ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



ਆਰਸੀ ਲੰਮੀਆਂ ਵਾਟਾਂ - ਉਂਕਾਰਪ੍ਰੀਤ ਜੀ ਦਾ ਰਾਜਪਾਲ ਸੰਧੂ ਜੀ ਦੇ ਨਾਮ ਖ਼ਤ - ਪੋਸਟ 4 ਫਰਵਰੀ, 2012

Tuesday, February 7, 2012

ਮਨਮੋਹਨ ਆਲਮ - ਉਰਦੂ ਰੰਗ - ਗ਼ਜ਼ਲ

ਗ਼ਜ਼ਲ
ਜੋ ਦਿਲ ਮੇਂ ਹੈ ਤੇਰੇ
, ਮੈਂ ਵਹੀ ਸੋਚ ਰਹਾ ਹੂੰ

ਕੁਛ ਪੂਛ ਨਾ ਮੁਝ ਸੇ ਕਿ ਅਭੀ ਸੋਚ ਰਹਾ ਹੂੰ



ਸੋਚਾ ਥਾ ਕਿ ਮਰ ਜਾਊਂਗਾ ਮੈਂ ਤੁਮ ਸੇ ਬਿਛੜ ਕਰ,


ਕਿਉਂ ਜ਼ਿੰਦਾ ਅਭੀ ਤਕ ਹੂੰ, ਯਹੀ ਸੋਚ ਰਹਾ ਹੂੰ



ਮਿਲ ਕਰ ਤੁਝੇ ਕਿਆ ਪਾਇਆ ਹੈ ਕਿਆ ਖੋਇਆ ਬਿਛੜ ਕਰ,


ਇਸ ਵਕਤ ਅਕੇਲੇ ਮੇਂ ਯਹੀ ਸੋਚ ਰਹਾ ਹੂੰ



ਦਿਲ ਮੇਂ ਹੈ ਖ਼ੁਸ਼ੀ ਕੋਈ ਨਾ ਬਾਕੀ ਹੈ ਕੋਈ ਗ਼ਮ,


ਹੈ ਵਕਤ ਕੀ ਹੀ ਫ਼ਿਤਨਾਗਿਰੀ 1 ਸੋਚ ਰਹਾ ਹੂੰ



ਤਸਵੀਰ ਤੇਰੀ ਦਿਲ ਮੇਂ ਹੈ ਮੰਦਰ ਮੇਂ ਕੋਈ ਬੁਤ,


ਦੋਨੋਂ ਮੇਂ ਹੈ ਕਿਆ ਫ਼ਰਕ ਯਹੀ ਸੋਚ ਰਹਾ ਹੂੰ



ਰਹਿਤੀ ਥੀ ਬਦਨ ਸੇ ਜੋ ਲਿਪਟ ਕਰ ਅਬੀ ਕਲ ਤਕ,


ਖ਼ੁਸ਼ਬੂ ਵੋ ਕਹਾਂ ਉੜ ਕੇ ਗਈ ਸੋਚ ਰਹਾ ਹੂੰ


-----
ਔਖੇ ਸ਼ਬਦਾਂ ਦੇ ਅਰਥ - 1. ਸ਼ਰਾਰਤੀਪਨ
, ਮੁਸ਼ਕਿਲ ਪੈਦਾ ਕਰਨੀ


===


ਗ਼ਜ਼ਲ
ਇਸ ਗੁਜ਼ਰਤੇ ਵਕਤ ਕੀ ਯੇ ਤਰਜਮਾਨੀ ਦੇਖਨਾ


ਮੈਂ ਜ਼ਅਈਫ਼ੀ 1 ਦੇਖਤਾ ਹੂੰ ਤੁਮ ਜਵਾਨੀ ਦੇਖਨਾ



ਕਿਸ ਕਦਰ ਹੈ ਨਾਤਵਾਂ 2 ਕਿ ਏਕ ਤਿਨਕੇ ਦੀ ਤਰ੍ਹਾ,


ਵਕਤ ਕੇ ਦਰਿਆ ਮੇਂ ਬਹਿਤੀ ਜ਼ਿੰਦਗਾਨੀ ਦੇਖਨਾ



ਆਜ ਫਿਰ ਆਵਾਰਗੀ ਮੇਂ ਸੂਏ 3 ਸਹਿਰਾ ਖੋ ਗਿਆ,


ਆਪ ਇਸ ਕੀ ਆਜ ਕਿਸਮਤ ਆਜ਼ਮਾਨੀ ਦੇਖਨਾ



ਹਮ ਸਮਝਤੇ ਹੈਂ ਮੁਹੱਬਤ ਕਾ ਹੈ ਜੋ ਮਤਲਬ ਮਗਰ,


ਦਿਲ ਯੇ ਕਹਿਤਾ ਹੈ ਕਿ ਫਿਰ ਇਸ ਕੇ ਮੁਆਨੀ4 ਦੇਖਨਾ



ਮੈਂ ਤੁਮ੍ਹਾਰੀ ਮੁਸਕਰਾਹਟ ਦੇਖਨੇ ਆ ਜਾਊਂਗਾ,


ਤੁਮ ਕਭੀ ਆ ਕਰ ਮੇਰੀ ਆਂਖੋਂ ਮੇਂ ਪਾਨੀ ਦੇਖਨਾ


-----


ਔਖੇ ਸ਼ਬਦਾਂ ਦੇ ਅਰਥ - 1. ਬਜ਼ੁਰਗੀ 2. ਕਮਜ਼ੋਰ 3. ਤਰਫ਼ 4. ਮਾਇਨੇ, ਅਰਥ


*****


ਗ਼ਜ਼ਲਾਂ ਮੂਲ ਉਰਦੂ ਤੋਂ ਪੰਜਾਬੀ ਲਿਪੀਅੰਤਰ: ਸੁਰਿੰਦਰ ਸੋਹਲ



Sunday, February 5, 2012

ਜਸਵਿੰਦਰ ਮਾਨ - ਆਰਸੀ 'ਤੇ ਖ਼ੁਸ਼ਆਮਦੀਦ - ਨਜ਼ਮ

ਆਰਸੀ 'ਤੇ ਖ਼ੁਸ਼ਆਮਦੀਦ
ਸਾਹਿਤਕ ਨਾਮ - ਜਸਵਿੰਦਰ ਮਾਨ

ਅਜੋਕਾ ਨਿਵਾਸ ਯੂ.ਕੇ.


ਪ੍ਰਕਾਸ਼ਿਤ ਕਿਤਾਬਾਂ ਜਿਉਂ ਹੀ ਜਾਣਕਾਰੀ ਉਪਲਬਧ ਹੋਵੇਗੀ, ਅਪਡੇਟ ਕਰ ਦਿੱਤੀ ਜਾਵੇਗੀ।


-----
ਦੋਸਤੋ! ਜਸਵਿੰਦਰ ਮਾਨ ਜੀ ਨੇ ਆਪਣੀਆਂ ਤਿੰਨ ਨਜ਼ਮਾਂ ਅਤੇ ਇਕ ਗ਼ਜ਼ਲ ਆਰਸੀ ਲਈ ਪਿਛਲੇ ਸਾਲ ਘੱਲੀਆਂ ਸਨ, ਮੈਂ ਅੱਜ ਦੀ ਪੋਸਟ ਵਿਚ ਉਹਨਾਂ ਦੀਆਂ ਤਿੰਨੇ ਬੇਹੱਦ ਖ਼ੂਬਸੂਰਤ ਨਜ਼ਮਾਂ ਸ਼ਾਮਿਲ ਕਰਕੇ ਉਹਨਾਂ ਨੂੰ ਆਰਸੀ ਪਰਿਵਾਰ
ਚ ਖ਼ੁਸ਼ਆਮਦੀਦ ਆਖ ਰਹੀ ਹਾਂ। ਉਹਨਾਂ ਦੀ ਗ਼ਜ਼ਲ ਮੈਂ ਆਪਣੀ ਫਾਈਲ
ਚ ਸੰਭਾਲ਼ ਲਈ ਹੈ ਅਤੇ ਭਵਿੱਖ ਵਿਚ ਸਾਂਝੀ ਜ਼ਰੂਰ ਕਰਾਂਗੀ। ਮੈਨੂੰ ਯਾਦ ਹੈ ਕਿ ਜਸਵਿੰਦਰ ਜੀ ਦੀਆਂ ਦੋ ਬਹੁਤ ਹੀ ਪਿਆਰੀਆਂ ਨਜ਼ਮਾਂ ਨਵੰਬਰ, 2008 ਵਿਚ ਹਰਮਿੰਦਰ ਬਣਵੈਤ ਸਾਹਿਬ ਨੇ ਟਾਈਪ ਕਰਕੇ ਆਰਸੀ ਲਈ ਭੇਜੀਆਂ ਸਨ।
-----
ਕੋਈ ਚਾਰ-ਪੰਜ ਦਿਨ ਪਹਿਲਾਂ ਉਨਾਂ ਨੂੰ ਈਮੇਲ ਰਾਹੀਂ ਕਿਤਾਬਾਂ ਅਤੇ ਹੋਰ ਜਾਣਕਾਰੀ ਲਈ ਸੰਪਰਕ ਕੀਤਾ ਗਿਆ ਸੀ, ਪਰ ਅਜੇ ਤੀਕ ਕੋਈ ਜਵਾਬ ਨਹੀਂ ਆਇਆ। ਖ਼ੈਰ! ਨਜ਼ਮਾਂ ਅੱਜ ਦੀ ਪੋਸਟ
ਚ ਸ਼ਾਮਿਲ ਕਰ ਰਹੀ ਹਾਂ, ਬਾਕੀ ਜਾਣਕਾਰੀ ਮਿਲ਼ਣ ਤੇ ਅਪਡੇਟ ਕਰ ਦੇਵਾਂਗੀ। ਆਸ ਹੈ ਕਿ ਉਹ ਭਵਿੱਖ ਵਿਚ ਵੀ ਹਾਜ਼ਰੀ ਲਵਾਉਂਦੇ ਅਤੇ ਧੰਨਵਾਦੀ ਬਣਾਉਂਦੇ ਰਹਿਣਗੇ...ਬਹੁਤ-ਬਹੁਤ ਸ਼ੁਕਰੀਆ ਜਸਵਿੰਦਰ ਜੀਓ....ਅਦਬ ਸਹਿਤ...ਤਨਦੀਪ


