ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਚਰਨ ਸਿੰਘ. Show all posts
Showing posts with label ਚਰਨ ਸਿੰਘ. Show all posts

Monday, February 11, 2013

ਆਰਸੀ ‘ਤੇ ਖ਼ੁਸ਼ਆਮਦੇਦ – ਜਨਾਬ ਚਰਨ ਸਿੰਘ – ਨਜ਼ਮਾਂ – ਭਾਗ ਪਹਿਲਾ



ਆਰਸੀ ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਚਰਨ ਸਿੰਘ
ਅਜੋਕਾ ਨਿਵਾਸ: ਰਿਚਮੰਡ, ਬੀ ਸੀ ਕੈਨੇਡਾ
ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ - 1982 ਤੋਂ ਲੈ ਕੇ ਹੁਣ ਤੱਕ ਤੀਸਰੀ ਅੱਖ
, ਮਿੱਟੀ 'ਚ ਉੱਕਰੇ ਅੱਖਰ, ਸ਼ੂਨਯ ਬੋਧ, ਆਪੇ ਬੋਲ ਸ੍ਰੋਤ, ਗਗਨ ਮੇਂ ਥਾਲ, ਸ਼ੀਸ਼ੇ ਵਿਚਲਾ ਸੂਰਜ, ਰੁੱਖ ਤੇ ਜੰਗਲ, ਮੁੜ੍ਹਕੋ ਮੁੜ੍ਹਕੀ ਪੌਣ, ਵਿਪਰੀਤ, ਬਿੰਦੂ ਤੇ ਦਾਇਰੇ, ਅੰਤਰੀਵ, ਸੂਰਜ ਤੇ ਕਿਰਨਾਂ, ਤੁਪਕਾ ਤੁਪਕਾ ਸੂਰਜ, ਆਧੁਨਿਕ ਵਿਸ਼ਵ, ਪ੍ਰਕਰਮਾ, ਦੀਵੇ ਜਗਦੇ ਨੈਣ, ਰਿਸ਼ਮਾਂ, ਦਰਪਣ, ਤ੍ਰੈਕਾਲ, ਤ੍ਰਿਵੇਣੀ, ਅਨੁਭਵ , ਪਰਛਾਵੇਂ, ਆਗਮਨ , ਪਰਵਾਜ਼, ਬੁੱਕਲ, ਸ਼ੀਸ਼ੇ ਦਾ ਸ਼ਹਿਰ,  ਕੋਰਾ ਕਾਗ਼ਜ਼, ਸ਼ਬਦ ਦਾ ਸਫ਼ਰ ਕਾਵਿ-ਸੰਗ੍ਰਹਿ ਛਪ ਚੁੱਕੇ ਹਨ ਅਤੇ  ਤੇਈ ਦੇ ਕਰੀਬ ਕਿਤਾਬਾਂ ਪ੍ਰਕਾਸ਼ਨ ਅਧੀਨ ਹਨ।
*************
ਦੋਸਤੋ! ਆਰਸੀ ਦੀ ਅੱਜ ਦੀ ਪੋਸਟ ਵਿਚ ਕੈਨੇਡਾ ਵਸਦੇ ਕਵੀ ਚਰਨ ਸਿੰਘ ਵਿਰਦੀ ਹੁਰਾਂ ਦੀਆਂ ਚੰਦ ਅਤਿ ਖ਼ੂਬਸੂਰਤ ਨਜ਼ਮਾਂ ਪੋਸਟ ਕੀਤੀਆਂ ਜਾ ਰਹੀਆਂ ਹਨ। ਅਪ੍ਰੈਲ 2011 ਵਿਚ ਵਿਰਦੀ ਸਾਹਿਬ ਦੀਆਂ ਸੋਲ੍ਹਾਂ ਕਿਤਾਬਾਂ ਪੜ੍ਹ ਕੇ ਮੈਂ ਉਹਨਾਂ ਦੀ ਸਮੁੱਚੀ ਸ਼ਾਇਰੀ ਤੇ ਇਕ ਵਿਸਤਾਰਤ ਪੇਪਰ ਲਿਖਿਆ ਸੀ ਤੇ ਨਵੰਬਰ 2011 ਵਿਚ ਉਹਨਾਂ ਦੀ ਛੇ ਕਿਤਾਬਾਂ ਤੇ ਪਰਚਾ ਪੜ੍ਹਿਆ ਸੀ। ਅੱਜ ਉਹਨਾਂ ਲੇਖਾਂ ਵਿੱਚੋਂ ਸੰਖੇਪ ਚ ਆਪਣੇ ਵਿਚਾਰ ਜ਼ਰੂਰ ਤੁਹਾਡੇ ਨਾਲ਼ ਸਾਂਝੇ ਕਰਨ ਦੀ ਇਜਾਜ਼ਤ ਚਾਹਾਂਗੀ...
------

....ਚਰਨ ਸਿੰਘ ਦੀ ਕਵਿਤਾ ਵਿਚ ਬੌਧਿਕਤਾ ਦੇ ਨਾਲ਼-ਨਾਲ਼ ਅੰਤਾਂ ਦੀ ਚੁੱਪ ਹੈ ਤੇ ਇਹਨਾਂ ਦੋਵਾਂ ਨੂੰ ਮੈਂ ਡੂੰਘਾ ਲਹਿ ਕੇ ਪਰਤ-ਦਰ-ਪਰਤ ਮਾਣਿਆ ਹੈ- ਜਿਸ ਵਿਚ ਕਾਇਨਾਤ ਦਾ ਹਰ ਰਾਜ਼, ਸਰਗਮ ਗਾਉਂਦਾ ਹੋਇਆ ਪ੍ਰਤੀਤ ਹੋਇਆ ਹੈ ਤੇ ਉਸਦੀ ਹਰ ਨਜ਼ਮ ਇਕ ਰੁੱਖ ਹੈ ਜਿਸਦੀਆਂ ਹਰ ਪਲ ਨਵੀਆਂ ਨਕੋਰ ਕਰੂੰਬਲਾਂ ਫੁੱਟਦੀਆਂ ਨੇ ....ਆਪਣੇ-ਆਪ ਵਿਚ ਇਕ ਰੁੱਖ ਬਣ ਜਾਂਦੀਆਂ ਹਨ ਇੰਝ ਉਸਦੀ ਹਰ ਸਤਰ ਆਪਣੇ-ਆਪ ਵਿਚ ਇਕ ਸੰਪੂਰਨ ਨਜ਼ਮ ਹੈ। ਬਹੁਤੀ ਵਾਰ ਇੰਝ ਜਾਪਦੈ ਜਿਵੇਂ ਉਸਦੀ ਨਜ਼ਮ ਹੀ ਕਾਇਨਾਤ ਹੋ ਗਈ ਹੋਵੇ...ਜਾਂ ਇੰਝ ਕਹਿ ਲਈਏ ਕਿ ਕਾਇਨਾਤ, ਉਸਦੀ ਨਜ਼ਮ ਦੇ ਪੈਰੀਂ ਪੰਜੇਬਾਂ ਬਣ ਕੇ ਸਜੀ ਬੈਠੀ ਹੈ, ਉਸਦੇ ਹਰ ਹਰਫ਼ ਦਾ ਪਾਣੀ ਭਰਦੀ ਹੈ।
..........



ਉਸਦੀ ਖ਼ਾਮੋਸ਼ੀ, ਉਦਾਸੀ, ਇਕੱਲਤਾ ਚੋਂ ਹੀ ਉਸਦੀ ਚੇਤਨਤਾ ਜਨਮਦੀ ਹੈ ਅਤੇ ਏਸ ਬੋਧ, ਚੇਤਨਤਾ ਦੇ ਸਹਾਰੇ ਉਹ ਪਾਠਕ ਨੂੰ ਉਸ ਸਫ਼ਰ ਤੇ ਲੈ ਤੁਰਦੈ, ਜਿੱਥੇ ਕੋਈ ਵਿਰਲਾ-ਵਿਰਲਾ ਹੀ ਗਿਆ ਹੁੰਦਾ। ਉਸਦੀ ਨਜ਼ਮ ਪ੍ਰਕਿਰਤੀ ਵਿੱਚੋਂ ਜਨਮਦੀ, ਰੁੱਖਾਂ ਸੰਗ ਮੌਲ਼ਦੀ, ਹਵਾਵਾਂ ਸੰਗ ਅਠਖੇਲੀਆਂ ਕਰਦੀ, ਧਰਤੀ ਦਾ ਗਰਭ ਫ਼ਰੋਲ਼ਦੀ, ਅੰਬਰ ਦੀ ਧੁੰਨੀ ਦਾ ਰਾਜ਼ ਜਾਣਦੀ, ਕਸਤੂਰੀ ਵਰਗੀ ਖ਼ੁਸ਼ਬੂ ਵੰਡਦੀ ਪਾਠਕ-ਮਨ ਤੇ ਗਹਿਰਾ ਪ੍ਰਭਾਵ ਛੱਡਣ ਦੇ ਸਮਰੱਥ ਹੈ। ਉਸ ਦੀ ਰਿਸ਼ਮਾਂ, ਸ਼ੁਆਵਾਂ, ਫ਼ਿਜ਼ਾ ਵਿਚ ਘੁਲ਼ੀਆਂ ਮਹਿਕਾਂ ਨਾਲ਼ ਦੋਸਤੀ ਹੈ। ਉਸਦੀ ਨਜ਼ਮ ਨੇ ਗਿਆਨ, ਵਿਗਿਆਨ, ਧਰਮ, ਦਰਸ਼ਨ, ਸ਼ਾਸਤਰ ਸਭ ਦਾ ਅਰਕ ਆਪਣੀ ਮੁੰਦਰੀ ਵਿਚ ਸੰਭਾਲ਼ਿਆ ਹੋਇਆ ਹੈ। ਜਿੱਥੇ ਉਸ ਨੂੰ ਆਪਣੇ ਪਾਠਕ ਨੂੰ ਖੁੱਲ੍ਹੇ ਅੰਬਰ ਵਿਚ ਉਡਾਰੀਆਂ ਲਵਾਉਣੀਆਂ ਆਉਂਦੀਆਂ ਹਨ, ਉੱਥੇ ਉਹ ਆਪਣੀ ਕਲਪਨਾ ਨੂੰ ਸੂਈ ਦੇ ਨੱਕੇ ਚੋਂ ਲੰਘਾਉਣ ਦੇ ਵੀ ਸਮਰੱਥ ਹੈ।
...........

ਚਰਨ ਸਿੰਘ ਦੀ ਕਵਿਤਾ ਵਿਚ ਸੁੱਕ ਚੁੱਕੇ ਨਦੀਆਂ, ਦਰਿਆਵਾਂ ਦਾ ਰੁਦਨ ਹੈ, ਸੜ-ਬਲ਼ ਖ਼ਤਮ ਹੋ ਚੁੱਕੇ ਰੁੱਖਾਂ ਦਾ ਵਿਰਲਾਪ ਹੈ, ਪੰਛੀਆਂ ਦੇ ਗਲ਼ਾਂ ਚ ਮੋਏ ਗੀਤਾਂ ਦੀ ਚੀਖ਼ ਹੈ, ਧਰਤੀ ਤੋਂ ਗਗਨ ਤੱਕ ਪ੍ਰਦੂਸ਼ਣ ਨਾਲ਼ ਘਸਮੈਲ਼ੀਆਂ ਹੋਈਆਂ ਕਿਰਨਾਂ ਤੇ ਰਿਸ਼ਮਾਂ ਦਾ ਰੋਸ ਹੈ, ਗੰਧਲ਼ੇ ਪਾਣੀਆਂ ਦੀ ਕੁਰਲਾਹਟ ਹੈ, ਧੁਆਂਖੀਆਂ ਪੌਣਾਂ ਦਾ ਹਿਜਰ ਹੈ, ਮਨੁੱਖ ਦੇ ਅਣਮਨੁੱਖੀ, ਵਹਿਸ਼ੀ ਵਰਤਾਰਿਆਂ ਦੇ ਕੋਹਜ ਦਾ ਜ਼ਿਕਰ ਹੈ ਤੇ ਉਹ ਆਪੇ ਇਸਦਾ ਹੱਲ ਵੀ ਲੱਭ ਲੈਂਦਾ ਹੈ।
..........
ਉਸਦੀ ਸਾਰੀ ਨਜ਼ਮ
ਚ ਵੇਦਨਾ ਵੀ ਹੈ ਸੰਵੇਦਨਾ ਵੀ ਜੋ ਇਕ ਸਫ਼ਲ ਕਵੀ ਕੋਲ਼ ਹੋਣੀਆਂ ਬਹੁਤ ਜ਼ਰੂਰੀ ਹਨ। ਅਜੀਬ ਜਿਹਾ ਅਣਕਿਹਾ ਦਰਦ ਵੀ ਹੈ ਜੋ ਉਸਦੀ ਕਲਮ ਦੇ ਬੁੱਲ੍ਹਾਂ ਤੇ ਤਾਂ ਆਉਂਦਾ ਹੈ ਪਰ ਸ਼ਾਇਦ ਉਸਦੇ ਬਿਆਨ ਦੀ ਕਲਮ ਨੂੰ ਹਿੰਮਤ ਨਹੀਂ ਪੈਂਦੀ ਕਿ ਉਹ ਉਸਦਾ ਜ਼ਿਕਰ ਛੇੜ ਸਕੇ। - ਉਹ ਪੀੜ ਧਰਤੀ ਦੇ ਜ਼ੱਰੇ-ਜ਼ੱਰੇ ਤੋਂ ਅਸਮਾਨ ਦੇ ਕੱਲੇ-ਕੱਲੇ ਤਾਰੇ ਦੀ ਹਿੱਕ ਤੇ ਖੁਣੀ ਪਈ ਹੈ ਪਰ ਉਸਦਾ ਲਫ਼ਜ਼ਾਂ ਵਿਚ ਵਰਣਨ ਸ਼ਾਇਦ ਸੰਭਵ ਹੀ ਨਹੀਂ। ਉਸਦੀ ਨਜ਼ਮ ਕਿਸੇ ਮੁਹੱਬਤ ਦਾ ਜ਼ਿਕਰ ਵੀ ਮਲ਼ਵੀਂ ਜਿਹੀ ਜ਼ੁਬਾਨ ਨਾਲ਼ ਕਰਦੀ ਹੈ ਤੇ ਫੇਰ ਚੁੱਪ ਧਾਰ ਲੈਂਦੀ ਹੈ...

