ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਸੁਰਜੀਤ. Show all posts
Showing posts with label ਸੁਰਜੀਤ. Show all posts

Sunday, September 16, 2012

ਸੁਰਜੀਤ - ਨਜ਼ਮਾਂ



ਸੁਰਖ਼ ਜੋੜੇ ਚ ਸਜੀ ਕੁੜੀ
ਨਜ਼ਮ
ਸੁਰਖ਼  ਜੋੜੇ ਚ ਸਜੀ ਕੁੜੀ
ਅੱਖਾਂ ਵਿਚ ਕੁਛ
ਜਗਦਾ ਬੁਝਦਾ
ਕੈਨਵਸ  ਤੇ ਕੁਛ
ਬਣਦਾ ਮਿਟਦਾ  !

ਮੁੱਠੀ ਭਰ ਚੌਲ ਪਿਛਾਂਹ ਨੂੰ ਸੁੱਟ ਕੇ
ਛੱਡ ਜਾਂਦੀ ਹੈ
ਖੂੰਜਿਆਂ ਚ ਖੇਡੀਆਂ ਲੁਕਣ-ਮੀਟੀਆਂ
ਵਿਹੜੇ ਵਿਚ ਉਡੀਕਦੀਆਂ ਸਖੀਆਂ
ਸੰਦੂਕ ਵਿਚ ਪਈਆਂ ਰੰਗ ਬਿਰੰਗੀਆਂ ਚੁੰਨੀਆਂ
ਅਲਮਾਰੀ ਚ ਪਈਆਂ ਕਿਤਾਬਾਂ
ਕਿਤਾਬਾਂ ਚ ਪਏ ਖ਼ਤ
ਖ਼ਤਾਂ ਚ ਪਏ ਨਿਹੋਰੇ
ਕੁਛ ਹਾਸੇ-
ਕੁਛ ਰੋਸੇ
ਅੱਖਾਂ ਚੋਂ ਕੇਰੇ ਹੰਝੂ !

ਕੱਕੀ ਕੈਨਵਸ ਤੇ
ਕਿੰਨਾ ਕੁਝ ਸਮੇਟੀ
ਮਹਿੰਦੀ ਰੱਤੇ ਪੈਰੀਂ
ਹੌਲ਼ੀ ਹੌਲ਼ੀ ਪੱਬ ਧਰਦੀ
ਘਰ ਦੀ ਦਹਿਲੀਜ਼ ਟੱਪ
ਇਕ ਪੁਲਾਂਘ ਵਿਚ
ਕਰ ਜਾਂਦੀ ਹੈ ਤੈਅ
ਕਿੰਨੇ ਲੰਮੇ ਫ਼ਾਸਲੇ
ਰਿਸ਼ਤਿਆਂ ਦੇ
ਮਰਿਆਦਾਵਾਂ ਦੇ
ਰਸਮਾਂ ਦੇ
ਸਲੀਕਿਆਂ ਦੇ
ਮੁਹਾਂਦਰਿਆਂ ਦੇ
ਤੇ ਜਿਸਮਾਂ ਦੇ ...
=====
ਆਜ਼ਾਦੀ
ਨਜ਼ਮ
...
ਤੇ ਇਕ ਦਿਨ
ਪਿੰਜਰਾ ਖੁੱਲ੍ਹ ਗਿਆ 
ਪੰਛੀ ਉੱਡ ਗਿਆ !

ਏਡੀ ਖ਼ੁਸ਼ੀ 
ਉਸਨੂੰ ਸਮਝ ਨਾ ਆਵੇ
ਹੁਣ ਉਹ ਕੀ ਕਰੇ
ਧਰਤੀ ਤੇ ਲੇਟੇ 
ਚੁੰਝ ਖੋਲ੍ਹੇ
ਉੱਚੀ ਉੱਚੀ ਬੋਲੇ !

ਉੱਪਰ ਤੱਕਿਆ
ਅਨੰਤ ਆਕਾਸ਼ !
ਆਹਾ !

ਪੰਛੀ ਨੇ ਹਵਾ ਵਿਚ
ਗੋਤਾ ਲਾਇਆ
ਬੱਦਲਾਂ ਤੋਂ ਪਾਰ 
ਉਸਨੇ ਉੱਡਣਾ ਚਾਹਿਆ

ਪਰ ਆਪਣੇ ਖੰਭਾਂ ਦਾ ਭਾਰ
ਉਸਤੋਂ ਚੁੱਕ ਨਾ ਹੋਇਆ
ਘਰ ਦੀ ਛੱਤ ਤੋਂ ਉਪਰ
ਉਸਤੋਂ ਉੱਡ ਨਾ ਹੋਇਆ ...

Friday, December 18, 2009

ਸੁਰਜੀਤ - ਨਜ਼ਮ

ਦੋਸਤੋ! ਜਿਵੇਂ ਕਿ ਕੁਝ ਦਿਨ ਪਹਿਲਾਂ ਮੈਂ ਆਰਸੀ ਤੇ ਇਹ ਸੂਚਨਾ ਪੋਸਟ ਕੀਤੀ ਸੀ ਕਿ ਬਰੈਪਟਨ, ਕੈਨੇਡਾ ਵਸਦੀ ਲੇਖਿਕਾ ਸੁਰਜੀਤ ਜੀ ਨੂੰ ਬ੍ਰੇਨ ਹੈਮਰੇਜ ਹੋਣ ਕਰਕੇ, ਅਗਸਤ ਦੇ ਮਹੀਨੇ ਵਿਚ ਇਕ ਕਠਿਨ ਸਰਜਰੀ ਚੋਂ ਗੁਜ਼ਰਨਾ ਪਿਆ ਸੀ। ਅੱਜ ਉਹਨਾਂ ਨੇ ਸਰਜਰੀ ਤੋਂ ਬਾਅਦ ਪਹਿਲੀ ਵਾਰ ਇਕ ਨਜ਼ਮ ਲਿਖ ਕੇ ਆਰਸੀ ਪਰਿਵਾਰ ਨਾਲ਼ ਸਾਂਝੀ ਕਰਨ ਲਈ ਭੇਜੀ ਹੈ, ਇਸ ਨਜ਼ਮ ਨੂੰ ਸ਼ਾਮਿਲ ਕਰਦਿਆਂ, ਅਸੀਂ ਉਹਨਾਂ ਦੀ ਜਲਦ ਸਿਹਤਯਾਬੀ ਦੀ ਦੁਆ ਕਰਦੇ ਹਾਂ... ਆਮੀਨ! ਸੁਰਜੀਤ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

**********

ਜੀਤ ਫ਼ਿਰ ਉਗਮੀ ਹੈ !

