ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, December 31, 2009

ਅਮਿਤੋਜ - ਨਜ਼ਮ

ਦੋਸਤੋ! ਤੁਹਾਨੂੰ ਯਾਦ ਹੋਵੇਗਾ ਕਿ ਕੁਝ ਮਹੀਨੇ ਪਹਿਲਾਂ ਮੈਂ ਅਮਿਤੋਜ ਜੀ ਦੀ ਇੱਕ ਬਹੁਤ ਹੀ ਪਿਆਰੀ ਨਜ਼ਮ ਸੰਧਿਆ ਪੋਸਟ ਕੀਤੀ ਸੀ, ਜਿਸਨੂੰ ਤੁਸੀਂ ਬਹੁਤ ਪਸੰਦ ਕੀਤਾ ਸੀ....ਉਹ ਨਜ਼ਮ ਕੁਝ ਏਦਾਂ ਸ਼ੁਰੂ ਹੁੰਦੀ ਹੈ ਕਿ:

..................

ਮੇਰੇ ਪਿੰਡ ਸੂਰਜ ਕੁਝ ਹੋਰ ਤਰ੍ਹਾਂ ਡੁੱਬਦਾ ਹੈ

.............

ਤੁਹਾਡੇ ਸ਼ਹਿਰ ਵਾਂਗ ਨਹੀਂ

ਕਿ ਬਾਲਕੋਨੀ ਤੋਂ ਕੜੱਚ ਦੇਣੀ ਸੜਕ ਤੇ ਜਾ ਡਿੱਗੇ

ਤੇ ਇਕ-ਦਮ, ਦਮ ਤੋੜ ਜਾਏ

ਮੇਰੇ ਪਿੰਡ ਸੂਰਜ ਕੁਝ ਹੋਰ ਤਰ੍ਹਾਂ ਡੁੱਬਦਾ ਹੈ

-----

ਉਹਨਾਂ ਦੀ ਇਕ ਹੋਰ ਬੜੀ ਹੀ ਖ਼ੂਬਸੂਰਤ ਨਜ਼ਮ ਪਰਭਾਤ ਹੈ, ਜੋ ਪੇਂਡੂ ਤੇ ਸ਼ਹਿਰੀ ਜੀਵਨ ਦਾ ਅੰਤਰ ਬਿਆਨ ਕਰਦੀ ਹੈ। ਅੱਜ ਤੁਹਾਡੀ ਨਜ਼ਰ....ਪੇਸ਼ ਹੈ ਇਹੀ ਨਜ਼ਮ....ਏਸੇ ਆਸ ਨਾਲ਼ ਕਿ ਪਸੰਦ ਆਵੇਗੀ। ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*******

ਪਰਭਾਤ

ਨਜ਼ਮ

ਮੇਰੇ ਪਿੰਡ ਪਰਭਾਤ ਕੁਝ ਹੋਰ ਤਰ੍ਹਾਂ ਦੀ ਹੁੰਦੀ ਹੈ

.............

ਤੁਹਾਡੇ ਵਾਂਗ ਨਹੀਂ

ਕਿ ਮਿਲਕ ਬੂਥ ਤੋਂ ਤੁਰੇ

ਤੇ ਡਾਇਨਿੰਗ ਟੇਬਲ ਤੱਕ ਪਹੁੰਚਦੇ ਪਹੁੰਚਦੇ

ਸੜੇ ਹੋਏ ਟੋਸਟ ਨਾਲ਼ ਨਿਗਲ਼ੀ ਜਾਏ

ਮੇਰੇ ਪਿੰਡ ਪਰਭਾਤ ਕੁਝ ਹੋਰ ਤਰ੍ਹਾਂ ਦੀ ਹੁੰਦੀ ਹੈ

.............

ਚਾਟੀਆਂ ਵਿਚ ਦਹੀਂ ਦੀ ਫੁੱਟੀ

ਹਾਲੇ ਗੋ ਰਹੀ ਹੁੰਦੀ ਹੈ

ਨਿਆਈਆਂ ਚ ਹੰਡਾਲੀਆਂ ਦੀ ਛਿਛਕ

ਹਾਲੇ ਰੌ ਰਹੀ ਹੁੰਦੀ ਹੈ

ਅਲਾਣੀਆਂ ਮੰਜੀਆਂ ਤੇ ਤੰਦੂਰੀ ਅੱਗ

ਹਾਲੇ ਸੌਂ ਰਹੀ ਹੁੰਦੀ ਹੈ

ਫਿਰਨੀ ਵਿਚ ਖੁਰੇ ਨੱਪਦੀ ਪੰਚੈਤ

ਹਾਲੇ ਭੌਂ ਰਹੀ ਹੁੰਦੀ ਹੈ

ਉਸ ਘੜੀ ਮੇਰੇ ਪਿੰਡ ਪਰਭਾਤ ਹੁੰਦੀ ਹੈ

...............

ਚੱਪਾ ਕੁ ਪਹਿਰ ਰਾਤ

ਸਰਵਣ ਦੀ ਵਹਿੰਗੀ

ਚ ਹਾਲੇ ਤੁਲ ਰਹੀ ਹੁੰਦੀ ਹੈ

ਪਹਿਲ ਵਰੇਸ-ਉਮਰਾਂ ਦੀ ਹਨੇਰੀ

ਹਾਲੇ ਝੁੱਲ ਰਹੀ ਹੁੰਦੀ ਹੈ

ਤਕਾਲ਼ਾਂ ਦੀ ਤੋਬਾ

ਤੜਕੇ ਦੀ ਤੋਟ ਕਰਕੇ ਭੁੱਲ ਰਹੀ ਹੁੰਦੀ ਹੈ

ਢਾਬ ਦੇ ਪਾਣੀਆਂ ਵਿਚ ਸੰਖ ਦੀ ਵਾਜ

ਹਾਲੇ ਘੁਲ਼ ਰਹੀ ਹੁੰਦੀ ਹੈ

ਉਸ ਘੜੀ ਮੇਰੇ ਪਿੰਡ ਪਰਭਾਤ ਹੁੰਦੀ ਹੈ

ਤੁਹਾਡੇ ਵਾਂਗ ਨਹੀਂ

ਕਿ ਮਿਲਕ ਬੂਥ ਤੋਂ ਤੁਰੇ

ਤੇ ਡਾਇਨਿੰਗ ਟੇਬਲ ਤੱਕ ਪਹੁੰਚਦੇ ਪਹੁੰਚਦੇ

ਸੜੇ ਹੋਏ ਟੋਸਟ ਨਾਲ਼ ਨਿਗਲ਼ੀ ਜਾਏ !

Wednesday, December 30, 2009

ਬਾਬਾ ਬੁੱਲ੍ਹੇ ਸ਼ਾਹ - ਕਾਫ਼ੀ

ਕਾਫ਼ੀ

ਭੈਣਾਂ ਮੈਂ ਕੱਤਦੀ ਕੱਤਦੀ ਹੁੱਟੀ।

ਖਿੜੀ ਪਿੱਛੇ ਪਛਵਾੜੇ ਰਹਿ ਗਈ,

ਹੱਥ ਵਿਚ ਰਹਿ ਗਈ ਜੁੱਟੀ।

-----

ਅੱਗੇ ਚਰਖਾ ਪਿੱਛੇ ਪੀਹੜਾ,

ਮੇਰੇ ਹੱਥੋਂ ਤੰਦ ਤਰੁੱਟੀ।

ਭੈਣਾਂ ਮੈਂ ਕੱਤਦੀ ਕੱਤਦੀ...

-----

ਦਾਜ ਜਵਾਹਰ ਅਸਾਂ ਕੀ ਕਰਨਾ,

ਜਿਸ ਪਰੇਮ ਕਟਵਾਈ ਮੁੱਠੀ।

ਭੈਣਾਂ ਮੈਂ ਕੱਤਦੀ ਕੱਤਦੀ...

-----

ਓਹੋ ਚੋਰ ਮੇਰਾ ਪਕੜ ਮੰਗਾਓ,

ਜਿਸ ਮੇਰੀ ਜਿੰਦ ਕੁੱਠੀ।

ਭੈਣਾਂ ਮੈਂ ਕੱਤਦੀ ਕੱਤਦੀ...

