ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਪਾਲ ਢਿੱਲੋਂ. Show all posts
Showing posts with label ਪਾਲ ਢਿੱਲੋਂ. Show all posts

Friday, September 17, 2010

ਪਾਲ ਢਿੱਲੋਂ - ਗ਼ਜ਼ਲ

ਦੋਸਤੋ! ਪੇਸ਼ ਹਨ ਅੱਜ ਦੀ ਪੋਸਟ ਚ ਵਰਨਨ, ਬੀ.ਸੀ. ਕੈਨੇਡਾ ਵਸਦੇ ਗ਼ਜ਼ਲਗੋ ਪਾਲ ਢਿੱਲੋਂ ਜੀ ਦੇ ਨਵ-ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ਖੰਨਿਓਂ ਤਿੱਖਾ ਸਫ਼ਰ ਚੋਂ ਦੋ ਖ਼ੂਬਸੂਰਤ ਗ਼ਜ਼ਲਾਂ। ਇਹ ਕਿਤਾਬ ਕੱਲ੍ਹ ਨੂੰ ਸਰੀ ਵਿਚ ਰਿਲੀਜ਼ ਕੀਤੀ ਜਾ ਰਹੀ ਹੈ। ਬਹੁਤੀ ਜਾਣਕਾਰੀ ਲਈ ਆਰਸੀ ਸੂਚਨਾਵਾਂ ਵੇਖ ਸਕਦੇ ਹੋ। ਆਰਸੀ ਪਰਿਵਾਰ ਵੱਲੋਂ ਢਿੱਲੋਂ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾਂ।

