ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, October 9, 2009

ਇੰਦਰਜੀਤ ਹਸਨਪੁਰੀ - ਗ਼ਜ਼ਲ-ਚਿੱਤਰ

ਸਾਹਿਤਕ ਨਾਮ: ਇੰਦਰਜੀਤ ਹਸਨਪੁਰੀ

ਜਨਮ: 19 ਅਗਸਤ, 1932 8 ਅਕਤੂਬਰ, 2009

ਨਿਵਾਸ: ਪਿੰਡ ਹਸਨਪੁਰ ਅਤੇ ਬਾਅਦ ਚ ਲੁਧਿਆਣਾ

ਕਿਤਾਬਾਂ: ਔਸੀਆਂ, ਸਮੇਂ ਦੀ ਆਵਾਜ਼ ਜ਼ਿੰਦਗੀ ਦੇ ਗੀਤ, ਜੋਬਨ ਨਵਾਂ ਨਕੋਰ, ਰੂਪ ਤੇਰਾ ਰੱਬ ਵਰਗਾ, ਮੇਰੇ ਜਿਹੀ ਕੋਈ ਜੱਟੀ ਨਾ, ਗੀਤ ਮੇਰੇ ਮੀਤ, ਰੰਗ ਖ਼ੁਸ਼ਬੂ ਰੌਸ਼ਨੀ, ਮੋਤੀ ਪੰਜ ਦਰਿਆਵਾਂ ਦੇ ਸਹਿਤ ਕੁੱਲ 13 ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨ।

----

ਇਨਾਮ-ਸਨਮਾਨ: 1992 ਵਿੱਚ ਉਹਨਾਂ ਨੂੰ ਮੋਹਨ ਸਿੰਘ ਫਾਊਂਡੇਸ਼ਨ ਵਲੋਂ ਸ. ਪੂਰਨ ਸਿੰਘ ਬਸਹਿਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆਦੇਸ਼ ਵਿਦੇਸ਼ ਦੀਆਂ ਸੈਂਕੜੇ ਸੰਸਥਾਵਾਂ ਦੇ ਇਨਾਮਾਂ ਤੋਂ ਇਲਾਵਾ ਭਾਸ਼ਾ ਵਿਭਾਗ ਪੰਜਾਬ ਨੇ ਵੀ ਉਹਨਾਂ ਨੂੰ ਇੱਕ ਲੱਖ ਰੁਪਏ ਦਾ ਸ੍ਰੋਮਣੀ ਪੁਰਸਕਾਰ ਦੇ ਕੇ ਸਨਮਾਨਿਆਅਜੇ ਪਿਛਲੇ ਮਹੀਨੇ ਹੀ ਟੋਰਾਂਟੋ ਵਿਖੇ ਉਹਨਾਂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਇਕਬਾਲ ਮਾਹਿਲ ਅਤੇ ਇਕਬਾਲ ਰਾਮੂਵਾਲੀਆ ਨੇ ਸਨਮਾਨਿਤ ਕੀਤਾ ਸੀ

----

ਦੋਸਤੋ! ਪੰਦਰਾਂ ਕੁ ਸਾਲ ਦੀ ਉਮਰ ਚ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣ ਮਗਰੋਂ ਗ਼ਰੀਬੀ ਅਤੇ ਘਰ ਦੀਆਂ ਜ਼ਰੂਰਤਾਂ ਕਾਰਣ ਲੁਧਿਆਣੇ ਨੌ-ਲੱਖਾ ਸਿਨੇਮੇ ਦੇ ਸਾਹਮਣੇ ਪੇਂਟਰ ਦੀ ਦੁਕਾਨ ਕਰਨ ਤੋਂ ਲੈ ਕੇ ਅੰਤਰ-ਰਾਸ਼ਟਰੀ ਪ੍ਰਸਿੱਧੀ ਵਾਲ਼ਾ ਗੀਤਕਾਰ ਬਣਨ ਵਾਲ਼ੇ ਹਸਨਪੁਰੀ ਸਾਹਿਬ ਦਾ ਪਹਿਲਾ ਗੀਤ ਸਾਧੂ ਹੁੰਦੇ ਰੱਬ ਵਰਗੇ, ਘੁੰਡ ਕੱਢ ਕੇ ਖ਼ੈਰ ਨਾ ਪਾਈਏ 1959 ਚ ਸ਼ਾਦੀ ਬਖ਼ਸ਼ੀ ਦੀ ਆਵਾਜ਼ ਚ ਰਿਕਾਰਡ ਹੋਇਆ ਸੀ। ਉਸਤੋਂ ਬਾਅਦ ਲੈ ਜਾ ਛੱਲੀਆਂ ਭੁਨਾ ਲਈਂ ਦਾਣੇ, ਮਿੱਤਰਾ ਦੂਰ ਦਿਆ, ਜੇ ਮੁੰਡਿਆ ਮੇਰੀ ਤੋਰ ਤੂੰ ਵੇਖਣੀ, ਗੜਵਾ ਲੈ ਦੇ ਚਾਂਦੀ ਦਾ, ਲੱਕ ਹਿੱਲੇ ਮਜਾਜਣ ਜਾਂਦੀ ਦਾ, ਨਿੱਕੇ ਨਿੱਕੇ ਦੋ ਖਾਲਸੇ, ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ, ਦੱਸ ਕੀ ਕਰਾਂ, ਘੁੰਮ ਨੀ ਭੰਬੀਰੀਏ ਤੂੰ ਘੁੰਮ ਘੁੰਮ ਘੁੰਮ ਆਦਿ ਸੈਂਕੜੇ ਗੀਤ ਲਿਖੇ ਜੋ ਸੁਪਰ-ਹਿੱਟ ਰਹੇ। ਪੰਜਾਬ ਦੇ ਲੱਗਭੱਗ ਹਰ ਵਧੀਆ ਗਾਇਕ ਨੇ ਉਹਨਾਂ ਦੇ ਗੀਤ ਗਾ ਕੇ ਨਾਮਣਾ ਖੱਟਿਆ, ਜਿਨ੍ਹਾਂ ਚ ਚਾਂਦੀ ਰਾਮ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਸਵਰਨ ਲਤਾ, ਨਰਿੰਦਰ ਬੀਬਾ, ਜਗਮੋਹਨ ਕੌਰ, ਹੰਸ ਰਾਜ ਹੰਸ, ਸਰਦੂਲ ਸਿਕੰਦਰ ਆਦਿ ਜ਼ਿਕਰਯੋਗ ਹਨ।

----

ਸੰਨ 1966-1967 ਤੋਂ ਸ਼ੁਰੂ ਕਰਕੇ ਉਹਨਾਂ ਨੇ ਕਈ ਪੰਜਾਬੀ ਫਿਲਮਾਂ ਦਾ ਨਿਰਮਾਣ ਵੀ ਕੀਤਾ ਜਿਨ੍ਹਾਂ ਦਾਜ ਅਤੇ ਸੁਖੀ ਪਰਿਵਾਰ, ਤੇਰੀ ਮੇਰੀ ਇਕ ਜਿੰਦੜੀ ਪ੍ਰਮੁੱਖ ਹਨ। ਉਹਨਾਂ ਨੇ ਅਨੇਕਾਂ ਹੋਰ ਪੰਜਾਬੀਆਂ ਫਿਲਮਾਂ ਦੇ ਗੀਤ ਵੀ ਲਿਖੇ ਜਿਨ੍ਹਾਂ ਵਿਚੋਂ, ਮਨ ਜੀਤੇ ਜਗਜੀਤ, ਦੁੱਖ ਭੰਜਨ ਤੇਰਾ ਨਾਮ, ਪਾਪੀ ਤਰੇ ਅਨੇਕ, ਧਰਮਜੀਤ, ਫੌਜੀ ਚਾਚਾ, ਯਮਲਾ ਜੱਟ, ਜੈ ਮਾਤਾ ਦੀ, ਗੋਰੀ ਦੀਆਂ ਝਾਂਜਰਾਂ, ਮਾਂ ਦਾ ਲਾਡਲਾ, ਚੋਰਾਂ ਨੂੰ ਮੋਰ, ਲੌਂਗ ਦਾ ਲਿਸ਼ਕਾਰਾ, ਮੋਟਰ ਮਿੱਤਰਾਂ ਦੀ ਅਤੇ ਨਹੀਂ ਰੀਸਾਂ ਪੰਜਾਬ ਦੀਆਂ ਪ੍ਰਮੁੱਖ ਹਨ ਇਸ ਤੋਂ ਇਲਾਵਾ ਉਹਨਾਂ ਨੇ ਕਈ ਡਾਕੂਮੈਂਟਰੀ ਫਿਲਮਾਂ ਦਾ ਨਿਰਮਾਣ ਵੀ ਕੀਤਾ ਸੀ।

