ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਮਨਦੀਪ ਖੁਰਮੀ ਹਿੰਮਤਪੁਰਾ. Show all posts
Showing posts with label ਮਨਦੀਪ ਖੁਰਮੀ ਹਿੰਮਤਪੁਰਾ. Show all posts

Thursday, March 26, 2009

ਮਨਦੀਪ ਖੁਰਮੀ ਹਿੰਮਤਪੁਰਾ - ਨਜ਼ਮ

ਤੇਰਾ ਨਾਂ............!

ਨਜ਼ਮ

ਤੇਰਾ ਨਾਂ ਚੱਲੇ

ਮੇਰੇ ਨਾਂ ਦੇ ਨਾਲ

ਜਿਵੇਂ ਧੁੱਪ ਚਲਦੀ ਐ

ਛਾਂ ਦੇ ਨਾਲ਼

----

ਯਾਦਾਂ ਤੇਰੀਆਂ ਦਾ ਮੋਹ

ਰਵ੍ਹੇ ਇੰਝ ਬਣਿਆ,

ਜਿਵੇਂ ਹੁੰਦੈ ਪ੍ਰਦੇਸੀ ਦਾ

ਗਰਾਂ ਦੇ ਨਾਲ਼

----

ਭੰਵਰਾ, ਸੀ ਜੋ ਸ਼ੁਦਾਈ

ਖਿੜੇ ਗੁਲਾਬਾਂ ਦਾ,

ਕੱਲਾ ਹੈ, ਤਾਂ ਯਾਰਾਨਾ

ਸੁੰਨ ਸਰਾਂ ਦੇ ਨਾਲ਼

----

ਤੇਰੀ ਰਜ਼ਾ ਚ ਰਹਿਣਾ

ਰਾਜੀ ਇਸ ਕਦਰ,

ਸਾਥ ਬੋਲਾਂ ਦਾ ਜਿਵੇਂ

ਜ਼ੁਬਾਂ ਦੇ ਨਾਲ਼

----

ਲੱਖ ਚਾਹਿਆ ਨਾ ਹੋਣ

ਮਨਫ਼ੀ ਓਹ ਪਲ,

ਯਾਦਾਂ ਬਣ ਜੁੜ ਗਏ

ਜੋ ਥਾਂ-ਥਾਂ ਦੇ ਨਾਲ਼

----

ਤੂੰ ਸੂਰਜ

ਤੇਰੇ ਤੱਕ ਕਿੰਝ ਪੁੱਜਾਂ,

ਮੈਂ ਉੱਡਕੇ

ਮੋਮ ਦੇ ਪਰਾਂ ਦੇ ਨਾਲ਼

----

ਤੇਰੇ ਰਹਿਮ ਉੱਤੇ ਬਸ

ਜੀਅ ਰਿਹਾ ਇੱਕ ਜੀਅ,

ਸਾਹ ਅਟਕੇ ਨੇ

ਤੇਰੀ ਹਾਂਜਾਂ ਨਾਂਹਦੇ ਨਾਲ਼

----

ਤੇਰਾ ਨਾਂ ਚੱਲੇ

ਮੇਰੇ ਨਾਂ ਦੇ ਨਾਲ

ਜਿਵੇਂ ਧੁੱਪ ਚਲਦੀ ਐ

ਛਾਂ ਦੇ ਨਾਲ਼


Tuesday, December 30, 2008

ਮਨਦੀਪ ਖੁਰਮੀ ਹਿੰਮਤਪੁਰਾ - ਵਿਅੰਗ

ਦੋਸਤੋ! ਮਨਦੀਪ ਜੀ ਦਾ ਵਿਅੰਗ ਪੜ੍ਹਨ ਤੋਂ ਬਾਅਦ ਜ਼ਰੂਰ ਦੱਸਣਾ ਕਿ ਇਹ ਹੱਥ ਦੇਖਣ ਵਾਲ਼ੇ ਤਜ਼ਰਬੇ ਮੇਰੇ ਤੇ ਮਨਦੀਪ ਜੀ ਤੋਂ ਬਿਨ੍ਹਾਂ ਹੋਰ ਕੀਹਨੇ-ਕੀਹਨੇ ਕੀਤੇ ਹੋਏ ਨੇ।ਮੇਰੀਆਂ ਬੀ.ਐੱਡ. ਕਾਲੇਜ ਸੁਧਾਰ ਕੀਤੀਆਂ ਬਹੁਤ ਭਵਿੱਖ ਬਾਣੀਆਂ ਸੱਚ ਹੋਈਆਂ ਨੇ... ਜਿਵੇਂ ਦੋਸਤਾਂ 'ਚੋਂ ਕੁਲਜੀਨ ਭੁੱਲਰ ਦਾ ਵਿਆਹ ਤੋਂ ਅਮਰੀਕਾ ਆ ਜਾਣਾ (ਜਿਹੜਾ ਆਖਦਾ ਹੁੰਦਾ ਸੀ ਕਿ ਜੱਟ ਨੂੰ 15 ਕਿੱਲੇ ਆਉਂਦੇ ਆ..ਮੈਂ ਤਾਂ ਊਈਂ ਨਾ ਜਾਵਾਂ ਪਿੰਡ ਛੱਡ ਕੇ...ਬਾਰ੍ਹਾਂ ਕੁ ਸਾਲਾਂ ਬਾਅਦ ਫੋਨ ਤੇ ਗੱਲ ਹੋਈ ਤਾਂ ਆਖੇ...ਤਨਦੀਪ, ਅੱਜ ਤੂੰ ਏਨੇ ਵਰ੍ਹਿਆਂ ਦਾ ਘੱਟਾ ਮੇਰੇ ਤੋਂ ਝਾੜ 'ਤਾ...ਨਹੀਂ ਤਾਂ ਅਮਰੀਕਾ ਨੇ ਜੱਟ ਦੀ ਮੱਤ ਹੀ ਮਾਰ ਦਿੱਤੀ ਸੀ ), ਮਨੀ ਦਾ ਵਿਆਹ ਕੈਨੇਡਾ ਗਰੇਵਾਲਾਂ ਦੇ ਹੋ ਜਾਣਾ ( ਸ਼ਰਤ ਲਾਉਂਦੀ ਹੁੰਦੀ ਸੀ ਕਿ ਕਦੇ ਗਰੇਵਾਲਾਂ ਦੇ ਮੁੰਡੇ ਨਾਲ਼ ਵਿਆਹ ਨਹੀਂ ਕਰਵਾਊਂਗੀ...ਕਿਉਂਕਿ ਸਹਿਪਾਠੀ ਜਸਵਿੰਦਰ ਗਰੇਵਾਲ਼ ਦੀਆਂ ਮੋਟੀਆਂ ਅੱਖਾਂ ਨੂੰ ਜਾਨਵਰ ਦੀਆਂ ਅੱਖਾਂ ਦੱਸਦੀ ਹੁੰਦੀ ਸੀ ), ਹਰਜੀਤ ਧਾਲੀਵਾਲ ਦਾ ਵਿਆਹ ਇੰਡੀਆ ਹੋ ਜਾਣਾ ( ਸੋਹਣੀ ਪੱਗ ਦਾ ਮਾਣ ਕਰਕੇ ਹਮੇਸ਼ਾ ਆਕੜਦਾ ਹੁੰਦਾ ਸੀ ਕਿ ਮੈਨੂੰ ਤਾਂ ਕੈਨੇਡਾ ਵਾਲ਼ੇ ਰੋਜ਼ ਰਿਸ਼ਤਾ ਲਿਆਉਂਦੇ ਆ ), ਬਾਹਰ ਆਉਂਣ ਦੀ ਚਾਹਵਾਨ ਬਿਊਟੀ ਕੁਈਨ ਇੰਦੂ ਕੰਗ ਦਾ ਤਪੇ ਮੰਡੀ ਵਿਆਹਿਆ ਜਾਣਾ ( ਕਹਿੰਦੀ ਹੁੰਦੀ ਸੀ ਕਿ ਤਪਾ ਮੰਡੀ ਵੱਲ ਤਾਂ ਮੈਂ ਕਦੇ ਝਾਕਾਂ ਵੀ ਨਾ ), ਜਸਵਿੰਦਰ ਗਰੇਵਾਲ ਦਾ ਰਿਸ਼ਤਾ ਕੱਦ ਦੀ ਛੋਟੀ ਤੇ ਸਿਹਤ ਦੀ ਭਾਰੀ ਕੁੜੀ ਨਾਲ਼ ਹੋ ਜਾਣਾ ( ਬੜਾ ਮਾਣ ਨਾਲ਼ ਆਖਦਾ ਹੁੰਦਾ ਸੀ ਕਿ ਜਦੋਂ ਗੱਡੀ 'ਚ ਬੈਠੀ ਹੋਊ ਛਮਕ ਜਿਹੀ ਨੱਢੀ ਤੁਸੀਂ ਸਾਰੇ ਖੜ੍ਹ ਕੇ ਦੇਖਿਆ ਕਰੋਂਗੇ )....

ਬੱਸ! ਦੋ ਕੁ ਭਵਿੱਖਬਾਣੀਆਂ ਦੇ ਤੁੱਕੇ ਸਹੀ ਨਹੀਂ ਲੱਗੇ...ਇੱਕ ਤਾਂ ਮੈਂ ਜ਼ੋਰ ਨਾਲ਼ ਦੋਸਤ ਮਨਦੀਪ ਸੇਖੋਂ ਨੂੰ ਆਖਣਾ ਕਿ ਵੀਰੇ ਮੈਂਡੀ.... ਤੇਰੀ ਤਾਂ ਪਹਿਲੀ ਕੈਸਟ ਹਿੱਟ ਜਾਊ ( ਉਹਨੂੰ ਕੈਸਟ ਰਿਲੀਜ਼ ਕਰਾ ਕੇ ਪਤਾ ਲੱਗਿਆ ਕਿ ਮਾਰਕੀਟ 'ਚ ਬੇਸੁਰੇ ਗਾਇਕ ਵਿਕਦੇ ਨੇ ), ਦੂਜੀ ਮੇਰੀ ਭੈਣਾਂ ਵਰਗੀ ਸਹੇਲੀ ਹਰਪ੍ਰੀਤ ਮੱਲ੍ਹੀ ਬਾਰੇ ਕਿ ਮੱਲ੍ਹੀ.. ਤੂੰ ਤਾਂ ਜਿਹੜੇ ਘਰ ਜਾਏਂਗੀ...ਭਾਗ ਖੁੱਲ੍ਹ ਜਾਣਗੇ ( ਵਿਚਾਰੀ ਦੀ ਵਿਆਹ ਤੋਂ ਬਾਅਦ ਆਪਣੀ ਹੀ ਕਿਸਮਤ ਹਾਰ ਗਈ )...ਕੁੱਝ ਵੀ ਹੋਵੇ..ਇਹ ਜ਼ਿੰਦਗੀ ਦੀਆਂ ਖ਼ੂਬਸੂਰਤ ਯਾਦਾਂ ਨੇ।

ਦੋਸਤੋ! ਤੁਸੀਂ ਵੀ ਆਪਣੇ ਅਜਿਹੇ ਖੱਟੇ-ਮਿੱਠੇ ਤਜ਼ਰਬੇ ਜ਼ਰੂਰ ਸਾਂਝੇ ਕਰਿਓ... ਕਦੇ-ਕਦੇ ਸਾਹਿਤਕ ਲਿਖਤਾਂ 'ਚ ਹਲਕਾ-ਫੁਲਕਾ ਰੰਗ ਜ਼ਰੂਰ ਭਰਨਾ ਚਾਹੀਦਾ ਹੈ।

ਜਦੋਂ ਮੈਂ ਜੋਤਿਸ਼ੀ ਬਣਿਆ...

ਵਿਅੰਗ

ਗੱਲ ਉਹਨਾਂ ਦਿਨਾਂ ਦੀ ਐ ਜਦੋਂ ਮੈਂ ਫਗਵਾੜੇ ਰਾਮਗੜ੍ਹੀਆ ਕਾਲਜ 'ਚ ਬੀ. ਐੱਡ. ਕਰਦਾ ਸੀਪੜ੍ਹਾਈ ਹੀ ਉਸ ਪੱਧਰ ਦੀ ਸੀ ਕਿ ਨਾ ਚਾਹੁੰਦਿਆਂ ਵੀ ਗੰਭੀਰ ਜਿਹੇ ਰਹਿਣਾ ਪੈਂਦਾ ਕਿਉਂਕਿ ਹਰ ਕਿਸੇ ਨੇ ਇਸ ਪੜ੍ਹਾਈ ਤੋਂ ਬਾਦ 'ਮਾਸਟਰ ਜੀ' ਅਖਵਾਉਣ ਦਾ ਹੱਕਦਾਰ ਹੋ ਜਾਣਾ ਹੁੰਦੈਕਦੇ-ਕਦੇ ਲਾਚੜਪੁਣਾ ਜਾਗਦਾ ਤਾਂ ਬੇਇੱਜ਼ਤੀ 'ਖਰਾਬ' ਹੋਣ ਦੇ ਡਰੋਂ ਦੜ੍ਹ ਜਿਹੀ ਵੱਟ ਲੈਣੀਪੈਂਤੀ ਕੁ ਜਣਿਆਂ ਦੇ ਸੈਕਸ਼ਨ 'ਚ ਅਸੀਂ ਬਾਰਾਂ ਤੇਰਾਂ ਮੁੰਡੇ ਹੀ ਸਾਂ ਬਾਕੀ ਸਭ 'ਭੈਣਜੀਆਂ' ਹੀ ਸਨਜਿਆਦਾ ਲੜਕੀਆਂ ਹੋਣ ਕਾਰਨ ਹੀ ਤਾਂ ਆਪਣੀ ਜੋਤਿਸ਼ ਦੀ 'ਦੁਕਾਨ' ਮਾਰੋ-ਮਾਰ ਚੱਲ ਪਈ ਸੀ, ਨਹੀਂ ਮੇਲੇ 'ਚ ਚੱਕੀਰਾਹੇ ਨੂੰ ਕੌਣ ਪੁੱਛਦੈ? ਕੁੜੀਆਂ 'ਚ ਪ੍ਰਵਾਨਿਤ ਜੋਤਿਸ਼ੀ ਬਣਨ ਪਿੱਛੇ ਕਹਾਣੀ ਤਾਂ ਛੋਟੀ ਜਿਹੀ ਹੀ ਸੀ ਪਰ ਮਸ਼ਹੂਰੀ ਉਸਤੋਂ ਕਿਤੇ ਵਧੇਰੇ ਮਿਲ ਗਈ

ਗੱਲ ਇਸ ਤਰਾਂ ਹੋਈ ਕਿ ਅਬੋਹਰ ਵਾਲਾ ਅਸੀਮ ਇੱਕ ਕੁੜੀ ਨੂੰ ਭੁਚਲਾ ਕੇ ਉਸਦਾ ਹੱਥ ਦੇਖੀ ਜਾਵੇਮੈਂ ਜਾਣਦਾ ਸਾਂ ਕਿ ਓਹ ਜਾਣ ਬੁੱਝ ਕੇ 'ਰਾਂਝਾ' ਰਾਜੀ ਕਰ ਰਿਹਾ ਹੈਮੈਂ ਤੇ ਸੁਖਪ੍ਰੀਤ (ਬੋਦਲ ਵਾਲੀਆ) ਨੇ ਵਿਉਂਤ ਨਾਲ 'ਕੱਠਿਆਂ ਬੋਲਦਿਆਂ ਕਿਹਾ, "ਪੰਡਿਤ ਜੀ, ਹੱਥ ਵੇਖਣ 'ਚ ਤਾਂ ਕਿਆ ਬਾਤਾਂ ਹੀ ਕਰੀ ਜਾਨੇ ਓਂ।" ਓਸ ਨੂੰ ਇੰਨਾ ਕੁ ਹੀ ਕਹਿਣ ਤੇ ਉਸ ਕੁੜੀ ਦਾ ਯਕੀਨ ਅਸੀਮ ਤੋਂ ਪੱਟਿਆ ਜਿਹਾ ਗਿਆ ਤੇ ਉਸਨੇ ਹੱਥ ਖਿੱਚ ਕੇ ਮੇਰੇ ਅੱਗੇ ਕਰਦਿਆਂ ਕਿਹਾ, "ਮੈਂਨੂੰ ਪਤੈ ਤੁਸੀਂ ਇਹਨੂੰ ਟਿੱਚਰ ਕਿਉਂ ਕੀਤੀ ਐਕਿਉਂਕਿ ਤੈਨੂੰ ਹੱਥ ਦੇਖਣਾ ਆਉਂਦੈ।" ਮੈਂ ਤੇ ਜੋਤਿਸ਼----ਮੈ ਖੁਦ ਹੀ ਫਸ ਜਿਹਾ ਗਿਆ ਸੀਮੈਂ ਇੰਝ ਮਹਿਸੂਸ ਕਰ ਰਿਹਾ ਸੀ ਜਿਵੇਂ ਕਿਸੇ ਨੇ ਮੈਨੂੰ ਸਿਆਲਾਂ 'ਚ ਠੰਡੇ ਪਾਣੀ ਨਾਲ ਨਹਾਉਣ ਵਾਸਤੇ ਕਹਿ ਦਿੱਤਾ ਹੋਵੇਸਕੂਲ ਜਾਣ ਤੋਂ ਡਰਦੇ ਜੁਆਕ ਵਾਂਗ ਮੈਂ ਬੜੀ ਨਾਂਹ ਨਾਂਹ ਕੀਤੀ ਪਰ ਓਹ ਮਾਂ ਦੀ ਧੀ ਨਾ ਮੰਨੀਆਪਾਂ ਹੱਥ ਦੇਖਣਾ ਸ਼ੁਰੂ ਕਰ ਦਿੱਤਾਮੈਂ ਕਿਹਾ, "ਜੇ ਮਜਬੂਰ ਕਰ ਹੀ ਲਿਆ ਹੈ ਤਾਂ ਜਿਹੜੀ ਗੱਲ ਸਹੀ ਹੋਈ ਸਹੀ ਆਖੀਂ ਤੇ ਗਲਤ ਨੂੰ ਗਲਤ ਆਖੀਂ।"

ਕਈ ਹੋਰ ਕੁੜੀਆਂ ਦਾ ਧਿਆਨ "ਹਸਤ ਰੇਖਾ ਦੇ ਮਾਹਿਰ" ਮਨਦੀਪ ਖੁਰਮੀ ਵੱਲ ਹੋ ਗਿਆਮੈਂ ਜੋ ਵੀ ਆਖਾਂ ਓਹ ਕੁੜੀ ਹਾਂ ਵਿੱਚ ਹੀ ਸਿਰ ਮਾਰੀ ਗਈਅਸਲ 'ਚ ਮੈਂ ਓਹੀ ਗੱਲਾਂ ਦੁਹਰਾਈ ਗਿਆ ਜੋ ਹਸਤ ਰੇਖਾ ਦੇ 'ਮਾਹਿਰ' ਬਾਬੇ ਆਮ ਹੀ ਕਰਿਆ ਕਰਦੇ ਹਨਜਿਵੇਂ ਕਿ ਤੇਰੇ ਕੋਲ ਪੈਸਾ ਤਾਂ ਬਹੁਤ ਆਉਂਦੈ ਪਰ ਪਤਾ ਨਹੀਂ ਚਲਦਾ ਕਿ ਜਾਂਦਾ ਕਿੱਧਰ ਐਤੂੰ ਨਹੀਂ ਚਾਹੁੰਦੀ ਕਿ ਤੂੰ ਮਾਪਿਆਂ 'ਤੇ ਭਾਰ ਬਣਕੇ ਰਹੇਂਤੂੰ ਤਾਂ ਇਹੀ ਚਾਹੁੰਨੀ ਏਂ ਕਿ ਵੱਧ ਤੋਂ ਵੱਧ ਪੜ੍ਹਾਈ ਕਰਕੇ ਕਿਸੇ ਚੰਗੀ ਨੌਕਰੀ 'ਤੇ ਲੱਗੇਂਸਾਰਾ ਦਿਨ ਤੇਰੇ ਮਨ 'ਤੇ ਇਹਨਾਂ ਗੱਲਾਂ ਦੀ ਹੀ ਟੈਨਸ਼ਨ ਬਣੀ ਰਹਿੰਦੀ ਐਤੇਰਾ ਚੁੱਪ ਰਹਿਣ ਨੂੰ ਬਹੁਤ ਦਿਲ ਕਰਦੈਮਨ ਇਕਾਂਤ ਲੋੜਦਾ ਰਹਿੰਦੈ, ਕਦੇ ਕਦੇ ਭੁੱਬਾਂ ਮਾਰ ਕੇ ਰੋਣ ਨੂੰ ਜੀਅ ਕਰਦੈਵਗੈਰਾ ਵਗੈਰਾ ਗੱਲਾਂ ਕਿਸੇ ਵੀ ਲੜਕੀ ਨੂੰ ਹਿਪਨੋਟਾਈਜ ਕਰਨ ਲਈ ਕਾਫੀ ਸਨ। ਜ਼ਿਆਦਾਤਰ ਲੋਕ ਪਖੰਡੀ ਬਾਬਿਆਂ ਦੇ ਮੱਕੜ ਜਾਲ ਇਸ ਕਰਕੇ ਹੀ ਫਸ ਜਾਂਦੇ ਹਨ ਕਿਉਂਕਿ ਉਕਤ ਕੁੜੀ ਵਾਂਗ ਇਸ ਮਹਿੰਗੇ ਜ਼ਮਾਨੇ 'ਚ ਕਿਸ ਦੀ ਜੇਬ ਨੂੰ ਬਟਨ ਲੱਗਿਆ ਰਹਿ ਸਕਦੈ, ਕੌਣ ਚਾਹੁੰਦੈ ਕਿ ਉਹ ਆਪਣੇ ਮਾਪਿਆਂ 'ਤੇ ਭਾਰ ਬਣਕੇ ਰਹੇ, ਜਿਹੜਾ ਬੀ ਐੱਡ ਤੱਕ ਦੀ ਪੜ੍ਹਾਈ ਨੇੜੇ ਪਹੁੰਚ ਗਿਐ ਉਹ ਤਾਂ ਚਾਹੇਗਾ ਹੀ ਕਿ ਇੱਕ ਅੱਧ ਹੋਰ ਚੰਗੀ ਜਿਹੀ ਡਿਗਰੀ ਲੈ ਕੇ ਕਿਸੇ ਚੋਟੀ ਦੀ ਨੌਕਰੀ ਨੂੰ ਹੱਥ ਮਾਰਿਆ ਜਾਵੇ, 18-19 ਸਾਲ ਪੜ੍ਹਾਈ ਕਰਕੇ ਵੀ ਕੁਝ ਹੱਥ ਪੱਲੇ ਨਾ ਲੱਗਣ ਦੀ ਟੈਨਸਨ ਤਾਂ ਹੋਵੇਗੀ ਹੀ, ਜਾਹਿਰ ਹੈ ਕਿ ਮਨ ਉਲਝਣਾਂ 'ਚ ਫਸਿਆ ਕਦੇ ਇਕਾਂਤ ਲੋੜੇਗਾ ਤੇ ਕਦੇ ਆਪਣੇ ਹੀ ਲੇਖਾਂ ਨੂੰ ਕੋਸਦਾ ਰੋਣਾ ਚਾਹੇਗਾਇਹ ਗੱਲਾਂ ਉਸ ਬੀਬੀ ਦੇ ਭੱਖੜੇ ਦੇ ਕੰਡੇ ਵਾਂਗ ਖੁੱਭ ਗਈਆਂ ਸਨ, ਉਸਤੋਂ ਬਾਦ ਉਸਨੇ ਖੁਦ ਹੀ ਮੇਰੀ ਇੰਨੀ ਮਸ਼ਹੂਰੀ ਕਰ ਦਿੱਤੀ ਕਿ ਦੂਜੇ ਸੈਕਸਨਾਂ 'ਚੋਂ ਵੀ ਕੁੜੀਆਂ ਹੱਥ ਦਿਖਾਉਣ ਆਉਣ ਲੱਗੀਆਂਹੱਥ ਦਿਖਾਕੇ ਖੁਸ਼ ਹੋਏ ਕਿਸੇ ਨਾ ਕਿਸੇ 'ਗਾਹਕ' ਵੱਲੋਂ ਹਰ ਰੋਜ ਚਾਹ-ਪਾਣੀ ਦੀ ਪਾਰਟੀ ਦਿੱਤੀ ਜਾਂਦੀਜਦੋਂ ਕਿਸੇ ਮੁੰਡੇ ਨੇ ਹੱਥ ਦਿਖਾਉਣ ਵਾਸਤੇ ਕਹਿਣਾ ਤਾਂ ਭਾਵੇਂ ਮੈਂ ਸਾਫ ਦੱਸ ਦੇਣਾ, "ਮਿੱਤਰੋ! ਸਭ ਟਪੱਲੇ ਮਾਰੀਦੇ ਐ।" ਪਰ ਕੋਈ ਮੰਨਣ ਨੂੰ ਤਿਆਰ ਹੀ ਨਹੀਂ ਸੀ, ਸਗੋਂ ਇਹੀ ਕਹਿੰਦੇ, "ਤੂੰ ਦੇਖਦੈਂ ਪੋਲੇ-ਪੋਲੇ ਹੱਥ, ਸਾਡੇ ਰੇਗਮਾਰ ਵਰਗੇ ਹੱਥ ਤੈਨੂੰ ਕਿੱਥੋਂ ਚੰਗੇ ਲੱਗਣ।"