*******


ਖ਼ੌਫ


ਨਜ਼ਮ


ਫੇਫੜਿਆਂ ਨੂੰ ਚੀਰਦੀ


ਲੰਘ ਗਈ ਹਵਾ


ਸਮੁੰਦਰ ਦਾ ਹੁੰਦਾ ਰਿਹਾ ਮੰਥਨ


ਧਰਤੀ ਦਾ ਗਿੜਦਾ ਰਿਹਾ ਖੂਹ


ਅੱਗ ਦੇ ਸਾਹਵੇਂ ਖੜ੍ਹਾ


ਮੈਂ ਪਿਘਲਦਾ ਰਿਹਾ


ਵਾਹੁੰਦਾ ਰਿਹਾ, ਆਪਣੇ ਹੀ ਪੈਰਾਂ ਚ ਲਕੀਰਾਂ


ਹੱਥਾਂ ਦੇ ਰੱਟਣ ਨੂੰ ਫੜੀ


ਖ਼ੌਫ਼ ਦੇ ਪਰਛਾਵੇਂ ਥੱਲੇ ਖੜ੍ਹਾ


ਮੈਂ ਲੈ ਕੇ ਆਪਣਾ ਸਿਰ


ਤਲਵਾਰ ਦੇ ਡਿੱਗਣ ਦੀ


ਦੇਰ ਤੱਕ, ਮੈਂ ਕਰਦਾ ਰਿਹਾ ਉਡੀਕ


=====


ਨਿਰਵਾਣ


ਨਜ਼ਮ


ਧਾਗਿਆਂ ਚ ਪੈਂਦੀਆਂ ਗੰਢਾਂ


ਰਿਸ਼ਤਿਆਂ ਦੇ


ਜੁੜਨ ਟੁੱਟਣ ਦਾ ਸਬੱਬ


ਸ਼ੀਸ਼ੇ ਤੇ ਡਿਗਦੇ ਪੱਥਰ


ਚਿਹਰੇ ਦੇ ਤਿੜਕਣ ਦਾ ਕਾਰਣ


ਲਗਦੀਆਂ ਟੁੱਟਦੀਆਂ ਸਮਾਧੀਆਂ


ਨਿਰਵਾਣ ਦੇ ਰਸਤੇ ਤੇ ਤੁਰੇ ਹੋਏ ਪੈਰ


ਸਰਦਲ ਤੇ ਪਿਆ


ਜਗਦਾ ਬੁਝਦਾ ਮੈਂ ਸੋਚਦਾਂ


ਕਿਹੜੇ ਆਲ਼ੇ ਚ ਰੱਖਾਂ


ਮੈਂ ਆਪਣਾ ਆਪ


ਕਿਹੜੇ ਹੱਥਾਂ ਚ ਧਰਾਂ


ਮੈਂ ਆਪਣੇ ਹਿੱਸੇ ਦੀ ਰੇਤ


=====


ਸਹਿਜ ਅਸਹਿਜ


ਨਜ਼ਮ


ਨਦੀ ਦਾ ਪਾਣੀ


ਖੋਰੇ ਆਪਣਾ ਹੀ ਕਿਨਾਰਾ


ਅਸਮਾਨ ਚ ਤੁਰਦੀ ਲੀਕ


ਪਾਵੇ ਆਪਣੇ ਹੀ ਚਿਹਰੇ ਤੇ ਦਾਗ਼


ਉਨੀਂਦਰੇ ਚ ਤੁਰਦੀਆਂ ਪੈੜਾਂ


ਜਾ ਬਹਿਣ


ਹਨੇਰੀਆਂ ਨੁੱਕਰਾਂ ਅੰਦਰ


ਚੀਰਦੀ ਹੋਈ ਇਕੱਲਤਾ ਦੀ ਆਰੀ


ਲੰਘ ਜਾਵੇ ਬ੍ਰਹਿਮੰਡ ਤੋਂ ਪਾਰ


ਕਾਫ਼ਿਲੇ ਦੀ ਘੋੜ ਦੌੜ


ਕਰ ਦਵੇ ਅਸਹਿਜ


ਮੇਰਾ ਸਹਿਜ



Saturday, February 4, 2012

ਇਕਵਿੰਦਰ - ਗ਼ਜ਼ਲ

ਦੋਸਤੋ! 10 ਦਸੰਬਰ, 2011 ਨੂੰ ਉਸਤਾਦ ਗ਼ਜ਼ਲਗੋ ਜਨਾਬ ਉਲਫ਼ਤ ਬਾਜਵਾ ਸਾਹਿਬ ਦੀ ਗ਼ਜ਼ਲ ਦੀ ਜ਼ਮੀਨ ਤੇ ਤਿੰਨ ਸ਼ਾਇਰ ਦੋਸਤਾਂ ਅਮਰੀਕ ਗ਼ਾਫ਼ਿਲ ਸਾਹਿਬ, ਸੁਮਨ ਸ਼ਾਮਪੁਰੀ ਜੀ ਅਤੇ ਰਾਜਿੰਦਰਜੀਤ ਜੀ ਵੱਲੋਂ ਕਹੀਆਂ ਸ਼ਾਨਦਾਰ ਗ਼ਜ਼ਲਾਂ ਪੋਸਟ ਕੀਤੀਆਂ ਗਈਆਂ ਸਨ, ਫੇਸਬੁੱਕ ਤੇ ਇਸ ਪੋਸਟ ਨੂੰ ਬਹੁਤ ਭਰਵਾਂ ਹੁੰਘਾਰਾ ਮਿਲ਼ਿਆ ਸੀ...ਇੰਕਵਿੰਦਰ ਜੀ ਨੇ ਇਹ ਪੋਸਟ ਪੜ੍ਹ ਕੇ ਬਾਜਵਾ ਸਾਹਿਬ ਦੀ ਉਸੇ ਜ਼ਮੀਨ ਚ ਕਹੀ ਇਕ ਖ਼ੂਬਸੂਰਤ ਗ਼ਜ਼ਲ ਆਰਸੀ ਲਈ ਘੱਲੀ ਸੀ, ਜਿਸਨੂੰ ਮੈਂ ਅੱਜ ਆਰਸੀ ਦੀ ਪੋਸਟ ਵਿਚ ਸ਼ਾਮਿਲ ਕਰਕੇ ਸਾਰੇ ਦੋਸਤਾਂ ਨਾਲ਼ ਸਾਂਝੀ ਕਰ ਰਹੀ ਹਾਂ....ਤੁਹਾਡੇ ਪ੍ਰਤੀਕਰਮਾਂ ਦੀ ਉਡੀਕ ਰਹੇਗੀ..ਅਦਬ ਸਹਿਤ..ਤਨਦੀਪ

********


( ਜਨਾਬ ਉਲਫ਼ਤ ਬਾਜਵਾ ਸਾਹਿਬ ਦੀ ਜ਼ਮੀਨ ਤੇ ਕਹੀ ਗ਼ਜ਼ਲ )