----

ਹਸਨਪੁਰੀ ਸਾਹਿਬ ਦੀ ਕਲਮ ਨੂੰ ਸਲਾਮ ਕਰਦੀ ਹੋਈ, ਕਿਤਾਬ ਮੋਤੀ ਪੰਜ ਦਰਿਆਵਾਂ ਦੇ ਚੋਂ ਅੱਜ ਮੈਂ ਉਹਨਾਂ ਦੁਆਰਾ ਲਿਖਿਆ ਡੈਡੀ ਜੀ ਗੁਰਦਰਸ਼ਨ ਬਾਦਲ ਸਾਹਿਬ ਦਾ ਗ਼ਜ਼ਲ-ਚਿੱਤਰ ਸ਼ਾਮਲ ਕਰ ਰਹੀ ਹਾਂ, ਜਿਹੜਾ ਉਹ ਚਾਹੁੰਦੇ ਸੀ ਕਿ ਆਰਸੀ ਚ ਜ਼ਰੂਰ ਸ਼ਾਮਲ ਕੀਤਾ ਜਾਵੇ। ਦੁੱਖ ਇਸ ਗੱਲ ਦਾ ਹੈ ਕਿ ਉਹਨਾਂ ਦੀ ਹਾਜ਼ਰੀ ਉਹਨਾਂ ਦੇ ਤੁਰ ਜਾਣ ਮਗਰੋਂ ਲੱਗ ਰਹੀ ਹੈ।

ਅਦਬ ਸਹਿਤ

ਤਨਦੀਪ ਤਮੰਨਾ

*******************

ਗੁਰਦਰਸ਼ਨ ਬਾਦਲ

ਗ਼ਜ਼ਲ-ਚਿੱਤਰ

ਚਾਹੇ ਗ਼ਜ਼ਲ ਕਿਸੇ ਦੀ ਹੋਵੇ, ਤਕੜੀ ਦੇ ਵਿਚ ਤੋਲੇ ਬਾਦਲ।

ਫ਼ਰਕ ਦਿਸੇ ਤਾਂ ਠੀਕ ਕਰ ਦਵੇ, ਮਾਰ ਕੇ ਕਲਮ ਦੇ ਠੋਲੇ ਬਾਦਲ।

-----

ਇਕ-ਇਕ ਜੋੜ ਨੂੰ ਟੋਹ-ਟੋਹ ਵੇਖੇ, ਨੀਝ ਨਾਲ਼ ਹਰ ਪੱਖ ਤੋਂ ਜਾਂਚੇ,

ਜੇ ਨਾ ਲੱਗੇ ਹੋਣ ਟਿਕਾਣੇ, ਪੇਚ ਓਸ ਦੇ ਖੋਲ੍ਹੇ ਬਾਦਲ।

-----

ਆਪ ਜਦੋਂ ਵੀ ਗ਼ਜ਼ਲ ਕਹੇ ਉਹ, ਨਾਪ-ਤੋਲ ਕੇ ਅੱਖਰ ਜੜਦਾ,

ਗਿਣਤੀ-ਮਿਣਤੀ ਕਰਕੇ ਪੂਰੀ, ਬਹਿਰ-ਵਜ਼ਨ ਵਿਚ ਬੋਲੇ ਬਾਦਲ।

-----

ਉਸ ਵਿਚ ਏ ਉਸਤਾਦੀ, ਇਸ ਲਈ, ਵਜ਼ਨ ਹੈ ਉਸਦੀ ਗੱਲ ਚ ਹੁੰਦਾ,

ਹੌਲ਼ੀ ਗੱਲ ਨਾ ਕਰਦਾ, ਜਿੱਦਾਂ, ਮਨ ਡੋਲੇ-ਤਨ ਡੋਲੇ ਬਾਦਲ।

-----

ਲੋਹੇ ਵਰਗੀ ਦ੍ਰਿੜਤਾ ਉਸ ਵਿਚ, ਪਰਬਤ ਵਰਗੇ ਹੈਨ ਇਰਾਦੇ,

ਜੋ ਲਿਖਣਾ ਉਹ ਡਟ ਕੇ ਲਿਖਣਾ, ਖਾਂਦਾ ਨਾ ਹਿਚਕੋਲੇ ਬਾਦਲ।

-----

ਜਾ ਬੈਠਾ ਕੈਨੇਡਾ ਦੇ ਵਿਚ, ਪਰ ਪੰਜਾਬ ਚ ਰੂਹ ਹੈ ਉਸਦੀ,

ਨਾ ਭੁੱਲਿਆ ਉਹ ਗੁੱਲੀ-ਡੰਡਾ, ਨਾ ਹੀ ਉੜਨ-ਖਟੋਲੇ ਬਾਦਲ।

-----

ਸੋਚਾਂ ਦੇ ਸਾਗਰ ਦੀ ਤਹਿ ਚੋਂ, ਲੱਭੀ ਜਾਵੇ ਲਾ-ਲਾ ਚੁੱਭੀ,

ਕੱਠੇ ਕਰ-ਕਰ ਗ਼ਜ਼ਲ ਦੇ ਮੋਤੀ, ਭਰਦਾ ਜਾਏ ਭੜੋਲੇ ਬਾਦਲ।

-----

ਹੈ ਅੰਦਾਜ਼ ਓਸਦਾ ਵੱਖਰਾ, ਨਾਲ਼ ਇਸ਼ਾਰੇ ਸਭ ਸਮਝਾਵੇ,

ਅਪਣੇ ਦਿਲ ਦੀ ਗੱਲ ਵੀ ਆਖੇ, ਨਾਲ਼ੇ ਰੱਖਦਾ ਓਲ੍ਹੇ ਬਾਦਲ।

-----

ਡਰਦਾ ਕਿਸੇ ਵੀ ਆਫ਼ਤ ਤੋਂ ਨਾ, ਹਰ ਔਕੜ ਨੂੰ ਨੱਥ ਪਾ ਦਵੇ,

ਹਸਨਪੁਰੀ ਜੀ! ਦੁੱਖਾਂ ਵਿਚ ਵੀ, ਗਾਉਂਦਾ ਰਹਿੰਦਾ ਢੋਲੇ ਬਾਦਲ।


Thursday, October 8, 2009

ਸੁਰਿੰਦਰ ਸਿੰਘ ਸੀਰਤ - ਗ਼ਜ਼ਲ

ਗ਼ਜ਼ਲ

ਗਵਾ ਆਏ ਹਾਂ ਸਰਾਬਾਂ ਚ ਆਰਸੀ ਅਪਣੀ।

ਇਹ ਕਿਸ ਮੁਕ਼ਾਮ ਤੇ ਲੈ ਆਈ ਤਸ਼ਨਗੀ ਅਪਣੀ।

-----

ਤੁਰੇ ਹਾਂ ਰਾਹ ਚ ਤਿਰੀ ਇੰਝ ਮੂੰਦ ਕੇ ਅਖੀਆਂ,

ਕਿ ਲੈ ਕੇ ਬਹਿ ਗਈ ਸਾਨੂੰ ਇਹ ਸਾਦਗੀ ਅਪਣੀ।

-----

ਤਿਰੇ ਸਿਦਕ ਦੇ ਪਰਾਂ ਵਿਚ ਨੇ ਭਰਮ ਦੇ ਪੱਥਰ,

ਕਿਵੇਂ ਸਿਖਰ ਨੂੰ ਅਪੜ ਜਾਏ ਦੋਸਤੀ ਅਪਣੀ।

-----

ਮਿਰੀ ਪਛਾਣ ਦੇ ਟੋਟੇ ਹਜ਼ਾਰ ਕਰ ਭਾਵੇਂ,

ਕਿਰਚ, ਕਿਰਚ ਚ ਨਜ਼ਰ ਆਏ ਗੀ ਛਬੀ ਅਪਣੀ।

-----

ਲਹੂ, ਲਹੂ ਹੈ ਹਰਿਕ ਘਰ, ਨਗਰ, ਨਗਰ ਜ਼ਖ਼ਮੀ,

ਫ਼ਿਜ਼ਾ ਨੂੰ ਰਾਸ ਨਾ ਆਈ ਇਹ ਖ਼ੁਦਕੁਸ਼ੀ ਅਪਣੀ।

-----

ਰਜ਼ਾ ਰਜ਼ਾ ਚ ਜੇ ਗਲ ਬਣ ਗਈ ਤਾਂ ਫਿਰ ਚੰਗਾ,

ਬੜਾ ਖ਼ਰਾਬ ਕਰੇ ਗੀ ਇਹ ਬੇਬਸੀ ਅਪਣੀ।

-----

ਧੁੰਦਲ਼ਕਿਆਂ ਚ ਭਟਕਦੀ ਫਿਰੇ ਨ ਐ ਸੀਰਤ!

