਮਿੱਠੀ ਕ਼ੈਦ

ਹੁਣ ਜਿੰਦ ਘਟਦੀ ਜਾਏ।

ਕਦੇ ਕਦੇ ਤਾਂ ਲੱਗਦਾ ਆਪਾ

ਚਿਣ ਬੈਠੇ ਦੀਵਾਰ!

ਆ ਕੇ ਪਿੰਡ ਦੀ ਬਾਤ ਸੁਣਾਇਓ

ਕਰਿਓ ਆਣ ਪਿਆਰ!!

ਪਿੰਡ ਦਿਓ.....!!!

----

ਮਹਾਂ-ਨਗਰ ਦੀਆਂ ਬੱਜਰ-ਸੜਕਾਂ

ਲੋਹੇ ਲੋਹਾ ਠਣਕੇ।

ਮਨ ਰੋਵੇ ਤਨ ਜੂਝੇ ਸਾਡਾ

ਗਲ਼ ਮੁੜ੍ਹਕੇ ਦੇ ਮਣਕੇ।

ਪੈਰਾਂ ਦੇ ਵਿਚ ਬੇੜੀ ਸਾਡੇ

ਸਿਰ ਅਣ ਤੁਲਵੇਂ ਭਾਰ!

ਸਹੁੰ ਲੱਗੇ ਜੇ ਲੰਘਦੇ-ਤੁਰਦੇ

ਲਵੋਂ ਨਾ ਆ ਕੇ ਸਾਰ!!

ਪਿੰਡ ਦਿਓ.....!!!

----

ਮਹਾਂ-ਨਗਰ ਦਾ ਇਕ ਨੰਗਾ ਥਲ ਜੁ

ਤਪਦਾ ਭੱਠ ਦੇ ਹਾਰ।

ਰੂਹ ਕੁਮਲਾਵੇ ਤੇ ਕੁਰਲਾਵੇ

ਲੁੱਛਦਾ ਇਹ ਆਕਾਰ।

ਕੀਕਰ ਤੁਰੀਏ ਮੁੜੀਏ ਕੀਕਰ?

ਪੈਰਾਂ ਹੇਠ ਅੰਗਾਰ!

ਢਾਂਗੀ ਦੇ ਨਾਲ਼ ਸੂਰਜ ਲਾਹ ਕੇ

ਥਲ ਨੂੰ ਜਾਵੋ ਠਾਰ!!

ਪਿੰਡ ਦਿਓ.....!!!

----

ਐਧਰ ਦੁੱਖ ਤੇ ਔਧਰ ਗ਼ਮ ਹਨ

ਜੁ ਹੱਡਾਂ ਨੂੰ ਖਾਂਦੇ।

ਦੋ ਪਲ ਸਾਡੀ ਦਰਦ ਕਹਾਣੀ

ਸੁਣਿਓ ਜਾਂਦੇ ਜਾਂਦੇ।

ਇਕ ਸ਼ਸਕਾਰਾ ਮਾਰੋ ਐਸਾ

ਦੋਵੇਂ ਗ਼ਮ ਸ਼ਸ਼ਕਾਰ!

ਹਾਸੇ ਠੱਠੇ ਮਸ਼ਕਰੀਆਂ ਦੀ

ਪਾਵੋ ਆਣ ਫ਼ੁਹਾਰ!!

ਪਿੰਡ ਦਿਓ.....!!!

----

ਪਿੰਡ ਦਿਓ ਆਜੜੀਓ!

ਹੁਣ ਰੰਗੀਆਂ ਭੇਡਾਂ

ਤੋਰ ਲਿਆਵੋ

ਸੱਤ ਸਮੁੰਦਰੋਂ ਪਾਰ!!

ਨਾਲ਼ੇ ਸਾਨੂੰ ਆਣ ਮਿਲ਼ਾਵੋ

ਆਲੇ-ਭੋਲੇ ਲੇਲੇ ਸਾਡੇ ਯਾਰ!!!


