ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਦਵਿੰਦਰ ਸਿੰਘ ਪੂਨੀਆ. Show all posts
Showing posts with label ਦਵਿੰਦਰ ਸਿੰਘ ਪੂਨੀਆ. Show all posts

Tuesday, May 25, 2010

ਦਵਿੰਦਰ ਸਿੰਘ ਪੂਨੀਆ - ਤਾਨਕਾ ਕਵਿਤਾਵਾਂ

ਤਾਨਕਾ ਕਵਿਤਾ - ਇਹ ਵਿਧਾ ਪੰਜ ਸਤਰਾਂ ਵਾਲੀ ਜਾਪਾਨੀ ਵਿਧਾ ਹੈ ਜੋ ਹਾਇਕੂ ਤੋਂ ਦੋ ਸਤਰਾਂ ਲੰਬੀ ਹੈ ਅਤੇ ਇਮੇਜ ਦੀ ਥਾਂ ਜਜ਼ਬਾਤ ਭਰਪੂਰ ਹੁੰਦੀ ਹੈ। ਪਰ ਇਹ ਕੋਈ ਆਮ ਅੰਦਾਜ਼ ਦੀ ਪੰਜ ਸਤਰੀ ਨਜ਼ਮ ਨਹੀਂ ਹੁੰਦੀ। ਇਸ ਦਾ ਸੁਭਾਅ ਇਸ ਦਾ ਆਪਣਾ ਹੀ ਹੁੰਦਾ ਹੈ। ਅੰਗਰੇਜ਼ੀ ਅਤੇ ਹੋਰ ਕਈ ਭਾਸ਼ਾਵਾਂ ਵਿਚ ਦੇਰ ਤੋਂ ਲਿਖੀ ਜਾ ਰਹੀ ਹੈ। ਸ਼ਬਦ-ਸੰਜਮ ਹਾਇਕੂ ਵਾਂਗ ਹੀ ਲਾਜ਼ਮੀ ਹੈ।

*****

*****

ਤਾਨਕਾ ਕਵਿਤਾਵਾਂ

1)

ਸੰਘਣੀ ਹੋ ਰਹੀ

ਗਰਮੀ ਦੀ ਸ਼ਾਮ

ਖ਼ਾਲੀ ਹੋ ਰਹੀ ਪਾਰਕਿੰਗ

ਉੱਤਰ ਰਹੀਆਂ ਝੀਲ ਤੇ

ਹੰਸਾਂ ਦੀਆਂ ਡਾਰਾਂ

=====

2)

ਲੱਗੀ ਬਹੁਤ ਪਿਆਸ

ਕਾਰ ਚਲਾਵਾਂ ਤੇਜ਼

ਦਰਿਆ ਦਾ ਪੁਲ

ਉੱਪਰੋਂ ਲੰਘ ਰਹੇ

ਕਾਲ਼ੇ ਮੇਘ

=====

3)

ਮਹਿਮਾਨ ਦੀ ਉਡੀਕ

ਕਮਰੇ ਦੀ ਸਫ਼ਾਈ

ਉਤਾਰੇ ਜਾਲ਼ੇ

ਬਾਹਰ ਸੁੱਟ ਦਿੱਤੀਆਂ

ਮੱਕੜੀਆਂ

=====

4)

ਬੈਠਕ ਦਾ ਕੰਸ (ਸ਼ੈਲਫ)

ਨਾਨਕ ਦੀ ਤਸਵੀਰ

"ਸਤਿਗੁਰ ਤੇਰੀ ਓਟ"

ਉਸਦੇ ਪਿੱਛੇ

ਚਿੜੀ ਦਾ ਆਲ੍ਹਣਾ

=====

5)