ਇਸੇ ਹੀ ਫ਼ਿਕਰ ਚ ਲੋਅ ਰਹਿ ਗਈ ਜਗੀ ਅਪਣੀ।


ਗਗਨਦੀਪ ਸ਼ਰਮਾ - ਨਜ਼ਮ

ਅੱਥਰੂ ਪੀਣਿਆਂ ਦੇ ਵਾਰਸ

ਨਜ਼ਮ

ਅਸੀਂ ਤਾਂ

ਅੱਥਰੂ ਪੀਣਿਆਂ ਦੇ ਵਾਰਸ ਹਾਂ

ਹਿੱਕ ਅੰਦਰ ਸਾਂਭੀ ਫਿਰੀਏ

ਆਪਣੀ ਵਿਰਾਸਤ।

............

ਨਿੱਕੇ ਹੁੰਦਿਆਂ

ਥੁੜ੍ਹਾਂ ਦੀ ਜੰਗ ਲੜਦੀ ਮਾਂ ਤੋਂ

ਦੁੱਧ ਦੇ ਨਾਲ਼-ਨਾਲ਼

ਉਸਦੇ ਹੰਝੂ ਪੀਂਦਿਆਂ ਨੂੰ

ਸਾਨੂੰ ਤਾਂ ਉਦੋਂ ਦੀ ਸੋਝੀ ਹੈ

ਮਿੱਠੇ ਤੇ ਲੂਣੇ ਦਾ ਅੰਤਰ

ਸਾਡੇ ਲਈ ਨਹੀਂ ਹੁੰਦਾ।

...............

ਖੇਤਾਂ ਵਿਚ ਮਿੱਟੀ ਨਾਲ਼ ਘੁਲ਼ਦਾ ਬਾਪੂ

ਘਰ ਮੁੜਦਾ

ਤਾਂ ਮੁੜ੍ਹਕਾ ਮੁੜ੍ਹਕਾ ਹੋ ਕੇ ਮੁੜਦਾ

ਬਾਲਪਣ ਉਸਦੇ ਕੁੜਤੇ ਚੋਂ ਸੁਗੰਧੀਆਂ ਭਾਲ਼ਦਾ

ਇਹੋ ਖੇਡਾਂ ਵੇਖ

ਬਾਪੂ ਦੀਆਂ ਅੱਖਾਂ ਚੋਂ ਸਿੰਮੇ ਅੱਥਰੂ

ਅਜੇ ਤੱਕ ਬੈਠੇ ਨੇ

ਸਾਡੇ ਮਨਾਂ ਅੰਦਰ।

.............

ਵਲੈਤ ਜਾਣ ਦੇ ਚਾਅ ਵਿਚ

ਜਹਾਜ਼ੀਂ ਚੜ੍ਹੇ

ਤੇ ਫਿਰ

ਕਿਸ਼ਤੀਆਂ ਥਾਣੀਂ ਹੁੰਦੇ ਹੋਏ

ਸਮੁੰਦਰ ਦੀਆਂ ਲਹਿਰਾਂ ਦੇ

ਹਮਸਫ਼ਰ ਹੋ ਗਏ ਵੀਰ ਨੇ

ਦਰਦ ਨੂੰ

ਪਲਕ ਦੀ ਥਾਂ

ਦਿਲ ਦਾ ਘਰ ਦਿੰਦੇ ਹਾਂ

ਇਕ-ਦੂਜੇ ਨੂੰ ਦਿਸ ਜਾਣ ਡਰੋਂ।

..................

ਜ਼ਮੀਨ ਖੁੱਸ ਜਾਣ ਮਗਰੋਂ

ਹੁਣ ਨਿੱਤ ਜਾਂਦੇ ਹਾਂ ਕੰਮਾਂ-ਕਾਰਾਂ ਤੇ

ਫਿਰ ਵੀ

ਤੈਅ ਨਾ ਹੋ ਪਾਉਂਦਾ

ਹੱਥ ਤੋਂ ਮੂੰਹ ਦਾ ਸਫ਼ਰ

ਇਸ ਸਫ਼ਰ ਤੇ ਤੁਰਦੇ

ਸ਼ੀਸ਼ੇ ਸਾਹਵੇਂ ਜਲ-ਥਲ ਹੋ ਜਾਵਣ ਵਾਲ਼ੇ

ਅਸੀਂ ਤਾਂ

ਅੱਥਰੂ ਪੀਣਿਆਂ ਦੇ ਵਾਰਸ ਹਾਂ।

Wednesday, October 7, 2009

ਦਰਸ਼ਨ ਦਰਵੇਸ਼ - ਨਜ਼ਮ

ਭੋਜ ਪੱਤਰਾਂ ਤੇ

ਨਜ਼ਮ

ਭੋਜ ਪੱਤਰਾਂ ਤੇ

ਜਿਹੜੇ ਖ਼ਤ ਮੈਂ ਤੈਨੂੰ ਲਿਖੇ ਸਨ

ਉਹਨਾਂ

ਮੇਰੇ ਮਨ ਦੇ ਅਹਿਸਾਸਾਂ ਦਾ

ਸਾਰਾ ਸੇਕ ਜ਼ਰਬ ਸੀ

..............

ਅੱਖਾਂ ਚ ਜਿਉਂਦੀ

ਨਦੀ ਦਾ ਇਤਿਹਾਸ ਸੀ

ਰੇਗਿਸਤਾਨ ਚ ਊਂਘਦੇ

ਦਰਿਆ ਦੀ ਬਾਤ ਸੀ

ਅਤੇ ਤੇਰੇ ਪਿੰਡ ਦੀ

ਫਿਰਨੀ ਤੇ ਹੋਈਆਂ ਪੈੜਾਂ ਦੀ

ਉਨੀਂਦਰੀ ਜਿਹੀ ਝਾਤ ਸੀ

.............

ਹਰ ਅਧੂਰੀ ਸਤਰ ਦੇ

ਪੂਰੇ ਅਰਥਾਂ ਚ ਮੈਂ ਇਹੋ ਲਿਖਦਾ ਸੀ

ਰਿਸ਼ਤਿਆਂ ਦੀ ਝੀਲ ਚੋਂ

ਲਹਿਰਾਂ ਤਾਂ ਉੱਠਦੀਆਂ ਨੇ

ਪਰ ਮਨ ਤੀਕ ਆਉਂਦੀਆਂ ਹੀ

ਸਾਨੂੰ ਵੱਖੋ-ਵੱਖਰੇ

ਕਿਨਾਰੇ ਵਿਖਾਉਂਣ ਲੱਗ ਪੈਂਦੀਆਂ ਨੇ

..............