-----

ਭਲਾ ਹੋਇਆ ਮੇਰਾ ਚਰਖਾ ਟੁੱਟਾ,

ਮੇਰੀ ਜਿੰਦ ਅਜ਼ਾਬੋਂ ਛੁੱਟੀ।

ਭੈਣਾਂ ਮੈਂ ਕੱਤਦੀ ਕੱਤਦੀ...

-----

ਬੁੱਲ੍ਹਾ ਸ਼ੌਹ ਨੇ ਨਾਚ ਨਚਾਏ,

ਓਥੇ ਧੁੰਮ ਪਈ ਕੜ-ਕੁੱਟੀ।1

ਭੈਣਾਂ ਮੈਂ ਕੱਤਦੀ ਕੱਤਦੀ...

=====

ਕਾਫ਼ੀ

ਹੱਥੀ ਢਿਲਕ ਗਈ ਮੇਰੇ ਚਰਖੇ ਦੀ ਹੁਣ ਮੈਥੋਂ ਕੱਤਿਆ ਨਾ ਜਾਵੇ।

ਹੁਣ ਦਿਨ ਚੜ੍ਹਿਆ ਕਦ ਹੋਵੇ ਮੈਨੂੰ ਪਿਆਰਾ ਮੂੰਹ ਦਿਖਾਲਾਵੇ।

ਤੱਕਲ਼ੇ ਨੂੰ ਵਲ਼ ਪੈ ਪੈ ਜਾਂਦੇ ਕੌਣ ਲੁਹਾਰ ਲਿਆਵੇ।

ਹੱਥੀ ਢਿਲਕ ਗਈ ਮੇਰੇ ਚਰਖੇ ਦੀ...

-----

ਤੱਕਲ਼ਿਉਂ ਵਲ਼ ਕੱਢ ਲੁਹਾਰਾ ਤੰਦ ਚਲੇਂਦਾ ਨਾਹੀਂ,

ਘੜੀ-ਘੜੀ ਇਹ ਝੋਲੇ ਖਾਂਦਾ ਛੱਲੀ ਕਿਤ ਬਿਧ ਲਾਹਵੇ।

ਹੱਥੀ ਢਿਲਕ ਗਈ ਮੇਰੇ ਚਰਖੇ ਦੀ....

-----

ਪਲੀਤਾ ਨਹੀਂ ਜੋ ਬੀੜੀ ਬੰਨਾਂ ਬਾਇੜ ਹੱਥ ਨਾ ਆਵੇ।

ਚਮੜਿਆਂ 2 ਨੂੰ ਚੋਪੜ ਨਾਹੀਂ ਮਾਲ੍ਹ ਪਈ ਬੜਲਾਵੇ।

ਹੱਥੀ ਢਿਲਕ ਗਈ ਮੇਰੇ ਚਰਖੇ ਦੀ....

-----

ਤ੍ਰਿੰਜਣ ਕੱਤਣ ਸੱਦਣ ਸਈਆਂ ਬਿਰਹੋਂ ਢੋਲ ਵਜਾਵੇ।

ਤੀਲੀ ਨਹੀਂ ਜੋ ਪੂਣੀਆਂ ਵੱਟਾਂ ਵੱਛਾ ਗੋਹੜੇ ਖਾਵੇ।

ਹੱਥੀ ਢਿਲਕ ਗਈ ਮੇਰੇ ਚਰਖੇ ਦੀ.....

-----

ਮਾਹੀ ਛਿੜ ਗਿਆ ਨਾਲ਼ ਮਹੀਂ ਦੇ ਹੁਣ ਕੱਤਣ ਕਿਸਨੂੰ ਭਾਵੇ।

ਜਿੱਤ ਵੱਲ ਯਾਰ ਉਤੇ ਵੱਲ ਅੱਖੀਆਂ ਮੇਰਾ ਦਿਲ ਬੇਲੇ ਵੱਲ ਧਾਵੇ।

ਹੱਥੀ ਢਿਲਕ ਗਈ ਮੇਰੇ ਚਰਖੇ ਦੀ....

-----

ਅਰਜ਼ ਏਹੋ ਮੈਨੂੰ ਆਣ ਮਿਲ਼ੇ ਹੁਣ ਕੌਣ ਵਸੀਲਾ ਜਾਵੇ। 3

ਸੈ ਮਣਾਂ ਦਾ ਕੱਤ ਲਿਆ ਬੁੱਲ੍ਹਾ ਸ਼ਹੁ ਮੈਨੂੰ ਗਲ਼ ਲਾਵੇ।

ਹੱਥੀ ਢਿਲਕ ਗਈ ਮੇਰੇ ਚਰਖੇ ਦੀ....

**********

ਔਖੇ ਸ਼ਬਦਾਂ ਦੇ ਅਰਥ ਕੜ-ਕੁੱਟੀ - ਢੋਲ ਦੇ ਡਗੇ ਦੀ ਆਵਾਜ਼, ਚਮੜਿਆਂ 2 ਚਰਮਖ਼ਾਂ, ਅਰਜ਼ ਏਹੋ ਮੈਨੂੰ ਆਣ ਮਿਲ਼ੇ ਹੁਣ ਕੌਣ ਵਸੀਲਾ ਜਾਵੇ 3 - ਗ਼ਰਜ਼ ਏਹੋ ਮੈਨੂੰ ਆਣ ਮਿਲ਼ੇ ਹੁਣ ਕੌਣ ਵਸੀਲਾ ਪਾਵੇ