ਧੁੱਪ ਚ ਬਜ਼ੁਰਗ

ਲੱਤਾਂ ਬਾਹਾਂ ਨੂੰ ਮਲ਼ੇ

ਸਰ੍ਹੋਂ ਦਾ ਤੇਲ

ਲੰਘ ਗਿਆ ਸਿਆਲ਼

ਖਿੜ ਗਈ ਸਰ੍ਹੋਂ

Thursday, March 18, 2010

ਦਵਿੰਦਰ ਸਿੰਘ ਪੂਨੀਆ - ਗ਼ਜ਼ਲ

ਗ਼ਜ਼ਲ

ਜਦ ਪਸੀਨਾ ਗੁਲਾਬ ਹੁੰਦਾ ਹੈ।

ਆਦਮੀ ਕਾਮਯਾਬ ਹੁੰਦਾ ਹੈ।

-----

ਚੂਰ ਟੁੱਟ ਕੇ ਜੋ ਖ਼ਾਬ ਹੁੰਦਾ ਹੈ।

ਅੱਖ ਚੋਂ ਜਾਰੀ ਚਨਾਬ ਹੁੰਦਾ ਹੈ।

-----

ਪੜ੍ਹਨੇ ਚਾਹਵਾਂ ਜੋ ਪਿਆਰ ਦੇ ਅੱਖਰ,

ਚਿਹਰਾ ਉਸਦਾ ਕਿਤਾਬ ਹੁੰਦਾ ਹੈ।

-----

ਬਖ਼ਸ਼ ਕੇ ਕੌਣ ਕਿੰਨੇ ਦਰਦ ਗਿਆ,

ਯਾਰੋ ਕਦ ਇਹ ਹਿਸਾਬ ਹੁੰਦਾ ਹੈ।

-----

ਦਿਲ ਇਲਾਕਾ ਉਦਾਸ ਹੈ ਜਿੱਥੇ,

ਗ਼ਮ ਹਮੇਸ਼ਾ ਨਵਾਬ ਹੁੰਦਾ ਹੈ।

-----

ਸ਼ਾਮ ਅੱਜ ਹੈ ਨਹੀਂ ਮੇਰੇ ਵੱਲ ਦੀ,

ਦਿਲ ਮੇਰਾ ਤਾਂ ਖ਼ਰਾਬ ਹੁੰਦਾ ਹੈ।

-----

ਉਹ ਜਦੋਂ ਹਸ ਪਵੇ ਤਾਂ ਕੀ ਆਖਾਂ,

ਵਕ਼ਤ ਹੀ ਫਿਰ ਰਬਾਬ ਹੁੰਦਾ ਹੈ।

====

ਚੇਤਰ

ਨਜ਼ਮ

ਪੱਤੇ ਪੱਤੇ ਚ ਸ਼ਬਦ ਨੱਚਦੇ ਨੇ।

ਟਹਿਣੀਆਂ ਵਿਚ ਸ਼ਰਾਬ ਗਾਉਂਦੀ ਹੈ।

ਫੁੱਲਾਂ ਉੱਤੇ ਸੰਗੀਤ ਉੱਡਦਾ ਹੈ।

ਖ਼ੁਸ਼ਬੂ ਅੰਬਰ ਨੂੰ ਸਿਰ ਤੇ ਚੁੱਕਦੀ ਹੈ।

ਰੁੱਖ-ਰੁੱਖ ਗਾ ਰਿਹਾ ਹੈ ਚੇਤਰ ਨੂੰ

ਵਜਦ ਵਿਚ ਅੱਜ ਵਜੂਦ ਆਇਆ ਹੈ।

Friday, January 15, 2010

ਦਵਿੰਦਰ ਸਿੰਘ ਪੂਨੀਆ - ਗ਼ਜ਼ਲ

ਗ਼ਜ਼ਲ

ਰਹੇ ਗ਼ਮ ਤੋਂ ਉਰੇ ਮਾਤਮ ਬਣੋਗੇ।

ਗਏ ਗ਼ਮ ਤੋਂ ਪਰੇ ਗੌਤਮ ਬਣੋਗੇ।

-----

ਕਰੇਗਾ ਸੁਬਹ ਦਾ ਸੂਰਜ ਸਲਾਮਾਂ,

ਜੇ ਪੱਤਿਆਂ ਤੇ ਪਈ ਸ਼ਬਨਮ ਬਣੋਗੇ।

-----

ਗ਼ਮਾਂ ਵਿਚ ਵੀ ਜੇ ਹੱਸਣਾ ਆ ਗਿਆ ਤਾਂ,

ਹਟੇਗੀ ਮੱਸਿਆ ਪੂਨਮ ਬਣੋਗੇ।

-----

ਕਦੇ ਆਪਣੇ ਅਹਿੰ ਨੂੰ ਜੇ ਘਟਾਓ,

ਤਾਂ ਪੱਥਰਾਂ ਵਿਚ ਵੀ ਰੇਸ਼ਮ ਬਣੋਗੇ।

-----

ਕਿਸੇ ਦੇ ਨਾਲ਼ ਜੇ ਕੁਝ ਹਸ ਲਵੋਗੇ,

ਦਿਲਾਂ ਦੇ ਫਿਰ ਤੁਸੀਂ ਹਾਕਮ ਬਣੋਗੇ।

-----

ਨਵੇਂ ਰਸਤੇ ਮਿਲਣਗੇ ਮੁਸ਼ਕਿਲਾਂ ਚੋਂ,

ਕਿਸੇ ਹਮਦਮ ਦੇ ਜੇ ਹਮਦਮ ਬਣੋਗੇ।


Sunday, November 22, 2009

ਦਵਿੰਦਰ ਸਿੰਘ ਪੂਨੀਆ - ਗ਼ਜ਼ਲ

ਗ਼ਜ਼ਲ

ਇਕ ਝਲਕ ਇਕ ਪਲ ਲਈ ਮੈਨੂੰ ਵਿਖਾ ਹਮਦਮ ਮੇਰੇ।

ਮੇਰੀਆਂ ਅੱਖਾਂ ਨੂੰ ਹੈ ਵੇਖਣ ਦਾ ਚਾ ਹਮਦਮ ਮੇਰੇ।

-----

ਮੇਰੇ ਵਿਹੜੇ ਹੈ ਹਨੇਰਾ ਦੇਰ ਤੋਂ ਗੂੜ੍ਹਾ ਬਹੁਤ,

ਫੁੱਲ ਚਾਨਣ ਦੇ ਖਿੜਨ ਤੂੰ ਪੈਰ ਪਾ ਹਮਦਮ ਮੇਰੇ।

-----

ਸ਼ਬਦ ਉੱਡੇ, ਸਾਜ਼ ਗਾਇਬ, ਚੁੱਪ ਘਾਤਕ ਹੋ ਗਈ,

ਤੋੜ ਕੇ ਜਾਲ਼ ਇਹ ਤੂੰ ਗੀਤ ਗਾ ਹਮਦਮ ਮੇਰੇ।

-----

ਥਲ਼ ਚ ਉੱਗੇ ਰੁੱਖ ਨੂੰ ਵੀ ਜੀਣ ਦਾ ਤਾਂ ਹੱਕ ਹੈ,

ਦੀਦ ਅਪਣੀ ਦਾ ਮੇਰੇ ਤੇ ਮੀਂਹ ਵਰ੍ਹਾ ਹਮਦਮ ਮੇਰੇ।

-----

ਦਿਨ, ਮਹੀਨੇ, ਸਾਲ ਸਾਰੇ ਦੌੜਦੇ ਹੀ ਜਾ ਰਹੇ,

ਆ ਸਮਾਂ ਸਾਨੂੰ ਮੁਕਾਉਂਦਾ ਜਾ ਰਿਹਾ ਹਮਦਮ ਮੇਰੇ।

------

ਜ਼ਿੰਦਗੀ ਦੀ ਯਾਤਰਾ ਹੈ ਸਭ ਤੋਂ ਮੁਸ਼ਕਿਲ ਯਾਤਰਾ,

