ਸਾਹਿਤਕ ਨਾਮ: ਰਾਮ ਸਿੰਘ ਚਾਹਲ ਜਨਮ: 1950 ਵਿੱਚ ਪੰਜਾਬ ਦੇ ਮਾਨਸਾ ਜਿਲ੍ਹੇ ਦੇ ਇੱਕ ਛੋਟੇ ਪਿੰਡ ‘ ਅਲੀਸ਼ੇਰ ਖੁਰਦ’ ਚ ਇੱਕ ਛੋਟੇ ਕਿਸਾਨ ਪਰਿਵਾਰ ਵਿੱਚ।ਪਹਿਲੇ ਤੀਹ ਸਾਲ ਪਿੰਡ ਵਿੱਚ ਹੀ ਗੁਜ਼ਰੇ, ਪੰਜਾਬੀ ਯੂਨੀਵਰਸਿਟੀ ਤੋਂ ਐਮ ਏ ਕੀਤੀ। ਸੰਨ 2007 ‘ਚ ਅਕਾਲ ਚਲਾਣਾ ਕਰ ਗਏ।
----
ਕਿਤਾਬਾਂ: ਪੰਜਾਬੀ ਵਿੱਚ ਚਾਰ ਕਵਿਤਾ ਸੰਗ੍ਰਹਿ ਅੱਗ ਦਾ ਰੰਗ(1975), ਮੋਹ ਮਿੱਟੀ ਤੇ ਮਨੁੱਖ (1990), ਇੱਥੇ ਹੀ ਕਿਤੇ (1992), ਭੋਇੰ (2000) ਹਿੰਦੀ ਵਿੱਚ ਇੱਕ ਕਵਿਤਾ ਸੰਗ੍ਰਹਿ : ਮਿੱਟੀ ਸਾਂਸ ਲੇਤੀ ਹੈ (1993) ਛਪ ਚੁੱਕੇ ਹਨ। ਇਸ ਤੋਂ ਇਲਾਵਾ: ਹਿੰਦੀ ਵਿੱਚ ਸੰਪਾਦਨ ਤੇ ਅਨੁਵਾਦ : ਸ਼ਤਾਬਦੀ ਪੰਜਾਬੀ ਸਾਹਿਤ ਓ ਪੰਖੁਰੀ(ਪੰਜਾਬੀ ਦੀਆਂ ਪ੍ਰੇਮ ਕਵਿਤਾਵਾਂ) ਅਤੇ ਵੱਖ-ਵੱਖ ਭਾਰਤੀ ਭਾਸ਼ਾਵਾਂ ਦੀਆਂ ਕਵਿਤਾਵਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ।
----
ਇਨਾਮ ਸਨਮਾਨ: ਮਰਹੂਮ ਚਾਹਲ ਸਾਹਿਬ ਨੂੰ ਆਪਣੀਆ ਲਿਖਤਾਂ ਅਤੇ ਅਨੁਵਾਦ ਦੀਆਂ ਸੇਵਾਵਾਂ ਬਦਲੇ ਨੈਸ਼ਨਲ ਸਿਮਪੋਜ਼ਿਅਮ ਆਫ ਪੋਇਟਸ-2004 ‘ਚ ,ਬੰਗਲੋਰ, ਜਨਵਾਦੀ ਕਵਿਤਾ ਮੰਚ ਪੰਜਾਬ ਵਲੋਂ ਜਨਵਾਦੀ ਕਵਿਤਾ ਪੁਰਸਕਾਰ-2002,ਪੰਜਾਬੀ ਕਵਿਤਾ ਸੰਗ੍ਰਹਿ ‘ਭੋਇੰ ਲਈ, ਸੰਤ ਰਾਮ ਉਦਾਸੀ (ਲੋਕ ਕਵੀ) ਪੁਰਸਕਾਰ-1994, ਸਫਦਰ ਹਾਸ਼ਮੀ -1992 ਨਾਲ਼ ਸਨਮਾਨਿਆ ਗਿਆ।