ਨਜ਼ਮ

ਉਂਝ ਤਾਂ ਹਰ ਪਲ

ਤਨ ਅੰਦਰ

ਕਈ ਸੈੱਲ ਜੰਮਦੇ

ਤੇ ਮਰ ਜਾਂਦੇ !

ਮਨ

ਕਈ ਖ਼ਿਆਲ ਉਗਮਦੇ

ਤੇ ਹੌਲੀ ਹੌਲੀ ਠਰ ਜਾਂਦੇ !

ਕਈ ਮੌਸਮ ਆਉਂਦੇ

ਤੇ ਨਿਕਲ ਜਾਂਦੇ

ਕਈ ਲੋਕ ਮਿਲਦੇ

ਤੇ ਵਿਛੜ ਜਾਂਦੇ

ਹਾਦਸੇ ਹੁੰਦੇ ਫ਼ਿਰ

ਵਿਸਰ ਜਾਂਦੇ !

ਕੁਛ ਇਸੇ ਤਰ੍ਹਾਂ

ਚਲਦੀ ਹੈ ਜ਼ਿੰਦਗੀ

ਹਾਸਿਆਂ ਤੇ ਹਾਵਿਆਂ

ਪਲ਼ਦੀ ਹੈ ਜ਼ਿੰਦਗੀ !

.................

ਪਰ ਕੁਛ ਹਾਦਸੇ ਹੁੰਦੇ

ਅੱਗ ਦੇ ਦਰਿਆਵਾਂ ਵਰਗੇ

ਪੀੜਾਂ ਦੀਆਂ ਝਨਾਵਾਂ ਵਰਗੇ

ਅਣਗੌਲ਼ੇ ਪਥਰੀਲੇ ਰਾਹਾਂ ਵਰਗੇ

ਆਉਂਦੇ ਤੇ ਬਸ

ਜ਼ਿੰਦਗੀ ਨਿਗਲ਼ ਜਾਂਦੇ !

ਸੋਚ ਨੂੰ ਨਿਚੋੜ ਦਿੰਦੇ ਨੇ

ਹੋਸ਼ ਨੂੰ ਕਰ ਬੇਹੋਸ਼ ਦਿੰਦੇ ਨੇ

ਹਸਤੀ ਤੁਹਾਡੀ ਬਦਲ ਜਾਂਦੇ ਨੇ

ਤੇ ਜ਼ਿੰਦਗੀ ਰੂਪੀ ਬੋਝ

ਤੁਹਾਡੇ ਲਈ ਛੱਡ ਜਾਂਦੇ !

..........

ਇੰਜ ਹੀ ਇਕ ਦਿਨ

ਕਿਸੇ ਵੀਰਾਨੇ ਰਾਹ

ਡਿਗ ਪਈ ਸੀ ਜੀਤ

ਸੱਟ ਇੰਨੀ ਲਗੀ ਕਿ

ਮਿਟ ਗਈ ਸੀ ਜੀਤ’ !

.............

ਤਨ ਵੀ ਸੀ

ਮਨ ਵੀ ਸੀ

ਪਰ ਚੇਤਨਾ ਵਿਸਰ ਗਈ ਸੀ

ਸਾਰੇ ਕੋਲ ਸਨ

ਪਰ ਕੋਲ ਕੋਈ ਨਹੀਂ ਸੀ !

ਤੇ ਫ਼ੇਰ

ਇਕ ਦਿਨ ਅਚਾਨਕ

ਅਕਾਸ਼ੋਂ ਜਿਵੇਂ

ਕੋਈ ਸੁਨੇਹਾ ਆਉਂਦੈ

ਕੰਨ ਵਿਚ ਉਸ ਸੁਹਣੇਦੀ

ਆਵਾਜ਼ ਸੁਣ

ਉਠ ਪਈ ਸੀ ਜੀਤ’ !

ਸਾਹ ਤਾਂ ਮਿਲੇ ਸਨ

ਪਰ ਬਦਲ ਗਈ ਸੀ ਜੀਤ’ !

...........

ਪੀੜ ਦਾ ਉਹ ਆਲਮ ਸੀ ਕਿ

ਜ਼ਿੰਦਗੀ ਵਿਸਰ ਗਈ ਸੀ

ਪੈਰ ਤਾਂ ਸਨ

ਪਰ ਤੁਰਨਾ ਭੁਲ ਗਈ ਸੀ !

ਹੱਥ ਸਨ

ਪਰ ਲਗਦੇ ਸਨ ਬੇਗਾਨੇ

ਸਮਝ ਆਉਂਦੇ ਸਨ ਹੁਣ -

ਅਜ ਫ਼ਰੀਦੈ ਕੁਜੜਾ ਸੈ ਕੋਹਾਂ ਥੀਓਮ ”-

ਦੇ ਮਾਇਨੇ !

ਲਗਦੇ ਸੀ ਉਸਨੂੰ

ਜ਼ਿੰਦਗੀ ਦੇ ਹਾਲਾਤ ਬਦਲੇ ਬਦਲੇ

ਸਾਰੇ ਕੰਮ ਲਗਦੇ ਸੀ ਫ਼ਜ਼ੂਲ

ਤੇ ਦੁਨੀਆ ਦੇ ਅਰਥ ਬਦਲੇ ਬਦਲੇ !

..............

ਉਹ ਜੋ ਕਦੇ

ਘਰ ਦਾ ਧੁਰਾ ਹੁੰਦੀ ਸੀ

ਅੱਜ ਬੇਕਾਰ

ਬਿਸਤਰ ਤੇ ਪੈ ਗਈ ਸੀ !

