ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, September 21, 2009

ਉਸਤਾਦ ਬਰਕਤ ਰਾਮ 'ਯੁਮਨ' - ਗ਼ਜ਼ਲ

ਗ਼ਜ਼ਲ

ਔਖਾ ਏ ਵਿਛੋੜਾ ਵੀ, ਮਿਲਣਾ ਵੀ ਖ਼ਰੀ ਮੁਸ਼ਕਿਲ

ਜਿੱਧਰ ਵੀ ਨਜ਼ਰ ਕੀਤੀ, ਓਧਰ ਹੀ ਧਰੀ ਮੁਸ਼ਕਿਲ

-----

ਹਰ ਗੱਲ ਦੀ ਸਹੂਲਤ ਸੂ, ਦੇ ਰੱਖੀ ਸ਼ਰੀਕਾਂ ਨੂੰ

ਸੋਚਣ ਦੀ ਮਿਰੇ ਬਾਰੇ, ਹਾਮੀ ਵੀ ਭਰੀ ਮੁਸ਼ਕਿਲ

-----

ਉਹ ਮਿਲ ਕੇ ਕਦੋਂ ਬੈਠਾ, ਉਹ ਰਲ਼ ਕੇ ਕਦੋਂ ਟੁਰਿਆ

ਜਿਸ ਕਹਿ ਤਾਂ ਲਈ ਸੌਖੀ, ਪਰ ਸੁਣ ਕੇ ਜਰੀ ਮੁਸ਼ਕਿਲ

-----

ਦੁਸ਼ਮਣ ਵੀ ਨਾ ਫਸ ਜਾਵੇ, ਜ਼ੁਲਫਾਂ ਦੇ ਸ਼ਿਕੰਜੇ ਵਿਚ

ਇਸ ਫਾਹੀ ਜੋ ਫਸਿਆ, ਹੋਵੇਗਾ ਬਰੀ ਮੁਸ਼ਕਿਲ

-----

ਖਿੱਚ ਧੂ ਕੇ ਲਿਆਂਦਾ , ਜ਼ਿੰਦਗੀ ਨੂੰ ਅਜ਼ਲ ਤੀਕਰ

ਚਲ ਤਰ ਤੇ ਗਈ ਬੇੜੀ, ਮੰਨਿਆਂ ਕਿ ਤਰੀ ਮੁਸ਼ਕਿਲ

-----

ਭੁੱਲ ਕੇ ਵੀ ਹਵਸ ਉੱਤੇ, ਠੱਗਿਆ ਦਿਲਾ ਜਾਵੀਂ

ਜੜ੍ਹ ਚੱਟੀ ਹੋਈ ਇਹਦੀ, ਹੁੰਦੀ ਹਰੀ ਮੁਸ਼ਕਿਲ

-----

ਦਮ ਗਿਣਵੇਂ ਯੁਮਨਰਹਿ ਗਏ, ਔਖੀ ਏ ਦਵਾ ਫੁਰਨੀ

ਬਸ ਚਾਰਾ ਗਰੋ ਜਾਵੋ, ਹੁਣ ਚਾਰਾ ਗਰੀ ਮੁਸ਼ਕਿਲ


Sunday, September 20, 2009

ਜਸਬੀਰ ਕਾਲਰਵੀ - ਨਜ਼ਮ

ਗੁੰਬਦ (1)

ਨਜ਼ਮ

ਮੇਰੇ ਮਨ ਦੇ ਗੁੰਬਦ

ਅਕਸਰ

ਗੂੰਜਦੀਆਂ ਨੇ

ਮੇਰੀ ਹੀ ਸੋਚ ਦੀਆਂ ਧੁਨੀਆਂ

ਧੁਨੀਆਂ

ਜੋ ਮੇਰੀ ਮੈਂ ਨਾਲ਼ ਜੁੜੀਆਂ ਹਨ

ਧੁਨੀਆਂ

ਜੋ ਮੇਰੇ ਘੇਰਿਆਂ ਨਾਲ਼ ਸੰਬੰਧਿਤ ਹਨ

ਧੁਨੀਆਂ

ਜੋ ਮੇਰੇ ਆਪਣੇ ਸਵੈ ਦੇ ਦਵੰਦ ਚ ਘਿਰੀਆਂ ਹਨ

..............

ਪਰ ਇਹ ਸੋਚ ਦੀਆਂ ਧੁਨੀਆਂ

ਕਦੇ ਵੀ ਮਨ ਦੇ ਗੁੰਬਦ ਤੋਂ

ਪਾਰ ਨਹੀਂ ਜਾਂਦੀਆਂ

ਇਹ ਅੰਦਰ ਹੀ ਅੰਦਰ

ਆਪਣੀ ਮੈਂ ਦਾ ਸੰਤਾਪ ਭੋਗਦੀਆਂ

ਆਪਣੇ ਘੇਰਿਆਂ ਬਾਰੇ ਵਿਚਾਰ ਚਰਚੇ ਕਰਦੀਆਂ

ਆਪਣੇ ਹੀ ਸਵੈ ਦੇ ਦਵੰਦ

ਨਿਰਦਵੰਦ ਹੋਣ ਦਾ ਯਤਨ ਕਰਦੀਆਂ

ਮਨ ਦੇ ਗੁੰਬਦ ਨਾਲ਼ ਟਕਰਾਉਂਦੀਆਂ

ਅਕਸਰ ਦੁੱਗਣੀ ਗੂੰਜ ਲੈ ਕੇ

ਵਾਪਸ ਪਰਤ ਆਉਂਦੀਆਂ

.............

ਮੇਰੇ ਮਨ ਦੇ ਗੁੰਬਦ

ਅਕਸਰ

ਗੂੰਜਦੀਆਂ ਨੇ

ਮੇਰੀ ਹੀ ਸੋਚ ਦੀਆਂ ਧੁਨੀਆਂ

=======

ਗੁੰਬਦ (2)

ਨਜ਼ਮ

ਮਨ ਦੇ ਗੁੰਬਦ ਅੰਦਰ

ਮੈਂ ਦੀ ਹਲਚਲ ਹੈ

ਮਨ ਦੇ ਗੁੰਬਦ ਬਾਹਰ

ਤੂੰ ਦਾ ਠਹਿਰਾਓ ਹੈ

.........

ਜਿਸ ਵਿਚ ਸੂਰਜੀ ਰੌਸ਼ਨੀਆਂ ਹਨ

ਤੱਤੀਆਂ ਠੰਢੀਆਂ ਹਵਾਵਾਂ ਹਨ

ਪੰਛੀਆਂ ਦੀਆਂ ਉਡਾਰੀਆਂ ਹਨ

ਦੀਵਿਆਂ ਦੀ ਲੋਅ ਦੇ

ਇਕ-ਮਿਕ ਹੁੰਦੇ ਰੰਗ ਨੇ

ਰੌਸ਼ਨੀਆਂ ਦੀ ਕਿਣ ਮਿਣ ਹੈ

ਸਤਰੰਗੀਆਂ ਪੀਂਘਾਂ ਹਨ

ਅਨੰਤ ਫੈਲਾਓ ਹੈ

ਜੋ ਕਿਸੇ ਮਹਾਂਹਲਚਲ ਅੰਦਰ

ਅਸੀਮ ਠਹਿਰਾਓ ਹੋਣ ਦੀ

ਕੋਸ਼ਿਸ਼ ਚ ਹੈ

............

