ਹੱਥਾਂ ਨਾਲ਼ ਦਿੱਤੀਆਂ ਨੂੰ ਮੂੰਹ ਨਾਲ਼ ਖੋਲੇਂ
ਇਹਨਾਂ ਗੰਢਾਂ ਨੂੰ ਤਾਲੇ ਲੱਗੇ ਰਹਿਣ ਦੇ।
ਯਾਦਾਂ ਦੀ ਇਸ ਪੰਡ ਭਾਰੀ ਅੰਦਰ
ਮੇਰੇ ਦਿਲ ਦੇ ਦਰਦ ਬੱਝੇ ਰਹਿਣ ਦੇ..!!
-----
ਮੈਨੂੰ ਸਿੰਬਲ ਰੁੱਖ ਸਾਇਰੇ ਨੂੰ ਕਦੀ
ਅਮਰ ਵੇਲ ਨੇ ਬੁੱਕਲ਼ ਮਾਰੀ ਸੀ।
ਮਹਿਕ ਵਿਹੂਣੇ ਦੇ ਗਲ਼ ਲੱਗ ਕੇ
ਜਿਸ ਸਾਹਾਂ ਦੀ ਮਹਿਕ ਖਿਲਾਰੀ ਸੀ।
ਰੋਹੀਆਂ ਦੇ ਹਾਰੇ ਸਾਹਾਂ ਵਿੱਚ
ਛਾਵਾਂ ਦੇ ਕਰਜ਼ ਦੱਬੇ ਰਹਿਣ ਦੇ.....
ਯਾਦਾਂ ਦੀ ਇਸ ਪੰਡ ਦੇ ਅੰਦਰ
ਦਿਲ ਦੇ ਦਰਦ ਬੱਝੇ ਰਹਿਣ ਦੇ..!!
-----
ਮੈਂ ਬੇਵਫ਼ਾਈ ਦੇ ਸਿਰ ਪੱਥਰ ਢੋਏ
ਉਂਝ ਲੋਕਾਂ ਨੂੰ ਫੁੱਲ ਕਹਿੰਨਾ ਵਾਂ।
ਦਿਲ ਦੇ ਪਿੰਡੇ ਪਈਆਂ ਸੰਦਲੀ ਛਮਕਾਂ
ਜਿਸਮ ਦਾ ਹਰ ਸਿਤਮ ਭੁੱਲ ਬਹਿੰਨਾ ਵਾਂ।
ਬੇਵਫਾਈ ਦੀ ਲਾਸ਼ ਮੋਢੇ ‘ਤੇ ਉਠਾ ਕੇ
ਕ਼ਬਰਾਂ ਵਿੱਚ ਸਾਡੇ ਫਰਜ਼ ਕੱਜੇ ਰਹਿਣ ਦੇ....
ਯਾਦਾਂ ਦੀ ਇਸ ਪੰਡ ਦੇ ਅੰਦਰ
ਦਿਲ ਦੇ ਦਰਦ ਬੱਝੇ ਰਹਿਣ ਦੇ..!!
-----
ਦਿਸਹੱਦੇ ਤੋਂ ਪਾਰ ਹੈ ਓਸਦਾ ਬਸੇਰਾ
ਮੈਂ ਤੱਕਾਂ ਨਿੱਤ ਸੂਰਜ ਦੀ ਲਾਲੀ ਨੂੰ।
ਹੁਣ ਹੰਝੂਆਂ ਨਾਲ਼ ਬੁਝਾਉਣਾ ਔਖਾ
ਦਿਲ ਦੇ ਵਿਹੜੇ ਅੱਗ ਬਾਲ਼ੀ ਨੂੰ ।
ਇਸ਼ਕ ਦੇ ਚੁੱਲੇ ਵਿੱਚ ਅਰਮਾਨ ਮੇਰੇ
ਚੱਲ ਹੌਲ਼ੀ ਹੌਲ਼ੀ ਧੁਖ਼ਦੇ ਰਹਿਣ ਦੇ....
ਯਾਦਾਂ ਦੀ ਇਸ ਪੰਡ ਭਾਰੀ ਅੰਦਰ
ਦਿਲ ਦੇ ਦਰਦ ਬੱਝੇ ਰਹਿਣ ਦੇ..!!
-----
ਉਸ ਮਾਲੀ ਦੀਆਂ ਮਸ਼ਕਾਂ ਅੰਦਰ ਖੌਰੇ
ਕਿੰਝ ਪਾਣੀ ਬਦਲੇ ਪੈ ਤੇਲ ਗਿਆ।
ਕਿਸ ਕਦਰ ਮੇਰੀ ਫੁਲਵਾੜੀ ਮੱਚੀ
ਕਿਹੜੇ ਵਹਿਣੀਂ ਵਹਿ ‘ਗੁਰਮੇਲ’ ਗਿਆ।
ਮਨ ਦੀ ਮੈਲੀ ਚਾਦਰ ‘ਤੇ ‘ਬਦੇਸ਼ੇ’
ਮੈਨੂੰ ਮੋਤੀਏ ਦੇ ਫੁੱਲ ਕੱਢ ਲੈਣ ਦੇ…
ਯਾਦਾਂ ਦੀ ਇਸ ਪੰਡ ਦੇ ਅੰਦਰ
ਦਿਲ ਦੇ ਦਰਦ ਬੱਝੇ ਰਹਿਣ ਦੇ..!!