Wednesday, March 25, 2009

ਸ਼ੇਰ ਸਿੰਘ ਕੰਵਲ - ਗ਼ਜ਼ਲ

ਸਾਹਿਤਕ ਨਾਮ: ਸ਼ੇਰ ਸਿੰਘ ਕੰਵਲ

ਅਜੋਕਾ ਨਿਵਾਸ: ਨਿਆਗਰਾ ਫਾਲਜ਼, ਯੂ.ਐੱਸ.ਏ.

ਕਿਤਾਬਾਂ: ਕਾਵਿ-ਸੰਗ੍ਰਹਿ: ਪੱਥਰ ਦੀ ਅੱਖ, ਗੁਲਾਬ, ਫ਼ਾਨੂਸ ਤੇ ਬਰਫ਼, ਆਨੰਦਪਰ ਬਨਾਮ ਦਿੱਲੀ, ਮੋਹ-ਮਹਿਲ, ਸੰਦਲੀ ਰੁੱਤ, ਮਿੱਟੀ ਦੇ ਮੋਰ ਅਤੇ ਗ਼ਜ਼ਲ ਸੰਗ੍ਰਹਿ: ਕਾਸ਼ਨੀ ਦੇ ਫੁੱਲ ਪ੍ਰਕਾਸ਼ਿਤ ਹੋ ਚੁੱਕੇ ਹਨ।

----

ਪ੍ਰਕਾਸ਼ਨ ਅਧੀਨ: ਕਾਵਿ-ਸੰਗ੍ਰਹਿ: ਕੱਚ ਦੀਆਂ ਮੁੰਦਰਾਂ, ਚੀਨੇ ਕਬੂਤਰ, ਢਾਈ ਪੱਤ ਮਛਲੀ ਦੇ, ਵਿਅੰਗ-ਸੰਗ੍ਰਹਿ: ਕਿੱਸਾ ਪਰਦੇਸੀ ਰਾਂਝਣ, ਹੱਸਦੇ ਹੱਸਦੇ ਜਾਂਦੇ ਜਾਂਦੇ ਅਤੇ ਵਾਰਤਕ-ਸੰਗ੍ਰਹਿ : ਪੰਜਾਬ ਦੇ ਮੇਲੇ ਪ੍ਰਕਾਸ਼ਨ ਅਧੀਨ ਹਨ।

----

ਇਨਾਮ-ਸਨਮਾਨ: 1977 ਚ ਛਪੀ ਕਿਤਾਬ ਗੁਲਾਬ, ਫ਼ਾਨੂਸ ਤੇ ਬਰਫ਼ ਬਦਲੇ ਭਾਈ ਵੀਰ ਸਿੰਘ ਪੁਰਸਕਾਰ ਅਤੇ ਹੋਰ ਬਹੁਤ ਸਾਰੇ ਇਨਾਮਾਂ ਨਾਲ਼ ਸਨਮਾਨਿਆ ਜਾ ਚੁੱਕਾ ਹੈ।

----

ਕੰਵਲ ਸਾਹਿਬ ਨੂੰ ਸਭ ਤੋਂ ਲੰਮੀ ਤੋਰੀ ( Zuchhini Courgette) ਪੈਦਾ ਕਰਕੇ ਕਿਸੇ ਖੇਤੀ ਉਪਜ ਲਈ ਪਹਿਲੇ ਸਿੱਖ ਤੇ ਭਾਰਤੀ ਮੂਲ ਦੇ ਵਿਅਕਤੀ ਵਜੋਂ ਗਿਨੀਜ਼ ਵਰਲਡ ਰਿਕਾਰਡ ਕਾਇਮ ਕਰਨ ਦਾ ਵੀ ਮਾਣ ਹਾਸਲ ਹੈ।

---

ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਕੰਵਲ ਸਾਹਿਬ ਨੂੰ ਆਰਸੀ ਦੀ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਵਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਆਖਦੀ ਹਾਂ। ਅੱਜ ਉਹਨਾਂ ਦੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