ਮੈਂ ਦੀ ਹਲਚਲ

ਕਿੰਨਾ ਠਹਿਰਾਓ ਹੈ?

'ਤੂੰ' ਦੇ ਠਹਿਰਾਓ

ਕਿੰਨੀ ਗਤੀ ਹੈ?

Saturday, September 19, 2009

ਸੁਖਦੇਵ ਸਿੰਘ ਗਰੇਵਾਲ - ਗ਼ਜ਼ਲ

ਦੋਸਤੋ! ਨਾਭਾ, ਪੰਜਾਬ ਵਸਦੇ ਲੇਖਕ ਸੁਖਦੇਵ ਸਿੰਘ ਗਰੇਵਾਲ ਜੀ ਦੀਆਂ ਗ਼ਜ਼ਲਾਂ ਆਪਾਂ ਆਰਸੀ ਚ ਪਹਿਲਾਂ ਵੀ ਸ਼ਾਮਲ ਕਰ ਚੁੱਕੇ ਹਾਂ, ਪਰ ਉਹਨਾਂ ਦਾ ਸਾਹਿਤਕ ਵੇਰਵਾ ਕਿਤਾਬਾਂ ਦੇ ਨਾਲ਼ ਹੁਣ ਪਹੁੰਚਿਆ ਹੈ। ਸੋ ਸਤਿਕਾਰ ਸਹਿਤ ਸ਼ਾਮਲ ਕਰ ਰਹੀ ਹਾਂ। ਸ਼ੁਕਰੀਆ।

ਤਨਦੀਪ ਤਮੰਨਾ

************

ਸਾਹਿਤਕ ਨਾਮ: ਸੁਖਦੇਵ ਗਰੇਵਾਲ

ਜਨਮ; 18 ਮਈ, 1931

ਅਜੋਕਾ ਨਿਵਾਸ: ਨਾਭਾ, ਪੰਜਾਬ ( ਇੰਡੀਆ )

ਕਿਤਾਬਾਂ: ਕਾਵਿ-ਸੰਗ੍ਰਹਿ: ਪੀੜਾਂ ਹਿਜਰ ਦੀਆਂ, ਮੋਤੀਆਂ ਦੀ ਲੜੀ, ਗੀਤ-ਸੰਗ੍ਰਹਿ: ਇਸ਼ਕ ਲਭੇਂਦਾ ਪੈੜ, ਗ਼ਜ਼ਲ-ਸੰਗ੍ਰਹਿ: ਉਦਾਸ ਸੂਰਜ, ਚਿੱਟੇ ਲਫ਼ਜ਼ ਉਦਾਸ ਰੰਗ, ਕਾਫ਼ਲੇ ਯਾਦਾਂ ਦੇ , ਸਹਿਮੀ ਰੌਸ਼ਨੀ, ਮਹਿਕਦੀ ਤਨਹਾਈ, ਮਹਿਕਦੇ ਪਲ, ਪਰਛਾਵਿਆਂ ਦੀ ਖ਼ੁਸ਼ਬੋ, ਬਾਲ ਕਾਵਿ-ਸੰਗ੍ਰਹਿ: ਮਹਿਕਦੇ ਫੁੱਲ, ਭਾਂਤ-ਭਾਂਤ ਦੀ ਖ਼ੁਸ਼ਬੋ, ਹੀਰੇ ਮੋਤੀ, ਰਲ਼ ਮਿਲ਼ ਗਾਈਏ, ਰੰਗ ਬਿਰੰਗੇ ਫੁੱਲ, ਮਹਿਕਾਂ ਭਰੀ ਪਟਾਰੀ, ਕਹਾਣੀ ਸੰਗ੍ਰਹਿ: ਸੂਰਾ ਸੋ ਪਹਿਚਾਨੀਐ, ਬਾਲ ਯੋਧਾ, ਕਰਕ ਕਲੇਜੇ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਅਨੇਕਾਂ ਕਿਤਾਬਾਂ ਚ ਗਰੇਵਾਲ ਸਾਹਿਬ ਦੀਆਂ ਲਿਖਤਾਂ ਸ਼ਾਮਲ ਹਨ।

----

ਇਨਾਮ-ਸਨਮਾਨ: ਭਾਈ ਕਾਹਨ ਸਿੰਘ ਸਨਮਾਨ, (ਨਾਭਾ) ਸਾਹਿਤ ਸ੍ਰੀ ਐਵਾਰਡ (ਪੰਜਾਬ ਸੰਸਕ੍ਰਿਤ ਅਕਾਦਮੀ ਨਾਭਾ), ਸੁਰਜੀਤ ਰਾਮਪੁਰੀ ਯਾਦਗਾਰੀ ਐਵਾਰਡ ( ਪੰਜਾਬੀ ਗ਼ਜ਼ਲ ਮੰਚ ਫਿਲੌਰ), ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਐਵਾਰਡ (ਭਾਸ਼ਾ ਵਿਭਾਗ ਪੰਜਾਬ) ਅਤੇ ਹੋਰ ਅਨੇਕਾਂ ਸਾਹਿਤ ਸਭਾਵਾਂ ਵੱਲੋਂ ਲਿਖਤਾਂ ਬਦਲੇ ਸਨਮਾਨਿਆ ਜਾ ਚੁੱਕਾ ਹੈ।