ਆ ਸਫ਼ਲ ਫਿਰ ਵੀ ਹੋ ਰਹੇ ਇਹ ਯਾਤਰਾ ਹਮਦਮ ਮੇਰੇ।

-----

ਜ਼ਿੰਦਗੀ ਦੇ ਸ਼ਿਅਰ ਦਾ ਫਿਰ ਕੋਈ ਮਤਲਬ ਵੀ ਬਣੇ,

ਦੂਸਰਾ ਮਿਸਰਾ ਕਿਤੋਂ ਤੂੰ ਬਣਕੇ ਆ ਹਮਦਮ ਮੇਰੇ।

Tuesday, August 25, 2009

ਦਵਿੰਦਰ ਸਿੰਘ ਪੂਨੀਆ - ਹਾਇਕੂ

ਹਾਇਕੂ

ਘੁਲ਼ ਸਕਦਾ ਹੈ ਇਕ ਟਾਪੂ

ਮਹਾਂਸਾਗਰ ਵਿਚ

ਪਰ ਲਿਫਾਫਾ ਨਹੀਂ

----

ਲੱਖਾਂ ਬੀਜ ਦਫ਼ਨ

ਬੰਜਰ ਧਰਤੀ ਵਿਚ

ਕਾਦਰ ਦੀ ਕੁਦਰਤ

-----

ਭਾਦੋਂ ਦੀ ਰਾਤ

ਝੋਨੇ ਦੇ ਖੇਤਾਂ ਚੋਂ ਬੋਲੇ

ਹਰ ਤਾਰੇ ਲਈ ਡੱਡੂ

----

ਕੰਦ ਤੇ ਪੇਂਟ ਕਰਦਾ ਮਜ਼ਦੂਰ

ਮੋਟੇ ਹੋਣ ਲਈ ਮਿਲ਼ੋ

ਮੋਟਾਪਾ ਘਟਾਉਂਣ ਲਈ ਮਿਲ਼ੋ

-----

ਉੱਚੀ-ਉੱਚੀ ਪਹਾੜੇ ਰਟਦੇ

ਪ੍ਰਾਇਮਰੀ ਸਕੂਲ ਦੇ ਬੱਚੇ

ਜ਼ਿੰਦਗੀ ਦੀ ਦੋ-ਚਾਰ ਲਈ

----

ਆਹਮੋ-ਸਾਹਮਣੇ

ਨਰਸਰੀ

ਅਤੇ ਆਰਾ ਮਿੱਲ

-----

ਐਂਟੀਨੇ ਚ ਫਸਿਆ ਪਤੰਗ

ਬੱਚਾ ਪਰੇਸ਼ਾਨ

ਮਾਂ ਸੀਰੀਅਲ ਚ ਫਸੀ

-----

ਆਪਣਾ ਹੀ ਪਰਛਾਵਾਂ

ਪਾਰ ਨਹੀਂ ਹੁੰਦਾ

ਚਾਨਣ ਤੋਂ ਉਲਟ ਤੁਰਦਿਆਂ

----

ਉੱਚੀ ਇਮਾਰਤ ਤੋਂ

ਦਿਖਾਈ ਦਿੰਦਾ

ਸੁੰਗੜ ਰਿਹਾ ਜੰਗਲ਼

-----

ਉਸਨੇ ਅੱਧੇ ਚਿਹਰੇ ਤੇ

ਇਕ ਹੱਥ ਰੱਖਿਆ

ਅਸਮਾਨ ਵਿਚ ਅੱਧਾ ਚੰਨ


Saturday, July 25, 2009

ਦਵਿੰਦਰ ਸਿੰਘ ਪੂਨੀਆ - ਗ਼ਜ਼ਲ

ਗ਼ਜ਼ਲ

ਐ ਮਦ-ਨਦੀ ਤੂੰ ਮਿਲ਼ ਕਦੀ ਤੇਰੇ ਬਿਨ੍ਹਾਂ ਰੂਹ ਤੜਫ਼ਦੀ।

ਤੂੰ ਨੂਰ ਹੈਂ ਕਿਓਂ ਦੂਰ ਹੈਂ ਹਰ ਪਲ ਮਿਰਾ ਹੈ ਇਕ ਸਦੀ।

----

ਤੂੰ ਆਰਜ਼ੂ ਤੂੰ ਜੁਸਤਜੂ ਹੋ ਰੂਬਰੂ ਕਰ ਗੁਫ਼ਤਗੂ,

ਹੈਂ ਅਮੋਲ ਤੂੰ ਆ ਕੋਲ਼ ਤੂੰ ਕੁਝ ਬੋਲ ਤੂੰ ਕੁਝ ਸੁਣ ਕਦੀ।

----

ਤੂੰ ਆਸਮਾਂ ਮੇਰਾ ਸਮਾਂ ਮੇਰਾ ਜਹਾਂ ਮੈਂ ਕੀ ਕਹਾਂ,

ਇਕ ਪਿਆਸ ਹੈ ਤੇਰੀ ਆਸ ਹੈ ਅਹਿਸਾਸ ਹੈ ਰੂਹ ਮੰਨਦੀ।

----

ਤੂੰ ਕਰਾਰ ਹੈਂ ਇਤਬਾਰ ਹੈਂ ਤੂੰ ਪਿਆਰ ਹੈਂ ਸੰਸਾਰ ਹੈਂ

ਇਹ ਚਾਹਤਾਂ ਇਹ ਰਾਹਤਾਂ ਤੇਰੇ ਨਾਲ਼ ਹੀ ਜਿੰਦ ਮਹਿਕਦੀ।

----

ਹੈਂ ਸ਼ਬਦ ਤੂੰ ਸੰਗੀਤ ਤੂੰ ਹੈਂ ਦਿਲ ਵੀ ਤੂੰ ਤੇ ਪ੍ਰੀਤ ਤੂੰ,

ਤੂੰ ਵੇਦਨਾ ਸੰਵੇਦਨਾ ਤੂੰ ਚੇਤਨਾ ਏਂ ਧੜਕਦੀ।

----

ਕਿਓਂ ਫਾਸਲਾ ਹੈ ਇਹ ਭਲਾ ਲੱਗੇ ਬੁਰੀ ਇਹ ਬੁਰੀ ਬਲਾ,

ਇਹ ਮਿਟਾ ਦੇ ਤੂੰ ਜ਼ਰਾ ਕੋਲ਼ ਆ, ਜਾ ਮਹਿਕ ਵਾਂਗੂੰ ਫੈਲਦੀ।


Tuesday, June 9, 2009

ਦਵਿੰਦਰ ਸਿੰਘ ਪੂਨੀਆ - ਨਜ਼ਮ

ਸੁਪਨੇ

ਨਜ਼ਮ

ਸੁਪਨੇ ਆਉਂਦੇ ਤੇ ਕਹਿੰਦੇ

ਕਿ ਜ਼ਿੰਦਗੀ ਹੈ

ਜੀ.ਟੀ. ਰੋਡ ਵਾਂਗ....

ਸਿੱਧ ਪੱਧਰੀ ਸੋਹਣੀ

ਕਿਸੇ ਸਾਜ਼ ਦੀ ਮਧੁਰ ਆਵਾਜ਼

ਲਤਾ-ਰਫ਼ੀ ਦੀ ਆਵਾਜ਼ ਵਾਂਗ

ਮਿੱਠੀ, ਸਾਫ਼ ਤੇ ਲੈਅ ਬੱਧ

ਨੁਸਰਤ ਦੀ ਸਰਗਮ ਵਾਂਗ ਬੇਨੁਕਸ

ਬਸੰਤ ਵੇਲ਼ੇ ਖਿੜੇ

ਹੱਸਦੇ ਜਵਾਨ ਖੇਤ ਵਰਗੀ

ਜਾਂ ਚਾਨਣੀ ਰਾਤ ਵਿਚ

ਚਮਕਦੇ ਤਾਜ ਮਹਿਲ ਵਰਗੀ

..........................