ਸਾਗਰ ਦੀਆਂ ਸਿੱਪੀਆਂ

ਸਾਡੀਆਂ ਅੱਖਾਂ ਅੱਗੇ

ਫੈਲਦੀਆਂ ਤਾਂ ਜ਼ਰੂਰ ਨੇ

ਪਰ, ਖ਼ਾਮੋਸ਼ੀ ਦੀ ਭਾਸ਼ਾ

ਇਹੋ ਬੋਲਦੀਆਂ ਨੇ

.... ਅਜੇ ਤੁਸੀਂ ਇਬਾਰਤ ਪੜ੍ਹ ਤਾਂ ਸਕਦੇ ਹੋ

ਉਸ ਨੂੰ ਮਨ ਦੇ ਬੋਲਾਂ

ਨਹੀਂ ਰਲ਼ਾ ਸਕਦੇ

ਹਮਗੁਜ਼ਰ ਹੋਣ ਦਾ ਭਰਮ ਪਾਲ਼ ਸਕਦੇ ਹੋ

ਅਜੇ ਸੂਰਜ ਨੂੰ

ਰੂ-ਬ-ਰੂ ਖੜ੍ਹਾ ਨਹੀਂ ਕਰ ਸਕਦੇ..

..............

ਤੇ ਮੇਰੀ

ਹਰ ਅਧੂਰੀ ਸਤਰ

ਇਉਂ ਵੀ ਤਾਂ ਬੋਲਦੀ ਸੀ

...ਕਮਲ਼ੀਏ!

ਮੈਂ ਕਿਸੇ ਭਿਕਸ਼ੂ ਦੀ ਜ਼ੁਬਾਨ ਦਾ ਉਚਾਰਣ ਨਹੀਂ

ਜਿਹੜਾ ਵੇਦਾਂ ਚ ਵਾਕਾਂ ਵਾਂਗ ਲਿਖਿਆ ਜਾਵਾਂਗਾ

ਅਤੇ

ਕੁਰਾਨ ਦੇ ਪਹਿਲੇ ਸਫ਼ੇ ਤੇ ਲਿਖੀ

ਕੋਈ ਆਇਤ ਵੀ ਨਹੀਂ

ਜਿਹੜਾ

ਜੰਗਲ਼ ਚ ਬੈਠੇ ਮੌਲਵੀ ਨੂੰ

ਪਿੱਛੇ ਲਾ ਲਿਆਵਾਂਗਾ।

...................

ਮੈਂ ਤਾਂ ਬੇਲਿਆਂ ਚ ਬਣੀ

ਮਟੀ ਤੇ ਉੱਕਰਿਆ

ਇੱਕ ਮਾਸੂਮ ਜਿਹਾ ਨਾਮ ਹਾਂ

ਜਿਹੜਾ ਨਾਂ ਤਾਂ

ਆਪਣੀ ਕਬਰ ਚੋਂ

ਉੱਠ ਕੇ ਬਾਹਰ ਆ ਸਕਦਾ

ਅਤੇ ਨਾ ਹੀ

ਚੁੱਪ-ਚਾਪ ਕਬਰ ਚ ਪੈ ਕੇ

ਕੋਈ ਸਪਤਕ ਵਜਾ ਸਕਦਾ..

..............

ਹੁਣ ਜਦੋਂ ਕਿ ਤੂੰ

ਧਰਤ ਦੀ ਹਾਜ਼ਰੀ ਚ ਮੇਰੇ ਸਨਮੁੱਖ ਹੈਂ

ਤਾਂ ਮੇਰੀ ਪੁੱਛ ਨੂੰ ਤੇਰਾ ਇਉਂ ਸੰਬੋਧਨ ਹੋਣਾ..

....ਚੇਤੇ ਨਹੀਂ ਕਿੱਥੇ ਰੱਖੇ ਨੇ

ਅਗਲੀ ਵਾਰ ਮੈਂ

ਤੇਰੇ ਸਾਰੇ ਖ਼ਤ ਲੱਭ ਕੇ ਲਿਆਵਾਂਗੀ..

ਅੱਖਾਂ ਤੋਂ ਮਨ ਤੱਕ ਵਹਿੰਦੀ

ਖ਼ੂਨ ਦੀ ਵੇਈਂ

ਰੇਤ ਦੀ ਚੁਟਕੀ ਭਰ ਕੇ

ਘੱਲਣ ਵਰਗੀ ਗੱਲ ਲੱਗਦੀ ਹੈ

ਤਾਂ ਇਹ ਦੱਸ

ਭੋਜ ਪੱਤਰਾਂ ਉੱਤੇ

ਜਿਹੜੇ ਖ਼ਤ ਮੈਂ ਤੈਨੂੰ ਲਿਖੇ ਸਨ

ਉਹ

ਖ਼ਾਬ ਬਣ ਕੇ ਰਹਿ ਜਾਣ ਲਈ ਲਿਖੇ ਸਨ

ਜਾਂ ਵਿਸ਼ਵਾਸ ਦੀ ਉਮਰ ਤੱਕਣ ਲਈ

ਤੂੰ ਅਜੇ....ਏਨਾ ਕੁ ਜਵਾਬ ਹੀ ਦੇਹ!

Tuesday, October 6, 2009

ਡਾ: ਸੁਖਪਾਲ - ਨਜ਼ਮ

ਦੋਸਤੋ! ਜਦੋਂ ਕਦੇ ਵੀ ਪੰਜਾਬੀ ਕਵਿਤਾ ਬਾਰੇ ਜ਼ਿਕਰ ਛਿੜਦਾ ਹੈ ਤਾਂ ਇਕ ਗੱਲ ਵਾਰ-ਵਾਰ ਸੁਣਨ ਨੂੰ ਮਿਲ਼ਦੀ ਹੈ ਕਿ ਪੰਜਾਬੀ ਕਵਿਤਾ ਅਜੇ ਉੱਥੇ ਨਹੀਂ ਪਹੁੰਚੀ. ਜਿੱਥੇ ਪਹੁੰਚਣੀ ਚਾਹੀਦੀ ਸੀ.....ਜਾਂ ਫਿਰ....ਆਧੁਨਿਕ ਪੰਜਾਬੀ ਕਵਿਤਾ ਰੀਸਾਈਕਲਿੰਗ ਦੀ ਮਾਤਰਾ ਵਧੇਰੇ ਹੈ....ਆਮ ਤੌਰ ਤੇ ਮੈਂ ਚੁੱਪ ਹੋ ਜਾਂਦੀ ਹੁੰਦੀ ਆਂ ਕਿਉਂਕਿ ਬਹੁਤੀ ਵਾਰ ਬੋਲਣ ਨਾਲ਼ੋਂ ਸੁਣਨਾ ਸੁਖਦਾਇਕ ਹੁੰਦਾ ਹੈ।

----

ਮੈਨੂੰ ਡਾ: ਸੁਖਪਾਲ ਜੀ ਦੀ ਕਵਿਤਾ ਪੜ੍ਹਦਿਆਂ ਜਾਪਦਾ ਹੁੰਦੈ ਕਿ ਪੰਜਾਬੀ ਕਵਿਤਾ ਬੁਲੰਦੀ ਤੇ ਹੈ...ਇਸ ਵਿਚ ਵੀ ਭੌਰਿਆਂ, ਪਤੰਗਿਆਂ, ਭਮੱਕੜਾਂ ਤੋਂ ਉੱਤੇ ਉੱਠਕੇ ਬਹੁਤ ਕੁਝ ਲਿਖਿਆ ਜਾ ਰਿਹਾ ਹੈ...ਜ਼ਰੂਰਤ ਸਿਰਫ਼ ਵਧੀਆ ਸਾਹਿਤ ਨੂੰ ਪੜ੍ਹਨ ਲਈ ਰੁਚੀ ਦਾ ਹੋਣਾ ਹੈ। ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਜਿੱਥੇ ਕਿਤੇ ਸ਼ਾਇਰੀ ਨਾਲ਼ ਹਵਾਲਾ ਦੇਣਾ ਹੋਵੇ, ਓਥੇ ਉਹੀ ਦੋ-ਚਾਰ ਪੰਜਾਬੀ ਲੇਖਕਾਂ ਤੱਕ ਆਪਣੀ ਸੋਚ ਸੀਮਤ ਕਿਉਂ ਕਰ ਦਿੰਨੇ ਹਾਂ ??? ਕਿਉਂ ਨਹੀਂ ਅਸੀਂ ਨਵੇਂ ਅਤੇ ਵਧੀਆ ਲੇਖਕਾਂ ਨੂੰ ਪੜ੍ਹਦੇ ਅਤੇ ਖ਼ੂਬਸੂਰਤ ਆਧੁਨਿਕ ਸ਼ਾਇਰੀ ਦੀਆਂ ਉਦਾਹਰਣਾਂ ਦਿੰਦੇ ??? ਕਿਉਂ ਸਾਹਿਤਕ ਸਿਆਸਤ ਦੇ ਚੱਕਰਾਂ ਚ ਨਵੇਂ ਲੇਖਕਾਂ ਅਤੇ ਉਹਨਾਂ ਦੀ ਲੇਖਣੀ ਦਾ ਜ਼ਿਕਰ ਨਹੀਂ ਹੁੰਦਾ??? ਸ਼ਾਇਦ ਸੂਤ ਤੇ ਰੇਸ਼ਮ ਨੂੰ ਅਸੀਂ ਇਕੋ ਭਾਅ ਚ ਤੋਲਣ ਦੇ ਆਦੀ ਜਿਹੇ ਹੋ ਗਏ ਹਾਂ।

