ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, October 27, 2008

ਅਜ਼ੀਮ ਸ਼ੇਖਰ - ਦੋ ਗ਼ਜ਼ਲਾਂ

ਗ਼ਜ਼ਲ

ਵਕਤ ਪਾ ਕੇ ਉਲਝਣਾਂ, ਜੀਣਾ ਸਦਾ ਮੁਸ਼ਕਿਲ ਕਰੇ।
ਜ਼ਿੰਦਗੀ ਨੂੰ ਅਲਵਿਦਾ ਲਈ, ਫੇਰ ਵੀ ਨਾਂ ਦਿਲ ਕਰੇ।
ਭੀੜ ਅੰਦਰ ਹਾਂ ਇਕੱਲੇ, ਫਿਰ ਵੀ ਲੱਗਣ ਮਹਿਫਲਾਂ,
ਗੁੰਮ-ਸ਼ੁਦਾ ਪਰਛਾਵਿਆਂ ਨੂੰ, ਦਿਲ ਜਦੋਂ ਸ਼ਾਮਿਲ ਕਰੇ।
ਸਾਡੇ ਮਸਤਕ ਸੌ ਲਕੀਰਾਂ, ਫੇਰ ਵੀ ਲੱਗੀਏ ਉਦਾਸ ,
ਇੱਕੋ ਬਿੰਦੀ ਮੱਥੇ ਉਸਦੇ, ਫੇਰ ਵੀ ਝਿਲਮਿਲ ਕਰੇ।
ਜ਼ਿੰਦਗੀ ਪਰਤੀਤ ਹੋਵੇ, ਪਰਤਦੀ ਦਰ ‘ਤੋਂ ਉਦੋਂ ,
ਜਦੋਂ ਮਹਿਰਮ ਆੳਣ ਮਗਰੋਂ, ਮੁੜਣ ਦੀ ਕਾਹਲ ਕਰੇ।
ਬਦਲੀਆਂ ਰੁੱਤਾਂ ਅਨੇਕਾਂ, ਪਰ ਉਡੀਕੇ ਦਿਲ ਸਦਾ ,
ਪੱਥਰਾਂ ਨੂੰ ਰੁੱਤ ਜੇਹੜੀ, ਜਿਉਣ ਦੇ ਕਾਬਿਲ ਕਰੇ।
ਪਾਰਦਰਸ਼ੀ ਸ਼ੀਸਿ਼ਆਂ ਵਿੱਚ, ਗੀਤ ਸੀ ਖ਼ਸ਼ਬੋ ਜਿਹੇ,
ਵਕਤ ਨੇ ਜੋ ਜ਼ੀਰ ਲਏ, 'ਸ਼ੇਖਰ' ਕਿਵੇਂ ਹਾਸਿਲ ਕਰੇ।
-------------------------------------
ਗ਼ਜ਼ਲ

ਵੇਖਕੇ ਪੌਣਾਂ ਦੀ ਹਲਚਲ, ਪਰਖਕੇ ਖੰਭਾਂ ਦੀ ਜਾਨ।
ਆਖਰੀ ਦਮ ਤੀਕ ਭਰਨੀ, ਅੰਬਰੀਂ ਲੰਮੀ ਉਡਾਨ ।
ਪੱਥਰਾਂ ‘ਤੇ ਨਾਮ ਲਿਖਕੇ, ਕਦਰ ਪਾਵੇਗਾ ਜਹਾਨ,
ਵੇਚਦਾ ਨਹੀਂ ਸ਼ਖ਼ਸ ਜੇਹੜਾ, ਜਿਉਂਦਿਆਂ ਤੀਕਰ ਈਮਾਨ।
ਸੁਪਨਿਆਂ ਦੇ ਫਾਸਲੇ ਸਭ, ਮਿਟਣ ਲਗਦੇ ਨੇ ਜਦੋਂ,
ਛਲਕਦਾ ਜ਼ਜ਼ਬਾਤ ਹੋਵੇ, ਥਿਰਕਦੀ ਹੋਵੇ ਜ਼ੁਬਾਨ।
ਨਜ਼ਰ ਦਾ ਪਾਸਾਰ ਸਿਮਟੇ, ਸਿਰਫ ਉਸ ਤੀਕਰ ਰਹੇ,
ਵੇਖਦੇ ਹੀ ਸਾਰ ਜਿਸ ਨੂੰ, ਉਲਝਣਾਂ ਹੋਵਣ ਆਸਾਨ।
ਜਾਣ ਵੇਲੇ ਯਾਦ ਕਰਕੇ, ਕਰਨੀਆਂ ਬੰਦ ਖਿੜਕੀਆਂ,
ਨਹੀਂ ਤਾਂ ਮਜ਼ਬੂਰ ਹੋ ਕੇ, ਜਾਗਦਾ ਰਹਿੰਦੈ ਮਕਾਨ।
ਸੀਨੇ ਅੰਦਰ ਸਾਂਭ ਲਈਆਂ, ਨਾਲ ਹੀ ਯਾਦਾਂ 'ਅਜ਼ੀਮ',
ਤੁਰ ਪਏ ਪਰਦੇਸ ਜਿਸ ਦਿਨ, ਬੰਨ੍ਹਕੇ ਲੋਕੀਂ ਸਾਮਾਨ।

2 comments:

ਤਨਦੀਪ 'ਤਮੰਨਾ' said...

‘ਆਰਸੀ’ ਲਈ ਰਚਨਾਵਾਂ ਭੇਜਣ ਲਈ ਤੁਹਾਡਾ ਬੇਹੱਦ ਸ਼ੁਕਰੀਆ। ਅੱਗੇ ਤੋਂ ਵੀ ਭਰਵੇਂ ਸਹਿਯੋਗ ਦੀ ਆਸ ਨਾਲ਼...
ਤਨਦੀਪ ‘ਤਮੰਨਾ’

ਤਨਦੀਪ 'ਤਮੰਨਾ' said...

Shekhar ji...these thoughts are excellent..
ਸਾਡੇ ਮਸਤਕ ਸੌ ਲਕੀਰਾਂ, ਫੇਰ ਵੀ ਲੱਗੀਏ ਉਦਾਸ ,
ਇੱਕੋ ਬਿੰਦੀ ਮੱਥੇ ਉਸਦੇ, ਫੇਰ ਵੀ ਝਿਲਮਿਲ ਕਰੇ।
ਬਦਲੀਆਂ ਰੁੱਤਾਂ ਅਨੇਕਾਂ, ਪਰ ਉਡੀਕੇ ਦਿਲ ਸਦਾ ,
ਪੱਥਰਾਂ ਨੂੰ ਰੁੱਤ ਜੇਹੜੀ, ਜਿਉਣ ਦੇ ਕਾਬਿਲ ਕਰੇ।
----------------
ਜਾਣ ਵੇਲੇ ਯਾਦ ਕਰਕੇ, ਕਰਨੀਆਂ ਬੰਦ ਖਿੜਕੀਆਂ,
ਨਹੀਂ ਤਾਂ ਮਜ਼ਬੂਰ ਹੋ ਕੇ, ਜਾਗਦਾ ਰਹਿੰਦੈ ਮਕਾਨ।
Aah sheyer...Mainu bahut pasand aayea. Great!!

Tamanna