ਹਰ ਰੋਜ਼ ਅਸੀਂ ਜ਼ਿੰਦਗੀ ਦੇ ਸਨਮੁੱਖ ਹੁੰਦੇ

ਜਾਣਦੇ ਹਾਂ ਜ਼ਿੰਦਗੀ ਹੈ

ਕਿਸੇ ਪਿੰਡ ਨੂੰ ਜਾਂਦੀ ਟੁੱਟੀ ਭੱਜੀ

ਧੂੜ ਭਰੀ ਸੜਕ ਜਿਹੀ

ਕਿਸੇ ਮਸ਼ੀਨ ਦੀ ਘਰਰ-ਘਰਰ ਜਾਂ

ਕਿਸੇ ਇੰਜਨ ਦੀ ਫਿਟ-ਫਿਟ ਵਰਗੀ

ਕਿਸੇ ਫੇਰੀ ਵਾਲ਼ੇ ਦੇ ਹੋਕੇ ਵਰਹੀ

ਸ਼ਾਮ ਪਈ ਸਬਜ਼ੀ ਮੰਡੀ ਦੇ ਰੌਲ਼ੇ ਰੱਪੇ ਵਰਗੀ

ਕਿਸੇ ਮਜਬੂਰ ਕਿਸਾਨ ਦੇ ਨਦੀਨਾਂ ਭਰੇ

ਕੀੜਿਆਂ ਖਾਧੇ

ਬੀਮਾਰੀਆਂ ਚੱਟੇ ਖੇਤ ਵਰਗੀ ਜਾਂ

ਬਿਜਲੀ ਗੁੱਲ ਵੇਲ਼ੇ

ਉਬਾਸੀਆਂ ਲੈਂਦੇ ਪਿੰਡ ਜਿਹੀ

.................

ਜ਼ਿੰਦਗੀ ਤਾਂ ਜ਼ਿੰਦਗੀ ਹੁੰਦੀ ਹੈ!

..................

ਸੁਪਨੇ ਸਚਮੁੱਚ ਸੋਹਣੇ ਹੁੰਦੇ ਨੇ!!


Sunday, May 17, 2009

ਦਵਿੰਦਰ ਸਿੰਘ ਪੂਨੀਆ - ਗ਼ਜ਼ਲ

ਗ਼ਜ਼ਲ
ਹੋ ਗਏ ਮਿਹਰਬਾਨ ਚੀਜ਼ਾਂ ਤੇ।
ਹੁਣ ਨਿਕਲ਼ਦੀ ਹੈ ਜਾਨ ਚੀਜ਼ਾਂ ‘ਤੇ।
----
ਵਾਸੀਆਂ ਨਾਲ਼ ਉਹ ਨਾ ਘਰ ਬਣਦਾ,
ਕਰਦਾ ਨਿਰਭਰ ਮਕਾਨ ਚੀਜ਼ਾਂ ‘ਤੇ।
----
ਮਿਲ਼ ਰਿਹਾ ਹੈ ਸਕੂਨ ਚੀਜ਼ਾਂ ਤੋਂ,
ਖਪ ਰਿਹਾ ਹੈ ਜਹਾਨ ਚੀਜ਼ਾਂ ‘ਤੇ।
----
ਹੁਣ ਚਰਿੱਤਰ ਦੀ ਕੋਈ ਗੱਲ ਹੀ ਨਹੀਂ,
ਆਨ ਚੀਜ਼ਾਂ ‘ਤੇ ਸ਼ਾਨ ਚੀਜ਼ਾਂ ‘ਤੇ।
----
ਗੁਣ ਕਦੇ ਖ਼ਾਨਦਾਨ ਮੰਨਦੇ ਸਨ,
ਆ ਗਏ ਖ਼ਾਨਦਾਨ ਚੀਜ਼ਾਂ ‘ਤੇ।
----
ਘਰ ‘ਚ ਜਦ ਨੂੰਹ ਦਾ ਆਗਮਨ ਹੁੰਦੈ,
ਘਰ ਦਾ ਹੁੰਦੈ ਧਿਆਨ ਚੀਜ਼ਾਂ ‘ਤੇ।
----
ਗਿਆਨ ਦਾ ਕੰਮ ਹੁੰਦੈ ਚੇਤਨਤਾ,
ਖਪ ਰਿਹਾ ਅੱਜ ਗਿਆਨ ਚੀਜ਼ਾਂ ‘ਤੇ।
----
ਰੂਹ ਦਾ ਰਾਗ ਰੰਗ ਭੁੱਲ ਹੀ ਗਏ,
ਤਾਲ ਚੀਜ਼ਾਂ ਦੀ ਤਾਨ ਚੀਜ਼ਾਂ ‘ਤੇ।
----
ਹੁਣ ਜਹਾਨ ਇਕ ਦੁਕਾਨ ਵਰਗਾ ਹੈ,
ਚਲ ਰਹੀ ਹੈ ਦੁਕਾਨ ਚੀਜ਼ਾਂ ‘ਤੇ।

Saturday, April 25, 2009

ਦਵਿੰਦਰ ਸਿੰਘ ਪੂਨੀਆ - ਨਜ਼ਮ

ਅਦਾਕਾਰੀ

ਨਜ਼ਮ

ਮੈਂ ਕੁਝ ਚਲਾਕ ਜਿਹੇ

ਸ਼ਬਦਾਂ ਦੀ ਬੇੜੀ ਤੇ ਬਹਿ ਕੇ

ਤੈਨੂੰ ਪਾਰ ਕਰਨ ਦੀ

ਕੋਸ਼ਿਸ਼ ਕਰਦਾ ਹਾਂ

..................

ਮੈਂ ਕੁਝ ਗਿਣੇ ਮਿਥੇ ਭਾਵਾਂ ਦੇ ਸਹਾਰੇ

ਤੈਨੂੰ ਸਰ ਕਰਨ ਦੀ

ਤਾਂਘ ਕਰਦਾ ਹਾਂ

....................

ਮੈਂ ਭਾਸ਼ਾ ਅਤੇ ਗਣਿਤ ਨਾਲ਼

ਅਨੰਤ ਅਤੇ ਨਿਰਾਕਾਰ ਦੀ

ਯਾਤਰਾ ਤੇ ਨਿਕਲ਼ਦਾ ਹਾਂ...

................

ਇਹ ਸਭ ਮੇਰੇ ਵਹਿਮ ਹਨ

ਇਹ ਯੋਗਤਾਵਾਂ ਧੋਖਾ ਹਨ

ਪਰ ਤੂੰ ਕੋਈ ਧੋਖਾ ਨਹੀਂ

ਤੂੰ ਨਦੀ ਬਣ ਮੇਰੇ ਹੀ ਅੰਦਰ ਵਗੇਂ

ਤੂੰ ਪਰਬਤ ਬਣ ਮੇਰੇ ਹੀ ਅੰਦਰ ਖੜ੍ਹੇਂ...

..............