------

ਗ਼ਜ਼ਲ

ਜਦ ਤੋਂ ਅਪਣੇ ਕਮਰੇ ਵਿਚ ਮੈਂ ਲਾਈਆਂ ਨੇ ਤਸਵੀਰਾਂ।

ਉਸ ਦਿਨ ਤੋਂ ਹੀ ਕਮਰੇ ਉਤੇ ਛਾਈਆਂ ਨੇ ਤਸਵੀਰਾਂ।

----

ਕਦੇ ਉਦਾਸ ਪਲਾਂ ਵਿਚ ਇਹਨਾਂ ਮੈਨੂੰ ਹੈ ਪਰਚਾਇਆ,

ਮੈਂ ਵੀ ਏਵੇਂ ਕਦੇ ਕਦੇ ਪਰਚਾਈਆਂ ਨੇ ਤਸਵੀਰਾਂ।

----

ਤਨਹਾਈ ਵਿਚ ਜਦੋਂ ਕਦੇ ਮੈਂ ਵਾਜ਼ ਕਿਸੇ ਨੂੰ ਮਾਰੀ,

ਚੌਖਟਿਆਂ ਚੋਂ ਨਿਕਲ਼ ਕੇ ਇਹ ਆਈਆਂ ਨੇ ਤਸਵੀਰਾਂ।

----

ਤਸਵੀਰਾਂ ਦੇ ਰੰਗਾਂ ਨੂੰ ਹੈ ਕੌਣ ਸੂਝ ਕੇ ਵਰਿਆ,

ਕਿਹੜੀ ਸੋਚ ਨੇ ਧੁਰ ਤੋਂ ਧੁਰ ਤਕ ਪਾਈਆਂ ਨੇ ਤਸਵੀਰਾਂ।

-----

ਇਹਨਾਂ ਦੀ ਗਰਮੀ ਨੇ ਮੇਰੇ ਯਖ਼ ਕੱਕਰ ਨੇ ਭੰਨੇ,

ਠਰੀਆਂ ਹੋਈਆਂ ਮੈਂ ਵੀ ਤਾਂ ਗਰਮਾਈਆਂ ਨੇ ਤਸਵੀਰਾਂ।

----

ਰੰਗ ਜ਼ਮਾਨੇ ਭਰ ਦੇ ਇਹਨਾਂ ਵਿਚ ਭਰ ਭਰ ਕੇ ਵੇਖੇ,

ਫਿਰ ਵੀ ਪਹਿਲਾਂ ਵਾਂਗੂੰ ਹੀ ਤਿਰਹਾਈਆਂ ਨੇ ਤਸਵੀਰਾਂ।

----

ਉਂਞ ਤਾਂ ਅਪਣੇ ਕਮਰੇ ਵਿਚ ਤਸਵੀਰਾਂ ਲਾਵਣ ਸਾਰੇ,

ਰਾਸ ਕਿਸੇ ਨੂੰ ਦੱਸੋ ਜੇਕਰ ਆਈਆਂ ਨੇ ਤਸਵੀਰਾਂ।

----

ਉਸ ਦਿਨ ਮੇਰਾ ਕਮਰਾ ਮੈਨੂੰ ਖਾਣ ਲਈ ਹੀ ਆਇਆ,

ਜਿਸ ਦਿਨ ਅਪਣੇ ਕਮਰੇ ਚੋਂ ਮੈਂ ਲਾਹੀਆਂ ਨੇ ਤਸਵੀਰਾਂ।

----

ਕੀ ਆਖਾਂ ਇਹ ਚੰਗਾ ਹੋਇਆ ਜਾਂ ਕੁਝ ਹੋਇਆ ਮੰਦਾ,

ਜਦ ਬਾਜ਼ਾਰ ਚ ਮੇਰੇ ਸੰਗ ਟਕਰਾਈਆਂ ਨੇ ਤਸਵੀਰਾਂ।

----

ਦਫ਼ਤਰ ਦੇ ਵਿਚ ਅਫ਼ਸਰ ਕਦੇ ਨਾ, ਕੰਮ ਦਾ ਸ਼ਿਕਵਾ ਕੀਤਾ,

ਜਦ ਵੀ ਉਸ ਵੱਲ ਹੱਸੀਆਂ ਤੇ ਸ਼ਰਮਾਈਆਂ ਨੇ ਤਸਵੀਰਾਂ।

----

