ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਬੈਂਤ. Show all posts
Showing posts with label ਬੈਂਤ. Show all posts

Monday, May 10, 2010

ਅਮਰਜੀਤ ਸਿੰਘ ਸੰਧੂ - ਕਾਵਿ-ਵਿਅੰਗ - ਬੈਂਤ

ਦੋਸਤੋ! ਅੱਜ ਬਦੇਸ਼ਾ ਸਾਹਿਬ ਦੇ ਮਜ਼ਾਹੀਆ ਖ਼ਤ ਦੇ ਨਾਲ਼-ਨਾਲ਼ ਸੋਚਿਆ ਕਿ ਦਕੋਹਾ, ਜਲੰਧਰ ਵਸਦੇ ਉਸਤਾਦ ਸ਼ਾਇਰ ਸ: ਅਮਰਜੀਤ ਸਿੰਘ ਸੰਧੂ ਸਾਹਿਬ ਦੀ ਕਿਤਾਬ ਜੋਬਨ ਯਾਦਾਂ ਵਿੱਚੋਂ ਬੇੱਹਦ ਖ਼ੂਬਸੂਰਤ ਕਾਵਿ-ਵਿਅੰਗ ਤੁਹਾਡੇ ਨਾਲ਼ ਸਾਂਝੇ ਕੀਤੇ ਜਾਣ। ਹੈ ਨਾ ਸੋਨੇ ਤੇ ਸੁਹਾਗਾ? ਇਹ ਕਾਵਿ-ਵਿਅੰਗ ਵੀ ਸ਼ਾਇਰੀ ਦੀ ਇਕ ਵੰਨਗੀ 'ਬੈਂਤ' ਦੇ ਰੂਪ ਚ ਲਿਖੇ ਗਏ ਹਨ, ਜਿਸਦੀ ਕੁਝ ਦਿਨ ਪਹਿਲਾਂ ਮੈਂ ਗੱਲ ਕੀਤੀ ਸੀ। ਸੰਧੂ ਸਾਹਿਬ ਦੀ ਕਲਮ ਨੂੰ ਸਲਾਮ ਕਰਦਿਆਂ, ਅੱਜ ਦੀ ਪੋਸਟ ਚ ਇਹਨਾਂ ਨੂੰ ਸ਼ਾਮਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