----

ਮੇਰੇ ਖ਼ਿਆਲ ਚ ਜਿਨ੍ਹਾਂ ਦਾ ਕੰਮ ਰੀਸਾਈਕਲਿੰਗ ਕਰਕੇ ਕਿਤਾਬਾਂ ਦੇ ਢੇਰ ਲਾਉਂਣ ਤੱਕ ਹੀ ਹੈ, ਉਹਨਾਂ ਕਰਕੇ ਪੰਜਾਬੀ ਕਵਿਤਾ ਦੀ ਤਰੱਕੀ ਨੂੰ ਅੱਖੋਂ ਪਰੋਖੇ ਨਾ ਕੀਤਾ ਜਾਵੇ। ਆਸ ਹੈ ਕਿ ਅੱਜ ਪੋਸਟ ਕੀਤੀ ਜਾ ਰਹੀ ਡਾ: ਸੁਖਪਾਲ ਜੀ ਦੀ ਨਜ਼ਮ ਪੜ੍ਹ ਕੇ ਤੁਸੀਂ ਵੀ ਜ਼ਰੂਰ ਮਹਿਸੂਸ ਕਰੋਂਗੇ ਕਿ ਅਜਿਹੀ ਕਵਿਤਾ ਕਿਸੇ ਵੀ ਭਾਸ਼ਾ ਵਿਚ ਰਚੀ ਜਾ ਰਹੀ ਸ਼ਾਇਰੀ ਤੋਂ ਪਿੱਛੇ ਜਾਂ ਘੱਟ ਨਹੀਂ ਹੈ। ਮੈਂ ਸਮਝਦੀ ਹਾਂ ਕਿ ਡਾ: ਸਾਹਿਬ ਦੀ ਕਿਤਾਬ ਰਹਣੁ ਕਿਥਾਊ ਨਾਹਿ ਚ ਪੰਜਾਬੀ ਵਾਰਤਕ ਅਤੇ ਕਵਿਤਾ ਨੇ ਨਵੀਆਂ ਸਿਖਰਾਂ ਛੋਹੀਆਂ ਹਨ। । ਇਹ ਕਿਤਾਬ ਹਰੇਕ ਪੰਜਾਬੀ ਸਾਹਿਤ ਪ੍ਰੇਮੀ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ ਕਿਉਂਕਿ ਇਸ ਦੇ ਹਰੇਕ ਅੱਖਰ ਦੀ ਬੁੱਕਲ਼ ਚੋਂ ਨਵਾਂ ਸੂਰਜ ਉਦੈ ਹੁੰਦਾ ਹੈ। ਇਸ ਕਿਤਾਬ 'ਚੋਂ ਵਾਰਤਕ ਵੀ ਥੋੜ੍ਹੇ-ਥੋੜ੍ਹੇ ਹਿੱਸਿਆਂ 'ਚ ਜਲਦ ਹੀ ਸਭ ਨਾਲ਼ ਸਾਂਝੀ ਕਰਾਂਗੀ। ਡਾ: ਸਾਹਿਬ... ਤੁਹਾਨੂੰ ਆਰਸੀ ਪਰਿਵਾਰ ਵੱਲੋਂ ਦਿਲੀ ਮੁਬਾਰਕਬਾਦ....ਜਿਹੜੀ ਨਵੀਂ ਕਿਤਾਬ ਤੁਸੀਂ ਲਿਖ ਰਹੇ ਓ, ਉਸਦਾ ਸਾਨੂੰ ਸਭ ਨੂੰ ਬੇਸਬਰੀ ਨਾਲ਼ ਇੰਤਜ਼ਾਰ ਰਹੇਗਾ। ਲਿਖਤਾਂ ਨੂੰ ਕਿਤਾਬੀ ਰੂਪ ਦੇਣ ਸਬੰਧੀ ਤੁਹਾਡੇ ਸੁਝਾਵਾਂ ਨੇ ਮੇਰੀ ਸੋਚ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ, ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

**************

ਖੂਹ

ਨਜ਼ਮ

ਮੁਲਤਾਨ ਦੇ ਪਿੰਡ ਦੇ

ਸਰਦਾਰ ਦੀ ਧੀ

ਨੀਵੀਂ ਜਾਤ ਦੇ ਮੁੰਡੇ ਨਾਲ਼

ਪਿਆਰ ਕਰ ਬੈਠੀ

.............

ਪੰਚਾਂ ਨੇ ਫੈਸਲਾ ਕੀਤਾ ਹੈ

ਮਾਣ ਬਹਾਲ ਕਰਨ ਲਈ ਸਰਦਾਰ

ਮੁੰਡੇ ਦੀ ਭੈਣ ਅਤੇ ਭਰਜਾਈ

ਨਾਲ਼ ਜਬਰ-ਜਨਾਹ ਕਰੇਗਾ

............

ਜਬਰ-ਜਨਾਹ ਨੇ ਦੁਹਾਂ ਔਰਤਾਂ ਦੇ

ਮਰਦਾਂ ਦਾ ਮਾਣ ਭੰਨ ਸੁੱਟਿਆ ਹੈ

ਇੱਕ ਦੇ ਬਾਪ ਦੂਜੀ ਦੇ ਖਸਮ ਨੇ

ਉਨ੍ਹਾਂ ਨੂੰ ਘਰੋਂ ਕੱਢ ਛੱਡਿਆ ਹੈ

.............

ਔਰਤ ਦਾ ਮਾਣ

ਮਰਦ ਦੇ ਹੱਥ ਵਿਚ ਹੈ

ਮਰਦ ਦਾ ਮਾਣ

ਔਰਤ ਦੇ ਇੱਕ ਅੰਗ ਵਿਚ ਹੈ

.............

ਔਰਤ ਦਾ ਇਹ ਅੰਗ ਖੂਹ ਹੈ

ਖੂਹ ਉਸਨੂੰ ਔਰਤ ਬਣਾਉਂਦਾ ਹੈ

ਉਸਨੂੰ ਗਹਿਰਾਈ ਦੇਂਦਾ ਹੈ

ਘੜੇ ਭਰ ਭਰ ਜ਼ਿੰਦਗੀ ਦੇਂਦਾ ਹੈ

ਮੌਤ ਵੀ ਦੇਂਦਾ ਹੈ

..............

ਔਰਤ ਦਾ ਖੂਹ ਨਾਲ਼ ਰਿਸ਼ਤਾ ਹੈ

ਰੋਜ਼ ਉਹ ਪਿੰਡ ਦੇ ਖੂਹ ਕੋਲ਼ ਜਾਂਦੀ ਹੈ

ਉਸ ਨਾਲ਼ ਗੱਲਾਂ ਕਰਦੀ ਹੈ

ਮੌਣ ਤੇ ਬਹਿ ਕੇ ਸਾਹ ਲੈਂਦੀ ਹੈ

ਆਪਣਾ ਦੁੱਖ ਦਸਦੀ ਹੈ

ਉਸਦਾ ਦੁੱਖ ਸੁਣਦਿਆਂ ਖੂਹ ਦੀਆਂ ਟਿੰਡਾਂ

ਭਰ ਭਰ ਵਗਦੀਆਂ ਹਨ

ਖੂਹ ਔਰਤ ਨੂੰ ਪਨਾਹ ਦਿੰਦਾ ਹੈ

ਉਸਨੂੰ ਮਾਣ ਦੇਂਦਾ ਹੈ

ਉਸਦਾ ਮਾਣ ਰੱਖਦਾ ਹੈ

ਖੁੱਸਿਆ ਮਾਣ ਮੋੜਦਾ ਹੈ

ਖੂਹ ਔਰਤ ਦਾ ਆਪਣਾ ਘਰ ਹੈ

..............