Tuesday, December 29, 2009

ਕੇਸਰ ਸਿੰਘ ਨੀਰ - ਗ਼ਜ਼ਲ

ਗ਼ਜ਼ਲ

ਭੇਤ ਵਿਚੋਂ ਭੇਤ ਕੋਈ ਟੋਲ਼ਦਾ ਫਿਰਦਾ ਹਾਂ ਮੈਂ।

ਇੰਝ ਛਾਤੀ ਤਾਰਿਆਂ ਦੀ ਫੋਲ਼ਦਾ ਫਿਰਦਾ ਹਾਂ ਮੈਂ।

-----

ਮੈਂ ਖ਼ੁਦਾ ਹਾਂ, ਮੈਂ ਖ਼ੁਦਾ ਹਾਂ, ਬੋਲਦਾ ਫਿਰਦਾ ਹਾਂ ਮੈਂ।

ਕੁਦਰਤਾਂ ਦੇ ਭੇਤ ਸੈਆਂ ਖੋਲ੍ਹਦਾ ਫਿਰਦਾ ਹਾਂ ਮੈਂ।

-----

ਜਾਗ ਕੇ ਰਾਤਾਂ ਨੂੰ ਰਿੜਕਾਂ ਚਾਨਣੀ ਦੇ ਦੁੱਧ ਨੂੰ,

ਇੰਝ ਮੋਤੀ ਸੋਚ ਵਾਲ਼ੇ ਰੋਲ਼ਦਾ ਫਿਰਦਾ ਹਾਂ ਮੈਂ।

-----

ਮੈਂ ਬੜਾ ਆਕਲ, ਬਹਾਦਰ, ਸੂਰਮਾ, ਗੁਣਵਾਨ ਹਾਂ,

ਫੇਰ ਵੀ ਜੀਵਨ ਚ ਥਾਂ, ਥਾਂ ਡੋਲਦਾ ਫਿਰਦਾ ਹਾਂ ਮੈਂ।

-----

ਚੰਦ ਉੱਤੇ ਅੱਪੜ ਕੇ ਵੀ ਚਾਹ ਮਿਰੀ ਹਾਰੀ ਨਹੀਂ,

ਹੋਰ ਉੱਚਾ ਜਾਣ ਨੂੰ ਪਰ ਤੋਲਦਾ ਫਿਰਦਾ ਹਾਂ ਮੈਂ।

-----

ਜੱਗ ਨੂੰ ਉਪਦੇਸ਼ ਦੇਵਾਂ, ਸ਼ਾਂਤੀ ਤੇ ਪਿਆਰ ਦਾ,

ਆਪ ਕਾਂਜੀ ਨਫ਼ਰਤਾਂ ਦੀ ਘੋਲ਼ਦਾ ਫਿਰਦਾ ਹਾਂ ਮੈਂ।

-----

ਜ਼ਿੰਦਗੀ ਵਿਚ ਸ਼ਾਇਰੀ ਦੀ ਦਾਤ ਤਾਂ ਹੈ ਮਿਲ਼ ਗਈ,

ਰੱਬ ਜਾਣੇ! ਹੋਰ ਕੀ ਸ਼ੈ ਟੋਲ਼ਦਾ ਫਿਰਦਾ ਹਾਂ ਮੈਂ।

ਸੁਰਿੰਦਰ ਸਿੰਘ ਸੀਰਤ - ਗ਼ਜ਼ਲ

ਗ਼ਜ਼ਲ

ਕਿਸ ਖ਼ਤਾ ਦੀ ਇਹ ਕੇਹੀ ਮੈਨੂੰ ਸਜ਼ਾ ਦੇਂਦਾ ਏਂ।

ਨਾਂ ਮਿਰਾ ਕੰਧ ਤੇ ਲਿਖ ਲਿਖ ਕੇ ਮਿਟਾ ਦੇਂਦਾ ਏਂ।

-----

ਇਸ ਤਰ੍ਹਾਂ ਨਾਲ਼ ਨਿਭਾ ਕਰਨਾ ਲਗਾਵਟ ਤਾਂ ਨਹੀਂ,

ਆਪੇ ਖ਼ਤ ਲਿਖਦਾ ਏਂ, ਆਪੇ ਹੀ ਹਟਾ ਦੇਂਦਾ ਏਂ।

-----

ਮੈਂ. ਕਿ ਇਤਬਾਰ ਰਹਾਂ ਕਰਦਾ, ਵਫ਼ਾ ਤੇਰੀ ਤੇ,

ਯਾਰ, ਹਰ ਵਾਰ ਮਿਨੂੰ ਤੂੰ ਹੀ ਦਗ਼ਾ ਦੇਂਦਾ ਏਂ।

-----

ਹਰ ਖ਼ਤਾ ਤੇਰੀ ਉਡਾ ਦੇਂਦਾ ਹਾਂ ਧੂੰਏਂ ਵਾਂਗੂੰ,

ਅੱਲੇ ਜ਼ਖ਼ਮਾਂ ਨੂੰ ਤੂਹੀਂ ਹੈਂ, ਕਿ ਹਵਾ ਦੇਂਦਾ ਏਂ।

-----

ਸੋਚ ਮੇਰੀ ਨੂੰ ਤਾਂ ਇੰਝ ਚੋਟ ਬੜੀ ਲਗਦੀ ਏ,

ਖ਼ਾਬ ਅਪਣੇ ਚੋਂ ਹਰਿਕ ਰੋਜ਼ ਜਗਾ ਦੇਂਦਾ ਏਂ।

-----

ਓਪਰਾ ਬਣ ਕੇ ਧਰੇਂ ਦੋਸ਼ ਮਿਰੇ ਸਿਰ ਉੱਤੇ,

ਆਪਣੇ ਇਸ ਢੰਗ ਜਿਹੇ ਨਾਲ਼ ਡਰਾ ਦੇਂਦਾ ਏਂ।

-----

ਮਸਤ ਹਰ ਕੋਈ ਅਜੇ ਤੋਰ ਚ ਆਪੋ ਅਪਣੀ,

ਇਸ ਜ਼ਮਾਨੇ ਨੂੰ ਤੂੰ ਕਿਉਂ ਕੋਈ ਦਿਸ਼ਾ ਦੇਂਦਾ ਏਂ।

Monday, December 28, 2009

ਡਾ: ਸੁਖਪਾਲ - ਨਜ਼ਮ

ਅਨੁਭਵ

ਨਜ਼ਮ

ਸੋਹਣੀ ਮਹੀਂਵਾਲ ਨਾਲ਼ ਕੀ ਵਾਪਰਿਆ:

ਸਭ ਜਾਣਦੇ ਨੇ

ਮਿਲ਼ਣ ਵੇਲ਼ੇ ਉਨ੍ਹਾਂ ਅੰਦਰ ਕੀ ਹੁੰਦਾ ਸੀ?

.............

ਵੇਈਂ ਵਿਚ ਡੁੱਬਣ ਮਗਰੋਂ

ਤੇ ਬਾਹਰ ਨਿਕਲ਼ ਆਉਂਣ ਪਹਿਲੋਂ

ਨਾਨਕ ਅੰਦਰ ਕੀ ਹੋਇਆ?

.............

ਲੂਣਾ ਦੀ ਪੀੜ

ਪੂਰਨ ਦੀ ਵੇਦਨਾ

ਇੱਛਰਾਂ ਦਾ ਵੈਰਾਗ

ਸਲਵਾਨ ਦਾ ਸੰਤਾਪ

ਰਚਨਾ ਕਰਦਿਆਂ ਕਵੀ ਅੰਦਰ ਕੀ ਵਾਪਰਿਆ?

............

ਕੀ ਹੁੰਦਾ ਹੈ?

ਵਰਖਾ ਵਿਚ ਭਿੱਜਦਿਆਂ - ਰੁੱਖ ਨੂੰ

ਬਿਜਲੀ ਦੇ ਕੜਕਦਿਆਂ - ਪਹਾੜ ਨੂੰ

ਬੱਚਿਆਂ ਨੂੰ ਪਲ਼ੋਸਦਿਆਂ - ਸਮੁੰਦਰ ਨੂੰ

ਚੰਬੇ ਦੀ ਬੂਟੀ ਛੋਹ ਕੇ ਲੰਘਦਿਆਂ ਪੌਣ ਨੂੰ

ਇਕੱਲ, ਪਿਆਰ, ਵੈਰਾਗ, ਨਿਰਵਾਣ-

ਸਭ ਸ਼ਬਦਾਂ ਦੇ ਅਰਥ

ਹੋਰ ਸ਼ਬਦਾਂ ਵਿਚ ਹੀ ਦਸਦਾ ਹੈ

ਸ਼ਬਦ-ਕੋਸ਼......

======

ਕੱਸੀ ਹੋਈ ਤਾਰ

ਨਜ਼ਮ

ਬਹੁਤ ਕੱਸੀ ਗਈ ਹੈ ਜੀਵਨ ਦੀ ਤਾਰ

ਅੱਜ ਫ਼ੇਰ ਇਕ ਵਾਰ

ਬਹੁਤ ਹੀ ਮਹੀਨ ਆਵਾਜ਼ ਨਿਕਲ਼ੇਗੀ ਏਸ ਚੋਂ

ਚੀਕ ਵਰਗੀ

ਮੈਂ ਚਾਹੁੰਦਾ ਤਾਂ ਨਹੀਂ ਸੀ ਕਿ ਇਉਂ ਬੋਲਾਂ

ਪਰ.....ਵੱਸ ਵਿਚ ਨਹੀਂ ਸੀ

.............

ਪਰ ਮੇਰੇ ਵਿਚ ਹੈ ਹਾਲੇ ਵੀ

.............

ਪੀੜ ਵਿਚ ਤਹਿਜ਼ੀਬ ਹੋਵੇ

ਚੀਕ ਲੈਅ ਵਿਚ ਬੱਝੀ ਹੋਵੇ

ਤਾਲ ਨਾ ਲੁੰਝੇ

ਸੁਰ ਨਾ ਖੁੰਝੇ

ਮੱਧਮ ਨਹੀਂ ਤਾਂ ਪੰਚਮ ਸਹੀ

ਗੀਤ ਨਹੀਂ ਤਾਂ ਚੁੱਪ ਤਰਜ਼ ਹੀ

..............

ਕੱਸੀ ਗਈ ਹੈ ਜੀਵਨ ਦੀ ਤਾਰ

ਮੈਂ ਚਾਹਾਂ ਤਾਂ

ਰਾਗ ਹਾਲੇ ਵੀ ਉਪਜ ਸਕਦਾ

ਮੇਰੇ ਰੋਮ ਰੋਮ ਵਿੱਚੋਂ........