**********

ਗ਼ਜ਼ਲ

ਪਿਆਰ ਦੀ ਇਕ ਧੁੱਪ ਨਿੱਘੀ ਦਰ ਤੇ ਖੜ੍ਹ ਕੇ ਮੁੜ ਗਈ।

ਹਰ ਖ਼ੁਸ਼ੀ ਫਿਰ ਨਾਲ਼ ਉਸਦੇ ਮਹਿਕ ਵਾਂਗੂੰ ਉੜ ਗਈ।

-----

ਓਸ ਖ਼ੁਸ਼ਬੂ ਦੀ ਨਾ ਕੋਈ ਪੈੜ ਨਾ ਹੀ ਥਹੁ ਪਤਾ,

ਜੋ ਮੇਰੇ ਰਾਹਾਂ ਚ ਸੀ ਭਰ ਕੇ ਰੰਗੀਨੀ ਮੁੜ ਗਈ।

-----

ਔਖੀਆਂ ਘੜੀਆਂ ਦੀ ਖੁਲ੍ਹੀ ਦਾਤ ਬਖ਼ਸ਼ਣ ਵਾਲ਼ਿਆ,

ਡੋਲਿਆ ਮੈਂ ਤਾਂ ਨਹੀਂ ਕਿਉਂ ਦਾਤ ਤੈਥੋਂ ਥੁੜ ਗਈ।

-----

ਜਾਪਦਾ ਹੈ ਚੀਸ ਇਸਦੀ ਉਮਰ ਭਰ ਪੈਂਦੀ ਰਹੂ,

ਪਿਆਰ ਦੀ ਇਕ ਛਿਲਤ ਮੇਰੇ ਦਿਲ ਚ ਐਸੀ ਪੁੜ ਗਈ।

-----

ਸੌਂ ਗਈ ਫਿਰ ਕਿਸ ਤਰ੍ਹਾਂ ਬੇਫ਼ਿਕਰ ਹੋ ਕੇ ਦੇਖ ਲਉ,

ਜਦ ਕਦੀ ਕੋਈ ਨਦੀ ਸਾਗਰ ਚ ਜਾ ਕੇ ਜੁੜ ਗਈ।

-----

ਮੈਂ ਜਦੋਂ ਨ੍ਹੇਰੇ ਚ ਵੀ ਤੁਰਦਾ ਰਿਹਾਂ ਤੁਰਦਾ ਰਿਹਾਂ,

ਰੌਸ਼ਨੀ ਸੂਰਜ ਤੇ ਚੰਨ ਦੀ ਕਿਸ ਤਰ੍ਹਾਂ ਸੀ ਕੁੜ੍ਹ ਗਈ।

-----

ਸੱਜਣਾ ਬਾਝੋਂ ਜਦੋਂ ਇਕ ਰਾਤ ਵੀ ਕੱਟ ਹੋਈ ਨਾ,

ਪਿਆਰ ਦੀ ਮਿੱਟੀ ਦੀ ਕਿਸ਼ਤੀ ਫਿਰ ਝਨਾਂ ਵਿਚ ਰੁੜ੍ਹ ਗਈ।

-----

ਮੈਂ ਜਦੋਂ ਮੁਰਝਾਏ ਫੁੱਲ ਦੇ ਕੋਲ਼ ਜਾ ਕੇ ਪਹੁੰਚਿਆ,

ਉਸ ਕਿਹਾ, 'ਸਾਬਤ ਹਾਂ ਮੈਂ, ਹੈ ਮਹਿਕ ਐਪਰ ਉੜ ਗਈ'।

=========

ਗ਼ਜ਼ਲ

ਵਿਸਰ ਜਾਂਦੇ ਉਮਰ ਭਰ ਦੇ ਫੇਰ ਸਭ ਸ਼ਿਕਵੇ ਗਿਲੇ।

ਭਟਕਦਾ ਹੋਇਆ ਅਸਾਂ ਨੂੰ ਜਦ ਕੁਈ ਰਾਹੀ ਮਿਲ਼ੇ।

-----

ਬਿਰਖ ਦੀ ਗੋਦੀ ਚ ਅੱਜ ਤਾਂ ਕੋਈ ਨਾ ਪੱਤਾ ਹਿਲੇ।

ਇਸਤਰ੍ਹਾਂ ਦਾ ਪਿਆਰ ਯਾਰੋ ਹਰ ਕਿਸੇ ਨੂੰ ਹੀ ਮਿਲ਼ੇ।

-----

ਧਰਤ ਤੋਂ ਆਕਾਸ਼ ਤੀਕਰ ਖ਼ੁਸ਼ਬੂ ਖ਼ੁਸ਼ਬੂ ਹੋ ਗਈ,

ਚੰਨ ਵਿਚ ਕਤਦੀ ਕੁੜੀ ਦੇ ਹੋਂਠ ਜਦ ਕਦ ਵੀ ਹਿਲੇ।

-----

ਨ੍ਹੇਰਿਆਂ ਤੇ ਨੂਰ ਦੀ ਰਹਿਮਤ ਬਰਸਦੀ ਹੈ ਉਦੋਂ,

ਚੀਰ ਜਦ ਕਾਲ਼ੀ ਘਟਾ ਨੂੰ ਚੰਨ ਦਾ ਚਿਹਰਾ ਖਿਲੇ।

-----

ਬੇਕਸੂਰਾ ਜਦ ਕੋਈ ਭੁਗਤੇ ਸਜ਼ਾ ਦੁੱਖ ਹੋਂਵਦਾ,

ਅੱਖੀਆਂ ਦੇ ਦੋਸ਼ ਦੇ ਤਾਂ ਦਿਲ ਨੇ ਭੁਗਤੇ ਨੇ ਸਿਲੇ।

-----

ਮੈਂ ਤਾਂ ਪਤਝੜ ਨੂੰ ਵੀ ਹੈ ਬੇਹਦ ਸਜਾ ਕੇ ਰੱਖਿਆ,

ਫੁੱਲ ਸੂਹੇ ਮਨ ਚ ਹਨ ਸੁਖਦੇਵ ਦੇ ਰਹਿੰਦੇ ਖਿਲੇ।


Friday, September 18, 2009

ਅਜਾਇਬ ਚਿਤ੍ਰਕਾਰ - ਗ਼ਜ਼ਲ

ਗ਼ਜ਼ਲ

ਅਮਲਤਾਸ ਦੇ ਬੂਟੇ ਹੇਠਾਂ ਯਾਦ ਤਿਰੀ ਇਉਂ ਆਈ।

ਮਿੱਠੀ ਠੰਢੀ ਲੈ ਖ਼ੁਸ਼ਬੋਈ,ਆਵੇ ਜਿਉਂ ਪੁਰਵਾਈ।

-----

ਕਿਸ ਬੇ-ਕਿਰਕੇ ਤੀਰ ਚਲਾਕੇ, ਸੁੱਟੀ ਧਰਤੀ ਉੱਤੇ?

ਉੱਚ ਅਸਮਾਨੀਂ ਉਡਦੀ ਸੀ ਜੋ ਕਵਿਤਾ ਦੀ ਮੁਰਗਾਈ।

-----

ਸੂਰਜ, ਸੂਰਜ ਕਹਿ ਕੇ ਮੈਨੂੰ ਕ਼ਤਲ ਉਨ੍ਹਾਂ ਨੇ ਕੀਤਾ,

ਰਾਤੀਂ, ਸਿਰ ਚੋਂ ਜਦੋਂ ਅਚਾਨਕ ਕਿਰਨ ਮਿਰੇ ਉਗ ਆਈ।

-----

ਨੰਗੇ ਪੈਰੀਂ ਵੀ ਮੰਜ਼ਿਲ ਵਲ ਰੋਜ਼ ਅਸੀਂ ਤਾਂ ਤੁਰਨਾ,

ਹੋਵੇ ਕਿੰਨਾ ਔਝੜ ਪੈਂਡਾ, ਹੋਵੇ ਲੱਖ ਕੰਡਿਆਈ।

-----

ਮਿਹਨਤ ਰੋਈ, ਅੱਥਰੂ ਡਿੱਗੇ, ਬੀਜ ਬਣੇ ਤੇ ਉੱਗੇ,

ਪਰਿਵਰਤਨ ਦੀ ਸੁਰਖ਼ ਪਨੀਰੀ ਖੇਤ ਖੇਤ ਲਹਿਰਾਈ।


Thursday, September 17, 2009

ਸ਼ੇਰ ਸਿੰਘ ਕੰਵਲ - ਗ਼ਜ਼ਲ

ਗ਼ਜ਼ਲ

ਏਸ ਸ਼ਹਿਰ ਦੀ ਗੱਲ ਭਲਾ ਅੱਜ-ਕਲ੍ਹ ਦੀ ਹੈ?