ਗ਼ਜ਼ਲ


ਰਾਗ ਪਰੀਆਂ ਨੇ ਗਾਇਆ ਲਗਦਾ ਹੈ


ਮੇਰਾ ਮਹਿਬੂਬ ਆਇਆ ਲਗਦਾ ਹੈ



ਹੁਣ ਨਾ ਕੋਈ ਪਰਾਇਆ ਲਗਦਾ ਹੈ


ਮਨ ਫ਼ਕੀਰੀ ਆਇਆ ਲਗਦਾ ਹੈ



ਉਹ ਤਾਂ ਮਿਲਦਾ ਹੈ ਸਭ ਨੂੰ ਹੱਸ-ਹੱਸ ਕੇ,


ਦਰਦ ਉਸ ਨੇ ਛੁਪਾਇਆ ਲਗਦਾ ਹੈ



ਦਿਲ ਦੇ ਪੰਛੀ ਤੂੰ ਸੰਭਲ ਕੇ ਉੱਡੀਂ,


ਜਾਲ਼ ਥਾਂ-ਥਾਂ ਵਿਛਾਇਆ ਲਗਦਾ ਹੈ



ਸਾਡਾ ਸੂਰਜ ਨਹੀਂ ਹੈ ਥਾਂ ਅਪਣੀ ,


ਇਹ ਕਿਸੇ ਨੇ ਹਿਲਾਇਆ ਲਗਦਾ ਹੈ



ਜਿਸ ਚ ਅਪਣੱਤ ਮਰ ਗਈ ਹੋਵੇ ,


ਉਸ ਨੂੰ ਆਲਮ ਪਰਾਇਆ ਲਗਦਾ ਹੈ



ਮੇਰੀ ਸੁਣ ਕੇ ਉਹ ਦਾਸਤਾਂ ਬੋਲੇ ,


ਕਿੱਸਾ ਸੁਣਿਆ-ਸੁਣਾਇਆ ਲਗਦਾ ਹੈ



ਜਾਹ ! ਛੁਪਾ ਲੈ ਤੂੰ ਮੇਰੀਆਂ ਯਾਦਾਂ ਨੂੰ ,


ਕੋਈ ਬੂਹੇ ਤੇ ਆਇਆ ਲਗਦਾ ਹੈ



ਮੁਸਕੁਰਾਉਂਦਾ ਹੈ ਆ ਰਿਹਾ ਕ਼ਾਸਿਦ ,


ਖ਼ਤ ਮੁਹੱਬਤ ਦਾ ਆਇਆ ਲਗਦਾ ਹੈ



ਦਿਲ ਦਾ ਪੰਛੀ ਅਜੀਬ ਹੈ ਪੰਛੀ ,


ਇਹ ਹਮੇਸ਼ਾ ਤਿਹਾਇਆ ਲਗਦਾ ਹੈ



ਸਾਰੇ ਫੁੱਲਾਂ ਦੀ ਝੁਕ ਗਈ ਗਰਦਨ ,


ਮੇਰਾ ਮਹਿਬੂਬ ਆਇਆ ਲਗਦਾ ਹੈ



ਇਸ ਚ ਮੇਰੇ ਨਸ਼ੇ ਦਾ ਦੋਸ਼ ਨਹੀਓਂ,


ਰਾਹ ਨੇ ਘਰ ਭੁਲਾਇਆ ਲਗਦਾ ਹੈ



ਤੇਰੀ ਨਗਰੀ ਮਸਤ ਨਜ਼ਰਾਂ ਨੇ ,


ਜਾਲ ਥਾਂ-ਥਾਂ ਵਿਛਾਇਆ ਲਗਦਾ ਹੈ



ਤੈਨੂੰ ਭੁੱਲਿਆ ਨਹੀਂ ਹਾਂ ਇਕਵਿੰਦਰ’,


ਤੂੰ ਤਾਂ ਭਾਵੇਂ ਭੁਲਾਇਆ ਲਗਦਾ ਹੈ



ਰਵਿੰਦਰ ਸਿੰਘ ਕੁੰਦਰਾ - ਨਜ਼ਮ

ਦੋਸਤੋ! ਕੁੰਦਰਾ ਸਾਹਿਬ ਨੂੰ ਮੇਰੇ ਨਾਲ਼ ਬੜੇ ਗਿਲੇ-ਸ਼ਿਕਵੇ ਨੇ...ਆਸ ਹੈ ਕੁਝ ਕੁ ਸ਼ਿਕਵੇ ਤਾਂ ਉਹਨਾਂ ਦੀ ਇਸ ਹਾਜ਼ਰੀ ਨਾਲ਼ ਜ਼ਰੂਰ ਹੀ ਦੂਰ ਹੋ ਜਾਣਗੇ... ਇਹ ਭਲੀ-ਭਾਂਤ ਜਾਣਦੀ ਹਾਂ ਕਿ ਮੈਂ ਜਦੋਂ ਵੀ ਇੰਗਲੈਂਡ ਗਈ, ਸਭ ਤੋਂ ਪਹਿਲਾਂ ਕੁੰਦਰਾ ਸਾਹਿਬ ਨੇ ਮੈਨੂੰ ਬੀ.ਬੀ.ਸੀ. ਲੰਡਨ ਤੇ ਲਾਈਵ ਸ਼ੋਅ ਚ ਘੇਰ ਕੇ ਕੁਝ ਐਸੇ ਸਵਾਲਾਂ ਦੀਆਂ ਲਾਠੀਆਂ ਮੇਰੇ ਸਿਰ ਤੇ ਵਰ੍ਹਾਉਣੀਆਂ ਨੇ.....ਮਸਲਨ ਕਿ ਤਨਦੀਪ...ਮੇਰੀਆਂ ਘੱਲੀਆਂ ਰਚਨਾਵਾਂ ਦਾ ਕੀ ਬਣਿਆ..??? ਉਹ ਆਰਸੀ ਚ ਸ਼ਾਮਿਲ ਕਿਉਂ ਨਹੀਂ ਕੀਤੀਆਂ ਗਈਆਂ..???? ਤੁਹਾਡੇ ਐਡੀਟੋਰੀਅਲ ਬੋਰਡ ਚ ਰਚਨਾ ਕਿਸ ਆਧਾਰ ਤੇ ਪਰਖੀ ਜਾਂਦੀ ਹੈ...ਵਗੈਰਾ..ਵਗੈਰਾ.... ਹਾ ਹਾ ਹਾ...:)

ਖ਼ੈਰ! ਮੈਂ ਆਰਸੀ ਨਾਲ਼ ਜੁੜੇ ਸਾਰੇ ਅਦੀਬਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਪਿਛਲੇ ਡੇਢ ਕੁ ਸਾਲ ਤੋਂ ਮੇਰੀ ਘੌਲ਼ ਕਰਕੇ ਬਲੌਗ ਅਪਡੇਟ ਨਹੀਂ ਹੋ ਸਕਿਆ ਸੀ....ਬਹੁਤ ਸਾਰੀਆਂ ਰਚਨਾਵਾਂ ਵੇਖਣ ਵਾਲ਼ੀਆਂ ਪਈਆਂ ਨੇ....ਜਿਨ੍ਹਾਂ ਨੂੰ ਕੁੰਦਰਾ ਸਾਹਿਬ ਦੀ ਤਰ੍ਹਾਂ ਏਨਾ ਲੰਮਾ ਇੰਤਜ਼ਾਰ ਕਰਨਾ ਪਿਆ ਹੈ..ਮੈਂ ਉਹਨਾਂ ਤੋਂ ਖ਼ਿਮਾ ਦੀ ਜਾਚਕ ਹਾਂ.... ਆਸ ਹੈ ਕਿ ਮੇਰੀ ਖ਼ਤਾ ਮੁਆਫ਼ ਕਰ ਦੇਣਗੇ...ਹੁਣ ਬਲੌਗ ਬਕਾਇਗੀ ਨਾਲ਼ ਅਪਡੇਟ ਹੋ ਰਿਹੈ...ਸਭ ਦੀਆਂ ਰਚਨਾਵਾਂ ਇਕ-ਇਕ ਕਰਕੇ ( ਜੋ ਆਰਸੀ
ਚ ਸ਼ਾਮਿਲ ਕਰਨ ਯੋਗ ਹੋਈਆਂ ) ਏਥੇ ਪੋਸਟ ਜ਼ਰੂਰ ਕੀਤੀਆਂ ਜਾਣਗੀਆਂ....ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਮਨੂਨ ਹਾਂ ਜੀ....ਅਦਬ ਸਹਿਤ...ਤਨਦੀਪ

******



ਅਧੂਰੀ ਤਸਵੀਰ


ਨਜ਼ਮ


ਜਦੋਂ ਕੈਨਵਸ ਦੇ ਪਿੰਡੇ,


ਉਸਦੀ ਤਸਵੀਰ ਬਣਾਉਂਦਾ ਹਾਂ


ਨਕਸ਼ ਉਸ ਦੇ ਉਘਾੜਨ ਦੀ,


ਕੋਈ ਤਦਬੀਰ ਲਗਾਉਂਦਾ ਹਾਂ



ਤਾਂ ਉਹ ਹੱਥ ਮੇਰਾ ਫੜ ਕੇ,


ਮੈਨੂੰ ਝੱਟ ਰੋਕ ਦਿੰਦੀ ਹੈ,


ਮੇਰੇ ਬੋਲਣ ਤੋਂ ਪਹਿਲਾਂ ਹੀ,


ਉਹ ਮੈਨੂੰ ਟੋਕ ਦਿੰਦੀ ਹੈ



ਆਪਣੀਆਂ ਰੇਸ਼ਮੀ ਉਂਗਲ਼ਾਂ,


ਮੇਰੇ ਬੁੱਲ੍ਹਾਂ 'ਤੇ ਧਰਦੀ ਹੈ,


ਬੱਸ ਚੁੱਪ ਹੀ ਰਹਿਣ ਦੀ,


ਸਦਾ ਤਾਕੀਦ ਕਰਦੀ ਹੈ



ਇਹ ਇੱਕ ਅਜੀਬ ਮੁਜੱਸਮਾ,


ਮੇਰੇ ਸੰਗ ਰੋਜ਼ ਹੁੰਦਾ ਹੈ,


ਜਿਸ ਦੇ ਹੋਵਣ ਦਾ ਮੈਨੂੰ,


ਇੱਕ ਡੂੰਘਾ ਸੋਗ ਹੁੰਦਾ ਹੈ



ਨਾ ਕੁਝ ਕਹਿਣ ਦੀ ਹਿੰਮਤ,


ਨਾ ਕੁਝ ਕਰਨ ਦਾ ਹੀਆ,


ਕਿੰਝ ਖੋਲ੍ਹਾਂ ਉਸ ਦੇ ਸਾਹਮਣੇ,


ਸੰਜੀਦਾ ਧੜਕਦਾ ਜੀਆ



ਉਸ ਦੀ ਸਹਿਮਤੀ ਬਾਝੋਂ,


ਇਹ ਤਸਵੀਰ ਅਧੂਰੀ ਹੈ,


ਤੇ ਸਹਿਮਤੀ ਵਾਸਤੇ ਉਸ ਦੀ,


ਹਾਂਵੀ ਜ਼ਰੂਰੀ ਹੈ



ਹਾਂਦੀ ਉਡੀਕ ਵਿੱਚ ਹੀ ਮੈਂ,


ਪਲ ਪਲ ਮੁੱਕਦਾ ਜਾਂਦਾ ਹਾਂ,


ਮਾਰੂਥਲੇ ਤਰਵਰ ਵਾਂਗ,


ਨਿੱਤ ਦਿਨ ਸੁੱਕਦਾ ਜਾਂਦਾ ਹਾਂ



ਡਰ ਹੈ ਕਿਤੇ ਮੇਰਾ ਸੁਪਨਾ,


ਅਧੂਰਾ ਹੀ ਨਾ ਰਹਿ ਜਾਵੇ,


ਫ਼ਰਜ਼ ਤੋਂ ਸੁਰਖ਼ਰੂ ਹੋਣਾ,


ਖ਼ਾਬਾਂ ਵਿੱਚ ਨਾ ਵਹਿ ਜਾਵੇ



ਅਧੂਰੀ ਤਸਵੀਰ ਹੈ, ਜਾਂ ਮੇਰੀ,


ਇਹ ਜੀਵਨ ਦੀ ਤੰਦੀ ਹੈ?