ਅਦਬ ਸਹਿਤ

ਤਨਦੀਪ ਤਮੰਨਾ

******

ਗ਼ਜ਼ਲ

ਜਦੋਂ ਜਗਦਾ ਹਰਿਕ ਦੀਵਾ ਬੁਝਾ ਦਿੱਤਾ ਹਵਾਵਾਂ ਨੇ।

ਚੁਫ਼ੇਰੇ ਖ਼ੌਫ਼ ਦਾ ਪਹਿਰਾ ਬਿਠਾ ਦਿੱਤਾ ਹਵਾਵਾਂ ਨੇ।

-----

ਜੋ ਪੱਤੇ ਬਿਰਖ਼ ਤੋਂ ਟੁੱਟ ਕੇ ਵੀ ਕੱਠੇ ਬਿਰਖ਼ ਥੱਲੇ ਸਨ,

ਉਨ੍ਹਾਂ ਨੂੰ ਦੂਰ ਬਿਰਖ਼ਾਂ ਤੋਂ ਖਿੰਡਾ ਦਿੱਤਾ ਹਵਾਵਾਂ ਨੇ।

-----

ਕੋਈ ਨਾ ਜਾਣਦਾ ਸੀ ਫੁੱਲ ਵਿਚ ਹੀ ਵਾਸ ਮਹਿਕਾਂ ਦਾ,

ਮਗਰ ਇਸ ਰਾਜ਼ ਤੋਂ ਪਰਦਾ ਉਠਾ ਦਿੱਤਾ ਹਵਾਵਾਂ ਨੇ।

-----

ਬੜਾ ਸੀ ਮਾਣ ਜੰਗਲ ਨੂੰ ਚੁਫ਼ੇਰੇ ਸਬਜ਼ ਮੌਸਮ ਦਾ,

ਮਗਰ ਇਸ ਤੇ ਵੀ ਪੀਲ਼ਾ ਰੰਗ ਚੜ੍ਹਾ ਦਿੱਤਾ ਹਵਾਵਾਂ ਨੇ।

-----

ਬੜਾ ਸਿਰੜੀ ਸੀ ਰੁੱਖ ਲਿਫ਼ਿਆ ਨਹੀਂ ਤੂਫ਼ਾਨ ਦੇ ਅੱਗੇ,

ਝੁਕਾਣੇ ਨੂੰ ਮਗਰ ਸਭ ਤਾਣ ਲਾ ਦਿੱਤਾ ਹਵਾਵਾਂ ਨੇ।

-----

ਬਿਨਾ ਉੱਡਣ ਤੋਂ ਰਹਿ ਸਕਦੇ ਨਹੀਂ ਅੰਬਰ ਚ ਹੁਣ ਪੰਛੀ,

ਇਹ ਕੈਸਾ ਸ਼ੌਕ ਉੱਡਣ ਦਾ ਲਗਾ ਦਿੱਤਾ ਹਵਾਵਾਂ ਨੇ।

-----

ਸ੍ਰਿਸ਼ਟੀ ਚਲ ਨਹੀਂ ਸਕਦੀ ਕਦੇ ਢਿੱਲੋਂ ਹਵਾਵਾਂ ਬਿਨ,

ਇਹ ਸੱਚ ਹੀ ਹੈ ਤੇ ਸੱਚ ਕਰਕੇ ਦਿਖਾ ਦਿੱਤਾ ਹਵਾਵਾਂ ਨੇ।

====

ਗ਼ਜ਼ਲ

ਜੋ ਚਾਨਣ ਨੂੰ ਤਰਸਣ ਗੁਫ਼ਾਵਾਂ ਨੂੰ ਪੁੱਛਣਾ।

ਹਨੇਰਾ ਕੀ ਹੁੰਦਾ ਸ਼ੁਆਵਾਂ ਨੂੰ ਪੁੱਛਣਾ।

-----

ਉਨ੍ਹਾਂ ਦਾ ਪਤਾ ਘਰ ਟਿਕਾਣਾ ਹੈ ਕਿੱਥੇ,

ਇਹ ਮੁਮਕਿਨ ਨਹੀਂ ਹੈ ਹਵਾਵਾਂ ਨੂੰ ਪੁੱਛਣਾ।

-----

ਉਨ੍ਹਾਂ ਨੂੰ ਪਤਾ ਨਾ, ਨਾ ਦੱਸਣਾ ਉਨ੍ਹਾਂ ਨੇ,

ਕੀ ਧੁੱਪਾਂ ਦਾ ਮਤਲਬ ਹੈ ਛਾਵਾਂ ਨੂੰ ਪੁੱਛਣਾ।

-----

ਤੁਸੀਂ ਇਕ ਦੂਜੇ ਦੇ ਕਿੰਨਾ ਕੁ ਨੇੜੇ,

ਕੀ ਫੈਦਾ ਹੈ ਇਸ ਦਾ ਦਿਸ਼ਾਵਾਂ ਨੂੰ ਪੁੱਛਣਾ।

-----

ਉਤੰਤਰ ਇਨ੍ਹਾਂ ਕਦ ਅਸਾਨੂੰ ਹੈ ਕਰਨਾ,

ਕਦੇ ਦਿਲ ਚ ਦੱਬੀਆਂ ਇਛਾਵਾਂ ਨੂੰ ਪੁੱਛਣਾ।

-----

ਜੋ ਇਕ ਥਾਂ ਖੜ੍ਹੇ ਨੇ ਕੀ ਹੁੰਦਾ ਸਫ਼ਰ ਹੈ,

ਇਹ ਦੱਸਣਗੇ ਕੀ ਤੇ ਕੀ ਰਾਹਵਾਂ ਨੂੰ ਪੁੱਛਣਾ।

-----

ਕਿਸੇ ਸੜ ਰਹੇ ਨੂੰ ਕੀ ਫ਼ਾਇਦਾ ਇਨ੍ਹਾਂ ਦਾ,

ਜੋ ਸਾਗਰ ਤੇ ਵਰ੍ਹੀਆਂ ਘਟਾਵਾਂ ਨੂੰ ਪੁੱਛਣਾ।


Monday, August 16, 2010

ਪਾਲ ਢਿੱਲੋਂ - ਗ਼ਜ਼ਲ

ਗ਼ਜ਼ਲ

ਮਖ਼ਮਲੀ ਪੈਰਾਂ ਚ ਫੁੱਲਾਂ ਪਹਿਨੀਆਂ ਜਦ ਝਾਂਜਰਾਂ।

ਨੱਚ ਉੱਠੇ ਪੌਣ ਬੁੱਲੇ ਛਣਕੀਆਂ ਜਦ ਝਾਂਜਰਾਂ।

-----

ਫੁੱਲ ਵੀ ਰੋਂਦੇ ਮੈਂ ਦੇਖੇ ਮਹਿਕ ਦੇਖੀ ਸਿਸਕਦੀ,

ਤਿਤਲੀਆਂ ਮਾਯੂਸ ਹੋਈਆਂ ਸਿਸਕੀਆਂ ਜਦ ਝਾਂਜਰਾਂ।

-----

-----

ਸੋਚਦਾ ਹਾਂ ਮੈਂ ਕਿ ਸ਼ਾਇਦ ਰੋ ਰਿਹਾ ਹੁੰਦਾ ਖ਼ੁਦਾ,

ਬੇ-ਵਜ੍ਹਾ, ਬੇ-ਵਕ਼ਤ ਦਿਸੀਆਂ ਮਰਦੀਆਂ ਜਦ ਝਾਂਜਰਾਂ।

-----

ਸੱਤਰੰਗੀ ਪੀਂਘ ਨੂੰ ਵੀ ਸੋਚਣਾ ਪੈਣਾ ਉਦੋਂ,

ਖ਼ੂਬਸੂਰਤ ਬਣ ਸੰਵਰ ਕੇ ਨਿਕਲ਼ੀਆਂ ਜਦ ਝਾਂਜਰਾਂ।

-----

ਰਾਤ ਦਾ ਹਰ ਪਲ ਨਸ਼ੇ ਵਿਚ ਝੂਮਦਾ ਮੈਂ ਦੇਖਿਆ,

ਭਰ ਜਵਾਨੀ ਦੇ ਨਸ਼ੇ ਵਿਚ ਝੂਮੀਆਂ ਜਦ ਝਾਂਜਰਾਂ।

-----

ਪਤਝੜਾਂ ਵਿਚ ਵੀ ਬਹਾਰਾਂ ਦਾ ਨਜ਼ਾਰਾ ਆ ਗਿਆ,

ਸੋਗ ਦੇ ਮੌਸਮ ਚ ਵੀ ਸਨ ਮਹਿਕੀਆਂ ਜਦ ਝਾਂਜਰਾਂ।

-----

ਲਗ ਰਿਹਾ ਸੀ ਅੰਬਰੋਂ ਆਈਆਂ ਨੇ ਤੇਰੇ ਸ਼ਹਿਰ ਵਿਚ,

ਪਾਲ ਪਰੀਆਂ ਵਾਂਗ ਸਜੀਆਂ ਦੇਖੀਆਂ ਜਦ ਝਾਂਜਰਾਂ।

Monday, June 7, 2010

ਪਾਲ ਢਿੱਲੋਂ - ਗ਼ਜ਼ਲ

ਦੋਸਤੋ! ਗੂਗਲ / ਬਲੌਗਰ ਦੀ ਕੱਲ੍ਹ ਦੀ ਕੋਈ ਤਕਨੀਕੀ ਅਪਡੇਟ ਚੱਲ ਰਹੀ ਹੋਣ ਕਰਕੇ ਅਨੇਕਾਂ ਕੋਸ਼ਿਸ਼ਾਂ ਦੇ ਬਾਵਜੂਦ ਆਰਸੀ 'ਤੇ ਕੱਲ੍ਹ ਕੋਈ ਵੀ ਰਚਨਾ ਪੋਸਟ ਨਾ ਹੋ ਸਕੀ। ਤੁਹਾਡੀਆਂ ਬਹੁਤ ਸਾਰੀਆਂ ਈਮੇਲਜ਼ ਆਈਆਂ ਨੇ, ਮੈਂ ਤਹਿ-ਦਿਲੋਂ ਧੰਨਵਾਦੀ ਹਾਂ। ਅੱਜ ਹੁਣੇ ਹੀ ਗੂਗਲ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਬਲੌਗਰ ਵਾਲ਼ੀ ਸਮੱਸਿਆ ਹੱਲ ਕਰ ਲਈ ਗਈ ਹੈ, ਸੋ ਅੱਜ ਦੀ ਅਪਡੇਟ ਹਾਜ਼ਿਰ ਹੈ।

*****

ਪਿਛਲੇ ਦਿਨੀਂ ਵਰਨਨ, ਬੀ.ਸੀ. ਕੈਨੇਡਾ ਵਸਦੇ ਗ਼ਜ਼ਲਗੋ ਪਾਲ ਢਿੱਲੋਂ ਜੀ ਜੀ ਸਾਡੇ ਗ੍ਰਹਿ ਵਿਖੇ ਪਧਾਰੇ ਅਤੇ ਆਪਣੀਆਂ ਤਿੰਨ ਖ਼ੂਬਸੂਰਤ ਕਿਤਾਬਾਂ ਆਰਸੀ ਦੀ ਲਾਇਬ੍ਰੇਰੀ ਲਈ ਮੈਨੂੰ ਦਿੱਤੀਆਂ, ਜਿਨ੍ਹਾਂ ਚ ਹਾਲ ਹੀ ਵਿਚ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ਖੰਨਿਓਂ ਤਿੱਖਾ ਸਫ਼ਰ (2010 ), ਕਾਵਿ-ਸੰਗ੍ਰਹਿ ਬਰਫ਼ਾਂ ਲੱਦੇ ਰੁੱਖ ( 2004 ) ਅਤੇ ਗ਼ਜ਼ਲ-ਸੰਗ੍ਰਹਿ ਖ਼ੁਸ਼ੀ ਖ਼ੁਸ਼ਬੂ ਖ਼ੁਮਾਰੀ ( 2005 )ਸ਼ਾਮਿਲ ਹਨ। ਉਹਨਾਂ ਦਾ ਬੇਹੱਦ ਸ਼ੁਕਰੀਆ। ਅੱਜ ਉਹਨਾਂ ਦੇ ਨਵ-ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ਖੰਨਿਓਂ ਤਿੱਖਾ ਸਫ਼ਰ ਚੋਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਆਰਸੀ ਚ ਸ਼ਾਮਿਲ ਕਰਕੇ ਢਿੱਲੋਂ ਸਾਹਿਬ ਨੂੰ ਇਸ ਕਿਤਾਬ ਦੀ ਪ੍ਰਕਾਸ਼ਨਾ ਤੇ ਸਮੂਹ ਆਰਸੀ ਪਰਿਵਾਰ ਵੱਲੋਂ ਮੁਬਾਰਕਬਾਦ ਪੇਸ਼ ਕਰ ਰਹੀ ਹਾਂ। ਜੇਕਰ ਤੁਸੀਂ ਵੀ ਇਸ ਗ਼ਜ਼ਲ-ਸੰਗ੍ਰਹਿ ਨੂੰ ਆਪਣੀ ਦਾ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣਾ ਚਾਹੁੰਦੇ ਹੋ ਤਾਂ ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ

ਤਨਦੀਪ ਤਮੰਨਾ

*****

ਗ਼ਜ਼ਲ

ਸਬਜ਼ ਪੱਤਰ ਬਿਰਖ਼ ਦਾ ਆਖੀਰ ਨੂੰ ਸੁਕਣਾ ਜ਼ਰੂਰ।

ਰਾਖ਼ ਬਣ ਸਭ ਨੇ ਸਿਵੇ ਦੀ ਜਿਸ ਤਰ੍ਹਾਂ ਉਡਣਾ ਜ਼ਰੂਰ।

-----

ਝੱਖੜਾਂ ਅੱਗੇ ਜਿਵੇਂ ਹਰ ਬਿਰਖ਼ ਨੇ ਲਿਫ਼ਣਾ ਜ਼ਰੂਰ।

ਮੌਤ ਅੱਗੇ ਹਰ ਬਸ਼ਰ ਨੇ ਇਸ ਤਰ੍ਹਾਂ ਝੁਕਣਾ ਜ਼ਰੂਰ।

-----

ਨਾ ਮੈਂ ਅਗਨੀ ਨਾ ਮੈਂ ਚਾਨਣ ਨਾ ਹਵਾ ਤੇ ਨਾ ਹੀ ਜਲ,

ਖ਼ਤਮ ਹਾਂ ਹੁਣ ਜਾਪਦਾ ਮੈਂ ਰਾਖ਼ ਹੈ ਬਣਨਾ ਜ਼ਰੂਰ।

-----

ਤਿੜਕਿਆ ਹੋਇਆ ਘੜਾ ਹੈ ਜ਼ਿੰਦਗੀ ਆਖੀਰ ਨੂੰ,

ਅੱਜ ਭਰਿਆ ਨੀਰ ਇਸ ਵਿਚ ਕੱਲ੍ਹ ਨੂੰ ਮੁਕਣਾ ਜ਼ਰੂਰ।

-----

ਇਹ ਨਾ ਸੋਚੋ ਡਿਗ ਪਏ ਤੋਂ ਉਠ ਨਹੀਂ ਹੋਣਾ ਮਗਰ,

ਡਿਗ ਪਏ ਵਿਚ ਜੇ ਹੈ ਹਿੰਮਤ ਓਸ ਨੇ ਉਠਣਾ ਜ਼ਰੂਰ।

-----

ਚਲ ਰਿਹਾ ਜੋ ਨਾਲ਼ ਮੇਰੇ ਅੱਜ ਨਿਰੰਤਰ ਹਰ ਸਮੇਂ

ਕਾਫ਼ਲਾ ਸੋਚਾਂ ਤੇ ਸਾਹਾਂ ਦਾ ਕਦੇ ਰੁਕਣਾ ਜ਼ਰੂਰ।

-----

ਰੌਸ਼ਨੀ ਭਾਵੇਂ ਨਹੀਂ ਮੇਰੇ ਨਸੀਬੀਂ ਫੇਰ ਵੀ,

ਨਾਮ ਮੇਰਾ ਦੀਵਿਆਂ ਵਿਚ ਪਾਲ ਨੇ ਲਿਖਣਾ ਜ਼ਰੂਰ।

=====

ਗ਼ਜ਼ਲ

ਸ਼ੁਆ ਜੇਕਰ ਹਨੇਰਾ ਚੀਰਦੀ ਹੋਈ ਗੁਜ਼ਰ ਜਾਂਦੀ।

ਜ਼ਰਾ ਭਰ ਖ਼ੌਫ਼ ਦੀ ਚਾਦਰ ਦਿਲਾਂ ਉੱਤੋਂ ਉਤਰ ਜਾਂਦੀ।

-----

ਮਿਰਾ ਵੀ ਅਕਸ ਉਸ ਨੂੰ ਆਰਸੀ ਵਿੱਚੋਂ ਨਜ਼ਰ ਆਉਂਦਾ,

ਜੇ ਉਸ ਦੀ ਆਰਸੀ ਦੇ ਵਲ ਜ਼ਰਾ ਭਰਵੀਂ ਨਜ਼ਰ ਜਾਂਦੀ।

-----

ਨਾ ਕਿਧਰੇ ਖ਼ੌਫ਼ ਤਨਹਾਈ ਦਾ ਸੰਨਾਟਾ ਨਜ਼ਰ ਆਉਂਦੈ,

ਹਨੇਰੀ ਰਾਤ ਜੇ ਰੰਗਾਂ ਦੇ ਜੰਗਲ਼ ਚੋਂ ਗੁਜ਼ਰ ਜਾਂਦੀ।

-----

ਜਦੋਂ ਸੂਰਜ ਦੀ ਅੱਖ ਲਗਦੀ ਚਿਰਾਗ਼ਾਂ ਦੇ ਸਮੇਂ ਵੇਲ਼ੇ,

ਸੁਭਾਵਕ ਹੀ ਹਰਿਕ ਜੁਗਨੂੰ ਨੂੰ ਇਸ ਦੀ ਹੋ ਖ਼ਬਰ ਜਾਂਦੀ।

-----

ਜਦੋਂ ਕਿਧਰੇ ਖ਼ਿਜ਼ਾ ਅੰਦਰ ਹੈ ਕਈ ਪੁੱਲ ਖਿੜ ਜਾਂਦਾ,

ਤਾਂ ਅੰਦਰ ਤੀਕ ਹਰ ਤਿਤਲੀ ਖ਼ੁਸ਼ੀ ਦੇ ਨਾਲ਼ ਭਰ ਜਾਂਦੀ।

-----

ਨਦੀ ਗੁਜ਼ਰੀ ਪਹਾੜਾਂ, ਜੰਗਲ਼ਾਂ ਚੋਂ ਠੀਕ ਹੀ ਹੋਇਆ,

ਜੇ ਥਲ ਵਿੱਚੋਂ ਗੁਜ਼ਰਦੀ ਤਾਂ ਇਹ ਥਲ ਅੰਦਰ ਹੀ ਮਰ ਜਾਂਦੀ।


Saturday, December 19, 2009

ਪਾਲ ਢਿੱਲੋਂ - ਗ਼ਜ਼ਲ

ਗ਼ਜ਼ਲ

ਬੜੀ ਹੀ ਦੇਰ ਤੋਂ ਚਾਹਤ ਹੈ ਮੇਰੀ

ਸਰਿਸ਼ਟੀ ਨੂੰ ਮੈਂ ਇਕ ਦਿਨ ਸਮਝਣਾ ਹੈ।

ਮਗਰ ਇਸ ਤੋਂ ਮੈਂ ਪਹਿਲਾਂ ਆਪ ਨੂੰ ਹੀ

ਅਜੇ ਕੁਝ ਜਾਨਣਾ ਹੈ ਘੋਖਣਾ ਹੈ।

-----

ਮੈਂ ਆਪਣੇ ਆਪ ਤੋਂ ਵੱਖਰਾ ਨਹੀਂ ਹਾਂ

ਕਦੇ ਵੀ ਮੈਂ ਰਿਹਾ ਤਨਹਾ ਨਹੀਂ ਹਾਂ,

ਇਕੱਲੇਪਨ ਦਾ ਜੋ ਡਰ ਹੈ ਡਰਾਉਂਦਾ

ਅਜੇ ਮੈਂ ਨਾਲ਼ ਉਸ ਦੇ ਜੂਝਣਾ ਹੈ ।

-----

ਮੇਰੇ ਪੈਰਾਂ ਨੂੰ ਐਸਾ ਦੇ ਸਫ਼ਰ ਤੂੰ

ਜਿਦ੍ਹੇ ਵਿਚ ਮੁਸ਼ਕਿਲਾਂ ਤੇ ਖ਼ੌਫ਼ ਹੋਵੇ,

ਨਿਰੰਤਰ ਫੇਰ ਵੀ ਤੁਰਦਾ ਰਹਾਂਗਾ