----
ਦੋਸਤੋ! ਸਤਿਕਾਰਤ ਸ: ਰਾਮ ਸਿੰਘ ਚਾਹਲ ਜੀ ਦੀਆਂ ਲਿਖਤਾਂ ਬਾਰੇ ਡੈਡੀ ਸ: ਗੁਰਦਰਸ਼ਨ ਬਾਦਲ ਜੀ ਅਤੇ ਦਰਸ਼ਨ ਦਰਵੇਸ਼ ਜੀ ਤੋਂ ਬਹੁਤ ਤਾਰੀਫ਼ ਸੁਣੀ ਹੋਈ ਸੀ...ਪਰ ਉਹਨਾਂ ਦੀ ਆਪਣੀ ਕੋਈ ਵੀ ਰਚਨਾ ਮੈਨੂੰ ਅਜੇ ਤੀਕ ਪੜ੍ਹਨ ਦਾ ਮੌਕਾ ਨਹੀਂ ਸੀ ਮਿਲ਼ਿਆ। ਹੋਰ ਭਾਸ਼ਾ ਦੀ ਪੰਜਾਬੀ ‘ਚ ਅਨੁਵਾਦ ਕੀਤੀ ਇੱਕ ਕਿਤਾਬ ਜ਼ਰੂਰ ਪੜ੍ਹੀ ਹੈ, ਜਿਸ ਵਿਚ ਚਾਹਲ ਸਾਹਿਬ ਦੇ ਨਾਲ਼ ਪੰਜਾਬੀ ਦੇ ਕੋਈ ਪੰਜ-ਛੇ ਨਾਮੀ ਲੇਖਕਾਂ ਨੇ ਅਨੁਵਾਦ ਦਾ ਕੰਮ ਕੀਤਾ ਹੋਇਆ ਹੈ, ਤੇ ਗ਼ੁਸਤਾਖ਼ੀ ਮੁਆਫ਼, ਮੈਂ ਸਾਰਿਆਂ ‘ਚੋਂ ਚਾਹਲ ਸਾਹਿਬ ਦੀਆਂ ਅਨੁਵਾਦ ਕੀਤੀਆਂ ਨਜ਼ਮਾਂ ਪੜ੍ਹ ਕੇ ਸਭ ਤੋਂ ਵੱਧ ਪ੍ਰਭਾਵਿਤ ਹੋਈ ਹਾਂ।
---
ਬਾਦਲ ਸਾਹਿਬ ਅਤੇ ਦਰਵੇਸ਼ ਜੀ ਦੇ ਦੱਸਣ ਮੁਤਾਬਕ, ਕੋਈ ਲੇਖਕ ਉਹਨਾਂ ਵਰਗਾ ਹੋਰ ਭਾਸ਼ਾਵਾਂ ਤੋਂ ਪੰਜਾਬੀ ‘ਚ ਅਨੁਵਾਦ ਨਹੀਂ ਕਰ ਸਕਿਆ। ਚਾਹਲ ਸਾਹਿਬ ਦੇ ਹੋਣਹਾਰ ਸਪੁੱਤਰ, ਗੁਰਦੀਪ ਸਿੰਘ ਚਾਹਲ ਜੀ, ਜਿਹੜੇ ਖ਼ੁਦ ਬਹੁਤ ਵਧੀਆ ਕਵਿਤਾ ਲਿਖਦੇ ਨੇ, ਉਹਨਾਂ ਦੀਆਂ ਬੇਹੱਦ ਖ਼ੂਬਸੂਰਤ ਅਣਪ੍ਰਕਾਸ਼ਿਤ ਰਚਨਾਵਾਂ ਭੇਜ ਕੇ ਮੇਰੀ ਦਿਲੀ ਇੱਛਾ ਪੂਰੀ ਕਰ ਦਿੱਤੀ ਹੈ। ਉਹਨਾਂ ਦੀਆਂ ਲਿਖਤਾਂ ਆਰਸੀ ਲਈ ਪਹੁੰਚਣਾ, ਸਾਡੇ ਲਈ ਮਾਣ ਵਾਲ਼ੀ ਗੱਲ ਹੈ। ਅੱਜ ਉਹਨਾਂ ਦੀ ਕਲਮ ਨੂੰ ਸਾਰੇ ਆਰਸੀ ਪਰਿਵਾਰ ਵੱਲੋਂ ਸਲਾਮ ਭੇਜਦੀ ਹੋਈ, ਇਹਨਾਂ ਨਜ਼ਮਾਂ ਨੂੰ ਆਰਸੀ ‘ਚ ਸਤਿਕਾਰ ਸਹਿਤ ਸ਼ਾਮਲ ਕਰ ਰਹੀ ਹਾਂ। ਗੁਰਦੀਪ ਜੀ ਦਾ ਬਹੁਤ-ਬਹੁਤ ਸ਼ੁਕਰੀਆ, ਨਾਲ਼ ਹੀ ਦਰਵੇਸ਼ ਜੀ ਵੀ ਬੇਹੱਦ ਧੰਨਵਾਦ ਹੈ ਜਿਨ੍ਹਾਂ ਨੇ ਆਰਸੀ ਦਾ ਲਿੰਕ ਗੁਰਦੀਪ ਜੀ ਨੂੰ ਭੇਜਿਆ।
**************
ਆਪੋ ਆਪਣਾ ਚਾਂਦਨੀ ਚੌਕ
ਇੱਕ ਗੱਦ ਕਵਿਤਾ
ਮੈਂ ਸੱਚਮੁੱਚ ਵੱਡਾ ਹੋ ਗਿਆ ਹਾਂ . ਹੁਣ ਮੈਂ ਆਪਣੇ ਬੱਚੇ ਨੂੰ ਵੱਡੇ ਹੁੰਦੇ ਦੇਖ ਰਿਹਾ ਹਾਂ . ਖੁਸ਼ ਹੋ ਰਿਹਾ ਹਾਂ. ਪਤਨੀ ਖੁਸ਼ ਹੋ ਰਹੀ ਹੈ. ਦੇਖ ਰਿਹਾ ਹਾਂ - ਸਾਥੋਂ ਬਿਨਾਂ ਹੋਰ ਕੋਈ ਵੀ ਕਿਉਂ ਖੁਸ਼ ਨਹੀਂ ਦਿਸ ਰਿਹਾ ? ਅਜੀਬ ਹੈ ਕਿ ਬੱਚਾ ਜਿਉਂ ਜਿਉਂ ਵੱਡਾ ਹੁੰਦਾ ਜਾ ਰਿਹਾ ਹੈ , ਮੈਂ ਨਿੱਕਾ ਹੁੰਦਾ ਜਾ ਰਿਹਾ ਹਾਂ. ਉਮਰ ਵੱਧ ਨਹੀਂ ਘੱਟ ਰਹੀ ਹੈ . ਇਹ ਗੱਲ ਮੇਰੀ ਕੰਧ ‘ਤੇ ਲੱਗਿਆ ਸ਼ੀਸ਼ਾ ਮੈਨੂੰ ਦੱਸ ਰਿਹਾ ਹੈ. ਬੇਜਾਨ ਚੀਜ਼ਾਂ ਵੀ ਬੋਲਣ ਲੱਗਦੀਆਂ ਹਨ. ਕੰਧਾਂ ਬੜਾ ਕੁਝ ਕਹਿ ਰਹੀਆਂ ਹਨ. ਲਾਗਲੇ ਖੂਹ ‘ਚੋਂ ‘ਵਾਜ਼ ਆ ਰਹੀ ਹੈ . ਬ੍ਰਿਖ ਤੋਂ ਪੰਛੀਆਂ ਦੀ ਆਵਾਜ਼ ਵਾਰ ਵਾਰ ਕਹਿ ਰਹੀ ਹੈ ‘ਤੁਸੀਂ ਬੁੱਢੇ ਹੁੰਦੇ ਜਾ ਰਹੇ ਹੋ’ . ਮੈਂ ਉਨ੍ਹਾਂ ਵਲ ਧਿਆਨ ਦੇਣ ਲੱਗਦਾ ਹਾਂ . ਗਹੁ ਨਾਲ਼ ਦੇਖਦਾ ਹਾਂ . ਕਬੂਤਰਾਂ ਦੀ ਗੁਟਰ-ਗੂੰ ਸੁਣਦੀ ਹੈ .ਲਗਦਾ ਹੈ ਜਿਵੇਂ ਫਿਰ ਤੋਂ ਜੁਆਨ ਹੋ ਰਿਹਾ ਹਾਂ . ਸਾਰੇ ਪੰਛੀ ਜੁਆਨ ਨਜ਼ਰ ਆਉਂਦੇ ਹਨ . ਕੋਈ ਵੀ ਬੁੱਢਾ ਨਹੀਂ ਦਿਖ ਰਿਹਾ .