-----
ਪੂਰੇ ਲੇਖ ਕਦੇ ਫੇਰ ਸਾਂਝੇ ਕਰਾਂਗੀ.....ਅੱਜ ਵਿਰਦੀ ਸਾਹਿਬ ਨੂੰ ਆਰਸੀ ਪਰਿਵਾਰ
ਚ ਖ਼ੁਸ਼ਆਮਦੇਦ ਆਖਦਿਆਂ, ਉਹਨਾਂ ਦੀਆਂ ਕੁਝ ਬਿਹਤਰੀਨ ਨਜ਼ਮਾਂ ਤੁਹਾਡੀ ਨਜ਼ਰ ਕਰ ਰਹੀ ਹਾਂ...ਤੁਹਾਡੇ ਵਿਚਾਰਾਂ ਦਾ ਇੰਤਜ਼ਾਰ ਰਹੇਗਾ.....ਇਹ ਹਾਜ਼ਰੀ ਵੀ ਬਹੁਤ ਦੇਰੀ ਨਾਲ਼ ਲੱਗ ਰਹੀ ਹੈ....ਸੋ ਖ਼ਿਮਾ ਦੀ ਜਾਚਕ ਹਾਂ ਜੀ...:) ਅੱਜ ਦੀ ਪੋਸਟ ਵੀ ਤਿੰਨ ਭਾਗਾਂ ਚ ਵੰਡ ਕੇ ਪੋਸਟ ਕੀਤੀ ਜਾ ਰਹੀ ਹੈ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ


=======
ਮੇਰੇ ਪਿੰਡ ਦੀ ਸ਼ਾਮ

ਨਜ਼ਮ
ਗੁੱਗਾ ਪੂਜਣ ਆਉਣ ਵਾਲਾ ਹੈ                                                                              
ਤੂੰ ਮੇਰੇ ਪਿੰਡ ਆਵੇਂਗਾ ਨਾ?                                            
ਫਿਰ ਵੇਖੀਂ ਤੂੰ ਆਟੇ ਦੇ ਸੱਪ                                            
ਕਾਲੇ ਨਾਗਾਂ ਤੋਂ ਵੱਧ ਕਿੰਨੇ ਜ਼ਹਿਰੀਲੇ ਨੇ                                
ਆਟੇ ਦੇ ਸੱਪ!                                                                                                                     
ਹੱਸ ਕੇ ਜਦ ਵੀ ਫੂਕ ਮਾਰਨਗੇ                                          
ਤਾਂ ਖੇਤਾਂ ਵਿਚ ਕਣਕ ਦੀਆਂ ਵੱਢੀਆਂ ਭਰੀਆਂ                         
ਲਪਟਾਂ ਨਿਕਲ਼ਣ ਤੋਂ ਪਹਿਲਾਂ ਹੀ ਸੜ ਜਾਵਣਗੀਆਂ                                  
                                                                       
ਤੇ ਇਸ ਰਾਖ '                                                          
ਤੈਨੂੰ ਮੇਰੇ ਪਿੰਡ ਦੇ ਨਰਗਸੀ ਫੁੱਲਾਂ ਦੇ                                   
ਝੁਲ਼ਸੇ ਚਿਹਰੇ ਨਜ਼ਰ ਆਉਣਗੇ                          
ਵਾਢੀ ਕਰਦੀ ਅੱਲ੍ਹੜ ਕੁੜੀ ਦੇ ਨੈਣ ਬਲੌਰੀ                               
ਮਟਕੇ ਦੇ ਵਿਚ                                                           
ਕਾਲੇ ਰੰਗ ਦੀ ਲੱਸੀ ਉੱਤੇ ਤਰਦਾ ਹੋਇਆ
ਖ਼ੂਨ ਪਸੀਨਾ                  
ਖੁਰਲੀ ਤੇ ਬੱਝੇ ਪਸ਼ੂਆਂ ਗਲ਼                                          
ਕਾਲੇ ਰੰਗ ਦੇ ਸੱਪ ਲਟਕਦੇ                                             
ਹੌਲ਼ੀ ਹੌਲ਼ੀ ਸ਼ਾਮ ਢਲ਼ੇਗੀ                                                  
ਤੇ ਪਿੰਡ ਦਾ ਇਕ ਦਾਨਿਸ਼ਵਰ                                            
ਪਿੰਡ ਦੀ ਲਾਜ ਦੀ ਛਾਤੀ ਉੱਤੇ
ਮੁੱਕੀ ਮਾਰ ਭੰਨੇਗਾ ਗੰਢਾ                                                

ਡਰ ਹੈ ਮੈਨੂੰ
ਏਨਾ ਦਿਲਕਸ਼ ਸੀਨ ਤੇਰੇ ਤੋਂ ਤੱਕ ਨਹੀਂ ਹੋਣਾ
ਗੁੱਗਾ ਪੂਜਣ ਆਉਣ ਵਾਲ਼ਾ ਹੈ
ਤੂੰ ਮੇਰੇ ਪਿੰਡ ਆਵੇਂਗਾ ਨਾ?
ਫਿਰ ਵੇਖੀਂ ਤੂੰ ਆਟੇ ਦੇ ਸੱਪ
ਕਾਲ਼ੇ ਨਾਗ਼ਾਂ ਤੋਂ ਵੱਧ ਕਿੰਨੇ ਜ਼ਹਿਰੀਲੇ ਨੇ
ਸ਼ਹਿਰ ਤੇਰੇ ਵਿਚ ਜੰਗਲੀ ਰਾਜ ਹੈ
ਹੈ ਤਾਂ ਇਥੇ ਵੀ ਜੰਗਲੀ ਹੀ
ਪਰ ਸ਼ਿਕਾਰ ਕਰਨ ਦੇ ਢੰਗ ਵੱਖਰੇ ਨੇ
ਉੱਥੇ ਸ਼ੇਰ ਧੋਤੀ ਦਾ ਲੜ ਟੁੰਗਦੇ-ਟੁੰਗਦੇ
ਕਈ ਸੌ ਮੋਰਨੀਆਂ ਦੇ ਆਂਡਿਆਂ ਤੀਕਣ ਪੀ ਜਾਂਦੇ ਨੇ
ਪਰ ਏਥੇ ਤਾਂ ਹੱਦ ਹੋ ਗਈ ਏ
ਬੰਦਾ ਜੰਮਣ ਤੋਂ ਪਹਿਲਾਂ ਹੀ ਕਰਜ਼ਾਈ ਏ