ਮੈਂ ਅਖੌਤੀ ਜਾਣਕਾਰੀ ਦੇ

ਕੂੜ ਥੱਲੇ ਦੱਬਿਆ

ਸੱਭਿਅਕ ਹੋਣ ਦੀ

ਅਦਾਕਾਰੀ ਕਰਦਿਆਂ

ਧੋਖੇਬਾਜ਼ੀ ਨੂੰ

ਢਕਦਾ ਫਿਰਦਾ ਹਾਂ....


Friday, March 20, 2009

ਦਵਿੰਦਰ ਸਿੰਘ ਪੂਨੀਆ - ਹਾਇਕੂ

ਹਾਇਕੂ

ਗੰਨਾ

ਮਿੱਠਾ ਮਿੱਠਾ

ਪੀੜਿਆ ਗਿਆ

====

ਫਲ਼ਾਂ ਵਾਲ਼ੇ ਤੋਂ

ਸਿਰਫ਼ ਕੀਮਤ ਪੁੱਛ ਕੇ ਲੰਘ ਗਿਆ

ਰੋਜ਼ ਵਾਂਗ ਮਜ਼ਦੂਰ

====

ਤੇਜ਼ ਹਨੇਰੀ

ਸਫੈਦਿਆਂ ਦੀ ਕਤਾਰ

ਨੱਚ ਪਈ

====

ਪ੍ਰਦੂਸ਼ਣ

ਚਿਮਨੀ ਨੇ ਲਿਖਿਆ

ਧੂੰਏਂ ਨਾਲ਼

====

ਘਰ ਨੂੰ ਭਰਦੀ

ਤਿਣਕੇ ਕੱਠੇ ਕਰਦੀ

ਚਿੜੀ ਦੀ ਚੀਂ ਚੀਂ

====

ਡਿੱਗ ਪਈ ਇਕ ਪਾਸੇ

ਮੀਲ ਪੱਥਰ ਤੋੜ ਕੇ

ਲੰਮੇ ਰੂਟ ਦੀ ਗੱਡੀ

====

ਕਣਕਾਂ ਪਕਾਉਂਦੀ

ਮੁੱਕਦੇ ਚੇਤ ਦੀ ਹਵਾ

ਭਖਣ ਲੱਗਾ ਧਰਤੀ ਦਾ ਚਿਹਰਾ

====

ਬਹੁਤ ਦੇਰ

ਦੋ ਗ੍ਰਹਿਆਂ ਨੇ ਘੇਰਿਆ ਚੰਨ

ਫਿਰ ਵੀ ਨਿੱਕਲ਼ ਗਿਆ

====

ਪੱਖਾ ਚੱਲੇ

ਬਿਜਲੀ ਗਈ

ਦਾਨੀ ਦਾ ਨਾਂ

====

ਜੋਕਰ ਦੀਆਂ ਗੱਲਾਂ

ਬੱਚਿਆਂ ਦਾ ਹਾਸਾ

ਮਹਾਂ ਨਾਦ

------

ਸਾਰੇ ਹਾਇਕੂ ਨਵੀਂ ਕਿਤਾਬ ਕਣੀਆਂ ਚੋਂ ਧੰਨਵਾਦ ਸਹਿਤ


Saturday, February 14, 2009

ਦਵਿੰਦਰ ਸਿੰਘ ਪੂਨੀਆ - ਨਜ਼ਮ

ਅੱਥਰੂ

ਨਜ਼ਮ

ਅੱਥਰੂ

ਮੈਂ ਜਾਣਦਾ ਹਾਂ ਤੈਨੂੰ

ਅਤੇ ਪਛਾਣਦਾ ਵੀ

----

ਮੇਰੀ ਵੀ ਤੇਰੇ ਨਾਲ਼

ਓਨੀ ਹੀ ਸਾਂਝ ਹੈ

ਜਿੰਨੀ ਕਿਸੇ ਯੁੱਗ ਵਿਚ

ਹੁੰਦੀ ਹੈ

ਸਾਹ ਖਿੱਚਦੇ ਫੇਫੜਿਆਂ

ਧੜਕਦੇ ਦਿਲ

ਟੁੱਟਦੇ ਬਣਦੇ ਸੁਪਨਿਆਂ ਵਾਲ਼ੇ

ਜਗਦੇ ਬੁਝਦੇ ਨੈਣਾਂ ਵਾਲ਼ੇ

ਆਦਮੀ ਦੀ

----

ਨਸਾਂ ਨੂੰ ਤਰੰਗਿਤ ਕੀਤਾ

ਜਦ ਵੀ ਦਰਦ ਨੇ

ਤੂੰ ਅੱਖੋਂ ਉੱਤਰਿਆ

ਸਬੂਤ ਬਣਕੇ

----

ਇਤਿਹਾਸ ਖ਼ੂਨ ਨਾਲ਼ ਲਿਖੇ ਗਏ

ਕਿਉਂ ਲਿਖੇ ਗਏ

ਜਾਣਦਾ ਏਂ ਤੂੰ

ਤੂੰ ਮਨੁੱਖ ਦੀ

ਹਰ ਵੇਦਨਾ, ਸੰਵੇਦਨਾ ਦਾ ਜ਼ਿੰਦਾ ਗਵਾਹ

ਬਿਨਾਂ ਇੰਦਰੀਆਂ ਵਾਲ਼ੇ

ਕਾਹਲ਼ੇ ਵਕਤ ਨੂੰ ਕੀ ਪਤਾ!

----

ਅੱਥਰੂ

ਮੈਂ ਜਾਣਦਾ ਹਾਂ ਤੈਂਨੂੰ

ਅਤੇ ਪਛਾਣਦਾ ਵੀ

----

ਤੈਨੂੰ ਪਾਣੀ ਕਹਿ

ਤੇਰਾ ਅਤੇ ਇਨਸਾਨ ਦੀ ਬੋਲਣ ਸ਼ਕਤੀ ਦਾ

ਨਹੀਂ ਕਰਨਾ ਨਿਰਾਦਰ

----

ਤੇਰਾ ਸਿਰਫ਼ ਜਿਸਮ ਹੈ ਪਾਣੀ

ਤੇਰੀ ਅਤਮਾ ਹੈ ਦਰਦ

ਜੋ ਹਰ ਮਨੁੱਖ ਦੇ ਸਿਰ ਤਾਜ

----

ਮਨੁੱਖ ਰੱਬ ਨੂੰ ਲੱਭਦਾ ਹੈ

ਕਿਉਂਕਿ ਤੂੰ ਹਾਜ਼ਰ ਹੈਂ ਅਜੇ

----

ਕੋਈ ਫ਼ਰੇਬੀ, ਅਦਾਕਾਰੀ ਕਰਦੇ

ਅੱਖਾਂ ਚੋਂ ਸਿਰਫ਼ ਪਾਣੀ ਵਹਾਉਂਦੇ

ਗੁਨਾਹਾਂ ਦੀ ਲੜੀ ਅੱਗੇ ਤੋਰਦੇ

ਰੱਬ ਜਦੋਂ ਲੱਭਣ ਤੁਰੇਗਾ ਆਦਮੀ

ਪਛਾਣੇਗਾ ਸਿਰਫ਼ ਤੈਥੋਂ ਹੀ

ਤੇਰੀ ਆਤਮਾ ਤੋਂ....