**********

ਚਾਰ ਅਤੇ ਛੇ ਕਲੀਏ ਬੈਂਤ

ਤੁਰੀ ਜਾਂਦੈ

ਬੈਂਤ

ਬੀਵੀ ਕਵੀ ਦੀ ਸਾਧ ਦੇ ਕੋਲ਼ ਪਹੁੰਚੀ,

ਕਹਿੰਦੀ, ਬਾਬਾ ਜੀ! ਸੰਧੂ ਤਾਂ ਖੁਰੀ ਜਾਂਦੈ।

ਐਨਾ ਹੋਇਆ ਕਮਜ਼ੋਰ ਕਿ ਕੀ ਦੱਸਾਂ,

ਜਿੱਥੇ ਹੱਥ ਲਾਈਏ, ਉੱਥੋਂ ਭੁਰੀ ਜਾਂਦੈ।

ਬਾਬੇ ਆਖਿਆ, ਕਲਮ ਜਦ ਚੱਲਦੀ ਏ,

ਚੱਲਣ ਜੋਗਾ ਨਹੀਂ ਛੱਡਦੀ ਆਦਮੀ ਨੂੰ,

ਤੇਰਾ ਆਦਮੀ ਤਾਂ ਸਖ਼ਤ ਜਾਨ ਹੋਣੈਂ,

ਤੁਰਦੀ ਕਲਮ ਦੇ ਨਾਲ਼ ਜੋ ਤੁਰੀ ਜਾਂਦੈ।

=====

ਕਾਗ਼ਜ਼ਾਂ ਦੀ ਬੇੜੀ

ਬੈਂਤ

ਮੀਂਹ ਪਵੇ, ਸਕੂਲ ਦਾ ਵਕ਼ਤ ਹੋਇਆ,

ਸੰਧੂ ਬਹਿ ਗਿਆ ਢੇਰੀਆਂ ਢਾਹ ਕੇ ਜੀ।

ਧੱਕੇ ਨਾਲ਼ ਸਕੂਲ ਨੂੰ ਤੋਰ ਦਿੱਤਾ,

ਬੀਵੀ ਹੋਣ ਨਾ ਦਿੱਤੀਆਂ ਦੇਰੀਆਂ ਜੀ।

ਗਿਆ ਭਿੱਜਦਾ, ਆਇਆ ਬੁਖ਼ਾਰ ਲੈ ਕੇ,

ਪੈਣ ਬੀਵੀ ਦੇ ਚਿੱਤ ਨੂੰ ਘੇਰੀਆਂ ਜੀ।

ਆਇਆ ਵੈਦ ਤੇ ਤਾੜ ਕੇ ਕਹਿਣ ਲੱਗਾ,

ਸੱਭੇ ਗ਼ਲਤੀਆਂ ਨੇ ਬੀਬੀ ਤੇਰੀਆਂ ਜੀ।

ਬੇੜੀ ਕਾਗ਼ਜ਼ਾਂ ਦੀ ਤੇਰਾ ਪਤੀ ਬੀਬੀ,

ਇਹਦੇ ਨਾਲ਼ ਸੰਭਲ਼ ਕੇ ਖੇਲ੍ਹਿਆ ਕਰ।

ਇਹ ਨਹੀਂ ਝਨਾਅ ਚੋਂ ਪਾਰ ਲੰਘਾਉਣ ਜੋਗਾ,

ਇਹਨੂੰ ਪਾਣੀ ਦੇ ਵਿਚ ਨਾ ਠੇਲ੍ਹਿਆ ਕਰ।

=====

ਚਾਅ ਈ ਕੋਈ ਨਹੀਂ

ਬੈਂਤ

ਜੀਵਨ ਸਾਥਣੇ! ਹੋਣ ਹੁਸੀਨ ਜੋਬਨ,

ਏਸ ਉਮਰ ਵਿਚ ਆਪਾਂ ਨੂੰ ਭਾਅ ਈ ਕੋਈ ਨਹੀਂ।

ਦੂਰੋਂ ਦਿਸਦੀ ਨਹੀਂ ਏ ਚੀਜ਼ ਕੋਈ,

ਤੇ ਲਾਗੇ ਆਉਣ ਦਾ ਕਿਸੇ ਨੂੰ ਚਾਅ ਈ ਕੋਈ ਨਹੀਂ।

ਗੋਡੇ ਉੱਠਦੇ ਨਹੀਂ, ਚੂਲੇ ਚੱਲਦੇ ਨਹੀਂ,

ਫਿਰਨ-ਤੁਰਨ ਦਾ ਲਗਦਾ ਦਾਅ ਈ ਕੋਈ ਨਹੀਂ।

ਦੱਸ, ਅਸੀਂ ਕੀਹਦੇ ਲਾਗੇ ਲੱਗਣਾ ਏ,

ਦੁਨੀਆਂ ਨਾਲ਼ ਹੁਣ ਰਿਹਾ ਲਗਾਅ ਈ ਕੋਈ ਨਹੀਂ।

ਬੁੱਢੇ-ਵਾਰੇ ਤੂੰ ਰੋਕ ਨਾ ਰੋਕ ਅੜੀਏ!

ਮੈਂ ਵੀ ਸਮਝਦਾ ਹਾਂ ਮੇਰਾ ਫ਼ਰਜ਼ ਕੀ ਏ।

ਪਿਛਲਾ ਕੋਈ ਮਹਿਬੂਬ ਜੇ ਆ ਈ ਜਾਵੇ,

ਤਾਂ ਸੰਧੂ ਓਸ ਨੂੰ ਮਿਲ਼ਣ ਵਿਚ ਹਰਜ਼ ਕੀ ਏ?