ਔਰਤ ਖੂਹ ਚੋਂ ਜੰਮਦੀ ਹੈ

ਆਪਣੇ ਵਿਚੋਂ ਖੂਹ ਜੰਮਦੀ ਹੈ

ਆਪਣੇ ਅੰਦਰ ਖੂਹ ਰੱਖਦੀ ਹੈ

ਜੀਣ ਵਾਸਤੇ ਖੂਹ ਲੱਭਦੀ ਹੈ

ਇੱਕ ਖੂਹ ਵਿਚੋਂ ਨਿਕਲ਼ਦੀ ਹੈ

ਦੂਜੇ ਵਿਚ ਜਾ ਪੈਂਦੀ ਹੈ

ਇੱਕ ਖੂਹ ਤੋਂ ਮੁਕਤ ਹੋਣ ਲਈ

ਦੂਜਾ ਖੂਹ ਲੱਭਦੀ ਹੇ

ਸਭ ਖੂਹਾਂ ਤੋਂ ਛੁੱਟਣ ਲਈ

ਖੂਹ ਲੱਭਦੀ ਹੈ

................

ਦੋਵੇਂ ਔਰਤਾਂ

ਪਿੰਡ ਦੇ ਖੂਹ ਵਿਚ

ਪਰਤ ਗਈਆਂ ਹਨ....

ਅੱਜ ਖੂਹ ਦੇ ਪਾਣੀ ਵਿਚ

ਉਬਾਲ਼ ਹੈ....


Monday, October 5, 2009

ਸੁਰਿੰਦਰ ਸੋਹਲ - ਗ਼ਜ਼ਲ

ਗ਼ਜ਼ਲ

ਗੁਲਚੀਨੀ ਦੇ ਪੱਤਿਆਂ ਤੇ ਕੀ ਲਿਖਿਆ ਤੇਰਾ ਨਾਂ।

ਜੀਕਣ ਰੱਖ ਰੱਖ ਕੇ ਅੰਗਾਰੇ ਸਾੜ ਲਈ ਹੈ ਛਾਂ।

-----

ਮੇਰੇ ਘਰ ਵਿਚ ਮੌਲਸਰੀ ਦਾ ਬੂਟਾ ਮੌਲ ਪਿਆ,

ਪਰ ਚੰਦਰਾ ਕੁਮਲ਼ਾ ਜਾਂਦਾ ਹੈ ਤੇਰਾ ਨਾਮ ਲਿਆਂ।

-----

ਇਸ ਚੋਂ ਵੀ ਤੇਰੇ ਨਕਸ਼ਾਂ ਦਾ ਝੌਲ਼ਾ ਪੈਂਦਾ ਹੈ,

ਸ਼ਾਮੀਂ ਸਾਡੇ ਘਰ ਆਵੇ ਜੋ, ਤੇਰੇ ਰੁੱਖ ਦੀ ਛਾਂ।

-----

ਨਕਲੀ ਬੇਖ਼ੁਸ਼ਬੋਏ ਫੁੱਲ ਕਮਰੇ ਅੰਦਰ ਤਕ ਕੇ,

ਗਮਲੇ ਦੇ ਵਿਚ ਲਗੀਆਂ ਅਸਲੀ ਥੋਰ੍ਹਾਂ ਹਸਦੀਆਂ।

-----

ਸੂਲ਼ਾਂ ਦਾ ਗੁੱਛਾ ਦ੍ਹੇ ਉਸ ਨੇ ਮੈਨੂੰ ਇੰਝ ਕਿਹਾ,

ਥੋਰ੍ਹਾਂ ਦੀ ਥਾਂ ਹੁਣ ਮੈਂ ਗੇਂਦੇ ਵਰਗੇ ਗੀਤ ਲਿਖਾਂ।

-----

ਚੌਰਸਤਾ ਕਰਦਾ ਹੈ ਸਾਜ਼ਿਸ਼, ਮਨ ਹੀ ਮਨ ਅੰਦਰ,

ਉਸ ਤੋਂ ਚੋਰੀ ਪਗਡੰਡੀਆਂ ਸੜਕਾਂ ਨੂੰ ਜਾ ਮਿਲ਼ੀਆਂ।


ਹਰਦਮ ਸਿੰਘ ਮਾਨ - ਗ਼ਜ਼ਲ

ਗ਼ਜ਼ਲ

ਰੰਗ ਸਮੇਂ ਦੇ ਵੇਂਹਦਾ ਚੱਲ

ਸੰਗ ਸਮੇਂ ਦੇ ਤੁਰਿਆ ਚੱਲ

-----

ਕੰਡੇ, ਕੰਕਰ ਚੁਗਦਾ ਚੱਲ

ਹਾਸੇ, ਖ਼ੁਸ਼ਬੂ ਵੰਡਦਾ ਚੱਲ

-----

ਉਚੀ ਸੋਚ 'ਤੇ ਪਹਿਰਾ ਰੱਖ,

ਹੋ ਕੇ ਨਿਮਰ, ਨਿਮਾਣਾ ਚੱਲ

-----

ਜਿੱਥੇ ਕੂੜ ਹਨੇਰ ਦਿਸੇ,

ਚਾਨਣ ਦੀ ਲੱਪ ਸੁਟਦਾ ਚੱਲ

-----

ਨਫ਼ਰਤ ਵੰਡਦੀ ਬਸਤੀ ਵਿਚ,

ਗੀਤ ਪਿਆਰ ਦੇ ਗਾਉਂਦਾ ਚੱਲ

-----

ਸ਼ਾਇਦ ਗੂੰਗੇ ਹੋ ਗਏ ਲੋਕ,

ਬੋਲ ਇਨ੍ਹਾਂ ਨੂੰ ਦਿੰਦਾ ਚੱਲ

-----

ਧੁੱਪ, ਤਸੀਹੇ ਜਿਸਮ ਉਤੇ,

ਰੁੱਖਾਂ ਵਾਂਗੂੰ ਸਹਿੰਦਾ ਚੱਲ

-----

ਜੀਵਨ ਮਘਦਾ ਰੱਖਣੈ 'ਮਾਨ'

ਸੁਪਨੇ ਨਵੇਂ ਸਜਾਉਂਦਾ ਚੱਲ

Sunday, October 4, 2009

ਮੇਜਰ ਮਾਂਗਟ - ਗੀਤ

ਗੀਤ

ਅੰਮੀਏ ਨੀ ਬੈਠਾ ਕਿਉਂ ਦੂਰ ਪ੍ਰਦੇਸਾਂ ਵਿਚ

ਲੱਭਦਾ ਫਿਰਾਂ ਨੀ ਤੇਰਾ ਪਿਆਰ।

ਵਿਚ ਪ੍ਰਦੇਸਾਂ ਦੇ ਜ਼ਿੰਦਗੀ ਨੀ ਕਾਹਦੀ ਮਾਏ,

ਰੁੱਖੇ-ਰੁੱਖੇ ਬੇਲੀ ਰੁੱਖੇ ਯਾਰ....

ਲੱਭਦਾ ਫਿਰਾਂ ਨੀ....

-----

ਘੜੀ ਦੀਆਂ ਸੂਈਆਂ ਨਾਲ਼ ਬੰਨ੍ਹੀ ਹੋਈ ਜ਼ਿੰਦਗੀ

ਇਕ ਪਲ ਸੁੱਖ ਤੇ ਆਰਾਮ ਨਾ,

ਦਿਨ ਰਾਤ ਕੰਮ ਦੀਆਂ ਗੱਲਾਂ ਹੋਈ ਜਾਣ ਏਥੇ

ਸਾਬੀ ਕੋਈ ਸੁਬ੍ਹਾ ਅਤੇ ਸ਼ਾਮ ਨਾ,

ਸਭਨਾਂ ਦੇ ਚਿਹਰੇ ਉੱਤੇ ਚੜ੍ਹੇ ਹੋਏ ਮਖੌਟੇ ਮਾਏ

ਕਿਹੜਾ ਜਾਣਾਂ ਫੁੱਲ ਹੈ ਕਿ ਖ਼ਾਰ...

