ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਮੇਜਰ ਸਿੰਘ ਨਾਗਰਾ. Show all posts
Showing posts with label ਮੇਜਰ ਸਿੰਘ ਨਾਗਰਾ. Show all posts

Thursday, January 8, 2009

ਮੇਜਰ ਸਿੰਘ ਨਾਗਰਾ - ਨਜ਼ਮ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਕੈਨੇਡਾ ਵਸਦੇ ਲੇਖਕ ਸਤਿਕਾਰਤ ਮੇਜਰ ਸਿੰਘ ਨਾਗਰਾ ਜੀ ਨੇ ਖ਼ੂਬਸੂਰਤ ਨਜ਼ਮ ਭੇਜ ਕੇ ਆਰਸੀ ਦੇ ਪਾਠਕਾਂ /ਲੇਖਕਾਂ ਨਾਲ਼ ਪਹਿਲੀ ਸਾਹਿਤਕ ਸਾਂਝ ਪਾਈ ਹੈ। ਨਾਗਰਾ ਸਾਹਿਬ ਨਾਲ਼ ਜਿੰਨੀ ਵਾਰ ਵੀ ਮੇਰੀ ਗੱਲ ਕੈਲਗਰੀ ਰਹਿੰਦੇ ਸਮੇਂ ਹੋਈ ਹੈ, ਉਹਨਾਂ ਦੀ ਸੁਹਿਰਦਤਾ ਅਤੇ ਨਿੱਘੇ ਸੁਭਾਅ ਨੇ ਮੈਨੂੰ ਪ੍ਰਭਾਵਿਤ ਕੀਤਾ ਹੈ। ਚੰਗੇ ਸਾਹਿਤ ਨਾਲ਼ ਉਹਨਾਂ ਨੂੰ ਬੜਾ ਮੋਹ ਹੈ।

ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਨਾਗਰਾ ਸਾਹਿਬ ਨੂੰ ਇਸ ਅਦਬੀ ਮਹਿਫ਼ਲ ਚ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਦੀ ਇੱਕ ਖ਼ੂਬਸੂਰਤ ਨਜ਼ਮ ਨੂੰ ਸਾਈਟ ਤੇ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਾਕੀ ਨਜ਼ਮਾਂ ਆਰਸੀ ਦੇ ਖ਼ਜ਼ਾਨੇ ਚ ਸਾਂਭ ਲਈਆਂ ਗਈਆਂ ਹਨ ਅਤੇ ਆਉਂਣ ਵਾਲ਼ੇ ਦਿਨਾਂ ਚ ਸਾਂਝੀਆਂ ਕੀਤੀਆਂ ਜਾਣਗੀਆਂ।

ਸਤਿਕਾਰਤ ਲੇਖਕ ਸੁਖਿੰਦਰ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਨਾਗਰਾ ਸਾਹਿਬ ਨੂੰ ਇਸ ਸਾਈਟ ਦਾ ਲਿੰਕ ਭੇਜਿਆ। ਨਾਗਰਾ ਸਾਹਿਬ ਪੰਜਾਬੀ ਦੀ ਵੈੱਬ-ਸਾਈਟ ਵਤਨ ਵੀਕਲੀ ਵੀ ਚਲਾਉਂਦੇ ਨੇ, ਇਸ ਸਾਈਟ ਦਾ ਲਿੰਕ ਵੀ ਜਲਦੀ ਹੀ ਆਰਸੀ ਸਾਹਿਤ ਸੋਮਿਆਂ ਦੇ ਤਹਿਤ ਪਾ ਦਿੱਤਾ ਜਾਵੇਗਾ। ਤੁਸੀਂ ਓਥੇ ਵੀ ਫੇਰੀ ਜ਼ਰੂਰ ਪਾਇਆ ਕਰਨੀ। ਨਾਗਰਾ ਸਾਹਿਬ ਦੀ ਸਾਹਿਤਕ ਜਾਣ-ਪਛਾਣ ਜਲਦੀ ਹੀ ਅਪਡੇਟ ਕਰ ਦਿੱਤੀ ਜਾਵੇਗੀ। ਬਹੁਤ-ਬਹੁਤ ਸ਼ੁਕਰੀਆ!