ਇਕ ਅੱਧੀ ਅਫ਼ਵਾਹ ਤਾਂ ਏਥੇ ਚਲਦੀ ਹੈ।

-----

ਗਲ਼ੀ-ਗੁਆਂਢ ਚ ਉਂਗਲ਼ਾਂ ਉੱਚੀਆਂ ਹੁੰਦੀਆਂ ਹਨ,

ਵਿਧਵਾ ਯੁਵਤੀ ਜਦ ਵੀ ਸੂਟ ਬਦਲਦੀ ਹੈ।

-----

ਤੇਰਾ ਜਾਣਾ ਉਸ ਪਲ ਚੇਤੇ ਆਉਂਦਾ ਹੈ,

ਦਫ਼ਤਰ ਕੋਲ਼ੋਂ ਦੀ ਜਦ ਰੇਲ ਗੁਜ਼ਰਦੀ ਹੈ।

-----

ਵਰ੍ਹਿਆਂ ਪਿਛੋਂ ਫਿਰ ਓਵੇਂ ਹੀ ਲੱਗਿਆ ਹੈ,

ਉਹ ਕੋਠੇ ਦੀ ਛੱਤ ਤੇ ਬੈਠੀ ਪੜ੍ਹਦੀ ਹੈ।

-----

ਉਹੀਓ ਚੌਂਕ ਪਿਆਰਾ ਸਾਨੂੰ ਲਗਦਾ ਹੈ,

ਜਿਥੋਂ ਤੇਰੇ ਘਰ ਨੂੰ ਸੜਕ ਨਿਕਲ਼ਦੀ ਹੈ।

-----

ਤੂੰ ਤਾਂ ਅੱਜ-ਕਲ੍ਹ ਇਕ ਬੰਗਲੇ ਦੀ ਕ਼ੈਦਣ ਹੈਂ,

ਵੇਖ ਫ਼ਕੀਰਾਂ ਦੀ ਗੱਲ ਸ਼ਹਿਰੀਂ ਚਲਦੀ ਹੈ।

-----

ਸ਼ੀਸ਼ਾ ਵੀ ਅੱਜ ਕਰਦਾ ਸਾਨੂੰ ਮਸ਼ਕਰੀਆਂ,

ਮੂੰਹ ਤੇ ਧੌਲ਼ੇ ਕਹਿਣ ਜੁਆਨੀ ਢਲ਼ਦੀ ਹੈ

Wednesday, September 16, 2009

ਸੰਤੋਖ ਧਾਲੀਵਾਲ - ਨਜ਼ਮ

(ਪੰਜਾਬੀ ਦੀ ਅਜ਼ੀਮ ਸ਼ਾਇਰਾ ਬਿਪਨਪ੍ਰੀਤ ਦੇ ਇੱਕ ਦਿਨ ਮੇਰੇ ਘਰ ਪੈਰ ਪਾਉਂਣ ਤੇ....)

ਧੀਆਂ

ਨਜ਼ਮ

ਉਹ ਧੀ ਬਣ ਕੇ ਆਈ

ਤੇ ਚਲੀ ਗਈ

ਬਸ ਹੁਣ ਸੋਚੀ ਜਾ ਰਿਹਾਂ

ਕਿ---

ਧੀਆਂ ਕਿਉਂ ਚਲੀਆਂ ਜਾਂਦੀਆਂ ਹਨ?

ਪੌਣਾਂ ਕਿਉਂ ਓਪਰੀਆਂ ਵਗਣ ਲਗਦੀਆਂ ਹਨ?

ਕਿਉਂ ਮਹਿਕਾਂ ਨੂੰ ਉਧਾਲ ਲੈ ਜਾਂਦੀਆਂ ਹਨ?

ਬਾਬਲ ਦੇ ਬਾਗਾਂ ਤੋਂ ਦੂਰ

ਓਪਰੇ ਬਾਗਾਂ ਦੀ ਖਾਤਰ

...............

ਕਿਉਂ ਨਹੀਂ ਅੜੀ ਕਰਦੀਆਂ ਮਹਿਕਾਂ

ਕਿਉਂ ਨਹੀਂ ਵੰਗਾਰਦੀਆਂ

ਓਪਰੀਆਂ ਪੌਣਾਂ ਨੂੰ?

ਕਿਉਂ ਨਹੀਂ ਮੰਗਦੀਆਂ

ਆਪਣੇ ਹਿੱਸੇ ਦੀ

ਬਾਬਲ ਦੇ ਵਿਹੜੇ ਦੀ ਖ਼ੁਸ਼ਬੋ?

ਕਿਉਂ ਨਹੀਂ ਚੜ੍ਹਦੀਆਂ ਜੰਞੇ?

ਕਿਉਂ ਨਹੀਂ ਬੰਨ੍ਹਦੀਆਂ ਸਿਹਰੇ?

ਕਿਉਂ ਨਹੀਂ ਬਦਲਦੀਆਂ ਰੋਲ?

ਕਿਉਂ ਨਹੀਂ ਲਲਕਾਰਦੀਆਂ

ਸ਼ਗਨਾਂ ਦੇ ਗੀਤਾਂ ਨੂੰ?

ਕਿਉਂ ਨਹੀਂ ਵੰਗਾਰਦੀਆਂ

ਮਾਂ ਦੀ ਚੁੱਪ ਕਰਕੇ ਤੁਰ ਜਾਣ ਦੀ ਅਸੀਸ ਨੂੰ?

ਕਿਉਂ ਨਹੀਂ ਮੰਗਦੀਆਂ

ਵੀਰੇ ਤੋਂ ਰੱਖੜੀ ਦਾ ਆਪਣਾ ਹੱਕ?

............

ਪਰ---

ਰੁਮਕਦੀਆਂ ਪੌਣਾਂ ਨੇ

ਸੀਤ ਬੁੱਲਿਆਂ ਨੇ

ਸਕੂਨ ਹੀ ਦੇਣਾ ਹੁੰਦਾ ਹੈ

ਕਿਵੇਂ ਹਨੇਰੀਆਂ ਚ ਬਦਲਣ

ਕਿਵੇਂ ਉਜਾੜਨ

ਬਾਬਲ ਦੇ ਵਸਦੇ ਮੰਦਰਾਂ ਦੇ ਬਗੀਚੇ?

................

ਮਹਿਕਾਂ ਤਾਂ ਫੁੱਲਾਂ ਨੂੰ

ਖਿੜਨ ਲਈ ਲਲਚਾਉਂਣਾ ਹੁੰਦਾ ਹੈ

ਫੇਰ ਕਿਵੇਂ ਡੂੰਘੀਆਂ ਕਰਨ

ਕੰਡਿਆਂ ਦੀਆਂ ਚੋਭਾਂ

ਕਿਵੇਂ ਨੀਵੀਂ ਕਰਨ

ਪਿਤਰੀ ਚਾਰ ਦੀਵਾਰੀ

ਬਾਪੂ ਦੇ ਸ਼ਮਲੇ ਦੀ ਆਕੜ

ਸ਼ਾਇਦ ਏਸੇ ਲਈ ਹੀ

ਧੀਆਂ ਚੁੱਪ ਕਰਕੇ

ਆਪਣੀਆਂ ਖ਼ਾਹਿਸ਼ਾਂ ਦੀ ਸਿਰੀ ਨੱਪ ਕੇ

ਬਾਬਲ ਦੇ ਵਿਹੜੇ ਨੂੰ

ਵਸਦਾ ਰਹਿਣ ਦੀ ਅਸੀਸ ਦੇ

ਉਸਦੀ ਸਾਰੀ ਖ਼ੁਸ਼ਬੋਈ ਸਮੇਟ

ਚਲੀਆਂ ਜਾਂਦੀਆਂ ਹਨ

ਕਿਸੇ ਓਪਰੇ ਵਿਹੜੇ ਨੂੰ

ਮਹਿਕਾਉਂਣ ਲਈ

ਵਸਾਉਂਣ ਲਈ


ਬਿਪਨਪ੍ਰੀਤ - ਨਜ਼ਮ

ਦੋਸਤੋ! ਧਾਲੀਵਾਲ ਸਾਹਿਬ ਦੀ ਨਜ਼ਮ ਚ ਬਿਪਨਪ੍ਰੀਤ ਜੀ ਦਾ ਜ਼ਿਕਰ ਵੇਖ ਕੇ ਮੈਨੂੰ ਯਾਦ ਆਇਆ ਕਿ ਸਰੀ, ਕੈਨੇਡਾ ਵਸਦੇ ਸ਼ਾਇਰ ਜਸਬੀਰ ਮਾਹਲ ਜੀ ਨੇ ਬਿਪਨਪ੍ਰੀਤ ਜੀ ਦੀ ਇੱਕ ਬੇਹੱਦ ਖ਼ੂਬਸੂਰਤ ਨਜ਼ਮ ਆਰਸੀ ਲਈ ਟਾਈਪ ਕਰਕੇ ਘੱਲੀ ਸੀ। ਪਰ ਮੈਂ ਰੁਝੇਵਿਆਂ ਚ ਉਸਨੂੰ ਪੋਸਟ ਕਰਨਾ ਹੀ ਭੁੱਲ ਗਈ।
----
ਪੁਰਾਣੀਆਂ ਈਮੇਲਾਂ ਚੈੱਕ ਕਰਨ ਤੇ 3 ਅਗਸਤ ਦੀ ਮਿਲ਼ੀ ਈਮੇਲ ਚੋਂ ਇਹ ਨਜ਼ਮ ਲੱਭ ਪਈ ਹੈ। ਸੋਚਿਆ ਕਿ ਧਾਲੀਵਾਲ ਸਾਹਿਬ ਨੇ ਆਪਣੀ ਨਜ਼ਮ ਬਿਪਨਪ੍ਰੀਤ ਜੀ ਦੇ ਨਾਮ ਕੀਤੀ ਹੈ ਤਾਂ ਕਿਉਂ ਨਾ ਇਸ ਖ਼ੂਬਸੂਰਤ ਨਜ਼ਮ ਨਾਲ਼ ਉਹਨਾਂ ਦੀ ਆਰਸੀ ਪਰਿਵਾਰ ਨਾਲ਼ ਪਹਿਲੀ ਸਾਹਿਤਕ ਸਾਂਝ ਪਵਾਈ ਜਾਵੇ। ਬਿਪਨ ਜੀ ਦੀ ਫੋਟੋ ਅਤੇ ਸਾਹਿਤਕ ਵੇਰਵਾ ਮੇਰੇ ਕੋਲ਼ ਜਿਉਂ ਹੀ ਪਹੁੰਚੇਗਾ, ਅਪਡੇਟ ਕਰ ਦਿੱਤੀ ਜਾਏਗੀ। ਉਹਨਾਂ ਦੀ ਕਿਸੇ ਲਿਖਤ ਨੂੰ ਪੜ੍ਹਨ ਦਾ ਇਹ ਮੇਰਾ ਵੀ ਇਹ ਪਹਿਲਾ ਮੌਕਾ ਹੈ। ਮਾਹਲ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*********

ਪੰਖੇਰੂ

ਨਜ਼ਮ

ਸੋਚਦੀ ਸਾਂ

ਨਾਨੀ ਨੇ ਮਾਂ ਦੇ

ਦੁਪੱਟੇ ਤੇ

ਚਿੜੀਆਂ ਕਬੂਤਰ

ਮੋਰ ਘੁੱਗੀਆਂ ਹੀ

ਕਿਉਂ ਬਣਾਏ

..........

ਮਾਂ ਦੱਸਦੀ ਏ-

ਨਾਨੀ ਨੇ ਇਹ ਦੁਪੱਟਾ ਦੇਂਦਿਆਂ

ਕਿਹਾ ਸੀ-

ਇਹਨਾਂ ਪੰਖੇਰੂਆਂ ਨੂੰ ਉੱਡਣ ਨਾ ਦੇਈਂ

.............

ਮਾਂ ਸਾਰੀ ਉਮਰ

ਇਹਨਾਂ ਦੀ ਰਾਖੀ ਤੇ ਲੱਗੀ ਰਹੀ

ਇਕ ਵੀ ਧਾਗਾ ਉਧੜਦਾ

ਨਾਨੀ ਦੀ ਦਿੱਤੀ

ਸੂਈ ਨਾਲ਼

ਖੰਭ ਗੰਢ ਦੇਂਦੀ

.............