ਇਕ ਗੱਲ ਲਿਖਣੀ
ਤੈਨੂੰ ਪਿੱਛੇ ਭੁੱਲ ਗਿਆ ਹਾਂ
ਤੂੰ ਤੇ ਚੰਗੀ ਤਰ੍ਹਾਂ ਜਾਣਦੈ
ਮੇਰਾ ਬਾਪੂ, ਜਿਸ ਪਟਵਾਰਨ ਕੀਤੀ ਹੋਈ ਹੈ
ਮੈਨੂੰ ਮੱਤੀਂ ਦਿੰਦਾ ਰਹਿੰਦੈ:
ਪੁੱਤਰ! ਵੇਲ਼ੇ-ਕੁਵੇਲ਼ੇ
ਆਪਣਿਆਂ ਖੇਤਾਂ ਵਿਚ ਵੀ
ਨੰਗੇ ਪੈਰੀਂ ਨਹੀਂ ਜਾਈਦਾ
ਤੂੰ ਕੀ ਜਾਣੇ
ਮੇਰਿਆ ਬੱਚਿਆ!
ਇਕ ਸੱਪਣੀ ਨੇ ਰਾਤੋ-ਰਾਤ ਇੰਨੇ ਬੱਚੇ ਦੇ ਦਿੱਤੇ ਨੇ
ਓਨੇ ਮੇਰੀਆਂ ਉਂਗਲ਼ਾਂ ਦੇ ਵੀ ਪੋਟੇ  ਨਹੀਂ ਹਨ
ਨਹੀਂ ਤਾਂ ਪੁੱਤਰਾ ਗਿਣ ਕੇ ਤੈਨੂੰ ਦੱਸ ਦਿੰਦਾ ਮੈਂ..

ਗੁੱਗਾ ਪੂਜਣ ਆਉਣ ਵਾਲ਼ਾ ਹੈ
ਤੂੰ ਮੇਰੇ ਪਿੰਡ ਆਵੇਂਗਾ ਨਾ?
ਫੇਰ ਵੇਖੀਂ ਤੂੰ ਆਟੇ ਦੇ ਸੱਪ
ਕਾਲ਼ੇ ਨਾਗ਼ਾਂ ਤੋਂ ਵੱਧ ਕਿੰਨੇ ਜ਼ਹਿਰੀਲੇ ਨੇ....
======
ਆਪਣੇ ਨਾਂਅ

ਨਜ਼ਮ                               
ਤੁਸੀ ਜੋ ਖੰਭ ਖੁੱਸੇ ਪੱਛੀ ਨੂੰ                                          
ਉਡਾਰੀ ਦਾ ਮਿਹਣਾ ਮਾਰਦੇ ਹੋ                                         
ਇਕ ਪਾਪ ਨੂੰ ਜਨਮ ਦਿੰਦੇ ਹੋ                                         
ਤੁਹਾਡੇ ਪੁੰਨ                                                          
ਪਾਪ ਤੋਂ ਵੱਧ ਵੀ ਕੁਝ ਹੋਰ ਹਨ                                        
ਸਾਡੇ ਪੁੰਨ                                                             
ਪਾਪ ਤੇਂ ਵੱਧ ਕੁਝ ਨਹੀਂ                                                                                                                          
                                                              
ਅਸੀ ਤਾਂ ਅਗਲਾ ਕ਼ਦਮ ਨਹੀ ਪੁੱਟਦੇ                                  
ਕਿ ਦੁਖਦੀ ਧਪਤੀ
ਕਿਤੇ ਪੁੱਛ ਨਾ ਬੈਠੇ                                 
ਕਿਸੇ ਪੁੰਨ ਦਾ ਰਿਸ਼ਤਾ
ਕਿਸੇ ਪਾਪ ਦਾ ਰਿਸ਼ਤਾ                         

ਫਿਰ ਵੀ ਤੁਹਾਡੇ ਪਿੰਡ ਦੇ ਤਲਾਅ '                                             
ਜਿਹੜਾ ਕੰਵਲ ਉੱਗਿਆ ਹੈ                                            
ਉਹ ਸਾਡੇ ਪਾਪ ਵਰਗਾ ਹੈ                                              
ਤੁਹਾਡੇ ਪੁੰਨ ਵਰਗਾ ਹੈ                                                
                                                                     
ਤੁਹਾਡੇ ਪਿੰਡ ਦੀ ਹਰ ਨਵੀਂ ਕੰਧ                                        
ਜੋ ਤਿੜਕ ਜਾਂਦੀ ਹੈ
ਤਲਾਅ ਰਿੜਕ ਜਾਂਦੀ ਹੈ                       
ਤੇ ਫਿਰ ਮੰਨਣਾ ਹੀ ਪੈਂਦਾ ਹੈ                  
ਤੁਸੀ ਕੋਈ ਪੁੰਨ ਨਹੀ ਕਰਦੇ                                                     
ਤੁਸੀਂ ਕੋਈ ਪਾਪ ਨਹੀਂ ਕਰਦੇ

ਤੁਸੀਂ ਤਾਂ ਹਰ ਕੰਧ ਦੇ ਮੂੰਹ ਤੇ
ਪੋਚਾ ਫੇਰ ਦਿੰਦੇ ਸਉ
ਹੁਣ ਜਦ ਲੇਅ ਲਹਿੰਦੇ ਨੇ
ਤੇ ਪਹਿਚਾਣ ਹੁੰਦੀ ਹੈ                                        
ਸ਼ੀਸ਼ਾ ਤਿੜਕਦਾ ਦਿਸਦੈ                                                             
ਮੁੱਠ 'ਚ ਜਾਨ ਹੁੰਦੀ ਹੈ
ਕੋਈ ਨੁਕ਼ਤਾ ਲੱਭਣ ਲਈ                                                                           
ਫਿਰ ਇਕ ਪਾਪ ਜਨਮਦੇ ਹੋ
ਉਸ ਸੱਚ ਵਰਗੇ ਝੂਠ ਦਾ ਕ਼ਤਲ ਕਰਦੇ ਹੋ                                   
ਆਪਣੀ ਹਿੱਕ ਤੇ ਉਸ ਕੰਵਲ ਦੀਆਂ                        
ਜੋ ਮੁੱਕੀਆਂ ਮਾਰ ਭੰਨਦੇ ਹੋ
                                             