ਸਾਡੀ ਇੱਕ ਅਧਿਆਪਕਾ ਅਜੇ 'ਛੜੀ' ਭਾਵ ਕੁਆਰੀ ਹੀ ਸੀਵਿਆਹ ਦਾ ਟਾਂਕਾ ਫਿੱਟ ਹੋਣ ਕਿਨਾਰੇ ਹੀ ਸੀਪਹਿਲੇ ਦਿਨ ਕਲਾਸ ਨੂੰ ਸੰਬੋਧਨ ਕਰਦਿਆਂ ਉਸਨੇ ਆਪਣੀ ਸੰਘਰਸ਼ ਭਰੀ ਜ਼ਿੰਦਗੀ ਦੀ ਦਾਸਤਾਨ ਸੁਣਾ ਕੇ ਸਭ ਨੂੰ ਸੰਜੀਦਗੀ ਨਾਲ ਪੜ੍ਹਨ ਲਈ ਪ੍ਰੇਰਿਆ ਸੀਮੈਂ ਬੀ ਐੱਡ ਦੀ ਪੜ੍ਹਾਈ ਵੇਲੇ ਵੀ ਪੱਤਰਕਾਰੀ ਕਰ ਰਿਹਾ ਸੀਤੇ ਸੁੱਖ ਨਾਲ ਕਾਲਜ ਦੇ ਹਫਤਾਵਾਰੀ ਅਖਬਾਰ "ਨਵੀਂ ਕਿਰਨ" ਦਾ ਸੰਪਾਦਕ ਵੀ ਸੀਮੇਰੇ 'ਪੰਗੇਹੱਥਾ' ਪਰ 'ਸਿਆਣਾ' ਸਟੂਡੈਂਟ ਹੋਣ ਕਰਕੇ ਮੈਡਮ ਨੇ ਮੈਨੂੰ ਛੋਟ ਦਿੱਤੀ ਕਿ ਜੇ ਕਿਸੇ ਗੱਲ ਦਾ ਪਤਾ ਨਾ ਲੱਗੇ ਤਾਂ ਬੇਸੱਕ ਘਰ ਫੋਨ ਕਰ ਕੇ ਪੁੱਛ ਲਵੀਂਇਹ ਛੋਟ ਇਸ ਕਰਕੇ ਵੀ ਸੀ ਕਿਉਂਕਿ ਮੈਂ ਮੈਡਮ ਦੇ ਪੀ ਐੱਚ ਡੀ ਦੇ ਡਾਟੇ ਇਕੱਠੇ ਕਰਨ ਵਿੱਚ ਥੋੜ੍ਹੀ ਜਿਹੀ ਮਦਦ ਜੋ ਕੀਤੀ ਸੀਮੈ ਬਿਨਾ ਦੱਸੇ ਹੀ ਪਿੰਡ ਗਿਆ ਕਈ ਦਿਨ ਕਾਲਜ ਨਾ ਮੁੜਿਆ ਪਰ ਆਉਣ ਤੇ ਲੰਘ ਗਏ ਸਿਲੇਬਸ ਦਾ ਕੋਈ ਲੱਲ੍ਹ-ਚੱਜ ਜਿਹਾ ਨਾ ਆਵੇ, ਮੈਂ ਦੁਬਿਧਾ 'ਚ ਪਏ ਨੇ ਫੋਨ ਕੀਤਾ ਤਾਂ ਮੈਡਮ ਦੀ ਭਾਬੀ ਨੇ ਚੁੱਕ ਲਿਆ

ਆਵਾਜ਼ ਦੇ ਰਲੇਵੇਂ ਕਾਰਨ ਓਹ ਮੈਂਨੂੰ ਮੈਡਮ ਦਾ ਮੰਗੇਤਰ ਸਮਝ ਬੈਠੀਮੈਂ ਦੱਸਿਆ, "ਨਹੀਂ ਜੀ, ਮੈਂ ਰਾਜਾ ਨਹੀਂ ਸਗੋਂ ਮੈਡਮ ਦਾ ਸਟੂਡੈਂਟ ਮਨਦੀਪ ਹਾਂ।" ਇੰਨੀ ਕੁ ਗੱਲ ਨੇ ਫਿਰ ਮੇਰੇ ਪੱਕੇ ਜੋਤਿਸ਼ੀ ਹੋਣ ਉੱਪਰ ਮੋਹਰ ਲਗਾ ਦਿੱਤੀਹੋਇਆ ਇੰਝ ਕਿ ਕਲਾਸ ਦੀਆਂ ਕੁੜੀਆਂ ਦੇ ਕਹਿਣ ਤੇ ਸਾਡੀ ਮੈਡਮ ਨੇ ਵੀ ਹੱਥ ਮੇਰੇ ਅੱਗੇ ਕਰ ਦਿੱਤਾਆਪਾਂ ਫਾਰਮੂਲਾ ਵਰਤਿਆ, ਜੋ ਕੁਝ ਮੈਡਮ ਨੇ ਆਪਣੇ ਪਹਿਲੇ ਲੈਕਚਰ ਵਿੱਚ ਦੱਸਿਆ ਸੀ, ਕੱਲਾ ਕੱਲਾ ਕਰਕੇ ਓਹੀ ਦੱਸੀ ਗਿਆਮੈਡਮ ਵੀ ਹਾਂ-ਹਾਂ ਕਰੀ ਜਾਵੇਇਕ ਕੁੜੀ ਬੋਲੀ, "ਮੈਡਮ ਜੀ, ਮਨਦੀਪ ਤਾਂ ਉਹੀ ਤੁੱਕੇ ਤੀਰ ਬਣਾ ਬਣਾ ਛੱਡੀ ਜਾਂਦੈ ਜੋ ਤੁਸੀਂ ਪਹਿਲੀ ਕਲਾਸ ਵੇਲੇ ਦੱਸਿਆ ਸੀ।" ਮੈਂ ਕੇਰਾਂ ਤਾਂ ਰੰਗੇ ਹੱਥੀਂ ਫੜ੍ਹੇ ਗਏ ਕਿਸੇ ਭਰਿਸ਼ਟ ਅਫਸਰ ਵਾਂਗ ਮਹਿਸੂਸ ਕੀਤਾ ਪਰ ਹੌਸਲਾ ਨਾ ਹਾਰਿਆਮੈਂ ਆਪਣਾ ਪੈੱਨ ਮੈਡਮ ਨੂੰ ਦਿੱਤਾ ਤੇ ਕਾਪੀ ਤੇ ਕੋਈ ਵੀ ਅੰਕ ਲਿਖਣ ਲਈ ਕਿਹਾ

ਮੈਡਮ ਨੇ ਆਠਾ (8) ਲਿਖਿਆ ਤੇ ਮੈਂ ਆਪਣਾ ਹੀ ਹਿਸਾਬ ਕਿਤਾਬ ਲਗਾ ਕੇ ਮੈਡਮ ਨੂੰ ਕਿਹਾ, "ਇਹ ਉਹ ਅੱਖਰ ਹੈ ਜੋ ਤੁਹਾਡੀ ਜ਼ਿੰਦਗੀ 'ਚ ਖ਼ਾਸ ਅਹਿਮੀਅਤ ਰੱਖਦੈ।" ਅੱਖਰ ਦਿਖਾਉਣ ਤੋਂ ਪਹਿਲਾਂ ਬੋਲਿਆ ਡਾਇਲਾਗ ਗਲਤ ਹੋਣ ਤੇ ਮੇਰੀ ਜੋਤਿਸ਼ ਦੀ ਫੂਕ ਵੀ ਨਿਕਲ ਸਕਦੀ ਸੀ ਤੇ ਮੈਂ "ਜੋਤਿਸ਼ ਅਚਾਰੀਆ" ਵੀ ਬਣ ਸਕਦਾ ਸੀਅੱਖਰ ਦੇਖਣ ਲਈ ਸਾਰੀ ਕਲਾਸ ਉਤਸੁਕ ਤੇ ਚੁੱਪ ਸੀਮੈਂ ਕਾਪੀ ਮੈਡਮ ਵੱਲ ਕੀਤੀ ਤਾਂ ਉਸਨੇ ਕਿਹਾ, "ਵਾਹ ਪੰਡਿਤ ਜੀ, ਆਹ ਤਾਂ ਕਮਾਲ ਈ ਕਰਤੀ।" ਸਚਮੁੱਚ ਹੀ ਉਸਦੇ ਮੰਗੇਤਰ ਦਾ ਨਾਂ ਰਾਰੇ (ਰ) ਤੋਂ ਸ਼ੁਰੂ ਹੁੰਦਾ ਸੀਬੇਸੱਕ ਇਹ ਸਭ ਕੁਝ ਅਣਜਾਣਪੁਣੇ ਜਾਂ ਲਾਚੜਪੁਣੇ 'ਚ ਹੀ ਹੋਈ ਜਾ ਰਿਹਾ ਸੀ ਪਰ ਇਹ ਗੱਲ ਵੀ ਮੈਨੂੰ ਵੱਢ ਵੱਢ ਖਾਂਦੀ ਕਿ ਮੈਂ ਗਲਤ ਕਰੀ ਜਾ ਰਿਹਾ ਹਾਂਮੈਨੂੰ ਆਪਣੀ ਗਲਤੀ ਦਾ ਪਛਤਾਵਾ ਕਰਨ ਦਾ ਮੌਕਾ ਉਸ ਦਿਨ ਮਿਲਿਆ ਜਦ ਕਾਲਜ 'ਚ ਸਾਰਿਆਂ ਦਾ ਆਖਰੀ ਦਿਨ ਸੀ

ਮੈ ਮੌਕਾ ਜਿਹਾ ਦੇਖਕੇ ਆਪਣੇ 'ਗਾਹਕਾਂ' ਦੀ ਟੋਲੀ ਨੂੰ ਸੰਬੋਧਨ ਕਰਦਿਆਂ ਪੁੱਛਿਆ, "ਦੋਸਤੋ ਤੁਸੀਂ ਮੈਨੂੰ ਕਿੰਨ੍ਹਾਂ ਦਾ ਮੁੰਡਾ ਸਮਝਦੇ ਹੋ?" ਕਈ ਕੁੜੀਆਂ ਦੀ 'ਕੱਠੀ 'ਵਾਜ ਆਈ, "ਪੰਡਤਾਂ ਦਾ।" "ਪਰ ਮੈਂ ਪੰਡਤਾਂ ਦਾ ਨਹੀਂ ਸਗੋਂ ਸੁਨਿਆਰਾਂ ਦਾ ਮੁੰਡਾ ਹਾਂ, ਤੇ ਨਾ ਹੀ ਮੈਨੂੰ ਹੱਥ ਦੇਖਣਾ ਆਉਂਦਾ ਹੈ ਸਗੋਂ ਮੈਂ ਤਾਂ ਤਰਕਸ਼ੀਲ ਵਿਚਾਰਾਂ ਵਾਲਾ ਹਾਂ।" ਮੈਂ ਆਪਣੀ ਬੱਜਰ ਗਲਤੀ ਨੂੰ ਦਰੁਸਤੀ ਵੱਲ ਲਿਜਾ ਰਿਹਾ ਸਾਂ। "ਮੈਂ ਤੁਹਾਨੂੰ ਓਹੀ ਕੁਝ ਹੱਥ ਦੇਖਕੇ ਦੱਸਦਾ ਰਿਹਾਂ ਜੋ ਆਮ ਵਾਪਰਦੈ, ਭਲਿਓ ਲੋਕੋ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਕੁੜੀ ਦਾ ਕਿਹੜਾ ਤੇ ਮੁੰਡੇ ਦਾ ਕਿਹੜਾ ਹੱਥ ਦੇਖੀਦੈਮੈਂ ਓਹੀ ਗੱਲਾਂ ਥੋਡੇ ਨਾਲ ਕੀਤੀਆਂ ਨੇ ਜੋ ਬਾਬੇ ਆਮ ਲੋਕਾਂ ਦੀ ਮਾਨਸਿਕਤਾ ਨੂੰ ਹੱਥ ਹੇਠ ਕਰਨ ਲਈ ਕਰਦੇ ਨੇਪਰ ਤੁਸੀਂ ਅਧਿਆਪਕ ਬਣਨ ਜਾ ਰਹੇ ਹੋ।"

ਮੇਰੇ ਇੰਨਾ ਕੁ ਕਹਿਣ ਤੇ ਓਹ ਕਿਸੇ ਜੇਬ ਕੱਟੀ ਗਈ ਵਾਲੇ ਮੁਸਾਫਿਰ ਵਾਂਗ ਬੈਠੇ ਸਨਮੈਂ ਫਿਰ ਕਿਹਾ, "ਤੁਹਾਡੇ ਤੇ ਅੱਜ ਤੋਂ ਬਾਦ ਜੋ ਜਿੰਮੇਵਾਰੀ ਪੈਣ ਜਾ ਰਹੀ ਹੈ ਓਹ ਆਪਣੇ ਆਪ 'ਚ ਬਹੁਤ ਵੱਡੀ ਐ, ਸੈਂਕੜੇ ਜੁਆਕਾਂ ਦੀ ਜ਼ਿੰਦਗੀ ਥੋਡੇ ਹੱਥ ਹੋਵੇਗੀ, ਪਰ ਜੇ ਥੋਡੇ ਹੱਥ ਹੀ ਕਿਸੇ ਹੋਰ ਤੋਂ ਭਵਿੱਖ ਜਾਨਣ 'ਚ ਰੁੱਝੇ ਰਹਿਣਗੇ ਤਾਂ ਓਹ ਮਾਸੂਮ ਕਿਸ ਆਸਰੇ ਹੋਣਗੇਕੋਈ ਵੀ ਕੰਮ ਕਰਨ ਤੋਂ ਪਹਿਲਾਂ ਪੁਣਛਾਣ ਜਰੂਰ ਕਰੋ, ਲਾਈਲੱਗ ਨਾ ਬਣੋ, ਅੱਖਾਂ ਮੀਟ ਕੇ ਯਕੀਨ ਨਾ ਕਰੋ,ਫਿਰ ਤੁਹਾਡੇ ਤੇ ਕਿਸੇ 'ਗੂਠਾ ਛਾਪ 'ਚ ਕੀ ਫਰਕ ਰਹੇਗਾ।" ਮੈਨੂੰ ਜਾਪ ਰਿਹਾ ਸੀ ਕਿ ਮੈਂ ਆਪਣਾ ਕੁਝ ਕੁ ਭਾਰ ਹੌਲਾ ਕਰ ਲਿਆ ਸੀਸਾਰੀ ਕਹਾਣੀ ਸੁਣਾਉਣ ਤੇ ਵੀ ਕਈਆਂ ਨੂੰ ਹਾਲੇ ਵੀ ਯਕੀਨ ਨਹੀਂ ਆ ਰਿਹਾ ਸੀਮੈਂ ਉਸ ਵੇਲੇ ਸ਼ਿੱਦਤ ਨਾਲ ਮਹਿਸੂਸ ਕੀਤਾ ਕਿ ਦੁਨੀਆਂ 'ਚ ਪੜ੍ਹੇ-ਲਿਖੇ ਵੀ ਬੁੱਧੂ ਬਨਣ ਲਈ "ਮਿੰਨਤਾਂ" ਕਰਦੇ ਫਿਰਦੇ ਹਨ ਪਰ ਬੁੱਧੂ ਬਣਾਉਣ ਦਾ ਹੁਨਰ ਹੋਣਾ ਚਾਹੀਦਾ ਹੈ