ਮੈਂ ਅਪਣੇ ਹੌਸਲੇ ਨੂੰ ਪਰਖਣਾ ਹੈ।

-----

ਨਾ ਇਹਨੂੰ ਹੈ ਕਦੇ ਮਿਲ਼ਣਾ ਕੋਈ ਘਰ

ਇਹਦੀ ਕਿਸਮਤ ਚ ਨੇ ਚੱਕਰ ਹੀ ਚੱਕਰ,

ਸਫ਼ਰ ਦਾ ਨ੍ਹੇਰ ਪੌਣਾਂ ਦੇ ਪਰਾਂ ਵਿਚ

ਇਹਨੇ ਦਰ ਦਰ ਹਮੇਸ਼ਾ ਭਟਕਣਾ ਹੈ।

-----

ਤੇਰੇ ਤਕਦੇ ਹੀ ਤਕਦੇ ਟੁਕੜਿਆਂ ਵਿਚ

ਬਿਖ਼ਰ ਜਾਣਾ ਹੈ ਏਦਾਂ ਰਸਤਿਆਂ ਵਿਚ,

ਇਕੱਠੇ ਕਰਕੇ ਵੀ ਜੁੜਨਾ ਨਹੀਂ ਹੈ

ਮੈਂ ਸ਼ੀਸ਼ਾ ਹਾਂ, ਕਦੇ ਤਾਂ ਤਿੜਕਣਾ ਹੈ।

Wednesday, November 11, 2009

ਪਾਲ ਢਿੱਲੋਂ - ਗ਼ਜ਼ਲ

ਗ਼ਜ਼ਲ

ਕਦੇ ਫ਼ੁਰਸਤ ਮਿਲ਼ੇ ਤਾਂ ਦਰਦ ਦਾ ਐਸਾ ਸਫ਼ਾ ਲਿਖਣਾ

ਕਿਸੇ ਬਲ਼ਦੇ ਹੋਏ ਇਕ ਬਿਰਖ਼ ਦੀ ਆਤਮ ਕਥਾ ਲਿਖਣਾ

-----

ਖ਼ੁਦਾਇਆ ਇਸ਼ਕ ਦੇ ਨਾਂ ਤੇ ਹਮੇਸ਼ਾਂ ਹੀ ਵਫ਼ਾ ਲਿਖਣਾ

ਕਦੇ ਨਾ ਇਸ਼ਕ਼ ਦੇ ਨਾਂ ਤੇ ਜੁਦਾਈ ਦੀ ਸਜ਼ਾ ਲਿਖਣਾ

-----

ਮੈਂ ਦਰਿਆ ਹਾਂ ਮੈਂ ਅਪਣੀ ਹੋਂਦ ਨੂੰ ਇਕ ਦਿਨ ਗਵਾ ਲੈਣਾ,

ਇਹ ਅਨਹੋਣੀ ਜਦੋਂ ਹੋਣੀ ਇਹਨੂੰ ਇਕ ਹਾਦਸਾ ਲਿਖਣਾ

-----

ਉਦਾਸੇ ਹਉਂਕਿਆਂ ਵਿੱਚੋਂ ਜ਼ਰਾ ਭਰ ਬਾਹਰ ਇਹ ਨਿਕਲ਼ਣ

ਤੂੰ ਰੋਦੀਂ ਅੱਖ ਉਦਾਸੇ ਚਿਹਰਿਆਂ ਲਈ ਕਹਿਕਹਾ ਲਿਖਣਾ

-----

ਮਿਲੇ ਮੰਜ਼ਿਲ,ਮਿਟੇ ਭਟਕਣ ਤੇ ਦਿਲ ਵੀ ਸ਼ਾਂਤ ਹੋ ਜਾਵੇ,

ਤੇਰੇ ਤਕ ਪਹੁੰਚਣੇ ਦਾ ਥਹੁ ਪਤਾ ਤੇ ਰਾਸਤਾ ਲਿਖਣਾ

-----

ਮੇਰੀ ਆਦਤ ਨਹੀਂ ਇਕ ਥਾਂ ਖਲੋਣਾ ਬਿਰਖ਼ ਦੇ ਵਾਂਗੂੰ,

ਨਦੀ ਦਾ ਨੀਰ ਜਾਂ ਮੈਨੂੰ ਹਵਾਵਾਂ ਨਾਲ ਦਾ ਲਿਖਣਾ

-----

ਪਲਾਂ ਵਿਚ ਦੂਰ ਹੋ ਜਾਣੀ ਜੋ ਦੂਰੀ ਹੈ ਅਸਾਡੇ ਵਿਚ,

ਮਿਟਣਗੇ ਫ਼ਾਸਲੇ ਸਾਰੇ ਤੂੰ ਇਕ ਖ਼ਤ ਪਿਆਰ ਦਾ ਲਿਖਣਾ

-----

ਕਰਾਂ ਮੌਲਣ ਦੀ ਮੈਂ ਵੀ ਆਸ ਪੂਰੀ ਪਤਝੜਾਂ ਅੰਦਰ,

ਕਿਸੇ ਉਜੜੇ ਹੁਏ ਗੁਲਸ਼ਨ ਦਾ ਮੈਨੂੰ ਵੀ ਪਤਾ ਲਿਖਣਾ

Tuesday, October 20, 2009

ਪਾਲ ਢਿੱਲੋਂ - ਗ਼ਜ਼ਲ

ਗ਼ਜ਼ਲ

ਪਰਿੰਦਾ ਯਾਦ ਦਾ ਜਦ ਵੀ ਮੈਂ ਅੰਬਰ ਵਿਚ ਉਡਾਇਆ ਹੈ।

ਪੁਰਾਣੇ ਚੇਤਿਆਂ ਵਿੱਚੋਂ ਬੜਾ ਕੁਝ ਯਾਦ ਆਇਆ ਹੈ।

-----

ਡਿਗੇ ਹਰ ਅੱਖ ਦੇ ਹੰਝੂ ਨੂੰ ਜੁਗਨੂੰ ਜਾਣ ਕੇ ਮੈਂ ਤਾਂ,

ਹਮੇਸ਼ਾ ਰੌਸ਼ਨੀ ਖ਼ਾਤਰ ਬੁਝੇ ਦਿਲ ਨੂੰ ਜਗਾਇਆ ਹੈ।

-----

ਕਿਉਂ ਨਾ ਦਰਦ ਹੋਵੇ ਸੋਜ਼ ਹੋਵੇ ਹਰ ਗ਼ਜ਼ਲ ਅੰਦਰ,

ਲਹੂ ਦੇ ਨਾਲ਼ ਤੂੰ ਹਰ ਸ਼ਿਅਰ ਜਦ ਮੈਥੋਂ ਲਿਖਾਇਆ ਹੈ।

-----

ਇਹ ਦੇਖਾਂਗੇ ਕਿ ਇਸਨੂੰ ਕੌਣ ਲੱਭੇਗਾ ਤੇ ਵਰਤੇਗਾ,

ਕਿਸੇ ਕਾਰਣ ਕਰਕੇ ਜੋ ਫੁੱਲਾਂ ਵਿੱਚ ਤੂੰ ਖੰਜਰ ਛੁਪਾਇਆ ਹੈ।

-----

ਜੋ ਆਉਂਦਾ ਸੀ ਕਦੇ ਮੇਰੇ ਗਰਾਂ ਵਿਚ ਤਿਤਲੀਆਂ ਲੈ ਕੇ,

ਸੁਦਾਗਰ ਮੌਤ ਦਾ ਬਣਕੇ ਉਹ ਬੰਦੂਕਾਂ ਲਿਆਇਆ ਹੈ।

-----

ਕੋਈ ਪੰਛੀ ਨਾ ਆਉਂਣਾ ਪਾਲ ਹੁਣ ਤੇਰੇ ਬਨੇਰੇ ਤੇ,