ਤੁਹਾਡਾ ਤਜਰਬਾ ਸੀ
ਵਕ਼ਤ ਰੁਕ ਰੁਕ ਕੇ ਚਲਦਾ ਹੈ
ਅਸੀਂ ਵੀ ਆਖ ਦਿੰਦੇ ਹਾਂ
ਖੜ੍ਹਾ ਪਾਣੀ ਕੀ ਕੰਢੇ ਖੋਰ ਸਕਦਾ ਹੈ                                     

ਤੁਸੀ ਜੋ ਖੰਭ ਖੁੱਸੇ ਪੰਛੀ ਨੂੰ                                          
ਉਡਾਰੀ ਦਾ ਮਿਹਣਾ ਮਾਰਦੇ ਹੋ                                         
ਇਕ ਪਾਪ ਨੂੰ ਜਨਮ ਦਿੰਦੇ ਹੋ.....                                        

ਆਰਸੀ ‘ਤੇ ਖ਼ੁਸ਼ਆਮਦੇਦ – ਜਨਾਬ ਚਰਨ ਸਿੰਘ – ਨਜ਼ਮਾਂ – ਭਾਗ ਦੂਜਾ



ਆਪਣੇ ਵਿਚਲੇ ਰੁੱਖ ਦੀ ਛਾਵੇਂ...
ਨਜ਼ਮ
ਆਪਣੇ ਵਿਚਲੇ ਰੁੱਖ ਦੀ ਛਾਵੇਂ
ਜਦ ਕਦੀ ਵੀ ਬੈਠਾ ਹਾਂ
ਤਪ ਗਿਆ ਹਾਂ

ਕਿੰਨਾ ਜੀਵਨ
ਇਸ ਦੇਹੀ ਵਿਚ ਵਸ ਰਿਹਾ ਹੈ
ਮੇਰਾ ਆਪਾ
ਵਿਚਲੇ ਪਿੱਛੇ, ਨੱਸ ਰਿਹਾ ਹੈ
ਮੇਰਾ ਵਿਚਲਾ, ਅੱਖੀਆਂ ਸਾਹਵੇਂ
ਪਰਛਾਵੇਂ ਦੀ ਅਸਲੀਅਤ
ਵਿਚ ਵਸ ਰਿਹਾ ਹੈ

ਪਰਛਾਵਾਂ ਜੇ ਮੁੱਠ
ਚ ਫੜਦਾਂ
ਆਪਣੇ ਅਸਤਿੱਤਵ ਤੋਂ ਡਰਦਾਂ
ਮੋਮ ਵਾਂਗ ਇਹ ਢਲ਼ ਨਾ ਜਾਵੇ
ਪਰਛਾਵੇਂ ਵਿਚ ਰਲ਼ ਨਾ ਜਾਵੇ
ਆਪਣੀ ਹੋਂਦ ਗੁਆ ਨਾ ਬੈਠਾਂ
ਚੇਤਨ-ਬੁੱਧ ਦੀ ਜਗਦੀ ਜੋਤੀ
ਮਨ ਚੰਚਲਤਾ ਦੇ ਭਰਮਾਇਆਂ
ਆਪਣੇ ਆਪ ਬੁਝਾ ਨਾ ਬੈਠਾਂ

ਉੱਠ ਮਨਾ!
ਤੂੰ ਜੀਵਨ ਦੀ ਅਭਟਕਣ
ਤੋਂ ਕੀ ਲੈਣਾ ਹੈ
ਛਾਵਾਂ ਦੇ ਮੋਹ
ਧੁੱਪ ਦੀ ਉਮਰੇ ਕੌਣ ਹੰਢਾਉਂਦੈ?
ਤਪਦੇ ਥਲ ਦੇ ਲੰਬੇ ਪੈਂਡੇ
ਸਾਗ਼ਰ ਤਰ ਕੇ ਕੌਣ ਮੁਕਾਉਂਦੈ?

ਕੰਪਿਊਟਰ
ਆਲਸ
ਤੇ ਥੁੱਕਦੈ
ਕੰਪਿਊਟਰ ਦਾ ਸਿਰਜਣਹਾਰਾ
ਤੱਕ ਕੇ ਛਾਵਾਂ ਨੂੰ ਕਦ ਰੁਕਦੈ?

ਕ਼ਬਰਾਂ ਦੀ ਖ਼ਾਮੋਸ਼ੀ ਅੰਦਰ
ਕਿਹੜਾ ਸੁੱਖ ਹੈ
ਕ਼ਬਰਾਂ ਦੀ ਮਿੱਟੀ ਸੰਗ
ਕਿਸ ਨੇ ਘਰ ਲਿੱਪਿਆ ਹੈ
ਜ਼ਿੰਦਗੀ ਸੋਧ-ਮਈ
ਇਕ ਵੇਗ ਦਾ ਨਾਂ ਹੈ
ਗੁੰਗੀ ਜੀਭਾ ਕੀ ਬੋਲੇਗੀ
ਮਨ ਦੇ ਘੋੜੇ
ਤੇ ਬਹਿ ਕਿਧਰੇ
ਜੀਭਾ
ਤੇ ਚੁੱਪ ਧਰ ਨਾ ਬੈਠੀਂ
ਭਟਕਣ ਹੱਥੋਂ ਛੱਡ ਨਾ ਬੈਠੀਂ
ਅਭਟਕਣ ਨੂੰ ਫੜ ਨਾ ਬੈਠੀਂ

ਹਵਾ ਹਮੇਸ਼ਾ ਵਗਦੀ ਹੈ
ਦਰਿਆ ਕਦੇ ਖੜ੍ਹਿਆ ਹੈ ਦੱਸ ਖਾਂ?
ਸੂਰਜ ਨੇ ਕਦ  ਤਲ਼ੀ
ਤੇ ਦੀਵਾ ਧਰਿਐ ਦੱਸ ਖਾਂ?
ਪਾਟੀ ਸੋਚ
ਤੇ ਟਾਕੀ ਲਾ ਕੇ
ਸ਼ੀਸ਼ਾ ਮੇਰੇ ਆਪੇ ਉੱਤੇ ਹੱਸ ਰਿਹਾ ਹੈ
ਕੁੱਲੀ, ਗੁੱਲੀ, ਜੁੱਲੀ ਦੀ ਗੱਲ ਦੱਸ ਰਿਹਾ ਹੈ