ਕਿ ਹੈ ਇਹ ਰੇਤ ਦੀ ਕੰਧੀ,


ਤੇ ਜਾਂ ਢਲ਼ਦੀ ਬੁਲੰਦੀ ਹੈ?



Friday, February 3, 2012

ਗੁਰਤੇਜ ਕੋਹਾਰਵਾਲਾ - ਗ਼ਜ਼ਲ

ਗ਼ਜ਼ਲ
ਸ਼ਹੀਦੀ ਦੇ ਕੇ ਐਸੀ ਖ਼ੁਦ ਨੂੰ ਵੀ ਹੈਰਾਨ ਕਰਦਾ ਹਾਂ।

ਮੈਂ ਅਪਣੇ ਸੀਸ ਨੂੰ ਸਿਰ ਵਾਸਤੇ ਕੁਰਬਾਨ ਕਰਦਾ ਹਾਂ।




ਵਪਾਰੀ ਹੋਣ ਦਾ ਔਖਾ ਹੁਨਰ ਆਇਆ ਨਹੀਂ ਮੈਨੂੰ,


ਲਹੂ ਨੂੰ ਵੇਚ ਕੇ ਪਾਣੀ ਅਜੇ ਪਰਵਾਨ ਕਰਦਾ ਹਾਂ।



ਜਿਵੇਂ ਸ਼ੀਸ਼ੇ ਦੇ ਹੱਥਾਂ ਨਾਲ਼ ਕੋਈ ਤੋੜੇ ਦੀਵਾਰਾਂ,


ਮੈਂ ਖ਼ੁਦ ਨੂੰ ਲਭਦਿਆਂ ਅਪਣਾ ਬੜਾ ਨੁਕਸਾਨ ਕਰਦਾ ਹਾਂ।



ਬੁਝਾ ਕੇ ਆਤਮਾ ਦੀ ਲੋਅ ਝੁਕਾ ਲੈਂਦਾ ਹਾਂ ਨਜ਼ਰਾਂ ਵੀ,


ਮੈਂ ਰਾਤੀਂ ਤਾਰਿਆਂ ਦਾ ਟੁੱਟਣਾ ਆਸਾਨ ਕਰਦਾ ਹਾਂ।



ਮੇਰੀ ਹਉਮੈ ਨੇ ਕਿਸ ਥਾਂ ਤੇ ਲਿਆ ਮੈਨੂੰ ਖੜ੍ਹਾ ਕੀਤਾ,


ਕਿ ਪੈਰਾਂ ਹੇਠਲੀ ਮਿੱਟੀ ਤੇ ਵੀ ਅਹਿਸਾਨ ਕਰਦਾ ਹਾਂ।



ਜਿਨ੍ਹਾਂ ਸਮਿਆਂ ਚ ਮੈਂ ਜ਼ਿੰਦਾ ਹਾਂ, ਕੀ ਬਚਿਆ ਹੈ ਵੇਖਣ ਨੂੰ,


ਸੋ ਅਗਲੀ ਨਸਲ ਨੂੰ ਮੈਂ ਦੋਵੇਂ ਅੱਖਾਂ ਦਾਨ ਕਰਦਾ ਹਾਂ।





Wednesday, February 1, 2012

ਸੁਰਿੰਦਰ ਸੋਹਲ – ਆਰਸੀ ‘ਤੇ ਕਮਲ ਦੇਵ ਪਾਲ ਦੀਆਂ ਗ਼ਜ਼ਲਾਂ ਪੜ੍ਹ ਕੇ ਯਾਦਾਂ ਤਾਜ਼ਾ ਹੋ ਗਈਆਂ - ਲੇਖ

'ਆਰਸੀ' 'ਤੇ ਕਮਲ ਦੇਵ ਪਾਲ ਦੀਆਂ ਗ਼ਜ਼ਲਾਂ ਪੜ੍ਹਦਿਆਂ ਪੜ੍ਹਦਿਆਂ ਮੇਰੇ 'ਤੇ ਅਜੀਬ ਜਿਹਾ ਪ੍ਰਭਾਵ ਤਾਰੀ ਹੋ ਗਿਆਮੈਂ ਸੋਚਾਂ ਹੀ ਸੋਚਾਂ ਵਿਚ ਕਈ ਵਰ੍ਹੇ ਪਿਛਾਂਹ ਪਰਤ ਗਿਆਸੰਨ 1988-89 ਦੇ ਸਾਲਾਂ ਵਿਚਉਲਫ਼ਤ ਬਾਜਵਾ ਹੋਰੀਂ ਲਾਡੋਵਾਲੀ ਰੋਡ ਵਾਲੇ ਸਕੂਲ ਵਿਚ ਪੜ੍ਹਾਉਂਦੇ ਸਨਹਰ ਮਹੀਨੇ 'ਅਦਬੀ ਦਰਬਾਰ' ਨਾਂ ਦੀ ਸੰਸਥਾ ਦੇ ਬੈਨਰ ਹੇਠ ਕਵੀ ਦਰਬਾਰ ਕਰਵਾਇਆ ਕਰਦੇ ਸਨਅਸੀਂ ਅਜੇ ਉਲਫ਼ਤ ਬਾਜਵਾ ਹੋਰਾਂ ਦੇ ਚੇਲੇ ਬਣੇ ਹੀ ਸਾਂਸਾਡਾ ਅਭਿਆਸੀ ਗ਼ਜ਼ਲ ਦਾ ਦੌਰ ਸੀਉਹਨਾਂ ਕਵੀ ਦਰਬਾਰਾਂ ਵਿਚ ਸਿਰੇ ਦੇ ਸ਼ਾਇਰ ਆਉਂਦੇ

ਬਖ਼ਸ਼ੀ ਰਾਮ ਕੌਸ਼ਲ ਦਾ ਸ਼ਿਅਰ-

ਕਿਰਨ ਹੈ ਹੁਸਨ ਦੀ ਓਧਰ,
ਜਲਨ ਹੈ ਇਸ਼ਕ ਦੀ ਏਧਰ
ਤਿਰੇ ਘਰ ਤੋਂ ਮਿਰੇ ਘਰ ਤਕ
ਉਜਾਲੇ ਹੀ ਉਜਾਲੇ ਨੇ

ਸਿਮਰਤੀ ਵਿਚ ਹਮੇਸ਼ਾ ਲਈ ਸਾਂਭਿਆ ਗਿਆ
.........
ਖ਼ੁਸ਼ੀ ਰਾਮ ਰਿਸ਼ੀ ਦਾ ਸ਼ਿਅਰ ਇਕ ਵਾਰ ਸੁਣਿਆ ਮੁੜ ਕਦੇ ਨਹੀਂ ਭੁਲਿਆ-

ਇਸ਼ਕ ਦੇ ਬਿਖੜੇ ਹੋਏ ਰਾਹਾਂ 'ਚ ਦੋਵੇਂ ਗੁੰਮ ਗਏ
ਰਹਿਨੁਮਾ ਨੂੰ ਮੈਂ ਤੇ ਮੈਨੂੰ ਰਹਿਨੁਮਾ ਲਭਦਾ ਰਿਹਾ
.........
ਊਧਮ ਸਿੰਘ ਮੌਜੀ ਨਜ਼ਮਾਂ ਦੀ ਛਹਿਬਰ ਲਾ ਦਿੰਦਾ-
ਕੁਰਸੀ 'ਤੇ ਗਿਰਝਾਂ ਬੈਠੀਆਂ
ਵੋਟ ਪਾਵਾਂ ਕਿ ਬੋਟੀਆਂ
...........
ਮੁਸ਼ਕਲ ਮੂਨਿਕ ਦੀ ਇਹ ਰੁਬਾਈ ਮੈਂ ਕੋਈ ਪੰਜਾਹ ਵਾਰ ਲੋਕਾਂ ਨੂੰ ਸੁਣਾ ਚੁੱਕਾ ਹੋਵਾਂਗਾ-

ਕਦੇ ਨਾ ਕਦੇ 'ਤੇ ਮੁਲਾਕਾਤ ਹੋਸੀ
ਜੋ ਗੱਲਬਾਤ ਚਾਹੁੰਨਾ ਉਹ ਗੱਲਬਾਤ ਹੋਸੀ
ਮੈਂ ਰੋ ਰੋ ਕੇ ਦੱਸੂੰ, ਉਹ ਸੁਣ ਸੁਣ ਕੇ ਰੋਊ
ਮੁਹੱਬਤ ਦੇ ਬੂਟੇ 'ਤੇ ਬਰਸਾਤ ਹੋਸੀ
.........
ਸੋਹਣ ਲਾਲ ਦਰਦੀ ਦੇ ਆਉਣ ਨਾਲ ਹੀ ਹਾਸੜ ਪੈ ਜਾਂਦੀ-