ਲੱਭਦਾ ਫਿਰਾਂ ਨੀ....

-----

ਬੜਾ ਯਾਦ ਆਉਂਦਾ ਮੈਨੂੰ ਪਿੰਡ ਮੇਰਾ ਅੰਮੀਏ ਨੀ

ਜਿਥੇ ਕਦੇ ਖੇਡ ਮੌਜਾਂ ਮਾਣੀਆਂ,

ਕਰਕੇ ਸ਼ਰਾਰਤਾਂ ਸੀ ਕਿੰਨੀ ਵਾਰੀ ਕੁੱਟ ਖਾਧੀ

ਜਾਂਦੇ ਸੀ ਸਕੂਲ ਸੰਗ ਹਾਣੀਆਂ,

ਉਹਨਾਂ ਪੰਜਾਂ ਪਾਣੀਆਂ ਦੀ ਜਦੋਂ ਆਉਂਦੀ ਯਾਦ ਮਾਏ

ਮੈਥੋਂ ਹੁੰਦੀ ਨਾ ਸਹਾਰ...

ਲੱਭਦਾ ਫਿਰਾਂ ਨੀ...

-----

ਜਦੋਂ ਕਦੇ ਲੇਟ ਹੋ ਜਾਂਦਾ ਸੀ ਕਾਲਜ ਵਿਚੋਂ

ਬੂਹੇ ਵਿਚ ਖੜ੍ਹ ਸੀ ਉਡੀਕਦੀ,

ਏਥੇ ਆ ਕੇ ਰਹਿੰਦਿਆਂ ਨੂੰ ਕਿੰਨੇ ਵਰ੍ਹੇ ਹੋ ਗਏ ਮਾਏ

ਜਾਪਦੈ ਉਮਰ ਜਾਂਦੀ ਬੀਤਦੀ,

ਇਕ ਰਾਤ ਘਰੋਂ ਕਦੇ ਬਾਹਰ ਗੁਜ਼ਾਰੀ ਨਹੀਂ ਸੀ

ਆ ਗਏ ਹਾਂ ਸਮੁੰਦਰਾਂ ਤੋਂ ਪਾਰ....

ਲੱਭਦਾ ਫਿਰਾਂ ਨੀ....

-----

ਤੇਰੇ ਹੱਥੋਂ ਪੱਕੀ ਰੋਟੀ ਖਾਣੀ ਕਦੋਂ ਅੰਮੀਏ ਨੀ

ਜਦੋਂ ਹਾਂ ਮੈਂ ਬਹਿ ਕੇ ਸੋਚਦਾ,

ਪੀਜ਼ਿਆਂ, ਬਰੈੱਡਾਂ ਅਤੇ ਸੁੱਕੇ ਸੜੇ ਖਾਣਿਆਂ ਨੇ

ਲੱਗਦੈ ਸਰੀਰ ਮੇਰਾ ਨੋਚਤਾ,

ਕਿਹੜੇ ਕੰਮ ਦੌਲਤਾਂ ਦੀ ਭੁੱਖ ਮਾਏ ਮੇਰੀਏ

ਜੇ ਨੀ ਤੇਰਾ ਮਿਲ਼ਦਾ ਪਿਆਰ...

ਲੱਭਦਾ ਫਿਰਾਂ ਨੀ....

-----

ਸਾਡਾ ਪ੍ਰਦੇਸੀਆਂ ਦਾ ਕਾਹਦਾ ਜੀਣਾ, ਜਾਪਦਾ ਹੈ

ਜਿਵੇਂ ਦੋਨਾਂ ਬੇੜੀਆਂ ਚ ਬਹਿ ਗਏ,

ਧਰ ਕੇ ਜ਼ਮੀਨ ਚੰਗੇ ਦਿਨਾਂ ਲਈ ਨਿਕਲ਼ੇ ਸੀ

ਲੱਗਦੈ ਬਦੇਸ਼ਾਂ ਦੇ ਹੋ ਰਹਿ ਗਏ,

ਤੇਰੇ ਵੱਲੋਂ ਭੇਜੀ ਚਿੱਠੀ ਪੜ੍ਹ ਕੇ ਮੈਂ ਭੁੱਬੀਂ ਰੋਇਆ,

ਜਾਣਿਆ ਤੂੰ ਡਾਢੀ ਹੈਂ ਬੀਮਾਰ....

ਲੱਭਦਾ ਫਿਰਾਂ ਨੀ....

-----

ਨਿਗ੍ਹਾ ਤੇਰੀ ਘੱਟ ਗਈ ਤੇ ਸੁਣਨਾ ਵੀ ਹੋਇਆ ਉੱਚਾ

ਛੋਟੇ ਵੀਰ ਚਿੱਠੀ ਵਿਚ ਦੱਸਿਆ,

ਪਾਸਪੋਰਟ ਮੇਰਾ ਮਾਏ ਮਿਲ਼ੇ ਨਾ ਅੰਬੈਸੀ ਵਿਚੋਂ

ਪਿਆ ਹਾਂ ਮੁਸੀਬਤਾਂ ਚ ਫਸਿਆ,

ਮਾਂਗਟ ਸੁਣਾਵੇ ਕੀਹਨੂੰ ਦਰਦਾਂ ਦੀ ਵਿਥਿਆ

ਲੱਥੇ ਨਾ ਕਲੇਜੇ ਉੱਤੋਂ ਭਾਰ....

ਲੱਭਦਾ ਫਿਰਾਂ ਨੀ.....