ਜ਼ਮਾਨਾ ਚਲ ਰਿਹਾ ਸੀ

-ਉਸੇ ਤਰ੍ਹਾਂ-

ਬਸ ਉਸ ਦੀ ਹਸਤੀ

ਢਹਿ ਗਈ ਸੀ !

..........

ਸਮਝ ਆਈ ਹੁਣ ਉਸਨੂੰ

ਕਿ ਇਕ ਦਮੀਹੋਣਾ ਕੀ ਹੁੰਦੈ !

ਦੁਨੀਆ ਧੋਖਾ ਕਿਵੇਂ ਹੈ !

ਸਭ ਕੁਛ ਝੂਠ ਕਿਵੇਂ ਹੈ !

ਆਦਮੀ ਕੁਦਰਤ ਹੱਥੋਂ

ਮਜਬੂਰ ਕਿਵੇਂ ਹੈ !

..........

ਹੌਲੀ ਹੌਲੀ

ਆਹਿਸਤਾ ਆਹਿਸਤਾ

ਫ਼ਿਰ ਉਗਮੀ ਹੈ ਜੀਤ’ !

ਕੋਈ ਨਵੀਂ ਸੋਚ ਲੈਕੇ

ਨਵੇਂ ਰਾਹਾਂ ਤੇ ਤੁਰਨ ਲਈ !

Wednesday, December 2, 2009

ਸੁਰਜੀਤ - ਨਜ਼ਮ

ਦੋਸਤੋ! ਬਰੈਂਪਟਨ, ਕੈਨੇਡਾ ਵਸਦੀ ਲੇਖਿਕਾ ਸੁਰਜੀਤ ਜੀ ਨੂੰ ਜੁਲਾਈ ਦੇ ਆਖ਼ਰੀ ਹਫ਼ਤੇ ਬਰੇਨ ਹੈਮਰੇਜ ਹੋਣ ਕਰਕੇ ਕਈ ਕਠਿਨ ਮੈਡੀਕਲ ਟੈਸਟਾਂ ਅਤੇ ਬਰੇਨ ਸਰਜਰੀ ਚੋਂ ਗੁਜ਼ਰਨਾ ਪਿਆ ਹੈ। ਕੁਝ ਹਫ਼ਤੇ ਹਸਪਤਾਲ ਰਹਿਣ ਤੋਂ ਬਾਅਦ, ਹੁਣ ਉਹ ਘਰੇ ਬੈੱਡ-ਰੈਸਟ ਤੇ ਹਨ । ਆਰਸੀ ਪਰਿਵਾਰ ਵੱਲੋਂ ਉਹਨਾਂ ਦੀ ਜਲਦ ਸਿਹਤਯਾਬੀ ਲਈ ਦੁਆਗੋ ਹਾਂ। ਸਰਜਰੀ ਤੋਂ ਪਹਿਲਾਂ ਉਹ ਆਪਣੀ ਨਵੀਂ ਕਿਤਾਬ ਲਿਖ ਰਹੇ ਸਨ, ਜੋ ਅਧੂਰੀ ਹੈ ਅਸੀਂ ਅਰਦਾਸ ਕਰਦੇ ਹਾਂ ਕਿ ਉਹ ਜਲਦ ਠੀਕ ਹੋ ਕੇ ਆਪਣੀ ਇਹ ਕਿਤਾਬ ਪੂਰੀ ਕਰਨ ਅਤੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਸੰਭਾਲ਼ਣ...ਉਹਨਾਂ ਦੀਆਂ ਨਵੀਆਂ ਨਜ਼ਮਾਂ ਦੀ ਆਰਸੀ ਪਰਿਵਾਰ ਨੂੰ ਉਡੀਕ ਰਹੇਗੀ....ਆਮੀਨ!!

ਅਦਬ ਸਹਿਤ

ਤਨਦੀਪ ਤਮੰਨਾ

*******

ਪਰਦੇਸੀ

ਨਜ਼ਮ

ਹਰ ਪਗਡੰਡੀ ਤੇ

ਦੀਵਾ ਬਾਲ਼ ਉਸ ਧਰਿਆ ਹੈ

ਦੇਸੋਂ ਆਉਂਦਾ ਹਰ ਰਿਸ਼ਤਾ ਹੀ ਠਰਿਆ ਹੈ

..............

ਸੜਕਾਂ ਤੇ ਤੁਰਦਾ ਸੜਕ ਹੋ ਗਿਐ

ਅਣਪਛਾਤੀ ਭੀੜ ਦੀ ਉਜਾੜ

ਠਠੰਬਰਿਆ ਉਹ ਖੜ੍ਹਿਆ ਹੈ!

................

ਉਂਝ ਤਾਂ ਡੁੱਲ੍ਹ ਗਿਐ

ਆਪਣਿਆਂ ਦੇ ਚੇਤਿਆਂ ਚੋਂ ਵੀ ਹੁਣ ਤਾਂ

ਪਰ ਸੁਹਣੇ ਫਰੇਮ ਚ ਜੜੀ

ਤਸਵੀਰ ਬਣਕੇ

ਉਹਨਾਂ ਦੀ ਕੰਧਾਂ ਤੇ ਅਜੇ ਲਟਕ ਰਿਹੈ!

.............

ਜਦ ਕਦੇ ਵੀ ਹਵਾ ਚੋਂ

ਆਪਣਿਆਂ ਦੇ ਬੋਲ ਉਹ ਸੁਣਦੈ

ਇਕੋ ਮਜ਼ਮੂਨ ਉਸ ਪੜ੍ਹਿਐ

ਟਾਹਲੀ ਵਾਲ਼ੇ ਖੂਹ ਦੀ ਕੀਮਤ

ਬਾਪੂ ਦੀ ਪੱਗ

ਛੋਟੇ ਦੀ ਮਾਰੂਤੀ

ਭੈਣ ਦੇ ਸਹੁਰਿਆਂ ਦਾ ਅੱਡਿਆ ਮੂੰਹ...