ਕੌਮ ਦੇ ਗ਼ੱਦਾਰ ਆਏ ਹਾਰ ਪਾਓ
.........
ਪ੍ਰੀਤਮ ਸਿੰਘ ਪ੍ਰੀਤਮ ਵਾਰ ਵਾਰ ਆਪਣੀਆਂ ਦੋ ਹੀ ਗ਼ਜ਼ਲਾਂ ਪੜ੍ਹਦਾ ਸੀ, ਪਰ ਹਰ ਵਾਰ ਉਸਨੂੰ ਭਰਵੀਂ ਦਾਦ ਮਿਲਦੀ-

ਤਾਕਤ ਦੇ ਨਸ਼ੇ ਵਿਚ ਨਾ ਮਜ਼ਲੂਮ ਨੂੰ ਛੇੜੀ,
ਕਤਰੇ 'ਚ ਛੁਪੇ ਹੁੰਦੇ ਨੇ ਤੂਫ਼ਾਨ ਹਜ਼ਾਰਾਂ
.........
ਉਲਫ਼ਤ ਬਾਜਵਾ ਹੋਰਾਂ ਦੇ ਹਰ ਸ਼ਿਅਰ ਨੂੰ ਭਰਵੀਂ ਦਾਦ ਮਿਲਦੀਅਸੀਂ ਤਾਂ ਬਿਲਕੁਲ ਨਵੇਂ ਸਾਂਪੁਰਾਣੇ ਬੰਦੇ ਜਲੰਧਰ ਦੇ ਸ਼ਾਇਰਾਂ ਵਿਚ ਚੱਲ ਰਹੀ ਅੰਦਰਲੀ ਸਿਆਸਤ ਤੋਂ ਜਾਣੂੰ ਸਨਇਕ ਸਮੇਂ 'ਤੇ ਆ ਕੇ ਉਲਫ਼ਤ ਬਾਜਵਾ ਹੋਰਾਂ ਦੇ ਦੀਪਕ ਜੈਤੋਈ ਅਤੇ ਪ੍ਰਿੰ. ਤਖ਼ਤ ਸਿੰਘ ਨਾਲ ਸੰਬੰਧ ਅਣਸੁਖਾਵੇਂ ਹੋ ਗਏ ਸਨਬਾਜਵਾ ਸਾਹਿਬ ਇਸ਼ਾਰੇ ਨਾਲ ਆਪਣੀ ਗ਼ਜ਼ਲ ਵਿਚ ਇਹਨਾਂ ਦਾ ਜ਼ਿਕਰ ਕਰਦੇ ਤਾਂ ਸ਼ਿਅਰਾਂ 'ਚ ਆਏ ਹਵਾਲਿਆਂ ਤੋਂ ਵਾਕਿਫ਼ ਲੋਕ ਜ਼ੋਰ-ਜ਼ੋਰ ਦੀਆਂ ਤਾੜੀਆਂ ਮਾਰਦੇ'ਵਾਹ ਵਾਹ' ਕਰਦੇਕਈ ਮੁੱਕੀਆਂ ਮਾਰ-ਮਾਰ ਕੇ ਨਾਲ਼ ਬੈਠੇ ਦੇ ਪਾਸੇ ਵੀ ਸੇਕ ਦਿੰਦੇ-

ਬੁਝਾਇਆ ਲੋਭ ਦੀ ਆਂਧੀ ਨੇ ਤੇਰੇ ਸਾਹਮਣੇ 'ਦੀਪਕ',
ਤੂੰ ਕੀਕਰ ਸਹਿ ਗਈ ਗ਼ੈਰਤ ਤੂੰ ਕੀਕਰ ਜਰ ਗਈ ਗ਼ੈਰਤ
ਉਹਨਾਂ ਨੇ 'ਤਖ਼ਤ' ਠੁਕਰਾਇਆ, ਉਹਨਾਂ ਨੇ ਤਾਜ ਠੁਕਰਾਇਆ,
ਜਿਨ੍ਹਾਂ 'ਲਾਲਾਂ' ਦੇ ਸਿਰ 'ਤੇ ਤਾਜ ਅਪਣਾ ਧਰ ਗਈ ਗ਼ੈਰਤ

ਇਹਨਾਂ ਸ਼ਿਅਰਾਂ ਦੇ ਪਿਛੋਕੜ ਬਾਰੇ ਬਾਜਵਾ ਸਾਹਿਬ ਨੇ ਕਈ ਵਾਰ ਦੱਸਿਆ ਅਤੇ ਨੁਕਤਾ ਸਮਝਾਇਆ ਸੀ ਕਿ ਭਾਵੇਂ ਉਹਨਾਂ ਨੇ ਇਹ ਸ਼ਿਅਰ ਬਹੁਤ ਹੀ ਨਿੱਜੀ ਪੱਧਰ 'ਤੇ ਲਿਖੇ ਸਨ, ਪਰ ਇਹਨਾਂ ਦੀ ਖ਼ੂਬਸੂਰਤੀ ਇਹ ਸੀ ਕਿ ਇਹਨਾਂ ਦਾ ਇਤਿਹਾਸਕ ਪਰਿਪੇਖ ਵਿਚ ਵੀ ਆਪਣਾ ਮਹੱਤਵ ਸੀਸੰਦਰਭ ਵਿਅਕਤੀਗਤ ਹੋਣ ਦੇ ਬਾਵਜੂਦ ਇਹ ਸ਼ਿਅਰ ਵਿਅਕਤੀਗਤ ਦੇ ਦਾਇਰੇ ਤੋਂ ਪਾਰ ਵਿਚਰਦੇ ਹਨ
.............
ਆਰਿਫ਼ ਗੋਬਿੰਦ ਪੁਰੀ ਬੜੇ ਨਖ਼ਰੇ ਨਾਲ ਪੇਸ਼ ਹੁੰਦਾ-


ਖੁਆ ਕਾਵਾਂ ਨੂੰ ਜੇਕਰ ਗੰਦ ਰਿਸ਼ਵਤ ਦਾ ਖੁਆਉਣਾ ਏਂ,
ਕਿ ਹੰਸਾਂ ਨੂੰ ਨਹੀਂ ਹੁੰਦੀ ਇਹ ਗੰਦਗੀ ਖਾਣ ਦੀ ਆਦਤ
............
ਉਂਕਾਰਪ੍ਰੀਤ ਦੇ ਇਹ ਸ਼ਿਅਰ 'ਤੇ ਬੜੀ ਦਾਦ ਬਟੋਰਦੇ ਸਨ-

ਜਦ ਵੀ ਕਦੇ ਅਸਾਂ ਨੇ ਤੇਰਾ ਖ਼ਿਆਲ ਲਿਖਿਆ
ਯਾਦਾਂ 'ਚ ਡੋਬ ਕਾਨੀ, ਹੰਝੂਆਂ ਦੇ ਨਾਲ ਲਿਖਿਆ
ਕੀਤਾ ਗਿਲਾ ਮੇਰੇ 'ਤੇ ਤਦ ਦਿਲ ਮੇਰੇ ਦੇ ਜ਼ਖ਼ਮਾਂ,
ਜਦ ਠੀਕ ਠਾਕ ਅਪਣਾ ਮੈਂ ਹਾਲ-ਚਾਲ ਲਿਖਿਆ
...........

ਜੋਗਾ ਸਿੰਘ ਬਠੁੱਲਾ ਦਾ ਸ਼ਿਅਰ ਕਈ ਦਿਨ ਦਿਮਾਗ਼ ਵਿਚ ਘੁੰਮਦਾ ਰਿਹਾਉਸਨੇ ਇਹ ਗੱਲ ਸੋਚੀ ਕਿਵੇਂ ਹੋਵੇਗੀ-

ਜ਼ਰੂਰੀ ਹੀ ਜੇ ਜਾਣਾ ਹੈ ਤਾਂ ਜਾਵੀਂ ਮੌਸਮਾਂ ਵਾਂਗਰ,
ਕਿ ਜੋ ਮੁੜ ਕੇ ਨਹੀਂ ਆਉਂਦਾ, ਨਾ ਜਾਵੀਂ ਤੂੰ ਸਮਾਂ ਬਣ ਕੇ
.........

ਪ੍ਰੋ. ਦੀਦਾਰ ਤਰੰਨੁਮ ਵਿਚ ਗ਼ਜ਼ਲ ਪੜ੍ਹਦਾ ਸਭ ਨੂੰ ਝੂਮਣ ਲਾ ਦਿੰਦਾ ਸੀ-

ਮੇਰੇ ਘਰ ਦੇ ਬਾਰਾਂ ਬਾਲੇ ਤਿੰਨ ਕੰਧਾਂ ਦਰ ਦੱਖਣ ਨੂੰ,
ਭੂਤਾਂ ਦੀ ਜੂਹ ਅੰਦਰ ਆ ਕੇ ਤੂੰ ਕਿੱਦਾਂ ਬਚ ਜਾਵੇਂਗਾ
........