Sunday, December 27, 2009

ਡੀ.ਆਰ. ਧਵਨ - ਗ਼ਜ਼ਲ

ਸਾਹਿਤਕ ਨਾਮ: ਡੀ.ਆਰ.ਧਵਨ

ਅਜੋਕਾ ਨਿਵਾਸ: ਜਲੰਧਰ, ਪੰਜਾਬ।

ਕਿਤਾਬਾਂ: ਸੂਰਜਮੁਖੀ, ਆਈਨਾ (ਪੰਜਾਬੀ ਗ਼ਜ਼ਲ ), ਪਰਵਾਜ਼ ਉਰਦੂ ਗ਼ਜ਼ਲ ), ਤ੍ਰਿਵੇਣੀ ( ਗੀਤ-ਗ਼ਜ਼ਲ ), ਬੜ੍ਹੇ ਚਲੋ ( ਹਿੰਦੀ ਦੇਸ਼ ਪਿਆਰ ਦੇ ਗੀਤ ), ਨੱਚਦੇ ਬੋਲ ( ਪੰਜਾਬੀ ਗੀਤ ), ਮਹਿਕ ਵਤਨ ਦੀ ( ਪੰਜਾਬੀ ਦੇਸ਼ ਪਿਆਰ ਦੇ ਗੀਤ ), ਮੇਰਾ ਦੇਸ਼ ( ਦੇਸ਼ ਪਿਆਰ ਦੇ ਗੀਤ ), ਆਉ ਪੜ੍ਹੀਏ ( ਬੱਚਿਆਂ ਲਈ ਕਵਿਤਾਵਾਂ ) ਪ੍ਰਕਾਸ਼ਿਤ ਹੋ ਚੁੱਕੀਆਂ ਹਨ।

-----

ਦੋਸਤੋ! ਦਵਿੰਦਰ ਸਿੰਘ ਪੂਨੀਆ ਜੀ ਨੇ ਮੈਨੂੰ ਡੀ.ਆਰ.ਧਵਨ ਜੀ ਦਾ ਪੰਜਾਬੀ ਗ਼ਜ਼ਲ-ਸੰਗ੍ਰਹਿ ਆਈਨਾ ਪੜ੍ਹਨ ਲਈ ਦਿੱਤਾ, ਮੈਂ ਉਹਨਾਂ ਦੀ ਸ਼ੁਕਰਗੁਜ਼ਾਰ ਹਾਂ। ਧਵਨ ਸਾਹਿਬ ਪੰਜਾਬੀ ਗ਼ਜ਼ਲਗੋਈ ਦਾ ਇਕ ਖ਼ੂਬਸੂਰਤ ਹਸਤਾਖ਼ਰ ਹਨ। ਅੱਜ ਉਹਨਾਂ ਦੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਤੁਹਾਡੇ ਨਾਲ਼ ਸਾਂਝੀਆਂ ਕਰਨ ਜਾ ਰਹੀ ਹਾਂ, ਆਸ ਹੈ ਤੁਹਾਨੂੰ ਜ਼ਰੂਰ ਪਸੰਦ ਆਉਣਗੀਆਂ। ਆਰਸੀ ਪਰਿਵਾਰ ਵੱਲੋਂ ਧਵਨ ਸਾਹਿਬ ਨੂੰ ਖ਼ੁਸ਼ਆਮਦੀਦ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*********