ਮੈਕਸੀਕੋ ਚ ਬੈਠੇ

ਰਿਸ਼ਤੇਦਾਰਾਂ ਦੇ ਮੁੰਡੇ ਦੇ

ਅਮਰੀਕਾ ਆਉਣ ਦੇ ਸੁਪਨੇ

ਹਰ ਰਿਸ਼ਤਾ ਹੀ ਪੂੰਜੀ ਮੰਗ ਰਿਹੈ

ਤੇ ਉਹ ਪੂੰਜੀ ਦਾ ਚਿੰਨ੍ਹ ਬਣ

ਇਕ ਜੌਬ ਤੋਂ ਦੂਜੀ ਜੌਬ ਤੱਕ

ਭਟਕ ਰਿਹੈ

...............

ਪੂੰਜੀ ਦੀ ਸੂਲ਼ੀ ਤੇ

ਉਹ ਲਟਕ ਰਿਹੈ!!

Tuesday, September 15, 2009

ਸੁਰਜੀਤ - ਨਜ਼ਮ

ਸ਼ਿਕਸਤ-ਰੰਗ

ਨਜ਼ਮ

ਪਾਣੀ ਤੇ ਪਈ ਲੀਕ ਵਾਂਗ

ਆਈ ਹਰ ਸਵੇਰ

ਰੇਤ ਤੇ ਲਿਖੇ

ਅੱਖਰਾਂ ਵਰਗੇ

ਹੁੰਦੇ ਰਹੇ ਨੇ ਦਿਨ

ਸ਼ਾਮ ਹੁੰਦਿਆਂ ਹੀ

ਹਨੇਰੇ

ਸਿਮਟ ਜਾਂਦੇ ਨੇ ਰੰਗ

ਜ਼ਿੰਦਗੀ ਹਰ ਸਮਾਂ

ਸ਼ਿਕਸਤ-ਰੰਗ ਹੁੰਦੀ ਏ !

.............

ਬੁਝੇ ਹੋਏ ਦੀਵੇ ਦੀ ਤਰ੍ਹਾਂ

ਖੰਡਰਾਂ

ਮਲਬੇ ਦੇ ਢੇਰ ਹੇਠਾਂ

ਦੱਬੇ ਰਹੇ ਪੜਾਅ

ਧੋ ਹੋਏ ਨਾ ਸਰਾਪ

ਅਨੇਕਾਂ ਮੌਸਮ

ਬਰਸਾਤ ਦੇ ਵੀ ਆਏ !

.........

ਕੂਲੀ ਰਿਸ਼ਮ ਵਰਗਾ

ਜੋ ਪਲ ਸੀ ਮਿਲਿਆ

ਤਪਦੇ ਸੂਰਜ ਵਾਂਗ

ਮੱਥੇ ਚ ਧੁਖਦਾ ਰਿਹੈ

ਸਾਰੀ ਉਮਰ

ਜਿਹਦੇ ਤਾਪ ਨਾਲ

ਵਿਹੜਾ ਭੁੱਜਦਾ ਰਿਹੈ !

...........

ਦਿਸ਼ਾ ਬਦਲੇ

ਸਮਾਂ ਬਦਲੇ

ਪਰ ਬਦਲੇ ਨਹੀਂ

ਜ਼ਿੰਦਗੀ ਦੇ ਮੌਸਮ

ਮਨੋਸਥਲ ਤੇ

ਹਰ ਦਮ

ਸੋਚਾਂ ਦਾ

ਯੁੱਧ ਚਲਦਾ ਰਿਹੈ !

.................

ਸੁਣਦੇ ਸੀ

ਪਲਾਂ ਛਿਣਾਂ ਦੀ ਹੈ ਜ਼ਿੰਦਗੀ

ਚਲਦੇ ਚਲਦੇ ਹੰਭ ਗਈ

ਮਿਲਿਆ ਨਾ ਉਹ ਮੁਕਾਮ

ਸੋਚਾਂ ਨੂੰ ਜਿਥੇ ਰਾਹਤ ਮਿਲਦੀ !

...........

ਆਪਣੇ ਹੀ ਅੰਦਰ

ਕੈਦ ਹਾਂ ਧੁਰ ਤੋਂ

ਇਸ ਕੈਦ ਦੀ

ਕੋਈ ਬਾਰੀ

ਬਾਹਰ ਨਹੀਂ ਖੁੱਲ੍ਹਦੀ

ਕੋਈ ਨਵਾਂ ਸੂਰਜ

ਕੋਈ ਨਵਾਂ ਚਾਨਣ

ਨਹੀਂ ਉਕਰਦਾ ਜਦ ਤਕ

ਇਸ ਰੂਹ ਨੂੰ

ਸੁਤੰਤਰਤਾ ਨਹੀਂ ਮਿਲਦੀ !

..........

ਈਸਾ ਨੂੰ ਲੱਭੀ

ਮਨਸੂਰ ਨੂੰ ਲੱਭੀ

ਸੁਕਰਾਤ ਨੂੰ ਲੱਭੀ ਜੋ

ਉਹ ਦਿਸ਼ਾ

ਮੈਨੂੰ ਕਿਉਂ ਨਹੀਂ ਮਿਲਦੀ !!


Wednesday, May 27, 2009

ਸੁਰਜੀਤ - ਨਜ਼ਮ

ਦਹਿਲੀਜ਼

ਨਜ਼ਮ

ਪਹਿਲੀ ਉਮਰ ਦੇ

ਉਹ ਅਹਿਸਾਸ

ਉਹ ਵਿਸ਼ਵਾਸ

ਉਹ ਚਿਹਰੇ

ਉਹ ਰਿਸ਼ਤੇ

ਅਜੇ ਵੀ ਤੁਰ ਰਹੇ ਨੇ

ਮੇਰੇ ਨਾਲ ਨਾਲ !

.........

ਯਾਦਾਂ ਦੇ ਕੁਛ ਕੰਵਲ

ਅਜੇ ਵੀ ਮਨ ਦੀ ਝੀਲ

ਤੈਰ ਰਹੇ ਨੇ ਓਵੇਂ ਦੇ ਓਵੇਂ !

ਸੁਹਲ-ਸਲੋਨੇ ਸੁਪਨੇ

ਅਜੇ ਵੀ ਪਲਕਾਂ ਹੇਠਾਂ

ਪਲਮ ਰਹੇ ਨੇ

ਓਸੇ ਤਰ੍ਹਾਂ !

........