ਤਿਉਹਾਰ

ਨਜ਼ਮ

ਹਰ ਵਰ੍ਹੇ ਕੁਝ ਪਲ,

ਕੁਝ ਦਿਨ ਤੇ ਤਿਥਾਂ

ਐਸੇ ਵੀ ਹਨ ਆਉਂਦੇ।

ਤਿਉਹਾਰ ਉਨ੍ਹਾਂ ਨੂੰ ਮੰਨ ਕੇ ਆਪਾਂ

ਖੁਸ਼ੀਆਂ ਨਾਲ ਹਾਂ ਮਨਾਉਂਦੇ ।

----

ਪਰ ਬਦਲ ਲਏ ਕਿਉਂ

ਤਿਉਹਾਰ ਮਨਾਵਣ ਦੇ ਹੁਣ ਢੰਗ ?

ਛਿੜੀ ਕਿਉਂ ਰਹਿੰਦੀ ਹੈ ਆਪਸ ਵਿੱਚ

ਹਰ ਵੇਲੇ ਨਫ਼ਰਤ ਦੀ ਜੰਗ ?

----

ਲੋਹੜੀ ਹੁਣ ਜਦ ਜਦ ਵੀ ਆਵੇ

ਨਿੱਘ ਉਸਦਾ ਨਾ ਮੈਨੂੰ ਥਿਆਵੇ।

ਨਫ਼ਰਤ ਦੀਆਂ ਅੱਗਾਂ ਨਾਲ ਜਲ਼ਦੇ ਘਰ

ਦੈਂਤ ਇਹ ਲੋਹੜੀ ਰੋਜ਼ ਮਨਾਵੇ।

----

ਹੋਲੀ ਰੰਗਾਂ ਗੁਲਾਲਾਂ ਦੀ ਵਿੱਚ

ਲਾਲ ਰੰਗ ਤੋਂ ਲਗਦੈ ਭੈਅ।

ਨਿਤ ਲਹੂ ਦੀ ਹੌਲੀ ਅੰਦਰ

ਛਾਈ ਰਹਿੰਦੀ ਮਾਤਮੀ ਸ਼ੈਅ।

----

ਦੁਸਹਿਰੇ ਦੇ ਦਿਨ ਰਾਵਣ ਬੁੱਤ ਨੂੰ

ਮਿਲਕੇ ਲੋਕੀਂ ਅੱਗ ਲਗਾਉਂਦੇ।

ਪਰ ਇੱਥੇ ਕਲਯੁਗੀ ਰਾਵਣ

ਸੁਰੱਖਿਅਤ ਘੁੰਮਣ, ਹੱਸਦੇ, ਮੁਸਕਰਾਉਂਦੇ।

----

ਦਿਵਾਲੀ ਦੇ ਪਟਾਕਿਆਂ ਦੇ ਧਮਾਕੇ

ਗੋਲੀਆਂ ਚੱਲਣ ਦਾ ਪਾਉਣ ਭੁਲੇਖਾ।

ਜਿਉਂ ਅੰਬਰਾਂ ਵਿੱਚ ਲੱਗੀ ਲੜਾਈ

ਆਤਿਸ਼ਬਾਜ਼ੀ ਖਿੱਚਦੀ ਰੇਖਾ।

---

ਮੇਲਿਆਂ, ਤੀਰਥਾਂ ਦੀ ਰੌਣਕ

ਅੱਜ ਕਿਸਨੇ ਹੈ ਲੁੱਟ ਲਈ ।

ਨਫ਼ਰਤੀ ਵਾ-ਵਰੋਲਿਆਂ ਦੀ ਹਵਾ

ਸਾਂਝੀਵਾਲਤਾ ਦੇ ਰੁੱਖਾਂ ਨੂੰ ਪੁੱਟ ਗਈ।

----

ਮਹੱਤਤਾ ਤੇ ਪਵਿੱਤਰਤਾ ਹੀ ਨਹੀਂ

ਵਜੂਦ ਵੀ ਨਸ਼ਟ ਹੋਣੋ ਹਾਂ ਡਰਦਾ।

ਤਿਉਹਾਰ ਮਨਾਉਂਣ ਨੂੰ ਹੁਣ ਸ਼ਾਇਦ

ਇਸ ਲਈ ਮੇਰਾ ਚਿੱਤ ਨਹੀਂ ਕਰਦਾ।