Sunday, December 14, 2008

ਮਨਦੀਪ ਖੁਰਮੀ ਹਿੰਮਤਪੁਰਾ - ਵਿਅੰਗ

ਕਾਸ਼ ! ਮੈਂ ਭਾਰਤ ਨੂੰ ਕ੍ਰਿਕਟ ਵਰਲਡ ਕੱਪ ਜਿਤਾ ਸਕਦਾ

ਵਿਅੰਗ

ਕ੍ਰਿਕਟ ਵਰਲਡ ਕੱਪ ਚੱਲ ਰਿਹਾ ਸੀਉੱਪਰੋਂ ਐੱਮ. ਏ. ਦੇ ਪੇਪਰ ਵੀ ਸਿਰ ਟਤੇ ਸਨਮਾਤਾ ਵਾਰ-ਵਾਰ ਇੱਕ ਚਿੱਤ ਹੋ ਕੇ ਪੜ੍ਹਨ ਨੂੰ ਕਹਿੰਦੀਕ੍ਰਿਕਟ ਵੱਲ ਥੋੜ੍ਹਾ ਬਹੁਤਾ ਝੁਕਾਅ ਤਾਂ ਪਹਿਲਾਂ ਹੀ ਸੀ, ਪਰ ਟੀ ਵੀ ਤੇ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਚੱਲ ਰਹੀਆਂ ਮਸ਼ਹੂਰੀਆਂ ਨੇ ਵੀ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਸੀਆਪਾਂ ਵੀ ਮੁੱਕਦੀ ਗੱਲ ਸ਼ਾਹੀ ਸ਼ੌਕ ਵਾਂਗ ਕ੍ਰਿਕਟ ਦਾ ਸ਼ੌਕ ਪਾਲਿਆ ਹੋਇਆ ਸੀਜਦੋਂ ਵੀ ਜੀਅ ਕਰਦਾ ਡਾਕਟਰਾਂ ਦੇ ਨਿੰਦੇ ਤੇ ਜੀਤੇ ਨਾਲ ਰਲਕੇ ਛੋਟੇ ਜਿਹੇ ਵਿਹੜੇ 'ਚ ਹੀ ਵਿਕਟਾਂ ਦੀ ਜਗ੍ਹਾ ਇੱਟਾਂ ਰੱਖਕੇ ਬਿੰਦਰ ਮਿਸਤਰੀ ਤੋਂ ਬਣਵਾਏ ਲੱਕੜ ਦੇ ਥਾਪੇ ਨਾਲ ਗੇਂਦ ਕੁੱਟਣੀ ਸ਼ੁਰੂ ਕਰ ਦੇਣੀਬੇਸ਼ੱਕ ਮੈਂ ਕ੍ਰਿਕਟ ਦੇ ਇੱਕ ਚੰਗੇ ਖਿਡਾਰੀ ਵਜੋਂ ਕਿਸੇ ਦੇ ਚਿੱਤ ਚੇਤੇ ਵੀ ਨਾ ਹੋਵਾਂ ਪਰ ਉਸ ਵੇਲੇ ਸਭ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਜਦੋਂ 'ਆਪਾਂ' ਨੂੰ ਵੀ ਕ੍ਰਿਕਟ ਵਰਲਡ ਕੱਪ ਲਈ ਅੱਧ ਵਿਚਾਲਿਉਂ ਜਿਹੇ ਹੀ ਭਾਰਤੀ ਟੀਮ ਲਈ ਚੁਣ ਲਿਆ ਗਿਆਅਖਬਾਰਾਂ ਵਿੱਚ ਖਬਰਾਂ ਛਪੀਆਂ, ਚੈਨਲਾਂ ਵਾਲੇ ਮੇਰੇ ਅੱਗੇ ਪਿੱਛੇਲੋਕ ਇਸ ਤੋਂ ਵੀ ਵਧੇਰੇ ਇਸ ਗੱਲੋਂ ਹੈਰਾਨ ਕਿ ਇਹ ਕ੍ਰਿਸ਼ਮਾ ਹੋਇਆ ਕਿਵੇਂ? ਲੋਕਾਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚੁੰਝ ਚਰਚਾ ਚੱਲ ਪਈਆਂਕੋਈ ਕਹੇ, "ਸਾਰੀ ਦਿਹਾੜੀ ਤਾਂ ਤੁਰਿਆ ਫਿਰਦਾ ਰਹਿੰਦੈ, ਕੋਈ ਨਾ ਕੋਈ ਜੁਗਾੜ ਲਾ ਗਿਐ।" ਕੋਈ ਕਹੇ, "ਇਹਨਾਂ ਦਾ ਕੋਈ ਰਿਸ਼ਤੇਦਾਰ ਚੋਣ ਕਮੇਟੀ ਦਾ ਮੈਂਬਰ ਐ, ਉਹਦੀ ਮਿੰਨਤ-ਮੁੰਨਤ ਕਰਕੇ ਕਹਾਣੀ ਫਿੱਟ ਕਰਲੀ ਹੋਊ।" ਪਰ ਜ਼ਿਆਦਾਤਰ ਲੋਕ ਇਸ ਕਰਕੇ ਖੁਸ਼ ਕਿ ਚਲੋ ਕੁੱਝ ਵੀ ਹੋਵੇ ਪਰ ਹਿੰਮਤਪੁਰੇ ਦਾ ਨਾਂ ਤਾਂ ਵਿਸ਼ਵ ਪੱਧਰ ਤੇ ਚਮਕੇਗਾ ਹੀਉਹ ਦਿਨ ਵੀ ਆ ਗਿਆ ਜਦੋਂ ਮੈਂ 'ਪੋਰਟ ਆਫ ਸਪੇਨ' ਵੱਲ ਨੂੰ ਜਹਾਜੇ ਚੜ੍ਹਨਾ ਸੀਲੋਕਾਂ ਨੇ ਹਾਰਾਂ ਨਾਲ ਲੱਦ ਦਿੱਤਾ, ਮਾਤਾ ਨੇ ਮੱਥੇ ਟਿੱਕਾ ਲਾ ਕੇ ਮੂੰਹ ਮਿੱਠਾ ਕਰਵਾਕੇ ਏਅਰਪੋਰਟ ਵੱਲ ਨੂੰ ਸਿੱਧਾ ਕਰ ਦਿੱਤਾਲੋਕਾਂ ਦੀਆਂ ਦੁਆਵਾਂ ਨੇ 'ਕਵੀਂਜ ਪਾਰਕ ਓਵਲ' ਨਾਂ ਦੇ ਸਥਾਨ ਤੇ ਪਹੁੰਚਾ ਦਿੱਤਾਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਮੈਨੂੰ ਪਤਾ ਲੱਗਾ ਕਿ ਮੈਂ ਮਾਸਟਰ ਬਲਾਸਟਰ ਵਜੋਂ ਜਾਣੇ ਜਾਂਦੇ ਸਚਿਨ ਤੇਂਦੁਲਕਰ ਨਾਲ ਓਪਨਰ ਵਜੋਂ ਖੇਡਣ ਜਾ ਰਿਹਾ ਹਾਂਸਾਡਾ ਮੈਚ ਬੰਗਲਾ ਦੇਸ਼ੀਆਂ ਨਾਲ ਸੀਬੜੀ ਰੌਚਕ ਘੜੀ ਸੀਜਿੱਥੇ ਸਚਿਨ ਨੂੰ ਇੱਕ ਵਾਰ ਦੇਖਣਾ ਵੀ ਦੁੱਭਰ ਸੀ, ਉੱਥੇ ਉਸ ਸ਼ਖ਼ਸ ਨਾਲ ਮੈਂ ਇੱਕ ਸਾਂਝੇਦਾਰ ਵਜੋਂ ਖੇਡ ਰਿਹਾ ਸਾਂਬੰਗਲਾ ਦੇਸ਼ ਦੇ ਗੇਂਦਬਾਜਾਂ ਦੀਆਂ ਗੇਂਦਾਂ ਦਾ ਸਾਹਮਣਾ ਕਰਦੇ ਪਹਿਲਾਂ ਪਹਿਲਾਂ ਤਾਂ ਅਸੀਂ ਲਿੱਪਾ-ਪੋਚੀ ਜਿਹੀ ਕਰਦੇ ਰਹੇਦੂਜੇ ਖਿਡਾਰੀ ਉਤਾਂਹ ਬਣੇ ਖੁੱਡੇ ਜਿਹੇ 'ਚ ਬੈਠੇ ਆਪੋ ਆਪਣੀ ਵਾਰੀ 'ਉਡੀਕਣ'ਉਹਨਾਂ ਦੀ ਹਾਲਤ ਦੇਖ ਕੇ ਮੈਨੂੰ ਬਚਪਨ ਦੇ ਉਹ ਦਿਨ ਯਾਦ ਆ ਗਏ ਜਦੋਂ ਗੁੱਲੀ ਡੰਡਾ ਖੇਡਦਿਆਂ ਤੀਰਥ ਪੰਡਤ ਦੇ ਮੁੰਡੇ ਕਾਲੇ ਤੇ ਜੱਸੀ ਵਰਗੇ ਆਪਣੀ ਵਾਰੀ ਲਿਆਉਣ ਲਈ 'ਚੂਹਿਆ ਚੂਹਿਆ ਖੁੱਡ ਪੱਟ ਸਾਡੀ ਵਾਰੀ ਕਦੋਂ ਆਊਗੀ' ਕਹਿ ਕੇ ਉਂਗਲ ਨਾਲ ਧਰਤੀ 'ਚ ਗਲੀ ਕਰਨ ਤੱਕ ਜਾਂਦੇ ਹੁੰਦੇ ਸੀ, ਉਹੀ ਕੁਝ ਜਿਹਾ ਸਹਿਵਾਗ ਯੁਵਰਾਜ ਵਰਗੇ ਕਰਦੇ ਜਾਪਦੇ ਸਨਸਭ ਨੂੰ ਦੇਸ਼ ਦੀ ਇੱਜਤ ਦਾ ਨਹੀਂ ਸਗੋਂ ਆਪਣੇ 'ਰਨ' ਬਣਾਉਣ ਦਾ ਵੱਧ ਫਿਕਰ ਹੁੰਦਾ ਹੈ ਕਿਉਂਕਿ ਜਿੰਨੇ ਰਨ ਓਨੇ ਹੀ ਮਾਇਆ ਦੇ ਗੱਫ਼ੇ ਵੱਧਮੇਰੇ ਅੰਦਰ ਸਿਰਫ਼ ਤੇ ਸਿਰਫ਼ ਦੇਸ਼ ਭਗਤੀ ਹੀ ਖੌਰੂ ਪਾਈ ਫਿਰਦੀ ਸੀ ਜਿਵੇਂ ਪੰਜਾਬ ਦੀ ਰਾਜਨੀਤੀ 'ਚ ਬਾਦਲ ਸਾਬ੍ਹ ਤੇ ਕੈਪਟਨ ਸਾਬ੍ਹ ਪਾਈ ਫਿਰਦੇ ਨੇਪਰ ਮੈਂ ਤੇ ਸਚਿਨ ਜੀ ਨੇ ਘੁੱਗੀ ਨਾ ਖੰਘਣ ਦਿੱਤੀਗੇਂਦਬਾਜ ਮੁਸਰਫ਼ ਮੋਰਤਜਾ ਦੇ ਹੁਨਰ ਤੋਂ ਸ਼ਾਇਦ ਸਚਿਨ ਕਾਫੀ ਫਿਕਰਮੰਦ ਸੀ ਕਿਉਂਕਿ ਮੈਨੂੰ ਨੇੜੇ ਬੁਲਾਕੇ ਉਸਨੇ ਹੌਲੀ ਜਿਹੀ ਆਪਣੀ ਤਿੱਖੀ ਆਵਾਜ 'ਚ ਆਖਿਆ, "ਖੁਰਮੀ, ਦੇਖੀਂ ਕਿਤੇ ਆਊਟ ਨਾ ਹੋਜੀਂ, ਮੋਰਤਜਾ ਦੀ ਗੇਂਦ ਦਾ ਪਤਾ ਜਿਹਾ ਨਹੀਂ ਲਗਦਾ ਕਿ ਆਉਂਦੀ ਕਿਧਰੋਂ ਹੈ ਤੇ ਜਾਂਦੀ ਕਿੱਧਰ ਨੂੰ ਹੈ।" ਮੈਂ ਸਚਿਨ ਦੀ ਘਬਰਾਹਟ ਦੂਰ ਕਰਦਿਆਂ ਕਿਹਾ, "ਸਚਿਨ ਜੀ ਫ਼ਿਕਰ ਨਾ ਕਰੋ, ਮੈਂ ਤਾਂ ਡਾਕਟਰਾਂ ਦੇ ਨਿੰਦੇ ਵਰਗਿਆਂ ਤੋਂ ਆਊਟ ਨਹੀਂ ਹੋਇਆ ਮੋਰਤਜਾ ਤਾਂ ਕਿਹੜੇ ਬਾਗ ਦਾ ਸ਼ਲਗਮ ਐ।" ਬੰਗਲਾਦੇਸੀਆਂ ਵੱਲੋਂ ਸਾਡੀ ਟੀਮ ਅੱਗੇ ਰੱਖੇ ਵਿਸ਼ਾਲ ਸਕੋਰ ਦੇ ਪਾੜੇ ਨੂੰ ਖ਼ਤਮ ਕਰਨ ਅਤੇ ਉਹਨਾਂ ਨੂੰ ਬੁਰੀ ਤਰ੍ਹਾਂ ਹਰਾਉਣ ਦਾ ਜਜ਼ਬਾ ਮੇਰੇ ਦਿਲ ਵਿੱਚ ਢਕੇ ਹੋਏ ਦੁੱਧ ਵਾਂਗ ਉੱਬਲ ਰਿਹਾ ਸੀਗੱਲ ਆਖਰੀ ਓਵਰ ਦੀ ਅਖਰੀ ਗੇਂਦ ਅਤੇ ਤਿੰਨ ਦੌੜਾਂ ਲੈਣ ਦੇ ਸਵਾਲ ਤੱਕ ਪੁੱਜ ਗਈਮੇਰਾ ਬੈਟ ਵੀ ਮੋਰਤਜਾ ਦੀ ਗੇਂਦ ਨੂੰ ਰੱਸੇ ਤੋਂ ਪਾਰ ਟਪਾਉਂਣ ਲਈ ਕਾਹਲਾ ਸੀਜਿਉਂ ਹੀ ਮੋਰਤਜਾ ਨੇ ਗੇਂਦ ਸੁੱਟੀ ਤੇ ਜਿਉਂ ਹੀ ਮੇਰਾ ਬੱਲਾ ਬਾਲ ਨਾਲ ਟਕਰਾਇਆ------------------

ਫਿਰ ਕੀ ਸੀ ਮਿੱਤਰੋ! ਮੇਰਾ ਵਰਲਡ ਕੱਪ ਜਿੱਤਣ ਦਾ ਸੁਪਨਾ ਉਦੋਂ ਚਕਨਾਚੂਰ ਹੋ ਗਿਆ ਜਦੋਂ ਮੇਰੀ ਮਾਤਾ ਨੇ ਮੈਨੂੰ ਜ਼ੋਰ ਨਾਲ ਝੰਜੋੜਦਿਆਂ ਕਿਹਾ, "ਵੇ ਮੁੰਡਿਆ, ਕੀ ਗੱਲ ਹੋਗੀ? ਅੱਧਾ ਘੰਟਾ ਹੋ ਗਿਆ ਸੁੱਤਾ ਪਿਆ ਕੰਧ 'ਚ ਈ ਮੁੱਕੀਆਂ ਮਾਰੀ ਜਾਨੈਂਪੇਪਰ ਸਿਰ ਤੇ ਆਏ ਪਏ ਆ, ਉੱਠ ਕੇ ਪੜ੍ਹਿਆ ਨੀਂ ਜਾਂਦਾ।" ਹਾਏ ਓਏ ! ਇਸੇ ਗੱਲ ਦਾ ਹੀ ਅਫ਼ਸੋਸ ਮਾਰੀ ਜਾਂਦੈ ਕਿ ਜੇ ਮਾਤਾ ਦੋ ਮਿੰਟ ਹੋਰ ਨਾ ਜਗਾਉਂਦੀ ਤਾਂ ਆਸਟਰੇਲੀਆ ਟੀਮ ਦੀ ਕੀ ਮਜ਼ਾਲ ਸੀ ਕਿ ਵਰਲਡ ਕੱਪ ਜਿੱਤ ਜਾਂਦੀਚੱਲੋ ਆਪਣੇ ਵੀ ਹੌਸਲੇ ਬੁਲੰਦ ਨੇ, ਰਹਿੰਦੀ ਖੂੰਹਦੀ ਕਸਰ ਕਦੇ ਫੇਰ ਕੱਢ ਦਿਆਂਗੇ

Sunday, December 7, 2008

ਮਨਦੀਪ ਖੁਰਮੀ ਹਿੰਮਤਪੁਰਾ - ਨਜ਼ਮ

ਹੱਸ ਬੋਲ ਵੇ ਸੱਜਣਾ....!
ਨਜ਼ਮ

ਤੇਰਾ ਬੋਲ ਸੁਣਨੇ ਦੀ
ਨਿੱਤ ਹੀ ਉਡੀਕ ਰਹੇ।
ਆਖਰੀ ਤਮੰਨਾ
ਹੱਸ ਬੋਲ ਵੇ ਸੱਜਣਾ।
----
ਕਿਤੇ ਏਸੇ ਆਸ ਵਿੱਚ
ਮਰ ਹੀ ਨਾ ਜਾਈਏ,
ਯਾਦ ਆਵਾਂਗੇ ਜਦੋਂ
ਨਾ ਰਹੇ ਕੋਲ਼ ਵੇ ਸੱਜਣਾ।
----
ਅਸੀਂ ਤੇਰੇ ਸ਼ਹਿਰ ‘ਚੋਂ
ਤਿਹਾਏ ਮੁੜੇ ਇਸ ਤਰ੍ਹਾਂ
ਜਿਉਂ ਸੁੱਕੇ ਖੂਹ ‘ਚੋਂ
ਮੁੜੇ ਖਾਲੀ ਡੋਲ ਵੇ ਸੱਜਣਾ।
----
ਪਿਆਰ ‘ਚ ਪਰਖ ਲਈ
ਹੁੰਦੀ ਨਹੀਂ ਕੋਈ ਥਾਂ ਭਾਵੇਂ
ਜਿਸ ਮਰਜੀ ਤਰਾਜ਼ੂ
ਲਵੀਂ ਤੋਲ ਵੇ ਸੱਜਣਾ।
----
ਕੀ ਪਤਾ ਸੀ ਕਿ ਨਿਹੁੰ ਲਾ ਕੇ
ਪੈਂਦਾ ਉਮਰਾਂ ਲਈ ਰੋਣਾ
ਹੱਥੀਂ ਆਪਣੇ ਹੀ
ਜਿੰਦ ਬੈਠੇ ਰੋਲ਼ ਵੇ ਸੱਜਣਾ।
----
ਤੂੰ ਤਾਂ ਸਾਨੂੰ ਅੱਜ ਵੀ
ਅਜ਼ੀਜ਼ ਜਾਨ ਆਪਣੀ ਤੋਂ
ਜਿਥੋਂ ਲੰਘੇਂ ਕਰਾਂ ਰਾਹ ਸੁੱਚੀ
ਰੱਤ ਡੋਲ੍ਹ ਵੇ ਸੱਜਣਾ।
----
ਹਰ ਰੋਮ-ਰੋਮ ਉੱਤੇ
ਨਾਂ ਤੇਰਾ ਹੀ ਹੋਵਣਾ
ਦੇ਼ਖ ਲਵੀਂ ਭਾਵੇਂ
ਤੂੰ ਫਰੋਲ਼ ਵੇ ਸੱਜਣਾ।
----
ਦੇ ਗਏ ਹਾਲਾਤ ਭਾਵੇਂ
ਧੋਖਾ ਦਰ ਧੋਖਾ
“ਦੀਪ” ਵਾਅਦਿਆਂ ‘ਤੇ
ਅੱਜ ਵੀ ਅਡੋਲ ਵੇ ਸੱਜਣਾ।