ਤਿਤਲੀਆਂ ਫੜਨ ਦੀ

ਉਮਰ ਦੇ ਚਾਅ

ਅਜੇ ਵੀ ਮੇਰੀਆਂ ਤਲੀਆਂ ਤੇ

ਟਪੂਸੀਆਂ ਮਾਰ ਕੇ ਨੱਚ ਰਹੇ ਨੇ !

ਇੰਦਰ-ਧਨੁਸ਼ ਦੇ ਸੱਤੇ ਰੰਗ

ਅਜੇ ਮੇਰੀਆਂ ਅੱਖਾਂ

ਖਿੜ ਖਿੜ ਹੱਸ ਰਹੇ ਨੇ !

...............

ਮੇਰੇ ਅੰਦਰ ਦੀ ਸੁਹਲ ਜਿਹੀ ਕੁੜੀ

ਅਜੇ ਤੱਕ ਦੋ ਗੁੱਤਾਂ ਕਰੀ

ਹੱਥ ਵਿਚ ਕਿਤਾਬਾਂ ਫ਼ੜੀ

ਕਾਲਜ ਵਿਚ ਸਖੀਆਂ ਸੰਗ

ਜ਼ਿੰਦਗੀ ਦੀ ਸਟੇਜ ਤੇ

ਗਿੱਧਾ ਪਾਉਂਦੀ ਹੈ !

............

ਹੈਰਾਨ ਹਾਂ ਕਿ

ਮਨ ਦੇ ਧਰਾਤਲ ਤੇ

ਕੁਛ ਵੀ

ਨਹੀਂ ਬਦਲਦਾ !

ਪਰ ਹੌਲੀ ਹੌਲੀ

ਸ਼ੀਸ਼ੇ ਵਿਚਲਾ ਆਪਣਾ ਅਕਸ

ਬੇਪਛਾਣ ਹੋਈ ਜਾਂਦੈ !!


Friday, April 24, 2009

ਸੁਰਜੀਤ - ਨਜ਼ਮ

ਜੇ ਕਦੇ

ਨਜ਼ਮ

ਸਖੀ ਜੇ ਕਦੇ

ਸ਼ੁਰੂ-ਸਫ਼ਰ

ਕਨਸੋਅ ਪੈ ਜਾਂਦੀ

ਕਿ ਪੰਧ ਅਜਾਈਂ ਮੁੱਕ ਜਾਏਗਾ

ਤਾਂ ਮੈਂ ਰਤਾ ਕੁ

ਰੁਕ ਲੈਂਦੀ !

..................

ਬਹਾਰਾਂ ਦੇ ਮੌਸਮਾਂ

ਦੂਰ ਤੱਕ ਫ਼ੈਲੀਆਂ

ਖੁੱਲ੍ਹੀਆਂ ਚਰਾਗਾਹਾਂ ਚ ਉਗੇ

ਜੰਗਲੀ ਫੁੱਲਾਂ ਦੀਆਂ

ਤਾਜ਼ੀਆਂ ਸੁਗੰਧੀਆਂ ਨਾਲ

ਆਪਣੀ ਰੂਹ ਭਰ ਲੈਂਦੀ !

...............

ਕਦੇ ਕਿਸੇ ਝੀਲ ਦੇ ਕੰਢੇ ਪਏ

ਨਰਮ ਪੱਥਰਾਂ ਤੇ

ਵਿਹਲੀ ਜਿਹੀ ਬਹਿ

ਦੂਰ ਤਕ ਫੈਲੇ

ਦਿਲਕਸ਼ ਪਰਬਤਾਂ ਨੂੰ ਤੱਕਦੀ

ਤੇ ਨਦੀ ਜਿਹੀ ਤਰਲ

ਕਵਿਤਾ ਰਚ ਲੈਂਦੀ !

..................

ਮੇਰੀ ਸੋਚ

ਸਮੁੰਦਰ ਕੰਢੇ

ਹਵਾਵਾਂ ਦੀ

ਚੁੰਨੀ ਦੀ ਬੁੱਕਲ ਮਾਰ

ਕਦੇ ਬੇੜੀਆਂ

ਕਦੇ ਬਰੇਤਿਆਂ

ਕਦੇ ਬਾਦਵਾਨਾਂ ਤੇ

ਸਫ਼ਰ ਕਰ ਲੈਂਦੀ !

.........................

ਕਦੇ

ਸਿੱਪੀਆਂ ਘੋਗੇ ਚੁਗਕੇ

ਗੀਟੇ ਖੇਡਦੀ

ਰੇਤ ਚ ਨਹਾਉਂਦੀਆਂ

ਚਿੜੀਆਂ ਤੱਕਦੀ

ਉਹਨਾਂ ਦੀ ਚੀਂ ਚੀਂ ਦੇ

ਰਾਗ ਚ ਮਸਤ ਹੋ

ਕਿਕਲੀ ਪਾਉਂਦੀ

ਉਸ ਕਾਦਰ ਦੇ ਨੇੜੇ ਹੋ ਲੈਂਦੀ !!

....................

ਪਰ ਸਖੀ!

ਪਤਾ ਨਹੀਂ

ਮੈਂ ਭ੍ਰਾਂਤੀਆਂ ਪਿਛੇ ਕਿਉਂ

ਭੱਜਦੀ ਰਹੀ

ਹਮਸਾਏ ਰੋਜ਼ ਜਾਗਦੇ

ਖਾਂਦੇ, ਪੀਂਦੇ, ਹੱਸਦੇ, ਰੋਂਦੇ

ਤੇ ਸੌਂ ਜਾਂਦੇ !

ਮੈਂ ਵੀ ਇਵੇਂ

ਕਰਦੀ ਰਹੀ !

.............

ਕਾਸ਼!

ਜੇ ਕਦੇ

ਇਹ ਸਫ਼ਰ ਫਿਰ ਤੋਂ ਸ਼ੁਰੂ ਹੋਵੇ

ਇਸ ਵਾਰ ਜੋ ਗਲਤੀ ਹੋਈ

ਫੇਰ ਨਾ ਹੋਵੇ !!