ਗ਼ਜ਼ਲ

ਬਰਫ਼ ਵਾਂਗਰ ਖੁਰ ਕੇ ਪਾਣੀ ਹੋ ਗਿਆ।

ਉਹ ਮੇਰੇ ਸਾਹਾਂ ਚੋਂ ਮਨਫ਼ੀ ਹੋ ਗਿਆ।

-----

ਲਹਿਰ ਉੱਠੀ, ਖ਼ਤਮ ਹੋਈ, ਫਿਰ ਉੱਠੀ,

ਦਿਲ ਸਮੁੰਦਰ ਕੀ ਤੋਂ ਹੈ ਕੀ ਹੋ ਗਿਆ।

-----

ਇੱਕ ਲੈਲਾ ਹੈ ਤੇ ਮਜਨੂੰ ਸੈਂਕੜੇ,

ਦੀਨ ਮਜ਼ਹਬ ਸਭ ਦਾ ਕੁਰਸੀ ਹੋ ਗਿਆ।

-----

ਇਸ਼ਕ ਦਾ ਉਲਟਾ ਜਿਹਾ ਦਸਤੂਰ ਹੈ,

ਦਰਦ ਇਕ ਦਿਨ ਖ਼ੁਦ ਦਵਾਈ ਹੋ ਗਿਆ।

-----

ਪਾਣੀ ਦਾ ਕ਼ਤਰਾ ਸੀ ਜਦ ਆਜ਼ਾਦ ਸੀ,

ਜਦ ਪਿਆ ਸਿੱਪੀ ਚ ਮੋਤੀ ਹੋ ਗਿਆ।

-----

ਕੱਲ੍ਹ ਤਲਕ ਪੀਂਦਾ ਸੀ ਜਿਹੜਾ ਮੰਗ ਕੇ,

ਵੇਖਿਆ ਮੈਂ ਅੱਜ ਉਹ ਸਾਕ਼ੀ ਹੋ ਗਿਆ।

-----

ਕੁਝ ਮੁਹੱਬਤ ਦਾ ਅਸਰ ਹੁੰਦੈ ਜ਼ਰੂਰ,

ਕਲ੍ਹ ਸੀ ਜੋ ਮਿਰਚਾਂ ਉਹੀ ਮਿਸ਼ਰੀ ਹੋ ਗਿਆ।

-----

ਇਹ ਧਵਨ ਚਲਦੀ ਦਾ ਹੈ ਸਭ ਚਮਤਕਾਰ,

ਕਲ੍ਹ ਦਾ ਸੀ ਜੋ ਮੁਨਸ਼ੀ ਉਹ ਡਿਪਟੀ ਹੋ ਗਿਆ।

=====

ਗ਼ਜ਼ਲ

ਹਵਾ ਦਾ ਰੁਖ਼ ਜੁ ਬਦਲਿਆ ਬਦਲ ਗਏ ਚਿਹਰੇ।

ਅਜੀਬ ਰੁੱਤ ਹੈ ਕਿ ਰਿਸ਼ਤੇ ਵੀ ਨਾ ਰਹੇ ਰਿਸ਼ਤੇ।

-----

ਸਦਾ ਹੀ ਸੜਦੇ ਰਹੇ ਰੌਸ਼ਨੀ ਲਈ ਜਿਹੜੇ,

ਉਨ੍ਹਾਂ ਨੂੰ ਆਪਣੇ ਹੀ ਘਰ ਰੌਸ਼ਨੀ ਤੋਂ ਖ਼ਾਲੀ ਮਿਲ਼ੇ।

-----

ਸਿਸਕਦੀ ਰਾਤ ਹੈ ਏਥੇ ਤੇ ਸਹਿਮੇ ਸਹਿਮੇ ਦਿਨ,

ਅਜਬ ਹੈ ਆਪਣੇ ਹੀ ਲਗਦੇ ਨੇ ਅਜਨਬੀ ਏਥੇ।

-----

ਘਰਾਂ ਦੇ ਬੂਹੇ ਵੀ ਖੁਲ੍ਹਦੇ ਨੇ ਸਹਿਮ ਕੇ ਅਜਕਲ੍ਹ,

ਯਕੀਨ ਕੌਣ ਕਰੇ ਸਚ ਤੇ ਵੀ ਨੇ ਸੌ ਪਹਿਰੇ।

-----

ਦੁਪਹਿਰ ਸੜਦੀ ਚ ਉਨ੍ਹਾਂ ਰੁੱਖਾਂ ਦੀ ਯਾਦ ਆਈ,

ਅਸਾਂ ਨੇ ਆਪ ਹੀ ਕੱਟ ਕੇ ਮੁਕਾ ਲਏ ਜਿਹੜੇ।

-----

ਚਮਨ ਚ ਐਸੀ ਫ਼ਜ਼ਾ ਹੈ ਬਹਾਰ ਆਵੇ ਕਿਵੇਂ,

ਚਮਨ ਦੇ ਬਾਗ਼ਬਾਂ ਖ਼ੁਦ ਨੇ ਡਰੇ ਡਰੇ ਫਿਰਦੇ।

-----

ਜਿਨ੍ਹਾਂ ਨੂੰ ਪਾਸ ਨਹੀਂ ਹੈ ਕਿ ਦਰਦ ਕੀ ਹੋਂਦੈ,

ਉਨ੍ਹਾਂ ਤੋਂ ਆਸ ਦਵਾ ਦੀ ਤੁਸੀਂ ਹੋ ਕਿਉਂ ਕਰਦੇ।

-----

ਜੁ ਪੰਛੀ ਡਰਕੇ ਗਏ ਮੁੜ ਨ ਆਲ੍ਹਣੀਂ ਆਏ,

ਕਿ ਬਾਗ਼ਬਾਂ ਨੂੰ ਕਹੋ ਉਨ੍ਹਾਂ ਦੀ ਤਲਾਸ਼ ਕਰੇ।

-----

ਕੋਈ ਤਾਂ ਪਿਆਰ ਦੀ ਵੰਝਲੀ ਤੇ ਆ ਕੇ ਸੁਰ ਛੇੜੋ,

ਤੁਸਾਂ ਨੂੰ ਝੰਗ ਦੇ ਬੇਲੇ ਚ ਕੋਈ ਯਾਦ ਕਰੇ।

-----

ਅਸਾਂ ਦੇ ਗੀਤ ਗੁਆਚੇ, ਉਦਾਸ ਨੇ ਕਲਮਾਂ,

ਕਹੋ ਫ਼ਰੀਦ ਨੂੰ, ਨਾਨਕ ਨੂੰ ਘਰ ਦੀ ਸਾਰ ਲਵੇ।

------

ਸ਼ਮਾਂ ਦੇ ਵਾਂਗ ਜਲ਼ੋ ਰੌਸ਼ਨੀ ਦਿਉ ਸਭ ਨੂੰ,

ਧਵਨ ਉਹ ਬਾਤ ਕਰੋ ਜਿਸ ਤੋਂ ਸਭ ਨੂੰ ਚੈਨ ਮਿਲ਼ੇ।

Saturday, December 26, 2009

ਪ੍ਰਿੰ: ਤਖ਼ਤ ਸਿੰਘ - ਗ਼ਜ਼ਲ

ਗ਼ਜ਼ਲ

ਜ਼ੋਰ ਬਥੇਰਾ ਮਾਰਨ ਤਤੀਆਂ ਤੇਜ਼ ਹਵਾਵਾਂ।

ਟੁੱਟਣ ਵਿਚ ਆਵੇ ਨਾ ਰੁਖ ਨਾਲੋਂ ਪਰਛਾਵਾਂ।

-----

ਨਿਤ ਘਲੀਏ ਸਜਣਾਂ ਵਲ ਉਹ ਯਾਦਾਂ ਦੀ ਪਾਤੀ,

ਹੰਝੂਆਂ ਨਾਲ਼ ਅਸੀਂ ਲਿਖੀਏ ਜਿਸ ਤੇ ਸਿਰਨਾਵਾਂ।

-----

ਦਿਨ ਦੀਵੀਂ ਪਾ ਛੱਡਣ ਨ੍ਹੇਰ ਮਨਾਂ ਦੇ ਕਾਲ਼ੇ,

ਲੰਘੇ ਤਾਰੇ ਵਾਂਗ ਨਜ਼ਰ ਚੋਂ ਟਾਵਾਂ ਟਾਵਾਂ।

-----

ਧਰਤੀ ਤੇ ਕਿਸ ਬੱਦਲ਼ ਦੀ ਛਾਂ ਮਗਰ ਮੈਂ ਨੱਸਾਂ?

ਸਾਗਰ ਦੀ ਕਿਸ ਲਹਿਰ ਦੇ ਪਿੱਛੇ ਪਿੱਛੇ ਜਾਵਾਂ?

-----

ਚਾਪ ਕਿਦ੍ਹੇ ਪੈਰਾਂ ਦੀ ਆਵੇ ਸੋਚ ਦੀ ਗਲ਼ੀਓਂ?