Monday, December 1, 2008

ਮਨਦੀਪ ਖੁਰਮੀ ਹਿੰਮਤਪੁਰਾ - ਯਾਦਾਂ

ਜੇਹਾ ਤੱਕਿਆ- ਤੇਹਾ ਲਿਖਿਆ
ਵਲਾਇਤ ਤੋਂ ਪਿੰਡ ਵੱਲ ਜਾਣ ਦੇ ‘ਦਰਦਨਾਕ’ ਸਫ਼ਰ ਦੀ ਗਾਥਾ

ਯਾਦਾਂ

ਅੱਜ 28 ਅਕਤੂਬਰ 2008 ਨੂੰ (ਪੰਜਾਬੋਂ ਆਉਣ ਤੋਂ ਸਿਰਫ 8 ਮਹੀਨੇ 11 ਦਿਨ ਬਾਦ ਹੀ) ਪਿੰਡ ਜਾਣ ਲਈ ਵਹੀਰਾਂ ਘੱਤਣੀਆਂ ਸਨ। ਇੰਗਲੈਂਡ ਦੇ ਸਮੇਂ ਅਨੁਸਾਰ ਰਾਤ (ਸਵੇਰ) ਦੇ ਇੱਕ ਵਜੇ ਘਰੋਂ ਏਅਰਪੋਰਟ ਲਈ ਚਾਲੇ ਪਾਉਂਣੇ ਸਨ। ਪਿੰਡ ਜਾਣ ਦੇ ਚਾਅ ‘ਚ ਨੀਂਦ ਇੱਕ ਪਲ ਵੀ ਨੇੜੇ ਨਾ ਆਈ। ਜਿਥੇ ਮੈਂ ਰਹਿ ਰਿਹਾ ਸਾਂ, ਉਥੇ ਪੰਜਾਬੀ ਤਾਂ ਦੂਰ, ਭਾਰਤੀ ਵੀ ਅਸੀਂ ਦੋਵੇਂ ਇਕੱਲੇ ਹੀ ਸਾਂ। ਪਰ ਇਕ 'ਟੇਕ-ਅਵੇ' ਚਲਾਉਂਦੇ ਦੋ ਪਾਕਿਸਤਾਨੀ ਦੋਸਤ ਬਸ਼ੀਰ ਤੇ ਤਾਰਿਕ ਹੀ ਮੇਰੇ ਲਈ ਭੈਣ- ਭਰਾ, ਰਿਸ਼ਤੇਦਾਰ ਸਨ, ਜਿਹਨਾਂ ਨਾਲ ਮਨ ਦਾ ਗੁੱਭ- ਗੁਭਾਟ ਕੱਢ ਲਿਆ ਕਰਦਾ ਸੀ। ਰਾਤ ਨੂੰ ਯਾਰ ਬਸ਼ੀਰ ਆਪਣੀ ਕਾਰ ‘ਤੇ 20 ਕੁ ਮੀਲ ਦੂਰ ਕੋਚ (ਬੱਸ) ਫੜ੍ਹਨ ਲਈ ਛੱਡ ਕੇ ਗਿਆ। ਸਵੇਰ ਦੇ 1:25 ਵਜੇ ਕੋਚ ‘ਤੇ ਸਵਾਰ ਹੋ ਗਏ। ਸਵੇਰ ਦੇ ਸਹੀ ਪੌਣੇ ਨੌਂ ਵਜੇ ‘ਆਪਣੇ ਜਹਾਜ’ ਜਾਣੀ ਕਿ ਏਅਰ ਇੰਡੀਆ ਦੇ ਜਹਾਜ਼ ਨੇ ਸਾਨੂੰ ਪਿੰਡ ਵੱਲ ਨੂੰ ਲੈ ਕੇ ਉੱਡਣਾ ਸੀ। ਅਰਜਨ ਨੂੰ ਚਿੜੀ ਦੀ ਅੱਖ ਦੇ ਦਿਸਣ ਵਾਂਗ ਮੈਨੂੰ ਸਿਰਫ ਤੇ ਸਿਰਫ ‘ਜਾਨ ਤੋਂ ਪਿਆਰੇ’ ਮਿੱਤਰ-ਬੇਲੀ ਹੀ ਨਜ਼ਰ ਆ ਰਹੇ ਸਨ ਕਿ ਕਿਹੜਾ ਵੇਲਾ ਆਵੇ ਤੇ ਅਸੀਂ ਪਿਆਰ ਭਰੀ ਗਲਵੱਕੜੀ ਪਾਈਏ ਤੇ ਉਹ ਗਲਵੱਕੜੀ ਰੱਬ ਦੇ ਮਿੰਨਤਾਂ ਕਰਨ ਤੇ ਵੀ ਨਾ ਖੁੱਲ੍ਹੇ।
ਮਾੜੇ ਦੇ ਮਾੜੇ ਕਰਮ ਵਾਲੀ ਗੱਲ ਉਦੋਂ ਸੱਚੀ ਹੁੰਦੀ ਜਾਪੀ ਜਦੋਂ ਰਸਤੇ ‘ਚ ਬਰਫ਼ ਪਈ ਦੇਖੀ। ਅਚਾਨਕ ਬਰਫ ਦੀਆਂ ਫੁੱਟ ਫੁੱਟ ਉਚੀਆਂ ਢੇਰੀਆਂ ਬਣੀਆਂ ਦੇਖ ਕੇ ਸਾਹ ਸੁੱਕਣ ਲੱਗੇ ਕਿਉਂਕਿ ਕੋਚ ਜਿਸ ਕੀੜੀ ਦੀ ਚਾਲ ਨਾਲ ਚੱਲ ਰਹੀ ਸੀ, ਉਸ ਤੋਂ ਇਉਂ ਲੱਗਦਾ ਸੀ ਕਿ ਅੱਜ ਜਹਾਜ ਨਹੀਂ ਚੜ੍ਹਿਆ ਜਾਣਾ। ਲੇਲੇ-ਪੇਪੇ ਕਰਨ ਲਈ ਏਅਰਪੋਰਟ ‘ਤੇ ਫਲਾਈਟ ਤੋਂ ਘੰਟਾ-ਡੇਢ ਘੰਟਾ ਪਹਿਲਾਂ ਪਹੁੰਚਣਾ ਜਰੂਰੀ ਸੀ। ਕਿਵੇਂ ਨਾ ਕਿਵੇਂ ਪੌਣੇ ਕੁ ਅੱਠ ਵਜੇ ਏਅਰਪੋਰਟ ਦਾਖ਼ਲ ਹੋਏ। ਏਅਰ ਇੰਡੀਆ ਦਾ ਕਾਊਂਟਰ ਭੱਜ ਭੱਜ ਲੱਭਦਿਆਂ ਦੀਆਂ ਲੱਤਾਂ ਫੁੱਲ ਗਈਆਂ। ਲਾਈਨ ‘ਚ ਜਾ ਲੱਗੇ ਤਾਂ ਸਾਹਮਣੇ ਬੈਠੀ ‘ਬੀਬੀ’ ਨੇ ਅਹਿਸਾਨ ਜਿਹਾ ਜਤਾਉਂਦਿਆਂ ਕਿਹਾ, “ਸਕੈਜੂਅਲ ਚੇਂਜ ਹੋਏ ਨੂੰ ਤਾਂ ਕਿੰਨੇ ਦਿਨ ਹੋ ਗਏ ਤੁਸੀਂ ਪਤਾ ਕਿਉਂ ਨਾ ਕੀਤਾ? ਹੁਣ ਤਾਂ ਫਲਾਈਟ ਰਾਤ ਦੇ ਸਾਢੇ ਨੌਂ ਵਜੇ ਜਾਵੇਗੀ...।” ਇਸ ਅਚਾਨਕ ਆਣ ਪਈ ਬਿਪਤਾ ਵਿਚ ਅਸੀਂ ਇਕੱਲੇ ਨਹੀਂ ਸਾਂ, ਹੋਰ ਵੀ ਵਿਚਾਰੇ ‘ਆਪਣੇ ਜਹਾਜ’ ਵਾਲਿਆਂ ਦਾ ਮਨੋ-ਮਨੀ ‘ਸਿਰ ਪਲੋਸੀ’ ਜਾ ਰਹੇ ਸਨ। ਪਿੰਡ ਜਾਣ ਦਾ ਚਾਅ ਪੂਰੇ 13 ਘੰਟਿਆਂ ਦੀ ਲੰਮੀ ਉਡੀਕ ਅੱਗੇ ਗੋਡਣੀ ਲਗਾ ਕੇ ਬੈਠ ਗਿਆ ਸੀ।
ਹੁਣ ਮੈਨੂੰ ਵਾਰ-ਵਾਰ ਬਾਈ ਸਿ਼ਵਚਰਨ ਜੱਗੀ ਕੁੱਸਾ ਦਾ ਏਅਰ ਇੰਡੀਆ ਬਾਰੇ ‘‘ਏਹ-ਰੰਡੀ-ਆ’’ ਵਿਅੰਗ ਲਿਖਣਾ ਸੱਚ ਜਿਹਾ ਜਾਪ ਰਿਹਾ ਸੀ। ਪਹਿਲਾਂ ਤਾਂ ਮੈਂ ਇਹੀ ਸਮਝ ਰਿਹਾ ਸੀ ਕਿ ਇਹ ਤਜ਼ਰਬੇ ਜਰੂਰੀ ਨਹੀਂ ਕਿ ਹਰ ਕਿਸੇ ਤੇ ਹੀ ਲਾਗੂ ਹੋਣ। ਪਰ ਹੁਣ ਸੱਚਮੁੱਚ ਹੀ ਏਅਰ ਇੰਡੀਆ ਦਾ 13 ਘੰਟਿਆਂ ਦਾ ਬਣਵਾਸ ਮੈਂ ਖ਼ੁਦ ਵੀ ਹੰਢਾ ਰਿਹਾ ਸਾਂ। ਜਿੱਥੋਂ ਕੁ ਤੱਕ ਹੋਇਆ ਅਸੀਂ ਆਪਣੀ ਚਾਰਾਜੋਈ ਕੀਤੀ, ਏਅਰ ਇੰਡੀਆ ਦੇ ਕਾਊਂਟਰ ਤੇ ਜਾ ਕੇ ਪੁੱਛਗਿੱਛ ਕਰਨੀ ਚਾਹੀ ਤਾਂ ਉਥੇ ਬੈਠੀਆਂ ਦੋ ਗੋਰੀਆਂ ‘ਬੀਬੀਆਂ’ ਦਾ ‘ਜਿਹੋ ਜਿਹੀ ਨੰਦੋ ਬਾਹਮਣੀ, ਉਹੋ ਜਿਹਾ ਘੁੱਦੂ ਜੇਠ’ ਵਾਲੀ ਗੱਲ ਸੀ। ਉਹਨਾਂ ਦੀ ਗੱਲਬਾਤ ਤੋਂ ਇਓਂ ਲੱਗ ਰਿਹਾ ਸੀ, ਜਿਵੇਂ ਦਿਨ ਦੇ ਦਿਨ ਕੰਮ ਸਾਰਨ ਲਈ ਦਿਹਾੜੀ ‘ਤੇ ਲਿਆਂਦੀਆਂ ਹੋਣ। ਅਸੀਂ ਮਾੜੀ ਮੋਟੀ ਪੁੱਛ-ਗਿੱਛ ਕਰੀਏ ਤਾਂ ਝੱਟ ਕੰਪਿਊਟਰ ਨੂੰ ਗਧੀਗੇੜ ਪਾ ਲੈਣ ਤੇ ਜਾਣਕਾਰੀ ਦੇਣ ਲਈ ਐਨਾ ਟੈਮ ਲਾਉਣ, ਜਿਵੇਂ ਜਾਣਕਾਰੀ ‘ਕਹੀ’ ਨਾਲ ਪੁੱਟ ਕੇ ਧਰਤੀ ‘ਚੋਂ ਕੱਢਣੀ ਹੋਵੇ। ਜਦੋਂ ਉਹਨਾਂ ਵੱਲੋਂ ਗੱਲ ਸਿਰੇ ਨਾ ਲੱਗਦੀ ਦਿਸੀ ਤਾਂ ਅਸੀਂ ਹਾਕੀ ਫੈਡਰੇਸ਼ਨ ਦੀ ਪ੍ਰਧਾਨਗੀ ਤੋਂ ਜਬਰੀ ਲਾਹੇ ਕੇ. ਪੀ. ਐੱਸ. ਗਿੱਲ ਵਾਂਗੂੰ ਭਾਣਾ ਜਿਹਾ ਮੰਨ ਕੇ ਕੁਰਸੀਆਂ ਵੱਲ ਨੂੰ ਹੋ ਤੁਰੇ। ਜਾਂਦਿਆਂ ਜਾਂਦਿਆਂ ਨੂੰ ਇੱਕ ਗੋਰੀ ਬੋਲੀ ਕਿ “ਤੁਸੀਂ ਜੋ ਕੁਝ ਇੱਥੇ ਖਾਓ-ਪੀਓਗੇ ਉਸ ਦੇ ਬਿੱਲ ਸਾਂਭ ਲੈਣੇ, ਟਿਕਟਾਂ ਦੇਣ ਵਾਲੇ ਟਰੈਵਲ ਏਜੰਟ ਤੁਹਾਨੂੰ ਅਦਾ ਕਰ ਸਕਦੇ ਹਨ।” ਸ਼ੁਕਰ ਹੈ ਕਿ ਉਸ ਗੋਰੀ ਨੂੰ ਮੇਰੀ ਘਰਵਾਲੀ ਦੀ ‘ਸ਼ੁੱਧ ਪੰਜਾਬੀ’ ‘ਚ ਕੱਢੀ ਗਾਲ੍ਹ ਸਮਝ ਨਹੀਂ ਆਈ, ਨਹੀਂ ਤਾਂ ਸ਼ਾਇਦ ਸਾਨੂੰ ਧੱਕੇ ਨਾਲ ਵੀ ਜਹਾਜ ਚੜ੍ਹਾ ਦਿੰਦੇ।
ਇਸ ਨੂੰ ਪਿੰਡ ਜਾਣ ਦਾ ਉਦਰੇਵਾਂ ਕਿਹਾ ਜਾਵੇ ਜਾਂ ਥਕਾਵਟ ਕਿ ਮੈਨੂੰ ਏਅਰਪੋਰਟ ਤੇ ਹੀ ਬੁਖ਼ਾਰ ਨੇ ਘੇਰ ਲਿਆ। 13 ਘੰਟਿਆਂ ‘ਚ ਚਾਰ ਵਾਰ ਖਾਧੀਆਂ ਗੋਲ਼ੀਆਂ ਨੇ ਕੁਝ ਧਰਵਾਸ ਜਿਹਾ ਦਿੱਤਾ। ਮਿੰਟ ਮਿੰਟ ਗਿਣਦਿਆਂ ਨੂੰ ਸਾਢੇ ਨੌਂ ਵੱਜਣ ਕਿਨਾਰੇ ਸਨ। ਪਰ ਧੁੜਕੂ ਅਜੇ ਵੀ ਸੀ ਕਿ ਇਹਨਾਂ ਦਾ ਕੀ ਪਤੈ ਕਿ ਕਹਿ ਦੇਣ ‘ਅਸੀਂ ਤਾਂ ਪਰਸੋਂ ਨੂੰ ਜਾਵਾਂਗੇ..!’
ਯਕੀਨ ਉਦੋਂ ਆਇਆ ਜਦੋਂ ਆਪੋ ਆਪਣੀਆਂ ਸੀਟਾਂ ਤੇ ਜਾ ਬਿਰਾਜੇ। ਬਜ਼ੁਰਗਾਂ ਦੇ ਕਹਿਣ ਵਾਂਗ 5-6 ਹਾਥੀਆਂ ਜਿੰਨੇ ਵੱਡੇ ਜਹਾਜ਼ ‘ਚ ਸੀਟਾਂ ਅੱਧਿਓਂ ਵੱਧ ਖਾਲੀ ਪਈਆਂ ਸਨ। ਇੱਕ ਵਾਰ ਤਾਂ ਏਅਰ ਇੰਡੀਆ ਵਾਲਿਆਂ ਦੇ ਨਾਂ ‘ਸੰਦੇਸ਼’ ਦੇਣ ਨੂੰ ਮਨ ਕਰੇ ਕਿ ਉਹਨਾਂ ਭਲਿਆਂ ਲੋਕਾਂ ਨੂੰ ਕਹਾਂ ਕਿ “ਐਹੋ ਜਿਹੇ ਬਿਜਨਿਸ ਵੱਲੋਂ ਕੀ ਥੁੜਿਆ ਪਿਐ ਥੋਡਾ, ਨਾਲੇ ਆਪ ਖੱਜਲ-ਖੁਆਰ ਹੁੰਨੇ ਓਂ, ਨਾਲੇ ਲੋਕਾਂ ਨੂੰ ਕਰਦੇ ਓਂ? ਦੱਖੂਦਾਣਾ ਵਾਧੂ ਦਾ ਲੈਨੇ ਓਂ! ਐਨੇ ਟੈਕਸ ਭਰਨ, ਐਨੀ ਸਿਰ ਦਰਦੀ ਸਹੇੜਨ ਨਾਲੋਂ ਤਾਂ ਚੰਗੈ ਕਿ ਆਹ ਜਹਾਜ ਜਿਹਾ ਵੇਚਕੇ ਤੀਹ ਪੈਂਤੀ ਘੜੁੱਕੇ (ਪੀਟਰ ਇੰਜਣ ਵਾਲੇ) ਪਾ ਲਓ। ਨਾਂ ਟੈਕਸਾਂ ਦਾ ਜੱਭ੍ਹ, ਨਾ ਕਿਸੇ ਦੀ ਧੰਗੇੜ ਝੱਲਣੀ ਪਵੇ! ਭਾਵੇਂ ਸਵਾਰੀਆਂ ਲੱਦ ਲਓ, ਭਾਵੇਂ ਮੱਝਾਂ ਲੱਦੀ ਫਿਰੋ..!” ਫਿਰ ਚੁੱਪ ਜਿਹਾ ਕਰ ਗਿਆ ਕਿ ਇਹਨਾਂ ਨੂੰ ਘਰੋਂ ਖਾ ਕੇ ਮੱਤ ਕਿਹੜਾ ਦੇਵੇ? ਹੁਣ ਜਿਸ ਸੀਟ 'ਤੇ ਮੈਂ ਤੇ ਸ੍ਰੀਮਤੀ ਨੇ ਬਹਿਣਾ ਸੀ, ਉਸੇ ਦੇ ਨਾਲ ਵਾਲੀ ਤੀਜੀ ਸੀਟ ਇੱਕ ਪੰਜਾਬੀ ਬਾਬਾ ਜੀ ਦੀ ਸੀ। ਮੇਰੇ ਵਾਂਗ ਉਸ ਬਾਬੇ ਨੇ ਵੀ ਸ਼ੁਕਰ ਮਨਾਇਆ ਕਿ ਉਹਦੇ ਨਾਲ ਕੋਈ ਪੰਜਾਬੀ ਬੈਠਾ ਹੈ, ਨਹੀਂ ਤਾਂ ਸ਼ਰਮੋ-ਸ਼ਰਮੀ ਚੁੱਪ ਜਿਹੇ ਰਹਿਣ ਨਾਲ ਜ਼ੁਬਾਨ ਨੂੰ ਜੰਗਾਲ ਲੱਗਣ ਵਾਲੀ ਗੱਲ ਹੋ ਜਾਂਦੀ ਹੈ।
ਜਹਾਜ ਉੱਡਿਆ ਤਾਂ ਸ੍ਰੀਮਤੀ ਤਾਂ ਉਠਕੇ ਖਾਲੀ ਪਈਆਂ ਪਿਛਲੀਆਂ ਤਿੰਨ ਸੀਟਾਂ ਤੇ ‘ਲੇਟਾ’ ਮਾਰਨ ਲਈ ਚਲੀ ਗਈ। ਹੁਣ ਬਾਬੇ ਨੇ ਖਾਲੀ ਪਈ ਸੀਟ ‘ਤੇ ਬੈਠਣ ਲਈ ਸਾਹਮਣੇ ਵਾਲੀ ਸੀਟ ਤੇ ਬੈਠੀ ਆਪਣੀ ਜੀਵਨ ਸਾਥਣ ਨੂੰ ਸੱਦਾ ਦੇ ਦਿੱਤਾ। ਮੋਟੇ ਫਰੇਮ ਵਾਲੀ ਐਨਕ ਲਾਈ ਬੇਬੇ ਬਾਬੇ ਦੇ ਸੱਜੇ ਹੱਥ ਆਣ ਬੈਠੀ। ਰਸਮੀ ਜਿਹਾ ਹਾਲ ਚਾਲ ਪੁੱਛਣ ਤੇ ਪਤਾ ਲੱਗਾ ਕਿ ਉਹ ਆਪਣੇ ਇੰਗਲੈਂਡ ਰਹਿੰਦੇ ਪੁੱਤ-ਨੂੰਹ ਨੂੰ ਮਿਲ ਕੇ ਵਾਪਸ ਪੰਜਾਬ ਚੱਲੇ ਸਨ। ਅੰਤਾਂ ਦੇ ਗਾਲੜੀ ਸੁਭਾਅ ਦੇ ਬਾਬਾ-ਬੇਬੇ ਛੇਤੀ ਹੀ ਸ਼ੁੱਧ ਪੰਜਾਬੀ ‘ਤੇ ਉੱਤਰ ਆਏ। ਉਹਨਾਂ ਦੀਆਂ ਗੱਲਾਂ ਤੋਂ ਮੈਨੂੰ ਇਓਂ ਲੱਗਾ ਕਿ ਸ਼ਾਇਦ ਬਾਬੇ ਤੇ ਬੇਬੇ ਨੂੰ ਨੂੰਹ ਰਾਣੀ ਅੱਗੇ ਆਪਣਾ ਗੁੱਭ-ਗੁਭਾਟ ਕੱਢਣ ਦਾ ਮੌਕਾ ਨਹੀਂ ਸੀ ਮਿਲਿਆ। ਬਾਬਾ ਗੱਲ ਭੁੰਜੇ ਨਹੀਂ ਸੀ ਡਿੱਗਣ ਦੇ ਰਿਹਾ ਤੇ ਬੇਬੇ ਵਿਚਾਰੀ ਖਿਝੀ-ਖਿਝੀ ਜਿਹੀ 'ਹੂੰ' ਕਹਿ ਛੱਡਦੀ। ਛੋਟੀਆਂ ਛੋਟੀਆਂ ਗੱਲਾਂ ਤੋਂ ਗੱਲ ‘ਭੰਡੀ ਪ੍ਰਚਾਰ’ ਤੱਕ ਪੁੱਜ ਗਈ ਸੀ। ਬਾਬਾ ਆਪਣੇ ਤੀਰ ਚਲਾਉਂਦਾ ਬੋਲਿਆ, "ਸ਼ੇਰ ਬੱਗਿਆ, ਇਹ ਤਾਂ ਚੰਗਾ ਹੋਇਆ ਬਈ ਇਹ ਮੇਰੇ ਨਾਲ ਵਿਆਹੀ ਗਈ। ਜੇ ਕਿਸੇ ਭੌਂਦੂ ਜੱਟ ਦੇ ਲੜ ਲੱਗ ਜਾਂਦੀ ਤਾਂ ਸਾਰੀ ਉਮਰ ਗੋਹੇ ਦੇ ਟੋਕਰੇ ਹੇਠੋਂ ਸਿਰ ਨੀਂ ਸੀ ਨਿਕਲਣਾ।" ਬਾਬਾ ਗੱਲ ਕਰਦਾ ਬੇਬੇ ਵੱਲ ਟੇਢੀ ਅੱਖ ਨਾਲ ਝਾਕਦਾ ਮੈਨੂੰ ਅੱਖ ਮਾਰ ਗਿਆ ਸੀ, "ਹੋਰ ਸੁਣ, ਜਦੋਂ ਮੇਰਾ ਵੱਡਾ ਮੁੰਡਾ ਪਹਿਲੀ ਵਾਰ ਇੰਗਲੈਂਡੋਂ ਪਿੰਡ ਆਇਆ ਤਾਂ ਉਹਨੇ 'ਟੇਲੀਵੀਜਨ' ਲੈ ਆਂਦਾ। ਬਈ ਚਲੋ ਬੇਬੇ ਬਾਪੂ ਖਬਰਾਂ ਖੁਬਰਾਂ ਸੁਣ ਲਿਆ ਕਰਨਗੇ। ਮੈਂ ਇੱਕ ਦਿਨ ਖੇਤੋਂ ਮੁੜ ਕੇ ਆਇਆ ਤਾਂ ਇਹੇ ਘਰੇ ਕੱਲੀਓ ਈ 'ਟੇਲੀਵੀਜਨ' ਲਾਈ ਬੈਠੀ। ਟੇਲੀਵੀਜਨ ਚੱਲੀ ਜਾਵੇ ਤੇ ਇਹ ਘੁੰਢ ਕੱਢੀ ਬੈਠੀ। ਜਦੋਂ ਮੈ ਪੁੱਛਿਆ ਤਾਂ ਕਹਿੰਦੀ ਅਖੇ, "ਟੇਲੀਵੀਜਨ 'ਚ ਚਾਚਾ ਰੌਣਕੀ ਰਾਮ ਆਇਆ ਸੀ, ਘੁੰਢ ਤਾਂ ਕੱਢਿਆ ਸੀ। ਐਹੋ ਜਿਆ ਕਮਲਿਆਂ ਦਾ ਟੱਬਰ ਆ ਇਹ।" ਬੇਬੇ ਵਿਚਾਰੀ ਸੱਚੀ ਗੱਲ ਸੁਣ ਕੇ ਹਾਰੇ ਹੋਏ ਉਮੀਦਵਾਰ ਵਾਂਗੂੰ ਠਿੱਠ ਜਿਹੀ ਹੋਈ ਬੈਠੀ ਸੀ। ਬਾਬੇ ਨੂੰ ਚੁੱਪ ਕਰਾਉਣ ਦੇ ਮਣਸੇ ਨਾਲ ਬੋਲੀ, "ਚੱਲ ਬੰਦ ਵੀ ਕਰਦੇ ਆਵਦਾ ਲੈਚਕਰ, ਮੁੰਡਾ ਕੀ ਕਹੂ ਘਰੇ ਜਾ ਕੇ ਕਿ ਐਵੇਂ ਕਮਲ ਮਾਰੀ ਗਿਆ ਸਾਰੇ ਰਾਹ।" ਬਾਬਾ ਕਿੱਥੋਂ ਹਟਣ ਵਾਲਾ ਸੀ। ਮੈਨੂੰ ਸਿੱਧਾ ਹੁੰਦਾ ਬੋਲਿਆ, "ਕਿਉਂ ਬਈ ਸ਼ੇਰਾ, ਕੀ ਕਹਿੰਦੇ ਹੁੰਦੇ ਆ 'ਗਰੇਜੀ 'ਚ? ਹਾਂ-ਅਖੇ 'ਬੋਰ' ਤਾਂ ਨੀ ਹੋ ਗਿਆ?"
"ਬਾਬਾ ਜੀ ਆਵਦੇ ਵੱਡਿਆਂ ਤੋਂ ਵੀ ਕਦੇ ਬੋਰ ਹੋਈਦੈ, ਤੁਸੀਂ ਕੋਈ ਮੱਤ ਈ ਦੇਵੋਂਗੇ।" ਮੈਂ ਬਾਬੇ ਦੀ ਗੱਲ ਦਾ ਜਵਾਬ ਦਿੰਦਾ ਚੁੱਪ ਹੋਣ ਲੱਗਾ ਸੀ ਕਿ ਵਿਧਾਨ ਸਭਾ 'ਚ ਹੁੰਦੀ ਬਹਿਸ ਵਾਂਗੂੰ ਮੁੱਦਾ ਬੇਬੇ ਨੇ ਫੜ੍ਹ ਲਿਆ ਤੇ ਬੋਲੀ, "ਮੱਤ ਤਾਂ ਅੱਜ ਤੱਕ ਇਹਦੇ ਕੋਲ ਮੈਂ ਨੀਂ ਦੇਖੀ, ਤੈਨੂੰ ਮੱਤ ਕਿੱਥੋਂ ਦੇਦੂ?" ਲਓ ਜੀ ਏਨਾ ਕਹਿਣ ਦੀ ਦੇਰ ਸੀ ਕਿ ਬਾਬੇ ਨੇ ਫੇਰ ਸੂਈ ਬੇਬੇ ਦੀ ਝਾੜ-ਪੂੰਝ ਤੇ ਧਰ ਲਈ ਤੇ ਬੋਲਿਆ, "ਲੈ ਇਹਦੀ ਉੱਚੀ ਮੱਤ ਦੀ ਗੱਲ ਸੁਣ ਲਾ ਸ਼ੇਰਾ, ਮਾਂ ਦੀ ਧੀ ਨੂੰ ਮਾਪਿਆਂ ਨੇ ਕਦੇ ਘਰੋਂ ਬਾਹਰ ਨੀਂ ਸੀ ਕੱਢਿਆ, ਭਲਾ ਹੋਵੇ ਮੇਰੇ ਪੁੱਤ ਦਾ ਜੀਹਨੇ ਏਹਨੂੰ ਇੰਗਲੈਂਡ ਦਿਖਾਤਾ। ਏਹ ਤਾਂ ਸੁੱਖ ਨਾਲ ਕਦੇ ਪੰਜਾਬ 'ਚ ਬੱਸ ਨੀਂ ਸੀ ਚੜ੍ਹੀ। ਜਦੋਂ ਮੇਰੇ ਸਹੁਰੀਂ ਜਾਣਾ ਤਾਂ ਹਿੰਡ ਫੜ੍ਹ ਜਾਂਦੀ-ਅਖੇ ਟਰੈਗਟ ਤੇ ਚੱਲ। ਜਦੋਂ ਇੰਗਲੈਂਡ ਮੁੰਡੇ ਕੋਲ ਆਏ ਤਾਂ ਇੱਕ ਦਿਨ ਜਿਦ ਕਰ ਬੈਠੀ-ਅਖੇ ਮੈਂ ਤਾਂ ਬੱਸ ਤੇ ਚੜ੍ਹ ਕੇ ਦੇਖਣੈਂ। ਤੈਨੂੰ ਤਾਂ ਪਤਾ ਈ ਆ ਬਈ ਓਥੇ ਬੱਸਾਂ ਦੂਹਰੀ ਛੱਤ ਆਲੀਆਂ ਨੇ। ਫੇਰ ਕਹਿੰਦੀ ਮੈਂ ਤਾਂ 'ਉਤਲੀ ਬੱਸ' 'ਚ ਬਹਿਣੈ। ਪਹਿਲਾਂ ਤਾਂ ਉੱਤੇ ਚੜ੍ਹਗੀ ਫੇਰ ਡਲ਼ੇ ਵਾਂਗੂੰ ਥੱਲੇ ਆ ਵੱਜੀ। ਮੁੰਡੇ ਨੇ ਪੁੱਛਿਆ-ਬੇਬੇ ਕੀ ਗੱਲ ਹੋਗੀ ਥੱਲੇ ਕਾਹਤੋਂ ਆਗੀ? ਬਣਾ ਸੰਵਾਰ ਕੇ ਪਤਾ ਕੀ ਬੋਲੀ?- ਅਖੇ ਨਾ ਭਾਈ ‘ਤਾਂਹ ਆਲੀ ਬੱਸ 'ਚ ਤਾਂ ਡਰੈਵਰ ਈ ਹੈਨੀਂ, ‘ਤਾਂਹ ਬੈਠ ਕੇ ਜਾਨ ਗਵਾਉਣੀਂ ਆ। ਲੈ ਐਨੀ ਕੁ ਮੱਤ ਦੀ ਤਾਂ ਏਹ ਮਾਲਕ ਆ।"
ਕਿਸੇ ਕਾਮੇਡੀ ਫਿਲਮ ਵਰਗੇ ਮਾਹੌਲ ‘ਚ ਪਤਾ ਹੀ ਨਹੀਂ ਲੱਗਾ ਕਿ ਕਦ ਦਿੱਲੀ ਦੇ ਨੇੜੇ ਪਹੁੰਚ ਗਏ। ਜਹਾਜ਼ ਉੱਤਰਿਆ ਤਾਂ ਅੱਗੇ ਮੇਰੇ ਚਾਚਾ ਜੀ, ਚਾਚਾ ਭੋਲਾ ਹਨੇਰੀ (ਪੰਜਾਬ ਰੋਡਵੇਜ ਮੋਗਾ ਦੀ ਕੰਡਕਟਰੀ ਵੇਲੇ ਦਾ ਮੇਰਾ ਸਾਥੀ ਜਾਣੀ ਕਿ ਡਰਾਈਵਰ), ਛੋਟੇ ਭਰਾ ਤੇ ਜਿਗਰੀ ਯਾਰ ਜੱਸੀ ਪਿੰਡ ਲਿਜਾਣ ਲਈ ਤਿਆਰ ਬਰ ਤਿਆਰ ਮੁੱਠੀਆਂ ‘ਚ ਥੁੱਕੀ ਖੜ੍ਹੇ ਸਨ। ਦਿੱਲੀ ਤੋਂ ਪਿੰਡ ਜਾਣ ਦਾ 6-7 ਘੰਟੇ ਦਾ ਸਫਰ ਵੀ ਮੁੱਕਣ ਦਾ ਨਾਂ ਨਹੀਂ ਸੀ ਲੈ ਰਿਹਾ। ਮੇਰਾ ਚਿੱਤ ਪਿੰਡ ਦੀ ਜੂਹ ‘ਚ ਵੜਨ ਨੂੰ ਕਾਹਲਾ ਪੈ ਰਿਹਾ ਸੀ। ਘਰ ਪਹੁੰਚਣ ਤੇ ਮਾਂ ਤੇ ਬਾਕੀ ਪਰਿਵਾਰਕ ਮੈਂਬਰਾਂ ਦੀਆਂ ਨਿੱਘੀਆਂ ਗਲਵੱਕੜੀਆਂ ਨੇ ਆਪਣੀਆਂ ਜੜ੍ਹਾਂ ਨਾਲ ਮੁੜ ਜੁੜਨ ਲਈ ਹੁਣ ਤੱਕ ਹੋਈ 34 ਘੰਟੇ ਦੀ ਜੱਦੋਜਹਿਦ ਨੂੰ ਉੱਕਾ ਹੀ ਭੁਲਾ ਦਿੱਤਾ ਸੀ।