ਪੈਰਾਂ ਵਿਚਲੀ ਆਹਟ
ਤਰਲੋ-ਮੱਛੀ ਹੋ ਰਹੀ ਹੈ
ਜ਼ਿੰਦਗੀ ਦੇ ਇਕ ਮੋਏ ਪਲ
ਤੇ ਰੋ ਰਹੀ ਹੈ
ਇਸ ਰੁੱਖ ਹੇਠਾਂ
ਦੂਜਾ ਸਾਹ ਜੇ ਤੂੰ ਭਰਿਆ
ਸਮਝ ਲਵੀਂ ਫਿਰ
ਆਪਣੀ ਮੌਤੇ ਆਪੇ ਮਰਿਆ
ਉੱਠ ਮਨਾ!
ਛਾਵਾਂ ਦੇ ਮੋਹ
ਧੁੱਪ ਦੀ ਉਮਰੇ ਕੌਣ ਹੰਢਾਉਂਦੈ
ਤਪਦੇ ਥਲ ਦੇ ਲੰਬੇ ਪੈਂਡੇ
ਸਾਗ਼ਰ ਤਰ ਕੇ ਕੌਣ ਮੁਕਾਉਂਦੈ
=====
ਭਾਰਤ-ਪਾਕਿ
ਨਜ਼ਮ

ਮੇਰੇ ਮਸਤਕ

ਅਜੇ ਵੀ ਸੜ ਰਿਹਾ
ਮੇਰਾ ਲਹੂ
ਤੇਰੇ ਮਸਤਕ

ਭੁੱਲ ਗਈ ਲੱਗੇ
ਥਲਾਂ ਦੀ ਵਗਦੀ ਅੱਗ....

ਤੂੰ ਧਰ ਕੇ
ਸਾਗ਼ਰ ਤਲ਼ੀ ਮੇਰੀ
ਮੇਰੇ ਤੋਂ ਇੰਝ ਵਿਦਾ ਹੋਈ
ਸੜਦੀ ਅੱਗ ਥਲ਼ਾਂ ਦੀ ਜਿਉਂ
ਦੇਹ
ਚੋਂ ਗੁਜ਼ਰ ਗਈ

ਮੈਂ ਰੌਣਕ ਸਾਂ
ਸਿਰ ਤੋਂ ਤਲ਼ੀਆਂ ਤਕ
ਤੂੰ ਫੇਰੀ ਨਜ਼ਰ ਕੀ ਸੱਜਣ
ਉਦਾਸੀ...
ਛੱਤ ਦੇ ਰਾਹੀਂ
ਵਿਹੜੇ
ਚ ਉੱਤਰ ਗਈ

ਉਸ ਹਨੇਰੀ ਨੂੰ
ਬੜੇ ਹੀ ਔਲ਼ਿਆਂ ਦੇ
ਰੁੱਖ ਰੋਏ ਸਨ
ਫ਼ਸਲ ਕੁੱਖ ਤਕ
ਜਿਨ੍ਹਾਂ ਦੀ ਸੁਬਾਹ ਝੜ ਗਈ
ਹੁਣ ਵੀ ਜ਼ਾਮਨ ਹੈ
ਸਤਲੁਜ ਦਾ ਕੰਢਾ
ਮੌਤ ਦਾ ਸਾਗ਼ਰ ਸੀ
ਜ਼ਿੰਦਗੀ ਤਰ ਗਈ

ਲਾਲ ਸੂਹੇ ਹੋ ਗਏ ਰੁੱਖਾਂ ਦੇ ਪੱਤਰ
ਖ਼ੂਨ ਦੀ ਰੰਗਤ ਜਿੱਧਰ ਵੀ ਗਈ
ਇਕ ਫ਼ਾਸਲਾ ਸੀ
ਤਹਿ ਕਰਨਾ ਨੰਗੇ ਪੈਰੀਂ ਅਸੀਂ
ਬਗਲਿਆਂ ਦੀ ਜੁੰਡਲੀ
ਅੰਗਿਆਰ ਰਾਹਾਂ

ਨਜ਼ਰ
ਚ ਕੰਡੇ ਧਰ ਗਈ

ਆਪਣੇ ਦਰਮਿਆਨ ਅਸਾਂ
ਕਾਗ਼ਜ਼ੀ ਦੀਵਾਰ ਚਿਣ ਲਈ
ਕਿ...
ਛਾਂ ਤੇਰੇ ਪਲਕਾਂ ਦੀ
ਮੇਰੀ ਧੁੱਪ  ਦੇ ਟੋਟੇ ਨੂੰ ਤਰਸ ਗਈ
ਮਹਿਫ਼ਲਾਂ ਸਨ
ਜਿਨ੍ਹਾਂ ਪਿੱਪਲਾਂ ਹੇਠ ਮਿੱਤਰਾਂ ਦੀਆਂ
ਕੰਧ ਤੋਂ ਝਾਕਾਂ
ਇਕ ਇਕ ਪੈਰ
ਤੇ
ਬਸਤੀ ਹੈ ਚੌਂਕੀਆਂ ਦੀ ਬਣ ਗਈ

ਸਲਮਾ!
ਮੈਂ...
ਤੇਰਾ ਪਥਰਾਅ ਗਿਆ
ਉਹ ਚੰਨ ਹਾਂ
ਚਾਨਣੀ ਜਿਸ ਦੀ
ਮੁੱਦਤਾਂ ਤੋਂ ਬੁਝ ਗਈ ਹਨੇਰਾ ਕਰ ਗਈ
ਸਲਮਾ! ਤੂੰ ਸੁਣਾ...
ਤੇਰੀ ਗੱਲ੍ਹ ਦਾ ਤਿਲ ਹੈ ਕਿਹੋ ਜਿਹਾ
ਰੰਗ ਤੇਰਾ ਹੁਣ ਵੀ ਹੈ
ਕੰਧ ਪਿੱਛੇ ਉੱਗੇ
ਕਸ਼ਮੀਰੀ ਸਿਉ ਜਿਹਾ
ਸਲਮਾ! ਹੁਣ ਵੀ
ਉਸ ਅੰਬ ਦੀਆਂ ਨੇ ਖੱਟੀਆਂ ਅੰਬੀਆਂ
ਜੋ ਪੀਪਣੀ
ਚੋਂ
ਬੋਲਦਾ ਸੀ ਮਾਖਿਉਂ ਜਿਹਾ

ਸਲਮਾ! ਈਦ ਹੈ ਅੱਜ
ਆਪਣੀਆਂ ਬਾਹਾਂ

ਆਪਣੇ-ਆਪ ਨੂੰ ਮੈਂ ਘੁੱਟ ਲਿਆ ਹੈ
ਕੰਧ
ਤੇ ਆਪਣੇ ਪਰਛਾਵੇਂ ਨੂੰ
ਆਪੇ ਚੁੰਮ ਲਿਆ ਹੈ
ਜਲ ਦੇ ਛੰਨੇ
ਚ ਆਪਣੇ ਆਪ ਨੂੰ
ਈਦ ਮੁਬਾਰਕ਼ ਆਖ ਲਈ ਏ
ਤੇ ਚੁੱਲ੍ਹੇ
ਤੇ ਧੁਖ ਰਹੀ
ਗਿੱਲੀ ਲਗਰ ਤੂਤ ਦੀ
ਸੁਣ ਰਹੀ ਏਂ....
ਤੂੰ ਹੀ ਤੂੰ ਅਲਾਪ ਰਹੀ ਹੈ....
ਤੂੰ ਹੀ ਤੂੰ ਅਲਾਪ ਰਹੀ ਹੈ....
ਮੇਰੇ ਮਸਤਕ

ਅਜੇ ਵੀ ਸੜ ਰਿਹਾ ਮੇਰਾ ਲਹੂ
ਤੇਰੇ ਮਸਤਕ

ਭੁੱਲ ਗਈ ਲੱਗੇ
ਥਲਾਂ ਦੀ ਵਗਦੀ ਅੱਗ....