ਫਿਰ ਮਾਂ ਨੇ

ਇਹ ਦੁਪੱਟਾ

ਮੈਨੂੰ ਦੇਂਦਿਆਂ ਕਿਹਾ-

ਇਹ ਪੰਛੀ ਬੜੇ ਬੇਸਬਰੇ ਹੁੰਦੇ

ਉੱਡਣ ਉੱਡਣ ਕਰਦੇ

ਤੇ ਚੁੱਪ ਹੋ ਗਈ

Tuesday, September 15, 2009

ਡਾ: ਦੇਵਿੰਦਰ ਕੌਰ - ਨਜ਼ਮ

ਮੇਰੀ ਕਵਿਤਾ
ਨਜ਼ਮ
ਮੇਰੀ ਕਵਿਤਾ
ਅੱਖਰਾਂ ਦੀ ਜਟਿਲ ਖੇਡ ਤੋਂ
ਤ੍ਰਹਿੰਦੀ ਹੈ
ਉਹ ਇਸ ਤੋਂ ਪਾਰ ਜਾਣਾ ਲੋਚਦੀ ਹੈ
ਉਸ ਪਾਰ
ਜਿਥੇ ਸਿਰਫ਼ ਅਹਿਸਾਸ ਜਿਉਂਦਾ ਹੈ
ਤੇ
ਅੰਨ੍ਹੀ ਸੋਚ ਦਾ ਨਸੀਬ
ਜ਼ਹਿਰ ਬਣਦਾ ਹੈ
ਜਿਥੇ ਸਵਾਲਾਂ ਦੇ ਜਵਾਬ
ਪਹਿਲੇ ਅਤੇ ਆਖ਼ਰੀ ਝੂਠ ਤੋਂ ਮੁਨਕਰ ਹੁੰਦੇ ਨੇ
.........
ਮੇਰੀ ਕਵਿਤਾ
ਕੰਜਕ ਦੀ ਗਾਨੀ ਦਾ
ਨਸੀਬ ਬਣਨਾ ਲੋਚਦੀ ਹੈ...!
======
ਹਾਰ
ਨਜ਼ਮ
ਕਿਸ ਸਰੂਰ 'ਚ
ਬੈਠਾ ਹੈ ਤਪੱਸਵੀ
ਅੰਤਰ ਆਤਮਾ ਸੰਗ
ਕਰ ਰਿਹੈ ਗੁਫ਼ਤਗੂ
ਕਿਸ ਗ਼ਰੂਰ 'ਚ
ਰਕਸ ਵਿਚ ਹੈ ਰੌਸ਼ਨੀ
ਫੈਲ ਰਹੀ ਹੈ
ਅਨੰਤ ਸਮੇਂ ਦੀ ਤਾਲ ਵਿਚ
...........
ਮੁਕਾਬਲਾ ਹੈ
ਤਪੱਸਵੀ ਅਤੇ ਰੌਸ਼ਨੀ ਦਾ
ਵੇਖੋ ਕੌਣ ਹਾਰਦਾ ਹੈ!



ਸੁਰਜੀਤ - ਨਜ਼ਮ

ਸ਼ਿਕਸਤ-ਰੰਗ

ਨਜ਼ਮ

ਪਾਣੀ ਤੇ ਪਈ ਲੀਕ ਵਾਂਗ

ਆਈ ਹਰ ਸਵੇਰ

ਰੇਤ ਤੇ ਲਿਖੇ

ਅੱਖਰਾਂ ਵਰਗੇ

ਹੁੰਦੇ ਰਹੇ ਨੇ ਦਿਨ

ਸ਼ਾਮ ਹੁੰਦਿਆਂ ਹੀ

ਹਨੇਰੇ

ਸਿਮਟ ਜਾਂਦੇ ਨੇ ਰੰਗ

ਜ਼ਿੰਦਗੀ ਹਰ ਸਮਾਂ

ਸ਼ਿਕਸਤ-ਰੰਗ ਹੁੰਦੀ ਏ !

.............

ਬੁਝੇ ਹੋਏ ਦੀਵੇ ਦੀ ਤਰ੍ਹਾਂ

ਖੰਡਰਾਂ

ਮਲਬੇ ਦੇ ਢੇਰ ਹੇਠਾਂ

ਦੱਬੇ ਰਹੇ ਪੜਾਅ

ਧੋ ਹੋਏ ਨਾ ਸਰਾਪ

ਅਨੇਕਾਂ ਮੌਸਮ

ਬਰਸਾਤ ਦੇ ਵੀ ਆਏ !

.........

ਕੂਲੀ ਰਿਸ਼ਮ ਵਰਗਾ

ਜੋ ਪਲ ਸੀ ਮਿਲਿਆ

ਤਪਦੇ ਸੂਰਜ ਵਾਂਗ

ਮੱਥੇ ਚ ਧੁਖਦਾ ਰਿਹੈ

ਸਾਰੀ ਉਮਰ

ਜਿਹਦੇ ਤਾਪ ਨਾਲ

ਵਿਹੜਾ ਭੁੱਜਦਾ ਰਿਹੈ !

...........

ਦਿਸ਼ਾ ਬਦਲੇ

ਸਮਾਂ ਬਦਲੇ

ਪਰ ਬਦਲੇ ਨਹੀਂ

ਜ਼ਿੰਦਗੀ ਦੇ ਮੌਸਮ

ਮਨੋਸਥਲ ਤੇ

ਹਰ ਦਮ

ਸੋਚਾਂ ਦਾ

ਯੁੱਧ ਚਲਦਾ ਰਿਹੈ !

.................

ਸੁਣਦੇ ਸੀ

ਪਲਾਂ ਛਿਣਾਂ ਦੀ ਹੈ ਜ਼ਿੰਦਗੀ

ਚਲਦੇ ਚਲਦੇ ਹੰਭ ਗਈ

ਮਿਲਿਆ ਨਾ ਉਹ ਮੁਕਾਮ

ਸੋਚਾਂ ਨੂੰ ਜਿਥੇ ਰਾਹਤ ਮਿਲਦੀ !

...........

ਆਪਣੇ ਹੀ ਅੰਦਰ

ਕੈਦ ਹਾਂ ਧੁਰ ਤੋਂ

ਇਸ ਕੈਦ ਦੀ

ਕੋਈ ਬਾਰੀ

ਬਾਹਰ ਨਹੀਂ ਖੁੱਲ੍ਹਦੀ

ਕੋਈ ਨਵਾਂ ਸੂਰਜ

ਕੋਈ ਨਵਾਂ ਚਾਨਣ

ਨਹੀਂ ਉਕਰਦਾ ਜਦ ਤਕ

ਇਸ ਰੂਹ ਨੂੰ

ਸੁਤੰਤਰਤਾ ਨਹੀਂ ਮਿਲਦੀ !

..........

ਈਸਾ ਨੂੰ ਲੱਭੀ

ਮਨਸੂਰ ਨੂੰ ਲੱਭੀ

ਸੁਕਰਾਤ ਨੂੰ ਲੱਭੀ ਜੋ

ਉਹ ਦਿਸ਼ਾ

ਮੈਨੂੰ ਕਿਉਂ ਨਹੀਂ ਮਿਲਦੀ !!