Tuesday, November 25, 2008

ਮਨਦੀਪ ਖੁਰਮੀ ਹਿੰਮਤਪੁਰਾ - ਨਜ਼ਮ

ਇਹ ਵਾਅਦਾ ਰਿਹਾ......!!
ਨਜ਼ਮ


ਤੂੰ ਮਿਲ਼ਣਾ ਨਹੀਂ
ਜਿਉਂ ਮਿਲ਼ਣ ਨਾ
ਪਾਸੇ ਸਿੱਕੇ ਦੇ
ਤੇਰੇ ਹਾਸੇ ਲਈ
ਫਿਰ ਵੀ ਗਲ਼ੀਏਂ
ਵਿਕਦਾ ਰਹਾਂਗਾ।
----
ਤੂੰ ਬਣਕੇ ‘ਕਿਰਨ’ ਸੁਨਹਿਰੀ
ਬਹੁੜੇਂ ਯਾਦਾਂ ਵਿੱਚ,
ਤੇਰੇ ਨ੍ਹੇਰੇ ਰਾਹੀਂ
ਬਣਕੇ ‘ਦੀਪ’ ਮੈਂ....
ਟਿਕਦਾ ਰਹਾਂਗਾ।
----
ਖ਼ੁਦ ਹੀ ਲਿਆ ਫ਼ੈਸਲਾ
ਦੋ ਕਿਰਦਾਰ ਨਿਭਾਉਣੇ ਦਾ,
ਦੱਸ ਭਲਾ ਫਿਰ
ਦੋਸ਼ ਇਹਦੇ ਵਿੱਚ
ਕਿਸਦਾ ਕਹਾਂਗਾ?
----
ਦੁਸ਼ਮਣ ਵੀ ਜੇ ਆਵੇ
ਤੇਰੇ ਗਰਾਂ ਵੱਲੋਂ
ਫੁੱਲਾਂ ਵਾਂਗਰ
ਓਹਦੇ ਪੈਰੀਂ ਵੀ
ਵਿਛਦਾ ਰਹਾਂਗਾ।
----
ਕਿਸੇ ਦੀ ਯਾਦ 'ਚ
ਮਰਨਾ ਵੀ ਤਾਂ
ਬਿਹਤਰ ਜ਼ਿੰਦਗੀ ਤੋਂ,
ਮੱਲ੍ਹਮ ਦੀ ਨਾ ਲੋੜ
ਨਾਸੂਰ ਜਿਉਂ
ਰਿਸਦਾ ਰਹਾਂਗਾ।
----
ਜਦ ਬਣ ਹੀ ਗਈ ਹੈ
ਜ਼ਿੰਦਗੀ ਦੋ ਪੁੜ ਚੱਕੀ ਦੇ
ਤੇਰੀ ਖ਼ਾਤਰ ਤਾਂ
ਫਿਰ ਵੀ ਹੱਸਕੇ
ਪਿਸਦਾ ਰਹਾਂਗਾ।
----
ਦਿਲ ਦੀ ਨੁੱਕਰੇ
ਪਈ ਰਹਿਣ ਦੇਈਂ ਯਾਦ ਮੇਰੀ,
ਏਸੇ ਇਵਜ਼ 'ਚ
ਦਰ-ਦਰ ਤੇਰੇ ਲਈ
ਲਿਫ਼ਦਾ ਰਹਾਂਗਾ।
----
ਤੇਰਾ ਨਾਂ ਮੇਰੇ ਨਾਂ ਵਿੱਚ
ਰਹਿਣਾ ਯੁਗਾਂ ਤਾਈਂ,
ਕਦੇ ਦੇਖੀਂ------------
ਟੁਟਦੇ ਤਾਰਿਆਂ 'ਚੋਂ ਵੀ
ਦਿਸਦਾ ਰਹਾਂਗਾ।
----
ਤੂੰ ਪਛਤਾਵੇਂ ਨਾ
ਸਗੋਂ ਮਾਣ ਕਰੇਂ
ਬੀਤਿਆਂ ਪਲਾਂ ਤੇ,
ਇਹ ਵਾਅਦਾ ਰਿਹਾ-------
ਐਹੋ ਜਿਹੀ ਇਬਾਰਤ,
'ਕਮਲੀਏ'! ਲਿਖਦਾ ਰਹਾਂਗਾ।

Saturday, November 22, 2008

ਮਨਦੀਪ ਖੁਰਮੀ ਹਿੰਮਤਪੁਰਾ - ਯਾਦਾਂ

ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ' !
ਯਾਦਾਂ

ਵਿਆਹ ਹੋਣ ਤੋਂ ਬਾਦ ਐਸਾ ਕੱਦੂ 'ਚ ਤੀਰ ਵੱਜਾ ਕਿ ਡੇਢ ਮਹੀਨੇ ਦੇ ਵਕਫ਼ੇ 'ਚ ਹੀ ਇੰਗਲੈਂਡ ਲਈ ਪਰਮਾਨੈਂਟ ਸੈਟਲਮੈਂਟ ਵੀਜਾ ਮਿਲ ਗਿਆ। ਬੇਸ਼ੱਕ ਹਰ ਕਿਸੇ ਨੂੰ 'ਬਾਹਰ' ਜਾਣ ਦੀ ਕਾਹਲ ਲੱਗੀ ਹੋਈ ਹੈ ਪਰ ਘਰੋਂ ਪੈਰ ਪੁੱਟਣ ਨੂੰ ਵੱਢੀ ਰੂਹ ਨਹੀਂ ਸੀ ਕਰਦੀ। ਇੱਕ ਸੱਚਾਈ ਦਿਲ ਦੀ ਨੁੱਕਰੇ ਤੜਪ ਰਹੀ ਸੀ, ਉਹ ਇਹ ਕਿ ਮੈਂ ਕਾਗਜ਼ਾਂ ਉੱਪਰ ਲੱਗੀਆਂ ਮੋਹਰਾਂ ਅੱਗੇ ਝੁਕਦਿਆਂ ਹੋਇਆਂ ਵੀ ਜਹਾਜ਼ ਵੱਲ ਨੱਕ ਕਰਨ ਨੂੰ ਤਿਆਰ ਨਹੀਂ ਸੀ।
16 ਫਰਵਰੀ 2008 ਦਾ ਦਿਨ ਆਇਆ ਤਾਂ 'ਆਪਣਿਆਂ' ਤੋਂ ਦੂਰ ਹੋਣ ਦਾ ਭੈਅ ਸਤਾਉਣ ਲੱਗਾ। ਅੰਤ ਨੂੰ ਮਨ ਤਕੜਾ ਜਿਹਾ ਕੀਤਾ ਪਰ ਘਰ ਦੇ ਬਾਕੀ ਜੀਆਂ ਦੀਆਂ ਅੱਖਾਂ 'ਚ ਆਏ ਹੰਝੂਆਂ ਨੇ ਮੈਨੂੰ ਵੀ ਰੋਣ ਲਈ ਮਜ਼ਬੂਰ ਕਰ ਦਿੱਤਾ। ਸ਼ਾਇਦ ਇਹ ਪ੍ਰਵਾਸੀ ਬਨਣ ਜਾ ਰਹੇ ਹਰ ਦਿਲ ਦੀ ਕਹਾਣੀ ਹੋਵੇ ਪਰ ਕਿਤਾਬਾਂ 'ਚ ਪੜ੍ਹਨ ਅਤੇ ਫਿਲਮਾਂ 'ਚ ਦੇਖਣ ਤੋਂ ਬਾਦ ਉਸੇ ਕਹਾਣੀ ਦਾ ਮੁੱਖ ਪਾਤਰ ਅੱਜ ਮੈਂ ਖੁਦ ਬਣਿਆ ਹੋਇਆ ਸੀ। 17 ਫਰਵਰੀ ਨੂੰ ਦਿੱਲੀ ਦੇ ਹਵਾਈ ਅੱਡੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਛੋਟੇ ਤੇ ਵੱਡੇ ਵੀਰ ਦੀਆਂ ਬੇਵੱਸ ਜਿਹੀਆਂ ਅੱਖਾਂ ਦੇਖਕੇ ਮਨ ਖੁਰ ਜਿਹਾ ਰਿਹਾ ਸੀ। ਪਿਛਲਿਆਂ ਦੀ ਯਾਦ ਨੂੰ ਪਲ ਦੋ ਪਲ ਭੁਲਾਉਣ ਲਈ ਉਡੀਕ ਕੁਰਸੀ ਤੇ ਬੈਠਾ ਹੀ ਸਾਂ ਕਿ ਸਮਾਨ ਦੇ ਭਾਰ ਬਾਰੇ ਪੁਛਦਾ ਪੁੱਛਦਾ ਇੱਕ ਲੁਧਿਆਣੇ ਵਾਲਾ ਬਾਬਾ ਮੇਰਾ ਯਾਰ ਬਣ ਬੈਠਾ। ਇੰਗਲੈਂਡ ਤੋਂ ਲੱਤ ਦਾ ਇਲਾਜ ਕਰਾਉਣ ਇੰਡੀਆ ਆਇਆ ਬਾਬਾ ਮੈਨੂੰ 'ਪੁੱਤਰ' ਕੀ ਕਹਿ ਬੈਠਾ ਕਿ ਬਸ ਦਿਲ ਮੋਮ ਬਣ ਗਿਆ। ਏਅਰਪੋਰਟ ਅੰਦਰ ਦਾਖਲ ਹੋਣ ਤੋਂ ਪਹਿਲਾਂ ਵੱਡੇ ਸਾਲਾ ਸਾਹਿਬ ਨੇ ਬਹੁਤ ਦਿਸ਼ਾ-ਨਿਰਦੇਸ਼ ਦਿੱਤੇ ਸਨ ਕਿ "ਮਨਦੀਪ ਜੀ, ਕਿਸੇ ਨਾਲ ਵਾਧੂ ਗੱਲ ਕਰਨ ਦੀ ਲੋੜ ਨਹੀਂ, ਕਿਸੇ ਦਾ ਸਮਾਨ ਨਹੀਂ ਫੜ੍ਹਨਾ, ਮੈਂ ਤਾਂ 18-19 ਵਾਰ ਅਮਰੀਕਾ ਜਾ ਆਇਆਂ, ਲੋਕਾਂ ਦੇ ਦਿਲਾਂ ਦਾ ਨਹੀਂ ਪਤਾ।" ਪਰ ਫਿਰ ਮਹਿਸੂਸ ਹੋਇਆ ਕਿ ਕਿਸੇ ਜਵਾਨ ਨੂੰ ਘਿਓ ਚਾਰਨ ਨਾਲੋਂ ਕਿਸੇ ਬਜ਼ੁਰਗ ਨੂੰ ਸਹਾਰੇ ਲਈ ਉਂਗਲ ਫੜਾਈ ਵੀ ਲੱਖ ਗੁਣਾ ਬਿਹਤਰ ਹੋਵੇਗੀ। ਮੈਂ ਜਿੱਧਰ ਜਾਵਾਂ, ਲੁਧਿਆਣੇ ਵਾਲਾ ਬਾਬਾ ਮੇਰੇ ਪਿੱਛੇ-ਪਿੱਛੇ। ਸਾਮਾਨ ਦੀ ਤੋਲ-ਤੁਲਾਈ, ਟੈਗ ਲਾਉਣ, ਬੋਰਡਿੰਗ ਪਾਸ ਲੈਣ ਤੱਕ ਬਾਬੇ ਨਾਲ ਸਾਥ ਬਣਿਆ ਰਿਹਾ। ਪਰ ਉਦੋਂ ਹੀ ਪਤਾ ਲੱਗਾ ਜਦੋਂ ਬਾਬਾ ਬੋਰਡਿੰਗ ਪਾਸ ਬਣਾਉਣ ਵਾਲੇ ਲਵੇ ਜਿਹੇ ਮੁੰਡੇ ਦੀ ਮਿਹਰਬਾਨੀ ਨਾਲ ਵ੍ਹੀਲ ਚੇਅਰ (ਟਾਇਰਾਂ ਵਾਲੀ ਕੁਰਸੀ) ਤੇ ਬੈਠ ਕੇ ਮੈਥੋਂ ਪਹਿਲਾਂ ਹੀ ਛੂ-ਮੰਤਰ ਹੋ ਗਿਆ।
ਦਿੱਲੀ ਦੇ ਇਮੀਗ੍ਰੇਸਨ ਅਧਿਕਾਰੀਆਂ ਦੀ 'ਮਿਠਾਸ ਭਰੀ ਬੋਲਬਾਣੀ' ਬਾਰੇ ਬੜੀ ਵਾਰ ਸੁਣਿਆ ਸੀ ਪਰ ਪਤਾ ਤਦ ਹੀ ਲੱਗਾ ਜਦ ਵਾਹ ਪਿਆ। ਮੈਂ ਹੁਣ ਇੱਕ ਟਾਈ ਵਾਲੇ ਬਾਬੂ ਦੇ ਘੁਰਨੇ ਜਿਹੇ ਅੱਗੇ ਖੜ੍ਹਾ ਸੀ। ਉਹਨੇ ਪਾਸਪੋਰਟ ਨੂੰ ਕਦੇ ਐਨਕ ਲਗਾ ਕੇ ਤੇ ਕਦੇ ਐਨਕ ਉਤਾਰ ਕੇ ਕਈ ਵਾਰ ਦੇਖਿਆ ਜਿਵੇਂ ਇਹੀ ਕਹਿ ਰਿਹਾ ਹੋਵੇ, "ਭਲਿਆ ਮਾਣਸਾ, ਪੰਜਾਬ ਰੋਡਵੇਜ਼ ਦੀ ਕੰਡਕਟਰੀ ਮਾੜੀ ਸੀ ਜਿਹੜਾ ਇੰਗਲੈਂਡ ਨੂੰ ਮੂੰਹ ਚੁੱਕ ਲਿਐ।" ਉਹਦੀ ਤਸੱਲੀ ਨਾ ਹੋਈ ਤਾਂ ਉਹਨੇ ਮੈਰਿਜ ਸਰਟੀਫਿਕੇਟ, ਸਪਾਂਸਰਸਿਪ ਲੈਟਰ ਆਦਿ ਸਮੇਤ ਕਈ ਕਾਗਜ ਵਾਰ ਵਾਰ ਮੰਗੇ। ਮਾਂ ਦਾ ਪੁੱਤ ਐਸੀ ਚਲਾਕੀ ਖੇਡੇ ਕਿ ਕਦੇ ਮੇਰਾ ਨਾਂ, ਕਦੇ ਜਨਮ ਤਰੀਕ, ਕਦੇ ਘਰਵਾਲੀ ਦਾ ਨਾਂ ਪਲਟ ਪਲਟ ਕੇ ਪੁੱਛੀ ਜਾਵੇ। ਗੱਲ ਕੀ ਨਿੱਕਲੀ ਕਿ ਪਹਿਲਾਂ ਪਹਿਲ ਇੱਕ ਲੰਡੂ ਜਿਹਾ ਵੀਜਾ ਲਗਵਾਇਆ ਸੀ ਪਰ ਕਿਸੇ ਕਾਰਨ ਮੈਂ ਯਾਤਰਾ ਨਾ ਕੀਤੀ ਤਾਂ ਏਜੰਟ ਨੇ ਖਫਾ ਹੋ ਕੇ ਵੀਜੇ ਤੇ ਪਿੰਨ ਨਾਲ 'ਕੈਂਸਲ' ਲਿਖ ਦਿੱਤਾ ਸੀ। ਪਰ ਬਾਬੂ ਜੀ ਅਜੇ ਵੀ ਪਾਸਪੋਰਟ ਵਿੱਚੋਂ ਕੁਝ ਲੱਭਣ ਦੇ ਆਹਰ 'ਚ ਰੁੱਝੇ ਹੋਏ ਸਨ। ਸਟੂਲ ਉੱਪਰ ਬੈਠੇ ਇੱਕ ਦੇਸੀ ਜਿਹੇ ਬੰਦੇ ਵੱਲ ਇਸ਼ਾਰਾ ਕਰਕੇ ਬੋਲਿਆ, "ਵੋ ਜੋ ਸਾਹਿਬ ਬੈਠੇ ਹੈਂ ਨਾ, ਉਨਕੋ ਦਿਖਾਨਾ ਜਾਕਰ।" ਮੈਂ ਪਹਿਲਾਂ ਹੀ ਅੱਕਿਆ ਖੜ੍ਹਾ ਸੀ ਉਹਦੇ ਮੂਹੋਂ 'ਸਾਹਿਬ' ਸੁਣਕੇ ਜੀਅ ਕਰੇ ਕਿ ਸੁਕੜੂ ਜਿਹੇ ਨੂੰ ਕਹਿ ਦਿਆਂ, "ਸਾਬ੍ਹ ਹੋਊ ਤੇਰਾ, ਮੇਰਾ ਓਹ ਲੱਗਦੈ ਸਾਲਾ । ਜੁਆਈ ਬਣ ਕੇ ਚੱਲਿਆਂ, ਐਵੇਂ ਲੱਲੀ ਛੱਲੀ ਨੂੰ ਸਾਬ੍ਹ ਕਿਉਂ ਆਖਾਂ।" ਪਰ ਦੜ ਜਿਹੀ ਵੱਟ ਗਿਆ। ਦਸ ਕੁ ਮਿੰਟ ਦੀ ਹੋਰ ਫਰੋਲਾ-ਫਰੋਲੀ ਤੋਂ ਬਾਦ ਪਾਸਪੋਰਟ ਮੈਨੂੰ ਮਿਲਿਆ ਤਾਂ ਮੈਂ ਬ੍ਰਿਟਿਸ਼ ਏਅਰਵੇਜ ਦੇ ਜਹਾਜ਼ ਲਈ ਲੱਗੀ ਕਤਾਰ ਵਿੱਚ ਖੜ੍ਹ ਗਿਆ। ਲਿਖਤਕਾਰ ਅਨੁਸਾਰ ਇੱਕ ਪੈਰ ਅਗਾਂਹ ਨੂੰ ਜਾ ਰਿਹਾ ਸੀ ਪਰ ਦੂਸਰਾ ਪੈਰ ਪਿਛਲਿਆਂ ਦੇ ਪਿਆਰ ਦੀਆਂ ਬੇੜੀਆਂ 'ਚ ਜਕੜਿਆ ਮਿੱਟੀ ਦਾ ਮੋਹ ਛੱਡਣ ਨੂੰ ਤਿਆਰ ਹੀ ਨਹੀਂ ਸੀ। ਅੰਤ ਗਰਮ ਅੱਥਰੂ ਗੱਲ੍ਹਾਂ ਉੱਤੋਂ ਦੀ ਵਗੇ, ਚੀਸ ਜਿਹੀ ਵੱਟੀ ਤੇ ਧੁੱਸ ਦੇ ਕੇ ਜਹਾਜ਼ ਅੰਦਰ ਜਾ ਵੜਿਆ। ਮੂਡ ਫਿਰ ਚੇਂਜ ਹੋ ਗਿਆ, ਹੋਵੇ ਵੀ ਕਿਓਂ ਨਾ, ਕਿਉਂਕਿ ਜਿਸ ਸੀਟ ਤੇ ਮੈਂ ਬੈਠਣਾ ਸੀ ਬਿਲਕੁਲ ਉਹਦੇ ਨਾਲ ਵਾਲੀ ਸੀਟ ਤੇ ਲੁਧਿਆਣੇ ਵਾਲਾ ਬਾਬਾ ਪਹਿਲਾਂ ਹੀ ਸਜਿਆ ਬੈਠਾ ਸੀ। ਬੇਸ਼ੱਕ ਮੈਂ ਪਹਿਲੀ ਵਾਰ ਇੰਗਲੈਂਡ ਜਾ ਰਿਹਾ ਸੀ ਪਰ ਬਾਬਾ 3-4 ਵਾਰ ਆਉਣ ਜਾਣ ਤੇ ਵੀ 'ਖਿਡਾਰੀ' ਨਹੀਂ ਸੀ ਬਣਿਆ ਕਿਉਂਕਿ ਸੀਟ ਅੱਗੇ ਲੱਗੇ ਛੋਟੇ ਜਿਹੇ ਕੰਪਿਊਟਰ ਟਾਈਪ ਟੀ ਵੀ ਨੂੰ ਗਧੀ ਗੇੜ ਪਾਈ ਫਿਰਦੇ ਨੂੰ ਦੇਖਕੇ ਮੈਨੂੰ ਬੋਲਿਆ, "ਪੁੱਤਰ, ਤੂੰ ਤਾਂ ਕਹਿੰਦਾ ਸੀ ਕਿ ਜਹਾਜ਼ ਪਹਿਲੀ ਵੇਰ ਚੜ੍ਹਨੈਂ, ਪਰ ਤੇਰੇ ਕਾਰਨਾਮੇ ਤਾਂ ਦੱਸਦੇ ਨੇ ਕਿ ਤੂੰ ਜਹਾਜ਼ 'ਚ ਕਈ ਵੇਰ ਝੂਟੇ ਲਏ ਹੋਏ ਨੇ।" ਮੈਂ ਟੀ ਵੀ 'ਤੇ ਸਾਹਰੁਖ ਖਾਨ ਦੀ ਫਿਲਮ 'ਚੱਕ ਦੇ ਇੰਡੀਆ' ਦੇਖਣ 'ਚ ਮਸਤ ਸੀ। ਬਾਬਾ ਆਪਣੇ ਟੀ ਵੀ ਨਾਲ ਪੰਗੇ ਜਿਹੇ ਲੈ ਕੇ ਹਟ ਗਿਆ ਤਾਂ ਮੈਂ ਓਹਦਾ ਟੀ ਵੀ ਚਲਾ ਦਿੱਤਾ। ਬਾਬਾ ਅੱਖ ਵੀ ਨਾ ਝਪਕੇ ਪਰ ਵਿੱਚ ਦੀ ਮੈਨੂੰ ਕਹਿ ਗਿਆ, "ਫਿਲਮ ਤਾਂ ਇਹ ਐ, ਜਿਹੜੀ ਹਾਕੀ ਬਾਰੇ ਐ, ਨਹੀਂ ਤਾਂ ਐਵੇਂ ਕ੍ਰਿਕਟ ਨੂੰ ਸਿਰ ਚੜ੍ਹਾਈ ਫਿਰਦੇ ਆ।" ਪਤਾ ਹੀ ਨਾ ਲੱਗਾ ਕਦ ਫਿਲਮ ਖਤਮ ਹੋ ਗਈ। ਫਿਰ ਗੱਲਾਂ ਦਾ ਦੌਰ ਸ਼ੁਰੂ ਹੋਇਆ। ਬਾਬਾ ਵਿਹਲਾ ਜਿਹਾ ਹੁੰਦਾ ਬੋਲਿਆ, "ਪੁੱਤਰ, ਜਿਹੜੀ ਫਿਲਮ ਤੂੰ ਦਿਖਾਤੀ, ਬਸ ਨਜ਼ਾਰਾ ਈ ਆ ਗਿਆ। ਫਿਲਮ ਵਾਲੇ ਕੋਚ (ਸ਼ਾਹਰੁਖ) ਨੇ ਵੀ ਲੋਕਾਂ ਨੂੰ ਦੱਸਤਾ ਕਿ ਕੁੜੀਆਂ ਹੁਣ ਪਿੱਛੇ ਨਹੀਂ ਰਹੀਆਂ ਤੇ ਉਹਨੇ ਆਵਦੇ ਉੱਪਰ ਲੱਗਾ ਬਦਨਾਮੀ ਦਾ ਕਲੰਕ ਵੀ ਧੋ ਦਿੱਤਾ।"
ਬਾਬਾ ਦੋ ਲਾਈਨਾਂ ਵਿੱਚ ਹੀ ਫਿਲਮ ਦਾ ਸਾਰ ਸੰਖੇਪ 'ਚ ਸੁਣਾ ਗਿਆ ਸੀ। ਬੇਸ਼ੱਕ ਫਿਲਮ ਸ਼ਾਹਰੁਖ ਦੀ ਮਿਹਨਤ ਦਾ ਨਤੀਜਾ ਸੀ ਪਰ ਬਾਬੇ ਦੇ ਮੂਹੋਂ ਨਿਕਲੇ ਸ਼ਬਦ "ਜਿਹੜੀ ਫਿਲਮ ਤੂੰ ਦਿਖਾਤੀ" ਸੁਣ ਕੇ ਇਉਂ ਲੱਗਾ ਜਿਵੇਂ ਮੈਂ ਅਛੋਪਲੇ ਜਿਹੇ ਹੀ ਕੋਈ ਪੁੰਨ ਦਾ ਕੰਮ ਕਰ ਗਿਆ ਹੋਵਾਂ।
ਜਹਾਜ਼ ਵਿੱਚ ਸੇਵਾ ਕਰਨ ਵਾਲੀ 'ਬੀਬੀ' ਝੂਠਾ ਜਿਹਾ ਹਾਸਾ ਹੱਸਦੀ ਸਾਡੇ ਕੋਲ ਵੀ ਆ ਗਈ। ਬਾਬੇ ਨੇ ਮੈਨੂੰ ਕਿਹਾ ਕਿ ਉਹ ਪੀਂਦਾ ਨਹੀਂ ਪਰ ਲੂਰ੍ਹੀਆਂ ਐਸੀਆਂ ਉੱਠੀਆਂ ਕਿ ਇੱਕ ਬੀਅਰ ਦੀ ਕੇਨ ਮੈਨੂੰ ਲੈ ਦਿੱਤੀ ਤੇ ਆਪ ਰੈੱਡ ਲੇਬਲ ਦੇ ਦੋ ਬੋਤਲਾਂ ਦੇ ਬੱਚੇ ਜਿਹੇ (ਛੋਟੇ ਪੈੱਗ) ਆਪ ਲੈ ਲਏ। ਤੀਜੀ ਛੋਟੀ ਬੋਤਲ ਮੇਰੇ ਅੱਗੇ ਧਰ ਦਿੱਤੀ। ਮੈਂ ਕਿਹਾ, "ਬਾਪੂ ਮੈਂ ਤਾਂ ਨੀਂ ਪੀਣੀ।" "ਕੋਈ ਗੱਲ ਨਹੀਂ ਨਾਲ ਲੈਜੀਂ, ਯਾਦ ਕਰ ਲਿਆ ਕਰੀਂ ਕਿ ਜਹਾਜ਼ 'ਚੋਂ ਲਿਆਂਦੀ ਸੀ।", ਬਾਬਾ ਬੋਲਿਆ। ਸਾਡੀਆਂ ਗੱਲਾਂ ਸੁਣਕੇ ਤਰਨਤਾਰਨ ਵੱਲ ਦਾ ਇੰਦਰਜੀਤ ਔਲਖ ਵੀ ਮੇਰੇ ਨਾਲ ਗੱਲੀਂ ਪੈ ਗਿਆ। ਸਾਡੇ ਦੇਖਦਿਆਂ ਹੀ ਬਾਬੇ ਨੇ ਇੱਕ ਗਲਾਸ ਵਿੱਚ ਹੀ ਪਾ ਕੇ ਦੋਵੇਂ ਪੈੱਗ ਚਾੜ੍ਹ ਲਏ। ਫਿਰ ਕੀ ਸੀ ਬਾਬਾ ਪਲਾਂ 'ਚ ਹੀ ਤੋਤਾ ਜਿਹਾ ਬਣ ਗਿਆ।
ਜਹਾਜ਼ 'ਚ ਅਨਾਊਂਸਮੈਂਟ ਹੋਈ ਕਿ ਅਸੀਂ 20 ਕੁ ਮਿੰਟ ਤੱਕ ਹੀਥਰੋ ਹਵਾਈ ਅੱਡੇ 'ਤੇ ਉੱਤਰਨ ਵਾਲੇ ਹਾਂ। ਜਿਉਂ ਜਿਉਂ ਜਹਾਜ਼ ਨਿਵਾਣ ਵੱਲ ਨੂੰ ਜਾ ਰਿਹਾ ਸੀ ਤਾਂ ਮੈਨੂੰ ਜਾਪਿਆ ਜਿਵੇਂ ਮੇਰੇ ਕੰਨਾਂ ਦੇ ਪਰਦੇ ਪਾਟ ਰਹੇ ਹੋਣ। ਹੀਥਰੋ ਆਇਆ ਤਾਂ ਭਾਰਤ ਤੇ ਇੰਗਲੈਂਡ ਦਾ ਫ਼ਰਕ ਮਹਿਸੂਸ ਹੋਣ ਲੱਗਾ। ਇਮੀਗ੍ਰੇਸ਼ਨ ਅਧਿਕਾਰੀ ਤਾਂ ਦਿੱਲੀ ਵਾਲਿਆਂ ਤੋਂ ਵੀ ਵਧੇਰੇ ਨੰਬਰ ਲੈਂਦੇ ਜਾਪੇ।ਲਾਈਨ 'ਚ ਲੱਗੇ ਨੂੰ ਕੱਟੇ ਵਾਲਾਂ ਵਾਲੀ ਮੁਟਿਆਰ ਨੇ ਆਵਾਜ ਮਾਰੀ। ਮੇਰੀ ਕਮਲ਼ੀ ਜਿਹੀ ਅੰਗਰੇਜ਼ੀਸੁਣ ਕੇ ਉਹਨੇ ਪੁਛਿਆ, "ਆਰ ਯੂ ਪੰਜਾਬੀ?" (ਕੀ ਤੁਸੀਂ ਪੰਜਾਬੀ ਹੋ?) ਮੈਂ ਹਾਂ ਕਿਹਾ ਤਾਂ ਉਹ ਪੰਜਾਬੀ 'ਚ ਉੱਤਰ ਆਈ। ਪਾਸਪੋਰਟ ਫੜ੍ਹਿਆ ਤੇ ਬੋਲੀ, " ਕੀ ਕਰਦੀ ਏ ਤੁਹਾਡੀ ਵਹੁਟੀ? ਪਹਿਲਾਂ ਇੰਗਲੈਂਡ ਆਏ ਹੋ ਕਦੀ?" ਇਹੋ ਜਿਹੇ ਛੋਟੇ ਛੋਟੇ ਸਵਾਲ ਉਸਨੇ ਸ਼ੁੱਧ ਪੰਜਾਬੀ 'ਚ ਪੁੱਛੇ। ਮੈਂ ਕਾਵਾਂ ਦੀ ਘੇਰੀ ਚਿੜੀ ਵਾਂਗ ਖੜ੍ਹਾ ਰਿਹਾ ਤੇ ਉਹਨੇ ਮੇਰਾ ਪਾਸਪੋਰਟ ਇੱਕ ਗੰਜੇ ਜਿਹੇ ਗੋਰੇ ਨੂੰ ਫੜਾ ਦਿੱਤਾ। ਉਸ ਮਾਂ ਦੇ ਪੁੱਤ ਨੇ ਘੜੀਸਾਜਾਂ ਵਾਂਗ ਅੱਖ 'ਤੇ ਸ਼ੀਸ਼ੇ ਵਾਲਾ ਪੋਪਲਾ ਜਿਹਾ ਚੜ੍ਹਾ ਕੇ ਪਾਸਪੋਰਟ ਦਾ ਕੋਨਾ ਕੋਨਾ ਟੋਹ ਧਰਿਆ। ਪਾਸਪੋਰਟ ਵੱਲ ਦੇਖਕੇ ਜਦ ਉਹ ਮੇਰੇ ਵੱਲ ਦੇਖੇ ਤਾਂ ਮੈਨੂੰ ਵੀ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਭੁੱਕੀ ਦੇ ਕੇਸ 'ਚ ਫੜ੍ਹਿਆ ਗਿਆ ਹੋਵਾਂ। ਸ਼ੱਕੀ ਜਿਹੀ ਤੱਕਣੀ ਤੱਕਦਾ ਉਹ ਮੇਰੇ ਕੋਲ ਆਇਆ, ਨਾਲ ਆਉਣ ਦਾ ਇਸ਼ਾਰਾ ਕਰਕੇ ਭੇਡਾਂ ਦੇ ਵਾੜੇ ਵਾਂਗ ਬੰਦ ਬੈਂਚਾਂ ਵਾਲੇ ਕਟਿਹਰੇ ਜਿਹੇ ਵਿੱਚ ਬਿਠਾ ਕੇ ਖੁਦ ਇਮੀਗ੍ਰੇਸ਼ਨ ਅਫਸਰ ਕੋਲ ਚਲਾ ਗਿਆ। ਸ਼ੀਸਿ਼ਆਂ ਦੇ ਬਣੇ ਕੈਬਿਨ 'ਚੋਂ ਮੈਨੂੰ ਤੱਕਦੇ ਉਹ ਮੈਨੂੰ ਵੀ ਦਿਸ ਰਹੇ ਸਨ ਪਰ ਮੈਂ ਉੱਥੇ ਬੈਠਾ ਵੀ ਇਹੀ ਫ਼ਰਕ ਮਹਿਸੂਸ ਕਰ ਰਿਹਾ ਸਾਂ ਕਿ ਪੰਜਾਬ ਦੀ ਆਪਣੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਕੋਈ 'ਪੰਜਾਬੀ' ਵਿੱਚ ਸਿੱਧੇ ਮੂੰਹ ਗੱਲ ਕਰਨ ਨੂੰ ਤਿਆਰ ਨਹੀਂ ਪਰ ਹੀਥਰੋ ਹਵਾਈ ਅੱਡੇ ਤੇ ਪੰਜਾਬੀ ਪੰਜਾਬ ਨਾਲੋਂ ਵੀ ਸ਼ੁੱਧ ਬੋਲੀ ਗਈ। ਅਧਿਕਾਰੀ ਤਾਂ ਆਪੋ-ਆਪਣੇ ਕੰਮਾਂ 'ਚ ਮਸਤ ਦਗੜ ਦਗੜ ਕਰਦੇ ਫਿਰਦੇ ਸਨ ਪਰ ਮੇਰੀ ਧੁੰਨੀ ਵੱਜੀ ਜਾਵੇ ਕਿਉਂਕਿ ਮਾੜੇ ਦਿਨ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੇ। ਦਿਨ ਮਾੜੇ ਹੋਣ ਤਾਂ ਬੋਤੇ ਤੇ ਬੈਠੇ ਨੂੰ ਵੀ ਕੁੱਤਾ ਵੱਢ ਜਾਂਦੈ। ਘੰਟਾ ਬੈਠਣ ਤੋਂ ਬਾਦ ਉਹੀ ਬੀਬੀ ਆਈ ਤੇ ਪਾਸਪੋਰਟ ਫੜ੍ਹਾ ਕੇ ਮੈਡੀਕਲ ਸਰਟੀਫਿਕੇਟ ਉੱਪਰ ਅਧਿਕਾਰੀ ਦੀ ਮੋਹਰ ਲਗਵਾਉਣ ਲਈ ਕਹਿ ਚਲਦੀ ਬਣੀ। ਸਾਮਾਨ ਲਿਆ, ਬਾਹਰ ਨਿਕਲਿਆ ਤਾਂ 'ਭਾਗਵਾਨ' ਖੜ੍ਹੀ ਉਡੀਕ ਰਹੀ ਸੀ। ਉਸਨੇ ਦੱਸਿਆ ਕਿ ਉਹ ਥੋੜ੍ਹਾ ਚਿਰ ਪਹਿਲਾਂ ਹੀ ਫੋਨ ਤੇ ਇਮੀਗ੍ਰੇਸ਼ਨ ਅਧਿਕਾਰੀ ਨਾਲ ਗੱਲ ਕਰਕੇ ਹਟੀ ਹੈ। ਏਅਰਪੋਰਟ ਤੋਂ ਬਾਹਰ ਨਿੱਕਲੇ ਤਾਂ ਦਿੱਲੀ ਦੇ ਇਮੀਗ੍ਰੇਸ਼ਨ ਅਧਿਕਾਰੀ, ਜਹਾਜ਼ ਦਾ 9 ਘੰਟੇ ਦਾ ਸਫ਼ਰ ਤੇ ਫਿਰ ਹੀਥਰੋ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਸਤਾਏ ਨੂੰ ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਕਿਸੇ ਹਰੇ ਭਰੇ ਬੂਟੇ ਨੂੰ ਜੜ੍ਹੋਂ ਪੁੱਟ ਕੇ ਮੁੜ ਕਿਸੇ ਨਵੀਂ ਥਾਂ ਤੇ ਲਿਜਾ ਕੇ 'ਗੱਡ' ਦਿੱਤਾ ਹੋਵੇ।

