
******
ਅਲੂਚੇ ਦਾ ਰੁੱਖ
ਨਜ਼ਮ
ਵਿਹੜੇ ’ਚ ਉੱਗਿਆ ਅਲੂਚੇ ਦਾ ਰੁੱਖ
ਏਨਾ ਨਿੱਕਾ ਏ
ਕਿ ਇਹ ਮਸਾਂ ਹੀ ਰੁੱਖ ਜਾਪਦੈ।
ਤਾਂ ਵੀ ਇਹਦੇ ਦੁਆਲੇ ਵਾੜ ਕੀਤੀ ਹੋਈ ਏ
ਇਹਦੀ ਰਾਖੀ ਲਈ।
ਵਿਚਾਰਾ ਹੋਰ ਵਧ ਨਹੀਂ ਸਕਦਾ।
ਕੁਝ ਵੀ ਕੀਤਾ ਨਹੀਂ ਜਾ ਸਕਦਾ
ਇਹਨੂੰ ਬੜੀ ਘੱਟ ਧੁੱਪ ਮਿਲਦੀ ਏ।
ਇਹਨੂੰ ਕਦੇ ਵੀ ਫਲ਼ ਨਹੀਂ ਲਗਦਾ
ਇਹ ਮੰਨਣਾ ਸੌਖਾ ਨਹੀਂ
ਕਿ ਇਹ ਅਲੂਚੇ ਦਾ ਰੁੱਖ ਏ।
ਪਰ ਇਹ ਹੈ ਅਲੂਚੇ ਦਾ ਰੁੱਖ
ਤੁਸੀਂ ਪੱਤੇ ਨੂੰ ਦੇਖ ਕੇ ਦੱਸ ਸਕਦੇ ਹੋ।
======
ਚੱਕਾ ਬਦਲਦਿਆਂ...
ਨਜ਼ਮ
ਮੈਂ ਸੜਕ ਕਿਨਾਰੇ ਬੈਠਾਂ
ਡਰਾਈਵਰ ਚੱਕਾ ਬਦਲ ਰਿਹੈ।
ਮੈਨੂੰ ਉਹ ਥਾਂ ਪਸੰਦ ਨਹੀਂ ਜਿਥੋਂ ਮੈਂ ਆਇਆਂ
ਮੈਨੂੰ ਉਹ ਥਾਂ ਪਸੰਦ ਨਹੀਂ ਜਿਥੇ ਮੈਂ ਜਾ ਰਿਹਾਂ।
ਫੇਰ ਮੈਂ ਉਹਨੂੰ ਚੱਕਾ ਬਦਲਦਿਆਂ
ਏਨੀ ਬੇਸਬਰੀ ਨਾਲ ਕਿਉਂ ਦੇਖ ਰਿਹਾਂ?
=======
ਧੂੰਆਂ
ਨਜ਼ਮ
ਝੀਲ ਕੰਢੇ ਰੁੱਖਾਂ ਹੇਠ
ਨਿੱਕਾ ਜਿਹਾ ਘਰ
ਛੱਤਾਂ ’ਚੋਂ ਨਿਕਲਦਾ ਧੂੰਆਂ
ਜੇ ਇਹ ਨਾ ਹੁੰਦਾ
ਤਾਂ ਕਿੰਨੇ ਮਾਯੂਸ ਹੋਣੇ ਸਨ
ਇਹ ਘਰ, ਰੁੱਖ ਅਤੇ ਝੀਲ।