====

ਨਵੀਂ ਸਕੀਮ

ਬੈਂਤ

ਚਾਕੂ ਚੱਲਿਆ, ਲਹੂ ਦੀ ਧਾਰ ਚੱਲੀ,

ਪਲੋ-ਪਲੀ ਮੈਂ ਤਾਂ ਪੀਲ਼ਾ ਈ ਹੋਈ ਜਾਵਾਂ।

ਕੱਟੀ ਉਂਗਲ਼ੀ ਮੂੰਹ ਵਿਚ ਪਾ ਚੂਸਾਂ,

ਟੂਟੀ ਹੇਠ ਦੇ ਕੇ ਨਾਲ਼ੇ ਧੋਈ ਜਾਵਾਂ।

ਬੀਵੀ ਵੇਖਿਆ ਤਾਂ ਝਿੜਕਾਂ ਹੋਰ ਦੇਊ,

ਨਾਲ਼ੇ ਡਰੀ ਜਾਵਾਂ, ਨਾਲ਼ੇ ਰੋਈ ਜਾਵਾਂ।

ਬੀਵੀ ਕਿਹਾ, ਵਿਖਾ ਖਾਂ,ਕੀ ਹੋਇਐ?

ਤੇ ਡਰਦਾ ਓਸ ਤੋਂ ਉਂਗਲ਼ ਲਕੋਈ ਜਾਵਾਂ।

ਬੀਵੀ ਕਿਹਾ ਕਿ ਕੰਮ ਤੋਂ ਬਚਣ ਦੇ ਲਈ,

ਕੋਈ ਨਵੀਂ ਸਕੀਮ ਬਣਾ ਲਈ ਊ?

ਤੈਨੂੰ ਆਖਿਆ ਸੀ ਸਬਜ਼ੀ ਕੱਟਣੇ ਨੂੰ,

ਤੇ ਟੋਟੇ ਹੋਣਿਆਂ ਉਂਗਲ਼ ਕਟਾ ਲਈ ਊ?

=====

ਫਟਕੜੀ ਫੁੱਲ ਹੋ ਗਈ

ਬੈਂਤ

ਲਾਈਨ ਵਿਚ ਖਲੋਤਾ ਸਵੇਰ ਦਾ ਸੀ,

ਘੜੀ-ਘੜੀ ਉਹਦੀ ਯੁੱਗਾਂ ਤੁੱਲ ਹੋ ਗਈ।

ਮਸਾਂ-ਮਸਾਂ ਸੀ ਖਿੜਕੀ ਦੇ ਕੋਲ਼ ਪਹੁੰਚਾ,

ਕਿ ਬੁੱਢੇ ਬਦਨ ਅੰਦਰ ਹਿੱਲ-ਜੁੱਲ ਹੋ ਗਈ।

ਘਰੋਂ ਗਿਆ ਸੀ ਬਿਜਲੀ ਦਾ ਬਿੱਲ ਤਾਰਨ,

ਤੇ ਉਹਦੀ ਜ਼ਿੰਦਗੀ ਦੀ ਬੱਤੀ ਗੁੱਲ ਹੋ ਗਈ।

ਬੀਵੀ ਪਿੱਟਦੀ ਪਿੱਟਦੀ ਕਹੀ ਜਾਵੇ,

ਜਾਂਦਾ ਜਾਂਦਾ ਕੋਈ ਕੰਮ ਈ ਸਵਾਰ ਜਾਂਦੋ।

ਮੈਨੂੰ ਪਊ ਹੁਣ ਲਾਈਨ ਦੇ ਵਿਚ ਖੜ੍ਹਨਾ,

ਡੁੱਬ ਜਾਣਿਆਂ ਬਿੱਲ ਤਾਂ ਤਾਰ ਜਾਂਦੋ।"

Wednesday, October 28, 2009

ਮਰਹੂਮ ਬਾਬੂ ਰਜਬ ਅਲੀ - ਬੈਂਤ

ਸਾਹਿਤਕ ਨਾਮ: ਬਾਬੂ ਰਜਬ ਅਲੀ

ਜਨਮ: 10 ਅਗਸਤ, 1894 ( ਪਿੰਡ ਸਾਹੋਕੇ, ਜ਼ਿਲ੍ਹਾ: ਫ਼ਿਰੋਜ਼ਪੁਰ (ਹੁਣ ਮੋਗਾ) 6 ਮਈ, 1979 ( ਪਾਕਿਸਤਾਨ)