ਇਹ ਸਾਰੇ ਜਾਣਦੇ ਨੇ ਤੂੰ ਨਵਾਂ ਪਿੰਜਰਾ ਬਣਾਇਆ ਹੈ।

Thursday, August 13, 2009

ਪਾਲ ਢਿੱਲੋਂ - ਗ਼ਜ਼ਲ

ਗ਼ਜ਼ਲ

ਮੈਂ ਰਾਤੀਂ ਨ੍ਹੇਰ ਚੋਂ ਜੁਗਨੂੰ, ਸਿਤਾਰੇ, ਚੰਨ ਫੜਦਾ ਹਾਂ।

ਅਧੂਰੇ ਖ਼ਾਬ ਹਰ ਇਕ ਦਾ ਦਿਨੇ ਪਿੱਛਾ ਮੈਂ ਕਰਦਾ ਹਾਂ।

----

ਨਹੀਂ ਮੈਨੂੰ ਪਤਾ ਇਸ ਦਾ ਕਦੋਂ ਇਸ ਨੂੰ ਮੈਂ ਪਾਵਾਂਗਾ,

ਮਗਰ ਮੈਂ ਮੌਤ ਦੇ ਪਿੱਛੇ ਸਮੇਂ ਦੇ ਵਾਂਗ ਚਲਦਾ ਹਾਂ।

----

ਮੈਂ ਸੂਹੇ ਫੁੱਲ ਸਾੜੇ ਹੋਣਗੇ ਲਗਦੈ ਜਵਾਨੀ ਵਿਚ,

ਇਹੀ ਕਾਰਣ ਹੈ ਮਹਿਕਾਂ ਤੋਂ ਹਮੇਸ਼ਾਂ ਹੀ ਮੈਂ ਡਰਦਾ ਹਾਂ।

----

ਕਦੇ ਧੁੱਪਾਂ, ਕਦੇ ਛਾਵਾਂ, ਕਦੇ ਬਰਸਾਤ ਜਾਂ ਔੜਾਂ,

ਮੈਂ ਆਪਣੀ ਜ਼ਿੰਦਗੀ ਦੇ ਇਸ ਤਰ੍ਹਾਂ ਦੇ ਨਾਮ ਰੱਖਦਾ ਹਾਂ।

----

ਬਹਾਰਾਂ ਨੂੰ ਕਿਵੇਂ ਮਾਣਾਂ ਕਿਵੇਂ ਫੁੱਲ ਕੋਟ ਤੇ ਟੰਗਾਂ,

ਨਿਭਾਉਂਦਾ ਯਾਰੀਆਂ ਜਦ ਮੈਂ ਖ਼ਿਜ਼ਾਵਾਂ ਨਾਲ਼ ਰਹਿੰਦਾ ਹਾਂ।

----

ਪਰਿੰਦੇ ਤਿਤਲੀਆਂ ਜੁਗਨੂੰ ਬਹਾਰਾਂ ਹਰ ਸਮੇਂ ਮਾਨਣ,

ਦੁਆਵਾਂ ਮੈਂ ਸਵੇਰੇ ਸ਼ਾਮ ਬਸ ਏਹੋ ਹੀ ਕਰਦਾ ਹਾਂ।

----

ਇਹ ਮੇਰਾ ਲਕਸ਼ ਹੈ ਕੋਈ ਨਵਾਂ ਕੌਤਕ ਨਹੀਂ ਢਿੱਲੋਂ,

ਕਦੇ ਮੈਂ ਪੌਣ ਨੂੰ ਫੜਦਾ ਹਾਂ ਕਦੇ ਖ਼ੁਸ਼ਬੂ ਨੂੰ ਫੜਦਾ ਹਾਂ।

Thursday, July 2, 2009

ਪਾਲ ਢਿੱਲੋਂ - ਗ਼ਜ਼ਲ

ਗ਼ਜ਼ਲ

ਉਮਰ ਦੀ ਤਖ਼ਤੀ ਦਾ ਜਦ ਤੋਂ ਰੰਗ ਫਿੱਕਾ ਪੈ ਗਿਆ।

ਵਕ਼ਤ ਹਰ ਇਕ ਸ਼ੌਕ ਆਪੇ ਚੁਪ ਚੁਪੀਤੇ ਲੈ ਗਿਆ।

----

ਲੱਭਿਆਂ ਲੱਭਣੀ ਨਹੀਂ ਫੁੱਲਾਂ ਤੋਂ ਵਿਛੜੀ ਮਹਿਕ ਹੁਣ,

ਕੌਣ ਜਾਣੇ ਕਿਸ ਤਰਫ਼ ਪੌਣਾਂ ਦਾ ਬੁੱਲਾ ਲੈ ਗਿਆ।

----

ਓਸ ਜਾਦੂਗਰ ਦਿਆਂ ਨੈਣਾਂ ਚ ਸੀ ਜਾਦੂਗਰੀ,

ਪਲ ਚ ਹੀ ਉਹ ਖ਼ਾਬ ਨੈਣਾਂ ਚੋਂ ਚੁਰਾਕੇ ਲੈ ਗਿਆ।

----

ਨਾ ਕੋਈ ਮੰਜ਼ਿਲ ਮਿਲ਼ੀ ਨਾ ਘਰ ਟਿਕਾਣਾ ਉਮਰ ਭਰ,

ਸ਼ੌਕ ਇਹ ਕੈਸਾ ਸਫ਼ਰ ਦਾ ਬੱਦਲ਼ਾਂ ਨੂੰ ਪੈ ਗਿਆ।

----

ਆਪਣੀ ਹਸਤੀ ਮਿਟਾ ਕੇ ਹੀ ਰਹੂ ਆਖ਼ੀਰ ਨੂੰ,

ਸ਼ੌਕ ਦਰਿਆ ਨੂੰ ਸਫ਼ਰ ਦਾ ਸਾਗਰਾਂ ਵੱਲ ਲੈ ਗਿਆ।


Saturday, May 2, 2009

ਪਾਲ ਢਿੱਲੋਂ - ਗ਼ਜ਼ਲ

ਗ਼ਜ਼ਲ

ਜਦ ਸੂਰਜ ਦੀ ਸਰਦਲ 'ਤੇ ਮੈਂ ਜਾ ਦੀਵਾ ਜਗਾ ਦਿੱਤਾ।

ਮੈਂ ਅਪਣੀ ਹੋਂਦ ਦਾ ਅਹਿਸਾਸ ਸੂਰਜ ਨੂੰ ਕਰਾ ਦਿੱਤਾ।

----

ਨਦੀ ਨੂੰ ਪੁੱਛਿਆ ਉਸ ਦਾ ਨਗਰ, ਘਰ, ਥਾਂ ਟਿਕਾਣਾ ਮੈਂ,

ਪਤਾ ਉਸ ਨੇ ਫਟਾ ਫਟ ਹੀ ਸੂਰਜ ਦਾ ਲਿਖਾ ਦਿੱਤਾ।

----

ਇਹ ਕੈਸੀ ਹੈ ਸਜ਼ਾ ਕੈਸਾ ਡਰਾਵਾ ਓਸ ਨੇ ਪੁੱਛਿਆ,

ਜਦੋਂ ਮੈਂ ਸਾਮ੍ਹਣੇ ਸ਼ੀਸ਼ੇ ਦੇ ਇਕ ਪੱਥਰ ਟਿਕਾ ਦਿੱਤਾ।

----

ਮੇਰਾ ਤਾਂ ਲਕਸ਼ ਸੀ ਕਿ ਮੈਂ ਸਮੇਂ ਦੇ ਨਾਲ਼ ਚਲਣਾ ਹੈ,