Sunday, March 1, 2009

ਸੁਰਜੀਤ - ਨਜ਼ਮ

ਮਨੁੱਖ, ਮਹਾਂਸਾਗਰ ਤੇ ਬੱਤਖ਼

ਨਜ਼ਮ

ਟਿਕੀ ਰਾਤ….

ਪੂਰਨਮਾਸ਼ੀ ਦਾ ਚੰਨ….

ਪ੍ਰਸ਼ਾਂਤ ਮਹਾਂਸਾਗਰ ਦੀਆਂ ਲਹਿਰਾਂ….

ਲਹਿਰਾਂ ਤੇ

ਕਲੋਲਾਂ ਕਰਦੀ ਸ਼ੀਤਲ ਚਾਨਣੀ….

ਫ਼ਿਜ਼ਾ ਸ਼ਾਂਤ

ਬੇਹੱਦ

ਸ਼ਾਂਤ !!

.....................

ਸਾਗਰ ਦੇ ਐਨ ਵਿਚਕਾਰ

ਅੰਗਰੇਜ਼ੀ ਰੈਸਤੋਰਾਂ

ਰੈਸਤੋਰਾਂ ਵਿਚ

ਜੋਸ਼ੀਲਾ ਸੰਗੀਤ

ਵਿਸਕੀ

ਵਾਈਨ

ਮਸਤੀ

ਫ਼ਰਸ਼ ਤੇ ਨੱਚਦੇ ਲੋਕ

ਇਕ ਅਜੀਬ ਲੋਰ

ਅੰਨ੍ਹਾਂ ਜ਼ੋਰ

ਬੇਹੱਦ ਸ਼ੋਰ !!

................

ਇਸਦੇ ਬਾਹਰ

ਸਾਗਰ ਸ਼ਾਂਤ….

ਮਸਤ ਵਹਿੰਦੀਆਂ ਲਹਿਰਾਂ…..

ਲਹਿਰਾਂ ਦਾ ਅਗੰਮੀ ਨਾਦ….

ਇਕ ਮਧੁਰ ਸੰਗੀਤ….

ਕੁਦਰਤ ਦਾ ਮੂਕ ਗੀਤ….

ਸਾਗਰ ਤੇ ਚੰਨ ਦੀ

ਕੋਈ

ਰਹੱਸਮਈ

ਪ੍ਰੀਤ !!

................

ਟਿਕੀ ਰਾਤ

ਪ੍ਰਸ਼ਾਂਤ ਮਹਾਂਸਾਗਰ ਦੀਆਂ ਲਹਿਰਾਂ

ਲਹਿਰਾਂ ਦੀ ਮੌਜ ਤੇ

ਤੈਰ ਰਹੀ

ਇਕ

ਬੱਤਖ਼ !!

ਇਕੱਲੀ ਨਿੱਕੀ ਜਿੰਨੀ ਉਹ

ਅਨੰਤ ਅਥਾਹ

ਸਾਗਰ ਤੇ ਤੈਰਦੀ……

ਜਿਵੇਂ

ਤਪੱਸਿਆ ਕਰਦੀ

ਕੋਈ

ਤ..ਪੱ..ਸ..ਣੀ……!!!

ਕਿਸੇ ਸਾਧਨਾ ਚ ਲੀਨ

ਨਿੱਕੇ ਨਿੱਕੇ ਖੰਭਾਂ

ਆਪਾ ਸਮੇਟੀ

ਲਹਿਰਾਂ ਦਾ ਝੂਲਾ ਝੂਲਦੀ

ਇਕ

ਹੋਰ

ਲਹਿਰ !!

ਕੰਢੇ ਚਾਈਂ-ਚਾਈਂ

ਤੱਕ ਰਹੇ ਨੇ

ਲਹਿਰਾਂ ਖਿੜ ਖਿੜ

ਹੱਸ ਰਹੀਆਂ ਨੇ

ਚਾਨਣੀ ਸਮੁੰਦਰ ਤੇ

ਫ਼ੈਲ ਰਹੀ ਹੈ……

ਲੋਕ ਨੱਚ ਰਹੇ ਨੇ……

ਬੱਤਖ਼

ਤੈ..ਰ

ਹੀ…… ਹੈ……….!!!

Saturday, February 7, 2009

ਸੁਰਜੀਤ - ਨਜ਼ਮ

ਗੁੰਮਸ਼ੁਦਾ

ਨਜ਼ਮ

ਬਹੁਤ ਸਹਿਲ

ਲਗਦਾ ਸੀ

ਕਦੇ……

ਚੁੰਬਕੀ ਮੁਸਕਾਹਟ ਨਾਲ

ਮੌਸਮਾਂ ਚ ਰੰਗ ਭਰ ਲੈਣਾ

........................

ਸਹਿਜੇ ਜਿਹੇ

ਪਲਟ ਕੇ

ਰੁਮਕਦੀ ਹਵਾ ਦਾ

ਹੱਥ ਫੜ ਲੈਣਾ

.................

ਕੋਸੇ ਕੋਸੇ

ਸ਼ਬਦਾਂ ਦਾ

ਜਾਦੂ ਬਿਖੇਰ

ਉਠਦੇ ਤੂਫ਼ਾਨਾਂ ਨੂੰ

ਥੰਮ ਲੈਣਾ

.................

ਤੇ ਬੜਾ ਸਹਿਲ ਲਗਦਾ ਸੀ

ਜ਼ਿੰਦਗੀ ਕੋਲ਼ ਬਹਿ

ਨਿੱਕੀਆਂ ਨਿੱਕੀਆਂ

ਗੱਲਾਂ ਕਰਨਾ

ਕਹਿਕਹੇ ਮਾਰ ਹੱਸਣਾ

ਸ਼ਿਕਾਇਤਾਂ ਕਰਨਾ

ਰੁਸਣਾ ਤੇ ਮੰਨਣਾ.....

..............................

ਬੜਾ ਮੁਸ਼ਕਿਲ ਲਗਦੈ.............

ਹੁਣ.........................

ਫਲਸਫ਼ਿਆਂ ਦੇ ਦਵੰਦ ਚੋਂ

ਜ਼ਿੰਦਗੀ ਦੇ ਅਰਥਾਂ ਨੂੰ ਲੱਭਣਾ

ਪਤਾ ਨਹੀਂ ਕਿਓਂ

ਬੜਾ ਮੁਸ਼ਕਲ ਲਗਦੈ !!