Monday, November 17, 2008

ਮਨਦੀਪ ਖੁਰਮੀ ਹਿੰਮਤਪੁਰਾ - ਵਿਅੰਗ

ਮਾਰਤੇ ਓਏ ਇੰਗਲੈਂਡ ਵਾਲੇ ਫੁੱਫੜ ਜੀ ਦੀ "ਓ ਕੇ" ਨੇ!

ਵਿਅੰਗ

ਸਾਡੇ ਸਾਰਿਆਂ ਦੇ ਪੈਰ ਧਰਤੀ ਤੇ ਨਹੀਂ ਸੀ ਲੱਗ ਰਹੇ ਕਿਉਂਕਿ ਸਾਡੀ ਭੂਆ ਅਤੇ ਫੁੱਫੜ ਜੀ ਇੰਗਲੈਂਡ ਤੋਂ ਜੋ ਆ ਰਹੇ ਸਨ। ਮੇਰੀ ਸੁਰਤ ਸੰਭਲਣ ਤੋਂ ਤਕਰੀਬਨ 12-13 ਸਾਲਾਂ ਮਗਰੋਂ ਆ ਰਹੇ ਸਨ ਭੂਆ-ਫੁੱਫੜ। ਕਈ ਵਾਰ ਉਹਨਾਂ ਨੇ ਆਪਣੀਆਂ ਫੋਟੋਆਂ ਜ਼ਰੂਰ ਭੇਜੀਆਂ ਸਨ। ਗੋਰੇ ਨਿਛੋਹ ਭੂਆ ਫੁੱਫੜ ਦੀਆਂ ਖਿੜ-ਖਿੜ ਹੱਸਦਿਆਂ ਦੀਆਂ ਫੋਟੋਆਂ ਦੇਖਕੇ ਇੰਝ ਲਗਦਾ ਜਿਵੇਂ ਮੈਨੂੰ ਇਹੀ ਕਹਿ ਰਹੇ ਹੋਣ, "ਪੁੱਤ ਦੀਪ, ਤੂੰ ਵੀ ਖੁਸ਼ ਰਿਹਾ ਕਰ, ਐਤਕੀਂ ਦੀ ਵਾਰੀ ਤੈਨੂੰ ਵੀ ਇੰਗਲੈਂਡ ਵਾਲੇ ਜਹਾਜ ਚੜ੍ਹਾ ਕੇ ਲੈ ਈ ਜਾਣੈ।" ਇਹ ਗੱਲ ਮੇਰੇ ਦਿਮਾਗ 'ਚ ਤਾਂ ਆਉਂਦੀ ਹੀ, ਮੇਰੇ ਚਾਚੇ ਤੇ ਤਾਏ ਨੂੰ ਵੀ ਸ਼ਾਇਦ ਇਹੀ ਆਸ ਬੱਝੀ ਰਹਿੰਦੀ ਕਿ ਉਹਨਾਂ ਦੇ ਸਾਹਿਬਜ਼ਾਦਿਆਂ 'ਚੋਂ ਵੀ ਭੂਆ ਕਿਸੇ ਨਾ ਕਿਸੇ ਨੂੰ ਲੈ ਹੀ ਜਾਵੇ।
ਚੱਲੋ ਛੱਡੋ ਇਹ ਗੱਲਾਂ! ਆਪਾਂ ਗੱਲ ਕਰ ਰਹੇ ਸੀ ਕਿ ਭੂਆ- ਫੁੱਫੜ ਜੀ ਆ ਰਹੇ ਹਨ। ਜਿਸ ਤਰ੍ਹਾਂ ਇੱਕੋ ਪਾਰਟੀ ਦੇ ਅਤੇ ਮੂੰਹ-ਬੋਲੇ ਭੈਣ ਭਰਾ ਬਣਕੇ ਵੀ ਕੈਪਟਨ ਤੇ ਭੱਠਲ ਦੀ ਨਹੀਂ ਬਣੀ ਓਵੇਂ ਕਿਵੇਂ ਹੀ ਮੇਰੇ ਚਾਚੇ ਤੇ ਤਾਏ ਦੀ ਵੀ ਸਾਡੇ ਨਾਲ ਨਹੀਂ ਬਣੀ। ਪਰ ਜਿਸ ਦਿਨ ਭੂਆ ਜੀ ਆਏ ਉਸ ਦਿਨ ਭੂਆ ਨੂੰ 'ਇੰਪ੍ਰੈਸ" ਕਰਨ ਲਈ ਸਭ ਸਾਡੇ ਘਰ ਗਿਰਝਾਂ ਵਾਂਗ ਇਕੱਠੇ ਹੋ ਗਏ, ਕਿਉਂਕਿ ਭੂਆ ਫੁੱਫੜ ਦਾ ਉਤਾਰਾ ਸਾਡੇ ਘਰ ਸੀ। ਉਹ ਇਸ ਕਰਕੇ ਕਿ ਭੂਆ ਜੀ ਦੀ ਮਾਤਾ ਭਾਵ ਸਾਡੀ ਦਾਦੀ ਦੀ ਸੇਵਾ ਸੰਭਾਲ ਅਸੀਂ ਜੋ ਕਰ ਰਹੇ ਸਾਂ। ਇਸ ਤੋਂ ਅੱਗੇ ਜੋ ਕੁਝ ਹੋਇਆ, ਜੇ ਨਾ ਪੁੱਛੋਂ ਤਾਂ ਹੀ ਬਿਹਤਰ ਹੈ। ਕਦੇ ਕਦੇ ਹਾਸਾ ਵੀ ਆਉਂਦੈ ਆਪਣੀ ਬੇਵਕੂਫੀ ਤੇ, ਕਦੇ ਕਦੇ ਆਪਣੇ ਵੱਲੋਂ ਕੀਤੀ ਲੋਹੜਿਆਂ ਦੀ ਖਾਤਿਰਦਾਰੀ ਤੇ ਗੁੱਸਾ ਵੀ ਆਉਂਦੈ।
ਜਦੋਂ ਭੂਆ ਜੀ ਆਏ ਤਾਂ ਉਹਨਾਂ ਦੱਸਿਆ ਕਿ, "ਤੁਹਾਡੇ ਫੁੱਫੜ ਜੀ ਘੁੰਮਣ ਫਿਰਨ ਅਤੇ 'ਚਿਕਨ' ਦੇ ਬੇਹੱਦ ਸ਼ੌਕੀਨ ਹਨ। ਦੇਖਿਓ ਕਿਤੇ ਮੇਰੀ ਹੱਤਕ ਨਾ ਹੋ ਜਾਏ?" ਫੇਰ ਕੀ ਸੀ ਫੁੱਫੜ ਜੀ ਅੱਗੇ ਭੂਆ ਦੇ 'ਨੰਬਰ' ਬਣਾਉਣ ਲਈ ਚੁੱਲ੍ਹੇ ਉੱਪਰ ਮੁਰਗੇ ਰਿੱਝਣ ਲੱਗੇ। ਸ਼ਾਮ ਨੂੰ ਮਹਿਫਲ ਜੁੜਦੀ ਤਾਂ ਚਾਚੇ ਤਾਏ ਜੇਬ 'ਚੋਂ ਦੁੱਕੀ ਕੱਢਣ ਦੀ ਬਜਾਏ ਮੁਰਗੇ ਉੱਪਰ ਹੱਲਾ ਬੋਲ ਕੇ ਆਪੋ ਆਪਣੇ ਘਰੀਂ ਜਾ ਸੌਂਦੇ। ਪੈੱਗ-ਪ੍ਰੇਡ ਤੋਂ ਬਾਦ ਖਾਲੀ ਹੋਈਆਂ ਬੋਤਲਾਂ ਤੇ ਡਮ-ਡਮ ਖਾਲੀ ਵਜਦੇ ਪਤੀਲੇ ਸਾਡੇ ਪੱਲੇ ਪੈ ਜਾਂਦੇ। ਖਾਣ ਪੀਣ ਦਾ ਦੌਰ ਹਰ ਰੋਜ ਚਲਦਾ। ਤੀਜੇ ਕੁ ਦਿਨ ਭੂਆ ਜੀ ਨੇ ਕਿਹਾ, "ਬੇਟਾ ਦੀਪ, ਤੇਰੇ ਫੁੱਫੜ ਜੀ 'ਫੇਮਸ ਪਲੇਸਜ' (ਪ੍ਰਸਿੱਧ ਥਾਵਾਂ) ਤੇ ਘੁੰਮਣਾ 'ਮੰਗਦੇ' ਨੇ। ਇਸ ਕਰਕੇ ਕਿਸੇ ਗੱਡੀ ਦਾ ਬੰਦੋਬਸਤ ਕਰ ਲੈ।" ਮੇਰੇ ਦਿਮਾਗ ਵਿੱਚ ਇਹ ਗੱਲ ਆ ਰਹੀ ਸੀ ਕਿ ਭੂਆ ਜਿਹੜਾ ਖੁੱਲ੍ਹਾ ਖਰਚਾ ਕਰਵਾ ਰਹੀ ਹੈ, ਜਾਂਦੀ ਹੋਈ ਜਰੂਰ ਮਾੜੀ ਮੋਟੀ ਮਦਦ ਕਰ ਕੇ ਜਾਊ। ਮੈਂ ਆਪ ਹੀ ਬੁਣਤੀਆਂ ਬੁਣੀ ਜਾ ਰਿਹਾ ਸੀ ਕਿ ਜਦੋਂ ਭੂਆ ਪੌਂਡ ਫੜਾਉਣ ਲੱਗੀ ਤਾਂ ਇੱਕ ਵਾਰ ਜਰੂਰ 'ਨਾਂਹ' ਕਹੂੰ ਪਰ ਦੂਜੀ ਵਾਰ ਚੁੱਪ-ਚਾਪ ਫੜ੍ਹਲਾਂਗੇ। ਇਸ ਗੱਲ ਦੀ ਮੈਨੂੰ ਆਸ ਵੀ ਸੀ ਤੇ ਯਕੀਨ ਵੀ ਸੀ ਕਿਉਂਕਿ ਪਿਤਾ ਜੀ ਕਿਹਾ ਕਰਦੇ ਸਨ ਕਿ ਭੂਆ ਉਹਨਾਂ ਦਾ ਬਹੁਤ 'ਤਿਓਹ' ਕਰਦੀ ਹੁੰਦੀ ਸੀ।
ਮੈਂ ਦਿਹਾੜੀ ਦੇ ਹਿਸਾਬ ਨਾਲ ਗੱਡੀ ਕਿਰਾਏ ਤੇ ਲੈ ਲਈ। ਗੱਡੀ ਦਾ ਖਰਚਾ ਵੀ ਮੇਰੀ ਜੇਬੋਂ ਹੋਣ ਲੱਗਾ। ਇੱਥੋਂ ਹੀ ਸ਼ੁਰੂ ਹੋਈ ਹਾਦਸਿਆਂ ਭਰੀ ਦਰਦਨਾਕ ਕਹਾਣੀ। ਫੁੱਫੜ ਜੀ ਨੂੰ ਘਮਾਉਣ ਲਈ ਅਸੀਂ ਗੱਡੀ ਵਿੱਚ ਸਵਾਰ ਹੋ ਗਏ। ਭੂਆ-ਫੁੱਫੜ, ਚਾਚਾ-ਚਾਚੀ, ਤਾਇਆ-ਤਾਈ ਸਮੇਤ ਅਸੀਂ ਦਸ ਕੁ ਜਣੇ ਮਸਾਂ ਫਸ ਕੇ ਗੱਡੀ 'ਚ ਬੈਠੇ। ਜਦੋਂ ਕੋਈ ਖਰਚਾ ਕਰਨਾ ਹੁੰਦਾ ਤਾਂ ਚਾਚਾ-ਤਾਇਆ ਜਾਣ ਕੇ ਫੁੱਫੜ ਨਾਲ ਗੱਲੀਂ ਰੁੱਝ ਜਾਂਦੇ। ਅਸੀਂ ਯਾਤਰਾ ਦਾ ਪਹਿਲਾ ਪੜਾਅ ਗੁਰਦੁਆਰਾ ਮਹਿਦੇਆਣਾ ਸਾਹਿਬ ਰੱਖਿਆ। ਰਸਤੇ ਵਿੱਚ ਜੂਸ ਦੀ ਦੁਕਾਨ ਦੇਖ ਕੇ ਫੁੱਫੜ ਜੀ ਨੇ ਗੱਡੀ ਰੋਕ ਲਈ ਤਾਂ ਸਭ ਦੇ ਕੰਨ ਜਿਹੇ ਖੜ੍ਹੇ ਹੋ ਗਏ। ਜੂਸ ਪੀਣ ਉਪਰੰਤ ਬਿਲ ਦੇਣ ਲਈ ਭੂਆ ਜੀ ਨੇ ਫੁਰਮਾਨ ਜਾਰੀ ਕਰਦਿਆਂ ਕਿਹਾ, "ਬੇਟਾ ਦੀਪ, ਬਿਲ ਦੇ ਕੇ ਜਲਦੀ ਆ ਜਾਵੀਂ, ਅਸੀਂ ਗੱਡੀ ਕੋਲ ਚਲਦੇ ਆਂ।" ਮੈਂ ਝਾਕ ਰਿਹਾ ਸੀ ਕਿ ਸ਼ਾਇਦ ਭੂਆ 'ਟੁੱਟੇ' ਪੈਸੇ ਦੇ ਰਹੀ ਹੈ ਪਰ ਐਸਾ ਕੁਝ ਵੀ ਨਾ ਵਾਪਰਿਆ। ਮੈਂ ਬੜੇ ਦੁਖੀ ਹਿਰਦੇ ਨਾਲ ਗਾਂਧੀ ਜੀ ਦੀ ਫੋਟੋ ਵਾਲੇ ਦੋ ਨੋਟ 'ਪੁੰਨ' ਕਰ ਆਇਆ। ਸਫਰ ਬੇਸੁਆਦ ਜਿਹਾ ਲੱਗ ਰਿਹਾ ਸੀ। ਸਾਰੇ ਹੱਸ ਹੱਸ ਗੱਲਾਂ ਕਰ ਰਹੇ ਸਨ ਪਰ ਮੇਰਾ ਦਿਲ ਉੱਚੀ ਉੱਚੀ ਚੰਘਿਆੜਾਂ ਮਾਰ ਕੇ ਰੋਣ ਨੂੰ ਕਰ ਰਿਹਾ ਸੀ।
ਉਸ ਤੋਂ ਬਾਦ ਫੁੱਫੜ ਜੀ ਨੇ ਪੈਂਦੀ ਸੱਟੇ ਹੀ ਚੰਡੀਗੜ੍ਹ ਜਾਣ ਦੀ ਇੱਛਾ ਜਾਹਿਰ ਕੀਤੀ। 'ਫਸੀ ਕੀ ਤਾਂ ਫਟਕਣ ਕੀ' ਤੇ ਅਮਲ ਕਰਦਿਆਂ ਆਪਾਂ 'ਸੱਤ ਬਚਨ' ਕਿਹਾ ਤੇ ਗੱਡੀ ਚੰਡੀਗੜ੍ਹ ਵੱਲ ਨੂੰ ਸਿੱਧੀ ਕਰਵਾ ਦਿੱਤੀ। ਪੈਟਰੋਲ ਪੰਪ ਤੋਂ ਤੇਲ ਪਵਾਉਣ ਲਈ ਜਿਉਂ ਹੀ ਡਰਾਈਵਰ ਨੇ ਬ੍ਰੇਕਾਂ ਮਾਰੀਆਂ ਤਾਂ ਮੇਰਾ ਦਿਲ ਵਿਚਾਰਾ ਚੰਡੀਗੜ੍ਹੋਂ ਹੋ ਹੋ ਮੁੜਨ ਲੱਗਾ। ਤੇਲ ਦਾ ਬਿੱਲ ਦੇਣ ਲਈ ਜਦ ਡਰਾਈਵਰ ਨੇ ਮੇਰਾ ਮੋਢਾ ਹਲੂਣਿਆ ਤਾਂ ਗੱਡੀ ਵਿੱਚ ਕਿਸੇ ਖੰਡਰ ਮਕਾਨ ਵਾਂਗ ਚੁੱਪ ਪਸਰ ਗਈ। ਭੂਆ ਦੇ ਪਰਸ ਦੀ ਜਿੱਪ ਫਿਰ ਨਾ ਖੁੱਲ੍ਹੀ ਤਾਂ ਸ਼ਰਮੋ-ਸ਼ਰਮੀ ਮੈਨੂੰ ਫਿਰ ਬਲੀ ਦਾ ਬੱਕਰਾ ਬਨਣਾ ਪਿਆ। ਵਾਰ ਵਾਰ ਭੂਆ ਦੀ ਹੱਤਕ ਦਾ ਖਿਆਲ ਸਤਾਉਂਦਾ। ਬਿਲ ਦੇ ਕੇ ਮੈਂ ਗੱਡੀ 'ਚ ਬੈਠੇ ਫੁੱਫੜ ਜੀ ਨੂੰ ਸੁਣਾਉਂਦਿਆਂ ਕਿਹਾ, "ਫੁੱਫੜ ਜੀ ਮੈਂ ਤੇਲ ਦਾ ਬਿੱਲ ਦੇ ਦਿੱਤੈ।" ਫੁੱਫੜ ਜੀ ਨੇ ਕੁਝ ਹੋਰ ਨਾ ਬੋਲਦਿਆਂ ਸਿਰਫ 'ਓ ਕੇ' ਕਿਹਾ ਤੇ ਫਿਰ ਚੁੱਪ। ਚੰਡੀਗੜ੍ਹ ਪਹੁੰਚੇ ਤਾਂ ਮਹਿੰਗੇ ਸ਼ਹਿਰ 'ਚ ਖਾਣ ਪੀਣ ਦੇ ਖਰਚਿਆਂ ਨੇ ਮੇਰੀ ਜੀਭ ਕਢਾ ਦਿੱਤੀ। ਜਿੱਥੇ ਵੀ ਬਿਲ ਦੇਣਾ ਹੁੰਦਾ ਤਾਂ ਮੈਂ ਦਿੰਦਾ ਤੇ ਫੁੱਫੜ ਦੀ 'ਓ ਕੇ' ਸੁਣਕੇ ਠੰਢਾ ਸੀਲਾ ਹੋ ਜਾਂਦਾ। ਦਸਾਂ ਕੁ ਦਿਨਾਂ 'ਚ ਮੇਰੇ ਕੋਲ ਜਿਹੜੇ ਚਾਰ ਧੇਲੇ ਸਨ ਓਹ ਫੁੱਫੜ ਜੀ ਦੀ 'ਓ ਕੇ' ਦੀ ਭੇਂਟ ਚੜ੍ਹ ਗਏ।
ਮੈਂ ਭੂਆ ਨੂੰ ਹੱਤਕ ਤੋਂ ਬਚਾਉਣ ਲਈ ਕਿਸੇ ਤੋਂ ਤੀਹ ਕੁ ਹਜਾਰ ਰੁਪਏ ਵਿਆਜੂ ਫੜ੍ਹ ਲਏ। ਫੇਰ ਚਲ ਸੋ ਚਲ। ਨਿੱਤ ਘੁੰਮਣਾ-ਘੁਮਾਉਣਾ ਸਾਰਿਆਂ ਦਾ ਪਰ ਬਿਲ ਦੇਣ ਦੀ ਡਿਊਟੀ ਮੇਰੀ 'ਕੱਲੇ ਦੀ। ਇਸ ਸਭ ਕੁਝ ਦੇ ਬਾਵਜੂਦ ਵੀ ਮੇਰਾ ਦਿਲ ਭੂਆ ਦੀਆਂ ਬੰਦ ਅਟੈਚੀਆਂ ਸਹਾਰੇ ਖੜ੍ਹਾ ਰਹਿੰਦਾ। ਪਤਾ ਨਹੀਂ ਕੀ ਕੀ ਹੋਵੇਗਾ ਉਹਨਾਂ ਵਿੱਚ? ਇੰਝ ਲਗਦਾ ਕਿ ਜਿਹੜਾ ਭੂਆ ਨੇ ਆਉਂਦਿਆਂ ਸਾਨੂੰ ਕੁਝ ਨਹੀਂ ਦਿੱਤਾ ਸ਼ਾਇਦ ਜਾਂਦੀ ਹੋਈ ਜਰੂਰ 'ਸਰਪ੍ਰਾਈਜ' ਦੇ ਕੇ ਜਾਊ। ਬੋਤੇ ਦੇ ਬੁੱਲ੍ਹ ਦੇ ਡਿੱਗਣ ਦੀ ਉਡੀਕ ਵਾਂਗ ਮੈਂ ਭੂਆ ਦੀਆਂ ਬੰਦ ਅਟੈਚੀਆਂ ਦੇ ਖੁੱਲ੍ਹਣ ਦੀ ਉਡੀਕ 'ਚ ਹੀ ਫੁੱਫੜ ਦੀ 'ਓ ਕੇ' ਸੁਣਦਾ ਰਿਹਾ ਤੇ ਮਜ਼ਬੂਰ ਜਿਹਾ ਹੋਇਆ ਖਰਚਾ ਕਰਦਾ ਰਿਹਾ।
ਹੁਣ ਭੂਆ ਫੁੱਫੜ ਦੇ ਵਾਪਸ ਜਾਣ 'ਚ ਤਿੰਨ ਦਿਨ ਬਾਕੀ ਰਹਿ ਗਏ ਸਨ। ਭੂਆ ਮੈਨੂੰ ਉਪਦੇਸ਼ ਦੇਣ ਲੱਗੀ, "ਬੇਟਾ ਦੀਪ, ਜਿ਼ੰਦਗੀ ਤਾਂ ਏਧਰ ਈ ਆ, ਓਧਰ ਤਾਂ ਆਦਮੀ ਮਸ਼ੀਨ ਬਣ ਜਾਂਦੈ। ਦੇਖ ਆਪਾਂ ਕਿੰਨਾ 'ਇਜੁਆਏ' ਕੀਤਾ, ਕਿੰਨੇ 'ਹੈਪੀ' ਰਹੇ। ਓਧਰ ਤਾਂ ਪੂਰੀ 'ਵੀਕ' ਕੰਮ ਤੋਂ ਈ ਵਿਹਲ ਨਹੀਂ ਮਿਲਦੀ।" ਭੂਆ ਦੀ ਇਹ ਗੱਲ ਸੁਣਕੇ ਮੇਰਾ ਇਹ ਭਰਮ ਤਾਂ ਟੁੱਟ ਗਿਆ ਕਿ ਭੂਆ ਮੈਨੂੰ ਇੰਗਲੈਂਡ ਲਿਜਾਣ ਲਈ ਕੋਈ ਚਾਰਾਜੋਈ ਕਰੇਗੀ, ਕਿਉਂਕਿ ਓਹ ਤਾਂ ਮੈਨੂੰ ਇਧਰ ਹੀ 'ਰਾਜਾ' ਬਣਕੇ ਰਹਿਣ ਦੀਆਂ ਸਲਾਹਾਂ ਦੇ ਰਹੀ ਸੀ।
ਭੂਆ ਦੇ ਦਿੱਲੀ ਏਅਰਪੋਰਟ ਵਾਸਤੇ ਜਾਣ ਲਈ ਦੋ ਘੰਟੇ ਬਾਕੀ ਸਨ। ਗੱਡੀ ਵਾਲੇ ਨਾਲ 4 ਹਜਾਰ ਰੁਪਏ 'ਚ ਗੱਲ ਹੋਈ। ਤੁਰਨ ਤੋਂ ਪਹਿਲਾਂ ਭੂਆ ਨੇ ਚਾਚੇ ਤਾਏ ਸਮੇਤ ਸਾਨੂੰ ਸਾਰਿਆਂ ਨੂੰ ਇਕੱਠੇ ਬਿਠਾ ਕੇ ਕਿਹਾ, "ਤੁਹਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਰਹਿੰਦਿਆਂ ਦੇਖਕੇ ਬਹੁਤ ਖੁਸ਼ ਹੋਈ ਹਾਂ। ਇਸ ਤਰ੍ਹਾਂ ਹੀ ਪਿਆਰ ਮੁਹੱਬਤ ਨਾਲ ਹੀ ਰਹਿਓ।" ਉਸਤੋਂ ਬਾਦ ਰੋਂਦੇ ਜੁਆਕ ਨੂੰ ਖਿਡੌਣਾ ਦੇ ਕੇ ਵਿਰਾਉਣ ਵਾਂਗ ਸਾਨੂੰ ਸਭ ਨੂੰ ਥੋਕ ਦੇ ਭਾਅ ਲਿਆਂਦੀਆਂ 'ਨੰਬਰਾਂ' ਵਾਲੀਆਂ ਘੜੀਆਂ ਵੰਡ ਦਿੱਤੀਆਂ। ਮੇਰੀ ਸੇਵਾ ਤੋਂ 'ਖੁਸ਼' ਹੋ ਕੇ ਭੂਆ ਨੇ 'ਓਧਰੋਂ' ਲਿਆਂਦੀ ਇੱਕ ਪੈਂਟ ਵੀ ਮੇਰੀ ਝੋਲੀ ਪਾ ਦਿੱਤੀ।
ਅਸੀਂ ਦਿੱਲੀ ਨੂੰ ਚਾਲੇ ਪਾ ਦਿੱਤੇ। ਏਅਰਪੋਰਟ ਪਹੁੰਚੇ। ਭੂਆ ਦੇ ਅੰਦਰ ਜਾਣ ਤੋਂ ਪਹਿਲਾਂ ਅਜੇ ਵੀ ਬੜੀ ਆਸ ਸੀ ਕਿ ਭੂਆ ਹੁਣ ਤਾਂ ਜਾਣ ਲੱਗੀ ਹੀ ਕੁਝ ਨਾ ਕੁਝ ਦੇ ਕੇ ਜਾਵੇਗੀ। ਬੋਤੇ ਦਾ ਬੁੱਲ੍ਹ ਤਾਂ ਨਾ ਡਿੱਗਿਆ ਪਰ ਫੁੱਫੜ ਦੇ ਮੁੱਲ ਦੇ ਦੰਦਾਂ ਵਾਲੇ ਮੂੰਹ 'ਚੋਂ ਆਖਰੀ ਵਾਰ 'ਓ ਕੇ' ਜ਼ਰੂਰ ਨਿੱਕਲੀ। ਦੁਬਾਰਾ ਮਿਲਣ ਦਾ ਵਾਅਦਾ ਕਰਕੇ ਇੰਗਲੈਂਡ ਵਾਲੇ ਭੂਆ-ਫੁੱਫੜ ਜੀ ਔਹ ਗਏ- ਔਹ ਗਏ। ਗੱਡੀ ਵਾਲੇ ਦਾ ਕਿਰਾਇਆ ਵੀ ਮੈਨੂੰ ਹੀ ਦੇਣਾ ਪਿਆ। ਉੱਪਰੋਂ ਵਿਆਜੂ ਫੜ੍ਹੇ ਪੈਸੇ ਅਜੇ ਵੀ ਬਕਾਇਆ ਖੜ੍ਹੇ ਹਨ। ਜੇ ਕੁਝ ਪੱਲੇ ਹੈ ਤਾਂ ਉਹ ਹੈ ਇੱਕ ਪੈਂਟ, ਇੱਕ ਨੰਬਰਾਂ ਵਾਲੀ ਘੜੀ ਤੇ ਫੁੱਫੜ ਜੀ ਦੀ 'ਓ ਕੇ' ।

ਨੋਟ:- ਪਿਆਰੇ ਪਾਠਕੋ! ਜੇ ਤੁਸੀਂ ਵੀ ਕਿਸੇ 'ਭਤੀਜੇ' ਦੇ ਭੂਆ-ਫੁੱਫੜ ਹੋ ਤਾਂ ਅਜਿਹੀ ਨੌਬਤ ਨਾ ਆਵੇ ਕਿ ਵਿਚਾਰਾ 'ਭਤੀਜਾ' ਕਹਿੰਦਾ ਫਿਰੇ ਕਿ "ਮਾਰਤੇ ਓਏ ਇੰਗਲੈਂਡ ਵਾਲੇ ਫੁੱਫੜ ਜੀ ਦੀ 'ਓ ਕੇ' ਨੇ।"