ਮਗਰ ਰਫ਼ਤਾਰ ਇਸ ਦੀ ਨੇ ਸਦਾ ਮੈਨੂੰ ਦਗ਼ਾ ਦਿੱਤਾ।

----

ਤੁਹਾਡਾ ਸ਼ੌਕ ਰੰਗਾਂ ਦਾ ਕਦੇ ਪੂਰਾ ਨਹੀਂ ਹੋਣਾ,

ਅਸੀਂ ਤਾਂ ਖ਼ੂਨ ਅਪਣੇ ਦਾ ਹਰਿਕ ਕ਼ਤਰਾ ਵਹਾ ਦਿੱਤਾ।

----

ਕਿਹਾ ਉਸ ਨੂੰ ਕਿ ਤੂੰ ਆਪਣੀ ਹਿਫ਼ਾਜ਼ਤ ਆਪ ਕਰਨੀ ਹੈ,

ਮੈਂ ਉਸਨੂੰ ਚੂੜੀਆਂ ਦੇ ਨਾਲ਼ ਇਕ ਖ਼ੰਜਰ ਫੜਾ ਦਿੱਤਾ।

----

ਜੇ ਸ਼ਾਇਰ ਹੈਂ ਤਾਂ ਐ ਢਿੱਲੋਂ ਤੂੰ ਕਰ ਇਸ ਸ਼ਿਅਰ ਨੂੰ ਪੂਰਾ,

ਕੀ ਮਤਲਬ ਪਿਆਰ ਦਾ ਮਿਸਰਾ ਮੈਂ ਇਹ ਤੈਨੂੰ ਸੁਣਾ ਦਿੱਤਾ।


Sunday, March 15, 2009

ਪਾਲ ਢਿੱਲੋਂ - ਗ਼ਜ਼ਲ

ਗਜ਼ਲ

ਫਿਰੇ ਆਤੰਕ ਹਰ ਪਾਸੇ ਹਰਿਕ ਨੂੰ ਮੌਤ ਦਾ ਡਰ ਹੈ।

ਮਗਰ ਹਾਕਮ ਇਹ ਕਹਿੰਦੇ ਨੇ ਵਤਨ ਸਾਡਾ ਸੁਤੰਤਰ ਹੈ।

----

ਮੈਂ ਕਿਹੜੇ ਸਾਲ, ਦਿਨ ਅਤੇ ਮਹੀਨੇ ਚੋਂ ਗੁਜ਼ਰਦਾ ਹਾਂ

ਦੁਆਉਂਦਾ ਯਾਦ ਨਿੱਤ ਮੈਨੂੰ ਮੇਰੇ ਘਰ ਦਾ ਕਲੰਡਰ ਹੈ।

----

ਬਗਾਨੇ ਸ਼ਹਿਰ ਵਿਚ ਮੈਨੂੰ ਬੜਾ ਹੈ ਹੋਸਲਾ ਇਸ ਦਾ

ਕਿ ਪੈਰਾਂ ਹੇਠ ਓਹੀ ਧਰਤ ਓਹੀ ਸਿਰ ਤੇ ਅੰਬਰ ਹੈ।

----

ਤੂੰ ਛੱਡ ਕਰਨੇ ਇਹ ਦਾਅਵੇ ਹਾਰ ਵੀ ਮਨਜ਼ੂਰ ਹੈ ਤੈਨੂੰ

ਤਿਰੇ ਅੰਦਰ ਅਜੇ ਪਰ ਖੌਲ਼ਦਾ ਨਾਦਰ ਸਿਕੰਦਰ ਹੈ।

----

ਉਨ੍ਹਾਂ ਨੇ ਚੁਪ ਚੋਂ ਵੀ ਸੁਰਜੀਤ ਕਰ ਲੈਣਾ ਹੈ ਸਰਗਮ ਨੂੰ

ਜਿਨ੍ਹਾਂ ਦੇ ਬੰਸਰੀ ਬੁੱਲ੍ਹਾਂ ਤੇ ਪੈਰਾਂ ਵਿੱਚ ਝਾਂਜਰ ਹੈ।

----

ਜਿਨ੍ਹੇ ਟੁੱਟਣ ਨਹੀਂ ਦਿੱਤਾ ਮੇਰਾ ਰਿਸ਼ਤਾ ਜੋ ਖ਼ੁਦ ਨਾਲੋਂ

ਮੁਹੱਬਤ ਕਰ ਰਿਹਾ ਮੈਨੂੰ ਉਹ ਮੇਰਾ ਆਪਣਾ ਘਰ ਹੈ।

----

ਜਦੋਂ ਦਾ ਹੋ ਗਿਆ ਮੈਂ ਅਪਣੇ ਹੀ ਆਪ ਦੇ ਨੇੜੇ

ਨਾ ਜੀਣੇ ਦੀ ਖ਼ੁਸ਼ੀ ਕੋਈ ਨਾ ਮਰਨੇ ਦਾ ਕੋਈ ਡਰ ਹੈ।

ਤੂੰ ਐਵੇਂ ਰਿਸ਼ਤਿਆਂ ਦੀ ਜੂਹ ਚ ਬਹਿ ਕੇ ਕੋਸ ਨਾ ਖ਼ੁਦ ਨੂੰ

ਇਹ ਰਿਸ਼ਤੇ ਵੀ ਤਾਂ ਢਿੱਲੋਂ ਇਕ ਤਰ੍ਹਾਂ ਦਾ ਹੀ ਅਡੰਬਰ ਹੈ।


Thursday, February 26, 2009

ਪਾਲ ਢਿੱਲੋਂ - ਗ਼ਜ਼ਲ

ਗ਼ਜ਼ਲ

ਮੈਂ ਕਦੇ ਪਲ ਭਰ ਲਈ ਉਸ ਤੋਂ ਜੁਦਾ ਹੋਇਆ ਨਾ ਸੀ।

ਉਹ ਵਿਦਾ ਕਿੰਝ ਹੋ ਗਿਆ ਜਦ ਮੈਂ ਵਿਦਾ ਹੋਇਆ ਨਾ ਸੀ।

----

ਤੋੜ ਕੇ ਰਿਸ਼ਤੇ ਪੁਰਾਣੇ ਚੁੱਪ ਚੁਪੀਤੇ ਤੁਰ ਗਿਆ,

ਤੁਰ ਗਿਆ ਉਹ ਜਿਸ ਤਰ੍ਹਾਂ ਮੈਂ ਸੋਚਿਆ ਹੋਇਆ ਨਾ ਸੀ।

----

ਉਹ ਕਿਵੇਂ ਤੁਰ ਪੈਂਦਾ ਮੇਰੇ ਨਾਲ਼ ਸੋਚਾਂ ਵਾਂਗ ਹੀ,

ਜਦ ਮੈਂ ਉਸ ਨੂੰ ਲਕਸ਼ ਅਪਣਾ ਦੱਸਿਆ ਹੋਇਆ ਨਾ ਸੀ।

----

ਉਹ ਜਦੋਂ ਤੱਕ ਮੇਰੀਆਂ ਸੋਚਾਂ ਚ ਮੇਰੇ ਨਾਲ਼ ਸੀ,

ਮੈਂ ਕਦੇ ਤਨਹਾ ਕਦੇ ਬੇ-ਆਸਰਾ ਹੋਇਆ ਨਾ ਸੀ।

----

ਕੁਝ ਪਤਾ ਨਾ ਸੀ ਕਿ ਕਿੰਨਾ ਦਰਦ ਹੁੰਦਾ ਏਸ ਵਿਚ,

ਪਾਲ ਮੇਰੇ ਨਾਲ਼ ਜਦ ਤਕ ਹਾਦਸਾ ਹੋਇਆ ਨਾ ਸੀ।


Tuesday, December 16, 2008