Wednesday, January 14, 2009

ਸੁਰਜੀਤ - ਨਜ਼ਮ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਟਰਾਂਟੋ, ਕੈਨੇਡਾ ਨਿਵਾਸੀ ਲੇਖਿਕਾ ਮੈਡਮ ਸੁਰਜੀਤ ਜੀ ਨੇ ਬੇਹੱਦ ਖ਼ੂਬਸੂਰਤ ਨਜ਼ਮਾਂ ਭੇਜ ਕੇ ਆਰਸੀ ਸਾਹਿਤਕ ਪਰਿਵਾਰ ਨਾਲ਼ ਪਹਿਲੀ ਸਾਂਝ ਪਾਈ ਹੈ। ਉਹਨਾਂ ਦੀਆਂ ਪਿਆਰੀਆ-ਪਿਆਰੀਆਂ ਈਮੇਲਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਨੇ, ਪਰ ਬੜੇ ਦਿਨਾਂ ਦਾ ਨਜ਼ਮਾਂ ਭੇਜਣ ਦਾ ਵਾਅਦਾ ਸੀ, ਜੋ ਅੱਜ ਪੂਰਾ ਹੋਇਆ ਹੈ। ਪਿਛਲੇ ਹਫ਼ਤੇ ਫੋਨ ਤੇ ਵੀ ਉਹਨਾਂ ਨੇ ਆਰਸੀ ਦੇ ਸਾਹਿਤਕ ਉੱਦਮਾਂ ਦੀ ਬਹੁਤ ਸ਼ਲਾਘਾ ਕੀਤੀ ਸੀ...ਮੈਂ ਉਹਨਾਂ ਦੀ ਤਹਿ-ਦਿਲੋਂ ਮਸ਼ਕੂਰ ਹਾਂ।ਉਹਨਾਂ ਨਾਲ਼ ਗੱਲਾਂ ਕਰਕੇ ਏਦਾਂ ਲੱਗਿਆ ਜਿਵੇਂ ਮੁੱਦਤਾਂ ਤੋਂ ਅਸੀਂ ਇੱਕ-ਦੂਜੇ ਨੂੰ ਨਜ਼ਮਾਂ ਵਰਗੀਆਂ ਗੱਲਾਂ ਕਰਨ ਨੂੰ ਤਲਾਸ਼ ਰਹੇ ਹੋਈਏ...ਫੋਨ ਤੇ ਹੋਈ ਇਹ ਮੁਲਾਕਾਤ ਯਾਦਗਾਰੀ ਹੋ ਨਿੱਬੜੀ ਹੈ! ਉਹਨਾਂ ਦੇ ਹਮਸਫ਼ਰ ਸਤਿਕਾਰਤ ਪਿਆਰਾ ਸਿੰਘ ਕੱਦੋਵਾਲ਼ ਜੀ ਵੀ ਬਹੁਤ ਵਧੀਆ ਲੇਖਕ ਨੇ, ਆਸ ਹੈ ਕਿ ਉਹ ਵੀ ਆਪਣੀਆਂ ਲਿਖਤਾਂ ਨਾਲ਼ ਜਲਦ ਹੀ ਸ਼ਿਰਕਤ ਕਰਨਗੇ।

ਉਹਨਾਂ ਦਾ ਖ਼ੂਬਸੂਰਤ ਕਾਵਿ-ਸੰਗ੍ਰਹਿ ਸ਼ਿਕਸਤ ਰੰਗ 2006 ਚ ਪ੍ਰਕਾਸ਼ਿਤ ਹੋਇਆ ਸੀ।

ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਮੈਡਮ ਸੁਰਜੀਤ ਜੀ ਨੂੰ ਆਰਸੀ ਦੀ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਦੀ ਏਸੇ ਕਿਤਾਬ ਵਿੱਚੋਂ ਦੋ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਉਹਨਾਂ ਨੂੰ ਆਰਸੀ ਦਾ ਲਿੰਕ ਯੂ.ਐੱਸ.ਏ. ਵਸਦੇ ਲੇਖਕ ਸਤਿਕਾਰਤ ਡਾ: ਪ੍ਰੇਮ ਮਾਨ ਜੀ ਨੇ ਭੇਜਿਆ ਹੈ, ਮੈਂ ਡਾ: ਸਾਹਿਬ ਦੀ ਵੀ ਤਹਿ-ਦਿਲੋਂ ਮਸ਼ਕੂਰ ਹਾਂ। ਬਹੁਤ-ਬਹੁਤ ਸ਼ੁਕਰੀਆ।

ਦਾਜ ਦਾ ਸੰਦੂਕ

ਨਜ਼ਮ

ਮੈਂ ਐਵੇਂ

ਆਪਣੇ ਦਾਜ ਦਾ

ਸੰਦੂਕ ਅੱਜ

ਖੋਲ੍ਹ ਬੈਠੀ ਹਾਂ

---

ਮਿਕਨਾਤੀਸੀ ਸੁਪਨੇ

ਮੁਹੱਬਤ ਦੇ ਰੰਗਾਂ

ਨਾਲ ਨਗੰਦ

ਇਸ ਸੰਦੂਕ ਵਿਚ

ਮੈਂ ਰੱਖੇ ਸਨ

ਸੱਜਰੀਆਂ ਸਾਂਝਾਂ ਦੇ

ਚਾਵਾਂ ਦੀਆਂ

ਲੜੀਆਂ ਗੁੰਦ

ਇਹ ਸੰਦੂਕ

ਲਬਾ-ਲਬ

ਮੈਂ ਭਰਿਆ ਸੀ

---

ਪਰ

ਵਰ੍ਹਿਆਂ ਬਾਦ

ਅੱਜ ਜਦੋਂ ਮੈਂ

ਇਸਨੂੰ ਖੋਲ੍ਹਿਐ

ਤਾਂ ਵੇਖਿਐ

ਕਿ ਮੇਰੇ.....