ਏਨੀ ਰਾਤ ਗਏ ਹੋਣਾ ਏ ਤਖ਼ਤ ਨਥਾਵਾਂ।

Friday, December 25, 2009

ਸੁਖਦੇਵ ਸਿੰਘ ਗਰੇਵਾਲ - ਗ਼ਜ਼ਲ

ਗ਼ਜ਼ਲ

ਖ਼ੂਬਸੂਰਤ ਮੋੜ ਲੰਘ ਕੇ ਹਾਦਸਾ ਕੀ ਹੋ ਗਿਆ।

ਗੁੰਮ ਗਈ ਉਹ ਚਾਨਣੇ ਵਿਚ ਨ੍ਹੇਰ ਵਿਚ ਮੈਂ ਖੋ ਗਿਆ।

-----

ਦਿਲ ਦੀ ਮਹਿਕੀ ਧਰਤ ਵਿਚੋਂ ਗ਼ਮ ਹੀ ਗ਼ਮ ਨੇ ਉੱਗ ਪਏ,

ਕੀ ਕਹਾਂ ਕਿ ਕੋਲ਼ ਬਹਿ ਕੇ ਕਿਸ ਤਰ੍ਹਾਂ ਉਹ ਰੋ ਗਿਆ।

-----

ਪਿਆਰ ਦੇ ਅੱਖਰ ਜੋ ਦਿਲ ਤੇ ਸੀ ਲਿਖੇ ਉਮਰਾਂ ਗੁਆ,

ਬੇਰੁਖ਼ੀ ਦਾ ਹੜ੍ਹ ਕੀ ਆਇਆ ਸਾਰਾ ਕੁਝ ਹੀ ਧੋ ਗਿਆ।

------

ਨ੍ਹੇਰਿਆਂ ਵਿਚ ਭਟਕਦਾ ਜ਼ਖ਼ਮੀ ਮੇਰਾ ਅਹਿਸਾਸ ਹੈ,

ਨਾਲ਼ ਲੈ ਉਹ ਆਪਣੇ ਸਾਰੀ ਦੀ ਸਾਰੀ ਲੋ ਗਿਆ।

-----

ਮਹਿਕ ਦੀ ਇਕ ਵੀ ਘੜੀ ਨਾ ਉਸਦੇ ਘਰ ਹੋਈ ਨਸੀਬ,

ਜਿਸ ਦੇ ਦਰ ਤੇ ਮੈਂ ਸਦਾ ਹੀ ਲੈ ਕੇ ਹਾਂ ਖ਼ੁਸ਼ਬੋ ਗਿਆ।

Thursday, December 24, 2009

ਪ੍ਰੋ: ਜਸਪਾਲ ਘਈ - ਗ਼ਜ਼ਲ

ਗ਼ਜ਼ਲ

ਸਿਰਾਂ ਦੇ ਬੋਝ ਨੇ ਰੂਹਾਂ ਨੂੰ ਬੇਖ਼ਮ ਹੋਣ ਨਾ ਦਿੱਤਾ।

ਸਿਧਾਰਥ ਹੋਣ ਦੀ ਕੋਸ਼ਿਸ਼ ਨੇ ਗੌਤਮ ਹੋਣ ਨਾ ਦਿੱਤਾ।

-----

ਜ਼ਿਰ੍ਹਾ ਅੰਦਰ ਦੀ ਨੇ ਰੱਖਿਆ ਕਟਹਿਰੇ ਵਿਚ ਹਮੇਸ਼ਾ ਹੀ,

ਜ਼ਿਰ੍ਹਾ ਬਾਹਰ ਦੀ ਨੇ ਮੰਨਿਆਂ ਕਿ ਮੁਜਰਮ ਹੋਣ ਨਾ ਦਿੱਤਾ।

-----

ਨ ਬੇਲਾ ਸੀ, ਨ ਕੱਚਾ ਸੀ, ਨ ਥਲ ਭਖਦਾ, ਨ ਜੰਡ ਕੋਈ,

ਨਜ਼ਰ ਆਪਣੀ ਨੇ ਹੀ ਮਹਿਰਮ ਨੂੰ ਮਹਿਰਮ ਹੋਣ ਨਾ ਦਿੱਤਾ।

-----

ਜਹੰਨਮ ਵਿਚ ਅਸਾਂ ਜੰਨਤ ਦੇ ਕੁਝ ਸੁਪਨੇ ਬਿਖੇਰੇ ਸਨ,

ਇਨ੍ਹਾਂ ਨੇ ਹੀ ਜਹੰਨਮ ਨੂੰ ਜਹੰਨਮ ਹੋਣ ਨਾ ਦਿੱਤਾ।

-----

ਵਿਦਾਈ ਤੇ ਨ ਬਦਸ਼ਗਨੀ ਕੋਈ ਹੋਵੇ, ਇਸੇ ਡਰ ਤੋਂ,

ਦਿਲੋਂ ਰੋਏ ਬੜਾ, ਪਰ ਅੱਖ ਨੂੰ ਨਮ ਹੋਣ ਨਾ ਦਿੱਤਾ।

Wednesday, December 23, 2009

ਕਮਲ ਕੰਗ - ਨਜ਼ਮ

ਦੋਸਤੋ! ਪਿਛਲੇ ਛੇ ਹਫ਼ਤਿਆਂ ਤੋਂ ਕਮਲ ਕੰਗ ਜੀ ਪੰਜਾਬ ਗਏ ਹੋਏ ਸਨ। ਉਹਨਾਂ ਨੇ ਆਪਣੀ ਪੰਜਾਬ ਫੇਰੀ ਦੇ ਮੁਤੱਲਕ ਇਕ ਕਵਿਤਾ ਘੱਲੀ ਹੈ, ਜੋ ਆਪ ਸਭ ਨਾਲ਼ ਸਾਂਝੀ ਕਰ ਰਹੀ ਹਾਂ। ਵਰ੍ਹਿਆਂ ਬਾਅਦ ਇਕ ਵਾਰ ਜਦੋਂ ਮੈਂ ਪੰਜਾਬ ਗਈ ਤਾਂ ਕੁਝ ਇਹੋ ਜਿਹੇ ਹੀ ਅਹਿਸਾਸ ਮੈਨੂੰ ਵੀ ਹੋਏ ਸਨ। ਮਨ ਵਲੂੰਧਰਿਆ ਗਿਆ ਸੀ, ਇਹ ਸੁਣ ਕੇ ਹੁਣ ਇੰਡੀਆ ਹਰ ਕੁੜੀ ਦਾ ਬੁਆਏ ਫਰੈਂਡ ਅਤੇ ਹਰ ਮੁੰਡੇ ਦੀ ਗਰਲ ਫਰੈਂਡ ਹੈ। ਮਾਂ-ਬਾਪ ਖ਼ੁਦ ਬੇਸ਼ਰਮੀ ਨਾਲ਼ ਦਸਦੇ ਨੇ ਕਿ ਭਾਈ ਸਾਡੀ ਤਾਂ ਕੁੜੀ ਦਾ ਬੁਆਏ ਫਰੈਂਡ ਹੈ, ਉਹਨੂੰ ਮਿਲ਼ਣ ਗਈ ਹੈ। ਬਹੁਤੇ ਵਿਆਹ ਵੀ ਦਿਖਾਵੇ ਦੇ ਹਨ।
-----
ਲੁਧਿਆਣੇ ਮਾਡਲ ਟਾਊਨ ਚ ਮੇਨ ਰੋਡ ਤੇ ਕੁਝ ਵੱਡੇ ਘਰਾਂ ਦੀਆਂ ਵਿਗੜੀਆਂ ਕੁੜੀਆਂ ਨੂੰ ਸ਼ਰੇਆਮ ਬੀਅਰ ਅਤੇ ਵਾਈਨ ਪੀਂਦਿਆਂ ਵੇਖ ਮਨ ਚ ਸੋਚਿਆ, ( ਸਭ ਦੋਸਤਾਂ ਨੂੰ ਪਤੈ ਕਿ ਮੈਨੂੰ ਸ਼ਰਾਬ ਤੇ ਮੀਟ ਤੋਂ ਮੈਨੂੰ ਹੱਦ ਦਰਜ਼ੇ ਦੀ ਨਫ਼ਰਤ ਹੈ ) ਅਜਿਹਾ ਤਾਂ ਨਹੀਂ ਸੀ ਪੰਜਾਬ, ਜਦੋਂ ਅਸੀਂ ਹਿਜਰਤ ਕੀਤੀ ਸੀ। ਸੂਟ/ਦੁਪੱਟੇ ਤਾਂ ਉੱਡ ਹੀ ਗਏ ਹਨ....ਜਿੱਧਰ ਵੇਖੋ ਜੀਨਾਂ, ਜਾਂ ਜਿਸਮ ਦਿਖਾਊ ਕੱਪੜੇ। ਜਿਹੜੇ ਮਾਂ-ਬਾਪ ਘੱਟ ਆਮਦਨ ਹੋਣ ਦੇ ਬਾਵਜੂਦ ਬੱਚਿਆਂ ਨੂੰ ਕਾਲਜ/ਯੂਨੀਵਰਸਿਟੀ ਘੱਲਦੇ ਹਨ, ਉਹ ਮਾਪਿਆਂ ਦੇ ਗਲ਼ ਗੂਠਾ ਦੇ ਕੇ ਡਿਮਾਂਡਾਂ ਪੂਰੀਆਂ ਕਰਵਾਉਂਦੇ ਹਨ। ਬਹੁਤੇ ਫਾਸਟ ਫੂਡ ਸਪੌਟਸ ਵੀ ਅੱਯਾਸ਼ੀ ਦੇ ਅੱਡੇ ਹਨ। ਕਮਲ ਜੀ ਦੀ ਗੱਲ ਨਾਲ਼ ਮੈਂ ਸੌ-ਫੀਸਦੀ ਸਹਿਮਤ ਹਾਂ ਕਿ ਬਾਕੀ ਰਹਿੰਦੀ ਖੂੰਹਦੀ ਕਸਰ ਪੂਜਾ ਦੇ ਘਟੀਆ ਦੋਗਾਣਿਆਂ ਅਤੇ ਮੋਬਾਈਲਾਂ ਨੇ ਪੂਰੀ ਕਰ ਦਿੱਤੀ ਹੈ। ਮਾਂ-ਬਾਪ ਨੂੰ ਕੋਈ ਇਲਮ ਨਹੀਂ ਕਿ ਬੱਚਿਆਂ ਨੂੰ ਕੀਹਦੇ ਫੋਨ ਆਉਂਦੇ ਨੇ ਤੇ ਉਹ ਕੀਹਨੂੰ ਮਿਲ਼ਣ ਜਾਂਦੇ ਨੇ। ਸ਼ਰਮ ਦੀ ਗੱਲ ਹੈ ਕਿ ਕੁੜੀਆਂ ਵੀ ਡਰੱਗਜ਼ ਲੈਂਦੀਆਂ ਨੇ ਤੇ ਲੁਕ-ਛਿਪ ਕੇ ਬਣਾਏ ਜਿਸਮਾਨੀ ਰਿਸ਼ਤਿਆਂ ਕਰਕੇ ਏਡਜ਼ ਬਹੁਤ ਜ਼ਿਆਦਾ ਫ਼ੈਲ ਰਹੀ ਹੈ। ਮੇਰੇ ਖ਼ਿਆਲ 'ਚ ਜਿਹੜੇ ਲੋਕ ਕੈਨੇਡਾ ਵਰਗੇ ਮੁਲਕਾਂ ਤੋਂ ਆਪਣੇ ਬੱਚਿਆਂ ਦਾ ਵਿਆਹ ਕਰਨ ਪੰਜਾਬ ਜਾਂਦੇ ਨੇ ਕਿ ਵੱਟੇ 'ਚ ਭੂਆ/ਮਾਸੀ/ਮਾਮੇ/ਚਾਚੇ ਦੇ ਬੱਚੇ ਵੀ ਆ ਜਾਣਗੇ, ਉਹਨਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਗੰਭੀਰਤਾ ਨਾਲ਼ ਸੋਚਣਾ ਬਣਦਾ ਹੈ।