Saturday, October 3, 2009

ਹਰਜਿੰਦਰ ਕੰਗ - ਗ਼ਜ਼ਲ

ਗ਼ਜ਼ਲ

ਪੋਲੇ ਪੋਲੇ ਪੈਰੀਂ ਤੇਰੇ ਸ਼ਹਿਰ ਮੈਂ ਫੇਰਾ ਪਾਵਾਂ।

ਤੇਰੇ ਦਰ ਤੇ ਸਜਦਾ ਕਰਕੇ ਰੋਜ਼ ਉਵੇਂ ਮੁੜ ਆਵਾਂ।

-----

ਧੂੜ ਵਿਛੋੜੇ ਦੀ ਹੈ ਦਿਲ ਤੋਂ ਵੱਟੀਆਂ ਬਣ ਬਣ ਲਹਿੰਦੀ,

ਬਿਰਹੋਂ ਦੇ ਵਿਚ ਲੱਥ-ਪੱਥ ਦਿਲ ਨੂੰ ਹੰਝੂਆਂ ਨਾਲ਼ ਨਹਾਵਾਂ।

-----

ਪੂਰਨਮਾਸ਼ੀ ਦਾ ਚੰਦਰਮਾ ਸਭ ਨੂੰ ਚਾਨਣ ਵੰਡੇ,

ਚਾਨਣ ਨੂੰ ਮਾਲੂਮ ਨਹੀਂ ਹੈ ਪਰ ਮੇਰਾ ਸਿਰਨਾਵਾਂ।

-----

ਤੇਰੀ ਯਾਦ ਲਗਾ ਦਿੰਦੀ ਹੈ ਮੈਨੂੰ ਫੇਰ ਕਿਨਾਰੇ,

ਮੈਂ ਤਾਂ ਬਿਰਹੋਂ ਦੇ ਸਾਗਰ ਵਿਚ ਨਿੱਤ ਹੀ ਡੁੱਬਣ ਜਾਵਾਂ।

-----

ਬਿਰਹੋਂ ਦੇ ਮੰਦਿਰ ਲੱਗਦਾ ਹੈ ਨਿੱਤ ਯਾਦਾਂ ਦਾ ਮੇਲਾ,

ਪੀੜਾਂ ਦੇ ਮੈਂ ਤਿਲ ਫੁੱਲ ਲੈ ਕੇ ਏਥੇ ਰੋਜ਼ ਚੜ੍ਹਾਵਾਂ।

-----

ਉਹ ਤੜਪੇਗਾ ਉਹ ਭਟਕੇਗਾ ਇਸ ਤਪਦੇ ਥਲ ਅੰਦਰ,

ਜਿਸ ਰੁੱਖਾਂ ਨੂੰ ਵਿਧਵਾ ਕੀਤੈ ਕ਼ਤਲ ਕਰਾ ਕੇ ਛਾਵਾਂ।

-----

ਇਸ ਗੁਲਸ਼ਨ ਵਿਚ ਰਹਿਣ ਬਹਾਰਾਂ ਕੰਗ ਕਿਆਮਤ ਤੀਕਰ,

ਮਹਿਕੇ ਬੂਟਾ ਬੂਟਾ ਇਸਦਾ ਕਰ ਇਹ ਰੋਜ਼ ਦੁਆਵਾਂ।

Friday, October 2, 2009

ਗੁਰਮੀਤ ਬਰਾੜ - ਨਜ਼ਮ

ਪੀੜ ਮਜਾਜਣ

ਨਜ਼ਮ

ਇਕ ਰੁੱਤ

ਵੰਝੀ ਸਹੁਰੇ

ਇਕ ਰੁੱਤ

ਮੁਕਲਾਵਣਹਾਰ

ਤੀਜੀ ਰੁੱਤ ਦੀ

ਮੱਤ ਨਿਆਣੀ

ਅਜੇ ਹੋਈ ਨਾ

ਮੁਟਿਆਰ

ਮਲੂਕ ਰੁੱਤਾਂ ਦਿਆ

ਆਸ਼ਕਾ

ਕਿਹੜੀ ਰੁੱਤ

ਤੈਨੂੰ ਵਰੀਏ

ਕਿਹੜੀ ਰੁੱਤ ਦੇ

ਵਟਣਾਂ ਮਲੀਏ

ਕਿਹੜੀ ਰੁੱਤ ਦਾ

ਕਾਰਜ ਕਰੀਏ

ਜਦ ਵੀ ਕਾਜ ਅਰੰਭੇ

ਤੈਨੂੰ ਪਰਨਾਵਣ ਦੇ

ਇੱਕ ਵੀ ਰਸਮ ਨਾ

ਸਿਰੇ ਚੜ੍ਹਾਈ

ਹਰ ਵਾਰੀ ਅਸੀਂ

ਭੁੱਲ ਭੁਲੇਖੇ

ਪੀੜ ਮਜਾਜਣ

ਚੁੱਲ੍ਹੇ ਨਿਉਂਦ ਬਿਠਾਈ

===========

ਬਖ਼ਸ਼ਿਸ਼

ਨਜ਼ਮ

ਮੇਰੇ ਖ਼ੁਦਾਇਆ!

ਮੈਂ ਤਾਂ ਤੈਥੋਂ

ਦੀਵਿਆਂ ਲਈ ਲੋਅ ਮੰਗੀ ਸੀ

ਪਰ ਤੂੰ ਮੇਰੇ ਹੱਥਾਂ ਤੇ

ਧਰ ਦਿੱਤਾ ਮਘਦਾ ਸੂਰਜ

ਦੀਵਿਆਂ ਦੀ ਹੋਂਦ ਹੀ ਨਾ ਰਹੀ

.............

ਮੈਂ ਤਾਂ ਤੈਨੂੰ ਕੀਤੀ ਸੀ ਯਾਚਨਾ

ਤੇਹ ਨੂੰ ਤ੍ਰੇਲ ਨਾਲ ਬੁਝਾਉਂਣ ਦੀ

ਪਰ ਤੂੰ ਬਖ਼ਸ਼ਿਆ

ਅਥਾਹ ਸਮੁੰਦਰ

ਘੁੱਟ ਵੀ ਪਾਣੀ ਨਹੀਂ ਸੀ

ਪੀਣ ਜੋਗਾ

............

ਮੇਰੀ ਅਰਜੋਈ ਚ ਸੀ

ਟੁੱਟਦੇ ਸਾਹਾਂ ਲਈ ਲੋੜੀਂਦੀ

ਪ੍ਰਾਣ ਵਾਯੂ ਦਾ ਬੁੱਲਾ

ਪਰ ਤੂੰ ਝੁਲਾ ਦਿੱਤੇ

ਝੱਖੜ-ਝੋਲੇ

ਤੇ ਰੁਕ ਗਿਆ ਮੇਰਾ

ਅੰਦਰਲਾ ਸਾਹ ਅੰਦਰ

ਤੇ ਬਾਹਰਲਾ ਬਾਹਰ

............

ਸੋਧਿਆ ਸੀ ਅਰਦਾਸਾ

ਢਕਣ ਲਈ ਸਿਰ

ਇਕ ਟਾਕੀ ਅੰਬਰ

ਤੇਰੇ ਦਿੱਤੇ ਆਕਾਸ਼ ਨੇ

ਕੱਜ ਦਿੱਤਾ ਮੇਰਾ ਹੀ ਵਜੂਦ

..............

ਮੈਂ ਰਹਿ ਗਿਆ ਫੇਰ ਦਿਗੰਬਰ

ਦਰਕਾਰ ਸੀ ਮੈਨੂੰ ਤੈਥੋਂ

ਢਾਈ ਪੈਰ ਜ਼ਮੀਨ

ਪਰ ਨਾਪ ਨਹੀਂ ਸਕੇ

ਸਕੇ ਮੇਰੇ ਬੋਝਲ

ਨਿਓਛਾਵਰ ਕੀਤੀ ਧਰਤੀ

ਮੇਰੇ ਪਰਵਰਦੀਗਾਰ

ਸਭ ਨੂੰ ਬਖ਼ਸ਼ ਦੇ

ਮੁਹੱਬਤਾਂ ਦੀ ਅਗਨ,

ਰਸ ਜੀਭਾਂ ਲਈ,

ਵਗਦੇ ਸਾਹ,

ਸਿਰ ਜੋਗਾ ਆਸਮਾਨ

ਤੇ ਪੈਰਾਂ ਜੋਗੀ ਜ਼ਮੀਨ

Thursday, October 1, 2009

ਇਫ਼ਤਿਖ਼ਾਰ ਨਸੀਮ – ਉਰਦੂ ਰੰਗ

ਗ਼ਜ਼ਲ

ਹਾਥ ਲਹਿਰਾਤਾ ਰਹਾ ਵੋ ਬੈਠ ਕਰ ਖਿੜਕੀ ਕੇ ਸਾਥ।

ਮੈਂ ਅਕੇਲਾ ਦੂਰ ਤਕ ਭਾਗਾ ਗਯਾ ਗਾੜੀ ਕੇ ਸਾਥ।

-----

ਹੋ ਗਯਾ ਹੈ ਯੇ ਮਕਾਂ ਖ਼ਾਲੀ ਸਦਾਓਂ ਸੇ ਮਗਰ,

ਜ਼ਿਹਨ ਅਬ ਤਕ ਗੂੰਜਤਾ ਹੈ ਰੇਲ ਕੀ ਸੀਟੀ ਕੇ ਸਾਥ।

-----

ਮੁੱਦਤੇਂ ਜਿਸ ਕੋ ਲਗੀ ਥੀਂ ਮੇਰੇ ਪਾਸ ਆਤੇ ਹੂਏ,

ਹੋ ਗਯਾ ਮੁਝ ਸੇ ਜੁਦਾ ਵੋ ਕਿਸ ਕਦਰ ਤੇਜ਼ੀ ਕੇ ਸਾਥ।

-----

ਕੋਈ ਬਾਦਲ ਮੇਰੇ ਤਪਤੇ ਜਿਸਮ ਪਰ ਬਰਸਾ ਨਹੀਂ,

ਚਲ ਰਹਾ ਹੂੰ ਜਾਨੇ ਕਬ ਸੇ ਜਿਸਮ ਕੀ ਗਰਮੀ ਕੇ ਸਾਥ।

-----

ਨੀਂਦ ਕਤਰਾ ਕੇ ਗੁਜ਼ਰ ਜਾਤੀ ਹੈ ਆਂਖੋਂ ਸੇ ਨਸੀਮ,

ਜਾਗਤਾ ਰਹਿਤਾ ਹੂੰ ਅਬ ਮੈਂ ਸ਼ਬ ਕੀ ਵੀਰਾਨੀ ਕੇ ਸਾਥ।

*********

ਗ਼ਜ਼ਲ ਮੂਲ ਉਰਦੂ ਤੋਂ ਪੰਜਾਬੀ ਲਿਪੀਅੰਤਰ: ਸੁਰਿੰਦਰ ਸੋਹਲ