ਆਰਸੀ ‘ਤੇ ਖ਼ੁਸ਼ਆਮਦੇਦ – ਜਨਾਬ ਚਰਨ ਸਿੰਘ – ਨਜ਼ਮਾਂ – ਭਾਗ ਤੀਜਾ



ਤੰਦੂਆ
ਨਜ਼ਮ

ਇਕ ਤੰਦੂਆ
ਚਿੱਟੇ ਤਖ਼ਤਪੋਸ਼
ਤੇ ਬੈਠਾ
ਇਕ ਰਾਧਾ ਨੂੰ ਰੋਜ਼ ਖਾਂਦਾ ਹੈ
ਤੇ ਹਰ ਦਿਨ
ਇਕ ਨਵਾਂ ਕ੍ਰਿਸ਼ਨ ਦਫ਼ਨਾਂਦਾ ਹੈ
ਇਹ ਤੰਦੂਆ ਸੋਲ੍ਹਾਂ ਕਲਾ ਨਹੀਂ
ਅਠਾਰਾਂ ਕਲਾਂ ਸੰਪੂਰਨ ਹੈ
ਇਹ ਤੰਦੂਆ
ਇਸ ਯੁੱਗ ਦਾ ਪੂਰਨ ਹੈ

ਇਹ ਤੰਦੂਆ
ਆਪਣੀ ਵਹੀ
ਤੇ ਸਭ ਦੇ ਨਾਮ
ਚੜ੍ਹਾਈ ਜਾਂਦਾ
ਜ਼ਰਦੀ
ਚ ਪਲ਼ਦੇ ਬੋਟਾਂ ਤੱਕ ਖਾਈ ਜਾਂਦਾ
ਇਸ ਤੰਦੂਏ ਨੇ ਆਪਣੇ ਅੰਦਰ
ਕਈ ਨਦੀਆਂ ਉਤਾਰ ਲਈਆਂ ਹਨ
ਕਈ ਝੀਲਾਂ
ਆਪਣੀ ਅੱਗ
ਚ ਠਾਰ ਲਈਆਂ ਹਨ

ਇਸ ਸ਼ਹਿਰ ਦੀਆਂ ਮਾਵਾਂ ਨੇ
ਹੁਣ ਧੀਆਂ ਜੰਮਣੀਆਂ ਛੱਡ ਦਿੱਤੀਆਂ ਨੇ
ਆਪਣੇ ਪੇਟ
ਚ ਧੀਆਂ ਤੱਕ
ਪੇਟ ਦੇ ਵਿਚ ਹੀ ਮਾਰ ਦਿੰਦੀਆਂ
ਤੇ ਮੋਈਆਂ ਧੀਆਂ ਦੀਆਂ ਲਾਸ਼ਾਂ
ਤੰਦੂਏ ਦੀ ਭੇਟ ਚਾੜ੍ਹ ਦਿੰਦੀਆਂ

ਤੰਦੂਆ ਖ਼ੁਸ਼ ਹੁੰਦਾ
ਕਿ ਉਸ ਦੀ ਦਹਿਸ਼ਤ
ਮਾਂ ਦੀ ਦੇਹ ਤੋਂ ਮਾਂ ਦੀ ਕੁੱਖ
ਤੱਕ ਫੈਲ ਗਈ ਹੈ
ਉਸ ਦੀ ਸੂਰਤ
ਸ਼ਹਿਰ ਦੀ ਹਰ ਇਕ ਅੱਖ

ਠਹਿਰ ਗਈ ਹੈ

ਸੜਕਾਂ ਤੇ ਬਾਜ਼ਾਰਾਂ ਅੰਦਰ
ਨਗਨ ਯੋਨੀਆਂ ਹੋਕਾ ਦੇਵਣ
ਮਾਵਾਂ ਆਪਣੀਆਂ
ਕੁੱਖਾਂ ਨੂੰ ਰੋਵਣ
ਹੈ ਕੋਈ ਮਰਦ
ਇਸ ਸ਼ਹਿਰ

ਜੋ ਤੰਦੂਏ ਦੀਆਂ ਤੰਦਾਂ ਕੱਟੇ
ਸਾਨੂੰ ਬੇਸ਼ਕ਼ ਗਿਰਵੀ ਰੱਖ ਲਵੇ
ਆਪਣੇ ਸਿਰ ਦੇ ਵੱਟੇ
ਹੈ ਕੋਈ ਮਰਦ
ਇਸ ਸ਼ਹਿਰ

ਜੋ ਮਾਵਾਂ ਦੀ ਇੱਜ਼ਤ ਬਚਾਵੇ
ਮਾਂ ਦੇ ਦੁੱਧ ਦਾ ਮੁੱਲ ਚੁਕਾਵੇ
ਤੇ ਤੰਦੂਏ ਨੂੰ ਮਾਰ ਮੁਕਾਵੇ??

ਕੌਣ ਸੁਣੇ ਦਾਦਾਂ ਫ਼ਰਿਆਦਾਂ
ਜੱਗ ਜਨਣੀ ਮਾਂ ਮਮਤਾ ਦੀਆਂ
ਅਜ ਅਠਾਰਾਂ ਕਲਾਂ ਸੰਪੂਰਨ ਤੰਦੂਆ
ਸ਼ਹਿਰ ਦੀ ਰਗ ਰਗ
ਚ ਸਮਾਇਆ ਹੈ
ਹਰ ਮਰਦ ਦੇ ਚਿਰਹੇ
ਚੋਂ
ਤੰਦੂਆ ਹੀ ਉੱਗ ਆਇਆ ਹੈ...
======
ਰਖਵਾਲਾ
ਨਜ਼ਮ

ਮੈਂ ਇਸ ਸ਼ਹਿਰ ਦੀਆਂ ਨੀਹਾਂ ਹੇਠ ਆਏ
ਪਿੰਡ ਦਾ ਰਖਵਾਲਾ ਹਾਂ
ਮੈਂ ਰਾਤ ਨੂੰ ਕਦੀ ਨਹੀਂ ਸੁੱਤਾ
ਪਹਿਰੇ
ਤੇ ਹੀ ਰਿਹਾ ਹਾਂ
ਮੈਂ ਦਿਨੇ ਵੀ ਨਹੀਂ ਸੁੱਤਾ
ਮੈਂ ਸਾਰੀ ਉਮਰ ਜਾਗਦਾ ਹੀ ਰਿਹਾ ਹਾਂ