ਕਿਤਾਬਾਂ: ਬਾਬੂ ਰਜਬ ਅਲੀ ਜੀ ਨੇ ਕੁੱਲ 85 ਕਿੱਸੇ ਲਿਖੇ ਹਨ। ਜਿਨ੍ਹਾਂ ਚੋਂ ਦਸ ਅਵਤਾਰ ਦੀ ਸਿਫ਼ਤ, ਨੀਤੀ ਦੇ ਕਬਿੱਤ, ਦਸ਼ਮੇਸ਼ ਮਹਿਮਾ, ਨਲ਼ ਦਮਯੰਤੀ, ਆਸੀ ਠਠਿਆਰੀ, ਹੀਰ ਰਾਂਝਾ, ਸਾਕਾ ਸਰਹੰਦ, ਸਾਕਾ ਚਮਕੌਰ, ਪੂਰਨ ਭਗਤ, ਦੁੱਲਾ ਭੱਟੀ, ਮਿਰਜ਼ਾ ਬਹੁਤ ਪ੍ਰਸਿੱਧ ਹੋਏ। ਇਹਨਾਂ ਲਿਖਤਾਂ ਚ ਕੁਝ ਲੰਬੀਆਂ ਨਜ਼ਮਾਂ ਵੀ ਸ਼ਾਮਿਲ ਹਨ। ਬਹੱਤਰ ਕਲਾ ਛੰਦ ਅਤੇ ਹੋਰ ਬਹੁਤ ਸਾਰੇ ਛੰਦ ਪੰਜਾਬੀ ਸਾਹਿਤ ਨੂੰ ਬਾਬੂ ਜੀ ਦੀ ਦੇਣ ਹਨ।

-----

ਦੋਸਤੋ! ਬਾਬੂ ਰਜਬ ਅਲੀ ਜੀ ਨੂੰ ਪੰਜਾਬੀ ਸਾਹਿਤ ਤੇ ਖ਼ਾਸ ਤੌਰ ਤੇ ਮਾਲਵੇ ਚ ਰਚੇ ਗਏ ਸਾਹਿਤ ਦੇ ਸਿਰਮੌਰ ਲੇਖਕ ਹੋਣ ਦਾ ਮਾਣ ਹਾਸਿਲ ਹੈ। ਠੇਠ ਮਲਵਈ ਬੋਲੀ ਚ ਰਚੇ ਛੰਦਾਂ, ਬੈਂਤਾਂ, ਕਬਿੱਤਾਂ, ਕਿੱਸਿਆਂ, ਕਵੀਸ਼ਰੀ ਨਾਲ਼ ਅੱਜ ਵੀ ਉਹ ਸਾਡੇ ਦਿਲਾਂ ਤੇ ਰਾਜ ਕਰਦੇ ਹਨ। ਬੰਬੀਹੇ ਪਿੰਡ ਤੋਂ ਪ੍ਰਾਇਮਰੀ, ਬਰਜਿੰਦਰਾ ਹਾਈ ਸਕੂਲ ਮੋਗੇ ਤੋਂ ਦਸਵੀਂ ਅਤੇ ਫੇਰ ਗੁਜਰਾਤ ਤੋਂ ਸਿਵਿਲ ਇੰਜੀਨੀਅਰਿੰਗ ਚ ਡਿਪਲੋਮਾ ਕਰਨ ਉਪਰੰਤ ਉਹ ਸਿੰਚਾਈ ਵਿਭਾਗ ਚ ਓਵਰਸੀਅਰ ਰਹੇ। 1947 ਚ ਦੇਸ਼ ਦੀ ਵੰਡ ਸਮੇਂ ਉਹਨਾਂ ਨੂੰ ਪਾਕਿਸਤਾਨ ਜਾਣ ਲਈ ਮਜਬੂਰ ਹੋਣਾ ਪਿਆ। ਪਰ ਮਾਲਵੇ ਚ ਉਹਨਾਂ ਦੀ ਰੂਹ ਵਸਦੀ ਸੀ, ਇਹ ਹਿਜਰਤ ਉਹਨਾਂ ਨੂੰ ਰਾਸ ਨਾ ਆਈ। ਉਹਨਾਂ ਸੈਂਕੜੇ ਨਜ਼ਮਾਂ ਆਪਣੇ ਪਿੰਡ ਤੇ ਮਾਲਵੇ ਖੇਤਰ ਬਾਰੇ ਲਿਖੀਆਂ। ਮਾਰਚ 1965 ਚ ਉਹ ਦੇਸ ਫੇਰੀ ਪਾਉਂਣ ਆਏ ਤਾਂ ਅਣਗਿਣਤ ਕਵੀਸ਼ਰ ਅਤੇ ਸ਼ਾਗਿਰਦ ਉਹਨਾਂ ਨੂੰ ਮਿਲ਼ਣ ਲਈ ਆਏ। 6 ਮਈ, 1979 ਨੂੰ ਬਾਬੂ ਰਜਬ ਅਲੀ ਜੀ, ਆਪਣੇ ਪਿਆਰੇ ਪਿੰਡ ਸਾਹੋਕੇ ਨੂੰ ਇੱਕ ਵਾਰੀ ਫੇਰ ਵੇਖਣ ਲਈ ਤੜਫ਼ਦਿਆਂ, ਸਾਨੂੰ ਸਦਾ ਲਈ ਅਲਵਿਦਾ ਆਖ ਗਏ।

