
ਅਦਬ ਸਹਿਤ
ਤਨਦੀਪ ‘ਤਮੰਨਾ’
*************
ਰੱਬ ਰਾਗੀ ਤੇ ਜੱਟ
ਨਜ਼ਮ
ਅੰਮ੍ਰਿਤ ਵੇਲ਼ੇ
ਦਰਸ਼ਨੀ ਡਿਉੜੀ ਤੋਂ
ਹਰਿਮੰਦਰ ਵੱਲ
ਵਧ ਰਿਹਾ ਹੈ ਰਾਗੀ
ਪਹਿਲੀ ਕੀਰਤਨ ਡਿਊਟੀ ਲਈ
ਸੰਘਣੇ ਕਾਲ਼ੇ ਬੱਦਲ਼ ਨੇ
ਢਕ ਰੱਖਿਐ ਅਸਮਾਨ
ਰਾਤ ਦੇ ਪਿਛਲੇ ਪਹਿਰ
ਰੌਸ਼ਨੀਆਂ ਵਿਚ
ਗੂੜ੍ਹਾ ਸੁਰਮਈ ਲੱਗ ਰਹੈ
ਸਰੋਵਰ ਦਾ ਪਾਣੀ
ਗਿਰ ਰਹੀ ਵਿਰਲੀ ਵਿਰਲੀ ਕਣੀ
ਉਪਜ ਰਿਹਾ ਅਜਬ ਨਾਦ
..............
ਇਕ ਦਰਦ ਇਕ ਵਜਦ
ਰਾਗੀ ਦੇ ਅੰਦਰ
ਬੋਲ ਪਏ ਨੇ ਕਿੰਨੇ ਮੋਰ ਬੰਬੀਹੇ
..............
ਰਾਗੀ ਨੇ ਅਲਾਪ ਲਿਆ
ਸ਼ਬਦ ਛੋਹਿਆ
‘ਬਬੀਹਾ ਅੰਮ੍ਰਿਤ ਵੇਲ਼ੇ ਬੋਲਿਆ
ਤਾਂ ਦਰ ਸੁਣੀ ਪੁਕਾਰ
ਮੇਘੇ ਨੋ ਫੁਰਮਾਨ ਹੋਆ
ਵਰਸੋ ਕਿਰਪਾ ਧਾਰ’
.............
ਸ਼ੁਰੂ ਹੋ ਗਿਐ
ਕੀਰਤਨ ਦਾ ਸਿੱਧਾ ਪ੍ਰਸਾਰਣ ਰੇਡਿਓ ਤੋਂ
ਇਹ ਸਾਉਣ ਨਹੀਂ
ਵੈਸਾਖ ਹੈ
ਬੇਮੌਸਮੇ ਮੇਘਲ਼ੇ ਨੇ
ਰੋਲ਼ ਕੇ ਰੱਖ ਦਿੱਤੀ ਹੈ ਹਾੜ੍ਹੀ
ਕਿਤੇ ਬੋਹਲ ਕਿਤੇ ਭਰੀਆਂ
ਡੁੱਬ ਰਹੀਆਂ ਨੇ ਪਾਣੀ ਵਿਚ
ਕਿਤੇ ਵੱਢਣ ਨੂੰ
ਪੱਕੀਆਂ ਖੜ੍ਹੀਆਂ ਕਣਕਾਂ
ਮੋਈਆਂ ਹਾਰ
ਗਿਰੀਆਂ ਪਈਆਂ ਨੇ ਚੌਫ਼ਾਲ
.................
ਬੋਹਲ ਢਕਣ ਲਈ
ਪੱਲੀਆਂ ਤ੍ਰਿਪਾਲ਼ਾਂ
ਪੰਡ ਚੁੱਕੀ ਖੇਤ ਨੂੰ ਜਾਂਦਾ
ਉਨੀਂਦਰਾ ਜੱਟ
ਬੁੜਬੁੜਾਉਂਦਾ ਗਾਲ੍ਹ ਵਾਹੁੰਦਾ
ਖਿਝਿਆ ਹੋਇਆ
ਝਟਕੇ ਨਾਲ਼
ਬੰਦ ਕਰ ਜਾਂਦਾ ਹੈ
ਰੇਡਿਓ।