-----

ਸਬਜ਼ੀਆਂ, ਦਾਲ਼ਾਂ, ਆਪਣੇ ਲੋਕ ਭੁੱਲ ਚੁੱਕੇ ਨੇ, ਜਾਓ ਤਾਂ ਮੇਰੇ ਭੂਆ ਜੀ ਵਰਗੇ ਫੜ੍ਹ ਮਾਰ ਕੇ ਆਖਣਗੇ ਕਿ ਮੇਰੀ ਭਤੀਜੀ ਏਨੇ ਸਾਲਾਂ ਬਾਅਦ ਆਈ ਹੈ....ਦੇਖ ਬੇਟਾ! ਅਸੀਂ ਤੇਰੇ ਲਈ ਪੀਜ਼ਾ ਆਰਡਰ ਕੀਤਾ ਹੈ ਜਾਂ ਸਾਡੀ ਨੂੰਹ ਤਾਂ ਬੱਸ ਪੀਜ਼ਾ, ਨੂਡਲਜ਼ ਤੇ ਬਰਗਰ ਹੀ ਖਾਂਦੀ ਹੈ, ਦੇਸੀ ਖਾਣੇ ਅਜਕੱਲ੍ਹ ਕੌਣ ਖਾਂਦਾ ਹੈ? ਕੋਈ ਦੱਸਣ ਵਾਲ਼ਾ ਹੋਵੇ ਕਿ ਭਲਿਓ ਲੋਕੋ! ਅਸੀਂ ਇੱਥੇ ਰਹਿ ਕੇ ਵੀ ਆਪਣਾ ਖਾਣਾ ਖਾਂਦੇ ਹਾਂ, ਪੰਜਾਬੀ ਬੋਲਦੇ ਹਾਂ, ਵੈਜੀਟੇਰੀਅਨ, ਨੌਨ-ਡਰਿੰਕਰ, ਨੌਨ ਸਮੋਕਰ ਹਾਂ....ਆਪਣੇ ਰਸਮੋ-ਰਿਵਾਜ਼, ਤਹਿਜ਼ੀਬ... ਸ਼ਰਮ-ਹਯਾ ਸਾਂਭੀ ਬੈਠੇ ਹਾਂ....ਪਰ ਤੁਸੀਂ ਕਿੱਥੇ ਪਹੁੰਚ ਗਏ ਓ???? ਤੁਹਾਡੇ ਨਾਲ਼ੋਂ ਤਾਂ ਕਈ ਗੋਰੇ ਹੀ ਚੰਗੇ ਨੇ ਜਿੱਥੇ ਅੱਜ ਵੀ ਪਰਿਵਾਰਾਂ ਚ ਵਿਕਟੋਰੀਅਨ ਸਮੇਂ ਵਰਗਾ ਸਖ਼ਤ ਕਾਇਦਾ-ਕਾਨੂੰਨ ਚਲਦਾ ਹੈ। ਡੈਡੀ ਜੀ ਨੂੰ ਇੱਕ ਹਫ਼ਤੇ ਚ ਇੰਡੀਆ ਦੇ ਰੰਗ-ਢੰਗ ਵੇਖ ਕੇ ਕਿਹਾ ਕਿ ਜਿਹੜੀ ਟਿਕਟ ਮਿਲ਼ਦੀ ਹੈ ਵੈਨਕੂਵਰ ਦੀ ਓ.ਕੇ. ਕਰ ਦਿਓ...ਮੈਂ ਨਹੀਂ ਏਥੇ ਰਹਿਣਾ। ਉਦੋਂ ਦਾ ਹੁਣ ਤੱਕ ਇੰਡੀਆ ਵੱਲ ਮੂੰਹ ਕਰਨ ਦੀ ਹੀਆ ਨਹੀਂ ਪਿਆ।

-----

ਦੋਸਤੋ! ਕਮਲ ਜੀ ਦੀ ਏਨੀ ਖ਼ੂਬਸੂਰਤ ਨਜ਼ਮ ਨੇ ਵਰ੍ਹਿਆਂ ਪਹਿਲਾਂ ਦੀ ਗੱਲ ਚੇਤੇ ਕਰਵਾ ਦਿੱਤੀ, ਉਹਨਾਂ ਦਾ ਬੇਹੱਦ ਸ਼ੁਕਰੀਆ। ਤੁਹਾਡੇ ਨਾਲ਼ ਵੀ ਕੁਝ ਅਜਿਹਾ ਵਾਪਰਿਆ ਤਾਂ ਕਿਰਪਾ ਕਰਕੇ ਲਿਖ ਕੇ ਜ਼ਰੂਰ ਭੇਜੋ ਤਾਂ ਜੋ ਜਿਹੜੇ ਮੇਰੇ ਵਰਗੇ ਬਹੁਤ ਸਾਲਾਂ ਦੇ ਉੱਥੇ ਨਹੀਂ ਗਏ, ਉੱਥੋਂ ਦੇ ਮਾਹੌਲ ਚ ਆਏ ਸਮਾਜਿਕ ਬਦਲਾਵਾਂ ਤੋਂ ਜਾਣੂੰ ਹੋ ਸਕਣ ਅਤੇ ਇੰਡੀਆ ਫੇਰੀ ਤੋਂ ਪਹਿਲਾਂ ਆਪਣੇ ਆਪ ਨੂੰ ਤਿਆਰ ਕਰ ਸਕਣ, ਨਹੀਂ ਤਾਂ ਮੇਰੇ ਵਾਂਗ ਇਕ ਹਫ਼ਤੇ ਦੇ ਅੰਦਰ-ਅੰਦਰ ਵਾਪਸੀ ਦੀ ਟਿਕਟ ਓ.ਕੇ. ਕਰਵਾਉਣੀ ਪਊ.. J ਦੋਸਤੋ! ਮੈਂ ਵੀ ਜੋ ਅੱਖੀਂ ਦੇਖਿਆ ਤੇ ਰੂਹ ਨਾਲ਼ ਮਹਿਸੂਸ ਕੀਤਾ ਉਹੀ ਲਿਖਿਆ ਹੈ, ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਕਦਾਚਿੱਤ ਨਹੀਂ । ਕਮਲ ਜੀ ਨੂੰ ਏਨੀ ਖ਼ੂਬਸੂਰਤ ਨਜ਼ਮ ਲਿਖਣ ਤੇ ਆਰਸੀ ਪਰਿਵਾਰ ਵੱਲੋਂ ਮੁਬਾਰਕਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

************

ਦੇਸ ਪੰਜਾਬ

ਨਜ਼ਮ

ਦੇਸ ਪੰਜਾਬ ਨੂੰ, ਫੇਰਾ ਪਾਇਆ

ਮੁੜ ਕੇ ਸਭ ਕੁਝ, ਚੇਤੇ ਆਇਆ

ਬੇਲੀ ਮਿੱਤਰ, ਖੂਹ ਦੀਆਂ ਗੱਲਾਂ

ਵਗਦਾ ਪਾਣੀ, ਨੱਚਦੀਆਂ ਛੱਲਾਂ

ਸੱਥ ਵਿੱਚ ਹੱਸਦੇ, ਬਾਬੇ ਪੋਤੇ

ਕੁਝ ਲਿਬੜੇ ਕੁਝ, ਨਾਹਤੇ ਧੋਤੇ

ਤਾਸ਼ ਦੀ ਬਾਜ਼ੀ, ਛੂਹਣ ਛੁਹਾਈਆਂ

ਬੋੜ੍ਹ ਦੀ ਛਾਵੇਂ, ਮੱਝੀਆਂ ਗਾਈਆਂ

ਚੇਤੇ ਕਰ ਕੇ, ਮਨ ਭਰ ਆਇਆ

ਦੇਸ ਪੰਜਾਬ ਨੂੰ, ਫੇਰਾ ਪਾਇਆ

ਮੁੜ ਕੇ ਸਭ ਕੁਝ, ਚੇਤੇ ਆਇਆ

.....

ਪਿੰਡਾਂ ਦੀ ਹੁਣ, ਸ਼ਕਲ ਬਦਲ ਗਈ

ਲੋਕਾਂ ਦੀ ਹੁਣ, ਅਕਲ ਬਦਲ ਗਈ

ਖੇਤੀ ਦੇ ਹੁਣ, ਸੰਦ ਬਦਲ ਗਏ

ਕੰਮ ਦੇ ਵੀ ਹੁਣ, ਢੰਗ ਬਦਲ ਗਏ

ਟਾਹਲੀ ਤੇ ਕਿੱਕਰਾਂ ਮੁੱਕ ਗਈਆਂ

ਤੂਤ ਦੀਆਂ ਨਾ, ਝਲਕਾਂ ਪਈਆਂ

ਸੱਥ ਵਿੱਚ ਹੁਣ ਨਾ, ਮਹਿਫ਼ਿਲ ਲੱਗਦੀ

ਬਿਜਲੀ ਅੱਗੇ, ਵਾਂਗ ਹੈ ਭੱਜਦੀ

ਪਿੰਡ ਵੇਖ ਕੇ, ਚਾਅ ਚੜ੍ਹ ਆਇਆ

ਦੇਸ ਪੰਜਾਬ ਨੂੰ, ਫੇਰਾ ਪਾਇਆ

ਮੁੜ ਕੇ ਸਭ ਕੁਝ, ਚੇਤੇ ਆਇਆ

.....