----

ਅੱਜ ਰਾਜਸਥਾਨ ਵਸਦੇ ਲੇਖਕ ਗੁਰਮੀਤ ਬਰਾੜ ਜੀ ਨੇ ਬਾਬੂ ਰਜਬ ਅਲੀ ਜੀ ਦੀਆਂ ਬੇਹੱਦ ਖ਼ੂਬਸੂਰਤ ਲਿਖਤਾਂ ਆਰਸੀ ਲਈ ਭੇਜੀਆਂ ਹਨ। ਬਾਬੂ ਜੀ ਦੀ ਹਾਜ਼ਰੀ ਆਰਸੀ 'ਤੇ ਲੱਗਣਾ, ਸਾਡੇ ਸਾਰਿਆਂ ਲਈ ਬੜੇ ਮਾਣ ਅਤੇ ਖ਼ੁਸ਼ੀ ਵਾਲ਼ੀ ਗੱਲ ਹੈ। ਉਹਨਾਂ ਦੀ ਕੋਈ ਵੀ ਕਿਤਾਬ ਮੇਰੇ ਕੋਲ਼ ਨਹੀਂ ਸੀ। ਸੋ ਗੁਰਮੀਤ ਜੀ ਦੀ ਤਹਿ-ਦਿਲੋਂ ਆਰਸੀ ਪਰਿਵਾਰ ਵੱਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਬਾਬੂ ਜੀ ਦੀ ਸ਼ਾਇਰੀ ਸਭ ਨਾਲ਼ ਸਾਂਝੀ ਕੀਤੀ ਹੈ। ਬਾਬੂ ਜੀ ਦੀ ਕਲਮ ਨੂੰ ਸਲਾਮ ਕਰਦਿਆਂ, ਅੱਜ ਕੁਝ ਲਿਖਤਾਂ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