ਸ਼ੌਕਤ ਢੰਡਵਾੜੀ ਝੂੰਮ ਝੂੰਮ ਕੇ ਗ਼ਜ਼ਲਾਂ ਪੜ੍ਹਦਾ-

ਦੇਖੋ ਇਨਾਮ ਮੇਰਾ
ਖ਼ਾਲੀ ਹੈ ਜਾਮ ਮੇਰਾ
ਤਿਰਕਾਲਾਂ ਪੈਣ ਲੱਗੀਆਂ,
ਕਰੋ ਇੰਤਜ਼ਾਮ ਮੇਰਾ

ਤਾੜੀਆਂ ਦੀ ਗੂੰਜ ਵਿਚ ਸ਼ੌਕਤ ਦਾ ਸ਼ਿਅਰ ਰੰਗ ਬਿਖੇਰਦਾ-

ਇਕ ਅਜਬ ਦਿਲਕਸ਼ੀ ਹੈ, ਅੱਜ ਕੱਲ੍ਹ ਮਾਹੌਲ ਅੰਦਰ,
ਨ੍ਹੇਰੀ ਵੀ ਚੱਲ ਰਹੀ ਹੈ, ਦੀਵੇ ਵੀ ਬਲ਼ ਰਹੇ ਨੇ
..........
ਇਹੋ ਜਿਹੇ ਕਾਵਿਕ ਮਾਹੌਲ ਵਿਚ ਹੀ ਕਮਲ ਦੇਵ ਪਾਲ ਦੀਆਂ ਗ਼ਜ਼ਲਾਂ ਦਾ ਆਨੰਦ ਅਸੀਂ ਮਾਣਦੇ ਸਾਂ-

ਹੰਝੂ, ਬਰਖਾ, ਝਾਂਜਰ ਦਾ ਕੋਈ ਮੇਲ ਨਹੀਂ,
ਫਿਰ ਵੀ ਤਿੰਨੇ ਛਮ ਛਮ ਕਰਦੇ ਆਪਣੀ ਥਾਂ
........

ਰਿਸ਼ੀ ਸ਼ੰਭੂਕ ਦੇ ਜਦ ਕ਼ਤਲ ਦੀ ਚਰਚਾ ਛਿੜੂ ਕਿਧਰੇ,
ਉਦੋਂ ਦਰਸ਼ਥ ਦੇ ਬੇਟੇ ਰਾਮ ਦੀ ਗੱਲਬਾਤ ਚੱਲੇਗੀ
.........
ਮੁਖ਼ਬਰ ਘਰਾਂ 'ਚ ਤੱਕ ਸੁਗਰੀਵ ਤੇ ਬਵੀਸ਼ਣ,
ਇਹ ਰਾਮ ਰਾਜ ਤਦ ਤੱਕ ਨਸੀਬ ਸਾਡੇ

ਸ਼ਿਅਰ ਨੂੰ ਖ਼ੂਬ ਦਾਦ ਮਿਲਦੀਇਤਿਹਾਸ-ਮਿਥਿਹਾਸ ਨੂੰ ਉਹ ਹਮੇਸ਼ਾ ਨਵੇਂ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦਾਦੱਬੀ-ਕੁਚਲੀ ਧਿਰ ਦੀ ਆਵਾਜ਼ ਬਣ ਕੇ ਪਰਗਟ ਹੁੰਦੇ ਉਸ ਨੌਜਵਾਨ ਸ਼ਾਇਰ ਦੇ ਸ਼ਿਅਰ ਉਸਤਾਦ ਸ਼ਾਇਰਾਂ ਨੂੰ ਖੁੱਲ੍ਹ ਕੇ ਦਾਦ ਦੇਣ ਲਈ ਮਜਬੂਰ ਕਰ ਦਿੰਦੇ
..........
'
ਆਰਸੀ' 'ਤੇ ਉਸਦੀ ਸ਼ਾਇਰੀ ਪੜ੍ਹ ਕੇ ਬੀਤੇ ਵਕਤ ਦੀ ਪਰਿਕਰਮਾ ਕਰਨਾ ਰੂਹ ਨੂੰ ਬੇਹੱਦ ਸਕੂਨ ਦੇਣ ਵਾਲਾ ਸਾਬਿਤ ਹੋਇਆ
ਅਦਾਲਤ ਤੁਸੀਂ ਕੈਦ ਕੀਤੀ ਚਿਰਾਂ ਦੀ
ਕਿ ਸ਼ਾਇਦ ਹੈ ਇਸਨੂੰ ਜ਼ਰੂਰਤ ਨਿਆਂ ਦੀ

ਸੁਰਿੰਦਰ ਸੋਹਲ


ਯੂ.ਐੱਸ.ਏ.



Tuesday, January 31, 2012

ਕਮਲ ਦੇਵ ਪਾਲ – ਆਰਸੀ ‘ਤੇ ਖ਼ੁਸ਼ਆਮਦੀਦ – ਗ਼ਜ਼ਲ

ਆਰਸੀ ਤੇ ਖ਼ੁਸ਼ਆਮਦੀਦ

ਸਾਹਿਤਕ ਨਾਮ: ਕਮਲ ਦੇਵ ਪਾਲ


ਅਜੋਕਾ ਨਿਵਾਸ: ਕੈਲੇਫੋਰਨੀਆ, ਯੂ.ਐੱਸ.ਏ.


ਪ੍ਰਕਾਸ਼ਿਤ ਕਿਤਾਬਾਂ: ਇਕ ਗ਼ਜ਼ਲ ਅਤੇ ਇਕ ਕਾਵਿ ਸੰਗ੍ਰਹਿ ਪ੍ਰਕਾਸ਼ਨ ਅਧੀਨ ਹਨ।


----


ਦੋਸਤੋ! ਕੈਲੇਫੋਰਨੀਆ, ਯੂ.ਐੱਸ.ਏ. ਵਸਦੇ ਸ਼ਾਇਰ ਕਮਲ ਦੇਵ ਪਾਲ ਜੀ ਨੇ ਚੰਦ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਘੱਲ ਕੇ ਆਰਸੀ ਪਰਿਵਾਰ ਨਾਲ਼ ਪਲੇਠੀ ਸਾਹਿਤਕ ਸਾਂਝ ਪਾਈ ਹੈ। ਉਹਨਾਂ ਦੀ ਹਾਜ਼ਰੀ ਆਰਸੀ ਦਾ ਸੁਭਾਗ ਹੈ। ਉਹਨਾਂ ਨਾਲ਼ ਮੇਰਾ ਸੰਪਰਕ ਕੋਈ ਛੇ ਕੁ ਮਹੀਨੇ ਪਹਿਲਾਂ ਫੇਸਬੁੱਕ ਰਾਹੀਂ ਹੋਇਆ ਸੀ। ਮੈਂ ਬਲੌਗ ਨਾਲ਼ ਜੁੜੇ ਦੋਸਤਾਂ ਨੂੰ ਇਹ ਦੱਸਣਾ ਵੀ ਜ਼ਰੂਰੀ ਸਮਝਦੀ ਹਾਂ ਕਿ ਪਾਲ ਸਾਹਿਬ ਹੁਣ ਫੇਸਬੁੱਕ ਤੇ ਚਲਦੇ ਆਰਸੀ ਸਾਹਿਤਕ ਕਲੱਬ ਦੇ ਉਹ ਕੋ-ਐਡਮਿਨ ਵੀ ਹਨ।
...........
......ਕਮਲ ਪਾਲ ਉਹਨਾਂ ਗ਼ਜ਼ਲਗੋਆਂ ਵਿੱਚੋਂ ਹੈ ਜਿਨਾਂ ਨੇ ਪੰਜਾਬੀ ਗ਼ਜ਼ਲ ਦਾ ਮੂੰਹ ਮੱਥਾ ਸੰਵਾਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ.... ਜਦ ਪੰਜਾਬ ਵਿਚ ਗ਼ਜ਼ਲ ਲਹਿਰ ਸਿਖ਼ਰ ਤੇ ਸੀ ਤਾਂ ਉਸਦੇ ਮੋਹਰੀਆਂ ਵਿੱਚ ਗਿਣਿਆ ਜਾਣ ਵਾਲਾ ਨਾਮ ਹੈ ਕਮਲ ਪਾਲ ....ਗ਼ਜ਼ਲ ਦੇ ਪ੍ਰੰਪਰਿਕ ਮਾਪਦੰਡਾਂ ਤੇ ਪਹਿਰਾ ਦੇਣ ਦੇ ਹਾਮੀ ਹਨ ਤੇ ਖ਼ਿਆਲਾਂ ਦੀ ਜਦੀਦੀਅਤ ਅਤੇ ਪੁਖ਼ਤਗੀ ਦੇ ਕਾਇਲ ਨੇ ਕਮਲ ਪਾਲ।।ਗ਼ਜ਼ਲ ਦੇ ਹਰ ਪੱਖ ਤੇ ਅਬੂਰ ਹਾਸਿਲ ਹੈ...ਇਕ ਉਸਤਾਦ ਗ਼ਜ਼ਲਗੋ ਹੋਣ ਦੇ ਬਾਵਜੂਦ ਆਜ਼ਾਦ ਨਜ਼ਮ ਕਹਿਣ ਦਾ ਇੱਕ ਵੱਖਰਾ ਹੀ ਢੰਗ ਹੈਉਹਨਾਂ ਦੀਆਂ ਕਵਿਤਾਵਾਂ ਅਜੋਕੀ ਕਵਿਤਾ ਨਾਲੋ ਇੱਕ ਅਲੱਗ ਮੁਹਾਂਦਰਾ ਰੱਖਦੀਆਂ ਨੇ... ਇਕ ਬਹੁਤ ਹੀ ਵਿਲੱਖਣ ਵਿਚਾਰਧਾਰਾ ਨਾਲ ਜੁੜੀ ਹੋਈ ਅਦਬੀ ਹਸਤੀ ਹੈ ਕਮਲ ਪਾਲ....---- ਅਮਰੀਕ ਗ਼ਾਫ਼ਿਲ।


...........
ਪਾਲ ਸਾਹਿਬ
ਨੂੰ ਆਰਸੀ ਪਰਿਵਾਰ ਚ ਖ਼ੁਸ਼ਆਮਦੀਦ ਆਖਦਿਆਂ, ਇਹਨਾਂ ਗ਼ਜ਼ਲਾਂ ਨੂੰ ਅੱਜ ਦੀ ਪੋਸਟ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਆਸ ਹੈ ਕਿ ਉਹ ਭਵਿੱਖ ਵਿਚ ਵੀ ਆਪਣੀਆਂ ਲਿਖਤਾਂ ਨਾਲ਼ ਹਾਜ਼ਰੀ ਲਵਾਉਂਦੇ ਅਤੇ ਧੰਨਵਾਦੀ ਬਣਾਉਂਦੇ ਰਹਿਣਗੇ। ਉਹਨਾਂ ਦਾ ਬੇਹੱਦ ਸ਼ੁਕਰੀਆ।