ਮੈਂ ਸੁੱਤਾ ਹਾਂ ਜਦੋਂ ਪਿੰਡ ਜਾਗਦਾ ਸੀ
ਆਪਣੇ ਮਾਲ-ਡੰਗਰ ਦੀ ਰਾਖੀ ਕਰਦਾ ਸੀ
ਤੇ ਸੰਭਾਲ਼ਦਾ ਸੀ

ਪਰ ਇਹ ਸ਼ਹਿਰ
ਪਤਾ ਨਹੀਂ ਕਿਸ ਤਰ੍ਹਾਂ
ਪਿੰਡ
ਚ ਘੁਸ ਆਇਆ
ਪਿੰਡ ਦੀ ਕ਼ਬਰ
ਚੋਂ ਉੱਗਿਆ
ਪਿੱਪਲ ਤੇ ਬੋਹੜ ਦੀ ਥਾਂ
ਵਾਂਗ ਛਾਅ ਗਿਆ

ਪਿੰਡ ਦੇ ਸੁੰਦਰ ਨਕਸ਼ ਰੰਗ ਰੂਪ
ਨਿਗਲ਼ ਗਿਆ
ਰੁੱਖਾਂ, ਪਸ਼ੂਆਂ, ਪੰਛੀਆਂ ਦੀਆਂ
ਜੀਭਾਂ ਟੁੱਕ ਗਿਆ
ਪਿੰਡ ਦਾ ਸੁਭਾਅ
ਤੇ ਕੁਦਰਤੀ ਹੁਸਨ ਪੀ ਗਿਆ
ਪਿੰਡ ਦੀ ਵੱਖੀ
ਚੋਂ ਵਗਦੀ ਨਦੀ
ਸੁਕਾਅ ਗਿਆ
ਖੂਹ, ਖੂਹੀਆਂ ਦਾ ਜਲ ਪੱਥਰ ਬਣਾ ਗਿਆ
ਸਵੇਰੇ ਮੰਦਰ ਦੇ ਸੰਖਾਂ ਦੀਆਂ ਧੁਨਾਂ
ਤੇ ਬਾਣੀ ਦੇ ਬੋਲਾਂ ਦੇ ਕੰਠ ਦਬਾਅ ਗਿਆ

ਪਿੱਪਲਾਂ ਹੇਠ ਲਗਦੀਆਂ
ਮਹਿਫ਼ਲਾਂ ਸੰਗ ਛਾਵਾਂ ਖਾ ਗਿਆ
ਪਿੰਡ ਦੀ ਰੌਣਕ
ਚ ਉਜਾੜਾਂ ਧਰ ਗਿਆ
ਪਿੰਡ ਦੀ ਆਬੋ-ਹਵਾ ਨੂੰ
ਬਣਵਾਸੀ ਕਰ ਗਿਆ
ਪਿੰਡ ਦੀ ਹਰਿਆਵਲ ਦੇ ਨੈਣੀਂ
ਅੰਗਿਆਰ ਧਰ ਗਿਆ
ਪਿੰਡ ਦੀ ਹਰੀ ਕਚੂਰ ਹਿੱਕ਼
ਤੇ
ਪੱਥਰਾਂ ਦਾ ਜੰਗਲ ਉਗਾ ਗਿਆ
ਮੇਰੀ ਰੋਜ਼ੀ-ਰੋਟੀ ਦਾ ਜ਼ਰੀਆ
ਸ਼ਹਿਰ....
ਮੇਰਾ ਅੰਨਦਾਤਾ...  
ਪਿੰਡ ਖਾ ਗਿਆ
ਮੇਰੀ ਨਿਗਰਾਨੀ

ਮੇਰੇ ਜਾਗਦੇ ਹੀ ਜਾਗਦੇ
ਸ਼ਹਿਰ ਪਤਾ ਨਹੀਂ
ਕਿੰਝ ਪਿੰਡ
ਚ ਸਮਾਅ ਗਿਆ

ਹਨੇਰੀ ਰਾਤ
ਚੌਂਕੀਦਾਰ ਇਕ ਹੱਡ ਨਾਲ਼ ਟਕਰਾਇਆ
ਤੇ ਡਿੱਗ ਪਿਆ
ਹੱਡੀ
ਚੋਂ ਆਵਾਜ਼ ਆਈ
ਜਿਸ ਪਿੰਡ ਦਾ ਤੂੰ ਚੌਂਕੀਦਾਰ ਹੈਂ
ਉਸ ਪਿੰਡ ਦਾ ਵਜੂਦ
ਉਸ ਪਿੰਡ ਦੇ ਅੰਦਰ ਤੋਂ ਉਤਾਰ
ਪਿੰਡ ਦੇ ਅੰਦਰ ਦਾ ਸੱਚ ਪਹਿਚਾਣ
ਆਪਣੇ ਆਪ
ਚ ਉੱਤਰ ਤੇ ਜਾਣ...
ਪਿੰਡ ਨੂੰ ਸੰਨ੍ਹ ਸ਼ਹਿਰ ਨੇ ਬਾਹਰੋਂ ਲਾਈ ਹੈ
ਜਾਂ ਸੰਨ੍ਹ ਦੀ ਸੂਹ ਪਿੰਡ ਦੇ ਅੰਦਰੋਂ ਆਈ ਹੈ

ਚੌਂਕੀਦਾਰ ਆਪਣੇ ਅੰਦਰ ਉੱਤਰਿਆ
ਤੇ ਫਿਰ ਨਹੀਂ ਪਰਤਿਆ
ਆਪਣੀ ਨਜ਼ਰ ਦੇ ਸੱਚ ਅੱਗੇ ਹਾਰ ਗਿਆ
ਆਪਣੇ ਸਵਾਸ ਤਿਆਗ ਗਿਆ
ਪਰ ਅਜੇ ਵੀ ਅੱਧੀ ਰਾਤ ਨੂੰ
ਉਸ ਦੀ ਆਵਾਜ਼
ਸ਼ਹਿਰ ਦੀ ਹਰ ਜੂਹ
ਚ ਗੂੰਜਦੀ ਹੈ
.............
...ਆਪਣਾ ਅੰਦਰ ਹੀ ਆਪਣਾ ਚੋਰ ਹੈ
ਚੋਰ ਕਿੱਥੇ ਹੋਰ ਹੈ
ਪਹਿਰੇ ਦੀ ਅੰਦਰ ਲੋੜ ਹੈ
ਪਹਿਰੇ ਦੀ ਅੰਦਰ ਲੋੜ ਹੈ....