=====

ਦਰਦ ਪੰਜਾਬੀ ਬੋਲੀ ਦਾ..
ਨਜ਼ਮ
ਖੰਡ ਤੋਂ ਮਿੱਠੀ ਬੋਲੀ, ਪਿਆਰੇ ਵਤਨ ਪੰਜਾਬ ਦੀ।
ਮੁੱਖ ਤੋਂ ਲਪਟਾਂ ਮਾਰਨ, ਜੈਸੇ ਅਤਰ ਗੁਲਾਬ ਦੀ।
ਹੋਰ ਸਤਾਉਣ ਜ਼ੁਬਾਨਾਂ, ਅੱਖੋਂ ਜਲ ਭਰ ਡੋਲ੍ਹੀ ਦਾ...
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ...
-----
ਜਾਣਦੇ ਖ਼ਾਨੀ ਪਸ਼ਤੋ, ਵਸਦੀ ਦੇਸ਼ ਪਠਾਣਾਂ ਦੇ।
ਇਹ ਆ ਕੇ ਪਿੜ ਨਹਾਤੀ, ਸ਼ਾਸਤਰ ਵੇਦ ਪੁਰਾਣਾਂ ਦੇ।
ਤੇ ਘਰ-ਬਾਰਾਂ ਨਾਲੋਂ, ਕਦਰ ਵਧਾ ਤਾਂ ਗੋਲੀ ਦਾ...
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ...
-----
ਮੈਂ ਅੱਗੇ ਇੱਕ ਨੂੰ ਰੋਵਾਂ, ਉੱਠਦੀ ਦਿਲੋਂ ਕੁਹਾਰ ਸੀ।
ਫ਼ਿਰ ਪਸ਼ਤੋਂ ਦੀ ਆ ਗਈ, ਹੋਰ ਹਮੈਤਣ ਫ਼ਾਰਸੀ।
ਮੈਂ ਭਲੀ-ਮਾਣਸ ਬੋਲੀ, ਚੱਲਦਾ ਹੁੱਕਾ ਜਰੌਲੀ ਦਾ...
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ...
-----
ਫ਼ਿਰ ਨੁਕਸਾਨ ਉਠਾਇਆ, ਉਰਦੂ ਘਰ ਜੰਮ ਵੈਰੀ ਤੋਂ
ਟੁੱਟ ਪੈਣੈ ਨੇ ਕੱਢਤੀ, ਬਾਹੋਂ ਪਕੜ ਕਚਹਿਰੀ ਚੋਂ।
ਅੰਨ-ਪੁਜ ਕੀ ਕਰ ਸਕਦੀ ? ਜ਼ਹਿਰ ਬਥੇਰਾ ਘੋਲ਼ੀ ਦਾ...
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ..
-----
ਤੇ ਇੰਗਲੈਂਡੋਂ ਘੁੰਡ ਲਾਹ, ਆ ਅੰਗਰੇਜ਼ੀ ਨੱਚ ਲੀ ਜੀ,
ਰੰਗ ਗੋਰਾ,ਅੱਖ ਕਹਿਰੀ, ਸਖ਼ਤ ਬੁਲਾਰਾ ਘੱਚਲੀ ਜੀ
ਹੱਥ ਲਗਿਆ,ਪਤਾ ਲਗਿਆ, ਕਰੜਾ ਲਫ਼ੇੜਾ ਪੋਲੀ ਦਾ
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ..
-----
ਅਬ ਹਿੰਦੀ ਕੀ ਪੁੱਗਦੀ, ਬਾਤ ਮਜਾਜਣ ਸ਼ੌਂਕਣ ਦੀ।
ਮੈਂ ਚੁੱਪ ਕੀਤੀ ਫ਼ਿਰਦੀ, ਇਸਦੀ ਆਦਤ ਭੌਂਕਣ ਦੀ।
ਬੁੜ੍ਹੀ ਪਏ ਦੰਦ ਨਿਕਲੇ,ਇਹ ਨਾ ਵਕਤ ਘਰੋਲੀ ਦਾ...
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ...
-----
ਤਕੜੇ ਰਹੋਂ ਪੰਜਾਬੀਓ, ਕਿਹੜਾ ਛੱਡਦਾ ਨਿਵਿਆਂ ਤੋਂ।
ਚਿਰ ਦੀ ਫੂਕੀ ਹੋਈ ਮਰੀ, ਉਠਾ ਲਉ ਸਿਵਿਆਂ ਚੋਂ।
ਅੱਠ-ਨੌਂ ਸੂਬੇ ਨਿਗਲੇ, ਢਿੱਡ ਨਾ ਭਰਿਆ ਭੜੌਲੀ ਦਾ...
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ...

