ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, October 31, 2008

ਤਨਦੀਪ 'ਤਮੰਨਾ' - ਨਜ਼ਮ

ਚੇਤਿਆਂ ਦੇ ਜੁਗਨੂੰ
ਨਜ਼ਮ
ਚੱਲਿਆ ਤੂੰ ਵੀ ਸੈਂ
ਤੇ ਮੈਂ ਵੀ।
ਜੁਗਨੂੰਆਂ ਦੀ ਤਲਾਸ਼ ‘ਚ-
ਨੰਗੇ ਪੈਰੀਂ
ਘਣੇ ਹਨੇਰੇ ਜੰਗਲ਼ਾਂ ਵੱਲ।
ਮੇਰੇ ਲਹੂ-ਲੁਹਾਨ ਹੋਏ ਪੈਰ
ਮਖਮਲੀ ਘਾਹ ਤੇ ਟਿਕਾ
ਤੂੰ ਚੁਗ ਦਿੱਤੇ
ਕੰਡੇ, ਸੂਲ਼ਾਂ ਤੇ ਭੱਖੜੇ।
ਮੇਰੇ ਹੋਠਾਂ ‘ਤੇ ਚੀਸਾਂ ਸਨ-
ਤੇ ਤੇਰੇ ਅੱਖਾਂ ਦੀਆਂ ਪੁਤਲੀਆਂ ‘ਚ
ਅਣਕਿਆਸੇ ਦਰਦ ਦਾ
ਸਮੁੰਦਰ ਸੀ ਠਾਠਾਂ ਮਾਰਦਾ।
ਮੈਂ ਸੁੰਗੜਦੀ, ਸਿਮਟਦੀ
ਸ਼ਰਮਾਉਂਦੀ ਨੇ
ਤੇਰੇ ਦਿਲ ਦੇ ਅੱਲੇ ਜ਼ਖ਼ਮਾਂ ‘ਤੇ
ਰੱਖ ਦਿੱਤੇ ਕੰਬਦੇ, ਠਰਦੇ ਹੋਂਠ।
ਚੀਸ ਤੇਰੇ ਮੂੰਹੋਂ ਨਿੱਕਲ
ਖ਼ੁਸ਼ਬੂ ਬਣ ਹਵਾ ਹੋ ਗਈ।
“..ਆਰਾਮ ਆਇਐ ?”
“…ਹਾਂ !!” ਸੁਣ
ਸਹਿਮੀ ਜਿਹੀ ਮੁਸਕਾਨ ਫ਼ੈਲੀ
ਮਸਤ ਭੋਲ਼ੇ ਚਿਹਰਿਆਂ ‘ਤੇ।
ਤਿਤਲੀਆਂ ਵਰਗੇ
ਸ਼ੋਖ਼ ਰੰਗ ਖਿੜਨ ਲੱਗੇ।
ਤੂੰ ਕਿਹਾ:
“…ਤੂੰ ਨਦੀ ਏਂ..ਮੈਂ ਦਰਿਆ…
ਮੇਰੇ ਨਾਲ਼ ਰਲ਼ ਕੇ ਜੁਗਨੂੰ ਲੱਭੇਂਗੀ ?”
ਹਲਕੀ ਪਿਆਜ਼ੀ ਰੰਗੀ
ਚੁੰਨੀ ਦਾ ਲੜ
ਉਂਗਲ਼ੀ ‘ਤੇ ਲਪੇਟਦਿਆਂ
ਮੈਂ ਕਿਹਾ:
“…ਮ੍ਰਿਗਤ੍ਰਿਸ਼ਨਾ ਤੋਂ ਡਰਦੀ ਹਾਂ…
ਕਿਤੇ ਰੇਗਿਸਤਾਨ ਤਾਂ ਨਹੀਂ ਲੈ ਜਾਏਂਗਾ ?”
“… ਜਮਾਂ ਈ ਕਮਲ਼ੀ ਐਂ …!!”
ਤੇਰੇ ਮੂੰਹੋਂ ਨਿੱਕਲੇ ਸ਼ਬਦ
ਹਾਸਿਆਂ ਸੰਗ ਰਲ਼-
ਜੰਗਲ਼ ਦੀ ਹਰਿਆਲੀ ਹੋ ਗਏ।
ਹੁਣ ਆਪਾਂ
ਹਰ ਰਾਤ ਜੁਗਨੂੰ ਫੜਦੇ ਆਂ…
ਨੇਰ੍ਹੇ ਦੀ ਫ਼ੁਲਕਾਰੀ ‘ਤੇ ਸਜਾਅ…
ਇੱਕ-ਦੂਜੇ ਦੀਆਂ ਅੱਖਾਂ ‘ਚ
ਜਗਦੀਆਂ ਮਸ਼ਾਲਾਂ ਚੁੰਮ
ਸੂਰਜ ਦੀ ਪਹਿਲੀ ਕਿਰਨ ਤੋਂ ਪਹਿਲਾਂ
ਜੁਗਨੂੰਆਂ ਨੂੰ ਛੱਡ ਦਿੰਨੇ ਆਂ
ਤੇ ਤੂੰ ਡੀਕ ਲੈਂਦਾ ਏਂ
ਇੱਕੇ ਸਾਹ-
ਮੇਰੀਆਂ ਪਲਕਾਂ ਤੇ ਬੋਚੇ-
ਮੋਤੀਆਂ ਵਰਗੇ ਸੁੱਚੇ
ਪਾਰਦਰਸ਼ੀ
ਸ਼ਬਨਮ ਦੇ ਕਤਰੇ।

1 comment:

Writer-Director said...

Haye oye maalka ! Iss nu parhke tan sachmuch injh jaapeya....assin sachmuch ikk dooje nu chori karde han ate ya phir eho jiha karz ikk dooje sir charhaunde han jo kade vaapis nahi karna....!