-----

ਹਾਲ ਚ ਪ੍ਰਕਾਸ਼ਿਤ ਕਿਤਾਬ: ਚਿਹਰਿਆਂ ਦੇ ਲੈਂਡਸਕੇਪ ਚੋਂ


Saturday, January 31, 2009

ਦਵਿੰਦਰ ਸਿੰਘ ਪੂਨੀਆ - ਤਾਨਕਾ ਕਵਿਤਾਵਾਂ

ਦੋਸਤੋ! ਦਵਿੰਦਰ ਪੂਨੀਆ ਜੀ ਸਾਹਿਤ ਦੀਆਂ ਅਲੱਗ-ਅਲੱਗ ਸਿਨਫ਼ਾਂ ਜਿਵੇਂ: ਹਾਇਕੂ, ਤ੍ਰਿਵੇਣੀਆਂ ਆਦਿ ਲਿਖ ਕੇ ਨਵੇਂ ਤਜ਼ਰਬੇ ਕਰਦੇ ਹੀ ਰਹਿੰਦੇ ਹਨ। ਅੱਜ ਉਹਨਾਂ ਨੇ ਤਾਨਕਾ ਕਵਿਤਾਵਾਂ ਨਾਲ਼ ਇੰਡੀਆ ਤੋਂ ਵਾਪਸ ਆਕੇ ਪਹਿਲੀ ਹਾਜ਼ਰੀ ਲਵਾਈ ਹੈ।

ਤਾਨਕਾ ਕਵਿਤਾ - ਇਹ ਵਿਧਾ ਪੰਜ ਸਤਰਾਂ ਵਾਲੀ ਜਾਪਾਨੀ ਵਿਧਾ ਹੈ ਜੋ ਹਾਇਕੂ ਤੋਂ ਦੋ ਸਤਰਾਂ ਲੰਬੀ ਹੈ ਅਤੇ ਇਮੇਜ ਦੀ ਥਾਂ ਜਜ਼ਬਾਤ ਭਰਪੂਰ ਹੁੰਦੀ ਹੈ। ਪਰ ਇਹ ਕੋਈ ਆਮ ਅੰਦਾਜ਼ ਦੀ ਪੰਜ ਸਤਰੀ ਨਜ਼ਮ ਨਹੀਂ ਹੁੰਦੀ। ਇਸ ਦਾ ਸੁਭਾਅ ਇਸ ਦਾ ਆਪਣਾ ਹੀ ਹੁੰਦਾ ਹੈ। ਅੰਗਰੇਜ਼ੀ ਅਤੇ ਹੋਰ ਕਈ ਭਾਸ਼ਾਵਾਂ ਵਿਚ ਦੇਰ ਤੋਂ ਲਿਖੀ ਜਾ ਰਹੀ ਹੈ। ਸ਼ਬਦ-ਸੰਜਮ ਹਾਇਕੂ ਵਾਂਗ ਹੀ ਲਾਜ਼ਮੀ ਹੈ।

ਤਾਨਕਾ ਕਵਿਤਾਵਾਂ

1. ਅਸੀਂ ਕੌਣ ਹਾਂ

ਆਰਤੀ ਕਰਨ ਵਾਲੇ

ਬਾਬਾ ਨਾਨਕ ਦੱਸਦਾ

ਆਰਤੀ ਹੋ ਰਹੀ ਨਿਰੰਤਰ

ਆਪਣੇ ਆਪ ਹੀ ਜੁਗਾਂ ਜੁਗੰਤਰ

-----

2. ਨਾਨਕ ਦੀਆਂ ਉਦਾਸੀਆਂ

ਗਿਆਨ, ਰੌਸ਼ਨੀ, ਮਹਿਕ

ਫੈਲਾਓਂਦੀਆਂ

ਸਾਡੀਆਂ ਉਦਾਸੀਆਂ

ਮਨ ਦਾ ਅੰਧਕਾਰ

----

3. ਰਸਤੇ ਭਟਕ ਰਹੇ ਸਨ

ਦਰਿਆ ਕਿਨਾਰੇ

ਚਿਰ ਕਾਲ ਤੋਂ

ਪੁਲ ਬਣਦੇ ਸਾਰ

ਕਰ ਗਏ ਦਰਿਆ ਪਾਰ

----

4. ਕਾਂ ਬਨੇਰੇ ਬੋਲਦਾ

ਕੌਣ ਸੁਣਦਾ

ਸੁੰਞੇ ਵਿਹੜੇ

ਲੱਗਿਆ ਤਾਲਾ

ਪਰਵਾਸੀ ਦੇ ਮਕਾਨ ਨੂੰ

----

5. ਟ੍ਰਾਲੀ ਚੋਂ ਖਿੱਚਦੇ ਗੰਨੇ

ਬੱਚੇ ਖੁਸ਼ ਕਿੰਨੇ

ਤੇਜ਼ ਵਕ਼ਤ ਚੋਂ

ਚੋਰੀ ਕਰਦੇ

ਮਿੱਠੇ-ਮਿੱਠੇ ਪਲ


Thursday, December 11, 2008

ਦਵਿੰਦਰ ਸਿੰਘ ਪੂਨੀਆ - ਸ਼ਿਅਰ

ਸਤਿਕਾਰਤ ਪੂਨੀਆ ਸਾਹਿਬ! ਤੁਹਾਡੀ ਇੰਡੀਆ ਜਾ ਕੇ ਲਿਖੀ ਮੇਲ 'ਚੋਂ ਇਹ ਸ਼ਿਅਰ ਮੈਨੂੰ ਬਹੁਤ ਪਸੰਦ ਆਇਆ। ਸੋਚਿਆ ਸਭ ਨਾਲ਼ ਸਾਂਝਾ ਕਰਾਂ।