=====

ਤਿੰਨ ਦੇ ਬੈਂਤ
ਇੱਕ ਤੋਪ, ਪਸਤੌਲ, ਬੰਦੂਕ ਤੀਜੀ,
ਦੱਬੋ ਲਿਬਲਿਬੀ ਕਰਨਗੇ ਫ਼ੈਰ ਤਿੰਨੇ।
-----

ਹੰਸ, ਫ਼ੀਲ, ਮੁਕਲਾਵੇ ਜੋ ਨਾਰ ਆਈ,
ਮੜਕ ਨਾਲ ਉਠਾਂਵਦੇ ਪੈਰ ਤਿੰਨੇ।
-----

ਅਗਨ-ਬੋਟ, ਤੇ ਸ਼ੇਰ, ਸੰਸਾਰ ਤੀਜਾ,
ਸਿੱਧੇ ਜਾਣ ਦਰਿਆ ਚੋਂ ਤੈਰ ਤਿੰਨੇ।
-----

ਝੂਠ ਬੋਲਦੇ, ਬੋਲਦੇ ਸੱਚ ਥੋੜ੍ਹਾ,
ਠੇਕੇਦਾਰ, ਵਕੀਲ ਤੇ ਸ਼ਾਇਰ ਤਿੰਨੇ।
-----

ਇੱਕ ਸਰਪ ਤੇ ਹੋਰ ਬੰਡਿਆਲ, ਠੂੰਹਾ,
ਰਹਿਣ ਹਰ ਘੜੀ ਘੋਲਦੇ ਜ਼ਹਿਰ ਤਿੰਨੇ।
-----

ਛਾਲ ਮਾਰ ਦੀਵਾਰ ਨੂੰ ਟੱਪ ਜਾਂਦੇ,
ਨਾਰ, ਚੋਰਟਾ, ਲੱਲਕਰੀ ਟੈਰ ਤਿੰਨੇ।
-----

ਜੂਏਬਾਜ਼ ਤੇ ਟਮਟਮਾਂ ਵਾਹੁਣ ਵਾਲਾ,
ਅਤੇ ਵੇਸਵਾ ਸ਼ਰਮ ਬਗ਼ੈਰ ਤਿੰਨੇ।
-----

ਨਾਚਾ, ਨਕਲੀਆ ਔਰ ਗਾਮੰਤਰੀ ਵੀ,
ਜਿੱਥੇ ਖੜ੍ਹਦੇ ਲਗਾਂਵਦੇ ਲਹਿਰ ਤਿੰਨੇ।
-----

ਨਵਾਂ ਆਸ਼ਕ, ਤੇ ਗਧਾ, ਘਾਹ ਗੌਣ ਵਾਲਾ,
ਠੀਕ ਭਾਲਦੇ ਸਿਖ਼ਰ ਦੁਪਹਿਰ ਤਿੰਨੇ।
----

ਊਠ, ਸਾਹਨ ਤੇ ਅਉਰ ਪਠਾਨ ਤੀਜਾ,
ਦਿਲੋਂ ਨਹੀਂ ਗੰਵਾਂਵਦੇ ਵੈਰ ਤਿੰਨੇ।
-----

'ਰਜ਼ਬ ਅਲੀ' ਗ਼ੁਲਾਮ ਤੇ ਜੱਟ, ਮਜ਼੍ਹਬੀ,
ਰੱਜੇ ਨਹੀਂ ਗੁਜ਼ਾਰਦੇ ਖ਼ੈਰ ਤਿੰਨੇ।

====

ਕੀ ਕੀ ਚੰਗਾ...
ਬੈਂਤ
ਨਾਮ ਨੂੰ ਸਵੇਰਾ ਚੰਗਾ, ਸੰਤਾਂ ਨੂੰ ਡੇਰਾ ਚੰਗਾ
ਚੋਰ ਨੂੰ ਹਨੇਰਾ ਚੰਗਾ, ਜਿਥੇ ਕਿਤੇ ਲੁੱਕ ਜੇ ..
-----
ਜੁਆਈ ਭਾਈ ਸਾਊ ਚੰਗਾ, ਪੁੱਤਰ ਕਮਾਊ ਚੰਗਾ,
ਟੱਬਰ ਸੰਗਾਊ ਚੰਗਾ, ਝਿੜਕੇ ਤੋਂ ਰੁੱਕ ਜੇ..
-----
ਇੱਕ ਗੋਤ ਕਿਹੜਾ ਚੰਗਾ, ਖੇਤ ਲਾਉਣਾ ਗੇੜਾ,
ਜੰਗ ਦਾ ਨਿਬੇੜਾ ਚੰਗਾ, ਜੇ ਕਲੇਸ਼ ਮੁੱਕ ਜੇ...
-----
ਚੌਦਵੀਂ ਦਾ ਚੰਦ ਚੰਗਾ, 'ਬਾਬੂ ਜੀ' ਦਾ ਛੰਦ ਚੰਗਾ
ਆਂਵਦਾ ਅਨੰਦ ਚੰਗਾ, ਲਾਉਂਦਾ ਸੋਹਣੀ ਤੁੱਕ ਜੇ......