Monday, September 14, 2009

ਸ਼ਹਰਯਾਰ - ਉਰਦੂ ਰੰਗ

ਗ਼ਜ਼ਲ

ਯੇ ਕਯਾ ਹੈ, ਮੁਹੱਬਤ ਮੇਂ ਤੋ ਐਸਾ ਨਹੀਂ ਹੋਤਾ।

ਮੈਂ ਤੁਝਸੇ ਜੁਦਾ ਹੋਕੇ ਭੀ ਤਨਹਾ ਨਹੀਂ ਹੋਤਾ।

-----

ਇਸ ਮੋੜ ਸੇ ਆਗੇ ਭੀ ਕਈ ਮੋੜ ਹੈਂ ਵਰਨਾ,

ਯੂੰ ਮੇਰੇ ਲੀਏ ਤੂ ਕਭੀ ਠਹਿਰਾ ਨਹੀਂ ਹੋਤਾ।

-----

ਕਿਉਂ ਮੇਰਾ ਮੁਕ਼ੱਦਰ ਹੈ ਉਜਾਲੋਂ ਕੀ ਸਿਆਹੀ,

ਕਿਉਂ ਰਾਤ ਕੇ ਢਲਨੇ ਪੇ ਸਵੇਰਾ ਨਹੀਂ ਹੋਤਾ।

-----

ਯਾ ਇਤਨੀ ਨਾ ਤਬਦੀਲ ਹੁਈ ਹੋਤੀ ਯੇ ਦੁਨੀਆ,

ਯਾ ਮੈਂਨੇ ਇਸੇ ਖ਼ਵਾਬ ਮੇਂ ਦੇਖਾ ਨਹੀਂ ਹੋਤਾ।

-----

ਸੁਨਤੇ ਹੈਂ ਸਭੀ ਗ਼ੌਰ ਸੇ ਆਵਾਜ਼-ਏ-ਜਰਸ* ਕੋ,

ਮੰਜ਼ਿਲ ਕੀ ਤਰਫ਼ ਕੋਈ ਰਵਾਨਾ ਨਹੀਂ ਹੋਤਾ।

-----

ਦਿਲ ਤਰਕ-ਏ-ਤਅਲੁੱਕ** ਪੇ ਭੀ ਆਮਾਦਾ ਨਹੀਂ ਹੈ,

ਔਰ ਹਕ਼ ਭੀ ਅਦਾ ਇਸਸੇ ਵਫ਼ਾ ਕਾ ਨਹੀਂ ਹੋਤਾ।

*********

ਆਵਾਜ਼-ਏ-ਜਰਸ ਘੰਟੀਆਂ ਦੀ ਆਵਾਜ਼, ਤਰਕ-ਏ-ਤਅਲੁੱਕ ਰਿਸ਼ਤਾ ਤੋੜਨਾ

********

ਗ਼ਜ਼ਲ ਮੂਲ ਉਰਦੂ/ਹਿੰਦੀ ਤੋਂ ਪੰਜਾਬੀ ਲਿਪੀਅੰਤਰ ਤਨਦੀਪ ਤਮੰਨਾ




Sunday, September 13, 2009

ਵਿਸ਼ਾਲ - ਨਜ਼ਮ

ਨਦੀ ਵਿਚ ਤੈਰਦਿਆਂ

ਨਜ਼ਮ

ਉਸ ਨੂੰ ਮੈਂ ਮਿਲ਼ਿਆ ਤਾਂ

ਉਹ ਗ਼ੁੱਸੇ ਵਿਚ

ਕਾਗ਼ਜ਼ ਦੇ ਟੁਕੜੇ ਪਾੜ ਪਾੜ ਕੇ ਸੁੱਟੀ ਜਾ ਰਹੀ ਸੀ

.........

ਮੇਂ ਪੁੱਛਿਆ ਇਹ ਕੀ?

ਉਹ ਸਿਸਕਣ ਵਾਂਗੂੰ ਬੋਲੀ:

ਖ਼ਤ ਸਨ ਕੁਝ ਰੂਹਾਂ ਵਰਗੇ

ਐਵੇਂ ਸਿਰਨਾਵੇਂ ਗ਼ਲਤ ਲਿਖ ਬੈਠੀ ਸਾਂ..

..............

ਇਸ ਗਹਿਰੀ ਚੁੱਪ ਦਰਮਿਆਨ

ਮੈਂ ਦੇਖਿਆ ਕਿ ਨਦੀਆਂ ਅੱਖਾਂ ਚ ਕਿਵੇਂ ਸੁੱਕ ਜਾਂਦੀਆਂ ਨੇ

.................

ਫਿਰ ਮੈਂ ਉਸਨੂੰ ਇੱਕ ਖ਼ਤ ਲਿਖਿਆ

ਜ਼ਰੂਰੀ ਨਹੀਂ ਹਰ ਛਾਂ ਤੁਹਾਡੇ ਲਈ ਮਹਿਫੂਜ਼ ਹੀ ਹੋਵੇ

ਤੇ ਕਿਸੇ ਦੇ ਗਮਲਿਆਂ ਚ ਲਾਉਂਦੇ ਤਾਂ ਫੁੱਲ ਹਾਂ

ਪਰ ਉੱਗ ਆਉਂਦਾ ਹੈ ਕੈਕਟਸ...

..............

ਉਸ ਜਵਾਬ ਘੱਲਿਆ:

ਤੂੰ ਖ਼ਤ ਤਾਂ ਠੀਕ ਸਿਰਨਾਵੇਂ ਤੇ ਲਿਖਿਆ ਹੈ

ਪਰ ਇਬਾਰਤ ਤੇਰੀ ਰੂਹਾਂ ਤੋਂ ਬਹੁਤ ਕੱਚੀ ਹੈ

ਮੁਆਫ਼ ਕਰੀਂ...!

...............

ਫਿਰ ਜਦ ਅਸੀਂ ਮਿਲ਼ੇ ਤਾਂ ਉਸ ਕਿਹਾ

ਗੱਲ ਤਾਂ ਕਰ ਕੋਈ, ਚੁੱਪ ਤਾਂ ਰੇਤਾ ਹੁੰਦੀ ਹੈ ਨਿਰੀ

...............

ਮੈਂ ਕਿਹਾ:

ਮੇਰੀ ਗੱਲ ਵਾਸਤੇ

ਤੇਰੇ ਕੋਲ਼ ਕੋਈ ਡਸਟਬੀਨ ਨਹੀਂ ਹੋਣਾ...!