ਸ਼ਿਅਰ

ਗੋਲਕ ਨੂੰ ਹੁਣ ਤਾਂ ਚੁੱਕ ਕੇ ਦਹਿਲੀਜ਼ ਤੇ ਲਿਆਈਏ।

ਮਾਇਆ ਨੂੰ ਪਾਰ ਕਰਕੇ ਅਸੀਂ ਸ਼ਬਦ ਤੀਕ ਜਾਈਏ।

Thursday, November 27, 2008

ਦਵਿੰਦਰ ਸਿੰਘ ਪੂਨੀਆ - ਨਜ਼ਮ

ਮੋੜ
ਲਘੂ ਨਜ਼ਮ

ਠੀਕ ਹੈ
ਕਹੇ ਹੋਏ ਬੋਲ
ਵਾਪਸ ਲੈ ਲਏ ਜਾਂਦੇ ਨੇ
ਮੁਆਫ਼ੀ ਮੰਗ ਲਈ ਜਾਂਦੀ ਹੈ
ਇਕ ਪਾਸੇ ਨੂੰ ਮੋੜਿਆ
ਸਟੇਅਰਿੰਗ ਵ੍ਹੀਲ
ਵਾਪਸ ਆਪਣੀ ਜਗ੍ਹਾ
ਘੁੰਮ ਆਉਂਦਾ ਹੈ
ਉਦੋਂ ਤਕ
ਪਰ
ਗੱਡੀ......
ਮੋੜ ਮੁੜ ਚੁੱਕੀ ਹੁੰਦੀ ਹੈ!

Tuesday, November 25, 2008

ਦਵਿੰਦਰ ਸਿੰਘ ਪੂਨੀਆ - ਤ੍ਰਿਵੇਣੀਆਂ

ਤ੍ਰਿਵੇਣੀਆਂ
1----
ਗਰਮੀ ਹੋਵੇ ਗਰਮੀ ਮੰਨਾਂ
ਸਰਦੀ ਹੋਵੇ ਸਰਦੀ ਮੰਨਾਂ
ਸੱਚਾ ਹਾਂ ਜਾਂ ਕੱਚਾ ਹਾਂ ਮੈਂ ?
2----
ਫੁੱਲ ਨੂੰ ਦੇਖ ਕੇ ਮੈਂ ਖੁਸ਼ ਹੋਇਆ
ਕੀ ਓਹ ਵੀ ਹੋਇਆ ਹੋਵੇਗਾ
ਜਾਂ ਕਿ ਸਿਰਫ਼ ਵਹਿਮ ਹੈ ਮੈਨੂੰ ?
3----
ਹਰ ਹਨੇਰੇ ਤੋਂ ਸ਼ੁੱਧ ਹੁੰਦਾ ਹੈ
ਫਿਰ ਕਿਤੇ ਜਾ ਕੇ ਬੁੱਧ ਹੁੰਦਾ ਹੈ
ਚਾਨਣਾ ਮੁਫ਼ਤ ਵਿਚ ਨਹੀਂ ਮਿਲਦਾ ।
4----
ਰਾਤ ਨੂੰ ਇੱਦਾਂ ਨੇ ਜੁਗਨੂੰ ਉੱਡਦੇ
ਤਾਰਿਆਂ ਨੂੰ ਜਿਸ ਤਰਾਂ ਖੰਭ ਲੱਗਦੇ
ਨੈਣ ਬਿਰਹਣ ਦੇ ਉਦਾਸੀ ਚੁੰਮਦੀ।
5----
ਝੀਲ ਦੀ ਛਾਤੀ ਤੇ ਕਿਰਨਾਂ ਪੈਦੀਆਂ
ਨੂਰ ਉਸਦੇ ਨੀਰ ਤੇ ਲਹਿਰਾ ਰਿਹਾ
ਪਿਆਸ ਇਕ ਤਕਦੀ ਹੀ ਰਹਿੰਦੀ ਦੂਰ ਤੋਂ।

Sunday, November 23, 2008

ਦਵਿੰਦਰ ਸਿੰਘ ਪੂਨੀਆ - ਨਜ਼ਮ

ਤੀਜੇ ਸੁਪਨੇ ਦਾ ਦੁਖਾਂਤ
ਨਜ਼ਮ

ਮੈਨੂੰ ਪਹਿਲਾ ਸੁਪਨਾ ਆਇਆ
ਇਕ ਮਾਰੂਥਲ ਹੈ ਪਸਰਿਆ
ਜਿਸ ਵਿਚ ਮੈਂ ਹਾਂ ਸੜ ਰਿਹਾ।

ਮੈਨੂੰ ਦੂਜਾ ਸੁਪਨਾ ਆਇਆ
ਇਕ ਦਰਿਆ ਹੈ ਵਗ ਰਿਹਾ
ਜਿਸ ਵਿਚ ਮੈਂ ਹਾਂ ਡੁੱਬ ਰਿਹਾ।

ਮੈਨੂੰ ਤੀਜਾ ਸੁਪਨਾ ਆਇਆ
ਇਕ ਮਾਰੂਥਲ ਹੈ ਪਸਰਿਆ
ਇਕ ਦਰਿਆ ਉਥੋਂ ਲੰਘ ਰਿਹਾ
ਪਰ ਉਥੇ 'ਮੈਂ' ' 'ਰੁੱਖ ' ਨਹੀਂ!

Thursday, November 20, 2008

ਦਵਿੰਦਰ ਸਿੰਘ ਪੂਨੀਆ - ਨਜ਼ਮ

ਜੇਕਰ
ਨਜ਼ਮ

ਸ਼ੌਕ਼ ਹੈ ਜੇਕਰ ਤੈਰਨ ਦਾ
ਤਾਂ ਲੱਭੋ ਝੀਲਾਂ, ਦਰਿਆ, ਸਾਗਰ।
ਜੇਕਰ ਡੁੱਬਣ ਦੀ ਹੈ ਹਸਰਤ
ਤਾਂ ਇੱਕੋ ਹੀ ਹੰਝੂ ਕਾਫੀ।

ਸ਼ੌਕ਼ ਹੈ ਜੇਕਰ ਉੱਡਣ ਦਾ
ਤਾਂ ਤੱਕੋ ਤੇਜ਼ ਹਵਾਵਾਂ ਨੂੰ।
ਜੇਕਰ ਬਿਖ਼ਰਨ ਦੀ ਹੈ ਹਸਰਤ
ਤਾਂ ਇੱਕੋ ਹੀ ਬੁੱਲਾ ਕਾਫ਼ੀ।