=====

ਮਾਂ ਦੇ ਮਖਣੀ ਖਾਣਿਓ ਵੇ......
ਬੈਂਤ
ਮੁੰਡੇ ਭਰੇ ਮਜਾਜਾਂ ਦੇ ਰਹਿਣ ਨਿੱਤ ਵਿਹਲੇ, ਦੇਖਦੇ ਮੇਲੇ, ਸੱਥਾਂ ਵਿੱਚ ਬੈਠੇ ,ਮਾਰਦੇ ਯੱਕੜਾਂ..
ਕੰਮ ਵਿੱਚ ਛੋੜਦੇ ਨਾ ਦੇਸ਼ ਜੋ ਸਰਦੇ, ਬੜਾ ਕੰਮ ਕਰਦੇ, ਲੋਹੇ ਨੂੰ ਕੁੱਟਦੇ, ਪਾੜਦੇ ਲੱਕੜਾਂ..
ਨਹੀਂ ਵਕਤ ਸ਼ੌਕੀਨੀ ਦਾ, ਰਹੋ ਬਣ ਸਾਦੇ, ਜਿੱਦਾਂ ਪਿਓ ਦਾਦੇ, ਬਦਲ ਜਾਓ ਚਾਲ, ਘਰੀਂ ਧੁੱਸ ਦੇ ਕੇ ਗਰੀਬੀ ਵੜਗੀ..
ਮਾਂ ਦੇ ਮਖਣੀ ਖਾਣਿਓ ਵੇ, ਸੂਰਮਿਓਂ ਪੁੱਤਰੋ, ਚੁਬਾਰਿਓਂ ਉੱਤਰੋ, ਫਰਕਦੇ ਬਾਜੂ, ਜਵਾਨੀ ਚੜ੍ਹ ਗਈ...
........
ਗੋਰੇ ਬੜੇ ਮਿਹਨਤੀ ਜੀ, ਟਿੱਬੇ ਜਿਹੇ ਢਾਹ ਲੇ, ਨਵੇਂ ਕੱਢੇ ਖਾਲੇ, ਜਾਨਪੁਰ ਖਾਨੀਂ, ਯਾਦ ਨਾ ਜਨਾਨੀ, ਬਾਰਾਂ-ਬਾਰਾਂ ਘੰਟੇ ਡਿਓਟੀਆਂ ਲੱਗੀਆਂ...
ਨੰਗੇ ਸੀਸ ਦੁਪਹਿਰੇ ਜੀ, ਬੂਟ ਜਹੇ ਕਰੜੇ, ਰਹਿਣ ਪੱਬ ਨਰੜੇ, ਨੀਕਰਾਂ ਖਾਕੀ, ਜੀਨ ਦੀਆਂ ਚੱਡੀਆਂ..
ਆਲੂ ਨਿਰੇ ਉਬਾਲਣ ਜੀ, ਲੱਗੇ ਭੁੱਖ ਚਾਰੂ, ਪੀਣ ਚਾਹ ਮਾਰੂ, ਬੜੀ ਲੱਗੇ ਗਰਮੀ, ਮਿਲੇ ਸੁੱਖ ਕਰਮੀਂ, ਹੈਟ ਲੈਣ ਧੁੱਪ ਤੋਂ, ਟੋਟੜੀ ਸੜਗੀ...
ਮਾਂ ਦੇ ਮਖਣੀ ਖਾਣਿਓ ਵੇ, ਸੂਰਮਿਓਂ ਪੁੱਤਰੋ, ਚੁਬਾਰਿਓਂ ਉੱਤਰੋ, ਫਰਕਦੇ ਬਾਜੂ, ਜਵਾਨੀ ਚੜ੍ਹ ਗਈ...