ਸ਼ਹਿਰੀ ਸੜਕ ਨੂੰ, ਸੁਰਤ ਹੈ ਆਈ

ਪਿੰਡਾਂ ਦੀ ਪਰ, ਪਈ ਤੜਫਾਈ

ਬਾਈਪਾਸਾਂ ਤੇ, ਟੋਲ ਨੇ ਲੱਗੇ

ਐਪਰ ਬੰਦਾ, ਪਹੁੰਚੇ ਝੱਬੇ

ਮਹਿੰਗਾਈ ਨੇ, ਵੱਟ ਹਨ ਕੱਢੇ

ਤਾਹੀਂ ਮਿਲਾਵਟ, ਜੜ੍ਹ ਨਾ ਛੱਡੇ

ਵਿਓਪਾਰੀ ਹੈ, ਹੱਸਦਾ ਗਾਉਂਦਾ

ਮਾੜਾ ਰੋਂਦਾ, ਘਰ ਨੂੰ ਆਉਂਦਾ

ਅਜੇ ਰੁਪਈਆ, ਪਿਆ ਕੁਮਲ਼ਾਇਆ

ਦੇਸ ਪੰਜਾਬ ਨੂੰ, ਫੇਰਾ ਪਾਇਆ

ਮੁੜ ਕੇ ਸਭ ਕੁਝ, ਚੇਤੇ ਆਇਆ

.....

ਕੁੜੀਆਂ ਚਿੜੀਆਂ, ਵਧਣ ਨਾ ਫੁੱਲਣ

ਚਿੜੇ ਹਨੇਰੀ, ਵਾਂਗੂੰ ਝੁੱਲਣ

ਟੀ ਵੀ ਵਿੱਚ ਹੁਣ, ਸੂਟ ਨਾ ਦਿਸਦਾ

ਸੁਰ ਸੰਗਮ ਦਾ, ਰੂਟ ਨਾ ਦਿਸਦਾ

ਮਿਸ ਪੂਜਾ ਨੇ, ਲੁੱਟ ਲਏ ਸਾਰੇ

ਸੋਲੋ ਫਿਰਦੇ, ਮਾਰੇ ਮਾਰੇ

ਬੱਬੂ ਮਾਨ ਨੇ, ਬਾਬੇ ਰੋਲ਼ੇ

ਢੱਡਰੀਆਂ ਵਾਲ਼ੇ, ਦੀ ਪੰਡ ਖੋਲ੍ਹੇ

ਮਾਨ ਪੰਜਾਬ ਨੇ, ਜਦੋਂ ਜਿਤਾਇਆ

ਦੇਸ ਪੰਜਾਬ ਨੂੰ, ਫੇਰਾ ਪਾਇਆ

ਮੁੜ ਕੇ ਸਭ ਕੁਝ, ਚੇਤੇ ਆਇਆ

.....

ਇਕ ਪਿੰਡ ਦੇ ਵਿੱਚ, ਦੋ ਦੋ ਠੇਕੇ

ਚੋਬਰ ਮੁੰਡੇ, ਕਿਤੇ ਨਈਂ ਵੇਖੇ

ਭਈਆਂ ਦਾ, ਲੁਧਿਆਣੇ ਕਬਜ਼ਾ

ਕੰਮ ਕਰਨੇ ਦਾ, ਮਰਿਆ ਜਜ਼ਬਾ

ਲੀਡਰ ਫਿਰਨ, ਰੰਗਾਉਂਦੇ ਪੱਗਾਂ

ਚੁਣ ਦੇ ਸੋਚ ਕੇ, ਸੱਜਾ ਖੱਬਾ

ਪਰ ਪੰਜਾਬ, ਅਜੇ ਵੀ ਹੱਸਦਾ

ਮਰਦਾ ਮਰਦਾ, ਜਿਉਂਦਾ ਵੱਸਦਾ

ਹਾਲਤ ਵੇਖ, ਤਰਸ ਸੀ ਆਇਆ

ਦੇਸ ਪੰਜਾਬ ਨੂੰ, ਫੇਰਾ ਪਾਇਆ

ਮੁੜ ਕੇ ਸਭ ਕੁਝ, ਚੇਤੇ ਆਇਆ

.....

ਫਾਸਟ ਫੂਡ ਤੇ, ਪੀਜ਼ਾ ਬਰਗਰ

ਪਹੁੰਚ ਗਏ ਨੇ, ਅੱਜ ਇਹ ਘਰ ਘਰ

ਧਰਤੀ ਹੇਠਾਂ, ਮੋਟਰ ਦੱਬੀ

ਪਾਣੀ ਜਾਂਦਾ, ਨੀਵਾਂ ਨੱਠੀ

ਵਿੱਚ ਕੋਠੀਆਂ, ਵਸਦੇ ਭਈਏ

ਡਾਲਰ ਰੁਲ਼ਦਾ, ਵਿੱਚ ਰੁਪਈਏ

ਭਾਰਤ ਨੇ ਹੋਰ, ਦਗਾ ਕਮਾਇਆ

ਗਾਂਧੀ ਨੂੰ ਹਰ, ਨੋਟ ਤੇ ਲਾਇਆ

ਭਗਤ, ਸਰਾਭਾ, ਗਿਆ ਭੁਲਾਇਆ

ਦੇਸ ਪੰਜਾਬ ਨੂੰ, ਫੇਰਾ ਪਾਇਆ

ਮੁੜ ਕੇ ਸਭ ਕੁਝ, ਚੇਤੇ ਆਇਆ

.....

ਮੰਡੀ ਦੇ ਵਿੱਚ, ਫਸਲ ਹੈ ਰੁਲ਼ਦੀ

ਅਸਲੀ ਕੀਮਤ, ਕਦੇ ਨਾ ਮਿਲ਼ਦੀ

ਵਿੱਚ ਦੁਆਬੇ, ਲੱਭੇ ਨਾ ਗੰਨਾ

ਮਿੱਲਾਂ ਦੇ ਵਿੱਚ, ਫਿਰੇ ਨਾ ਬੰਦਾ

ਕਿਤੇ ਸਕੋਰਪੀਓ, ਕਿਤੇ ਸਕੌਡਾ

ਕਿਤੇ ਬਲੈਰੋ, ਕਿਤੇ ਹੈ ਹੌਂਡਾ

ਲੀਡਰ ਰੱਖਦੇ, ਲੈਕਸਸ ਥੱਲੇ

ਐਸ ਜੀ ਪੀ ਸੀ, ਟੋਇਟਾ ਝੱਲੇ

ਬਾਬਿਆਂ ਔਡੀ, ਨੂੰ ਹੱਥ ਲਾਇਆ

ਦੇਸ ਪੰਜਾਬ ਨੂੰ, ਫੇਰਾ ਪਾਇਆ

ਮੁੜ ਕੇ ਸਭ ਕੁਝ ਚੇਤੇ ਆਇਆ

.....

ਗੁਰੂਆਂ, ਪੀਰਾਂ, ਦੇ ਪੰਜਾਬ ਨੂੰ

ਹੀਰਾਂ ਸੱਸੀਆਂ, ਦੇ ਸ਼ਬਾਬ ਨੂੰ

ਲੁੱਟਣ ਵਾਲ਼ੇ, ਲੁੱਟੀ ਜਾਂਦੇ

ਕੁੱਟਣ ਵਾਲ਼ੇ, ਕੁੱਟੀ ਜਾਂਦੇ

ਵਿਹਲੜ ਪਏ ਨੇ, ਮੌਜ ਮਾਣਦੇ

ਕੰਮ ਨੂੰ ਓਹ ਤਾਂ, ਝੱਖ ਜਾਣਦੇ

ਐਪਰ ਅੱਗੇ, ਵੱਧਦਾ ਜਾਂਦਾ

ਸਦਾ ਤਰੱਕੀ, ਕਰਦਾ ਜਾਂਦਾ

'ਕੰਗ' ਪੰਜਾਬ ਹੈ, ਦੂਣ ਸਵਾਇਆ

ਦੇਸ ਪੰਜਾਬ ਨੂੰ, ਫੇਰਾ ਪਾਇਆ

ਮੁੜ ਕੇ ਸਭ ਕੁਝ, ਚੇਤੇ ਆਇਆ

ਮੁੜ ਕੇ ਸਭ ਕੁਝ, ਚੇਤੇ ਆਇਆ