Wednesday, November 19, 2008

ਦਵਿੰਦਰ ਸਿੰਘ ਪੂਨੀਆ - ਗ਼ਜ਼ਲ

ਗ਼ਜ਼ਲ

ਘੱਟੋ ਘੱਟ ਇਕ ਖ਼ੁਦਾ ਜ਼ਰੂਰੀ ਹੈ।
ਓਹ ਵੀ ਸਾਦਾ ਜਿਹਾ ਜ਼ਰੂਰੀ ਹੈ।
------
ਕੀ ਕਰੋਗੇ ਨਿਰੇ ਸੁਹੱਪਣ ਨੂੰ?
ਕੁਝ ਨ ਕੁਝ ਤਾਂ ਅਦਾ ਜ਼ਰੂਰੀ ਹੈ।
------
ਬਿਨ ਮੁਹੱਬਤ ਕਦੇ ਨ ਸਰਦਾ ਹੈ,
ਉਸ ਲਈ ਪਰ ਵਫ਼ਾ ਜ਼ਰੂਰੀ ਹੈ।
------
ਕੌਣ ਹੈ ਜੋ ਤਿਰੇ ਜਿਹਾ ਹੈ ਦੋਸਤ!
ਫਿਰ ਵੀ ਇਕ ਰਾਬਤਾ ਜ਼ਰੂਰੀ ਹੈ।
------
ਜ਼ਿੰਦਗੀ ਸ਼ਾਇਰੀ ਹੀ ਬਣ ਜਾਵੇ,
ਜੀਣ ਦੀ ਪਰ ਕਲਾ ਜ਼ਰੂਰੀ ਹੈ।
------
ਕੀ ਸ਼ਿਕਾਇਤ ਕਰਾਂ ਜ਼ਮਾਨੇ ਦੀ
ਕਿ ਜ਼ਮਾਨਾ ਬੜਾ ਜ਼ਰੂਰੀ ਹੈ।
------
ਆਦਮੀ ਆਦਮੀ ਹੀ ਬਣ ਕੇ ਰਹੇ
ਹੈ ਜ਼ਰੂਰੀ ਬੜਾ ਜ਼ਰੂਰੀ ਹੈ।
------
ਇਸ਼ਕ਼ ਬਿਨ ਆਦਮੀ ਅਧੂਰਾ ਹੈ,
ਹੋਣਾ ਇਹ ਹਾਦਸਾ ਜ਼ਰੂਰੀ ਹੈ।
------
ਇਕ ਗ਼ਜ਼ਲ ਦੀ ਤਲਾਸ਼ ਹੈ ਮੈਨੂੰ,
ਇਕ ਤਿਰਾ ਆਸਰਾ ਜ਼ਰੂਰੀ ਹੈ।

Monday, November 17, 2008

ਦਵਿੰਦਰ ਸਿੰਘ ਪੂਨੀਆ - ਨਜ਼ਮ

ਤੂੰ (੧)
ਦੋ ਨਜ਼ਮਾਂ

ਤੂੰ ਮੇਰੇ ਨਾਲ ਇਓਂ ਨਾ ਤੁਰ
ਜਿਵੇਂ ਨਾਲ਼ੋ-ਨਾਲ਼ ਤੁਰਦੇ
ਨਦੀ ਦੇ ਦੋਵੇਂ ਕੰਢੇ
ਜਿਵੇਂ ਨਾਲ਼ੋ-ਨਾਲ਼ ਤੁਰਦੀਆਂ
ਦੋਵੇਂ ਰੇਲ ਪਟੜੀਆਂ
ਹਜ਼ਾਰਾਂ ਮੀਲਾਂ ਤਕ
ਨਾ ਮਿਲ਼ਕੇ ਵੀ ਇਕੱਠੀਆਂ
ਤੁੰ ਮੇਰੇ ਨਾਲ ਇਓਂ ਤੁਰ
ਜਿਵੇਂ ਧਾਗੇ ਦੀਆਂ ਦੋਵੇਂ ਤੰਦਾਂ
ਇਕ ਦੂਜੇ ਨੂੰ ਵਲ਼ਦੀਆਂ ਹੋਈਆਂ
ਭਾਵੇਂ ਗਿੱਠ ਕੁ ਭਰ ਹੀ.......
-----------
ਤੂੰ (੨)

ਤੂੰ ਮੇਰੇ ਕੋਲੋਂ
ਇਕ ਕਦਮ ਪਿੱਛੇ ਹਟਾਵੇਂ
ਤਾਂ ਜਾਪੇ ਸਾਡੇ ਵਿਚਕਾਰ
ਇਕ ਜਨਮ ਦਾ ਅੰਤਰ ਹੋ ਗਿਆ
ਤੁੰ ਮੈਥੋਂ ਪਰੇ
ਪੈਰ ਨਾ ਪੁੱਟਿਆ ਕਰ
ਮੈਂ ਬਹੁਤ ਵਾਰ ਮਰਿਆ ਹਾਂ
ਹੁਣ ਮੇਰਾ ਜੀਣ ਨੂੰ ਦਿਲ ਕਰਦਾ ਹੈ

Sunday, November 16, 2008

ਦਵਿੰਦਰ ਸਿੰਘ ਪੂਨੀਆ - ਗ਼ਜ਼ਲ

ਗ਼ਜ਼ਲ

ਅਪਣੀ ਧੁਨ ਵਿਚ ਰਹਿਣਾ ਮਸਤੀ।
ਖ਼ੁਦ ਹੀ ਬਣਨਾ, ਢਹਿਣਾ ਮਸਤੀ।
------
ਇੱਕ ਨਸ਼ੇ ਵਿਚ ਤੁਰਨਾ ਫਿਰਨਾ,
ਲੋਰ ਜਿਹੀ ਵਿਚ ਬਹਿਣਾ ਮਸਤੀ।
------
ਪਰਬਤ ਵਾਂਗ ਸਮਾਧੀ ਲੌਣੀ,
ਦਰਿਆ ਵਾਂਗੂੰ ਵਹਿਣਾ ਮਸਤੀ।
------
ਸੂਰਜ ਅਪਣੇ ਸਿਰ ਤੇ ਰਖਣਾ,
ਧਰਤੀ ਉੱਤੇ ਰਹਿਣਾ ਮਸਤੀ।
------
ਲਿਸ਼ਕ ਪੁਸ਼ਕ ਤੋਂ ਦੂਰ ਹੀ ਰਹੀਏ,
ਸਾਡਾ ਤਾਂ ਬਸ ਗਹਿਣਾ ਮਸਤੀ।
------
ਖ਼ੁਸ਼ੀਆਂ ਵੰਡਦੇ ਰਹਿਣਾ ਮਸਤੀ।
ਗ਼ਮ ਨੁੰ ਚੁਪ ਚੁਪ ਸਹਿਣਾ ਮਸਤੀ।
------
ਅੰਬਰ ਤੀਕਰ ਸੋਚ ਉਡੌਣੀ,
ਧੁਰ ਅੰਦਰ ਤਕ ਲਹਿਣਾ ਮਸਤੀ।
------
ਏਧਰ ਓਧਰ ਕਰ ਨਾ ਸਕੀਏ,
ਜੋ ਕਹਿਣਾ ਸੋ ਕਹਿਣਾ ਮਸਤੀ।