ਪਾਲ ਢਿੱਲੋਂ - ਗ਼ਜ਼ਲ

ਗ਼ਜ਼ਲ

ਤਿਤਲੀ ਕਦੇ ਗੁਲਾਬ ਤੇ ਕਦੇ ਗੇਂਦੇ ਤੇ ਬਹਿ ਗਈ।

ਫੁੱਲਾਂ ਦੀ ਉਮਰ ਭਰ ਲਈ ਹੋ ਕੇ ਹੈ ਰਹਿ ਗਈ।

----

ਨੱਚੇ ਸੀ ਝੂਮ-ਝੂਮ ਕੇ ਮਹਿਕਾਂ ਦੇ ਕਾਫ਼ਲੇ,

ਮਸਤੀ ਚ ਪੌਣ ਸੀ ਜਦੋਂ ਫੁੱਲਾਂ ਨਾਲ਼ ਖਹਿ ਗਈ।

----

ਅੱਖਾਂ ਝੁਕਾ ਕੇ ਸ਼ਰਮ ਨਾ ਉਹ ਸੁਰਖ਼ ਹੋ ਗਏ,

ਸ਼ੀਸ਼ੇ ਦੀ ਅੱਖ ਕੀ ਪਤਾ ਕੀ ਗੱਲ ਕਹਿ ਗਈ।

----

ਇਕ ਪਲ ਵੀ ਸਹਿ ਸਕਾਂ ਨਾ ਮੈਂ ਮੌਸਮ ਉਦਾਸ ਨੂੰ,

ਤਿਤਲੀ ਪਤਾ ਨਹੀਂ ਕਿਵੇਂ ਪਤਝੜ ਨੂੰ ਸਹਿ ਗਈ।

----

ਚੁੱਪ ਦੀ ਤਰ੍ਹਾਂ ਹੀ ਚੁੱਪ ਸੀ ਦਿਲ ਦੀ ਜ਼ੁਬਾਨ ਵੀ,

ਦਿਲ ਦੀ ਨਜ਼ਰ, ਨਜ਼ਰ ਨੂੰ ਹਰਿਕ ਬਾਤ ਕਹਿ ਗਈ।

----

ਉਸਦੇ ਖ਼ਿਆਲ ਵਿਚ ਮੇਰੀ ਹਰ ਸੋਚ ਇਉਂ ਲਹੀ,

ਮਛਲੀ ਜਿਵੇਂ ਕਿ ਨੀਰ ਦੀ ਹਰ ਤਹਿ ਚ ਲਹਿ ਗਈ।

Saturday, December 6, 2008

ਪਾਲ ਢਿੱਲੋਂ - ਗ਼ਜ਼ਲ

ਗ਼ਜ਼ਲ

ਲਬਾਂ ਤੇ ਚੁੱਪ, ਉਸਦੇ ਨੈਣ ਵੀ ਦੇਖੇ ਮੈਂ ਬੰਜਰ ਸੀ।

ਮਗਰ ਇਕ ਖੌਲਦਾ ਉਸਦੇ ਵੀ ਦਿਲ ਅੰਦਰ ਸਮੁੰਦਰ ਸੀ।

----

ਜਦੋਂ ਇਕ ਦੂਸਰੇ ਵਿਚ ਉਹ ਸਮਾਏ ਮਹਿਕ ਵ੍ਹਾ ਵਾਂਗੂੰ,

ਸਮਝ ਆਇਆ ਨਦੀ, ਦਰਿਆ ਤੇ ਦਰਿਆ ਹੀ ਸਮੁੰਦਰ ਸੀ।

----

ਮੈਂ ਜਿਸਦੀ ਪੈੜ ਦਬਦਾ ਜਾ ਰਿਹਾ ਸਾਂ ਭਾਲ਼ਦਾ ਮੰਜ਼ਿਲ,

ਪਤਾ ਲੱਗਾ ਕਿ ਉਹ ਵੀ ਭੁੱਲਿਆ ਹੋਇਆ ਮੁਸਾਫ਼ਿਰ ਸੀ।

----

ਹਿਫ਼ਾਜ਼ਤ ਕਰ ਗਏ ਉਹ ਝਾਂਜਰ ਤੇ ਫੁੱਲ ਕਲੀਆਂ ਦੀ,

ਜਿਨ੍ਹਾਂ ਦੀ ਸੋਚ ਵਿਚ ਸੀ ਜਿੱਤ, ਹੱਥਾਂ ਚ ਖ਼ੰਜਰ ਸੀ।

----

ਮੈਂ ਛੋਟੇ ਹੁੰਦਿਆਂ ਢਾਉਂਦਾ ਸਾਂ ਘਰ ਚਿੜੀਆਂ ਤੇ ਕਾਵਾਂ ਦੇ,

ਪਤਾ ਲੱਗਾ ਕੀ ਇਸ ਦਾ ਦਰਦ ਜਦ ਢੱਠਾ ਮੇਰਾ ਘਰ ਸੀ।

Wednesday, November 26, 2008

ਪਾਲ ਢਿੱਲੋਂ - ਗ਼ਜ਼ਲ

ਦੋਸਤੋ! ਅੱਜ ਮੈਂਨੂੰ ਡੈਡੀ ਜੀ ਨੇ ਵਰਨਨ, ਕੈਨੇਡਾ ਵੱਸਦੇ ਇੱਕ ਹੋਰ ਗ਼ਜ਼ਲਗੋ ਸਤਿਕਾਰਤ ਪਾਲ ਢਿੱਲੋਂ ਜੀ ਕਿਤਾਬ ਦਿੱਤੀ ਹੈ। ਪਾਲ ਢਿੱਲੋਂ ਜੀ ਦੀਆਂ ਹੁਣ ਤੱਕ ਪੰਜ ਕਿਤਾਬਾਂ ਆ ਚੁੱਕੀਆਂ ਹਨ,ਜਿਨ੍ਹਾ ਵਿੱਚ: ਗੀਤ ਸੰਗ੍ਰਹਿ: ਉੱਡਦੀਆਂ ਫੁਲਕਾਰੀਆਂ, ਗ਼ਜ਼ਲ ਸੰਗ੍ਰਹਿ: ਜੰਗਲ਼ ਪਹਾੜ ਝੀਲਾਂ, ਬਰਫ਼ਾਂ ਲੱਦੇ ਰੁੱਖ, ਖ਼ੁਸ਼ੀ ਖ਼ੁਸ਼ਬੂ ਖ਼ੁਮਾਰੀ,ਦਿਸਹੱਦੇ ਤੋਂ ਪਾਰ ਸ਼ਾਮਿਲ ਹਨ। ਅੱਜ ਆਰਸੀ ਤੇ ਢਿਲੋਂ ਸਾਹਿਬ ਦੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਤੁਹਾਡੀ ਸਭ ਦੀ ਨਜ਼ਰ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਉਹਨਾਂ ਦੀ ਆਰਸੀ ਤੇ ਗ਼ਜ਼ਲਾਂ ਨਾਲ਼ ਪਹਿਲੀ ਹਾਜ਼ਰੀ ਹੈ....ਪਾਲ ਢਿੱਲੋਂ ਜੀ ਨੂੰ ਸਾਰੇ ਪਾਠਕ / ਲੇਖਕ ਵਰਗ ਵੱਲੋਂ ਖ਼ੁਸ਼ਆਮਦੀਦ!