ਸੋਚਦਾਂ - ਜੋ ਉਡਾਰੀ ਲਾ ਸਕਦੇ ਨੇ, ਉਹ ਕਦੇ ਬੁੱਢੇ ਨਹੀਂ ਹੋ ਸਕਦੇ . ਕਦੇ ਭੀਖੀ, ਕਦੇ ਭਦੌੜ, ਕਦੀ ਲੁਧਿਆਣੇ ਕਦੀ ਚੰਡੀਗੜ੍ਹ. ਬੰਦਾ ਵੀ ਉਡਾਰੀਆਂ ਮਾਰ ਸਕਦਾ ਹੈ . ਪਰ ਉਹ ਕੀ ਕਰੇ ? ਪੱਚੀਵੇਂ ਸਾਲ ਤੱਕ ਪਹੁੰਚਦਿਆਂ ਹੀ ਉਸ ਦੇ ਪਰ ਕੱਟ ਦਿੱਤੇ ਜਾਂਦੇ ਨੇ .ਕੌਣ ਕੱਟਦਾ ਹੈ ਇਹ ਪਰ ? ਪਹਿਲੀ ਉਡਾਰੀ ਤੇ ਅਖ਼ਰੀ ਉਡਾਰੀ ਇੱਕੋ ਦਿਨ . ਰਹਿੰਦੀ ਉਮਰ ਲੂਣ ਤੇਲ ਦੇ ਹਵਾਲੇ ਹੋ ਜਾਂਦੀ ਹੈ . ਮੇਰੇ ਪਿੰਡ ਦੇ ਕਿੰਨੇ ਹੀ ਬੰਦਿਆਂ ਨੂੰ ਜਾਣਦਾ ਹਾਂ, ਜਿਨ੍ਹਾਂ ਨੇ ਸਾਰੀ ਉਮਰ , ਮੇਰੇ ਪਿੰਡ ਦੀ ਚਿਮਨੇ ਦੀ ਹੱਟੀ ਨੂੰ ਹੀ, ਦਿੱਲੀ ਦਾ ਕਨਾਟ ਪੈਲੇਸ ਸਮਝਿਆ ਹੋਇਆ ਹੈ, ਤੇ ਪਿੰਡ ਦੀ ਸੱਥ ਨੂੰ ਚਾਂਦਨੀ ਚੌਕ.
ਹਰ ਇੱਕ ਦੀ ਆਪਣੀ ਆਪਣੀ ਉਡਾਰੀ ਹੈ.
ਹਰ ਇੱਕ ਦਾ ਆਪਣਾ ਆਪਣਾ ਚਾਂਦਨੀ ਚੌਕ ਹੈ.
******
ਬਸ ਇਉਂ ਹੀ...
ਨਜ਼ਮ
ਇਕ ਵਾਰ ਸੋਚਦਾ ਹਾਂ
ਮੇਰੇ ਮਰਨ ਨਾਲ
ਸਾਰੀ ਦੁਨੀਆਂ ਹੀ ਮਰ ਜਾਏਗੀ
.....
ਫਿਰ ਸੋਚਦਾ ਹਾਂ
ਮੇਰੇ ਮਰਨ ਨਾਲ
ਕਿਧਰੇ ਕੁਝ ਵੀ ਨਹੀਂ ਹੋਵੇਗਾ ।
.......
ਬਿਰਖ ਆਪਣੇ ਨਵੇਂ ਪੱਤੇ
ਕੱਢਦੇ ਰਹਿਣਗੇ
ਫਸਲਾਂ ਵੱਧਣੋਂ-ਫੁੱਲਣੋਂ ਨਹੀਂ ਰੁਕਣਗੀਆਂ
ਸ਼ਾਮ ਵੀ
ਇਸੇ ਤਰਾਂ ਹੀ ਆਏਗੀ
ਸੁਬ੍ਹਾ ਹੋਰ ਵੀ ਹਸੀਨ ਹੋ ਕੇ ਮਿਲੇਗੀ
ਦੋ ਪਲ ਲਈ ਅੱਖਾਂ ਮੀਟਦਾ ਹਾਂ
...........................