ਰਾਜਿੰਦਰ ਜਿੰਦ - ਗ਼ਜ਼ਲ

ਗ਼ਜ਼ਲ

ਸਿਖਰ ਦੁਪਹਿਰੇ ਸੂਰਜ ਢਲ਼ਿਆ ਢਲ਼ਿਆ ਹੈ।

ਰਾਤਾਂ ਨੂੰ ਇਹ ਚੰਨ ਕਿਉਂ ਬਲ਼ਿਆ ਬਲ਼ਿਆ ਹੈ।

-----

ਪੈਰ ਧਰਨ ਲਈ ਨਿੱਗਰ ਥਾਂ ਨੂੰ ਲੱਭਦਾ ਸੀ,

ਏਥੇ ਹਰ ਇਕ ਪੱਥਰ ਗਲ਼ਿਆ ਗਲ਼ਿਆ ਹੈ।

-----

ਸਭ ਨੂੰ ਇਕੋ ਜਿੰਨਾ ਪਾਣੀ ਪਾਇਆ ਸੀ,

ਝੂਠ ਦਾ ਬੂਟਾ ਸਭ ਤੋਂ ਜ਼ਿਆਦਾ ਫਲ਼ਿਆ ਹੈ।

-----

ਸਾਰੀ ਉਮਰ ਹੀ ਲੁਕਣ ਮਚਾਈ ਖੇਡੇ ਹਾਂ,

ਵਕ਼ਤ ਦਾ ਘੋੜਾ ਕਦੋਂ ਕਿਸੇ ਤੋਂ ਟਲ਼ਿਆ ਹੈ।

-----

ਜਦੋਂ ਕਦੇ ਵੀ ਨਿੱਘ ਲਈ ਧੂਣਾ ਲਾਇਆ ਹੈ,

ਸਭ ਤੋਂ ਪਹਿਲਾਂ ਆਪਣਾ ਹੱਥ ਹੀ ਜਲ਼ਿਆ ਹੈ।

-----

ਸੁੱਖਾਂ ਦੇ ਲਈ ਭੱਜੇ ਨੱਸੇ ਫਿਰਦੇ ਨੂੰ,

ਦੁੱਖਾਂ ਨੇ ਇਹ ਬੰਦਾ ਕਿੱਦਾਂ ਮਲ਼ਿਆ ਹੈ।

-----

ਇਕ ਨੂੰ ਰੌਨੈਂ ਥਾਂ ਥਾਂ ਕੌਡੇ ਰਾਖਸ਼ ਨੇ,

ਜਿਊਂਦੇ ਜੀ ਹੀ ਬੰਦਾ ਤਲ਼ਿਆ ਤਲ਼ਿਆ ਹੈ।

-----

ਸੱਚ ਜਾਣ ਕੇ ਦੁਖੀ ਸੁਖੀ ਨਾ ਹੋਇਆ ਕਰ,

ਸੱਚ ਦੇ ਵਿਚ ਵੀ ਝੂਠ ਬਥੇਰਾ ਰਲ਼ਿਆ ਹੈ।


Saturday, September 12, 2009

ਜ਼ਕੀਆ ਜੋਜੀ - ਗ਼ਜ਼ਲ

ਸਾਹਿਤਕ ਨਾਮ: ਜ਼ਕੀਆ ਜੋਜੀ

ਅਜੋਕਾ ਨਿਵਾਸ: ਪਾਕਿਸਤਾਨ

ਦੋਸਤੋ! ਜ਼ਕੀਆ ਜੀ ਬਾਰੇ ਅਜੇ ਏਨੀ ਹੀ ਜਾਣਕਾਰੀ ਉਪਲਬਧ ਹੈ। ਜਿਉਂ ਹੀ ਫੋਟੋ ਅਤੇ ਹੋਰ ਸਾਹਿਤਕ ਵੇਰਵਾ ਪ੍ਰਾਪਤ ਹੋਵੇਗਾ, ਅਪਡੇਟ ਕਰ ਦਿੱਤੀ ਜਾਏਗੀ। ਸ਼ੁਕਰੀਆ।

******

ਗ਼ਜ਼ਲ

ਤੇਰੀ ਗੱਲ ਕਬੂਲ ਨੀ ਮਾਏ!

ਬਾਕੀ ਸਭ ਫਜ਼ੂਲ ਨੀ ਮਾਏ!

----

ਮੇਰੇ ਕੰਮ ਸਲਾਹੇ ਜਾਂਦੇ,

ਜੋ ਤੈਥੋਂ ਮਨਕੂਲ ਨੀ ਮਾਏ!

-----

ਤੂੰ ਜੇ ਲਾਗੇ ਨਾ ਹੋਵੇਂ ਤੇ,

ਪੈ ਜਾਂਦਾ ਤੜਫੂਲ ਨੀ ਮਾਏ!

-----

ਖ਼ੁਸ਼ੀਆਂ ਹਰ ਥਾਂ ਵੰਡੀ ਜਾਵੇਂ,

ਇਹ ਤੇਰਾ ਮਾਅਮੂਲ ਨੀ ਮਾਏ!

-----

ਖ਼ਲਕ ਜਿਹੇ ਤੂੰ ਗਹਿਣੇ ਦਿੱਤੇ,

ਤੇਰਾ ਜਗਤ ਅਸੂਲ ਨੀ ਮਾਏ!

-----

ਤੇਰੀ ਸ਼ਫਕਤ ਬਾਝੋਂ ਮੈਂ ਤਾਂ,

ਬਚ ਨਾ ਸਕਦੀ ਮੂਲ ਨੀ ਮਾਏ!

-----

ਤੂੰ ਹੀ ਮੇਰਾ ਮੁਰਸ਼ਦ ਮੌਲਾ,

ਤੂੰ ਹੀ ਮੇਰਾ ਸਕੂਲ ਨੀ ਮਾਏ!

********

ਇਸ ਗ਼ਜ਼ਲ ਲਈ ਵਿਸ਼ੇਸ਼ ਧੰਨਵਾਦ: ਗਿੱਲ ਮੋਰਾਂਵਾਲ਼ੀ ਜੀ ਅਤੇ ਸੁਲੱਖਣ ਸਰਹੱਦੀ ਜੀ।

ਦੀਪ ਨਿਰਮੋਹੀ - ਨਜ਼ਮ

ਅਧੂਰਾਪਨ

ਨਜ਼ਮ

ਵਿਚਾਰ ਦੀ ਅਣਹੋਂਦ '

ਸ਼ਬਦਾਂ ਦੀ ਘਾੜਤ

ਬੇਮਾਇਨਾ ਜਾਪਦੀ ਏ

ਪਰ

ਮੈਂ ਆਦੀ ਹਾਂ

ਸ਼ਬਦ ਸ਼ਬਦ ਜੋੜ

ਵਿਚਾਰ ਤਰਾਸ਼ਣ ਦਾ

ਜਾਣੇ ਅਣਜਾਣੇ ਮੇਰੀ ਸੋਚ

ਘੁਲ਼ਦੀ ਰਹਿੰਦੀ ਏ

ਕਲਮ ਨਾਲ

ਇਸ ਪ੍ਰਕਿਰਿਆ 'ਚੋਂ ਨਿਕਲੀ ਰਚਨਾ

ਜਦ ਵੀ

ਪੰਨਿਆਂ 'ਤੇ ਉਤਾਰਦਾ ਹਾਂ

ਕਦੇ ਸ਼ਬਦਾਂ 'ਚੋਂ ਵਿਚਾਰ

ਤੇ

ਕਦੇ ਵਿਚਾਰ 'ਚੋਂ

ਸ਼ਬਦ

ਖਾਰਜ ਜਾਪਦੇ ਨੇ

ਤੇ

ਰਹਿ ਜਾਂਦਾ ਏ

ਕਲਮ ਦੇ ਸੀਨੇ '

ਕੁਝ

ਤੜਪਦਾ

ਭਟਕਦਾ

ਉਂਝ ਹੀ