ਅਦਬ ਸਹਿਤ


ਤਨਦੀਪ ਤਮੰਨਾ


*****


ਗ਼ਜ਼ਲ


ਇਸ ਜ਼ਿੱਲਤ 'ਚੋਂ ਨਿਕਲਣ ਦਾ ਜੇਕਰ ਕਰਦੇ ਪਰਿਆਸ ।


ਅਪਣੇ ਘਰ ਵਿਚ ਏਸ ਤਰਾਂ ਨਾ ਕਟਦੇ ਕਾਰਾਵਾਸ।



ਰੋਜ਼ ਨਜ਼ਰਬੰਦੀ ਦੇ ਤੇਵਰ ਲੈ ਕੇ ਆਉਂਦੀ ਸ਼ਾਮ ,


ਚੰਗਾ ਹੁੰਦਾ ਜੇਕਰ ਸਾਨੂੰ ਮਿਲ ਜਾਂਦਾ ਬਨਵਾਸ।



ਜਿੰਨੀ ਵਾਰੀ ਛੂਹ ਛੂਹ ਦੇਖੇ ਹਨ ਤਿਤਲੀ ਦੇ ਰੰਗ ,


ਓਨੀ ਵਾਰੀ ਕੁਝ ਗੁੰਮਣ ਦਾ ਹੋਇਆ ਹੈ ਅਹਿਸਾਸ।



ਹੋਰ ਵੀ ਅਪਣਾ ਅਪਣਾ ਲੱਗਣ ਲਗਿਆ ਅਪਣਾ ਪਿੰਡ ,


ਅਪਣੇ ਪਿੰਡੋਂ ਜਿਸ ਦਿਨ ਤੋਂ ਹਾਂ ਕਰ ਆਏ ਪਰਵਾਸ।



ਪੂਰੇ ਸ਼ਹਿਰ 'ਚ ਚਰਚਾ ਹੈ ਇਹ ਜੋ ਬੰਦਾ ਸੀ ਆਮ ,


ਤੇਰੇ ਨਾਲ ਬਿਤਾ ਕੇ ਕੁਝ ਪਲ ਹੋ ਚਲਿਆ ਹੈ ਖ਼ਾਸ।



ਪਾਣੀ ਦੇ ਵਿਚ ਖੁਲ੍ਹ ਚੁੱਕੀ ਹੈ ਇਕ ਤੂੜੀ ਦੀ ਪੰਡ ,


ਤਾਂ ਹੀ ਉਲ਼ਝ ਰਹੇ ਨੇ ਰਿਸ਼ਤੇ ਤਿੜਕ ਰਹੇ ਵਿਸ਼ਵਾਸ।



ਦਾਣਾ ਦਾਣਾ ਚੁਗਦੇ ਪੰਛੀ ਇੱਕ ਸ਼ਿਕਾਰੀ ਦੇਖ ,


ਖੰਭਾਂ ਨਾਲ਼ ਉਡਾ ਕੇ ਲੈ ਗਏ ਅਪਣੀ ਅਪਣੀ ਆਸ।



ਖੂਨ ਜਿਗਰ ਦਾ ਦੇਵੋ ਇਸ ਨੂੰ ਤੇ ਸੋਚਾਂ ਦੀ ਪਾਣ ,


ਸ਼ਾਇਰੀ ਦੇ ਵਿਚ ਕੁਝ ਕੁਝ ਕਰਨਾ ਪੈਂਦਾ ਹੈ ਅਭਿਆਸ।



ਆਪੇ ਰੱਜੀ ਧਾਈ ਜਿਸਦੇ ਆਪੇ ਬੱਚੇ ਜੀਣ ,


ਉਸ ਮਹਿਫ਼ਲ ਨੂੰ 'ਪਾਲ' ਕਦੇ ਵੀ ਆ ਸਕਦਾ ਨਾ ਰਾਸ।


======


ਗ਼ਜ਼ਲ


ਆਪ ਇਹ ਕੀ ਕਰ ਗਏ ਹੋ ਇੱਕ ਹੀ ਨਖ਼ਰੇ ਦੇ ਨਾਲ਼।


ਆਪ ਦੀ ਚਰਚਾ ਸ਼ੁਰੂ ਉਹ ਕਰ ਦਏ ਮਤਲੇ ਦੇ ਨਾਲ਼।



ਰਾਂਗਲੇ ਪਲ ਸ਼ੋਖੀਆਂ ਕਿਉਂ ਜਾਗਿਆ ਤਾਂ ਉਡ ਗਏ ,


ਜਾਗ ਕੇ ਨਿਤ ਲੜ ਪਵਾਂ ਮੈਂ ਆਪਣੇ ਸੁਪਨੇ ਦੇ ਨਾਲ਼।



ਚਿਕ ਦੇ ਪਿੱਛੋਂ ਝਾਕ ਕੇ ਕੁਝ ਆਖ ਜਾਂਦੇ ਹੋ ਤੁਸੀਂ ,


ਇਸ ਤਰਾਂ ਵੀ ਪੇਸ਼ ਨਾ ਆਇਆ ਕਰੋ ਪਰਦੇ ਦੇ ਨਾਲ਼।



ਇਸ਼ਕ਼ ਹੈ ਤਲਵਾਰ ਦੀ ਜੇ ਧਾਰ ਤੋਂ ਵੀ ਖ਼ਤਰਨਾਕ ,


ਸਿਖ ਲਿਆ ਹੈ ਹੁਣ ਅਸੀਂ ਵੀ ਜੂਝਣਾ ਖ਼ਤਰੇ ਦੇ ਨਾਲ਼।



ਆਪ ਜੀਓ ਦੂਜਿਆਂ ਨੂੰ ਜੀਣ ਦਾ ਮੌਕਾ ਦਿਓ ,


ਜੀਣ ਦਾ ਆਇਆ ਸਲੀਕਾ ਪਰ ਬੜੇ ਅਰਸੇ ਦੇ ਨਾਲ਼।



ਕੱਲ੍ਹ ਤੋਂ ਸੱਚੀਂ ਤੁਹਾਨੂੰ ਭੁੱਲ ਜਾਣਾ ਹੈ ਅਸੀਂ ,


ਕੱਲ੍ਹ ਤੋਂ ਫਿਰ ਯਾਦ ਆਵੋਗੇ ਤੁਸੀਂ ਭੁਲਣੇ ਦੇ ਨਾਲ਼।



ਆ ਕੇ ਉਹ ਇਕਰਾਰ ਉੱਤੇ ਜਾਣ ਦੀ ਕਰਦੇ ਰਹੇ ,


ਪਿਆਰ ਵਿਚ ਵੀ ਪੇਸ਼ ਉਹ ਆਉਂਦੇ ਰਹੇ ਸਰਫੇ ਦੇ ਨਾਲ਼।



ਸੁਕ ਗਈ ਤਾਂ ਰੇਤ ਹੀ ਰਹਿ ਜਾਏਗੀ ਇਸਦੀ ਸਜ਼ਾ ,


ਬੇ-ਵਜ੍ਹਾ ਹੀ ਰੁਸ ਗਈ ਹੈ ਇਹ ਨਦੀ ਚਸ਼ਮੇ ਦੇ ਨਾਲ਼।



ਪਿਆਸ ਕਿੰਨੀ 'ਪਾਲ' ਨੂੰ ਹੈ ਲਾ ਨਾ ਅੰਦਾਜ਼ਾ ਮਹਿਜ਼ ,


ਉਹ ਗੁਜ਼ਾਰਾ ਕਰ ਲਵੇਗਾ ਇੱਕ ਹੀ ਤੁਪਕੇ ਦੇ ਨਾਲ਼।


=====


ਗ਼ਜ਼ਲ


ਸੰਘਰਸ਼ ਦੇ ਬਿਨਾ ਕਦ, ਜਾਗਣ ਨਸੀਬ ਸਾਡੇ ।


ਮੋਢੇ 'ਤੇ ਧਰ ਦਿਓ ਹੁਣ, ਹੱਕ਼ ਦੀ ਸਲੀਬ ਸਾਡੇ



ਕੁਝ ਲੋਕ ਜ਼ੁਲਮ, ਦਹਿਸ਼ਤ ਦੇ ਨਾਲ਼ ਜੂਝਦੇ ਹਨ,


ਕੁਝ ਹੇਰ ਫੇਰ ਕਰਕੇ , ਲਿਖਦੇ ਅਦੀਬ ਸਾਡੇ



ਜੇ ਪਲਟਣਾ ਹੈ ਤਖ਼ਤਾ, ਜ਼ਾਰਾਂ ਤੇ ਨਾਜ਼ੀਆਂ ਦਾ,


ਆਪਾਂ ਵੀ ਤੁਰ ਪਏ ਹਾਂ , ਆਵੋ ਕਰੀਬ ਸਾਡੇ



ਪੁੱਤਰ, ਭਰਾ, ਭਤੀਜੇ , ਬਣਦੇ ਸ਼ਰੀਕ ਆਖਿਰ,


ਕਿੰਨੇ ਕਰੀਬ ਦਿਲ ਦੇ , ਰਿਸ਼ਤੇ ਅਜੀਬ ਸਾਡੇ



ਮੁਖ਼ਬਰ ਘਰਾਂ 'ਚ ਜਦ ਤਕ, ਸੁਗਰੀਵ 'ਤੇ ਭਵੀਸ਼ਣ,


ਇਹ ਰਾਮ-ਰਾਜ ਤਦ ਤਕ, ਚੱਟੂ ਨਸੀਬ ਸਾਡੇ