ਦੋ ਪਲ ਲਈ ਫਿਰ ਜਾਗਦਾ ਹਾਂ
ਤਾਰੇ ਟਿਮਟਮਾਉਂਦੇ ਹਨ
ਚੁੱਲ੍ਹੇ ਤਪਦੇ ਹਨ
ਰੋਟੀਆਂ ਪੱਕਦੀਆਂ ਹਨ
ਤੜਕੇ ਲੱਗਣ ਲੱਗਦੇ ਹਨ
ਨਹੀਂ ਹੋਏਗੀ ਤਾਂ ਬਸ ਇਕ ਮੇਰੀ
ਆਵਾਜ਼ ਨਹੀਂ ਹੋਏਗੀ
ਉਂਜ ਮੇਰੀ ਆਵਾਜ਼ ਤੋਂ ਵੀ
ਕਿਸੇ ਨੇ ਕੀ ਲੈਣਾ ਹੈ?
......................
ਆਵਾਜ਼, ਜਦ ਵੀ ਲਗਾਉਂਦਾ ਹਾਂ
ਆਪਣੇ ਲਈ ਹੀ ਲਗਾਉਂਦਾ ਹਾਂ!
ਆਵਾਜ਼ ਨਾ ਵੀ ਮਾਰੋ
ਕਲੈਂਡਰ ਤੇ ਤਰੀਕ ਬਦਲਦੀ ਰਹਿੰਦੀ ਹੈ।
*******
ਸੁਆਲ
ਨਜ਼ਮ
ਮਿੱਤਰ ਬੇਲੀ ਕਹਿੰਦੇ ਹਨ
ਮੈਂ ਪੰਜਾਹਾਂ ਦਾ ਹੋ ਕੇ
ਹਮੇਸ਼ਾਂ ਪੱਚੀਆਂ ਦਾ ਲਗਦਾ ਹਾਂ
ਉਹ ਇਤਰਾਜ਼ ਵੀ ਕਰਦੇ ਹਨ
ਮੈਂ ਦਾੜ੍ਹੀ ਕਿਉਂ ਰੰਗਦਾ ਹਾਂ
....................
ਮੈਂ ਵਾਰ ਵਾਰ ਕਹਿੰਦਾ ਹਾਂ
ਮੈਂ ਸਿਆਣਾ ਨਹੀਂ ਬਣਨਾ ਚਾਹੁੰਦਾ
ਤੁਸੀਂ ਮੈਂਨੂੰ ਸਿਆਣਾ ਕਿਉਂ ਬਨਾਣਾ ਚਾਹੁੰਦੇ ਹੋ ?
ਪੰਜਾਹ ਦਾ ਹੋ ਕੇ ਵੀ
ਮੈਂ ਉਹੀ ਲਿਖਦਾ ਹਾਂ,
ਜੋ ਪੱਚੀਆਂ ਦਾ ਹੈ
ਤੇ ਫਿਰ ਜਦੋਂ ਤੱਕ,
ਇਉਂ ਹੀ ਲਿਖਦਾ ਰਹਾਂਗਾ
ਲਗਦਾ ਹੈ,
ਮੈਂ ਪੰਜਾਹ ਤੋਂ ਅਗਾਂਹ ਨਹੀਂ ਪਹੁੰਚ ਸਕਦਾ
...................
ਦੇਖੋ ਨਾ!
ਘਰ-ਵਾਲੀ ਨਾਲ ਤੁਰਦਾ
ਜੁਆਨ ਲਗਦਾ ਹਾਂ
ਬੇਟੇ ਨਾਲ ਤੁਰਦਾ,
ਉਹਦਾ ਹਾਣੀ ਲਗਦਾ ਹਾਂ
ਫਿਰ ਵੀ,
ਮਿੱਤਰਾਂ ਨਾਲ ਤੁਰਦਾ
ਮਿੱਤਰਾਂ ਨੂੰ ਕਿਉਂ ਠੀਕ ਨਹੀਂ ਲਗਦਾ
ਪਤਾ ਨਹੀਂ …………!
******