ਗ਼ਜ਼ਲ

ਮੈਂ ਆਪਣੇ ਨਾਮ ਹੀ ਸਾਰੀ ਧਰਤ ਅੰਬਰ ਲਿਖ ਲਿਆ ਹੁੰਦਾ।

ਜੇ ਮੇਰੇ ਵੱਸ ਚ ਹੁੰਦਾ ਖ਼ੁਦ ਮੁਕੱਦਰ ਲਿਖ ਲਿਆ ਹੁੰਦਾ।

---------

ਜੇ ਹੁੰਦਾ ਲਾਲਚੀ ਮੈਂ ਦੌਲਤਾਂ ਤੇ ਸ਼ੌਹਰਤਾਂ ਦਾ ਫਿਰ,

ਮੈਂ ਅਪਣਾ ਨਾਮ ਨਾਦਰ ਜਾਂ ਸਿਕੰਦਰ ਲਿਖ ਲਿਆ ਹੁੰਦਾ।

---------

ਪਰਿੰਦਾ, ਪੌਣ, ਬੱਦਲ਼, ਚੰਨ, ਸੂਰਜ ਜੇ ਮੈਂ ਹੁੰਦਾ ਤਾਂ,

ਪਰਾਂ ਤੇ ਆਪਣੇ ਸਾਰਾ ਹੀ ਅੰਬਰ ਲਿਖ ਲਿਆ ਹੁੰਦਾ।

----------

ਹਰਿਕ ਰਾਹ, ਮੀਲ ਪੱਥਰ ਤੇ ਬਿਰਖ਼ ਸਭ ਨਾਲ਼ ਤੁਰ ਪੈਂਦੇ,

ਸਫ਼ਰ ਵਿਚ ਮੈਂ ਇਹਨਾਂ ਨੂੰ ਜੇ ਮੁਸਾਫ਼ਿਰ ਲਿਖ ਲਿਆ ਹੁੰਦਾ।

----------

ਪਤਾ ਹੁੰਦਾ ਟਿਕਾਣਾ ਜੇ ਇਹਨਾਂ ਦਾ ਇਕ ਥਾਂ ਪੱਕਾ,

ਮੈਂ ਹਰ ਪੰਛੀ ਦੇ ਨਾਂ ਤੇ ਉਸ ਨਗਰ ਘਰ ਲਿਖ ਲਿਆ ਹੁੰਦਾ।

---------

ਨਾ ਹੁੰਦਾ ਖ਼ੌਫ਼ ਖ਼ੰਜਰ ਦਾ ਕਦੇ ਵੀ ਫੁੱਲ ਕਲੀਆਂ ਨੂੰ,

ਜੇ ਹਰ ਫੁੱਲ ਹਰ ਕਲੀ ਦੇ ਨਾਮ ਖ਼ੰਜਰ ਲਿਖ ਲਿਆ ਹੁੰਦਾ।

---------

ਫਸੀਲਾਂ ਤਿੜਕੀਆਂ, ਨਾ ਦਰ ਨਾ ਬਾਰੀ, ਛੱਤ ਵੀ ਚੋਂਦੀ,

ਜੇ ਮੇਰਾ ਘਰ ਨਾ ਇਹ ਹੁੰਦਾ ਮੈਂ ਖੰਡਰ ਲਿਖ ਲਿਆ ਹੁੰਦਾ।

============================

ਗ਼ਜ਼ਲ

ਜਦੋਂ ਵੀ ਦੇਖਿਆ ਕਿਧਰੇ ਮੈਂ ਅਪਣੇ ਹਾਣ ਦਾ ਸ਼ੀਸ਼ਾ।

ਇਵੇਂ ਲੱਗਾ ਜਿਵੇਂ ਮੈਨੂੰ ਚਿਰਾਂ ਤੋਂ ਜਾਣਦਾ ਸ਼ੀਸ਼ਾ।

---------

ਜਦੋਂ ਸ਼ੀਸ਼ੇ ਦੇ ਅੱਗੇ ਖੜ੍ਹ ਕੇ ਸ਼ੀਸ਼ਾ ਦੇਖਦਾ ਖ਼ੁਦ ਨੂੰ,

ਧੁਰ ਅੰਦਰ ਤੀਕ ਅਪਣੇ ਆਪ ਨੂੰ ਹੈ ਮਾਣਦਾ ਸ਼ੀਸ਼ਾ।

--------

ਉਨ੍ਹਾਂ ਨੇ ਜ਼ਿੰਦਗੀ ਭਰ ਸ਼ੀਸ਼ਿਆਂ ਨੂੰ ਘੂਰਦੇ ਰਹਿਣਾ,

ਨਾ ਮਿਲ਼ਿਆ ਹੈ ਜਿਨ੍ਹਾਂ ਨੂੰ ਜ਼ਿੰਦਗੀ ਵਿਚ ਹਾਣ ਦਾ ਸ਼ੀਸ਼ਾ।

---------

ਇਹ ਫੁੱਲ ਤੋਂ ਖ਼ਾਰ ਬਣਦਾ ਹੈ ਇਹ ਬਣਦਾ ਮੋਮ ਤੋਂ ਪੱਥਰ,

ਜਦੋਂ ਪੱਥਰ ਨਾ ਟੱਕਰ ਲੈਣ ਦੀ ਹੈ ਠਾਣਦਾ ਸ਼ੀਸ਼ਾ।

---------

ਮਿਰੀ ਹਾਂ ਵਿਚ ਹਾਂ ਨਾਂਹ ਵਿਚ ਨਾਂਹ ਜਿਵੇਂ ਆਖਾਂ ਉਵੇਂ ਕਰਦਾ,

ਮਿਰਾ ਹਮਰਾਜ਼ ਜਨਮਾਂ ਤੋਂ ਹੈ ਮੈਨੂੰ ਜਾਣਦਾ ਸ਼ੀਸ਼ਾ।

---------

ਚੁਫ਼ੇਰੇ ਕੰਧ, ਸਿਰ ਤੇ ਛੱਤ, ਪਰਦੇ ਖਿੜਕੀਆਂ ਉੱਤੇ,

ਹਿਫ਼ਾਜ਼ਤ ਆਪਣੀ ਖ਼ਾਤਰ ਹਮੇਸ਼ਾ ਤਾਣਦਾ ਸ਼ੀਸਾ।

--------

ਨਾ ਦੇ ਧੋਖਾ ਬਦਲ ਕੇ ਰੂਪ ਆਪਣਾ ਏਸ ਨੂੰ ਢਿੱਲੋਂ!

ਤਿਰੇ ਹਰ ਰੂਪ ਨੂੰ ਹੈ ਜਾਣਦਾ ਪਹਿਚਾਣਦਾ ਸ਼ੀਸ਼ਾ।