ਹਾਕਮ ਦੇ ਮਨ ਭੁੱਖ ਵਸੀ ਹੈ ਤਸਵੀਰਾਂ ਮਾਨਣ ਦੀ,

ਆਪਣੀ ਕੋਠੀ ਚੁਣ ਚੁਣ ਉਸ ਮੰਗਵਾਈਆਂ ਨੇ ਤਸਵੀਰਾਂ।

================

ਗ਼ਜ਼ਲ

ਦਰਿਆ ਦੇ ਕੰਢੇ ਰਾਤ ਇਕ ਸੁਣਿਆ ਹੈ ਹੋਇਆ ਹਾਦਸਾ।

ਹੈ ਅਜਨਬੀ ਇਕ ਬੂੰਦ ਲਈ ਰੋਂਦਾ ਪਿਆਸਾ ਮਰ ਗਿਆ।

----

ਆਈ ਹਨੇਰੀ ਚੰਦਰੀ ਪੰਛੀ ਦੇ ਪੱਲੇ ਕੀ ਰਿਹਾ?

ਰੀਝਾਂ ਦਾ ਇਕੋ ਆਲ੍ਹਣਾ ਵੀ ਤੀਲ੍ਹਾ-ਤੀਲ੍ਹਾ ਹੋ ਗਿਆ।

----

ਸੀ ਉਹ ਗੁਬਾਰਾ ਰੰਗਲਾ ਉਡਿਆ ਤੇ ਉਡਦਾ ਹੀ ਗਿਆ,

ਬਸ ਕੀ ਪਤਾ ਕੀ ਹੋ ਗਿਆ? ਨਜ਼ਰੀਂ ਹੀ ਮੁੜ ਕੇ ਨਾ ਪਿਆ।

----

ਇਕ ਰੁੱਤ ਜ਼ਾਲਮ ਆਏਗੀ ਕਿ ਪੱਤ ਵੀ ਕਿਰ ਜਾਣਗੇ,

ਫੁੱਲਾਂ ਚੋਂ ਹੱਸਦੇ ਰੁੱਖ ਨੇ ਇਹ ਨਾ ਕਦੇ ਸੀ ਸੋਚਿਆ।

----

ਉਹ ਨਾਗ ਇਕ ਫੁੰਕਾਰਦਾ ਜੂਹਾਂ ਚ ਜੋ ਸੀ ਮੇਲ੍ਹਦਾ,

ਰੁਕਿਆ ਤੇ ਕੀਕਰ ਪਰਤਿਆ ਜਾਦੂ ਸੀ ਕਿਹੜੀ ਬੀਨ ਦਾ।

----

ਹੱਥਾਂ ਚ ਸਾਰੀ ਤਾਸ਼ ਸੀ, ਸੀ ਵਕ਼ਤ ਚਲਦੀ ਖੇਡ ਵੀ,

ਬਸ ਮਾਤ ਉਸਨੂੰ ਦੇ ਗਿਆ ਇਕੋ ਹੀ ਪੱਤਾ ਰੰਗ ਦਾ।

----

ਨਾ ਜ਼ਿੰਦਗੀ, ਨਾ ਖ਼ੁਦਕੁਸ਼ੀ ਕਹੀਏ ਤਾਂ ਇਸ ਨੂੰ ਫੇਰ ਕੀ?

ਇਲਜ਼ਾਮ ਅਪਣੇ ਆਪ ਤੇ ਹੈ ਯਾਰ ਅਪਣੇ ਕ਼ਤਲ ਦਾ।

----

ਮਰਦੇ ਆਵਾਜ਼ਾਂ ਦਿੱਤੀਆਂ, ਕੋਈ ਇਕ ਵੀ ਨਾ ਬਹੁੜਿਆ,

ਵਿੰਹਦੇ ਹੀ ਕੋਲ਼ੋਂ ਗੁਜ਼ਰਿਆ ਮਿੱਤਰਾਂ ਦਾ ਇਉਂ ਵੀ ਕਾਫ਼ਲਾ।

----

ਸੁਣਦੇ ਤਾਂ ਸੀ ਕਿ ਸਮਾਂ ਇਹ ਹੈ ਬਦਲਦੇ ਹੀ ਬਦਲਦਾ,

ਪਰ ਸਾਡੇ ਲਈ ਇਉਂ ਬਦਲਿਆ ਜਿਉਂ ਨਾ ਸੀ ਕਦੇ ਬਦਲਿਆ।