Friday, November 14, 2008

ਮਨਦੀਪ ਖੁਰਮੀ ਹਿੰਮਤਪੁਰਾ - ਵਿਅੰਗ

ਲੱਕੜ ਦਾ ਮੁੰਡਾ - ਨਾ ਰੋਵੇ ਨਾ ਦੁੱਧ ਮੰਗੇ
ਵਿਅੰਗ

ਕਿਉਂ ਦੇਖਿਐ ਕਿਤੇ ਲੱਕੜ ਦਾ ਮੁੰਡਾ? ਜਿਹੜਾ ਨਾ ਰੋਵੇ ਤੇ ਨਾ ਦੁੱਧ ਮੰਗੇ। ਬਈ ਮਿੱਤਰੋ ਥੋਡੇ ਵਾਂਗੂੰ ਮੈਨੂੰ ਵੀ ਨਹੀਂ ਸੀ ਪਤਾ ਕਿ ਕੋਈ ਮੁੰਡਾ ਲੱਕੜ ਦਾ ਵੀ ਹੋ ਸਕਦੈ। ਬੜਿਆਂ ਤੋਂ ਪੁੱਛਿਆ ਪਰ ਕਿਸੇ ਨੇ ਵੀ ਸਿੱਧੀ ਪਰਿਭਾਸ਼ਾ ਨਾ ਦੱਸੀ ਕਿ ਲੱਕੜ ਦਾ ਮੁੰਡਾ ਕਿਸ ਬਲਾ ਨੂੰ ਕਹਿੰਦੇ ਨੇ। ਇੱਕ ਦਿਨ ਘਰੇ ਮਾਤਾ ਕੋਲ ਬੈਠੀ ਗੁਆਂਢਣ ਤਾਈ ਦੇ ਮੂੰਹੋਂ ਕਿਸੇ 'ਸਿਆਣੇ ਬਾਬੇ' ਦੀ ਮਹਿਮਾ ਸੁਣੀ ਤਾਂ ਮੈਨੂੰ ਆਸ ਜਿਹੀ ਬੱਝ ਗਈ ਕਿ ਕਿਸੇ ਹੋਰ ਨੂੰ ਭਾਵੇਂ ਪਤਾ ਹੋਵੇ ਜਾਂ ਨਾ ਹੋਵੇ ਪਰ ਸਿਆਣਾ ਬਾਬਾ ਜ਼ਰੂਰ ਜਾਣਦਾ ਹੋਊ ਲੱਕੜ ਦੇ ਮੁੰਡੇ ਬਾਰੇ। ਲਓ ਜੀ ਆਪਾਂ 'ਸਿਆਣੇ ਬਾਬੇ' ਦੇ ਡੇਰੇ ਤੇ ਪਹੁੰਚ ਗਏ। ਦਰਬਾਨ ਤੋਂ ਬਾਬਾ ਜੀ ਨੂੰ ਮਿਲਣ ਬਾਰੇ ਪੁੱਛਿਆ। ਉਹਦੇ ਮਿਲਣ ਦਾ ਕਾਰਨ ਪੁੱਛਣ ਤੇ ਜਦ ਮੈਂ ਲੱਕੜ ਦੇ ਮੁੰਡੇ ਬਾਰੇ ਜਾਣਕਾਰੀ ਲੈਣ ਦੀ ਗੱਲ ਕੀਤੀ ਤਾਂ ਓਹ ਉੱਚੀ-ਉੱਚੀ ਹੱਸਦਿਆਂ ਬੋਲਿਆ, "ਭਲਿਆ ਮਾਣਸਾ ਪੰਜਾਬ ਦੀ ਧਰਤੀ ਤੇ ਜੰਮਿਆ ਹੋਵੇਂ ਤੇ ਤੈਨੂੰ ਲੱਕੜ ਦੇ ਮੁੰਡੇ ਦਾ ਪਤਾ ਨਾ ਹੋਵੇ? ਜਾਹ ਯਾਰ ਤੂੰ ਵੀ ਮੈਨੂੰ ਲੋਲ੍ਹਾ ਈ ਲਗਦੈਂ।" ਪਰ ਗੱਲ ਸਿਰੇ ਓਹਨੇ ਵੀ ਨਾ ਲਾਈ। ਬੱਸ ਮੈਨੂੰ ਯਕੀਨ ਜਿਹਾ ਹੋ ਗਿਆ ਸੀ ਕਿ ਜਿਸ 'ਸਿਆਣੇ ਬਾਬੇ' ਦੇ ਦਰਬਾਨ ਨੂੰ ਵੀ ਲੱਕੜ ਦੇ ਮੁੰਡੇ ਬਾਰੇ ਮਾੜੀ ਮੋਟੀ ਜਾਣਕਾਰੀ ਹੈ ਤਾਂ ਬਾਬਾ ਤਾਂ ਓਹਤੋਂ ਵੀ ਚੜ੍ਹਦਾ ਚੰਦ ਹੀ ਹੋਊ।
ਅਜੇ ਸੋਚਾਂ ਦੀ ਘੁੰਮਣ ਘੇਰੀ 'ਚ ਗੋਤੇ ਖਾ ਹੀ ਰਿਹਾ ਸੀ ਕਿ ਬਾਬਾ ਜੀ ਦਾ 'ਸੈਕਟਰੀ' ਆਇਆ ਤੇ ਮੈਨੂੰ ਲਿਜਾ ਬਾਬਾ ਜੀ ਅੱਗੇ ਪੇਸ਼ ਕੀਤਾ। ਗੁਆਂਢਣ ਤਾਈ ਤੋਂ ਸੁਣੇ ਸਿਆਣਾ ਸ਼ਬਦ ਦੇ ਅਰਥਾਂ ਦਾ ਪਤਾ ਮੈਨੂੰ ਉਦੋਂ ਲੱਗਾ ਜਦੋਂ ਸੈਕਟਰੀ ਮੈਨੂੰ ਲੰਮੀਆਂ ਲੰਮੀਆਂ ਜਟਾਂ ਵਾਲੇ ਲਿੱਬੜੇ ਜਿਹੇ ਆਦਮੀ ਕੋਲ ਲੈ ਗਿਆ। ਮੈਂ ਭਲਾ ਲੋਕ ਤਾਂ ਇਹੀ ਸਮਝ ਰਿਹਾ ਸੀ ਕਿ ਬਾਬਾ ਜੀ ਕੋਟ ਪੈਂਟ ਪਾ ਕੇ ਬਣ ਸੰਵਰ ਕੇ ਬੈਠੇ ਹੋਣਗੇ ਕਿਉਂਕਿ 'ਸਿਆਣੇ' ਜੋ ਹੋਏ। ਪਰ ਆਹ ਕੀ! ਹੇ ਮੇਰਿਆ ਮਾਲਕਾ ਇੰਨਾ ਅਨਰਥ, 'ਸਿਆਣਾ' ਸ਼ਬਦ ਦੀ ਐਨੀ ਦੁਰਗਤੀ ਕਿ ਲੋਕ ਓਸ ਬੰਦੇ ਨੂੰ 'ਸਿਆਣਾ' ਕਹਿੰਦੇ ਨੇ ਜੀਹਨੇ ਨਹਾ ਕੇ ਕਦੇ ਦੇਖਿਆ ਈ ਨਹੀਂ ਹੋਣਾ। ਚਲੋ ਆਪਾਂ ਬਾਬੇ ਦੇ ਨਹਾਉਣ ਜਾਂ ਨਾ ਨਹਾਉਣ ਤੋਂ ਕੀ ਲੈਣਾ ਸੀ ਆਪਾਂ ਤਾਂ ਲੱਕੜ ਦੇ ਮੁੰਡੇ ਦੇ ਅਰਥ ਪੁੱਛਣੇ ਸੀ।
"ਹਾਂ ਪੁੱਤਰ, ਬਾਬਿਆਂ ਦੀ ਕੁਟੀਆ 'ਚ ਕਿਸ ਦੁੱਖ 'ਚ ਆਉਣੇ ਹੋਏ?", ਬਾਬੇ ਨੇ ਮੇਰੀ ਸੋਚ ਤੋੜਦਿਆਂ ਆਪਣਾ ਸਵਾਲ ਦਾਗਿਆ। ਜਦੋਂ ਬਾਬੇ ਨੂੰ ਸਾਰੀ ਗੱਲ ਦੱਸੀ ਤਾਂ ਓਹ ਵੀ ਗੋਲ ਮੋਲ ਜਿਹੀ ਗੱਲ ਕਰਦਾ ਇਹੀ ਕਹੀ ਜਾਵੇ, "ਪੁੱਤਰ ਅਸੀਂ ਤਾਂ ਐਵੇਂ ਈ ਬਦਨਾਮ ਆਂ, ਲੱਕੜ ਦੇ ਮੁੰਡੇ ਤਾਂ ਹੁਣ ਲੀਡਰਾਂ ਕੋਲ ਬਾਹਲੇ ਆ।" ਮੈਂ ਫਿਰ ਦੁਚਿੱਤੀ 'ਚ ਪੈ ਗਿਆ ਕਿ ਮੈਂ ਬੜੇ ਲੀਡਰ ਦੇਖੇ ਨੇ ਪਰ ਕਿਸੇ ਕੋਲ ਜਾਂ ਕਿਸੇ ਦੇ ਨਾਲ ਕੋਈ ਲੱਕੜ ਦਾ ਮੁੰਡਾ ਨਹੀਂ ਸੀ ਦੇਖਿਆ। "ਪੁੱਤਰ ਅਸੀਂ ਤਾਂ ਹੁਣ ਜਿਉਂਦੇ ਜਾਗਦੇ ਮੁੰਡੇ ਦੇਣ ਜੋਗੇ ਹੀ ਰਹਿਗੇ, ਸਾਨੂੰ ਤਾਂ ਇਹੀ ਡਰ ਲੱਗੀ ਜਾਂਦਾ ਰਹਿੰਦੈ ਕਿ ਕਿਤੇ ਇਹ ਕੰਮ ਵੀ ਲੀਡਰ ਈ ਨਾ ਸਾਂਭ ਲੈਣ , ਅਸੀਂ ਤਾਂ ਫਿਰ ਦਿਹਾੜੀ ਦੱਪਾ ਕਰਨ ਜੋਗੇ ਈ ਰਹਿਜਾਂਗੇ। ਇਹ ਰੱਜੇ ਪੁੱਜੇ ਹੋ ਕੇ ਵੀ ਬੇਗਾਨੀਆਂ ਖੁਰਨੀਆਂ 'ਚ ਮੂੰਹ ਮਾਰਨੋਂ ਨੀ ਹਟਦੇ, ਅਸੀਂ ਤਾਂ ਭਾਵੇਂ ਮਾਰਨਾ ਈ ਹੋਇਆ ਕਿਉਂਕਿ ਸਾਡੇ ਕੋਲ ਆਵਦੀ 'ਖੁਰਨੀ' ਈ ਹੈਨੀਂ।" ਇੰਨਾ ਕਹਿਕੇ ਬਾਬਾ ਖੀਂ-ਖੀਂ ਜਿਹੀ ਕਰਦਾ ਹੱਸਿਆ। ਮੈਂ ਅਜੇ ਵੀ ਲੱਕੜ ਦੇ ਮੁੰਡੇ ਦੇ ਅਰਥ ਲੱਭਣ 'ਚ ਸਫਲ ਨਹੀਂ ਸੀ ਹੋਇਆ। ਪਰ ਬਾਬਾ ਮੈਨੂੰ ਗੱਲੀਂ ਬਾਤੀ ਬੜੀ 'ਕੁੱਤੀ ਸ਼ੈਅ' ਲੱਗਿਆ। ਚਲਦੀਆਂ ਗੱਲਾਂ 'ਚ ਪੰਜਾਬ ਦੇ ਇੱਕ ਅੱਧ-ਪੜ੍ਹੇ ਜਿਹੇ 'ਅੰਗਜਾਬੀ' ਬੋਲਦੇ ਮੰਤਰੀ ਵਾਂਗੂੰ ਕਦੇ ਕਦੇ 'ਗਰੇਜੀ ਵੀ ਸਿੱਟ ਜਾਂਦਾ ਤੇ ਜਿਹੜਾ ਸ਼ਬਦ ਕਹਿਣਾ ਔਖਾ ਜਿਹਾ ਲਗਦਾ, ਓਹਦੇ ਬਾਰੇ ਆਪਣੇ ਸੈਕਟਰੀ ਨੂੰ ਕਹਿ ਦਿੰਦਾ, "ਭਗਤਾ ਕੀ ਕਹਿੰਦੇ ਆ ਬਈ ਓਹਨੂੰ?" ਫਿਰ ਤੁਕ ਪੂਰੀ ਸੈਕਟਰੀ ਕਰ ਦਿੰਦਾ। ਗੱਲਾਂ ਤੋਂ ਇੰਝ ਲੱਗਾ ਕਿ ਪਹਿਲਾਂ ਬਾਬੇ ਦੀ ਲੱਕੜ ਦੇ ਮੁੰਡੇ ਦੇਣ ਦੀ 'ਫੈਕਟਰੀ' ਵਾਹਵਾ ਚਲਦੀ ਹੋਊਗੀ ਤਾਂਹੀਂ ਤਾਂ ਓਹ ਹੁਣ ਆਈ ਖੜੋਤ ਦਾ ਗੁੱਸਾ ਲੀਡਰਾਂ ਤੇ ਕੱਢ ਰਿਹਾ ਸੀ। ਬਾਬੇ ਨੇ ਗਲਾਸ 'ਚੋਂ ਪਾਣੀ ਦੀ ਘੁੱਟ ਭਰਦਿਆਂ ਪ੍ਰਵਚਨ ਫਿਰ ਸ਼ੁਰੂ ਕੀਤੇ, "ਪੁੱਤਰ ਅਸੀਂ ਕੀਹਦੇ ਲੈਣ ਦੇ ਸੀ, ਅਸੀਂ ਤਾਂ ਰਾਜੇ ਸੀ ਆਵਦੀ ਕੁਟੀਆ 'ਚ ਰਾਜੇ। ਬੀਬੀਆਂ ਦਾ ਮੇਲਾ ਲੱਗਿਆ ਰਹਿੰਦਾ ਸੀ। ਜੀਹਨੂੰ ਜੀਅ ਕੀਤਾ ਲੱਕੜ ਦਾ ਮੁੰਡਾ, ਜੀਹਨੂੰ ਜੀਅ ਕੀਤਾ ਜਿਉਂਦਾ ਜਾਗਦਾ। ਪਰ ਹੁਣ ਤਾਂ ਸਾਡੇ ਮਗਰ ਆਹ ਵੀ ਹੱਥ ਧੋ ਕੇ ਪਏ ਫਿਰਦੇ ਆ, ਕਿਹੜੇ 'ਸੀਲ' ਵਾਲੇ ਆ ਭਗਤਾ, ਦੱਸੀਂ ਪੁੱਤਰ ਨੂੰ?" "ਬਾਬਾ ਜੀ ਤਰਕਸ਼ੀਲ ਵਾਲੇ।", ਸੈਕਟਰੀ ਨੇ ਬਾਬੇ ਦਾ ਸਵਾਲ ਬੋਚਦਿਆਂ ਹੀ ਉੱਤਰ ਦਿੱਤਾ। ਬਾਬੇ ਦੀਆਂ ਲੀਡਰਾਂ ਨਾਲ ਘਰੋੜ ਜਿਹੀ ਵਾਲੀਆਂ ਗੱਲਾਂ ਸੁਣਕੇ ਮੈਂ ਕਿਹਾ, "ਬਾਬਾ ਜੀ ਸਿਆਸਤ ਬਾਰੇ ਖਾਸਾ ਗਿਆਨ ਐ ਥੋਨੂੰ।" ਇੰਨਾ ਸੁਣਕੇ ਬਾਬਾ ਲਾਚੜ ਜਿਹਾ ਗਿਆ ਤੇ ਗੱਲ ਲੱਕੜ ਦੇ ਮੁੰਡਿਆਂ ਤੇ ਲੈ ਆਇਆ। "ਲੈ ਪੁੱਤਰ ਹੁਣ ਸਿਆਸਤ ਤੇ ਲੱਕੜ ਦੇ ਮੁੰਡਿਆਂ ਦੀ ਸਾਂਝ ਬਾਰੇ ਸੁਣ, ਆਪਾਂ ਨੂੰ ਇਹਨਾਂ ਗੱਲਾਂ ਬਾਰੇ ਪੂਰੀ 'ਜਰਨਲ ਨਿਓਜਲ' ਆ।" ਬਾਬਾ ਅਜੇ ਹੋਰ ਅੱਗੇ ਬੋਲਣ ਹੀ ਲੱਗਾ ਸੀ ਕਿ ਸੈਕਟਰੀ ਟੋਕਦਾ ਬੋਲਿਆ, "ਬਾਬਾ ਜੀ ਜਨਰਲ ਨੌਲੇਜ ਹੁੰਦੀ ਐ।" ਬਾਬੇ ਨੇ ਆਪਣੀ ਲੜੀ ਅੱਗੇ ਤੋਰਦਿਆਂ ਕਿਹਾ, "ਭਗਤਾ ਭਾਵੇਂ ਕੁਛ ਵੀ ਆ, ਤਰਜ ਤਾਂ ਇੱਕੋ ਜਿਹੀ ਹੀ ਆ ਨਾ। ਪੁੱਤਰ ਤੂੰ ਹੀ ਦੇਖਲਾ ਸਾਡਾ ਸਾਂਢੂ ਜਦੋਂ ਪ੍ਰਧਾਨ ਮੰਤਰੀ ਬਣਿਆ ਤਾਂ ਸਾਰਿਆਂ ਨੂੰ ਲੱਕੜ ਦਾ ਮੁੰਡਾ ਦੇਈ ਗਿਆ ਕਿ ਅਸੀਂ ਦੇਸ਼ ਦੇ ਬੇਰੁਜਗਾਰਾਂ ਨੂੰ ਕੰਮ ਦਿਆਂਗੇ ਪਰ ਦੇਣਾ ਕਿਹੜੇ ਭੜੂਏ ਨੇ ਸੀ। ਬਸ ਲੱਕੜ ਦਾ ਮੁੰਡਾ ਨਾ ਰੋਇਆ ਨਾ ਓਹਨੇ ਦੁੱਧ ਮੰਗਿਆ, ਵਿਚਾਰੇ ਬੇਰੁਜਗਾਰ ਓਵੇਂ ਹੀ ਮੋਢੇ ਨਾਲ ਲਾਈ ਫਿਰਦੇ ਰਹੇ।"
ਹੈਂ! ਬਾਬੇ ਦਾ ਸਾਂਢੂ ਪ੍ਰਧਾਨ ਮੰਤਰੀ?- ਇਹ ਗੱਲ ਸੁਣ ਕੇ ਮੈਥੋਂ ਰਿਹਾ ਨਾ ਗਿਆ ਤੇ ਮੈਂ ਬਾਬੇ ਨੂੰ ਓਹਦੇ ਸਾਂਢੂ ਬਾਰੇ ਵੀ ਪੁੱਛ ਹੀ ਲਿਆ। ਤਾਂ ਬਾਬਾ ਹਸਦਾ ਜਿਹਾ ਬੋਲਿਆ, "ਤੂੰ ਵੀ ਪੁੱਤਰ ਬਹੁਤ ਭੋਲੈਂ, ਕਮਲਿਆ ਨਾ ਤਾਂ ਵਾਜਪਾਈ ਜਗਰਾਵੀਂ ਵਿਆਹਿਆ ਸੀ ਤੇ ਨਾ ਹੀ ਅਸੀਂ ਜਗਰਾਵੀਂ ਵਿਆਹੇ ਆਂ। ਦੋਵੇਂ ਹੀ ਮਾਨਤਾ ਪ੍ਰਾਪਤ ਛੜੇ, ਕਿਉਂ ਹੋਏ ਨਾ ਸਾਂਢੂ-ਸਾਂਢੂ?" ਬਾਬੇ ਨੇ ਆਪਣੀ ਵਾਜਪਾਈ ਨਾਲ ਅਨੋਖੀ ਰਿਸ਼ਤੇਦਾਰੀ ਦਾ ਪਰਦਾਫਾਸ਼ ਕਰਨ ਤੋਂ ਬਾਦ ਫੇਰ ਸੂਈ ਲੱਕੜ ਦੇ ਮੁੰਡੇ ਦੇਣ ਵਾਲਿਆਂ 'ਤੇ ਰੱਖ ਲਈ। "ਪੁੱਤਰ, ਆਹ ਪਟਿਆਲੇ ਆਲਾ ਰਾਜਾ ਵੀ ਲੱਕੜ ਦੇ ਮੁੰਡੇ ਦੇਣ 'ਚ ਵਾਹਵਾ ਫੁਰਤੀ ਦਿਖਾ ਗਿਆ। ਵਿਚਾਰੇ ਬੇਰੁਜ਼ਗਾਰ ਮਾਸਟਰ------ਭਗਤਾ ਕਿਹੜੇ 'ਬੈੱਡ' ਆਲੇ ਕਹਿੰਦੇ ਆ ਓਹਨਾਂ ਨੂੰ?" ਬਾਬੇ ਨੇ ਗੱਲ ਕਰਦਿਆਂ ਸੈਕਟਰੀ ਨੂੰ ਪੁੱਛਿਆ। ਸੈਕਟਰੀ ਵੀ ਜਿਵੇਂ ਤਿਆਰ ਹੀ ਖੜ੍ਹਾ ਸੀ, "ਬਾਬਾ ਜੀ ਬੈੱਡ ਆਲੇ ਨੀ, ਬੀ ਐੱਡ ਵਾਲੇ।" ਬਾਬਾ ਫਿਰ ਰੇਡੀਓ ਵਾਂਗੂੰ ਸਟਾਰਟ ਹੋ ਗਿਆ, "ਹਾਂ ਬੀ ਐੱਡ ਵਾਲੇ, ਇਹਨਾਂ ਵਿਚਾਰਿਆਂ ਨਾਲ ਰਾਜੇ ਨੇ ਵੀ ਬੁਰੀ ਕੀਤੀ ਸੀ ਤੇ ਹੁਣ ਆਹ ਬਾਦਲ ਵੀ ਛੱਲੀਆਂ ਵਾਂਗੂੰ ਕੁੱਟੀ ਜਾਂਦੈ। ਪੁੱਤਰ ਬੜਾ ਦਰਦ ਆਉਂਦੈ ਜਦੋਂ ਕਿਸੇ ਬੇਰੁਜਗਾਰ ਤੇ ਜੁਲਮ ਹੁੰਦਾ ਸੁਣੀਂਦੈ। ਅਸੀਂ ਵੀ ਤਾਂਹੀਂ ਬਾਬੇ ਬਣੇ ਆਂ, ਜਦੋਂ ਕੋਈ ਕੰਮ ਨਾ ਮਿਲਿਆ ਤਾਂ ਕੁਟੀਆ ਪਾ ਲਈ। ਪਰ ਪੁੱਤਰ ਸਰਕਾਰਾਂ ਤਾਂ ਲੋਕਾਂ ਨੂੰ ਬੁੱਧੂ ਬਣਾਉਣ ਦੇ ਰਾਹ ਤੁਰੀਆਂ ਹੋਈਆਂ ਨੇ।" ਬਾਬੇ ਦੀਆਂ ਗੱਲਾਂ ਮੇਰੇ ਤੇ ਇੱਕ ਜਾਦੂ ਜਿਹਾ ਕਰ ਰਹੀਆਂ ਸਨ। "ਪੁੱਤਰ ਤੂੰ ਆਪ ਈ ਦੇਖਲਾ, ਸਰਕਾਰੀ ਸਕੂਲਾਂ 'ਚ ਤਾਂ ਕੁੱਤੀਆਂ ਸੂਈਆਂ ਪਈਆਂ, ਮੇਰਾ 'ਮਤਬਲ' ਆ ਬਈ ਸਕੂਲ ਮਾਸਟਰਾਂ ਬਿਨਾਂ ਖਾਲੀ ਹੋਏ ਪਏ ਆ ਤੇ ਇਹ ਬੇਰੁਜਗਾਰ ਮੁੰਡੇ ਕੁੜੀਆਂ ਨੂੰ ਭਰਤੀ ਕਰਨ ਵੱਲੋਂ 'ਆਲੇ ਕੌਡੀ ਛਿੱਕੇ ਕੌਡੀ' ਕਰੀ ਜਾਂਦੇ ਆ। ਆਹ ਬਾਦਲ ਨੇ ਤਾਂ ਕਮਾਲ ਈ ਕਰਤੀ ਲੱਕੜ ਦਾ ਮੁੰਡਾ ਦੇਣ ਆਲੀ, ਪਹਿਲਾਂ ਤਾਂ ਵੋਟਾਂ ਵੇਲੇ ਬੀ ਐੱਡ ਵਾਲੇ 'ਬੁਛਕਾਰ' ਲਏ ਕਿ ਵੋਟਾਂ 'ਕਾਲੀਆਂ ਨੂੰ ਪਾਓ, ਸਾਡੇ 'ਮੀਦਵਾਰਾਂ ਦਾ ਸਮਰਥਨ ਕਰੋ। ਸੈਦੋਕਿਆਂ ਵਾਲੇ ਮੇਘ ਤੇ ਚੀਮਿਆਂ ਵਾਲੇ ਪਿੰਦਰ ਵਰਗੇ ਵੀ 'ਮੀਦਵਾਰ ਨਾਲ ਫੋਟੂ ਖਿਚਵਾ ਆਏ। ਜਦੋਂ 'ਕਾਲੀ ਜਿੱਤਗੇ ਫੇਰ ਤੂੰ ਕੌਣ ਤੇ ਮੈਂ ਕੌਣ। ਹੁਣ ਵਿਚਾਰੇ ਨਾਲੇ ਤਾਂ ਬਾਦਲ ਦਾ ਦਿੱਤਾ ਲੱਕੜ ਦਾ ਮੁੰਡਾ ਚੁੱਕੀ ਫਿਰਦੇ ਆ ਤੇ ਨਾਲੇ ਫੇਰ ਸਰਕਾਰ ਦਾ ਪਿੱਟ ਸਿਆਪਾ ਕਰਦੇ ਫਿਰਦੇ ਆ। ਜਦੋਂ 'ਸਾਡੇ ਹੱਕ ਐਥੇ ਰੱਖ' ਕਹਿੰਦੇ ਆ ਤਾਂ ਫਿਰ ਪਾਣੀ ਨਾਲ ਭਿਉਂ ਭਿਉਂ ਕੁੱਟਦੇ ਆ ਵਿਚਾਰੇ ਮਾਸਟਰਾਂ ਨੂੰ। ਹੁਣ ਲੱਕੜ ਦਾ ਮੁੰਡਾ ਦੇ ਦਿੱਤੈ ਕਿ ਪੰਦਰਾਂ ਕੁ ਹਜਾਰ ਮਾਸਟਰ ਰੱਖਣੇ ਆ। ਕੋਈ ਪੁੱਛਣ ਵਾਲਾ ਹੋਵੇ ਬਈ ਭਲਿਓ ਲੋਕੋ ਪੰਜਾਬ ਦੇ ਸਕੂਲਾਂ ਨੂੰ ਤਾਂ ਇੱਕ ਇੱਕ ਮਾਸਟਰ ਵੀ ਨੀ ਆਉਣਾ। ਜਿਹੜੇ ਵਿਚਾਰੇ ਰਹਿ ਜਾਣਗੇ, ਉਹ ਫਿਰ ਲੱਕੜ ਦੇ ਮੁੰਡੇ ਚੁੱਕੀ ਫਿਰਨਗੇ ਤੇ ਕਰੀ ਜਾਣਗੇ "ਮੁਰਦਾਬਾਦ ਬਈ ਮੁਰਦਾਬਾਦ"। ਹੋਰ ਤਾਂ ਹੋਰ ਕੈਪਟਨ ਨੇ ਆਹ ਪੰਚੈਤ ਸੈਕਟਰੀਆਂ ਨੂੰ ਲੱਕੜ ਦਾ ਮੁੰਡਾ ਦਿੱਤਾ ਸੀ ਕਿ ਪੱਕੇ ਕਰਾਂਗੇ, ਵਿਚਾਰੇ ਬਾਦਲ ਦੇ ਰਾਜ 'ਚ ਵੀ ਮੋਢੇ ਨਾਲ ਲਾਈ ਫਿਰਦੇ ਆ।" ਬਾਬਾ ਗੱਲ ਕਰਦਾ ਕਰਦਾ ਆਪਣੀ ਕੁਟੀਆ ਦੇ ਗੇਟ ਵੱਲ ਵੀ ਮੱਥੇ ਤੇ ਹੱਥ ਧਰ ਧਰ ਦੇਖ ਰਿਹਾ ਸੀ, ਸ਼ਾਇਦ ਅੱਜ ਕੋਈ 'ਮੁਰਗੀ' ਅੜਿੱਕੇ ਨਹੀਂ ਸੀ ਆਈ। ਇੰਨੇ ਨੂੰ ਬਾਬਾ ਅੱਚਵੀ ਜਿਹੀ ਕਰਦਾ ਉੱਠਿਆ ਤੇ ਗੇਟ ਵੱਲੋਂ ਤੁਰੀਆਂ ਆਉਂਦੀਆਂ 'ਭਗਤਣੀਆਂ' ਨੂੰ ਤ੍ਰੇੜਾਂ ਖਾਧੇ ਹੱਥਾਂ ਨਾਲ ਆਸ਼ੀਰਵਾਦ ਜਿਹਾ ਦਿੰਦਾ ਤੇ ਅੱਖਾਂ 'ਚ ਹੱਸਦਾ ਬੋਲਿਆ, "ਚੰਗਾ ਪੁੱਤਰ, ਜੇ ਅਜੇ ਵੀ ਲੱਕੜ ਦੇ ਮੁੰਡੇ ਦੇ ਅਰਥਾਂ ਬਾਰੇ ਪਤਾ ਨਹੀਂ ਲੱਗਿਆ ਤਾਂ 'ਚਾਨਣੀ ਦੀਵਾਲੀ' ਨੂੰ ਆਈਂ, ਹੁਣ ਸਾਡਾ ਭਗਤੀ ਦਾ ਟੈਮ ਹੋ ਗਿਐ।" ਨਾਲ ਹੀ ਬਾਬੇ ਨੇ ਸੇਵਾਦਾਰ ਨੂੰ ਹੋਕਰਾ ਮਾਰਦਿਆਂ ਕਿਹਾ, "ਭਗਤਾ, ਪੁੱਤਰ ਨੂੰ ਚਾਟਾ ਜਰੂਰ ਛਕਾ ਕੇ ਤੋਰਨੈ।" ਇੰਨਾ ਕਹਿ ਕੇ ਬਾਬਾ ਆਵਦੇ ਭਗਤੀ 'ਸਥਾਨ' ਵੱਲ ਨੂੰ ਸਿੱਧਾ ਹੋ ਗਿਆ। ਮੈਂ ਚਾਹ ਦੀਆਂ ਘੁੱਟਾਂ ਭਰਦਾ ਕੁਝ-ਕੁਝ ਸਮਝ ਗਿਆ ਸੀ ਕਿ ਬਾਬਾ ਮੈਨੂੰ ਵੀ 'ਲੱਕੜ ਦਾ ਮੁੰਡਾ' ਦੇ ਕੇ 'ਭਗਤੀ' ਕਰਨ ਚਲਾ ਗਿਆ ਸੀ।