ਸੁਪਨਿਆਂ ਦੀਆਂ

ਲੇਫ ਤਲਾਈਆਂ

ਪਈਆਂ ਪਈਆਂ

ਬੋਦੀਆਂ ਹੋ ਗਈਆਂ ਨੇ

ਆਪਣੀਆਂ ਰੀਝਾਂ ਦੀ

ਤਾਂ ਕੋਈ ਤਹਿ

ਮੈਂ ਅਜੇ ਤੱਕ

ਖੋਲ੍ਹ ਕੇ ਵੀ ਨਹੀਂ ਵੇਖੀ

----

ਇਸ ਸੰਦੂਕ ਵਿਚ

ਮੁਹੱਬਤ ਦੀ ਥਾਂ

ਕਿੰਨੀਆਂ ਲੜਾਈਆਂ

ਜਮ੍ਹਾਂ ਹੋ ਗਈਆਂ ਨੇ

ਮੈਂ ਜਿਨ੍ਹਾਂ ਨੂੰ ਹੋਰ ਗੁੱਠੇ

ਲਾਕੇ ਰੱਖ ਦਿਤੈ

ਕਿ ਕਿਧਰੇ

ਉਦਰੇਵਿਆਂ ਦੀ

ਕੋਈ ਹੋਰ

ਪਰਤ ਨਾ ਖੁੱਲ੍ਹ ਜਾਵੇ

ਕਿ ਕਿਧਰੇ

ਜ਼ਿੰਦਗੀ ਦੇ ਨਗੰਦੇ ਦਾ

ਕੋਈ ਹੋਰ ਤੰਦ

ਨਾ ਉਧੜ ਜਾਵੇ

---

ਇਸ ਲਈ

ਇਹ ਸੰਦੂਕ

ਓਵੇਂ ਦਾ ਓਵੇਂ

ਹੀ ਬੰਦ ਕਰ ਦਿਤੈ

ਤੇ ਗਹਿਣਿਆਂ ਦੀ ਥਾਂ

ਡੱਬੀ ਵਿਚ

ਮੈਂ ਆਪਣਾ

ਦਿਲ ਧਰ ਦਿਤੈ !!1

======

ਸ਼ਿਕਸਤ-ਰੰਗ

ਨਜ਼ਮ

ਪਾਣੀ ਤੇ ਪਈ ਲੀਕ ਵਾਂਗ

ਆਈ ਹਰ ਸਵੇਰ

ਰੇਤ ਤੇ ਲਿਖੇ

ਅੱਖਰਾਂ ਵਰਗੇ

ਹੁੰਦੇ ਰਹੇ ਨੇ ਦਿਨ

ਸ਼ਾਮ ਹੁੰਦਿਆਂ ਹੀ

ਹਨੇਰੇ

ਸਿਮਟ ਜਾਂਦੇ ਨੇ ਰੰਗ

ਜ਼ਿੰਦਗੀ ਹਰ ਸਮਾਂ

ਸ਼ਿਕਸਤ-ਰੰਗ ਹੁੰਦੀ ਏ !

----

ਬੁਝੇ ਹੋਏ ਦੀਵੇ ਦੀ ਤਰ੍ਹਾਂ

ਖੰਡ੍ਹਰਾਂ

ਮਲਬੇ ਦੇ ਢੇਰ ਹੇਠਾਂ

ਦੱਬੇ ਰਹੇ ਪੜਾਅ

ਧੋ ਹੋਏ ਨਾ ਸਰਾਪ

ਅਨੇਕਾਂ ਮੌਸਮ

ਬਰਸਾਤ ਦੇ ਵੀ ਆਏ !

----

ਕੂਲ਼ੀ ਰਿਸ਼ਮ ਵਰਗਾ

ਜੋ ਪਲ ਸੀ ਮਿਲਿਆ

ਤਪਦੇ ਸੂਰਜ ਵਾਂਗ

ਮੱਥੇ ਚ ਧੁਖਦਾ ਰਿਹੈ

ਸਾਰੀ ਉਮਰ

ਜਿਹਦੇ ਤਾਪ ਨਾਲ

ਵਿਹੜਾ ਭੁੱਜਦਾ ਰਿਹੈ !

----

ਦਿਸ਼ਾ ਬਦਲੇ

ਸਮਾਂ ਬਦਲੇ

ਪਰ ਬਦਲੇ ਨਹੀਂ

ਜ਼ਿੰਦਗੀ ਦੇ ਮੌਸਮ

ਮਨੋਸਥਲ ਤੇ

ਹਰ ਦਮ

ਸੋਚਾਂ ਦਾ

ਯੁੱਧ ਚਲਦਾ ਰਿਹੈ !

----

ਸੁਣਦੇ ਸੀ

ਪਲਾਂ ਛਿਣਾਂ ਦੀ ਹੈ ਜ਼ਿੰਦਗੀ

ਚਲਦੇ ਚਲਦੇ ਹੰਭ ਗਈ

ਮਿਲ਼ਿਆ ਨਾ ਉਹ ਮੁਕਾਮ

ਸੋਚਾਂ ਨੂੰ ਜਿਥੇ ਰਾਹਤ ਮਿਲਦੀ !

----

ਆਪਣੇ ਹੀ ਅੰਦਰ

ਕੈਦ ਹਾਂ ਧੁਰ ਤੋਂ

ਇਸ ਕੈਦ ਦੀ

ਕੋਈ ਬਾਰੀ

ਬਾਹਰ ਨਹੀਂ ਖੁੱਲ੍ਹਦੀ

ਕੋਈ ਨਵਾਂ ਸੂਰਜ

ਕੋਈ ਨਵਾਂ ਚਾਨਣ

ਨਹੀਂ ਉੱਕਰਦਾ ਜਦ ਤਕ

ਇਸ ਰੂਹ ਨੂੰ

ਸੁਤੰਤਰਤਾ ਨਹੀਂ ਮਿਲਦੀ !

----

ਈਸਾ ਨੂੰ ਲੱਭੀ

ਮਨਸੂਰ ਨੂੰ ਲੱਭੀ

ਸੁਕਰਾਤ ਨੂੰ ਲੱਭੀ ਜੋ

ਉਹ ਦਿਸ਼ਾ

ਮੈਨੂੰ ਕਿਉਂ ਨਹੀਂ ਮਿਲਦੀ !!