ਲੋਕੀ ਗ਼ਰੀਬ ਜੇ ਹਨ, ਲੋਕਾਂ ਦਾ ਦੋਸ਼ ਵੀ ਹੈ ,


ਕਿਉਂ ਆਖਦੇ ਨੇ ਹਰ ਥਾਂ, ਖੋਟੇ ਨਸੀਬ ਸਾਡੇ



ਹੋਇਆ ਖ਼ਰਾਬ ਮੌਸਮ, ਬਦਲੋ ਵੀ ਆ ਕੇ ਰੁੱਤੋ,


ਕਿਉਂ ਹੋਰ ਹੋ ਰਹੇ ਹਨ, ਸੁਪਨੇ ਗ਼ਰੀਬ ਸਾਡੇ



ਧਰਤੀ ਦਾ ਕੁੱਲ ਰਕਬਾ , ਵੰਡਾਂਗੇ ਸਾਰਿਆਂ ਵਿਚ,


ਇਕ ਵਾਰ ਆ ਗਈ ਜਦ , ਹੱਥੀਂ ਜ਼ਰੀਬ ਸਾਡੇ



ਤੂੰ 'ਪਾਲ' ਖ਼ੁਦ ਸਮਝ ਕੇ , ਸਮਝਾ ਦੇ ਲੋਕ ਸਾਰੇ ,


ਲਿਖਦੇ ਨੇ ਸਾਮਰਾਜੀ, ਕਿੱਦਾਂ ਨਸੀਬ ਸਾਡੇ


======


ਗ਼ਜ਼ਲ


ਪਿਆਰ ਮੁਹੱਬਤ ਸਾਰੇ ਰਿਸ਼ਤੇ ਅਪਣੀ ਥਾਂ ।


ਭੈਣ, ਭਰਾ, ਪਤਨੀ, ਮਾਂ, ਬੱਚੇ ਅਪਣੀ ਥਾਂ



ਚੋਰ ਝਕਣ ਮੁਨਸਿਫ਼ ਤੋਂ ਮੁਨਸਿਫ਼ ਚੋਰਾਂ ਤੋਂ,


ਸਾਰੇ ਜਾਪਣ ਸੱਚੇ ਸੁੱਚੇ ਅਪਣੀ ਥਾਂ।



ਖ਼ਾਲੀ ਮੁੜ ਕੇ ਤੇਰੇ ਦਰ ਤੋਂ ਖ਼ੈਰ ਬਿਨਾ,


ਝਕਦੇ ਝਕਦੇ ਫ਼ੱਕਰ ਪਰਤੇ ਅਪਣੀ ਥਾਂ



ਤੁੱਲੇ ਨੇ ਲੁੱਟੇ ਵਿਉਪਾਰੀ ਯੁਗਤਾਂ ਨਾਲ਼,


ਸੋਹਣੀ ਨੇ ਸੌਦਾਗਰ ਲੁੱਟੇ ਅਪਣੀ ਥਾਂ



ਫੁੱਲ ਗੁਲਾਬੀ , ਲਾਲ , ਬਸੰਤੀ ਤੇ ਪੀਲ਼ੇ ,


ਗੁਲਸ਼ਨ ਦੇ ਵਿਚ ਸਾਰੇ ਫ਼ਬਦੇ ਅਪਣੀ ਥਾਂ



ਹੰਝੂ , ਵਰਖਾ , ਝਾਂਜਰ ਦਾ ਕੋਈ ਮੇਲ਼ ਨਹੀਂ,


ਫਿਰ ਵੀ ਤਿੰਨੇ ਛਮ ਛਮ ਕਰਦੇ ਅਪਣੀ ਥਾਂ।



ਕਹਿਰ ਮਚਾਉਂਦੇ 'ਪਾਲ' ਤਿਰੇ ਘਰ ਰਖਵਾਲੇ,


ਸੰਨ੍ਹ ਲਗਾ , ਪਹਿਰੇ 'ਤੇ ਖੜ੍ਹਦੇ ਅਪਣੀ ਥਾਂ


=====


ਗ਼ਜ਼ਲ


ਆਪ ਦੇਖੇ ਹਨ ਅਸੀਂ ਕੁਝ ਹਾਦਸੇ।


ਰਸਤਿਆਂ ਨੇ ਖਾ ਲਏ ਹਨ ਕਾਫ਼ਲੇ।



ਕ਼ਤਲ ਹੁੰਦੇ ਹਨ ਕਦੇ ਕੁਰਸੀ ਲਈ,


ਖ਼ੂਨ ਵੰਹਿਦੇ ਹਨ ਖ਼ੁਦਾ ਦੇ ਵਾਸਤੇ।



ਮਿਟ ਗਏ ਜੋ ਜੋ ਸਮੇਂ ਦੀ ਧੂੜ ਵਿਚ,


ਆਪ ਜ਼ੁੰਮੇਵਾਰ ਸਨ ਉਹ ਕਾਫ਼ਲੇ।



ਬੋਲਦੇ ਹਾਂ ਖ਼ਾਸ ਪੰਜਾਬੀ ਅਸੀਂ,


ਲਿਖ ਰਹੇ ਹਾਂ ਮਾਤ ਭਾਸ਼ਾ ਵਾਸਤੇ।



ਆਉਣ ਵਾਲਾ ਵਕ਼ਤ ਕਰਦਾ ਇੰਤਜ਼ਾਰ,


ਮੇਟ ਕੇ ਆਵੋ ਦਿਲਾਂ ਦੇ ਫਾਸਲੇ।



ਲੋਕਤੰਤਰ ਬਾਗ਼ ਦੀ ਰਾਖੀ ਲਈ,


ਰੋਕ ਦੇਵੋ ਤੋਤਿਆਂ ਦੇ ਦਾਖਲੇ।



ਰਲ ਗਏ ਹਨ ਚੋਰ ਤੇ ਰਾਖੇ ਜਦੋਂ,


ਜਾਗਦੇ ਰਹਿਣਾ ਲੋਕੋ! ਜਾਗਦੇ।



ਇਸ ਤਰਾਂ ਪਰੇਸ਼ਾਨ ਨਾ ਹੁੰਦਾ ਕਦੀ,


ਬੋਲਿਆ ਮਿੱਠਾ ਜੇ ਹੁੰਦਾ ਆਪ ਨੇ।



'ਪਾਲ' ਦੇ ਜੇਕਰ ਤੁਸੀਂ ਹੁੰਦੇ ਕਰੀਬ,


ਉਹ ਬੜਾ ਨਜ਼ਦੀਕ ਹੁੰਦਾ ਆਪ ਦੇ।


=====


ਗ਼ਜ਼ਲ


ਬਾਜ਼ਾਂ ਦੇ ਪਰ ਜੇ ਕੱਟੋਂ, ਤਾਂ ਸ਼ੁਕਰ ਹੈ ਤੁਹਾਡਾ।


ਚਿੜੀਆਂ ਨੂੰ ਵਰਜਦੇ ਹੋ, ਇਹ ਜਬਰ ਹੈ ਤੁਹਾਡਾ।



ਪੈਰਾਂ 'ਚ ਬੇੜੀਆਂ ਹਨ, ਤਾਂ ਵੀ ਹੈ ਮੜਕ ਪੂਰੀ,


ਆਵਾਮ ਦੇ ਦਿਲਾਂ ਵਿਚ, ਕੁਝ ਕਦਰ ਹੈ ਤੁਹਾਡਾ।



ਸਾਨੂੰ ਨਦੀ ਕਿਨਾਰੇ ਦੇ ਰੁੱਖ ਵਾਂਗ ਸਮਝੋ,


ਵਸਦੇ ਰਹੋ ਸਲਾਮਤ , ਬਸ ਫ਼ਿਕਰ ਹੈ ਤੁਹਾਡਾ।



ਹਰ ਜ਼ੁਲਮ ਤੇ ਤਸ਼ੱਦਦ ਝਲ ਕੇ ਰਹੇ ਸਲਾਮਤ,


ਭਾਰਤ ਦੇ ਐ ਸਪੂਤੋ , ਇਹ ਸਬਰ ਹੈ ਤੁਹਾਡਾ।



ਹਾਲੇ ਤੁਸੀਂ ਤਾਂ ਅਪਣਾ ਵਿਰਸਾ ਪਛਾਣਿਆ ਹੈ ,


ਇਸ ਦੇਸ਼ ਦੀ ਹਵਾ ਵਿਚ ਹੁਣ ਜ਼ਿਕਰ ਹੈ ਤੁਹਾਡਾ।



ਸਾਡੇ ਦਿਲਾਂ ਦੀ ਸੀਰਤ ਹੈ ਪਾਣੀਆਂ ਤੋਂ ਨਿਰਮਲ,


ਸਾਡੀ ਵਫ਼ਾ 'ਤੇ ਸ਼ੱਕ ਹੈ ? ਇਹ ਕੁਫ਼ਰ ਹੈ ਤੁਹਾਡਾ।



ਹੈ ਸੋਚ 'ਪਾਲ' ਸਾਡੀ ਕਿ ਬਖ਼ਸ਼ 'ਤੇ ਸਿਤਮਗਰ ,


ਇਸ ਦੇ ਤੁਸੀਂ ਨਾ ਕਾਬਲ ਇਹ ਹਸ਼ਰ ਹੈ ਤੁਹਾਡਾ।